ਕਹਾਣੀ
ਪੱਕਾ ਘਰ
– ਬੰਤ ਸਿੰਘ ਚੱਠਾ
ਨਿਹਾਲਾ ਆਪਣੀ ਡੱਬ-ਖੜੱਬੀ ਬੱਕਰੀ ਦੇ ਥਣਾਂ ‘ਤੇ ਛਿੱਟੇ ਮਾਰ ਰਿਹਾ ਸੀ। ਪਰ ਜਦੋਂ ਥਣਾਂ ਨੂੰ ਹੱਥ ਲਾਇਆ ਉਹਨੇ ਖੱਬੀ ਲੱਤ ਇਕਦਮ ਚੁੱਕੀ, ਜਿਹੜੀ ਨਿਹਾਲੇ ਦੇ ਦੁਖਦੇ ਅੰਗੂਠੇ ‘ਤੇ ਵੱਜੀ। ਉਹਨੇ ਹੱਥ ਨੂੰ ਇਕਦਮ ਝਟਕਾ ਮਾਰਿਆ। ਔਖ ਜਿਹੀ ਮੰਨਦਾ ਹੋਇਆ ਬੱਕਰੀ ‘ਤੇ ਗੁੱਸਾ ਲਾਹੁਣ ਲੱਗਿਆ। ਉਹਨੇ ਬੱਕਰੀ ਦੀ ਲੱਤ ਫੜ ਕੇ ਜ਼ੋਰ ਦੀ ਧਰਤੀ ਨਾਲ ਮਾਰੀ ‘ਤੇ ਖਿੱਝ ਕੇ ਕਹਿੰਦਾ, ”ਮੰਨੋ ਦੇ ਜਾਣੀਏ! ਟਿਕ ਕੇ ਖੜ੍ਹ ਜਾ। ਕਿਉਂ ਤੇਰੀ ਮੌਤ ਆਈ ਐ ਮੇਰੇ ਹੱਥੋਂ। ਧੌਣ ਫੜਕੇ ਧਰਤੀ ਨਾਲ ਮਾਰੂੰ ਪਟਕਾ ਕੇ। ਭੈਣ ਦੇਣੇ ਦੀ ਨਾ ਹੋਵੇ….।”
ਉਹਦਾ ਗੁੱਸਾ ਵੇਖ ਕੇ ਬੱਕਰੀ ਸਹਿਮ ਗਈ ਸੀ। ਉਹਨੇ ਸਿਲਵਰ ਦਾ ਕੌਲਾ ਥੱਲੇ ਕੀਤਾ। ਅਜੇ ਦੋ ਕੁ ਧਾਰਾਂ ਹੀ ਮਾਰੀਆਂ ਸੀ ਕਿ ਬੱਕਰੀ ਮੀਂਗਣਾਂ ਕਰਨ ਲੱਗ ਪਈ। ਉਹਨੇ ਥਣਾਂ ਕੋਲੋਂ ਕੌਲਾ ਪਾਸੇ ਕੀਤਾ ਤੇ ਖਿਝ ਕੇ ਬੋਲਿਆ, ”ਲੈ ਜੇ ਤੈਨੂੰ ਸਧਨਾ ਕਸਾਈ। ਹੁਣ ਭੈਣ ਦੇਣੀਏੇ ਏਹੀ ਕਸਰ ਰਹਿ ਗੀ ਸੀ….? ਆਹ ਦੁੱਧ ਦੀ ਤਿੱਪ ਲੈਣ ਲਈ ਸਾਰਾ ਦਿਨ ਤੇਰੇ ਪਿੱਛੇ ਡਫ-ਡਫ ਕਰਦੇ ਆਂ…ਐਵੇਂ ਤਾਂ ਨੀ ਕਿਸੇ ਨੇ ਕਿਹਾ, ਅਖੇ ਬੱਕਰੀ ਨੇ ਦੁੱਧ ਦਿੱਤਾ, ਦਿੱਤਾ ਮੀਂਗਣਾਂ ਪਾ ਕੇ…। ਇਹ ਹੁਣ ਮੀਂਗਣਾਂ ਪਾਉਣ ਵਾਲੀ ਗੱਲ ਹੋਈ ਐ?”
ਨਿਹਾਲੇ ਨੇ ਹਿਲਦੀ-ਜੁਲਦੀ ਬੱਕਰੀ ਚੋਅ ਕੇ ਉੱਠਣ ਲੱਗੇ ਨੇ ਉਹਦੀ ਵੱਖੀ ‘ਚ ਲਤ ਮਾਰੀ ਤੇ ਕੁੜੀ ਨੂੰ ਕਿਹਾ, ”ਦੁੱਧ ਪਾ ਕੇ ਦੀਵੇ ਨੂੰ ਫੂਕ ਮਾਰ ਦੇ। ਐਡਾ ਦਿਨ ਚੜ੍ਹ ਗਿਐ। ਨਾਲੇ ਘੋਨੇ ਨੂੰ ਜਗਾ ਦੇ।”
ਕੁੜੀ ਨੇ ਦੀਵੇ ਨੂੰ ਫੂਕ ਮਾਰੀ। ਪਰ ਦੀਵੇ ਦਾ ਧੂੰਆਂ ਉਹਦੇ ਨਾਸੀਂ ਜਾ ਚੜ੍ਹਿਆ। ਉਹਨੇ ਇਕਦਮ ਥੁੱਕਿਆ ਤੇ ਘੋਨੇ ਦੀ ਲੀਰਾਂ ਹੋਈ ਰਜਾਈ ਉੱਤੋਂ ਖਿੱਚੀ।
ਉਹ ਪਾਲ਼ੇ ਦਾ ਮਾਰਿਆ ਇਕੱਠਾ ਹੋਇਆ ਪਿਆ ਸੀ। ਉਹਨੇ ਊਂਘਦੇ ਨੇ ਆਪਣੇ ਵੱਲ ਰਜਾਈ ਖਿੱਚੀ। ਉਹ ਬੋਲੀ, ”ਹੁਣ ਤੈਥੋਂ ਉੱਠਿਆ ਨੀਂ ਜਾਂਦਾ। ਐਨਾ ਤਾਂ ਦਿਨ ਚੜ੍ਹ ਗਿਆ। ਉੱਠ ਕੇ ਜਾ ਕੰਮ ‘ਤੇ ਅਗਲੇ ਗਾਲ਼ਾਂ ਦੇਣਗੇ।”
ਘੋਨਾ ਉੱਠ ਕੇ ਮੂੰਹ ਤੇ ਹੱਥ ਫੇਰਨ ਲੱਗਿਆ। ਉਹਨੇ ਲੱਕ ਤੱਕ ਰਜਾਈ ਉੱਤੇ ਲੈ ਲਈ ਤੇ ਬਾਟੀ ‘ਚ ਚਾਹ ਪੀਣ ਲੱਗਿਆ।
ਚਾਹ ਪੀ ਕੇ ਉਹ ਉੱਠਿਆ। ਏਧਰ-ਉਧਰ ਨਿਗ੍ਹਾ ਮਾਰ ਕੇ ਆਪਣੇ ਫਿੱਡੇ ਭਾਲਣ ਲੱਗਿਆ। ਉਹਨੂੰ ਵੇਖ ਕੇ ਕੁੜੀ ਕਹਿੰਦੀ, ”ਜਦੋਂ ਆਥਣੇ ਫਿੱਡੇ ਲਾਹੁੰਨਾ ਹੁੰਨੈਂ, ਉਦੋਂ ਵੇਖ ਕੇ ਤਾਂ ਲਾਹਿਆ ਕਰ। ਔਹ ਕੁੱਤਾ ਚੱਬੀ ਜਾਂਦਾ ਸੀ ਰਾਤ। ਹਾਰ ਕੇ ਮੈਂ ਮੰਜੀ ਦੀ ਪੈਂਦ ‘ਚ ਫਸਾਏ। ਰਜਾਈ ਥੱਲੇ ਹੋਣਗੇ, ਕੱਢ ਲੈ।”
ਉਹਨੇ ਪੈਂਦਾਂ ‘ਚੋਂ ਫਿੱਡੇ ਕੱਢੇ ਤੇ ਬਾਪੂ ਕੋਲ ਜਾ ਕੇ ਕਹਿੰਦਾ, ”ਆਹ ਹੁਣ ਮੇਰੇ ਪਾਉਣ ਆਲੇ ਰਹਿਗੇ। ਐਨੀਆਂ ਤਾਂ ਮੋਰੀਆਂ ਹੋਈਆਂ ਪਈਐਂ ਵਿਚ।”
ਨਿਹਾਲੇ ਨੇ ਉਹਦੀ ਗੱਲ ਸੁਣ ਕੇ ਹਉਕਾ ਭਰਿਆ ਤੇ ਕਹਿਣ ਲੱਗਿਆ, ”ਹੁਣ ਮੈਨੂੰ ਕਿਹੜਾ ਪਤਾ ਨੀਂ। ਪਰ ਸਮਾਂ ਬਾਂਹ ਵੀ ਫੜੇ।”
ਮੁੰਡੇ ਨੇ ਜ਼ਿੱਦ ਨਹੀਂ ਕੀਤੀ। ਉਹ ਫਿੱਡੇ ਪੈਰਾਂ ‘ਚ ਫਸਾ ਕੇ ਘਰੋਂ ਬਾਹਰ ਹੋ ਗਿਆ।
ਨਿਹਾਲਾ ਬੱਕਰੀ ਲਈ ਲਾਂਗੀ ਟੁੱਕਣ ਲੱਗਿਆ। ਮੁੰਨੀ ਪਤੀਲੀ ਮਾਂਜਣ ਲੱਗੀ। ਨਿਹਾਲੇ ਨੂੰ ਗਲੀ ‘ਚੋਂ ਉੱਚੀ-ਉੱਚੀ ਬੋਲਦੇ ਬੰਦਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਹ ਮੁੰਨੀ ਨੂੰ ਕਹਿੰਦਾ, ”ਆਹ ਵੇਖ ਕੁੜੇ ਕੀ ਗੱਲ ਐ।”
ਮੁੰਨੀ ਇਕਦਮ ਬਾਹਰ ਗਈ। ਭਾਂਡੇ ਮਾਂਜਦੀ ਦੇ ਉਹਦੇ ਹੱਥ ਲਿੱਬੜੇ ਹੋਏ ਸਨ। ਸਿਰ ‘ਤੇ ਚੁੰਨੀ ਵੀ ਨਹੀਂ ਸੀ ਲਈ ਹੋਈ। ਉਹਨੇ ਗਲੀ ‘ਚ ਵੇਖਿਆ। ਸਰਪੰਚ ਨਾਲ ਖਾਸੇ ਬੰਦੇ ਸੀ। ਉਨ੍ਹਾਂ ਨੇ ਹੱਥਾਂ ‘ਚ ਕਾਗਜ਼ ਫੜੇ ਹੋਏ ਸਨ। ਮੁੰਨੀ ਨੇ ਆ ਕੇ ਦੱਸਿਆ, ”ਏਹ ਤਾਂ ਬਾਪੂ ਵੋਟਾਂ ਆਲੇ ਐ। ਸਰਪੰਚ ਸਭ ਤੋਂ ਮੂਹਰੇ ਆਉਂਦੈ।”
”ਅੱਛਾ ਅੱਛਾ! ਸਰਪੰਚ ਆਉਂਦੈ। ਆ ਲੈਣ ਦੇ ਕੋਈ ਨਾ। ਉਹਨੂੰ ਈ ਡੀਕਦਾ ਸੀ ਮੈਂ।”
ਉਹਨੂੰ ਯਾਦ ਆਇਆ। ਪਿਛਲੇ ਸਾਲ ਇਕ ਦਿਨ ਕਪਾਹ ਚੁਗਣ ਗਈ ਮੁੰਨੀ ਨੇ ਆਥਣੇ ਘਰੇ ਆ ਕੇ ਦੱਸਿਆ ਸੀ, ”ਬਾਪੂ! ਪੱਕੇ ਘਰ ਤਾਂ ਸਰਪੰਚ ਨੇ ਕੱਲ੍ਹ ਵੰਡ ਵੀ ਦਿੱਤੇ। ਆਪਾਂ ਨੂੰ ਨੀਂ ਸੱਦਿਆ ਉਹਨੇ ?”
ਉਹਨੇ ਕੁੜੀ ਦਾ ਜਵਾਬ ਦੇਣ ਦੀ ਬਜਾਏ ਸਵਾਲ ਕੀਤਾ, ”ਹੈਂ ਵੰਡ ਵੀ ਦਿੱਤੇ? ਤੈਨੂੰ ਕਿਹਨੇ ਕਿਹੈ?
”ਕੱਲ੍ਹ ਜੈਲੋ ਕੀ ਹਰੋ ਪਿੱਛੋਂ ਆਈ ਸੀ ਕਪਾਹ ਚੁਗਣ। ਸਰਪੰਚ ਨੇ ਕੱਠ ਕੀਤਾ ਓਥੇ। ਨਾਲੇ ਲੱਡੂ ਵੀ ਵੰਡੇ ਸੀ।” ਜਿਵੇਂ ਨਿਹਾਲੇ ਨੇ ਕੁੜੀ ਨੂੰ ਸਵਾਲ ਕੀਤਾ ਸੀ, ਓਵੇਂ ਉਹ ਬੋਲੀ, ”ਆਪਾਂ ਨੂੰ ਬਾਪੂ ਕਿਉਂ ਨਹੀਂ ਦਿੱਤਾ ਪੱਕਾ ਘਰ? ਆਪਣਾ ਘਰ ਤਾਂ ਸਭ ਤੋਂ ਮਾੜੈ। ਇਕ ਕੋਠਾ ਤੇ ਝਲਾਨੀ ਐੈਂ। ਅੰਦਰ ਈ ਬੱਕਰੀ ਬੰਨ੍ਹਦੇ ਆਂ ਆਪਾਂ।”
ਕੁੜੀ ਦੀ ਗੱਲ ਸੁਣ ਕੇ ਉਹ ਬੋਲ ਨਹੀਂ ਸੀ ਸਕਿਆ। ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਕੋਲ ਜੋ ਸੀ, ਉਹ ਕੁੜੀ ਨੇ ਕਹਿ ਈ ਦਿੱਤਾ ਸੀ।
ਉਹਨੂੰ ਝਟਕਾ ਲੱਗਿਆ। ਉਹ ਚੁੱਪ-ਚੁਪੀਤਾ ਸਰਪੰਚ ਦੇ ਘਰੇ ਚਲਿਆ ਗਿਆ।
ਗੇਟ ਅੱਗੇ ਜਾ ਕੇ ਉਹਨੇ ਦੋ-ਤਿੰਨ ਧੱਫੇ ਮਾਰੇ। ਗੇਟ ਦੇ ਹੇਠਲੀਆਂ ਵਿਰਲਾਂ ਰਾਹੀਂ ਉਹਨੂੰ ਆਉਂਦਾ ਜੱਤਲ਼ ਕੁੱਤਾ ਦਿੱਸਿਆ ਅਤੇ ਟਊਂ-ਟਊਂ ਅੰਦਰੋਂ ਉਹਦੇ ਵੱਲ ਅੱਖਾਂ ਕੱਢ ਕੇ ਵੇਖਣ ਲੱਗਿਆ।
ਕੁੱਤਾ ਅੰਦਰ ਖੜਾ ਉਸੇ ਤਰ੍ਹਾਂ ਭੌਂਕੀ ਜਾ ਰਿਹਾ ਸੀ। ਚਾਰ-ਪੰਚ ਮਿੰਟ ਇਸੇ ਤਰ੍ਹਾਂ ਹੁੰਦਾ ਰਿਹਾ। ਉਹਨੇ ਬਾਰ ਖੜਕਾਇਆ, ਕੁੱਤਾ ਫੇਰ ਭੌਕਣ ਲੱਗਿਆ। ਜਦੋਂ ਕੁੱਤਾ ਭੌਂਕਣੋਂ ਨਾ ਹਟਿਆ ਤਾਂ ਅੰਦਰੋਂ ਸਰਪੰਚ ਦਾ ਮੁੰਡਾ ਆਇਆ। ਨਿਹਾਲੇ ਨੂੰ ਵੇਖ ਕੇ ਉਹ ਕਹਿੰਦਾ, ”ਹਾਂ! ਕੀ ਗੱਲ ਐ?”
”ਗੱਲ ਕੀ ਹੋਣੀ ਸੀ। ਸਰਪੰਚ ਨੂੰ ਮਿਲਣੈ।”
ਔਖ ਜਿਹੀ ਮੰਨਦੇ ਨੇ ਉਹਨੇ ਬਾਰ ਖੋਲ੍ਹਿਆ। ਬਾਰ ਖੁੱਲ੍ਹਿਆ ਤੇ ਵਰਾਂਡੇ ‘ਚ ਇੱਕ ਨੀਵੇਂ ਜਿਹੇ ਸਟੂਲ ਵੱਲ ਇਸ਼ਾਰਾ ਕਰਕੇ ਆਖਣ ਲੱਗਿਆ, ”ਐਥੇ ਬਹਿ ਜਾ।”
ਉਹ ਬੈਠਾ ਤਾਂ ਸਰਪੰਚ ਦਾ ਮੁੰਡਾ ਕਹਿੰਦਾ, ”ਹੋਰ ਚਾਹ ਲਿਆਵਾਂ ਫੇਰ?” ਉਹਦੀ ਆਵਾਜ਼ ਉਸੇ ਤਰ੍ਹਾਂ ਰੁੱਖੀ ਸੀ।
”ਬਸ ਚਾਹ ਤਾਂ ਮੈਂ ਪੀ ਕੇ ਆਇਆਂ। ਸਰਪੰਚ ਨੂੰ ਭੇਜ ਦੇ ਦੋ ਕੁ ਮਿੰਟ ਮੇਰੇ ਕੋਲੇ” ਨਿਹਾਲੇ ਨੇ ਕਿਹਾ।
ਸਰਪੰਚ ਦਾ ਮੁੰਡਾ ਕਹਿੰਦਾ, ”ਅਜੇ ਲੱਗੂ ਖਾਸਾ ਚਿਰ। ਉਹ ਰੋਟੀ ਖਾਂਦੇ ਅੰਦਰ। ਪਿੰਡ ਦੇ ਹੋਰ ਬੰਦੇ ਵੀ ਕਈ ਬੈਠੇ ਐ ਬੈਠਕ ‘ਚ।”
ਨਿਹਾਲਾ ਵਰਾਂਡੇ ‘ਚ ਬੈਠਾ ਰਿਹਾ। ਉਹਦੇ ਮਨ ‘ਚ ਕਦੇ ਕੋਈ ਗੱਲ ਆਉਂਦੀ। ਕਦੇ ਕੋਈ। ਉਹ ਸੋਚਣ ਲੱਗਿਆ ਕਿ ਸਰਪੰਚ ਨੇ ਉਹਨੂੰ ਪੱਕਾ ਘਰ ਕਿਉਂ ਨਹੀਂ ਦਿੱਤਾ? ਜੇ ਹੋਰ ਘਰਾਂ ਨੂੰ ਦਿੱਤੇ ਐ, ਉਹਨਾਂ ਨੂੰ ਕਿਉਂ ਦਿੱਤੇ? ਹਾਲਤ ਤਾਂ ਸਭ ਤੋਂ ਮੇਰੀ ਮਾੜੀ ਐ।
ਉਹਦਾ ਸਵਾਲ ਉਸੇ ਤਰ੍ਹਾਂ ਉਹਦੇ ਮਨ ‘ਚ ਖੜ੍ਹਾ ਰਿਹਾ। ਅੰਦਰੋਂ ਜਵਾਬ ਨਹੀਂ ਆਇਆ। ਉਹਦੀ ਨਿਗ੍ਹਾ ਬੈਠਕ ਦੇ ਬਾਰ ‘ਤੇ ਲੱਗੀ ਹੋਈ ਸੀ।
ਫਿਰ ਖਾਸੇ ਚਿਰ ਬਾਅਦ ਉਹਨੂੰ ਸਰਪੰਚ ਦੀ ਆਵਾਜ਼ ਸੁਣੀ। ਉਹਦਾ ਦਿਲ ਕੀਤਾ ਕਿ ਅੰਦਰ ਚਲਿਆ ਜਾਵੇ ਪਰ ਹੀਂਆਂ ਨਹੀਂ ਪਿਆ। ਵਾਹਵਾ ਚਿਰ ਪਿੱੱਛੋਂ ਅੰਦਰੋਂ ਦੋ-ਦੋ, ਚਾਰ-ਚਾਰ ਕਰਕੇ ਬੰਦੇ ਨਿਕਲ ਗਏ। ਜਦੋਂ ਸਾਰੇ ਜਣੇ ਚਲੇ ਗਏ ਤਾਂ ਸਰਪੰਚ ਬਾਹਰ ਆਇਆ। ਉਹਦੇ ਕੋਲ ਖੜ੍ਹਾ-ਖੜ੍ਹਾ ਈ ਕਹਿੰਦਾ, ‘ਹਾਂ ਫੇਰ ਨਿਹਾਲ ਸਿੰਹਾਂ। ਕਿਵੇਂ ਆਉਣੇ ਹੋਏ?”
ਉਹਨੂੰ ਖੜ੍ਹੇ ਨੂੰ ਵੇਖ ਕੇ ਨਿਹਾਲਾ ਵੀ ਉੱਠ ਖੜ੍ਹਾ ਸੀ। ਉਹ ਕਹਿਣ ਲੱਗਿਆ, ”ਸਰਪੰਚਾ! ਮੈਂ ਸਭ ਤੋਂ ਗਰੀਬ ਸੀ। ਮੈਨੂੰ ਕਿਉਂ ਨਹੀਂ ਦਿੱਤਾ ਘਰ?”
”ਤੈਨੂੰ ਨ੍ਹੀਂ ਮਿਲਿਆ ਘਰ?”
”ਜੇ ਮਿਲਿਆ ਹੁੰਦਾ ਫੇਰ ਮੈਨੂੰ ਕੀ ਲੋੜ ਸੀ ਆਉਣ ਦੀ?”
ਸਰਪੰਚ ਅਣਜਾਣ ਜਿਹਾ ਬਣ ਕੇ ਕਹਿੰਦਾ, ”ਅਸੀਂ ਤਾਂ ਜਿਹੜੇ ਕਾਗਜ਼ ਆਏ ਸੀ ਥੋਡੇ, ਉੱਤੇ ਭੇਜ ਤੇ ਸੀ। ਅਫ਼ਸਰਾਂ ਨੇ ਈ ਫੈਸਲਾ ਕੀਤੈ।” ਫੇਰ ਉਹਨੇ ਗੱਲ ਬਦਲੀ, ”ਹੋ ਸਕਦੈ ਕੋਈ ਤੇਰੇ ਕਾਗਜ਼ਾਂ ‘ਚ ਫ਼ਰਕ ਰਹਿ ਗਿਆ ਹੋਵੇ। ਤਾਂ ਹੀ ਰਹਿ ਗਿਆ ਤੂੰ।”
”ਹੁਣ ਕੀ ਬਣੂੰ ਫੇਰ?”
”ਹੁਣ ਕੀ ਬਣਨਾ ਸੀ। ਹੁਣ ਤਾਂ ਜੇ ਕੋਈ ਅਗਲੀ ਵਾਰ ਸਕੀਮ ਆਈ। ਉਦੋਂ ਬਣ ਸਕਦੀ ਐ ਕੋਈ ਗੱਲ।”
ਨਿਹਾਲਾ ਭਾਵੁਕ ਹੋ ਗਿਆ। ਉਹ ਸਿੱਧਾ ਸਰਪੰਚ ਵੱਲ ਝਾਕਿਆ ਤੇ ਕਹਿਣ ਲੱਗਿਆ, ”ਨਾ ਸਰਪੰਚਾ। ਹੁਣ ਏਹ ਮੇਰੇ ਨਾਲ ਧੱਕਾ ਨੀਂ? ਤੀਵੀਂ ਮੇਰੀ ਮਰ ਗੀ। ਇਕ ਕੁੜੀ ਐ ਵਿਆਹੁਣ ਆਲੀ। ਛੋਟਾ ਮੁੰਡਾ ਪਾਲ਼ੀ ਰਲਿਐ। ਇਕ ਬੱਕਰੀ ‘ਤੇ ਗੁਜ਼ਾਰਾ ਕਰਦਾ ਮੈਂ।”
ਉਹਨੂੰ ਉਮੀਦ ਸੀ ਸਰਪੰਚ ਉਹਦੇ ਬਾਰੇ ਸੋਚੇਗਾ ਪਰ ਉਹ ਕਹਿੰਦਾ, ”ਗੱਲ ਤਾਂ ਨਿਹਾਲਿਆ ਤੇਰੀ ਠੀਕ ਐ। ਪਰ ਹੁਣ ਜੋ ਹੋਣਾ ਸੀ, ਉਹ ਤਾਂ ਹੋ ਗਿਆ। ਅਗਲੀ ਵਾਰ ਬਣੂੰ ਤੇਰਾ ਸਾਰਾ ਕੁਛ।”
”ਚੰਗਾ ਭਾਈ ਸਾਬਾਸ਼ੇ ਤੇਰੇ। ਅਸੀਂ ਤਾਂ ਹਰ ਵਾਰ ਤੈਨੂੰ ਵੋਟਾਂ ਪਾਈਐਂ। ਇਕ ਧੇਲਾ ਨੀਂ ਲਿਆ ਕਦੇ ਲੋਕਾਂ ਮਾਂਗੂੰ। ਪਰ ਜੋ ਤੂੰ ਕੀਤੈ, ਉਹ ਚੰਗਾ ਨ੍ਹੀਂ ਕੀਤਾ। ਜੇ ਮੇਰੀ ਗੱਲ ਗਲਤ ਐ, ਸਾਰਾ ਪਿੰਡ ਸੱਦ ਲੈ।”
ਸਰਪੰਚ ਬੋਲਿਆ ਨਹੀਂ। ਨਿਹਾਲਾ ਅਜੇ ਵੀ ਉਹੀ ਰੂਹ ਝੰਜੋੜੀ ਜਾ ਰਿਹਾ ਸੀ। ਜਦੋਂ ਕੋਈ ਉਹਨੂੰ ਜਵਾਬ ਨਾ ਅਹੁੜਿਆ ਤਾਂ ਉਹ ਬੈਠਕ ਅੰਦਰ ਚਲਿਆ ਗਿਆ। ਜੱਤਲ਼ ਕੁੱਤਾ ਸਰਪੰਚ ਦੇ ਨਾਲ ਈ ਆ ਖੜ੍ਹਾ ਸੀ। ਉਹ ਕਦੇ ਉਹਦੇ ਪੈਰਾਂ ‘ਚ ਲਿਟਦਾ ਸੀ। ਕਦੇ ਅੱਗੇ-ਪਿੱਛੇ ਜਾ ਖੜ੍ਹਦਾ ਸੀ। ਸਰਪੰਚ ਦੇ ਨਾਲ ਉਹ ਵੀ ਅੰਦਰ ਚਲਿਆ ਗਿਆ ਸੀ।
ਨਿਹਾਲਾ ਵੱਡੇ ਵਿਹੜੇ ‘ਚ ਹਾਰਿਆ ਹੋਇਆ ਖੜ੍ਹਾ ਸੀ। ਉਹਨੇ ਵੇਖਿਆ ਸਰਪੰਚ ਨੇ ਉੱਤੇ ਚੁਬਾਰੇ ਪਾ ਲਏ ਸਨ। ਪਰਲੇ ਪਾਸੇ ਦੋ ਕਮਰੇ ਵੀ। ਵਾਧਰੇ ‘ਤੇ ਗਰਿੱਲ ਲੱਗੀ ਹੋਈ ਸੀ ਅਤੇ ਉਤਲੇ ਵਾਧਰੇ ‘ਤੇ ਵੀ।
ਉਹ ਵੋਟਾਂ ਪਿੱਛੋਂ ਸਰਪੰਚ ਦੇ ਘਰੇ ਨਹੀਂ ਸੀ ਆਇਆ। ਇਹ ਸਾਰਾ ਕੁਝ ਵੋਟਾਂ ਪਿੱਛੋਂ ਹੋਇਆ ਸੀ।
ਉਹ ਜਦੋਂ ਖੜ੍ਹਾ-ਖੜਾ ਖਾਸਾ ਚਿਰ ਵੇਖਦਾ ਰਿਹਾ ਤਾਂ ਅਖ਼ੀਰ ਉਹਨੂੰ ਆਪਣੇ ਆਪ ‘ਤੇ ਸ਼ਰਮ ਆਉਣ ਲੱਗੀ। ਉਹ ਤੁਰ ਆਇਆ ਸੀ।
ਉਹ ਕਦੇ ਵਿਹੜੇ ਆਲੀ ਸੱਥ ‘ਚ ਨਹੀਂ ਸੀ ਗਿਆ। ਤੜਕੇ ਉਹ ਬੱਕਰੀ ਚਾਰਨ ਜਾਂਦਾ। ਆ ਕੇ ਲੋਕਾਂ ਦੇ ਨਿੱਕੇ-ਮੋਟੇ ਕੰਮ ਕਰਵਾ ਦਿੰਦਾ। ਉਹ ਰੋਟੀ ਜਾਂ ਗੁੜ ਦੇ ਦਿੰਦੇ ਸਨ। ਕੁੜੀ ਘਰ ਦਾ ਕੰਮ ਵੀ ਕਰਦੀ। ਬਾਹਰ-ਅੰਦਰ ਵੀ ਆਂਢ-ਗੁਆਂਢ ਦੀਆਂ ਤੀਵੀਆਂ ਨਾਲ ਜਾਂਦੀ। ਮਾਂ ਮਰਨ ਪਿੱਛੋਂ ਉਹ ਕਦੇ ਚੰਗੀ ਤਰ੍ਹਾਂ ਹੱਸੀ ਨਹੀਂ ਸੀ। ਹਰ ਵੇਲੇ ਕੰਮ ‘ਚ ਧਿਆਨ ਰੱਖਦੀ। ਆਂਢ-ਗੁਆਂਢ ਦੀਆਂ ਵੱਡੀਆਂ ਬੁੜ੍ਹੀਆਂ ਨਾਲ ਉਹ ਦੁੱਖ-ਸੁੱਖ ਕਰਦੀ। ਹਾਣ ਦੀਆਂ ਕੁੜੀਆਂ ਨਾਲ ਉਹ ਕਦੇ ਰਲ਼ੀ ਨਹੀਂ ਸੀ। ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਉਨ੍ਹਾਂ ਦੀਆਂ ਗੱਲਾਂ ‘ਚ ਸਰਪੰਚ ਦੇ ਮੁੰਡਿਆਂ ਦਾ ਵੀ ਜ਼ਿਕਰ ਆਉਂਦਾ। ਉਹਨੂੰ ਉਹ ਬਹੁਤ ਬੁਰੀਆਂ ਲੱਗਦੀਆਂ ਪਰ ਉਹ ਉਨ੍ਹਾਂ ਨੂੰ ਆਖਦੀ ਕੁਝ ਨਾ।
ਉਹ ਪੰਜ ਜਮਾਤਾਂ ਪੜ੍ਹੀ ਹੋਈ ਸੀ। ਛੇਵੀਂ ‘ਚ ਹੋਈ ਤਾਂ ਉਹਦੀ ਮਾਂ ਮਰ ਗਈ ਸੀ। ਉਹਦੀ ਪੜ੍ਹਾਈ ਵਿਚਾਲੇ ਰਹਿ ਗਈ ਪਰ ਉਹਨੂੰ ਰਾਤ ਨੂੰ ਸੁਪਨੇ ਆਉਂਦੇ, ਜਿਵੇਂ ਉਹ ਕਲਾਸ ‘ਚ ਬੈਠੀ ਪੜ੍ਹ ਰਹੀ ਹੋਵੇ। ਉਹ ਕੱਦ ਦੀ ਲੰਬੀ ਸੀ। ਜਮਾ ਪਿਉ ਤੇ ਗਈ ਸੀ। ਰੰਗ ਵੀ ਸਾਰੇ ਪਰਿਵਾਰ ਦਾ ਪੱਕਾ ਨਹੀਂ ਸੀ।
ਕਪਾਹ-ਨਰਮੇ ਖਿੜਦੇ। ਉਹ ਚੁਗਣ ਜਾਂਦੀ। ਗੁਆਂਢ ਦੀਆਂ ਵੱਡੀ ਉਮਰ ਦੀਆਂ ਬੁੜ੍ਹੀਆਂ ਵੀ ਕਪਾਹਾਂ ਚੁਗਣ ਜਾਂਦੀਆਂ। ਉਹ ਉਨ੍ਹਾਂ ਦੇ ਨਾਲ ਜਾਂਦੀ। ਸਰਪੰਚਾਂ ਦੇ ਉਹ ਕਦੇ ਕਪਾਹ ਚੁਗਣ ਨਹੀਂ ਸੀ ਗਈ। ਨਾ ਹੀ ਨੰਬਰਦਾਰਾਂ ਦੇ। ਉਹਦੇ ਨਾਲ ਕਪਾਹ ਚੁਗਣ ਗਈਆਂ ਨਾਲ ਦੀਆਂ ਬੁੜ੍ਹੀਆਂ ਆਉਂਦੀਆਂ-ਜਾਂਦੀਆਂ ਸਾਰੇ ਪਿੰਡ ਦੇ ਮਾੜੇ ਘਰਾਂ ਦੀਆਂ ਗੱਲਾਂ ਕਰਦੀਆਂ। ਉਨ੍ਹਾਂ ਦੀ ਸਾਰੀ ਉਮਰ ਇਸੇ ਪਿੰਡ ‘ਚ ਲੰਘੀ ਸੀ। ਉਨ੍ਹਾਂ ਨੂੰ ਮੁੰਨੀ ‘ਤੇ ਤਰਸ ਆਉਂਦਾ ਤੇ ਮੁੰਨੀ ਵੀ ਉਨ੍ਹਾਂ ਦੀ ਹਰ ਗੱਲ ਸੁਣਦੀ।
ਕਪਾਹ ਤੋਂ ਪਹਿਲਾਂ ਉਹ ਝੋਨਾ ਲਾਉਣ ਵੀ ਜਾਂਦੀ। ਲੱਕੜਾਂ ਲੈਣ ਵੀ। ਜਦੋਂ ਘਰੇ ਕੋਈ ਹੋਰ ਕੰਮ ਨਾ ਹੁੰਦਾ, ਉਹ ਨੀਵੀਂ ਪਾ ਕੇ ਚਾਦਰ ਕੱਢਦੀ ਰਹਿੰਦੀ। ਵਿਹੜੇ ‘ਚ ਬਕਰੈਣ ਥੱਲੇ ਬੈਠੀ ਦੀ ਉਹਦੀ ਬੀਹੀ ਵੱਲ ਪਿੱਠ ਹੁੰਦੀ।
ਜਦੋਂ ਕੋਈ ਆਂਢ-ਗੁਆਂਢ ਦੀ ਤੀਵੀਂ ਕਹਿੰਦੀ, ”ਮੁੰਨੀ! ਥੋਨੂੰ ਨੀਂ ਮਿਲਿਆ ਪੱਕਾ ਘਰ?”
ਉਹ ਬਸ ਏਨਾ ਕਹਿੰਦੀ, ”ਤਾਈ ਸਾਥੋਂ ਲੋਕਾਂ ਦੇ ਗੋਲ-ਪੁਣੇ ਨੀਂ ਹੁੰਦੇ। ਅਗਲਾ ਕੁਝ ਦੇਣ ਲੱਗਿਆ ਸੌ ਗੱਲਾਂ ਕਰਾਉਂਦੈ। ਉਹ ਸਾਥੋਂ ਹੁੰਦੀਆਂ ਨੀਂ।”
ਨਿਹਾਲਾ ਅੱਗੇ ਕਦੇ ਲੋਕਾਂ ਦੇ ਘਰੇ ਬਹੁਤਾ ਨਹੀਂ ਸੀ ਗਿਆ। ਹੁਣ ਜਿਹੜੇ ਹੱਕੀ ਘਰ ਪੱਕੇ ਘਰ ਲੈਣੋਂ ਰਹਿ ਗਏ ਸਨ, ਉਨ੍ਹਾਂ ਨਾਲ ਜਾ ਕੇ ਦੁੱਖ-ਸੁੱਖ ਕਰਦਾ। ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਜਾਂਦੀਆਂ।
ਇਕ ਦਿਨ ਉਹ ਫਿੱਡੇ ਟੀਰੇ ਨੂੰ ਕਹਿੰਦਾ, ”ਚੱਲ ਆਪਾਂ ਨੂੰ ਤਾਂ ਸਰਪੰਚ ਨੇ ਘਰ ਨਹੀਂ ਦਿੱਤੇ। ਆਹ! ਸੁਰਖੂ ਦੇ ਲਾਣੇ ਨੂੰ ਘਰ ਕਿਉਂ ਦਿੱਤਾ?”
ਫਿੱਡੇ ਨੇ ਉਹਦੇ ਵੱਲ ਟੀਰ ਕੱਢਿਆ। ਆਖਣ ਲੱਗਿਆ, ”ਨਿਹਾਲਿਆ! ਗੱਲ ਕਰਨ ਲੱਗਿਆ ਜਮਾਂ ਈ ਨ੍ਹੀਂ ਸੋਚਦਾ। ਉਹ ਸੁਰਖੂ ਕੇ ਮੁੰਡੇ ਛੀ ਐ। ਏਨੀਆਂ ਈ ਨੂੰਹਾਂ ਆ ਗੀਆਂ। ਉਹਦੇ ਪੋਤਿਆਂ ਦੀਆਂ ਵੀ ਵੋਟਾਂ ਬਣਾਈਆਂ ਪਈਐਂ। ਅਜੇ ਚੌਦ੍ਹਾਂ-ਚੌਦ੍ਹਾਂ ਸਾਲ ਦੇ ਹੋਏ ਨਹੀਂ ਉਹ। ਹੁਣ ਠਾਰ੍ਹਾਂ-ਵੀਹ ਵੋਟਾਂ ਉਨ੍ਹਾਂ ਦੇ ਘਰ ਦੀਐਂ। ਉਹ ਸਰਪੰਚ ਤੋਂ ਬਿਨਾਂ ਸਾਹ ਨਹੀਂ ਲੈਂਦੇ। ਸਰਪੰਚਣੀ ਜਦੋਂ ਮਰਜ਼ੀ ਬੁਲਾ ਕੇ ਲਏ ਕੰਮ ਧੰਦੇ। ਇਕ-ਦੂਜੀ ਤੋਂ ਮੂਹਰੇ ਹੋ ਕੇ ਜਾਂਦੀਐਂ ਨੂੰਹਾਂ…. ਨੂੰਹਾਂ ਕੀ, ਪੋਤ-ਨੂੰਹਾਂ ਵੀ ਜਾਂਦੀਆਂ ਨੇ। ਇਕ ਦਿਨ ਸਰਪੰਚ ਦਾ ਮੁੰਡਾ ਆਪ ਬਹਾ ਕੇ ਲੈ ਕੇ ਗਿਐ ਮੋਟਰਸਾਈਕਲ ‘ਤੇ।”
”ਅੱਛਾ ਅੱਛਾ!” ਨਿਹਾਲੇ ਨੇ ਕਿਹਾ।
”ਫੇਰ ਐਂ ਤਾਂ ਨਾ ਕਹਿਣ ਘਰ ਗਰੀਬਾਂ ਨੂੰ ਦਿੰਦੇ ਆਂ। ਸਰਪੰਚ ਸਿੱਧਾ ਈ ਕਹਿ ਦੇ। ਜਿਹੜਾ ਸਾਡੇ ਥੱਲੇ ਲੱਗੂ, ਉਹਨੂੰ ਘਰ ਦੇਵਾਂਗੇ।”
”ਨਾ ਹੁਣ ਕਹਿਣ ‘ਚ ਕਸਰ ਐ ਕੋਈ? ਘਰ ਵੰਡ ਕੇ ਕਹਿ ਤਾਂ ਦਿੱਤਾ ਓਹਨੇ…ਜੇ ਕੋਈ ਲੁਕੀ-ਛਿਪੀ ਗੱਲ ਐ ਤਾਂ ਕਹਿ।”
ਨਿਹਾਲਾ ਕੁਝ ਨਹੀਂ ਬੋਲਿਆ।
ਹੌਲੀ-ਹੌਲੀ ਉਹ ਹੋਰਾਂ ਨੂੰ ਵੀ ਮਿਲਿਆ। ਇਕ ਦਿਨ ਨਿਹਾਲਾ ਕਹਿੰਦਾ, ”ਕੋਈ ਨਾ! ਵੋਟਾਂ ਕਿਹੜਾ ਬਾਰ੍ਹਾਂ ਸਾਲ ਨੂੰ ਆਉਣਗੀਆਂ। ਆਪਾਂ ਸੁਰਖੁ ਕੇ ਲਾਣੇ ਤੋਂ ਚੌਗੁਣੇ ਹੋ ਗੇ। ਆਉਣ ਦਿਓ ਸਰਪੰਚ ਨੂੰ ਪੁੱਛਾਂਗੇ।”
”ਹਾਂ ਹਾਂ! ਐ ਈਂ ਬਣੂੰ ਫੇਰ ਗੱਲ।” ਫਿੱਡੇ ਟੀਰੇ ਨੇ ਕਿਹਾ।
ਨਿਹਾਲਾ ਦੇਬੇ, ਫੀਲ੍ਹੇ, ਜੱਗੂ, ਦਿਆਲੂ, ਘੁੱਦੂ ਤੇ ਹੋਰ ਆਵਦੇ ਵਰਗੇ ਬੰਦਿਆਂ ਕੋਲ ਜਾਂਦਾ। ਏਧਰਲੀਆਂ-ਓਧਰਲੀਆਂ ਗੱਲਾਂ ਦੱਸਦਿਆਂ ਗੱਲ ਸਰਪੰਚ ‘ਤੇ ਆ ਜਾਂਦੀ।
——– —— ——-
”ਓ ਤਾਇਆ ਘਰੇ ਈ ਐਂ?” ਸਰਪੰਚ ਨੇ ਮੂਹਰੇ ਹੋ ਕੇ ਕਿਹਾ।
”ਹਾਂ ਸਰਪੰਚਾਂ! ਘਰੇ ਈ ਆਂ। ਹੁਣ ਸਾਮ੍ਹਣੇ ਤਾਂ ਬੈਠਾਂ ਤੇਰੇ। ਜੇ ਸ਼ੱਕ ਐ ਤਾਂ ਕਹਿ। ਅੱਗੇ ਪਹਿਲੀਆਂ ਵੋਟਾਂ ਵੇਲੇ ਮੈਂ ਘਰੇ ਨੀਂ ਸੀ ਹੁੰਦਾ। ਓਦੋਂ ਮੇਰੀ ਗਲਤੀ ਸੀ। ਅੱਜ ਜਮਾਂ ਘਰੇ ਆਂ।”
ਉਹਦੀ ਗੱਲ ਸੁਣ ਕੇ ਸਰਪੰਚ ਕਹਿੰਦਾ, ”ਨਿਹਾਲ ਸਿੰਹਾ!ਂ ਜੇ ਚਾਹ-ਪਾਣੀ ਨਹੀਂ ਪਿਆਉਣਾ ਨਾ ਪਿਆਈਂ। ਏਹ ਤਾਂ ਗੁੱਸੇ ਆਲੀ ਗੱਲ ਕਰਦੈਂ।”
”ਨਾ ਗੁੱਸੇ ਆਲੀ ਇਹਦੇ ‘ਚ ਕਿਹੜੀ ਗੱਲ ਐ? ਹੁਣ ਮੈਂ ਐਈਂ ਕਿਹੈ ਮੈਂ ਘਰੇ ਆਂ।”
ਸਰਪੰਚ ਦੀ ਬਜਾਏ ਜੈਲਾ ਪੰਚ ਬੋਲਿਆ, ”ਤਾਇਆ ਬੋਲ ਲੈ ਜਿੰਨਾ ਮਰਜ਼ੀ! ਅਸੀਂ ਭਤੀਜ ਆਂ ਤੇਰੇ। ਹੁਣ ਸਾਨੂੰ ਨੀਂ ਤੂੰ ਬੋਲੇਂਗਾ, ਹੋਰ ਕੀਹਨੂੰ ਬੋਲੇਂਗਾ। ਜੇ ਤਾਇਆ ਬਾਹਲਾ ਗੁੱਸੇ, ਆਹ ਜੁੱਤੀ ਲਾਹ ਤੀ ਤੇਰੇ ਮੂਹਰੇ। ਮਾਰ ਲੈ ਜਿੰਨੀਆਂ ਮਰਜ਼ੀ।”
”ਜੁੱਤੀਆਂ ਤਾਂ ਭਾਈ ਅਸੀਂ ਖਾਣੀਐਂ ਥੋਡੀਆਂ। ਸਾਡੇ ਕੋਲੇ ਜੁੱਤੀ ਮਾਰਨ ਨੂੰ ਹੁੰਦੀ, ਆਹ ਕੱਚੇ ਕੋਠੇ ‘ਚ ਰਹਿੰਦੇ ਅਸੀਂ?”
ਸਰਪੰਚ ਸੋਚੀ ਪਿਆ ਖੜ੍ਹਾ ਸੀ। ਉਹਦੇ ਮਨ ‘ਚ ਆਈ। ਪੱਕੇ ਘਰ ਦਾ ਤਾਂ ਨਿਹਾਲੇ ਦਾ ਹੱਕ ਬਣਦਾ ਸੀ। ਉਹਤੋਂ ਜੋ ਹੋਇਆ, ਮਾੜਾ ਹੋਇਆ। ਉਹਨੂੰ ਯਾਦ ਆਇਆ। ਉਹਨੇ ਤਾਂ ਨਿਹਾਲੇ ਦਾ ਨਾਂਅ ਪਾਇਆ ਸੀ ਪਰ ਉਹਦੇ ਵੱਡੇ ਮੁੰਡੇ ਨੇ ਕੱਟ ਦਿੱਤਾ ਸੀ। ਉਹਦੀ ਥਾਂ ‘ਤੇ ਗੁਰਮੇਲ ਫੌਜੀ ਦੇ ਛੋਟੇ ਭਾਈ ਦਾ ਨਾਂਅ ਪਾ ਦਿੱਤਾ ਸੀ। ਗੁਰਮੇਲ ਕਦੇ-ਕਦੇ ਛੁੱਟੀ ਆਉਂਦਾ ਸੀ। ਪਰ ਸਰਪੰਚ ਨੇ ਆਪਣੇ ਮੁੰਡੇ ਨੂੰ ਕਿਹਾ ਸੀ, ”ਨਿਹਾਲਾ ਆਪਾਂ ਨੂੰ ਵੋਟਾਂ ਪਾਉਂਦੈ ਹਰੇਕ ਵਾਰੀ। ਉਹ ਸਭ ਤੋਂ ਗਰੀਬ ਐ। ਇਕ ਨਾਂਅ ਜੇ ਕੱਟਣੈ ਤਾਂ ਕਿਸੇ ਹੋਰ ਦਾ ਕੱਟ ਦੇ।” ਪਰ ਅੱਗੋਂ ਮੁੰਡਾ ਬੋਲਿਆ, ”ਉਹ ਵੋਟਾਂ ਕਿਤੇ ਆਪਾਂ ਨੂੰ ਊਂ ਪਾਉਂਦੈ। ਐਤਕੀ ਦੋ ਵੋਟਾਂ ਦਾ ਮੈਂ ਦੇ ਕੇ ਆਇਆ ਦੋ ਹਜ਼ਾਰ ਉਹਨੂੰ।”
ਮੁੰਡੇ ਦੀ ਗੱਲ ਸੁਣ ਕੇ ਉਹਨੇ ਜ਼ਿੱਦ ਨਹੀਂ ਸੀ ਕੀਤੀ। ਪਰ ਜਦੋਂ ਉਹਦੇ ਯਾਦ ਆਇਆ ਕਿ ਨਿਹਾਲੇ ਨੇ ਜਦੋਂ ਪੱਕਾ ਘਰ ਨਾ ਦੇਣ ਦਾ ਘਰੇ ਆ ਕੇ ਉਲਾਂਭਾ ਦਿੱਤਾ ਸੀ, ਉਦੋਂ ਕਿਹਾ ਸੀ, ”ਅਸੀਂ ਕਦੇ ਸਰਪੰਚਾਂ ਤੈਥੋਂ ਵੋਟਾਂ ਦੀ ਪੰਜੀ ਨੀਂ ਲਈ।” ਸਰਪੰਚ ਨੂੰ ਖੜ੍ਹੇ-ਖੜ੍ਹੇ ਨੂੰ ਆਪਣੇ ਮੁੰਡੇ ‘ਤੇ ਗੁੱਸਾ ਆਉਣ ਲੱਗਿਆ।
ਇਹ ਗੱਲ ਚਿਤਵਦਿਆਂ ਸਰਪੰਚ ਨੇ ਹੀਣੇ ਹੋ ਕੇ ਕਿਹਾ, ”ਤਾਇਆ! ਮੈਂ ਭਰੀ ਪੰਚਾਇਤ ‘ਚ ਹੱਥ ਜੋੜ ਕੇ ਮਾਫੀ ਮੰਗਦਾਂ ਤੈਥੋਂ। ਆਖੇਂ ਤਾਂ ਪੈਰੀ ਪੱਗ ਧਰ ਦਿੰਨਾਂ। ਗਲਤੀ ਸਾਥੋਂ ਬਹੁਤ ਵੱਡੀ ਹੋਈ ਐ ਹੱਕ ਤੇਰਾ ਬਣਦਾ ਸੀ ਪੱਕੇ ਘਰ ਦਾ।”
ਇਹ ਗੱਲ ਕਹਿ ਕੇ ਸਰਪੰਚ ਨੇ ਨਿਹਾਲੇ ਵੱਲ ਵੇਖਿਆ। ”ਹੱਕ ਮੇਰਾ ਨੀਂ ਮਰਿਆ। ਹੱਕ ਤਾਂ ਭਾਈ ਹੋਰਾਂ ਦੇ ਵੀ ਮਰੇ ਐ। ਉਹ ਕੀਹਦੇ-ਕੀਹਦੇ ਮਰੇ ਐ? ਥੋਨੂੰ ਵੀ ਪਤੈ। ਮਾਰਨ ਆਲੇ ਨੂੰ ਪਤਾ ਹੁੰਦੇ ਕਿ ਉਹਨੇ ਕੀਹਨੂੰ-ਕੀਹਨੂੰ ਮਾਰਿਐ। ਇਕ-ਇਕ ਤੋਂ ਪੁੱਛ ਲੈ ਜਾ ਕੇ।”
ਜੈਲਾ ਮੈਂਬਰ ਫੇਰ ਸਰਪੰਚ ਨੂੰ ਕਹਿੰਦਾ, ”ਚਾਚਾ! ਜਿਹੜੀ ਹੋਣੀ ਸੀ, ਹੋ ਗੀ। ਆਪਣੇ ਪਿੰਡ ‘ਚ ਬਾਰ੍ਹਾਂ-ਪੰਦਰਾਂ ਘਰ ਨੇ, ਜਿਨ੍ਹਾਂ ਦੇ ਕੱਚੇ ਕੋਠੇ ਐ। ਆਹ ਵੋਟਾਂ ਤੋਂ ਪਿੱਛੇਂ ਸਭ ਤੋਂ ਪਹਿਲਾਂ ਇਹ ਪੁੰਨ ਖੱਟ। ਸਾਰੇ ਵਿਹੜੇ ਦਾ ‘ਕੱਠ ਕਰਕੇ ਪੱਕੀ ਗੱਲ ਕਰ। ਜੇ ਗੱਲ ਕੱਚੀ ਨਿਕਲੀ, ਅਸੀਂ ਨੀਂ ਤੁਰਨਾ ਗਾਹਾਂ ਨੂੰ ਤੇਰੇ ਨਾਲ।”
”ਹਾਂ ਹਾਂ! ਐੰ ਈ ਕੰਮ ਚੱਲੁ ਫੇਰ।” ਵਿਸਾਖਾ ਨੰਬਰਦਾਰ ਬੋਲਿਆ, ”ਹੁਣ ਜੇ ਪਿੰਡ ਦੇ ਗਰੀਬ ਲੋਕਾਂ ਦਾ ਨ੍ਹੀਂ ਕੁਛ ਬੁਣੂੰ, ਆਪਾਂ ਕੀ ਕਰਨੈ ਜੋੜੇ ਤੁੜਾ ਕੇ ਫੇਰ।”
ਨਿਹਾਲਾ ਚੁੱਪ ਬੈਠਾ ਸੀ। ਉਹਦੇ ਹੱਥ ‘ਚ ਕਿੱਕਰ ਦੀ ਹਰੀ ਟਾਹਣੀ ਫੜੀ ਹੋਈ ਸੀ। ਇਕ ਹੱਥ ‘ਚ ਕੁਹਾੜੀ ਸੀ। ਉਹਨੂੰ ਵੇਖ ਕੇ ਸਰਪੰਚ ਕਹਿੰਦਾ, ”ਹਾਂ ਤਾਇਆ! ਫੇਰ ਹੁਣ ਤਾਂ ਗੱਲ ਠੀਕ ਐ। ਹੁਣ ਤਾਂ ਜਿਵੇਂ ਪਿੰਡ ਆਲਿਆਂ ਨੇ ਕਿਹੈ, ਉਹ ਮੈਂ ਸਿਰ ਮੱਥੇ ਮੰਨਦਾ। ਕੱਠ ਕਰਨੈ ਕੱਠ ਕਰ ਲੋ ਆਵਦਾ। ਗੁਠਾ ਲਾਉਣ ਨੂੰ ਤਿਆਰ ਆਂ। ਸਭ ਤੋਂ ਪਹਿਲਾਂ ਜੇ ਤੈਨੂੰ ਘਰ ਨਾ ਮਿਲਿਆ ਤਾਂ ਭਾਵੇਂ ਦਾੜ੍ਹੀ ਫੜ ਲੀਂ, ਕੁਸਕਦਾ ਨੀਂ।”
”ਹੁਣ ਤਾਂ ਜਾਣ ਦੇ ਨਿਹਾਲ ਸਿੰਹਾਂ ਗੁੱਸੇ ਨੂੰ। ਸਿੱਧੇ ਪਏ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ।” ਜੈਲਾ ਫੇਰ ਬੋਲਿਆ।
ਪਰ ਨਿਹਾਲਾ ਬੈਠਾ-ਬੈਠਾ ਈ ਕਹਿੰਦਾ, ”ਹੁਣ ਭਾਈ ਹੋਰ ਕਿਸੇ ਨੇ ਬੋਲਣੈ ਕੁਛ ਬੋਲ ਲੋ। ਪਰ ਮੇਰੀ ਇਕ ਬੇਨਤੀ ਸੁਣ ਲੋ। ਆਹ ਕੱਚਾ ਘਰ ਐ। ਏਸੇ ਨੂੰ ਈ ਲਿੱਪ ਲਿਆ ਕਰਾਂਗੇ ਹਰੇਕ ਸਾਲ। ਪਰ ਜਿਵੇਂ ਤੁਸੀਂ ਪਹਿਲਾਂ ਪੱਕੇ ਘਰਾਂ ਆਲਿਆਂ ਨੂੰ ਘਰ ਦਿੱਤੇ ਐ, ਓਹੇ ਜੇ ਘਰਾਂ ਨਾਲੋਂ ਤਾਂ ਅਸੀਂ ਉਈਂ ਚੰਗੇ ਆਂ। ਸਾਰੀ ਗੱਲ ਕੱਢੀ ਐ ਮੈਂ ਵਿੱਚੋਂ। ਇਹ ਗੱਲ ਤੁਸੀਂ ਵੀ ਜਾਣਦੇ ਓਂ। ਜਿਵੇਂ ਤੁਸੀਂ ਪੱਕੇ ਘਰ ਦਿੰਨੇ ਓ, ਉਹ ਮੁੱਲ ਤਾਰ ਕੇ ਅਸੀਂ ਜਮਾਂ ਨੀਂ ਲੈਣੇ ਘਰ। ਸਾਡਾ ਤਾਂ ਆਹ ਕੱਚਾ ਈ ਓਹ ਪੱਕਿਆ ਨਾਲੋਂ ਚੰਗੈ।”
ਸਰਪੰਚ ਇਕਦਮ ਝੰਜੋੜਿਆ ਗਿਆ। ਉਹਨੂੰ ਅਹੁੜ ਨਹੀਂ ਸੀ ਰਿਹਾ ਉਹ ਕੀ ਆਖੇ। ਉਹਦੀ ਨੀਵੀਂ ਪੈ ਗਈ ਸੀ।
ਪਰ ਜੈਲਾ ਫੇਰ ਬੋਲਿਆ, ”ਏਹ ਤਾਂ ਤਾਇਆ ਤੈਨੂੰ ਕਿਸੇ ਨੇ ਗਲਤ ਦੱਸਿਐ। ਹੁਣ ਪਿੰਡ ਦੀ ਚੁਣੀ ਪੰਚਾਇਤ ਐ। ਉਹ ਵੀ ਕੋਈ ਇੱਜ਼ਤ ਧਰਾਉਂਦੀ ਐ। ਹੁਣ ਜੇ ਕੋਈ ਸਾਰਿਆਂ ‘ਚੋਂ ਇੱਕ-ਅੱਧਾ ਗਾਰ ‘ਚ ਬਹਿ ਗਿਆ, ਸਾਰੇ ਤਾਂ ਨੀਂ ਮਾੜੇ।”
”ਹੁਣ ਮੈਂ ਸਾਰਿਆਂ ਨੂੰ ਮਾੜੇ ਕਹਿੰਨਾਂ। ਏਹ ਤਾਂ ਤੂੰ ਈ ਕਹਿੰਨੈ।” ਨਿਹਾਲਾ ਜੈਲੇ ਨੂੰ ਕਹਿੰਦਾ ਤੇ ਫੇਰ ਉਹ ਕਹਿੰਦਾ, ‘ਚਲੋ ਬਾਕੀ ਤਾਂ ਗੱਲਾਂ ਛੱਡੇ! ਇਹ ਦੱਸੋ ਤੁਸੀਂ ਆਏ ਕਿਵੇਂ?’
”ਹਾਂ ਹਾਂ! ਏਹ ਬਣੀ ਗੱਲ” ਵਿਸਾਖਾ ਨੰਬਰਦਾਰ ਕਹਿੰਦਾ।
ਸਰਪੰਚ ਕਹਿੰਦਾ, ”ਤਾਇਆ! ਆਪਣੇ ਵਜ਼ੀਰ ਸਾਬ੍ਹ ਫੇਰ ਚੋਣ ਲੜ ਰਹੇ ਐ। ਆਹ ਚੋਣ ਨਿਸ਼ਾਨ ਐ। ਏਹੀ ਬਟਨ ਦੱਬਿਓ। ਗੁੱਸੇ-ਗਿਲੇ ਤਾਂ ਆਪਸ ‘ਚ ਹੁੰਦੇ ਰਹਿੰਦੇ ਐ। ਆਪਾਂ ਕੱਢ ਲਾਂ ਗੇ।”
ਨਿਹਾਲੇ ਨੇ ਉਹਦੇ ਹੱਥੋਂ ਚੋਣ ਨਿਸ਼ਾਨ ਫੜਿਆ। ਵਜ਼ੀਰ ਦੀ ਉਪਰ ਫੋਟੋ ਛਪੀ ਹੋਈ ਸੀ। ਹੇਠਾਂ ਚੋਣ ਨਿਸ਼ਾਨ ਸੀ।
ਉਹਨੇ ਕਾਗਜ਼ ਨੂੰ ਆਪਣੀਆਂ ਅੱਖਾਂ ਅੱਗੇ ਕੀਤਾ। ਖਾਸਾ ਚਿਰ ਡੂੰਘੀ ਨੀਝ ਲਾ ਕੇ ਵੇਖਦਾ ਰਿਹਾ। ਇਹ ਸਾਡਾ ਚੋਣ ਨਿਸ਼ਾਨ ਐਂ…ਨਈਂ ਨਈਂ… ਇਹ ਸਾਡਾ ਚੋਣ ਨਿਸ਼ਾਨ ਨ੍ਹੀਂ। ਇਹ ਤਾਂ ਥੋਡਾ ਚੋਣ ਨਿਸ਼ਾਨ ਐਂ। ਏਹ ਤਾਂ ਗਲਤ ਆ ਗੇ ਸਾਡੇ ਘਰੇ ਤੁਸੀਂ। ਇਹ ਸਾਡਾ ਚੋਣ ਨਿਸ਼ਾਨ ਨੀਂ। ਨਾ…ਨਾ….ਨਾਂ….ਏਹ ਲੈ ਜੋ ਭਾਈ ਆਵਦਾ। ਹੋਰ ਕਿਤੇ ਕੰਮ ਆਊ ਥੋਡੇ।”
ਸਰਪੰਚ ਤੁਰਨ ਲੱਗਿਆ ਤਾਂ ਉਹਦੇ ਪਿੱਛੇ-ਪਿੱਛੇ ਸਾਰੇ ਜਾਣ ਲੱਗੇ। ਸਾਰੇ ਜਣੇ ਚੁੱਪ ਸਨ। ਗਲੀ ‘ਚ ਆ ਕੇ ਸਰਪੰਚ ਨੇ ਲੰਮੀ ਨਿਗ੍ਹਾ ਮਾਰੀ। ਉਹ ਸੋਚ ਰਿਹਾ ਸੀ। ਜਿਨ੍ਹਾਂ ਦੇ ਕੱਚੇ ਘਰ ਨੇ ਉਨ੍ਹਾਂ ਦੇ ਘਰੇ ਵੋਟਾਂ ਮੰਗਣ ਜਾਵੇ ਜਾਂ ਨਾ।
ਗ਼ਜ਼ਲ
– ਕਮਲ ਪਾਲ
ਸੰਘਰਸ਼ ਦੇ ਬਿਨਾਂ ਕਦ ਜਾਗਣ ਨਸੀਬ ਸਾਡੇ?
ਮੋਢੇ ਤੇ ਧਰ ਦਿਉ ਹੁਣ ਹੱਕ ਦੀ ਸਲੀਬ ਸਾਡੇ।
ਜੇ ਪਲਟਣਾ ਹੈ ਤਖਤਾ ਜਾਰਾਂ ਤੇ ਨਾਜ਼ੀਆਂ ਦਾ,
ਆਪਾਂ ਵੀ ਤੁਰ ਪਏ ਹਾਂ ਆਵੋ ਕਰੀਬ ਸਾਡੇ।
ਧਰਤੀ ਦਾ ਕੁੱਲ ਰਕਬਾ ਵੰਡਾਂਗੇ ਸਾਰਿਆਂ ਵਿਚ,
ਇਕ ਵਾਰ ਆ ਗਈ ਜਦ ਹੱਥੀਂ ਜਰੀਬ ਸਾਡੇ।
ਪੁੱਤਰ ਭਰਾ ਭਤੀਜੇ ਬਣਦੇ ਸ਼ਰੀਕ ਆਖਿਰ,
ਕਿੰਨੇ ਕਰੀਬ ਦਿਲ ਦੇ ਰਿਸ਼ਤੇ ਅਜੀਬ ਸਾਡੇ।
ਕੁਝ ਲੋਕ ਜ਼ੁਲਮ ਦਹਿਸ਼ਤ ਦੇ ਨਾਲ ਜੂਝਦੇ ਹਨ,
ਕੁਝ ਹੇਰ ਫੇਰ ਕਰਕੇ ਲਿਖਦੇ ਅਦੀਬ ਸਾਡੇ।
ਤੂੰ ‘ਪਾਲ’ ਖੁਦ ਸਮਝ ਕੇ ਸਮਝਾ ਦੇ ਸਾਰਿਆਂ ਨੂੰ,
ਲਿਖਦੇ ਨੇ ਸਾਮਰਾਜੀ ਕਿੱਦਾਂ ਨਸੀਬ ਸਾਡੇ।
