ਕਹਾਣੀ
ਲੋਕ ਸੇਵਾ
– ਬਲਦੇਵ ਸਿੰਘ ਸੜਕਨਾਮਾ
ਇਕ ਦਹਾਕੇ ਤੋਂ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ, ਆਪਣੇ ਗਲ ਪਿਆ ਸੰਤਾਪ ਭੋਗ ਰਹੇ ਹਨ। ਇਸ ਸੰਤਾਪ ਨੇ ਹਰ ਵਰਗ ਦੇ ਲੋਕਾਂ ਨੂੰ ਗ੍ਰਹਿਣਿਆਂ ਹੈ।
ਇਕ ਦਿਨ, ਸ਼ਾਮ ਦੇ ਚਾਰ ਕੁ ਵਜੇ ਵਰਦੀ ਵਿਚ ਇਕ ਸਿਪਾਹੀ, ਘਰ ਦਾ ਪਤਾ ਪੁੱਛਦਾ-ਪੁੱੱਛਦਾ ਆਣ ਪਹੰੁਚਿਆ, ਅਜਿਹੇ ਹਾਲਤਾਂ ਵਿਚ ਉਹਨੂੰ ਵੇਖ ਕੇ ਮੇਰਾ ਅਤੇ ਘਰ ਦੇ ਬਾਕੀ ਜੀਆਂ ਦਾ ਤਰਾਹ ਨਿਕਲ ਗਿਆ। ਉਸ ਨੇ ਜੇਬ ਵਿਚੋਂ ਕਾਗਜ਼ ਦੀ ਇਕ ਪਰਚੀ ਕੱਢੀ ਤੇ ਉਸ ਉਪਰੋਂ ਪੜ੍ਹਕੇ ਪੁੱਛਿਆ।
…. ਨੰਬਰ ਦੀ ਜੀਪ ਤੁਹਾਡੀ ਹੈ?’’
‘ ਹਾਂਅ, ਕੀ ਗੱਲ ਐ? ਅੰਦਰ ਪੈਦਾ ਹੋਏ ਅਚਾਨਕ ਖ਼ੌਫ਼ ਨਾਲ ਮੈਂ ਕਾਹਲਾ ਪੈਦਿਆਂ ਪੁੱਛਿਆ।
ਮੈਂ ਸਿਟੀ ਥਾਣੇ ਤੋਂ ਆਇਆਂ। ਇਹ ਜੀਪ ਜੀਰੇ ਕੋਲੋਂ ਫੜੀ ਐ। ਦੋ ਮੁੰਡੇ ਵੀ ਬੰਦ ਐ ਨਾਲ। ਮੈਨੂੰ ਵਾਇਰਲੈਸ ਆਈ ਐ, ਮਾਲਕਾਂ ਦਾ ਪਤਾ ਕਰੋ। ਉਸਨੇ ਸਰਕਾਰੀ ਅੰਦਾਜ਼ ਵਿਚ ਕਿਹਾ।
ਪਰ ਜੀਪ ਤਾਂ ਮੇਰਾ ਇਕ ਦੋਸਤ ਆਪਣੇ ਸਹੁਰੀਂ ਜਾਣ ਲਈ ਲੈ ਕੇ ਗਿਆ ਸੀ, ਕੱਲ੍ਹ। ਮੈਂ ਹੈਰਾਨ ਹੋ ਕੇ ਦੱਸਿਆ।
’ਵੱਡੇ ਮੁਨਸ਼ੀ ਨੇ ਬੁਲਾਇਆ ਥਾਣੈ।’ ਉਹ ਰੁੱਖਾ ਜਿਹਾ ਬੋਲਿਆ।
‘ਠੀਕ ਐ, ਆਉਨੈ ਮੈਂ, ਚਲੋ ਤੁਸੀਂ।’ ਮੈਂ ਬੌਂਦਲ ਗਿਆ।
ਉਸਨੇ ਆਖਿਆ ਸੀ, ਨਾਲ ਈ ਲੈ ਕੇ ਆਈ।’ ਉਹ ਸਰਕਾਰੀ ਰੋਹਬ ਅੱਖਾਂ ’ਚ ਭਰਕੇ ਬੋਲਿਆ।
‘ਨਾਲ ਨੂੰ ਕੀ ਗੱਲ ਐ? ਮੈਂ ਭਗੌੜਾ ਹੋ ਚੱਲਿਐਂ। ਮੇਰਾ ਘਰ ਤੂੰ ਦੇਖ ਲਿਆ ਐ।’
ਮੇਰੇ ਤੇ ਔਖਾ ਕਾਹਨੂੰ ਹੁੰਨੈਂ। ਮੈਂ ਤਾਂ ਐਨੀ ਸਰਦੀ ’ਚ ਤੇਰਾ ਘਰ ਭਾਲਦਾ ਫਿਰਿਆਂ।
‘ਤੁਹਾਡੀ ਡਿਊਟੀ ਐ, ਭਾਈ ਸਾਹਬ, ਤੁਸੀਂ ਚਲੋ ਥਾਣੇ, ਮੈਂ ਥੋਡੇ ਮਗਰੇ ਆਇਆ।
ਉਹ ਗੁੱਸੇ ਵਿਚ ਬੁੜਬੁੜ ਕਰਦਾ ਮੁੜ ਗਿਆ।
ਅੱਧਾ ਕੁ ਘੰਟਾ ਮੈਂ ਕਿਸੇ ‘‘ਮੁਹਤਬਰ’’ ਨੂੰ ਭਾਲਦਾ ਰਿਹਾ, ਜਿਸਦੀ ਥਾਣੇ ਜਾਣ ਪਹਿਚਾਣ ਹੋਵੇ। ਮੈਨੂੰ ਪਤਾ ਹੈ, ਇਹ ਮੁਹਤਬਰ, ਆਮ ਕਰਕੇ, ਕੰਮ ਸੁਆਰਦੇ ਘੱਟ ਹਨ, ਦਲਾਲੀ ਜਾਂ ਮੁਖਬਰੀ ਵਧੇਰੇ ਕਰਦੇ ਹਨ। ਪਰ ਨਾ ਵਿਚੋਲਿਆਂ ਬਿਨਾਂ ਵਿਆਹ ਸਿਰੇ ਲੱਗੇ ਤੇ ਨਾ ਦਲਾਲਾਂ ਬਿਨਾਂ ਥਾਣਿਆਂ ’ਚ ਪੂਰੀ ਪਵੇ।
ਆਖ਼ਰ ਇਕ ਅਜਿਹਾ ਮੁਹਤਬਰ ਲੱਭ ਪਿਆ।
‘ਆਓ ਜੀ।’ ਕਈ ਵਾਰ ਇਹਨਾਂ ਦਾ ਰੋਹਬ ਵੀ ਠਾਣੇਦਾਰਾਂ ਨਾਲੋਂ ਘੱਟ ਨਹੀਂ ਹੁੰਦਾ।
ਮੈਂ ਸਾਰੀ ਗੱਲ ਸਮਝਾ ਦਿੱਤੀ।
‘ਆਥਣ ਵੇਲੇ ਥਾਣੇ ਜਾਣਾ ਠੀਕ ਨਹੀਂ। ਆਪਣੀ ਉਨ ਆਪ ਜਾ ਕੇ ਲੁਹਾਉਣੀ ਐ ਤਾਂ ਵੇਖ ਲਾ। ਉਸਨੇ ਡਰਾਇਆ। ਦਰਅਸਲ ਉਸਦੀ ਇਹ ਗੱਲ ਬਹੁਤ ਖਰੀ ਸੀ।
ਸਿਪਾਹੀ ਹੁਣੇ ਸੱਦ ਕੇ ਗਿਆ ਐ। ਮੈਂ ਬੇਬਸੀ ਦੱਸਣੀ ਚਾਹੀ।
‘ਇਹ ਤਾਂ ਸੱਦਦੇ ਈ ਹੁੰਦੇ ਐ।’ ਆਪਾਂ ਨੂੰ ਵੇਖ ਕੇ ਪਹਿਲਾਂ ਹੀ ਉਬਾਸੀਆਂ ਲੈਣ ਲੱਗ ਜਾਣਗੇ। ਸਵੇਰੇ ਚੱਲੀਏ ਆਪਾਂ। ਉਸਨੇ ਆਪਣੀ ਚਾਲ ਚੱਲੀ।
‘ਬਾਈ ਜੀ, ਆਪਾਂ ਪੁੱਛਣਾ ਈ ਐ, ਗੱਲ ਕੀ ਐ। ਜੀਪ ਮੇਰਾ ਦੋਸਤ ਮੰਗ ਕੇ ਲੈ ਗਿਆ ਸੀ। ਉਹ ਚੋਰੀ ਹੋ ਗਈ, ਕਿ ਖੋਹੀ ਹੈ ਕਿਸੇ ਨੇ? ਹੋਰ ਆਪਾਂ ਕੀ ਕਰਨਾ ਓਥੇ? ਦੋ ਮਿੰਟ ਦਾ ਕੰਮ ਐ।’
‘ਤੇਰੀ ਮਰਜ਼ੀ ਐ, ਕਈ ਵਾਰੀ ਦੋ ਮਿੰਟ ਦੋ ਸਾਲਾਂ ਵਰਗੇ ਬਣਾ ਦਿੰਦੇ ਐ ਉਹ।’ ਉਹ ਮੇਰੇ ਨਾਲ ਤੁਰ ਪਿਆ। ਮੁਹਤਬਰ ਨੂੰ ਥਾਣੇ ਦੇ ਗੇਟ ਤੇ ਖੜ੍ਹੇ ਪਹਿਰੇਦਾਰ ਨੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਬੋਲਿਆ, ‘ਅੱਜ ਐਸ ਵੇਲੇ!’
‘ਮੁਣਸ਼ੀ ਨੂੰ ਮਿਲਣੈ, ਕੰਮ ਐ ਭਾਈ ਸਾਹਬ ਦਾ।’
ਤੇ ਅਸੀਂ ਅੰਦਰ ਲੰਘ ਗਏ।
ਥਾਣੇ ਦਾ ਮੁਣਸ਼ੀ ਕੁਝ ਲਿਖਣ ਵਿਚ ਰੁਝਿਆ ਹੋਇਆ ਸੀ। ਸ਼ਾਇਦ ਇਸ ਮਹਿਕਮੇ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਸ਼ਿਕਾਇਤ ਲੈ ਕੇ ਆਉਣ ਵਾਲੇ ਨੂੰ ਜਾਂ ਕਿਸੇ ਹੋਰ ਜਾਣਕਾਰੀ ਭਾਲਦੇ ਆਦਮੀ ਨੂੰ ਆਉਂਦਿਆਂ ਹੀ ਕੁਝ ਪੁੱਛਣ ਦੱਸਣ ਦੀ ਲੋੜ ਨਹੀਂ। ਜਿੰਨਾ ਰੁੱਝੇ ਹੋਏ, ਆਪਣੇ ਆਪ ਨੂੰ ਦਰਸਾਉਗੇ, ਮਹਿਕਮੇ ਦੀ ਅਹਿਮੀਅਤ ਓਨੀ ਹੀ ਵਧੇਗੀ। ਮੁਣਸ਼ੀ ਨੇ ਮੁਹਤਬਰ ਦੀ ਅਤੇ ਮੇਰੀ ਫਤੇਹ ਦਾ ਜੁਆਬ ਦੇ ਕੇ, ਹੱਥ ਦੇ ਇਸ਼ਾਰੇ ਨਾਲ ਬੈਠ ਕੇ ਉਡੀਕਣ ਲਈ ਕਿਹਾ ਤੇ ਆਪ ਪੂਰਾ ਅੱਧਾ ਘੰਟਾ ਇਕ ਰੋਜ਼ਨਾਮਚੇ ਵਿਚ ਕੱਟ-ਵੱਢ ਕਰਦਾ ਰਿਹਾ।
‘ਕੀ ਹੁਕਮ ਐ ਸਾਹਬ?’ ਰਜਿਸਟਰ ਤੋਂ ਸਿਰ ਚੱਕ ਕੇ, ਪਿੰਨ ਦਾ ਪੁੱਠਾ ਸਿਰਾ ਦੰਦਾਂ ’ਚ ਲੈਂਦਿਆਂ, ਉਸਨੇ ਵਿਅੰਗ ਨਾਲ ਪੁੱਛਿਆ।
‘ਜੀਪ ਵਾਲਾ ਕੀ ਮਾਮਲੇ ਏਹਨਾਂ ਦਾ, ਸਰਦਾਰ ਸਾਹਿਬ’ ਮੁਹਤਬਰ ਨੇ ਗੱਲ ਆਰੰਭੀ।
‘ਓਹ ਹੱਛਾ! ਜੀਪ ਇਹਨਾਂ ਦੀ ਐ?’ ਮੁਨਸ਼ੀ ਨਖਰੇ ਨਾਲ ਛੱਤ ਵੱਲ ਝਾਕਿਆ, ਜਿਵੇਂ ਕਿਧਰੇ ਦੂਰ ਖੜੀ ਜੀਪ ਨੂੰ ਵੇਖਣ ਲੱਗਾ ਹੋਵੇ।
‘ਹਾਂ ਜੀ!’ ਮੈਂ ਠੀਕ ਹੋ ਕੇ ਬੈਠਦਿਆਂ ਕਿਹਾ।
‘ਫੇਰ ਤਾਂ ਇਹ ਆਪਣੇ ਈ ਬੰਦੇ ਨੇ, ਘਰ ਦੀ ਗੱਲ ਐ!’ ਉਹ ਮੁਹਤਬਰ ਵੱਲ ਖਚਰਾ ਖਚਰਾ ਝਾਕਿਆ, ਫਿਰ ਬੋਲਿਆ। ਸਾਡੇ ਕੋਲ ਅੱਜ ਸਵੇਰੇ ਵਾਇਰਲੈਸ ਆਈ ਸੀ ਜੀਪ ਫੜੀ ਐ, ਦੋ ਮੁੰਡੇ ਵੀ ਬੰਦ ਐ। ਜੀਪ ਵਿਚ ਕਾਗਜ਼ ਤਾਂ ਹੈ ਨਹੀਂ ਸੀ, ਇਕ ਬੀਮੇ ਦੇ ਸਰਟੀਫਿਕੇਟ ਤੋਂ ਐਡਰੈਸ ਦਾ ਪਤਾ ਲੱਗਿਆ। … ਬਈ ਗੱਡੀ ਏਥੋਂ ਦੀ ਐ। ਉਹਨਾਂ ਸਾਨੂੰ ਪੁੱਛਿਆ, ਏਸ ਨੰਬਰ ਦੀ ਜੀਪ ਦਾ ਕੋਈ ਕੇਸ ਤਾਂ ਨਹੀਂ ਦਰਜ ਹੋਇਆ? ਚੋਰੀ ਹੋਈ ਜਾਂ ਖੋਹੀ ਦਾ। ਮੈਂ ਤਾਂ 88-89 ਦਾ ਸਾਰਾ ਰਿਕਾਰਡ ਦੇਖ ਲਿਐ, ਆਪਣੇ ਕੋਲ ਤਾਂ ਕੇਸ ਦਰਜ ਨੀ ਕੋਈ। ਤਾਂ ਹੀ ਮੈਂ ਬੰਦਾ ਭੇਜਿਆ ਸੀ, ਮਾਲਕ ਦਾ ਪਤਾ ਕਰਨ। ਮੈਂ ਟੈਲੀਫੂਨ ਬੁੱਕ ਕਰਾਉਣਾ। ਪੁੱਛਦੈ ਐ ਆਪਾਂ ਕੀ ਗੱਲ ਐ?’
ਉਸਦੇ ਸਹਿਯੋਗ ਅਤੇ ਸੁਭਾਅ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ। ਥਾਣਿਆਂ ਵਿਚ ਸੁਹਿਰਦ ਮੁਲਾਜ਼ਮ ਵੀ ਹੁੰਦੇ ਨੇ। ਮੈਂ ਮਨ ਹੀ ਮਨ ਉਸਦੀ ਪ੍ਰਸੰਸਾ ਕਰਨ ਲੱਗਾ, ਆਖਿਆ –
‘ਦਰਅਸਲ, ਗੱਲ ਇਹ ਐ ਜੀ, ਕੱਲ੍ਹ ਮੇਰਾ ਦੋਸਤ ਜੀਪ ਮੰਗ ਕੇ ਲੈ ਗਿਆ ਸੀ, ਆਪਣੇ ਸਹੁਰੇ ਜਾਣ ਨੂੰ, ਪਰ ਹੈਰਾਨੀ ਦੀ ਗੱਲ ਹੈ, ਉਸਨੇ ਤਾਂ ਲੁਧਿਆਣੇ ਜਾਣਾ ਸੀ, ਜ਼ੀਰੇ ਵੱਲ ਕਿਵੇਂ ਚਲਾ ਗਿਆ?’’
‘ਅੱਜ ਕੱਲ੍ਹ ਹਾਲਾਤ ਮਾੜੇ ਐ। ਜੇ ਜੀਪ ਖੋਹੀ ਗਈ ਐ, ਤੇ ਤੇਰੇ ਉਸ ਦੋਸਤ ਨੇ, ਜੇ ਕਿਸੇ ਨੇੜੇ-ਤੇੜੇ ਦੇ ਠਾਣੇ ਰਿਪੋਰਟ ਲਿਖਵਾ ਦਿੱਤੀ ਹੋਈ, ਫੇਰ ਤਾਂ ਠੀਕ ਐ, ਬਚਾ ਹੋ ਜੂ। ਪਰ ਜੇ ਉਹ ਆਪ ਹੀ ਫੜੇ ਜਾਣ ਵਾਲਿਆਂ ’ਚ ਹੋਇਆ ਫੇਰ ਤਾਂ ਦੋਸਤੀ ਮਹਿੰਗੀ ਪੈ ਜੂ।’
ਮੁਣਸ਼ੀ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਸਰਕਾ ਦਿੱਤੀ।
ਬਾਹਰੋਂ ਦੋ ਜਣੇ ਝਕਦੇ-ਝਕਦੇ ਜਿਹੇ ਆਣ ਖੜੇ ਤੇ ਮੁਣਸ਼ੀ ਨੂੰ ਸਲਾਮ ਬੁਲਾਈ।
ਮੁਣਸ਼ੀ ਸਿਪਾਹੀਆਂ ਦੀਆਂ ਡਿਊਟੀਆਂ ਤੇ ਹੋਰ ਖਾਨਾਂ ਪੂਰੀਆਂ ਕਰਦਾ ਰਿਹਾ।
ਮੇਰੇ ਆਪਣੇ ਮਨ ਵਿਚ, ਅਜੀਬ-ਅਜੀਬ ਵਿਚਾਰ ਉਠ ਰਹੇ ਸਨ। … ਫੜੇ ਹੋਏ ਮੁੰਡੇ ਕੌਣ ਹੋਣਗੇ? ਦੋਸਤ ਅਜੇ ਤੱਕ ਕਿਥੇ ਹੈ? ਉਸਨੇ ਮੈਨੂੰ ਆ ਕੇ ਕਿਊਂ ਨਹੀਂ ਦੱਸਿਆ? ਜੇ ਮਾਰ ਕੇ ਸਿੱਟ ਗਏ ਹੋਣ ਤਾਂ…? ਮੇਰੀ ਜੀਪ ਮੈਨੂੰ ਮਿਲੂ? ਮੇਰਾ ਦੋਸਤ ਕਿਤੇ ਆਪ ਤਾਂ ਨੀਂ ਫੜਿਆ ਹੋਇਆ…? ਅੱਜ ਕੱਲ੍ਹ ਤਾਂ ਹਥਿਆਰ ਵੀ ਐਵੇਂ ਈ ਪਾ ਦਿੰਦੇ ਐ। … ਜੇ ਮੈਨੂੰ ਵੀ ਫੜ ਲਿਆ? ਅੱਜ ਕੱਲ੍ਹ ਤਾਂ ਕਿਸੇ ਨੂੰ ਮੰਗਵੀ ਚੀਜ਼ ਦੇਣੀ ਵੀ ਗੁਨਾਹ ਐ।… ਪਤਾ ਨੀ ਖੱਜਲ ਖੁਆਰੀ ਕਿੰਨੇ ਕੁ ਦਿਨ ਹੋਊ…?
ਮੁਣਸ਼ੀ ਵਿਹਲਾ ਹੋਇਆ ਤਾਂ ਉਹਨਾਂ ਵਲ ਝਾਕਿਆ। ‘ਹਾਂ ਬਈ?’
‘ਜੀ ਬਾਈਪਾਸ ਤੇ ਹੋਟਲ ਵਾਲਿਆਂ ਮੈਨੂੰ ਕੁੱਟਿਆ ਨਾਲੇ ਪੈਸੇ ਖੋਹ ਲੇ।’ ਇਕ ਨੇ ਹੱਥ ਜੋੜ ਦਿੱਤੇ।
‘ਬਾਈਪਾਸ ’ਤੇ ਕੀ ਕਰਨ ਗਿਆ ਸੀ ਤੂੰ?’ ਮੁਣਸ਼ੀ ਨੇ ਰੋਹਬ ਨਾਲ ਪੁੱਛਿਆ।
‘ਮੈਂ ਟਰੱਕ ਚਲਾਂਦੈ ਜੀ, ਰਾਮ ਚੰਦ ਮੂਲ ਚੰਦ ਆੜ੍ਹਤੀਆਂ ਦਾ। ਉਥੇ ਰੋਟੀ ਖਾਣ ਰੁਕਿਆ ਸੀ।’
‘ਤੈਨੂੰ ਰੋਟੀ ਖਾਂਦੇ ਨੂੰ ਕੁੱਟਣ ਲੱਗ ਪੇ?’
‘ਨਹੀਂ ਜੀ, ਮੈਂ ਪੀਤੀ ਸੀ ਥੋੜ੍ਹੀ ਜੀਹ, ਝੂਠ ਨੀ ਬੋਲਦਾ।’
‘ਕਿੰਨੀ ਪੀਤੀ ਸੀ।’
‘ਪਊਆ ਡੂਢ ਪਊਆ ਪੀਤੀ ਹੋਊਗੀ ਜੀ।’
‘ਪਊਏ, ਡੇਢ ਪਊਏ ਨਾਲ ਤੂੰ ਲੜਨ ਜੋਗਾ ਕਿਵੇਂ ਹੋ ਗਿਆ?’
‘ਮੈਂ ਥੋੜ੍ਹਾ ਈ ਲੜਿਆ ਜੀ, ਰੋਟੀ ਖਾ ਕੇ, ਐਵੇਂ ਹਾਸੇ ਨਾਲ ਕਹਿ¿; ਤਾ, ਜਾਹ ਮੈਂ ਨੀਂ ਪੈਸੇ ਦੇਣੇ। ਉਹਨਾਂ ਦੇ ਨੌਕਰਾਂ ਨੇ ਮੈਨੂੰ ਢਾਹ ਲਿਆ, ਨਾਲ ਰੁਪਈਏ ਖੋਹ ਲੇ।’
ਦੇਖ ਓਏ, ਮੁਣਸ਼ੀ ਘੁਰਕਿਆ ‘ਮੈਂ ਉਹਨਾਂ ਨੂੰ ਜਾਣਦਾ ਹਾਂ। ਜੇ ਕਿਸੇ ਡਰੈਵਰ ਦੇ 5000 ਰੁਪਏ ਵੀ ਡਿੱਗ ਪੈਣ ਨ੍ਹਾ, ਉਹ ਸਵੇਰ ਨੂੰ ਫੜਾ ਦਿੰਦੇ ਐ। ਦਿਨ ਰਾਤ ਸਾਡਾ ਉਥੇ ਗੇੜਾ ਰਹਿੰਦੈ। ਰਾਤ ਬਾਰਾਂ ਵਜੇ ਤੱਕ ਤਾਂ ਸਾਡੇ ਸਿਪਾਹੀ ਉਥੇ ਹੁੰਦੇ ਐ, ਤੂੰ ਉਹਨਾਂ ਨੂੰ ਕਾਹਤੋਂ ਨਹੀਂ ਦੱਸਿਆ?’
‘ਉਥੇ ਕੋਈ ਹੈ ਨੀ ਸੀਗ੍ਹਾ ਜੀ?’
‘ਇਹ ਕਿਵੇਂ ਹੋ ਸਕਦੈ?’
‘ਨਾਕੇ ਤੇ ਹੈਨੀ ਸੀਗ੍ਹੇ ਜੀ। ਹੋਟਲ ਦੇ ਅੰਦਰ ਬੈਠੇ ਪੀਂਦੇ ਸੀਗ੍ਹੇ ਤਿੰਨ ਸਿਪਾਹੀ। ਉਹਨਾਂ ਨੂੰ ਦੱਸਿਆ, ਉਹਨਾਂ ਮੇਰੀ ਗੱਲ ਈ ਨੀ ਸੁਣੀ…।’
ਫੇਰ ਤੂੰ ਥਾਣੇ ਕਿਉਂ ਨਹੀਂ ਆਇਆ? ਕੱਲ੍ਹ ਰਾਤ ਦੀ ਗੱਲ ਐ। ਤੂੰ ਸਵੇਰੇ ਆਉਂਦਾ…
‘ਜੀ ਮੈਂ ਆਪਣੀ ਯੂਨੀਅਨ ਕੋਲ ਚਲਾ ਗਿਆ।
ਤੇ ਹੁਣ ਏਥੇ ਵੜੇਵੇਂ ਲੈਣ ਆਇਐ, ਜਾਹ ਯੂਨੀਅਨ ਕੋਲ।’ ਮੁਣਸ਼ੀ ਹਰਖ ਗਿਆ। ਉਸ ਬਾਰੇ ਬਣੀ ਮੇਰੀ ਧਾਰਨਾ ਤਿੜਕਣ ਲੱਗੀ।
‘ਜੀ ਮੈਨੂੰ ਯੂਨੀਅਨ ਨੂੰ ਦੱਸਣਾ ਪੈਂਦਾ ਐ ਜੀ।’ ਉਹ ਡਰਾਈਵਰ ਬੇਹੱਦ ਵਿਚਾਰਾ ਬਣਿਆ ਖੜ੍ਹਾ ਸੀ।
‘ਦੇਖ ਓਏ ਪਹਿਲੀ ਤਾਂ ਗੱਲ ਐ ਤੇਰੇ ਰੁਪਈਏ ਖੋਹੇ ਨੀ ਗਏ। ਜੇ ਤੂੰ ਏਸ ਬਹਾਨੇ ਮਾਲਕਾਂ ਦੇ ਨਾਂ ਪਾਉਣੇ ਐ ਤਾਂ ਦੂਸਰੀ ਗੱਲ ਐ।’
‘ਮੈਂ ਸੋਂਹ ਖਾਨੈਂ ਗੁਰੂ ਜੀ ਦੀ। ਅਸੀਂ ਦਿਨ ਰਾਤ ਸਿਟੀਰਿੰਗ ’ਤੇ ਬੈਠ ਕੇ ਮੌਤ ਨਾਲ ਅੱਖਾਂ ਮੀਚੀ ਖੇਡਦੇ ਐਂ ਜੀ, ਅਸੀਂ ਜੀ ਝੂਠ ਨਹੀਂ ਬੋਲਦੇ ਹੁੰਦੇ।’ ਡਰਾਇਵਰ ਆਪਣੀ ਹੱਤਕ ਮੰਨ ਗਿਆ ਸੀ।
‘ਜਾਹ ਫੇਰ, ਬਾਹਰ ਫਲਾਈਂਗ ਵਾਲਾ ਏ.ਐਸ.ਆਈ. ਗੁਪਤਾ ਬੈਠੈ, ਉਹਦੇ ਨਾਲ ਗੱਲ ਕਰ।’ ‘ਆ ਜਾਂਦੇ ਐ ਭਕਾਈ ਮਾਰਨ।’
ਨੀਵੀਆਂ ਪਾਈ ਦੋਨੋਂ ਜਣੇ ਬਾਹਰ ਨਿਕਲ ਗਏ।
ਰੱਬ ਜਾਣੇ, ਸੱਚ ਕੀ ਹੈ! ਝੂਠ ਕੀ ਹੈ! ਪਰ ਕੀ ਗੁਪਤਾ ਇਹ ਮਸਲਾ ਹੱਲ ਕਰ ਦਏਗਾ! ਮਾੜੇ ਦੀ ਏਥੇ ਸੁਣਦਾ ਹੀ ਕੌਣ ਹੈ। ਸ਼ਾਇਦ ਗੁਪਤਾ ਵੀ ਗੋਂਗਲੂਆਂ ਤੋਂ ਮਿੱਟੀ ਝਾੜੇ। ਅਜਿਹੇ ਹੋਟਲਾਂ ਉਪਰ ਤਾਂ ਵੇਲੇ ਕੁਵੇਲੇ ਇਹਨਾਂ ਦਾ ਆਉਣ ਜਾਣ ਰਹਿੰਦਾ ਹੀ¿; ਹੈ। ਆਉਭਗਤ ਵੀ ਹੁੰਦੀ ਹੈ। ਇਹਨਾਂ ਦੀ ਸ਼ਹਿ ’ਤੇ ਹੀ ਹੋਟਲਾਂ ਵਾਲੇ ਵੀ ਮਨਮਰਜ਼ੀਆਂ ਕਰਦੇ ਹਨ। ਦੋਹਾਂ ਧਿਰਾਂ ਦੀ ਦੁਕਾਨਦਾਰੀ ਵਿਚ ਗਾਹਕ ਨੇ ਤਾਂ ਹਲਾਲ ਹੋਣਾ ਹੀ ਹੁੰਦਾ ਹੈ।
‘ਜਨਾਬ ਪੁੱਛੋ ਤਾਂ ਜ਼ਰਾ ਐਕਸਚੈਂਜ਼ ਵਾਲਿਆਂ ਨੂੰ।’ ਬੇਸਿਰ ਪੈਰ ਦੇ ਵਿਚਾਰਾਂ ਵਿਚੋਂ ਨਿਕਲ ਕੇ ਮੈਂ ਮੁਣਸ਼ੀ ਸਾਹਿਬ ਨੂੰ ਬੇਨਤੀ ਦੇ ਲਹਿਜੇ ਵਿਚ ਕਿਹਾ।
ਮੁਣਸ਼ੀ ਨੇ ਮੁਹਤਬਰ ਵਲ ਗੁੱਝਾ ਝਾਕਦਿਆਂ ਟੈਲੀਫੂਨ ਘੁੰਮਾਇਆ।
ਹਾਂ ਜੀ,
‘ਭਾਈ ਸਾਹਿਬ, ਥਾਣਾ ਸਿਟੀ ਤੋਂ ਕਾਲ ਬੁੱਕ ਕਰਾਈ ਸੀ?’
‘ਅਜੇ ਕੋਸ਼ਿਸ਼ ਹੀ ਕਰ ਰਹੇ ਹੋ! ਬਾਈ ਸਾਡੇ ਕੋਲ ਸਾਹਮਣੇ ਮੁਦੱਈ ਬੈਠੇ ਐ। ਖ਼ਾਸ ਈ ਬੰਦੇ ਐ, ਆਪਣੇ। ਛੇਤੀ ਕਰਾਓ ਗੱਲ।’
‘ਨਹੀਂ ਨਹੀਂ, ਕੋਈ ਟਰਾਈ ਨੀ ਕਰਨੀ, ਗੱਲ ਵੀ ਕਰਾਉਣੀ ਐ।’
‘ਠੀਕ ਐ।’ ਮੁਨਸ਼ੀ ਨੇ ਰੀਸੀਵਰ ਠੱਪ ਕਰ ਕੇ ਰੱਖ ਦਿੱਤਾ।
ਲਾਈਨ ਈ ਜਾਮ ਐ, ਆਂਹਦੇ। ਫੀਰੋਜ਼ਪੁਰ ਵੱਲ ਦੀ ਟਰਾਈ ਕਰ ਰਹੇ ਐ। ਆਪਾਂ ਤਾਂ ਸਰਕਾਰੀ ਖਰਚੇ ਤੇ ਥੋਨੂੰ ਪੂਰੀ ਜਾਣਕਾਰੀ ਲੈ ਕੇ ਦੇ ਰਹੇ ਐਂ।’ ਉਹ ਮੁਹਤਬਰ ਵੱਲ ਝਾਕ ਕੇ ਮੇਰੇ ਵੱਲ ਝਾਕਿਆ।
‘ਮੇਹਰਬਾਨੀ ਜੀ।’ ਮੈਂ ਸ਼ੁਕਰ ਗੁਜ਼ਾਰੀ ’ਚ ਹੱਥ ਜੋੜੇ।
ਉਹ ਫੇਰ ਆਪਣੇ ਰਜਿਸਟਰ ਵਿਚ ਰੁੱਝ ਗਿਆ। ਕੋਲ ਬੈਠੇ ਸਹਾਇਕ ਮੁਨਸ਼ੀ ਨੂੰ, ਪਿਛਲੀਆਂ ਰਿਪੋਰਟਾਂ ਦਰਜ਼ ਕਰਵਾਉਣ ਲੱਗਾ।
ਮੈਨੂੰ ਸਬਰ ਕਰਕੇ ਬੈਠਣਾ ਹੀ ਪੈਣਾ ਸੀ। ਇਹ ਅਹਿਸਾਨ ਘੱਟ ਸੀ ਕਿਤੇ, ਸਰਕਾਰੀ ਖਰਚੇ ਤੇ ਉਸਨੇ ਟਰੰਕ-ਕਾਲ ਬੁੱਕ ਕਰਵਾਈ ਸੀ ਤੇ ਮੈਨੂੰ ‘ਆਪਣੇ ਖਾਸ ਬੰਦੇ’ ਕਿਹਾ ਸੀ।
ਰਿਪੋਰਟਾਂ ਲਿਖਵਾਉਂਦਿਆਂ ਅੱਧਾ ਘੰਟਾ ਲੰਘ ਗਿਆ। ਮੁਣਸ਼ੀ ਨੇ ਟੇਢੀ ਅੱਖ ਨਾਲ ਮੇਰੀ ਬੇਚੈਨੀ ਤਾੜ ਕੇ ਆਪ ਹੀ ਐਕਸਚੈਂਜ ਨਾਲ ਗੱਲ ਕੀਤੀ। ਸਾਨੂੰ ਦੱਸਿਆ ‘ਕਹਿੰਦੇ ਆ ਛੇਤੀ ਗੱਲ ਕਰਾ ਦਿੰਨੇ ਐਂ। ਐਨਾਂ ਚਿਰ ਤਾਂ ਲੱਗਿਆ ਨੀ ਕਿਤੇ।’
ਮੇਰੇ ਨਾਲ ਆਇਆ ਮੁਹਤਬਰ ਵੀ ਮੈਂ ਪ੍ਰੇਸ਼ਾਨੀ ਵਿਚ ਪਾ ਦਿੱਤਾ ਸੀ। ਉਸ ਕਿਹਾ ਵੀ ਸੀ ‘ਆਥਣ ਵੇਲੇ ਥਾਣਿਆਂ ’ਚ ਨਹੀਂ ਜਾਈਦਾ।’ ਮੈਂ ਬੜੀ ਸ਼ਰਮ ਮਹਿਸੂਸ ਕਰ ਰਿਹਾ ਸਾਂ।
ਏਨੇ ਨੂੰ ਤਿੰਨ ਕਾਲਜੀਏਟ ਮੁੰਡੇ, ਬੈਗੀਆਂ ਪਾਈ ਅੰਦਰ ਆਏ। ਬਿਨਾਂ ਮੂੰਹੋਂ ਬੋਲਿਆਂ, ਆਪਣੇ ਹੱਥ ਹੀ ਉਤਾਂਹ ਉਠਾ ਕੇ ਉਹਨਾਂ ਮੁਣਸ਼ੀ ਨੂੰ ਨਮਸਕਾਰ ਕੀਤਾ।
‘ਆਓ ਵਈ ਯੰਕੀ।’ ਉਹਨਾਂ ਦੇ ਪਹਿਰਾਵੇ ਤੇ ਸਲੀਕੇ ਨੂੰ ਦੇਖ ਕੇ ਮੁਣਸ਼ੀ ਹੱਸਿਆ।
ਰਪੋਟ ਲਿਖੌਣੀ ਐ ਜੀ।’
‘ਕੁੜੀ ਦਾ ਮਾਮਲੈ ਕੋਈ?’
‘ਨਹੀਂ ਜੀ, ਸਾਡੇ ਮੁਹੱਲੇ ਦਾ ਬਲਕਾਰਾ ਸਾਨੂੰ ਲਲਕਾਰੇ ਮਾਰ ਕੇ ਗਾਲ੍ਹਾਂ ਕੱਢ ਗਿਆ। ਨਾਲ ਪਸਤੌਲ ਲੈ ਕੇ ਸਾਡੇ ਮਗਰ ਭੱਜਿਆ। ਸਾਨੂੰ ਖ਼ਤਰਾ ਐ ਜੀ।’
‘ਉਹ ਇਕ ਸੀ, ਤੁਸੀਂ ਤਿੰਨ। ਫੜ ਲੈਂਦੇ।’
‘ਓਹਦੇ ਕੋਲ ਪਸਤੌਲ ਸੀ ਜੀ।’
‘ਕੇਹੋ ਜਿਹਾ ਸੀ?’ ਮੁਣਸ਼ੀ ਫਿਰ ਦੰਦਾਂ ਵਿਚ ਪਿੰਨ ਦਾ ਪੁੱਠਾ ਸਿਰਾ ਚਬੋਣ ਲੱਗਿਆ।
‘ਇਹ ਤਾਂ ਨੀ ਪਤਾ ਲੱਗਿਆ।’
‘ਗਾਹਲਾਂ ਕਾਤਹੋਂ ਕੱਢੀਆਂ ਥੋਨੂੰ!’
‘ਮੇਰੇ ਕੋਲ ਹੀਰੋ ਹਾਂਡਾ ਸੀ ਜੀ ਕਹਿੰਦਾ ਮੇਰੇ ਸਕੂਟਰ ਤੋਂ ਮੂਹਰੇ ਕਾਹਤੋਂ ਕੱਢਿਆ।’
‘ਫੇਰ?’
ਅਸੀਂ ਤਾਂ ਐਨਾ ਈ ਆਖਿਆ ਸੀ ਜੀ, ਜੇ ਜੇਬ ’ਚ ਦਮ ਹੈ ਤਾਂ ਤੂੰ ਲੈ ਲਾ। ਮੈਨੂੰ ਕਹਿੰਦਾ, ਮੈਂ ਕਿਹੜਾ ਤੇਰੇ ਪਿਓ ਆਂਗੂ ਬਲੈਕ ਕਰਦੈਂ। ਫੇਰ ਜੀ ਗਾਹਲਾਂ ਕੱਢਣ ਲੱਗ ਪਿਆ। ਜਦੋਂ ਅਸੀਂ ਆਖਿਆ, ਜੇ ਆਪਣੇ ਪਿਉ ਦਾ ਐਂ ਤਾਂ ਖੜ੍ਹ ਜਾ। ਫੇਰ ਜੀ ਪਸਤੌਲ ਕੱਢ ਕੇ ਸਾਡੇ ਮਗਰ ਭੱਜਿਆ।’
‘ਪਿਸਤੌਲ ਮੋਟੀ ਨਾਲੀ ਵਾਲਾ ਸੀ ਕਿ ਗਰਾਰੀ ਵਾਲਾ?’
‘ਅਸੀਂ ਤਾਂ ਡਰਦੇ ਭੱਜ ਪੇ ਜੀ, ਦੇਖਿਆ ਨੀ।’
ਮੁਣਸ਼ੀ ਨੇ ਦਰਾਜ ਵਿਚੋਂ ਕਾਗਜ਼ ਕੱਢਿਆ ਤੇ ਉਹਨਾਂ ਵੱਲ ਵਧਾ ਕੇ ਕਿਹਾ,
‘ਆਹ ਲਓ, ਸਰਕਾਰੀ ਕਾਗਜ਼ ਤੇ ਜਿਹੜਾ ਕੁਸ਼ ਹੋਇਐ, ਇਹਦੇ ’ਤੇ ਲਿਖ ਦਿਉ।’ ਕਾਗਜ਼ ਫੜ ਕੇ ਉਹ ਤਿੰਨੋਂ ਇਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ।
‘ਕੀ ਗੱਲ?’ ਮੁਣਸ਼ੀ ਹੈਰਾਨ ਹੋਇਆ।
‘ਜੀ ਪਿੰਨ ਤਾਂ ਹੈਨੀ।’
‘ਕੰਜਰੋ, ਜੇ ਕਿਸੇ ਕੁੜੀ ਨੂੰ ਲਵ ਲੈਟਰ ਲਿਖਣਾ ਪੈ ਜੇ ਫੇਰ?’ ਮੁਣਸ਼ੀ ਨੇ ਇਕ ਪੈਨ ਉਹਨਾਂ ਵੱਲ ਸੁਟਦਿਆਂ ਕਿਹਾ।
‘ਕਿਵੇਂ ਲਿਖਣੀ ਐ ਜੀ, ਦਰਖਾਸਤ?’ ਉਹਨਾਂ ਵਿਚੋਂ ਇਕ ਨੇ ਝਕਦੇ ਝਕਦੇ ਪੁਛਿਆ।
‘ਇਹ ਵੀ ਦੱਸਣਾ ਪਊ? ਪਿੰਨ ਫੜਾ ਏਧਰ, ਕਾਗਜ਼ ਵੀ।’ ਉਨ੍ਹਾਂ ਕਾਗਜ਼ ਤੇ ਪੈਨ ਮੋੜ ਦਿੱਤੇ।
‘ਐਂ ਕਰੋ, ਬਾਹਰ ਥਾਣੇ ਦੇ ਗੇਟ ਲਾਗੇ ਚਾਹ ਦੀ ਦੁਕਾਨ ਐ ਉਹਨੂੰ ਦੱਸ ਦਿਓ, ਆਪੇ ਲਿਖ ਦੂ।’
ਮੁੰਡੇ ਧੌਣਾਂ ਤੇ ਖੁਰਕ ਜਿਹੀ ਕਰਦੇ ਬਾਹਰ ਨਿਕਲ ਚੱਲੇ।
‘ਓਏ ਗੱਲ ਸੁਣੋ।’ ਉਹ ਖੜੋ ਗਏ।
‘ਅੰਦਰ ਚਾਹ ਭੇਜ ਦਿਓ ਸਪੈਸ਼ਲ, ਚਾਰ ਗਲਾਸ। ਸਪੈਸ਼ਲ ਸਮਝਦੇ ਐ ਨਾ? ਦੁੱਧ ’ਚ ਪੱਤੀ।’
ਉਹ ਚਲੇ ਗਏ। ਮੁਣਸ਼ੀ ਫਿਰ ਰਜਿਸਟਰ ਵੱਲ ਹੋਣ ਲੱਗਾ ਆਪਣੇ ਸਹਾਇਕ ਨਾਲ ਬੋਲਿਆ ‘ਯਾਰ ਅੱਜ ਟੈਲੀਫੂਨ ਆਲਿਆਂ ਨੇ ਹੱਦ ਕਰ ਦਿੱਤੀ। ਏਹਨਾਂ ਨਾਲ ਸਮਝਣਾ ਈ ਪਊ… ਕਿਸੇ ਦਿਨ।’
ਉਹ ਕਿੰਨਾ ਹੀ ਚਿਰ ਟੈਲੀਫੂਨ ਵੱਲ ਵੇਂਹਦਾ ਰਿਹਾ। ਫੇਰ ਸ਼ਾਇਦ ਮੈਨੂੰ ਸੁਣਾਉਣ ਲਈ ਕਾਲਜ ਦੇ ਮੁੰਡਿਆਂ ਬਾਰੇ ਕਹਿਣ ਲੱਗਾ।
‘ਆ ਜਾਂਦੇ ਐ ਸਾਲੇ ਮੂੰਹ ਚੱਕ ਕੇ। ਤੀਵੀਂ ਨੂੰ ਜੁਆਕ ਨਾ ਹੁੰਦਾ ਹੋਵੇ, ਥਾਣੇ ਚਲੋ। ਕੁੜੀ ਸਹੁਰੀਂ ਨਾ ਜਾਣਾ ਚਾਹੰੁਦੀ ਹੋਵੇ, ਥਾਣੇ ਚੱਲੋ। ਮੁੰਡਾ ਸਕੂਲ ਨੀ ਜਾਂਦਾ, ਥਾਣੇ ਚੱਲੋ। ਬੁੜ੍ਹੀ ਦੇ ਗੋਡੇ ਕਾਹਤੋਂ ਦੁਖਣ ਲੱਗ ਪੇ, ਥਾਣੇ ਚੱਲੋ। ਤੀਵੀਂ ਰਾਤ ਨੂੰ ਸ਼ਰਾਬੀ ਹੋਏ ਨੂੰ ਬਲੋਂਦੀ ਨੀਂ, ਥਾਣੇ ਚੱਲੋ। ਇਹ ਨੌਕਰੀ ਵੀ ਸਾਲੀ ਬੜੀ ਕੁੱਤੀ ਸ਼ੈਅ ਆ…।’ ਤੇ ਉਹ ਫਿਰ ਰਜਿਸਟਰ ਵਿਚ ਉਲਝ ਗਿਆ।
ਰਾਤ ਦੇ ਅੱਠ ਵੱਜਣ ਵਾਲੇ ਸਨ। ਮੁਹਤਬਰ ਵੀ ਹੁਣ ਔਖਾ ਔਖਾ ਮਹਿਸੂਸ ਕਰਨ ਲੱਗਾ। ਉਸਨੂੰ ਨਾਲ ਲਿਆ ਕੇ ਮੈਂ ਵਧੇਰੇ ਪ੍ਰੇਸ਼ਾਨ ਸਾਂ, ਚਲੋ ਮੈਂ ਤਾਂ ਔਖਾ ਹੋਣਾ ਹੀ ਹੋਇਆ, ਇਹ ਵਿਚਾਰਾ ਵੀ ਮੇਰੇ ਨਾਲ ਈ ਬੱਝਿਆ ਬੈਠੇ।’’
‘ਜੇ ਨਹੀਂ ਲਾਈਨ ਮਿਲਦੀ ਤਾਂ ਸਵੇਰੇ ਪਤਾ ਕਰ ਲਾਂਗੇ ਜਨਾਬ।’ ਮੈਂ ਦੁਚਿੱਤੀ ਜਿਹੀ ਨਾਲ ਕਿਹਾ।
ਭਾਈ ਸਾਹਿਬ, ਮੈਂ ਥੋਡੇ ਲਈ ਬੈਠੇਂ, ਤੇ ਆਹ ਨਾਲ ਦਾ (ਛੋਟੇ ਮੁਨਸ਼ੀ ਵੱਲ ਇਸ਼ਾਰਾ ਕਰਦਾ ਹੈ) ਮੇਰੇ ਕਰਕੇ ਫਸਿਆ ਹੋਇਐ, ਨਹੀਂ ਤਾਂ ਅਸੀਂ ਵੀ ਘਰ ਨਿੱਘੀ ਰਜਾਈ ’ਚ ਬੈਠੇ ਹੁੰਦੇ। ਜੇ ਅਸੀਂ ਕੰਮ ਕਰਦੇ ਆਂ ਪਬਲਿਕ ਦਾ ਤਾਂ ਤੁਸੀਂ ਉਡੀਕ ਨੀ ਸਕਦੇ? ਕਹਿਣ ਨੂੰ ਮਿੰਟ ’ਚ ਕਹਿ ਦਿੰਨੇ ਐ, ਮਹਿਕਮਾ ਗੌਲਦਾ ਨ੍ਹੀ, ਤੁਸੀਂ ਮਗਰੋਂ ਆਏ, ਕਾਲ ਪਹਿਲਾਂ ਬੁੱਕ ਕਰਾਈ… ਹੂੰਅ।’ ਉਸਨੇ ਇਸ ਤਰ੍ਹਾਂ ਸਿਰ ਮਾਰਿਆ, ਜਿਵੇਂ ਮੈਂ ਉਸਦੀ ਬਹੁਤ¿; ਹੀ ਹੱਤਕ ਕਰ ਦਿੱਤੀ ਹੋਵੇ।
‘ਅਸੀਂ ਬੈਠੇ ਐਂ ਜਨਾਬ, ਕੋਈ ਨਾ।’ ਮੁਹਤਬਰ ਨੇ ਮੁਣਸ਼ੀ ਨੂੰ ਠੰਢਾ ਕੀਤਾ ਜਾਂ ਇਸ ਤਣਾਅ ਨੂੰ ਮੋੜ ਕਿਵੇਂ ਦੇਣਾ ਹੈ, ਉਹ ਜਾਣਦਾ ਸੀ।
ਮੁਣਸ਼ੀ ਨੇ ਫਿਰ ਐਕਸਚੇਂਜ ਨਾਲ ਗੱਲ ਕੀਤੀ। ਉਹੀ ਠਰ੍ਹਮਾਂ।
ਭਾਈ ਸਾਹਿਬ ਕਾਲ ਬੁਕ ਕੀਤੀ ਸੀ, ਥਾਣਾ ਸਿਟੀ ਤੋਂ?
‘……..।’
‘ਅੱਛਾ ਅੱਛਾ ਹੁਣ ਫੇਰ?’
‘…….।’
‘ਨਹੀਂ ਗੱਲ ਜ਼ਰੂਰ ਕਰਨੀ ਐ।… ਸ਼ਰੀਫ ਆਦਮੀ ਬਹੁਤ ਦੇਰ ਦੇ ਬੈਠੇ ਨੇ।’
‘……..।’
‘ਕੀ ਕਿਹਾ?’
……..।’
‘ਦਿੱਲੀ ਵੱਲ ਦੀ? ਕਮਾਲ ਐ, ਫੀਰੋਜ਼ਪੁਰ ਤਾਂ ਮਿਲਦੀ ਨੀ। ਗੱਲ ਜ਼ੀਰੇ ਕਰਨੀ ਐ ਦਿੱਲੀ ਕਿਵੇਂ ਮਿਲੂ?’
‘………।’
‘ਹੈਂਅ? ਠੀਕ ਐ ਫਿਰ।’ ਮੁਣਸ਼ੀ ਨੇ ਫਿਰ ਰੀਸੀਵਰ ਰੱਖ ਦਿੱਤਾ।
ਸਾਨੂੰ ਪੁੱਛਣ ਦਾ ਹੌਂਸਲਾ ਹੀ ਨਾ ਪਿਆ, ਉਹ ਕੀ ਕਹਿੰਦੇ ਨੇ। ਪਰ ਇਸਦਾ ਮਤਲਬ ਸੀ, ਘੱਟੋ ਘੱਟ ਅੱਧਾ ਘੰਟਾ ਹੋਰ ਉਡੀਕ ਕਰੋ।
ਪਤਾ ਲੱਗਿਆ, ਨੌ ਵਜੇ ਰਾਤ ਤੱਕ ਉਹਨਾਂ ਦੀ ਡਿਊਟੀ ਸੀ।
ਉਡੀਕਦਿਆਂ, ਕਰਦਿਆਂ ਪੌਣੇ ਨੌ ਵੱਜ ਗਏ। ਸਿਫਾਰਸ਼ ਲਿਆਂਦਾ ਮੁਹਤਬਰ, ਅੱਖਾਂ ਮੀਚਣ ਲੱਗਾ। ਮੈਂ ਉਸ ਵੱਲ ਵੇਖ ਵੇਖ ਨਮੋਸ਼ੀ ਦੀ ਜਿਲ੍ਹਣ ਵਿਚ ਫਸਦਾ ਗਿਆ। ਪਰ ਮੈਂ ਬੇਬਸ ਸਾਂ।
ਦਸੰਬਰ ਮਹੀਨੇ ਦੀ ਰਾਤ ਦੇ ਸਵਾ ਨੌਂ ਵੱਜ ਗਏ। ਸ਼ਹਿਰ ਤਾਂ ਕਬਰਸਤਾਨ ਵਾਂਗ ਸੱਤ ਸਾਢੇ ਸੱਤ ਵਜੇ ਹੀ ਸੌਂ ਗਿਆ ਸੀ। ਹੁਣ ਤਾਂ, ਠੱਗ, ਚੋਰ, ਯਾਰ ਵੀ ਟਿਕ ਗਏ ਲੱਗਦੇ ਸਨ।
ਮੁਣਸ਼ੀ ਨੇ ਗੁੱਸੇ ਦੇ ਅੰਦਾਜ਼ ਵਿਚ ਬੁਕਿੰਗ ਕੈਂਸਲ ਕਰਵਾ ਦਿੱਤੀ। ਕੁਝ ਦੇਰ ਹੋਰ ਉਹ ਆਪਣੇ ਕਾਗਜ਼ ਪੱਤਰ ਸਾਂਭਣ ਵਿਚ ਰੁਝਿਆ ਰਿਹਾ। ਫੇਰ ਕੁਰਸੀ ਤੋਂ ਉਠਕੇ ਉਸਨੇ, ਬਾਹਾਂ ਉਪਰ ਚੁੱਕ ਕੇ ਅੰਗੜਾਈ ਲਈ ਜਿਵੇਂ ਬਹੁਤ ਥੱਕ ਗਿਆ ਹੋਵੇ।
‘ਹੁਣ ਸਵੇਰੇ ਪਤਾ ਕਰੀਏ ਫੇਰ?’ ਮੁਹਤਬਰ ਵੀ ਨਿਮੋਝੂਣਾ ਜਿਹਾ ਬੋਲਿਆ।
‘ਤੇਰੇ ਸਾਹਮਣੇ ਈ ਐ। ਮੈਂ ਤਾਂ ਪਹਿਲੀ ਵਾਰ ਐਨਾ ਜ਼ੋਰ ਲਾਇਐ। ਇਹ ਵੀ ਤੇਰੇ ਕਰਕੇ, ਨਾਲੇ ਭਾਈ ਸਾਹਿਬ ਕੁਝ ਪੜ੍ਹੇ ਲਿਖੇ ਲੱਗਦੇ ਐ…।’ ਉਹ ਮੁਹਤਬਰ ਦੀਆਂ ਅੱਖਾਂ ਵਿਚ ਸਿੱਧਾ ਝਾਕਿਆ।
‘ਮੇਹਰਬਾਨੀ ਐ। ਫੇਰ ਆਗਿਆ ਐ ਹੁਣ?’ ਮੁਹਤਬਰ ਮਲਵੀਂ ਜੀਭ ਨਾਲ ਬੋਲਿਆ। ‘ਆਗਿਆ ਈ ਐ, ਜੇ ਕਹੋਂ ਤਾਂ ਥੋਡੀ ਸੇਵਾ ਕਰ ਦਿੰਨੇ ਐ।’ ਮੁਨਸ਼ੀ ਨੇ ਤੀਰ ਚਲਾਇਆ।
‘ਸੇਵਾ ਨੂੰ ਕੀ ਐ। ਆਹ ਸੇਵਾ ਕਿਤੇ ਘੱਟ ਐ? ਕਿਉਂ ਬਈ ਕੀ ਸਲਾਹ ਐ?’ ਮੁਹਤਬਰ ਮੇਰੇ ਵੱਲ ਹੋਇਆ।
‘ਦੇਖ ਲੋ।’ ਮੇਰਾ ਸਿਰ ਤਾਂ ਉਖਲੀ ਵਿਚ ਦਿੱਤਾ ਹੀ ਹੋਇਆ ਸੀ।
‘ਟੈਮ ਬਹੁਤ ਹੋ ਗਿਆ ਯਾਰ। ਠੇਕੇ ਬੰਦ ਹੋਗੇ ਹੋਣਗੇ’ ਹੁਣ ਮੁਹਤਬਰ ਨੇ ਆਪਣੀ ਚਾਲ ਚੱਲੀ।
ਕਰਦੇ ਐਂ ਨ੍ਹਾਂ ਕੁਸ ਲੱਲਾ ਭੱਬਾ-‘ਕਹਿੰਦਾ ਮੁਣਸ਼ੀ ਥਾਣਿਓਂ ਬਾਹਰ ਆ ਗਿਆ, ਉਸਦਾ ਸਹਾਇਕ ਮੁਣਸ਼ੀ ਤੇ ਮੁਹਤਬਰ ਮੈਥੋਂ ਵਿੱਥ ਪਾ ਗਏ। ਉਹਨਾਂ ਦੇ ਮਗਰ ਮਗਰ ਮੈਂ ਵੀ ਫੜੇ ਮੁਜ਼ਰਮ ਵਾਂਗ ਤੁਰ ਪਿਆ, ਮੈਨੂੰ ਘਰ ਵਾਲਿਆਂ ਦੀ ਅੱਡ ਚਿੰਤਾ ਹੋਈ, ਕਿਹੋ ਜਿਹੀ ਘਟਨਾ ਸੀ? ਥਾਣੇ ਆਇਆ ਸਾਂ, ਤੇ ਰਾਤ ਦੇ ਦਸ ਵੱਜਣ ਵਾਲੇ ਹਨ, ਉਹਨਾਂ ਨੇ ਤਾਂ ਫਿਕਰ ’ਚ ਰੋਟੀ ਨਹੀਂ ਖਾਧੀ ਹੋਣੀ।
‘ਦੱਸੋ ਫਿਰ?’ ਬਾਹਰ ਸੜਕ ’ਤੇ ਆ ਕੇ ਸਾਰਿਆਂ ਵੱਲ ਝਾਕ ਕੇ ਇਉਂ ਪੁੱਛਿਆ, ਜਿਵੇਂ ਕਹਿ ਰਿਹਾ ਹੋਵੇ… ‘ਤੁਸੀਂ ਕਿਹੜੇ ਢੰਗ ਨਾਲ ਜਿਬਾਹ ਕਰੋਗੇ?’
ਚਲੋ ਫੇਰ ਦੇਰ ਕਾਹਦੀ ਕਰਨੀ ਐ। ਇਉਂ ਕਰਦੇ ਐਂ, ਆਹ ‘ਮਾਹੀਵਾਲ’ ’ਚ ਈ ਬਹਿ ਜਾਨੇ ਐਂ ਦਸ ਮਿੰਟ।’ ਮੁਣਸ਼ੀ ਨੇ ਆਪਣੇ ਵਲੋਂ ਕਾਫੀ ਕਾਹਲੀ ਦਿਖਾਈ।
ਉਹ ਸਾਰੇ ਹੋਟਲ ‘ਮਾਹੀਵਾਲ’ ਵੱਲ ਤੁਰ ਪਏ। ਕਸਾਈ ਦੇ ਖਰੀਦੇ ਬੱਕਰੇ ਵਾਂਗ ਮੈਂ ਵੀ ਉਹਨਾਂ ਦੇ ਪਿੱਛੇ ਤੁਰ ਪਿਆ।’
ਸਾਢੇ ਕੁ ਗਿਆਰਾਂ ਵਜੇ, ਜਦੋਂ ਉਹ ਪੂਰੇ ਸ਼ਰਾਬੀ ਹੋ ਗਏ, ਤਾਂ ਮੁਣਸ਼ੀ ਨੇ ਕਿਹਾ ‘ਭਾਈ ਸਾਹਿਬ, ਤੂੰ ਮੈਨੂੰ ਪੜ੍ਹਿਆ ਲਿਖਿਆ ਲੱਗਦੈਂ। ਐਂ ਕਰੀ ਹੁਣ ਇਕ ਜਣਾ ਤਾਂ ਭੇਜ ਆਪਣੇ ਦੋਸਤ ਦੇ ਪਿੰਡ। ਪਤਾ ਕਰ ਕੀ ਗੱਲ ਐ? ਤੇ ਇਕ ਜਣਾ ਜਾਓ ਥਾਣੇ। ਪਤਾ ਕਰੋ ਜਿਹੜੇ ਮੁੰਡੇ ਬੰਦ ਐ, ਉਹ ਕੌਣ ਨੇ? ਫੇਰ ਬਣੂ ਕੋਈ ਗੱਲ। ਆਪਣੇ ਹੱਥ ਵੱਸ ਜਿੰਨਾ ਹੋਇਆ, ਤੇਰੀ ਮਦਦ ਕਰਾਂਗੇ ਆਪਾਂ। ਦੇਖ ਲਾ ਰਾਤ ਤਾਈ ਟਰੰਕ ਕਾਲ ਦੀ ਟਰਾਈ ਕਰਦੇ ਰਹੇ, ਭਾਵੇਂ ਸਾਹਿਬ ਕੋਲੋਂ ਝਿੜਕਾਂ ਮਿਲਣ। ਐ ਨੀ ਪਰਵਾਹ ਕਰੀਦੀ…
ਬਹਿਰਾ ਬਿੱਲ ਲੈ ਆਇਆ।
ਵੱਡੇ ਮੁਣਸ਼ੀ ਅਤੇ ਮੁਹਤਬਰ ਦੋਹਾਂ ਨੇ ਜੇਬਾਂ ਨੂੰ ਹੱਥ ਮਾਰ ਕੇ ਪੈਸੇ ਦੇਣ ਦਾ ਨਾਟਕ ਕੀਤਾ, ਪਰ ਬਹਿਰੇ ਤੋਂ ਮੈਂ ਬਿੱਲ ਫੜ ਲਿਆ।
ਥਾਣੇ ਵਿਚ, ਮੁਣਸ਼ੀ ਦੇ ਜਿਸ ਕਮਰੇ ਵਿਚ ਅਸੀਂ ਬੈਠੇ ਸਾਂ, ਉਥੇ ਮਾਟੋ ਲਿਖ ਕੇ ਟੰਗਿਆ ਸੀ;
‘ਲੋਕ ਸੇਵਾ ਲਈ’।
ਹੁਣ ਮੈਂ ਸੋਚ ਰਿਹਾ ਸਾਂ, ਉਥੇ ਲਿਖ ਦੇਣਾ ਚਾਹੀਦੈ, ‘ਲੋਕਾਂ ਤੋਂ ਸੇਵਾ ਲਈ।’
ਅਜੇ ਜੀਪ ਦਾ ਪਤਾ ਕਰਨਾ ਹੈ। ਦੋਸਤ ਦਾ ਪਤਾ ਕਰਨਾ ਹੈ। ਪਤਾ ਨਹੀਂ ਹੋਰ ਕਿੰਨਾ ਖੱਜਲ ਖੁਆਰ ਹੋਣਾ ਹੈ। ਫਿਲਹਾਲ ਤਾਂ ਇਹੀ ਚਿੰਤਾ ਹੈ, ਆਪਣਾ ਆਪ ਸੁਰੱਖਿਅਤ ਰੱਖ ਕੇ, ਜੀਪ ਘਰ ਲੈ ਆਵਾਂਗਾ ਜਾਂ ਨਹੀਂ। ਪਰ ਇਹ ਸੋਚ, ਕੋਲਿਆਂ ਦੀ ਖਾਣ ਵਿਚੋਂ ਚਿੱਟੇ ਕੱਪੜੇ ਪਾ ਕੇ ਸਹੀ ਸਲਾਮਤ ਬਾਹਰ ਨਿਕਲ ਆਉਣ ਦੇ ਭੁਲੇਖੇ ਵਰਗੀ¿; ਸੋਚ ਹੈ।
ਗ਼ਜ਼ਲ
– ਗੁਰਮੀਤ ਕੌਰ ਸੰਧਾ
ਮਾਂਗਵੇਂ ਹਥਿਆਰ ਨੇ ਕੋਈ ਸ਼ੱਕ ਨਹੀਂ।
ਹਾਕਮਾਂ ਦੇ ਯਾਰ ਨੇ, ਕੋਈ ਸ਼ੱਕ ਨਹੀਂ।
ਕੁਝ ਕੁ ਲੋਕਾਂ ਨੂੰ ਮਿਲੇ ਇਸ ਦੇਸ਼ ਵਿੱਚ,
ਰਾਖਵੇਂ ਅਧਿਕਾਰ ਨੇ, ਕੋਈ ਸ਼ੱਕ ਨਹੀਂ।
ਬਾਂਹ ਖੜੀ ਕਰਕੇ ਜੋ ਕੀਤੇ ਜਾ ਰਹੇ ,
ਬੇਤੁਕੇ ਇਕਰਾਰ ਨੇ, ਕੋਈ ਸ਼ੱਕ ਨਹੀਂ।
ਨਹੀਂ ਨਿਆਂ ਮਜ਼ਲੂਮ ਨੂੰ ਦਿੱਤਾ ਕਦੇ,
ਸਾਜਸ਼ੀ ਦਰਬਾਰ ਨੇ, ਕੋਈ ਸ਼ੱਕ ਨਹੀਂ।
ਤੋੜਿਆ ਲੱਕ ਲੋਕਤੰਤਰ ਦਾ ਸਦਾ,
ਧਰਮ-ਸੱਭਿਆਚਾਰ ਨੇ, ਕੋਈ ਸ਼ੱਕ ਨਹੀਂ।
ਸਾਜਿਸ਼ਾਂ ਰਚਦੇ ਨੇ ਜੋ ਕੌਮਾਂ ਖ਼ਿਲਾਫ਼,
ਜ਼ਿਹਨ ਤੋਂ ਬੀਮਾਰ ਨੇ, ਕੋਈ ਸ਼ੱਕ ਨਹੀਂ।
ਬੇ ਨਿਆਂਈਂ ਕਰਨ, ਹਾਕਮ ਕਾਸਦੇ?
ਕੁਰਸੀਆਂ ਤੇ ਭਾਰ ਨੇ, ਕੋਈ ਸ਼ੱਕ ਨਹੀਂ।
ਮਹਿਲ ਮੋਮੋ ਠਗਣੀਆਂ ’ਤੇ ਆਉਣਗੇ
ਜਾਪਦੇ ਆਸਾਰ ਨੇ, ਕੋਈ ਸ਼ੱਕ ਨਹੀਂ।
ਹੱਕ ਜੀਹਨਾਂ ਨੂੰ ਨਾ ਮਿਲਦੇ ਮੰਗਿਆਂ,
ਖੋਹਣ ਦੇ ਹੱਕਦਾਰ ਨੇ, ਕੋਈ ਸ਼ੱਕ ਨਹੀਂ।
ਝੂਠ ਸੱਚ ਦਾ ਫੈਸਲਾ ਕੀਤੈ¿; ਸਦਾ,
ਅੰਤ ਨੂੰ ਤਲਵਾਰ ਨੇ, ਕੋਈ ਸ਼ੱਕ ਨਹੀਂ।
ਗ਼ਜ਼ਲ
– ਜਤਿੰਦਰ ਭਨੋਟ
ਮਜ਼ਲੂਮ ਵਿਚਾਰੇ ਦੱਬ ਕੇ ਜ਼ਾਲਮ ਅੱਗੇ ਹੁੰਦੇ ਨੇ।
ਡਰ ਦੇ ਮਾਰੇ ਲੋਕੀਂ ਪਿੱਛੇ ਲੱਗੇ ਹੁੰਦੇ ਨੇ।
ਲਾਲੋ ਭੁੱਖੇ ਸੌਂਦੇ, ਭਾਗੋ ਰੱਜ ਰੱਜ ਕੇ ਖਾਵਣ
ਸੱਜਣ ਠੱਗਾਂ ਲੋਕੀ ਸਾਰੇ ਠੱਗੇ ਹੁੰਦੇ ਨੇ।
ਇਹ ਕੋਹਲੂ ਦਾ ਬੈਲ ਬਣਾ ਕੇ ਜੋਤ ਰਹੇ ਖੇਤੀਂ
ਲੋਕ ਨਿਮਾਣੇ ਜਿਉਂ ਹਾਕਮ ਦੇ ਢੱਗੇ ਹੁੰਦੇ ਨੇ।
ਟਾਟਾ ਬਿਰਲਾ ਪਾਉਂਦੇ ਵਸਤਰ ਅਰਮਾਨੀ ਸੁੱਚੀ
ਮਜਦੂਰ ਗਰੀਬਾਂ ਦੇ ਪਰ ਪਾਟੇ ਝੱਗੇ ਹੁੰਦੇ ਨੇ।
ਰੰਗ ਬੜੇ ਗਿਰਗਿਟ ਵਾਂਗਰ ਬਦਲ ਰਹੇ ਨੇਤਾ
ਸਭ ਦੇ ਝੰਡੇ ਨੀਲੇ, ਪੀਲੇ, ਬੱਗੇ ਹੁੰਦੇ ਨੇ।
ਕਬਜ਼ੇ ਕਰਦੇ, ਫਿਰ ਲੁੱਟਣ ਤੇ ਕੁੱਟਣ ਲੋਕਾਂ ਨੂੰ
ਚਾੜ੍ਹ ਮਖੌਟਾ ਬਣਦੇ ਦੁੱਲੇ, ਜੱਗੇ ਹੁੰਦੇ ਨੇ।
ਹੱਲ ਭਨੋਟ ਕਰੇ ਨਾ ‘ਸੇਵਕ’ ਰੋਜ਼ੀ ਦਾ ਮਸਲਾ
ਖ਼ੁਸ਼ਹਾਲੀ ਦੇ ਬੈਨਰ ਹਰ ਥਾਂ ਲੱਗੇ ਹੁੰਦੇ ਨੇ।
ਗ਼ਜ਼ਲ
– ਬਾਬਾ ਨਜ਼ਮੀ
ਅੱਗ ਵੀ ਹਿਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ।
ਭਾਂਬੜ ਜਹੀਆਂ ਧੁੱਪਾਂ ਵਿਚ ਵੀ, ਮੇਰੇ ਲੀੜੇ ਗਿੱਲੇ ਰਹੇ।
ਦੋਸ਼ ਕਿਂਉ ਨਾ ਝੱਖੜਾਂ ਉਤੇ, ਸਿਰ ਤੋਂ ਉਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖੌਰੇ ਸਾਥੋਂ ਰੱਸੇ ਢਿੱਲੇ ਰਹੇ।
ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ,
ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ।
ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ,
ਵੇਖਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਤਿੱਲੇ ਰਹੇ।
ਰਸਤਾ, ਪੈਂਡਾ, ਵੇਲਾ ਇਕੋ, ਮੰਜਿਲ ਉਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ।
ਇਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ।
ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲ੍ਹੇ ਸਿੱਲ੍ਹੇ ਰਹੇ।
ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਹੀਂ,
ਜਿੰਨ੍ਹਾ ਦੀ ਤੰਗ ਦਸਤੀ ਦੇ ਲਈ, (ਬਾਬਾ) ਕੱਟਦੇ ਛਿੱਲੇ ਰਹੇ।¿;
