ਲਹਿੰਦੇ ਪੰਜਾਬ ਦੀ ਕਹਾਣੀ
ਸ਼ੇਰ ਮੁਹੰਮਦ ਚੌਕ
– ਅਲੀ ਅਕਬਰ ਨਾਤਿਕ
ਮੈਨੂੰ ਇਹ ਪਿੰਡ ਛੱਡਿਆਂ ਪੈਂਤੀ ਸਾਲ ਹੋ ਗਏ ਸੀ। ਅੱਜ ਮੁੱਦਤਾਂ ਬਾਅਦ ਆਣ ਹੋਇਆ ਤੇ ਇਕ-ਇਕ ਗਲ਼ੀ ਨੂੰ ਪਲਕਾਂ ਨਾਲ਼ ਚੁੰਮਦਾ, ਅੱਥਰੂ ਸੁੱਟਦਾ ਸਾਰੇ ਪਿੰਡ ਵਿਚ ਚੱਕਰ ਲਾਵਣੇ ਸ਼ੁਰੂ ਕਰ ਦਿੱਤੇ। ਪਿੰਡ ਦੀ ਕੱਲੀ-ਕੱਲੀ ਸ਼ੈਅ ਮੇਰੀਆਂ ਅੱਖਾਂ ਅੱਗੇ ਤਸਵੀਰ ਵਾਂਗੂ ਫਿਰ ਰਹੀ ਸੀ। ਪੈਂਤੀ ਸਾਲ ਦਾ ਵੇਲਾ ਮੂੰਹ ਨਾਲ਼ ਆਖਣਾ ਏ। ਨਾ ਉਹ ਪਿੰਡ ਵਿਚ ਪਛਾਣ ਆਲ਼ੀਆਂ ਸ਼ਕਲਾਂ ਰਹੀਆਂ ਤੇ ਨਾ ਉਹ ਕੰਧਾਂ-ਕੌਲ਼ੇ ਰਹੇ। ਪਰ ਫਿਰ ਵੀ ਪਿੰਡ ਤਾਂ ਉਹ ਈ ਸੀ। ਮੈਂ ਟੁਰਦਾ-ਟੁਰਦਾ ਸ਼ੇਰ ਮੁਹੰਮਦ ਚੌਕ ਵਿਚ ਆ ਵੜਿਆ। ਇਹ ਚੌਕ ਤੇ ਇਹੰਦੀ ਟਾਹਲੀ ਦੀ ਛਾਂ ਥੱਲੇ ਬਣੀ ਕਬਰ ਨੇ ਮੈਨੂੰ ਇੰਜ ਖਿੱਚ ਲਿਆ ਜਿਵੇਂ ਰੂਹ ਨੂੰ ਫ਼ਰਿਸ਼ਤਾ ਖਿੱਚ ਲਵੇ। ਟਾਹਲੀ ਦੀ ਹਰਿਆਵਲ ਤੇ ਕਬਰ ਉੱਤੇ ਤਵੀਤਾਂ ਦੇ ਢੇਰ ਦੱਸਦੇ ਸਨ ਬਈ ਕਬਰ ਆਲ਼ਾ ਅਜੇ ਵੀ ਜ਼ਿੰਦਾ ਏ। ਪਹਿਲਾਂ ਇਹੰਦਾ ਨਾਂ ਟਾਹਲੀ ਆਲ਼ਾ ਚੌਕ ਸੀ, ਫਿਰ ਇਹਨੂੰ ਸ਼ੇਰ ਮੁਹੰਮਦ ਚੌਕ ਆਖਣ ਲੱਗ ਪਏ। ਇਹ ਨਾਂਅ ਕਿਉਂ ਬਦਲਿਆ, ਇਹੰਦੀ ਲੰਮੀ ਕਹਾਣੀ ਏ।
ਸ਼ੇਰ ਮੁਹੰਮਦ ਸਾਡੇ ਪਿੰਡ ਦਾ ਲੁਹਾਰ ਸੀ। ਮੈਂ ਪਹਿਲੀ ਵਾਰੀ ਅਪਣੇ ਪਿਓ ਨਾਲ਼ ਉਹਦੀ ਦੁਕਾਨ ‘ਤੇ ਗਿਆ ਸਾਂ। ਉਦੋਂ ਮੇਰੀ ਉਮਰ ਸੱਤ ਸਾਲ ਸੀ। ਮੇਰਾ ਪਿਓ ਅਕਸਰ ਉਸ ਦੁਕਾਨ ‘ਤੇ ਜਾ ਕੇ ਬਹਿੰਦਾ ਸੀ। ਸ਼ੇਰ ਮੁਹੰਮਦ ਲੁਹਾਰ ਦੀ ਦੁਕਾਨ ਪਿੰਡ ਦੇ ਸੱਜੇ ਕੋਨੇ ‘ਤੇ ਬਾਹਰਲੇ ਪਾਸੇ ਮੋਹਨ ਸਿੰਘ ਦੀ ਹਵੇਲੀ ਦੇ ਨਾਲ਼ ਸੀ। ਵਕਤ ਲੰਘਣ ਨਾਲ਼ ਆਸੇ-ਪਾਸੇ ਹੋਰ ਵੀ ਆਬਾਦੀ ਹੋ ਗਈ ਤੇ ਏਸ ਜਗ੍ਹਾ ਚੌਕ-ਜਿਹਾ ਬਣ ਗਿਆ। ਮੋਹਨ ਸਿੰਘ ਉਜਾੜੇ ਤੋਂ ਬਾਦ ਲੁਧਿਆਣੇ ਟੁਰ ਗਿਆ ਤੇ ਹਵੇਲੀ ਦਾ ਨਵਾਂ ਮਾਲਿਕ ਮੇਜਰ ਸਿਕੰਦਰ ਆ ਗਿਆ। ਸਿਕੰਦਰ ਖ਼ਾਂ ਦਾ ਕੁਨਬਾ ਵੱਡਾ ਹੋਣ ਪਾਰੋਂ ਹਵੇਲੀ ਅੰਦਰੋਂ ਦੋ ਹਿੱਸਿਆਂ ਵਿਚ ਵੰਡੀ ਗਈ, ਪਰ ਬਾਹਰੋਂ ਫਾਟਕ ਇਕ ਈ ਰਿਹਾ। ਹਵੇਲੀ ਦੇ ਸਾਹਮਣੇ ਭਾਰੀ ਟਾਹਲੀ ਸੀ। ਏਸ ਦਾ ਘੇਰਾ ਪੂਰੇ ਚੌਕ ਨੂੰ ਛਾਂ ਨਾਲ਼ ਢਕੀ ਰੱਖਦਾ। ਇਸ ਟਾਹਲੀ ਕੋਲ਼ੇ ਹਵੇਲੀ ਦੀ ਕੰਧ ਨਾਲ਼ ਸ਼ੇਰ ਮੁਹੰਮਦ ਦੀ ਦੁਕਾਨ ਸੀ। ਭੱਠੀ ‘ਚੋਂ ਨਿਕਲਣ ਆਲ਼ੇ ਧੂੰ ਤੇ ਅੱਗ ਦੇ ਸੇਕ ਨੇ ਟਾਹਲੀ ਦੇ ਥੱਲੇ ਆਲ਼ੀਆਂ ਲਗਰਾਂ ਨੂੰ ਕਾਲ਼ਾ ਸਿਆਹ ਕਰ ਦਿੱਤਾ। ਸ਼ੇਰ ਮੁਹੰਮਦ ਸਰਘੀ ਵੇਲੇ ਉੱਠ ਕੇ ਪਹਿਲਾਂ ਪੂਰੇ ਚੌਕ ਵਿਚ ਬਹੁਕਰ ਦਿੰਦਾ। ਫਿਰ ਖਾਲ਼ੇ ਤੋਂ ਨਹਿਰੀ ਪਾਣੀ ਦੀਆਂ ਚਾਰ ਬਾਲ਼ਟੀਆਂ ਭਰ ਕੇ ਟਾਹਲੀ ਦੇ ਮੁੱਢ ‘ਚ ਪਾ ਦਿੰਦਾ। ਇਸ ਤੋਂ ਬਾਅਦ ਅਪਣੇ ਕੰਮ ‘ਤੇ ਬਹਿ ਜਾਂਦਾ। ਲੋਕੀਂ ਜਿਸ ਵੇਲੇ ਮਸੀਤ ‘ਚ ਨਮਾਜ਼ ਵਾਸਤੇ ਖੜ੍ਹੇ ਹੁੰਦੇ, ਸ਼ੇਰ ਮੁਹੰਮਦ ਏਸ ਕੰਮ ‘ਚ ਲੱਗਿਆ ਹੁੰਦਾ। ਲੋਕਾਂ ਕਈ ਵਾਰੀ ਆਖਿਆ : ਤੂੰ ਨਮਾਜ਼ ਵੀ ਪੜ੍ਹ ਲਿਆ ਕਰ। ਸਾਝਰੇ ਉੱਠ ਕੇ ਅੱਲ੍ਹਾ ਅੱਲ੍ਹਾ ਕਰਨ ਦੀ ਬਜਾਏ ਟਾਹਲੀ ਨੂੰ ਪਾਣੀ ਦੇਣ ਲੱਗ ਪੈਨਾਂ ਐਂ। ਸ਼ੇਰ ਮੁਹੰਮਦ ਜਵਾਬ ਦਿੰਦਾ : ਭਲਿਉ! ਮੇਰੀ ਤਾਂ ਨਮਾਜ਼ ਈ ਏਹ ਹੈ। ਰੋਜ਼ ਨਹਿਰੀ ਪਾਣੀ ਦੇਣ ਪਾਰੋਂ ਟਾਹਲੀ ਦੀਆਂ ਲਗਰਾਂ ਹਰੀਆਂ ਸਿਆਹ ਤੇ ਮੁਟਿਆਰ ਦੀਆਂ ਉਂਗਲਾਂ ਵਾਂਙੂ ਲਚਕੀਲੀਆਂ ਹੋ ਗਈਆਂ। ਏਸੇ ਲਈ ਪੂਰੇ ਦਾ ਪੂਰਾ ਚੌਕ ਟਾਹਲੀ ਦੀ ਛਾਂ ਵਿਚ ਡੁੱਬ ਗਿਆ ਸੀ। ਅੱਠ ਦਸ ਬੰਦੇ ਹਮੇਸ਼ਾਂ ਦੁਕਾਨ ਦੇ ਥੜੇ ‘ਤੇ ਬੈਠੇ ਰਹਿੰਦੇ, ਹੁੱਕਾ ਭਖਦਾ ਰਹਿੰਦਾ। ਇਕ ਉੱਠ ਜਾਂਦਾ, ਦੂਜਾ ਆ ਬਹਿੰਦਾ। ਸ਼ੇਰ ਮੁਹੰਮਦ ਉਨ੍ਹਾਂ ਨੂੰ ਗੱਲਾਂ ਲਾਈ ਰੱਖਦਾ, ਨਾਲ਼ੇ ਅਪਣਾ ਲੋਹਾਰਾ ਤਰਖਾਣਾ ਕੀਤੀ ਰੱਖਦਾ। ਪਿੰਡ ‘ਚ ਉਂਜ ਤਾਂ ਦੋ ਲੁਹਾਰ ਹੋਰ ਵੀ ਸਨ, ਪਰ ਉਨ੍ਹਾਂ ਦਾ ਕੰਮ ਏਡਾ ਚੰਗਾ ਨਹੀਂ ਸੀ। ਸ਼ੇਰ ਮੁਹੰਮਦ ਦੀ ਖ਼ਸੂਸੀਅਤ ਇਹ ਸੀ ਕਿ ਉਹਦਾ ਫ਼ੈਸਲਾ ਕਰਨਾ ਔਖਾ ਸੀ ਬਈ ਉਹ ਲੱਕੜੀ ਦਾ ਕੰਮ ਬਹੁਤਾ ਚੰਗਾ ਕਰਦਾ ਏ ਕਿ ਲੋਹੇ ਦਾ। ਮੇਰੇ ਪਿਓ ਦਾ ਕਹਿਣ ਸੀ, ਸ਼ੇਰ ਮੁਹੰਮਦ ਲੁਹਾਰ ਜਿਹਾ ਕਾਰੀਗਰ ਉਹਨੇ ਆਪਣੀ ਹਯਾਤੀ ਵਿਚ ਨਹੀਂ ਵੇਖਿਆ। ਤੇਸੇ ਨਾਲ਼ ਲੱਕੜੀ ਦੀ ਛਿੱਲ ਕਾਗ਼ਜ਼ ਤੋਂ ਪਤਲੀ ਉਤਾਰਨ ਦਾ ਉਹਨੂੰ ਢੰਗ ਸੀ। ਉਹਦੀ ਬਣਾਈ ਹੋਈ ਮੰਜੀ ਤੇ ਪੀੜ੍ਹੀ ਦੀ ਚੂਲ਼ ਸਾਲਾਂ ਬਾਅਦ ਵੀ ਨਹੀਂ ਹਿੱਲਦੀ ਸੀ। ਏਸੇ ਤਰ੍ਹਾਂ ਹਲ਼ ਦੀਆਂ ਅਰਨੀਆਂ ਦਾ ਜਿਹੜਾ ਸਲੀਕਾ ਸ਼ੇਰ ਮੁਹੰਮਦ ਨੂੰ ਸੀ, ਉਹ ਕਿਸੇ ਲੁਹਾਰ ਦੀਆਂ ਪੁਸ਼ਤਾਂ ਵਿਚ ਵੀ ਨਹੀਂ ਸੀ। ਉਹਦੇ ਸਿਰ ‘ਤੇ ਚਿੱਟੀ ਪੱਗ ਹੁੰਦੀ, ਖੱਦਰ ਦੀ ਲੁੰਗੀ ਬੰਨ੍ਹਦਾ ਤੇ ਕੁਰਤਾ ਖੱਦਰ ਦਾ ਈ ਹੁੰਦਾ। ਮੈਂ ਏਹਨਾਂ ਲੀੜਿਆਂ ਤੋਂ ਇਲਾਵਾ ਉਹਦੇ ਗਲ਼ ਕੋਈ ਲੀੜਾ ਨਹੀਂ ਵੇਖਿਆ। ਮੇਰੇ ਪਿਓ ਦਾ ਚੰਗਾ ਬੇਲੀ ਸੀ। ਇਕ ਦਿਨ ਮੈਂ ਸਕੂਲ ਗਿਆ, ਓਦੋਂ ਮੈਂ ਦੂਜੀ ਜਮਾਤ ਵਿਚ ਸਾਂ। ਸਕੂਲ ‘ਚ ਇਕ ਮੁੰਡਾ ਬੜਾ ਕੋਈ ਹਰਾਮੀ ਕਿਸਮ ਦਾ ਸੀ। ਮੈਨੂੰ ਆਹੰਦਾ : ਆਪਾਂ ਫੱਟੀ ਲੜਾਂਨੇ ਆਂ। ਮੈਂ ਆਖਿਆ : ਮੈਂ ਨਹੀਂ ਲੜਾਂਦਾ। ਉਹ ਮੈਥੋਂ ਚੰਗਾ ਭਲਾ ਤਗੜਾ ਸੀ। ਆਹੰਦਾ : ਅੱਜ ਤਾਂ ਫੱਟੀ ਲੜਾ ਕੇ ਰਹਾਂਗੇ। ਮੈਂ ਆਖਿਆ : ਮੇਰੀ ਤਖ਼ਤੀ ਪਤਲੀ ਏ। ਪਰ ਓਹਨੇ ਮੇਰੀ ਇਕ ਨਾ ਸੁਣੀ, ਛੇਤੀ ਨਾਲ਼ ਮੇਰੀ ਤਖ਼ਤੀ ਥੱਲੇ ਰੱਖ ਕੇ ਜ਼ੋਰ ਨਾਲ਼ ਜਿਉਂ ਅਪਣੀ ਫੱਟੀ ਮਾਰੀ ਤੇ ਮੇਰੀ ਫੱਟੀ ਦੋ ਟੋਟੇ ਕਰ ਦਿੱਤੀ। ਮੈਂ ਰੋਂਦਾ ਹੋਇਆ ਘਰ ਆਇਆ। ਅੱਬੇ ਨੂੰ ਦੱਸਿਆ।
ਅੱਬੇ ਨੇ ਆਖਿਆ : ਤੂੰ ਫ਼ਿਕਰ ਨਾ ਕਰ, ਨਿਮਾਸ਼ੀਂ (ਤ੍ਰਿਕਾਲ਼ਾਂ ਵੇਲੇ) ਆਪਾਂ ਸ਼ੇਰ ਮੁਹੰਮਦ ਕੋਲ਼ੋਂ ਤੇਰੀ ਨਵੀਂ ਫੱਟੀ ਬਣਵਾ ਲਾਂ ਗੇ। ਉਸ ਦਿਨ ਪਹਿਲੀ ਵਾਰੀ ਮੈਂ ਓਹਦੀ ਦੁਕਾਨ ‘ਤੇ ਗਿਆ। ਸ਼ੇਰ ਮੁਹੰਮਦ ਤਖ਼ਤੀ ਟੁੱਟਣ ਦਾ ਵਾਕਿਆ ਸੁਣ ਕੇ ਹੱਸ ਪਿਆ; ਆਹੰਦਾ : ਪੁੱਤਰ, ਤੈਨੂੰ ਐਸੀ ਤਖ਼ਤੀ ਬਣਾ ਕੇ ਦਿਆਂਗਾ, ਤੇਰੀਆਂ ਸੱਤ ਪੁਸ਼ਤਾਂ ਹੰਢਾਵਣਗੀਆਂ। ਉਹਨੇ ਮੈਨੂੰ ਕਾਲ਼ੀ ਟਾਹਲੀ ਦੀ ਛੇ ਸੂਤਰ ਮੋਟੀ ਤਖ਼ਤੀ ਬਣਾ ਕੇ ਦੇ ਦਿੱਤੀ। ਉਹ ਵੇਖਣ ਨੂੰ ਲੋਹਾ ਤੇ ਵਜ਼ਨ ਨੂੰ ਪਾਰਾ ਸੀ। ਉਸ ਤਖ਼ਤੀ ਤੋਂ ਬਾਅਦ ਮੈਂ ਸਾਰੀ ਜਮਾਤ ਦੀਆਂ ਫੱਟੀਆਂ ਪਾੜੀਆਂ।
ਇਸ ਤੋਂ ਬਾਅਦ ਮੈਂ ਅਕਸਰ ਅੱਬੇ ਨਾਲ਼ ਉਹਦੀ ਦੁਕਾਨ ‘ਤੇ ਜਾਣ ਲੱਗ ਪਿਆ। ਉਦੋਂ ਮੈਨੂੰ ਪਤਾ ਚੱਲਿਆ। ਸ਼ੇਰ ਮੁਹੰਮਦ ਅੱਧੇ ਕੰਮ ਬਗ਼ੈਰ ਕਿਸੇ ਲਾਲਚ ਦੇ ਕਰਦਾ ਸੀ। ਜੇ ਕਿਸੇ ਬੁੜ੍ਹੀ ਦੀ ਡੋਈ ਟੁੱਟ ਜਾਂਦੀ ਤੇ ਉਹ ਭੱਜੀ ਆਉਂਦੀ, ਵੇ ਸ਼ੇਰ ਮੁਹੰਮਦਾ, ਛੇਤੀ ਨਾਲ਼ ਮੈਨੂੰ ਡੋਈ ਬਣਾ ਦੇ, ਹਾਂਡੀ ਚੁੱਲ੍ਹੇ ‘ਤੇ ਸੜ ਜਾਏਗੀ। ਸ਼ੇਰ ਮੁਹੰਮਦ ਸਾਰੇ ਕੰਮ ਛੱਡ ਕੇ ਡੋਈ ਬਣਾਉਣ ਲੱਗ ਪੈਂਦਾ। ਏਸੇ ਤਰ੍ਹਾਂ, ਕਿਸੇ ਦਾ ਚਿਮਟਾ, ਕਿਸੇ ਦੀ ਫੂਕਨੀ, ਕਿਸੇ ਦੀ ਪੀੜ੍ਹੀ ਤੇ ਕਿਸੇ ਦੀ ਮੰਜੀ ਦੀ ਚੂਲ਼ ਮੁਫ਼ਤੋ-ਮੁਫ਼ਤੀ ਬਣਾਉਣਾ ਅਪਣਾ ਫ਼ਰਜ਼ ਸਮਝਦਾ, ਤੇ ਪਿੰਡ ਦੀਆਂ ਬੁੜ੍ਹੀਆਂ ਏਸ ਨੂੰ ਅਪਣਾ ਹੱਕ ਸਮਝਦੀਆਂ। ਚੌਕ ਵਿਚ ਹਰ ਵੇਲੇ ਇਕ-ਦੋ ਗੱਡੇ ‘ਤੇ ਸੁੱਕੀਆਂ ਲੱਕੜਾਂ ਦੇ ਮੁੱਢ ਪਏ ਰਹਿੰਦੇ। ਹਲ਼, ਅਰਨੀਆਂ ਤੇ ਪੰਜਾਲ਼ੀਆਂ ਦਾ ਟੁੱਟਾ ਭੱਜਾ ਸਾਮਾਨ ਵੀ ਇਕ ਪਾਸੇ ਪਿਆ ਹੁੰਦਾ। ਏਨਾ ਕੁਝ ਹੋਣ ਪਾਰੋਂ ਵੀ ਇਹ ਥਾਂ ਖੁੱਲ੍ਹਾ ਮੈਦਾਨ ਮਲੂਮ ਹੁੰਦੀ। ਓਥੇ ਬਹਿਣ ਆਲੇ ਮੀਂਹ ਜਾਏ, ਹਨੇਰੀ ਜਾਏ, ਆਣ ਕੇ ਰੌਣਕ ਲਾਈ ਰੱਖਦੇ। ਹੁੱਕੇ ਦੇ ਅੰਗਾਰੇ ਏਨੇ ਲਾਲ ਹੁੰਦੇ, ਦਿਲ ਕਰਦਾ ਚੁੱਕ ਕੇ ਮੂੰਹ ਵਿਚ ਪਾ ਲਈਏ। ਜ਼ਰਾ ਅੰਗਾਰਿਆਂ ਦਾ ਰੰਗ ਕਾਲ਼ਾ ਪੈਂਦਾ, ਸ਼ੇਰ ਮੁਹੰਮਦ ਹੁੱਕੇ ਦਾ ਫਲ਼ ਉਲ਼ਟ ਦਿੰਦਾ ਤੇ ਭੱਠੀ ‘ਚੋਂ ਨਵੇਂ ਅੰਗਾਰਿਆਂ ਨਾਲ਼ ਚਿਲਮ ਭਰ ਦਿੰਦਾ। ਤਮਾਕੂ ਹਰ ਜ਼ਿਮੀਂਦਾਰ ਦੇ ਘਰ ਹੁੰਦਾ, ਕਦੇ ਕੋਈ ਖੱਬੜ (ਵੱਟਿਆ ਹੋਇਆ ਤੰਬਾਕੂ) ਚੁੱਕ ਲਿਆਂਦਾ ਤੇ ਕਦੇ ਕੋਈ। ਇਕ ਪਾਸੇ ਪਾਣੀ ਦਾ ਘੜਾ ਪਿਆ ਹੁੰਦਾ। ਓਹਦੇ ਉੱਤੇ ਸੇਬਿਆਂ ਦੀ ਬੋਰੀ ਪਾਣੀ ਛਿੜਕ ਕੇ ਦਿੱਤੀ ਹੁੰਦੀ। ਗੱਲ ਕਾਹਦੀ ਬਈ ਹੁੱਕਾ ਚੱਲਦਾ ਰਹਿੰਦਾ ਤੇ ਠੰਢਾ ਪਾਣੀ ਪਿਆ ਰਹਿੰਦਾ। ਸ਼ੇਰ ਮੁਹੰਮਦ ਅਪਣੇ ਕੰਮ ਨੂੰ ਵੀ ਕੀਤੀ ਰੱਖਦਾ ਤੇ ਉਨ੍ਹਾਂ ਨਾਲ ਗੱਲਾਂ ‘ਚ ਵੀ ਪੂਰਾ ਲਹਿੰਦਾ। ਸ਼ੇਰ ਮੁਹੰਮਦ ਨੂੰ ਇਹ ਦੁਕਾਨ ਸਰਦਾਰ ਮੋਹਨ ਸਿੰਘ ਨੇ ਬਣਾ ਕੇ ਦਿੱਤੀ ਸੀ। ਇਹਨੇ ਉਜਾੜੇ ਤੋਂ ਪਹਿਲਾਂ ਉਹਨੂੰ ਕਸੂਰ ਤੋਂ ਲਿਆ ਕੇ ਵਸਾਇਆ ਸੀ। ਮੋਹਨ ਸਿੰਘ ਨੇ ਏਸ ਚੌਕ ਵਿਚ ਓਹਦੀ ਦੁਕਾਨ ਬਣਾ ਕੇ ਦੇਣ ਤੋਂ ਇਲਾਵਾ ਦਸ ਮਰਲੇ ਦਾ ਘਰ ਵੀ ਦਿੱਤਾ। ਉਂਜ ਤਾਂ ਕੋਠੇ ਤੇ ਡਿਓੜ੍ਹੀ ਕੱਚੀ ਸੀ, ਪਰ ਪੱਕਿਆਂ ਨਾਲੋਂ ਵਧ ਕੇ ਸੀ। ਤਿੰਨ ਇੱਟਾਂ ਦੀਆਂ ਚੌੜੀਆਂ ਕੰਧਾਂ ਤੇ ਛੱਤਾਂ ਉਸਾਰੀਆਂ ਸਨ। ਪਹਿਲਾਂ-ਪਹਿਲ ਉਹ ਸਰਦਾਰ ਮੋਹਨ ਸਿੰਘ ਦਾ ਸੇਪੀ ਰਿਹਾ। ਉਹਦੀਆਂ ਮੰਜੀਆਂ ਪੀੜ੍ਹੀਆਂ ਤੋਂ ਇਲਾਵਾ ਲੋਹੇ ਲੱਕੜ ਦਾ ਜਿੰਨਾ ਕੰਮ ਸੀ ਇਹੀ ਕਰਦਾ, ਪਰ ਥੋੜ੍ਹੇ ਜਿਹੇ ਅਰਸੇ ਬਾਅਦ ਅੱਧੇ ਪਿੰਡ ਦਾ ਕੰਮ ਓਹਦੇ ਕੋਲ ਆਣ ਲੱਗ ਪਿਆ।
ਏਸ ਚੌਕ ਵਿਚ ਜਦੋਂ ਸ਼ੇਰ ਮੁਹੰਮਦ ਨੇ ਦੁਕਾਨ ਬਣਾਈ, ਓਦੋਂ ਕੋਈ ਛਾਂ ਨਹੀਂ ਸੀ। ਚਾਰ-ਚੁਫੇਰੇ ਧੂੜ ਉੱਡਦੀ। ਹਨੇਰੀ ਚੱਲਣ ਨਾਲ਼ ਹਰ ਪਾਸੇ ਮਿਟਿਓ-ਮਿੱਟੀ ਹੋ ਜਾਂਦੀ। ਇਕ ਦਿਨ ਸ਼ੇਰ ਮੁਹੰਮਦ ਨੇ ਦੁਕਾਨ ਦੇ ਅੱਗੇ ਵੱਡਾ ਸਾਰਾ ਛੱਪਰ ਛੱਤ ਲਿਆ। ਸ਼ਾਮ ਨੂੰ ਜਦੋਂ ਸਰਦਾਰ ਮੋਹਨ ਸਿੰਘ ਬਾਹਰ ਨਿਕਲ਼ਿਆ ਤੇ ਉਹਨੇ ਵੇਖਿਆ ਸ਼ੇਰ ਮੁਹੰਮਦ ਨੇ ਛਾਂ ਪਾਰੋਂ ਛੱਪਰ ਛੱਤ ਲਿਆ ਏ। ਏਸ ਨਾਲ਼ ਮਿੱਟੀ ਘੱਟੇ ਤੋਂ ਕੁਝ ਸਕੂਨ ਹੋ ਗਿਆ ਏ। ਉਹ ਆ ਕੇ ਥੋੜ੍ਹੀ ਦੇਰ ਦੁਕਾਨ ‘ਤੇ ਬਹਿ ਗਿਆ। ਓਹਦੀ ਵੇਖਾ-ਵੇਖੀ ਇਕ ਦੋ ਬੰਦੇ ਹੋਰ ਵੀ ਆ ਗਏ ਤੇ ਇਸ਼ਾ ਦੀ ਬਾਂਗ ਤਾਈਂ ਓਥੇ ਰੌਣਕ ਲੱਗੀ ਰਹੀ। ਦੂਜੇ ਦਿਨ ਸਰਦਾਰ ਮੋਹਨ ਸਿੰਘ ਨੂੰ ਕੀ ਸੁੱਝੀ ਦੁਪਹਿਰੀਂ ਅਪਣੇ ਨੌਕਰ ਦੇ ਸਿਰ ‘ਤੇ ਟਾਹਲੀ ਦਾ ਬੂਟਾ ਚੁਕਾਈ ਲਿਆਇਆ। ਬੂਟਾ ਲਵਾ ਕੇ ਇਕ ਘੜਾ ਪਾਣੀ ਦਾ ਦੇ ਦਿੱਤਾ। ਸ਼ੇਰ ਮੁਹੰਮਦ ਇਹ ਸਾਰਾ ਕੁਝ ਵੇਖ ਰਿਹਾ ਸੀ। ਉਹਨੇ ਸਰਦਾਰ ਮੋਹਨ ਸਿੰਘ ਨੂੰ ਆਖਿਆ : ਸਰਦਾਰ ਮੋਹਣੇ ਖ਼ਾਂ! ਮੈਨੂੰ ਵੀ ਕੋਈ ਖ਼ਿਦਮਤ ਦੱਸੋ। ਮੋਹਨ ਸਿੰਘ ਨੇ ਆਖਿਆ : ਸ਼ੇਰੇ, ਤੂੰ ਹਰ ਵੇਲੇ ਉਸ ਚੌਕ ਵਿਚ ਬੈਠਾ ਹੁੰਦਾ ਐਂ। ਮੈਂ ਇਹ ਬੂਟਾ ਲਾ ਦਿੱਤਾ ਏ। ਤੂੰ ਇਹਨੂੰ ਪਾਣੀ ਦੇ ਛੱਡਿਆ ਕਰ ਤੇ ਨਾਲ਼ੇ ਨੁਕਸਾਨ ਤੋਂ ਬਚਾਈ ਰੱਖ। ਸ਼ੇਰ ਮੁਹੰਮਦ ਨੇ ਜਵਾਬ ਦਿੱਤਾ : ਲੈ ਸਰਦਾਰ ਜੀ, ਏਹਦੀ ਹਿਫ਼ਾਜ਼ਤ ਮੇਰੇ ਜ਼ਿੰਮੇ ਰਹੀ। ਮੇਰੀ ਹਯਾਤੀ ਏਸ ਬੂਟੇ ਦੇ ਨਾਂਅ ਹੋ ਗਈ ਫਿਰ। ਸਰਦਾਰ ਮੋਹਨ ਸਿੰਘ ਓਹਦੀ ਗੱਲ ਸੁਣ ਕੇ ਹੱਸ ਪਿਆ। ਨੌਕਰ ਨੇ ਬੂਟੇ ਦੇ ਆਸੇ-ਪਾਸੇ ਕਿੱਕਰ ਦੇ ਛਾਪੇ ਲਾ ਦਿੱਤੇ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਸ਼ੇਰ ਮੁਹੰਮਦ ਨੇ ਲੋਹੇ ਦੀਆਂ ਦੋ ਸੂਤਰ ਮੋਟੀਆਂ ਪੱਤਰੀਆਂ ਤੇ ਤਿੰਨ ਸੂਤਰ ਦੀਆਂ ਤਾਰਾਂ ਨਾਲ਼ ਕੰਡੇ ਆਲੀ ਵਾੜ ਬਣਾ ਦਿੱਤੀ। ਕੰਡੇ ਸੂਈਆਂ ਤਰ੍ਹਾਂ ਲੰਮੇ ਤੇ ਨੁਕੀਲੇ ਸੀ। ਦੂਜਾ ਕੰਮ ਇਹ ਫੜ ਲਿਆ ਬਈ ਸਾਝਰੇ ਨਮਾਜ਼ ਵੇਲੇ ਇਕ ਘੜਾ ਪਾਣੀ ਦਾ ਦੇਣਾ ਅਪਣੇ ਉੱਤੇ ਫ਼ਰਜ਼ ਸਮਝ ਲਿਆ। ਜਿਵੇਂ-ਜਿਵੇਂ ਬੂਟਾ ਵੱਡਾ ਹੁੰਦਾ ਗਿਆ, ਪਾਣੀ ਦੇ ਘੜੇ ਵਧਦੇ ਗਏ ਤੇ ਵਾੜ ਵੱਡੀ ਹੁੰਦੀ ਗਈ। ਇਕ ਵਕਤ ਆਇਆ, ਵਾੜ ਦੀ ਜ਼ਰੂਰਤ ਨਾ ਰਹੀ, ਪਰ ਪਾਣੀ ਪਾਉਣਾ ਉਹਨੇ ਨਾ ਛੱਡਿਆ। ਇਹ ਬੂਟਾ ਏਨਾ ਫੈਲਿਆ ਬਈ ਸਾਰੇ ਚੌਕ ਨੂੰ ਉਹਦੀ ਛਾਂ ਨੇ ਘੇਰ ਲਿਆ। ਸਰਦਾਰ ਮੋਹਨ ਸਿੰਘ ਦਾ ਮੰਜਾ ਵੀ ਏਸ ਛਾਂ ਥੱਲੇ ਆਣ ਲੱਗਾ। ਗੂੜ੍ਹੀ ਛਾਂ ਨੂੰ ਵੇਖ ਕੇ ਸਰਦਾਰ ਮੋਹਨ ਸਿੰਘ ਕਈ ਵਾਰੀ ਸ਼ੇਰ ਮੁਹੰਮਦ ਨੂੰ ਆਖਿਆ, ਸ਼ੇਰ ਮੁਹੰਮਦਾ, ਏਸ ਟਾਹਲੀ ਦੀ ਹਯਾਤੀ ਤੇਰੀ ਹਯਾਤੀ ਨਾਲ਼ ਜੁੜ ਗਈ ਏ। ਅਸੀਂ ਭਾਵੇਂ ਨਾ ਰਹੀਏ, ਪਰ ਇਹ ਟਾਹਲੀ ਆਉਣ ਆਲ਼ੀਆਂ ਨਸਲਾਂ ਨੂੰ ਛਾਂ ਦਿੰਦੀ ਰਹੇਗੀ।
ਏਸ ਵੇਲੇ ਨੂੰ ਵੀਹ ਸਾਲ ਲੰਘ ਗਏ। ਫਿਰ ਇਕ ਦਿਨ ਉਜਾੜਾ ਪੈ ਗਿਆ। ਸਰਦਾਰ ਮੋਹਨ ਸਿੰਘ ਨੂੰ ਭਾਰ ਚੁੱਕ ਕੇ ਲੁਧਿਆਣੇ ਜਾਣਾ ਪੈ ਗਿਆ। ਜਾਂਦਿਆਂ ਹੋਇਆਂ ਉਹ ਢਾਹੀਂ ਮਾਰ ਕੇ ਰੋਇਆ। ਉਹੰਦਾ ਮੰਜਾ ਉਸ ਟਾਹਲੀ ਥੱਲੇ ਪਿਆ ਰਹਿ ਗਿਆ। ਇਕ ਦਿਨ ਮੇਰੇ ਪਿਓ ਨੂੰ ਸ਼ੇਰ ਮੁਹੰਮਦ ਦੱਸਿਆ : ਭਾਈ ਬਸ਼ੀਰ ਮੈਨੂੰ ਉਹ ਦਿਨ ਨਹੀਂ ਭੁੱਲਦਾ ਜਿਸ ਦਿਨ ਸਰਦਾਰ ਮੋਹਨ ਸਿੰਘ ਹਵੇਲੀ ਦੀਆਂ ਕੰਧਾਂ ਨਾਲ ਲੱਗ ਕੇ ਰੋਇਆ। ਮੋਹਨ ਸਿੰਘ ਦਾ ਭਾਰ ਗੱਡਿਆਂ ‘ਤੇ ਲੱਦਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਏ ਓਹਦੀ ਪੱਗ ਦਾ ਸ਼ਮਲਾ ਖੁੱਲ੍ਹ ਕੇ ਗਲ਼ ਵਿਚ ਪੈ ਗਿਆ ਸੀ। ਸਰਦਾਰ ਮੋਹਨ ਸਿੰਘ ਦਾ ਕੁੱਲ ਸਾਮਾਨ ਗੱਡਿਆਂ ‘ਤੇ ਸੀ, ਪਰ ਟਾਹਲੀ ਥੱਲੇ ਪਈ ਉਹ ਮੰਜੀ ਉਹਨੇ ਨੌਕਰਾਂ ਨੂੰ ਨਹੀਂ ਚੁੱਕਣ ਦਿੱਤੀ। ਉਹਨੇ ਆਖਿਆ : ਤੁਹਾਨੂੰ ਨਹੀਂ ਪਤਾ ਏਸ ਮੰਜੀ ਉੱਤੇ ਮੇਰੀ ਰੂਹ ਪਈ। ਇਹਨੂੰ ਇੱਥੇ ਈ ਪਈ ਰਹਿਣ ਦਿਓ। ਅੱਜ ਉਹਨੂੰ ਪਿੰਡ ਛੱਡੇ ਪੰਝੀ ਸਾਲ ਹੋ ਗਏ ਨੇ ਤੇ ਏਸ ਮੰਜੀ ਨੂੰ ਟਾਹਲੀ ਥੱਲੇ ਪੰਤਾਲ਼ੀ ਸਾਲ ਲੰਘ ਗਏ ਨੇ।
ਵਕਤ ਲੰਘਦਾ ਗਿਆ, ਸ਼ੇਰ ਮੁਹੰਮਦ ਲੁਹਾਰ ਦਾ ਕੰਮ ਚੱਲਦਾ ਰਿਹਾ, ਫਿਰ ਉਹ ਕਜ਼ੀਆ ਪਿਆ ਜਿਸ ਦਾ ਕਿਸੇ ਨੂੰ ਖ਼ਿਆਲ ਵੀ ਨਹੀਂ ਸੀ। ਉਦੋਂ ਮੈਂ ਪੰਦਰਾਂ ਸਾਲ ਦਾ ਸਾਂ। ਸਰਦਾਰ ਮੋਹਨ ਸਿੰਘ ਦੀ ਹਵੇਲੀ ਜਿਸ ਫ਼ੌਜੀ ਨੇ ਅਲਾਟ ਕਰਾਈ ਸੀ, ਇਕ ਦਿਨ ਓਹਦੀ ਧੀ ਦੀ ਸ਼ਾਦੀ ਆ ਗਈ। ਧੀ ਦੇ ਦਾਜ ਵਾਸਤੇ ਉਹਨੇ ਫ਼ਰਨੀਚਰ ਦੇ ਟਰੱਕ ਭਰ ਕੇ ਦੇਣ ਦਾ ਇਰਾਦਾ ਕਰ ਲਿਆ। ਉਹਨੂੰ ਕਿਸੇ ਦੱਸ ਛੱਡਿਆ ਬਈ ਚੌਕ ਆਲ਼ੀ ਟਾਹਲੀ ਦੀ ਲੱਕੜ ਕਾਲ਼ੀ ਸਿਆਹ ਏ। ਸਿਕੰਦਰ ਖ਼ਾਂ ਨੇ ਟਾਹਲੀ ਵੱਢਣ ਦੀ ਨਿਯਤ ਕਰ ਲਈ। ਪਿੰਡ ਆਲ਼ਿਆਂ ਨੇ ਬੜਾ ਸਮਝਾਇਆ, ਭਾਈ ਸਿਕੰਦਰ ਬਾਹਰੋਂ ਕਿਤੋਂ ਚੰਗੀ ਲੱਕੜ ਲੱਭ ਜਾਏਗੀ। ਏਸ ਟਾਹਲੀ ਨੂੰ ਜਾਣ ਦੇ। ਇਕ ਤਾਂ ਚੌਕ ‘ਚ ਛਾਂ ਦੀ ਰੌਣਕ ਏ, ਦੂਜਾ ਇਹ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਏ। ਪਰ ਉਹ ਨਾ ਮੰਨਿਆ। ਸ਼ੇਰ ਮੁਹੰਮਦ ਨੇ ਮੇਜਰ ਸਿਕੰਦਰ ਖ਼ਾਂ ਦੇ ਕਦਮਾਂ ‘ਚ ਅਪਣੀ ਪੱਗ ਰੱਖ ਦਿੱਤੀ ਤੇ ਬੜੀਆਂ ਮਿੰਨਤਾਂ ਕੀਤੀਆਂ ਬਈ ਇਹ ਟਾਹਲੀ ਨੂੰ ਛੱਡ ਦੇ, ਮੈਂ ਤੈਨੂੰ ਕਿਤੋਂ ਚੰਗੀ ਲੱਕੜ ਲੱਭ ਕੇ ਦਾਜ ਬਣਾ ਦਿਆਂਗਾ। ਇਹ ਟਾਹਲੀ ਸਰਦਾਰ ਮੋਹਨ ਸਿੰਘ ਦੀ ਨਿਸ਼ਾਨੀ ਏ। ਸਰਦਾਰ ਮੋਹਨ ਸਿੰਘ ਦਾ ਨਾਂਅ ਸੁਣ ਕੇ ਸਿਕੰਦਰ ਖ਼ਾਂ ਦੀ ਅਨਾਅ ਨੂੰ ਸੱਟ ਲੱਗ ਗਈ। ਉਹਨੇ ਆਖਿਆ : ਪਿਛਲੇ ਵੀਹ ਸਾਲ ਤੋਂ ਮੈਂ ਏਸ ਚੌਕ ਦੀ ਟਾਹਲੀ ਤੇ ਹਵੇਲੀ ਦਾ ਮਾਲਿਕ ਆਂ, ਪਰ ਅਜੇ ਤਕ ਲੋਕਾਂ ਨੂੰ ਸਮਝ ਨਹੀਂ ਆਈ, ਲੋਕੀਂ ਇਹਨੂੰ ਅੱਜ ਵੀ ਮੋਹਨ ਸਿੰਘ ਦੀ ਮਲਕੀਅਤ ਸਮਝੀ ਜਾਂਦੇ ਨੇ। ਹੁਣ ਮੈਂ ਵੀ ਅਪਣੇ ਪਿਓ ਦਾ ਨਹੀਂ, ਜੇ ਇਹ ਟਾਹਲੀ ਨੂੰ ਨਾ ਵੱਢਾਂ, ਸ਼ੇਰ ਮੁਹੰਮਦ ਤੂੰ ਅਪਣੀ ਪੱਗ ਅਪਣੇ ਕੋਲ਼ੇ ਰੱਖ, ਇੱਥੇ ਮੈਂ ਇਕ ਦੀ ਬਜਾਏ ਪੰਜ ਟਾਹਲੀਆਂ ਹੋਰ ਲਾ ਦਿਆਂਗਾ। ਸ਼ੇਰ ਮੁਹੰਮਦ ਨੇ ਜਵਾਬ ਦਿੱਤਾ : ਸਿਕੰਦਰ ਖ਼ਾਂ, ਮੈਂ ਸਰਦਾਰ ਮੋਹਨ ਸਿੰਘ ਨਾਲ਼ ਏਸ ਦਾ ਜ਼ਿੰਮਾ ਲਿਆ ਏ, ਇਹ ਟਾਹਲੀ ਵਢੀਂਦੀ ਮੈਂ ਤਾਂ ਅੱਖਾਂ ਨਾਲ਼ ਨਹੀਂ ਵੇਖ ਸਕਦਾ। ਸਿਕੰਦਰ ਖ਼ਾਂ ਸ਼ੇਰ ਮੁਹੰਮਦ ਦੀ ਗੱਲ ਸੁਣ ਕੇ ਹੱਸ ਪਿਆ ਤੇ ਆਖਿਆ : ਜੇ ਮੈਂ ਟਾਹਲੀ ਵੱਢ ਦਿਆਂਗਾ ਤੇ ਤੂੰ ਕੀ ਫਾਹਾ ਲੈ ਲੈਂਗਾ। ਮੈਂ ਇਹੰਦਾ ਸੌਦਾ ਕਰ ਲਿਆ ਏ। ਕੱਲ੍ਹ ਸ਼ਹਿਰੋਂ ਇਕ ਮਿਸਤਰੀ ਇਹਨੂੰ ਵੱਢਣ ਆ ਰਿਹਾ ਏ। ਸ਼ੇਰ ਮੁਹੰਮਦ ਨੇ ਜਦੋਂ ਇਹ ਗੱਲ ਸੁਣੀ ਤਾਂ ਰੋ ਪਿੱਟ ਕੇ ਦੁਕਾਨ ‘ਤੇ ਆ ਬੈਠਾ। ਉਸ ਦਿਨ ਉਹਨੇ ਇਸ਼ਾ ਵੇਲੇ ਤਕ ਕਿਸੇ ਨਾਲ਼ ਗੱਲ ਨਾ ਕੀਤੀ, ਮੂੰਹ ਥੱਲੇ ਕਰ ਕੇ ਸੋਚੀਂ ਪਿਆ ਰਿਹਾ। ਅੱਜ ਨਾ ਤਾਂ ਭੱਠੀ ਦੀ ਅੱਗ ਨੂੰ ਗੇੜੇ ਦਿੱਤੇ, ਨਾ ਹੁੱਕੇ ਦੇ ਅੰਗਾਰਿਆਂ ਦਾ ਖ਼ਿਆਲ ਕੀਤਾ। ਚਿਲਮ ਦੀ ਅੱਗ ਪਹਿਲਾਂ ਕਾਲ਼ੀ ਹੋਈ ਤੇ ਫਿਰ ਸੁਆਹ ਬਣ ਗਈ। ਦੁਕਾਨ ‘ਤੇ ਬਹਿਣ ਆਲਿਆਂ ਸ਼ੇਰ ਮੁਹੰਮਦ ਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ, ਬਈ ਕੋਈ ਗੱਲ ਨਹੀਂ, ਸਿਕੰਦਰ ਉੱਥੇ ਹੋਰ ਟਾਹਲੀਆਂ ਲਵਾ ਦੇਗਾ। ਬੰਦਾ ਜੀਂਦਾ ਰਹੇ ਤੇ ਟਾਹਲੀਆਂ ਲੱਗਦੀਆਂ ਰਹਿੰਦੀਆਂ ਨੇ। ਸ਼ੇਰ ਮੁਹੰਮਦ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ, ਪਰ ਉਹਦਾ ਧਿਆਨ ਕਿਤੇ ਹੋਰ ਈ ਸੀ। ਉਹਨੇ ਆਖਿਆ : ਮੇਰੇ ਭਰਾਉ! ਮੈਥੋਂ ਏਸ ਟਾਹਲੀ ਨੂੰ ਕੁਹਾੜਾ ਵੱਜਦਾ ਨਹੀਂ ਵੇਖਿਆ ਜਾਣਾ। ਜੇ ਸਿਕੰਦਰ ਖ਼ਾਂ ਨੇ ਇਹ ਫ਼ੈਸਲਾ ਕਰ ਈ ਲਿਆ ਏ ਤੇ ਮੈਂ ਵੀ ਇਕ ਫ਼ੈਸਲਾ ਕੀਤੀ ਬੈਠਾਂ।
ਦੂਜੇ ਦਿਨ ਸਿਕੰਦਰ ਖ਼ਾਂ ਦੇ ਤਰਖਾਣ ਮੂੰਹ ਅੰਨ੍ਹੇਰੇ ਟਾਹਲੀ ਨੂੰ ਵੱਢਣ ਲਈ ਆਰੀਆਂ, ਕੁਹਾੜੇ ਲੈ ਕੇ ਅੱਪੜ ਗਏ। ਟਾਹਲੀ ਦਾ ਘੇਰ ਪੂਰੇ ਪੰਜ ਬੰਦਿਆਂ ਦੇ ਥੱਬੀਆਂ ਬਰਾਬਰ ਸੀ ਤੇ ਓਹਦੇ ਟਾਹਣੇ ਚੰਗੀਆਂ ਨਹਿਰੀ ਟਾਹਲੀਆਂ ਨੂੰ ਕੰਡ ਕਰਦੇ ਸਨ। ਤਰਖਾਣ ਰੱਸੇ ਤੇ ਆਰੇ ਮੁੱਢ ਨਾਲ਼ ਰੱਖ ਕੇ ਟਾਹਲੀ ਦਾ ਜਾਇਜ਼ਾ ਲੈਣ ਲੱਗ ਪਏ। ਉਸੇ ਵੇਲੇ ਕਿਸੇ ਤਰਖਾਣ ਦੀ ਨਜ਼ਰ ਇਕ ਟਾਹਣ ‘ਤੇ ਪਈ। ਉਹ ਵੇਖ ਕੇ ਹੈਰਾਨ ਰਹਿ ਗਿਆ। ਟਾਹਲੀ ਦੇ ਟਾਹਣ ਨਾਲ਼ ਕਿਸੇ ਦੀ ਲਾਸ਼ ਲਟਕੀ ਹੋਈ ਸੀ ਤੇ ਓਹਦੇ ਗਲ਼ ‘ਚ ਫੱਟੀ ਸੀ। ਲਾਸ਼ ਨੂੰ ਵੇਖ ਕੇ ਮਿਸਤਰੀ ਦੇ ਹੋਸ਼ ਉੱਡ ਗਏ। ਓਹਦੇ ਹੱਥੋਂ ਕੁਹਾੜਾ ਡਿੱਗ ਪਿਆ। ਇਸ ਤੋਂ ਬਾਅਦ ਇਕ ਪਲ ਵਿਚ ਸਾਰਾ ਪਿੰਡ ਟਾਹਲੀ ਥੱਲੇ ਜਮ੍ਹਾਂ ਹੋ ਗਿਆ। ਸਿਕੰਦਰ ਖ਼ਾਂ ਵੀ ਅੱਪੜ ਗਿਆ। ਸ਼ੇਰ ਮੁਹੰਮਦ ਦੇ ਗਲ਼ ਵਿਚ ਰੱਸੀ ਦਾ ਫਾਹਾ ਸੀ ਤੇ ਉਹ ਟਾਹਣ ਨਾਲ ਇਕ ਲਗਰ ਵਾਂਗੂੰ ਝੂਟੇ ਲੈ ਰਿਹਾ ਸੀ। ਗਲ਼ ਵਿਚ ਪਾਈ ਹੋਈ ਤਖ਼ਤੀ ‘ਤੇ ਲਿਖਿਆ ਸੀ : ਮੈਂ ਸ਼ੇਰ ਮੁਹੰਮਦ ਲੁਹਾਰ ਏਸ ਟਾਹਲੀ ਦੀ ਇਕ ਟਹਿਣੀ ਆਂ। ਸੁਣਿਆ ਏ ਮਰਨ ਆਲ਼ੇ ਦੀ ਵਸੀਅਤ ਨੂੰ ਪੂਰਾ ਕਰਨਾ ਫ਼ਰਜ਼ ਏ। ਮੇਰੀ ਵਸੀਅਤ ਏ, ਜੇ ਸਿਕੰਦਰ ਖ਼ਾਂ ਨੇ ਟਾਹਲੀ ਵੱਢਣ ਦੀ ਜ਼ਿੱਦ ਪੂਰੀ ਕਰਨੀ ਹੈ ਤੇ ਉਹ ਮੇਰੇ ਜਿਸਮ ਦੀ ਟਹਿਣੀ ‘ਤੇ ਵੀ ਆਰਾ ਫੇਰ ਦੇਵੇ। ਸ਼ਾਇਦ ਮੇਰੀ ਕੋਈ ਹੱਡੀ ਉਹਦੀ ਧੀ ਦੇ ਪਲੰਘ ਦਾ ਸੇਰੂ ਯਾ ਪਾਵਾ ਬਣ ਜਾਏ।
ਖ਼ਲਕਤ ਉੱਚੀਆਂ ਨਜ਼ਰਾਂ ਕਰ ਕੇ ਇਸ ਲਾਸ਼ ਨੂੰ ਵੇਖਦੀ ਰਹੀ ਤੇ ਅੱਖਾਂ ‘ਚੋਂ ਅੱਥਰੂ ਡੇਗਦੀ ਰਹੀ। ਅਖ਼ੀਰ ਸਿਕੰਦਰ ਖ਼ਾਂ ਅੱਗੇ ਵਧਿਆ। ਉਹਨੇ ਆਵਦੇ ਨੌਕਰ ਨੂੰ ਆਖਿਆ : ਸ਼ੇਰ ਮੁਹੰਮਦ ਦੀ ਲਾਸ਼ ਨੂੰ ਲਾਹ ਕੇ ਏਸ ਟਾਹਲੀ ਥੱਲੇ ਦਫ਼ਨ ਕਰ ਦਿਓ। ਅੱਜ ਤੋਂ ਬਾਅਦ ਟਾਹਲੀ ਨੂੰ ਪਾਣੀ ਦੇਣ ਦੀ ਡਿਊਟੀ ਮੇਰੇ ਜ਼ਿੰਮੇ ਰਹੀ। ਫਿਰ ਸ਼ੇਰ ਮੁਹੰਮਦ ਦਾ ਜਨਾਜ਼ਾ ਪੜ੍ਹਾ ਕੇ ਟਾਹਲੀ ਦੇ ਮੁੱਢ ਨਾਲ਼ ਕਬਰ ਬਣਾ ਦਿੱਤੀ ਤੇ ਕਬਰ ਦੇ ਉੱਤੇ ”ਸ਼ੇਰ ਮੁਹੰਮਦ ਟਾਹਲੀ ਆਲ਼ਾ” ਲਿਖਾ ਦਿੱਤਾ।
ਮੈਂ ਅੱਜ ਏਸ ਕਬਰ ‘ਤੇ ਫ਼ਾਤਿਹਾ ਪੜ੍ਹ ਕੇ ਬੜੀ ਦੇਰ ਸੋਚਦਾ ਰਿਹਾ ਆਂ, ਜਿਹੜੇ ਛਾਵਾਂ ਦੀ ਰਖਵਾਲੀ ਕਰਦੇ ਨੇ, ਛਾਵਾਂ ਉਨ੍ਹਾਂ ਦੀਆਂ ਕਬਰਾਂ ਦੀ ਰਾਖੀ ਬਹਿ ਜਾਂਦੀਆਂ ਨੇ।
ਲਿਪੀਅੰਤਰ: ਤਾਹਿਰ ਸੰਧੂ
Email : natiq51214@yahoo.com
ਕਵਿਤਾ
– ਨਾਜ਼ਿਮ ਹਿਕਮਤ
ਬੀਜਾਂ ‘ਚ, ਧਰਤੀ ‘ਚ, ਸਾਗਰ ‘ਚ
ਯਕੀਨ ਰੱਖੀਂ,
ਪਰ ਸਭ ਤੋਂ ਵੱਧ ਯਕੀਨ ਲੋਕਾਂ ‘ਚ ਰੱਖੀਂ ।
ਬੱਦਲਾਂ ਨੂੰ, ਮਸ਼ੀਨਾਂ ਨੂੰ
ਤੇ ਕਿਤਾਬਾਂ ਨੂੰ ਪਿਆਰ ਕਰੀਂ,
ਪਰ ਸਭ ਤੋਂ ਵੱਧ
ਲੋਕਾਂ ਨੂੰ ਪਿਆਰ ਕਰੀਂ ।
ਗਮਗੀਨ ਹੋਵੀਂ
ਇੱਕ ਸੁੱਕੀ ਟਹਿਣੀ ਲਈ,
ਇੱਕ ਮਰਦੇ ਹੋਏ ਤਾਰੇ ਲਈ,
ਤੇ ਇੱਕ ਜ਼ਖਮ ਖਾਧੇ ਜਾਨਵਰ ਲਈ,
ਪਰ ਸਭ ਤੋਂ ਡੂੰਘੇ ਅਹਿਸਾਸ
ਲੋਕਾਂ ਲਈ ਰੱਖੀਂ।
ਖੁਸ਼ੀ ਮਹਿਸੂਸ ਕਰੀਂ
ਧਰਤੀ ਦੀ ਹਰ ਰਹਿਮਤ ‘ਚ,
ਹਨੇਰੇ ਅਤੇ ਰੌਸ਼ਨੀ ‘ਚ,
ਚੌਹਾਂ ਰੁੱਤਾਂ ‘ਚ,
ਪਰ ਸਭ ਤੋਂ ਵਧਕੇ ਲੋਕਾਂ ‘ਚ।
ਗ਼ਜ਼ਲ
-ਇਰਸ਼ਾਦ ਸੰਧੂ
ਥਰ ਥਰ ਕੰਬਦੇ ਪਰ ਚਿੜੀਆਂ ਦੇ
ਰੱਬਾ ਲਾਹ ਦੇ ਡਰ ਚਿੜੀਆਂ ਦੇ
ਤੇਰੇ ਪੱਕਿਆਂ ਮਹਿਲਾਂ ਖੋਹ ਲਏ
ਨਿੱਕੇ-ਨਿੱਕੇ ਘਰ ਚਿੜੀਆਂ ਦੇ
ਪਿੱਪਲ, ਟਾਲ੍ਹੀ, ਬੋੜ੍ਹਾਂ ਪੁੱਟ ਕੇ
ਸਿਰ ਨਾ ਨੰਗੇ ਕਰ ਚਿੜੀਆਂ ਦੇ
ਇੱਲ ਤੇ ਕਾਂ ਦੇ ਰੌਲੇ ਵਿੱਚ ਵੀ
ਹੱਕ ਜਾਂਦੇ ਨੇਂ ਮਰ ਚਿੜੀਆਂ ਦੇ
ਸਿਕਰੀ ਰੁੱਤ ਏ ਵੇਖੀਂ ਕਿਧਰੇ
ਲੇਖ ਨਾ ਜਾਵਣ ਹਰ ਚਿੜੀਆਂ ਦੇ
ਮੌਸਮ ਭਾਵੇਂ ਜੋ ਵੀ ਹੋਵੇ
ਰਹਿੰਦੇ ਪੱਲੂ ਤਰ ਚਿੜੀਆਂ ਦੇ
ਸੁੱਖ ਜੇ ਵੱਸ ਵਿਚ ਹੋਵਣ ਸੰਧੂ
ਵੇਹੜੇ ਦੇਵਾਂ ਭਰ ਚਿੜੀਆਂ ਦੇ।
ਗ਼ਜ਼ਲ
– ਜਸਪਾਲ ਘਈ
ਸੂਲਾਂ ਵਿਛੀਆਂ, ਖਿੰਡਿਆ ਕੱਚ, ਪਰਵਾਹ ਨਾ ਕਰ
ਨੱਚਣਾ ਈ ਤਾਂ ਖੁੱਲ੍ਹ ਕੇ ਨੱਚ, ਪਰਵਾਹ ਨਾ ਕਰ
ਕੂੜ ਨੇ ਸੱਚ ਨੂੰ ਕਹਿਣੈਂ ‘ਕੱਚ’, ਪਰਵਾਹ ਨਾ ਕਰ
ਸੱਚ ਤਾਂ ਆਖ਼ਰ ਹੁੰਦੈ ਸੱਚ, ਪਰਵਾਹ ਨਾ ਕਰ
ਨ੍ਹੇਰ ਦੇ ਗਹਿਰੇ ਹੋਵਣ ਦਾ ਡਰ ਕਿਉਂ ਕਰਦੈਂ
ਨ੍ਹੇਰ ਦੀ ਹਿੱਕ ਦੇ ਉੱਤੇ ਮੱਚ, ਪਰਵਾਹ ਨਾ ਕਰ
ਜੱਚਣਾ, ਫੱਬਣਾ, ਆਪਣੀ ਰੂਹ ਦੀ ਰੌਣਕ ਹੈ
ਜਿਉਂ ਰੂਹ ਜੱਚਦੈ ਤਿਉਂ ਹੀ ਜੱਚ, ਪਰਵਾਹ ਨਾ ਕਰ
ਸੂਰਜ ਰਾਤ ਨੂੰ ਕਿੱਥੇ ਕਿੱਥੇ ਜਾਂਦਾ ਹੈ
ਕਹਿ ਦੇ ਸਭ ਨੂੰ ਸੱਚੋ ਸੱਚ, ਪਰਵਾਹ ਨਾ ਕਰ
ਸੱਜਣ ਏਦਾਂ ਹੀ ਜੇ ਮੰਨਦੈ, ਏਦਾਂ ਸਈ
ਵਿੱਚ ਚੁਰਸਤੇ ਖੜ੍ਹ ਕੇ ਨੱਚ, ਪਰਵਾਹ ਨਾ ਕਰ
