Now Reading
ਸਰਦਾਰ ਪਟੇਲ ਦੀ ਮੂਰਤੀ, ਬੀਜੇਪੀ-ਆਰ.ਐਸ.ਐਸ. ਅਤੇ ਭਾਰਤ ਦੇ ਲੋਕ

ਸਰਦਾਰ ਪਟੇਲ ਦੀ ਮੂਰਤੀ, ਬੀਜੇਪੀ-ਆਰ.ਐਸ.ਐਸ. ਅਤੇ ਭਾਰਤ ਦੇ ਲੋਕ

ਪ੍ਰੋ. ਜੈਪਾਲ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ 2018 ਨੂੰ ਗੁਜਰਾਤ ਦੇ ਨਰਮਦਾ ਜ਼ਿਲ੍ਹੇ ‘ਚ ਸਰਦਾਰ ਸਰੋਵਰ ਕੋਲ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸ੍ਰੀ ਵੱਲਭ ਭਾਈ ਪਟੇਲ, ਜਿਸਨੂੰ ਭਾਰਤ ਦੀ ਰਾਜ ਕਰਦੀ ਸਰਮਾਏਦਾਰ-ਜਗੀਰਦਾਰ ਜਮਾਤ ਤੇ ਉਸਦਾ ਪਿੱਠੂ ਮੀਡੀਆ ਲੋਹ ਪੁਰਸ਼ ਦੇ ਨਾਂਅ ਨਾਲ ਵੀ ਵਡਿਆਉਂਦਾ ਹੈ, ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਇਸ ਮੂਰਤੀ ਦਾ ਨਾਂਅ ‘ਸਟੈਚੂ ਆਫ ਯੂਨਿਟੀ’ ਯਾਨਿ ਏਕਤਾ ਦੀ ਮੂਰਤੀ ਰੱਖਿਆ ਗਿਆ ਹੈ। ਇਸ ਦੀ ਉਚਾਈ 182 ਮੀਟਰ ਹੈ ਤੇ ਇਹ ਹੁਣ ਤੱਕ ਦੀ ਦੁਨੀਆਂ ਦੀ ਸਭ ਤੋਂ ਉਚੀ ਮੂਰਤੀ ਹੈ, ਨਾ ਕਿ ਬਿਲਡਿੰਗ। ਸਭ ਤੋਂ ਉਚੀ ਬਿਲਡਿੰਗ ਤਾਂ ਦੁਬਈ ਦੇਸ਼ ‘ਚ ਸਥਿਤ 162 ਮੰਜਿਲੀ ਬੁਰਜ਼ ਖਲੀਫਾ ਹੈ ਜੋ ਕਿ 2010 ਈ. ਵਿਚ ਤਿਆਰ ਹੋਇਆ ਸੀ ਤੇ ਇਸਦੀ ਉਚਾਈ 828 ਮੀਟਰ ਹੈ ਜੋ ਕਿ ਇਸ ਮੂਰਤੀ ਤੋਂ 4 ਗੁਣਾ ਤੋਂ ਵੀ ਵੱਧ ਉਚੀ ਹੈ। ਹੋਰ ਕਿੰਨੀਆਂ ਹੀ ਬਿਲਡਿੰਗਾਂ ਇਸ ਤੋਂ ਉਚੀਆਂ ਹਨ, ਜਿਨ੍ਹਾਂ ‘ਚ ਬਹੁਤੀਆਂ ਚੀਨ ‘ਚ ਬਣੀਆਂ ਹਨ। ਸੰਨ 2020 ‘ਚ ਸਾਉਦੀ ਅਰਬ ‘ਚ ਮੁਕੰਮਲ ਹੋਣ ਵਾਲਾ ”ਜੱਦਾਹ ਟਾਵਰ” 1008 ਮੀਟਰ ਉਚਾਈ ਤੇ 167 ਮੰਜਿਲਾ ਨਾਲ ਦੁਨੀਆਂ ਦੀ ਸਭ ਤੋਂ ਉਚੀ ਬਿਲਡਿੰਗ ਦਾ ਸਥਾਨ ਲੈ ਲਵੇਗਾ।
ਸਭ ਤੋਂ ਉਚੀ ਮੂਰਤੀ ਦਾ ਖਿਤਾਬ ਹਾਸਲ ਕਰਨ ਦੀ ਦੌੜ ‘ਚ ਲੱਗੇ ਮੋਦੀ ਦੇ ਦਿਮਾਗ ‘ਚ ਅਮਰੀਕਾ ਸਥਿਤ ‘ਸਟੈਚੂ ਆਫ ਲਿਬਰਟੀ’ ਸੀ, ਜੋ ਕਿ ਉਥੋਂ ਦੇ ਸ਼ਹਿਰ ਨਿਊਯਾਰਕ ‘ਚ ਸਥਿਤ ਹੈ ਅਤੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ ‘ਆਈਫਲ ਟਾਵਰ’ ਵਰਗੀਆਂ ਚੀਜਾਂ ਸਨ। ਇਹ ਮੁਕਾਬਲਾ ਬਿਲਕੁਲ ਹੀ ਨਿਰਾਧਾਰ ਹੈ। ਕਿਉਂਕਿ ਇਹ ਦੋਵੋਂ ਢਾਂਚੇ ਉਨ੍ਹਾਂ ਮੁਲਕਾਂ ਵਲੋਂ ਪ੍ਰਚਾਰੀਆਂ ਜਾਂਦੀਆਂ ਕੌਮੀ ਪ੍ਰਾਪਤੀਆਂ ਨੂੰ ਪ੍ਰਗਟਾਉਂਦੇ ਹਨ। ਅਮਰੀਕਾ ਦੇ ਬਹਾਦਰ ਲੋਕਾਂ ਨੇ ਮਨੁੱਖੀ ਆਜ਼ਾਦੀ ਲਈ ਲੰਬੀਆਂ ਲੜਾਈਆਂ ਲੜੀਆਂ ਤੇ 1886 ‘ਚ ਇਹ ਮੂਰਤੀ ਸਥਾਪਤ ਕੀਤੀ। ਜਦਕਿ ਆਈਫਲ ਟਾਵਰ 1889 ਈ. ‘ਚ ਫਰਾਂਸੀਸੀ ਇਨਕਲਾਬ ਦੀ 100ਵੀ ਵਰ੍ਹੇਗੰਢ ਮੌਕੇ ਬਣਿਆ। ਵੈਸੇ ਤਾਂ ਅਜਿਹੀਆਂ ਮੂਰਤੀਆਂ ਲੰਮੇ ਸਮੇਂ ‘ਚ ਆਪਣੇ ਅਸਲੀ ਅਰਥ ਗੁਆ ਲੈਂਦੀਆਂ ਹਨ, ਫਿਰ ਵੀ ਜੇਕਰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਰੋੜ੍ਹਨਾ ਹੀ ਸੀ ਤਾਂ ਅੰਗਰੇਜ਼ ਸਾਮਰਾਜ ਦੇ ਜ਼ੁਲਮਾਂ ਵਿਰੁੱਧ ਭਾਰਤੀ ਲੋਕਾਂ ਦੀ ਲੜਾਈ ਦੇ ਚਿੰਨ੍ਹ ਜਲਿਆਂਵਾਲਾ ਬਾਗ ਆਦਿ ਦੀ ਥਾਂ ‘ਤੇ ਯਾਦਗਾਰ ਜਾਂ ਅਜਿਹੀ ਕੋਈ ਢੁਕਵੀਂ ਯਾਦਗਾਰ ਬਣਾਈ ਜਾ ਸਕਦੀ ਸੀ ਜਿੱਥੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਦਲਿਤਾਂ ਤੇ ਔਰਤਾਂ ਦਾ ਸਾਂਝਾ ਖੂਨ ਡੁਲ੍ਹਿਆ ਹੁੰਦਾ ਤੇ ਅਜਿਹੀ ਯਾਦਗਾਰ ਸਮੁੱਚੇ ਭਾਰਤੀ ਲੋਕਾਂ ਦੀ ਏਕਤਾ ਨੂੰ ਮੂਰਤੀਮਾਨ ਕਰਦੀ। ਪ੍ਰੰਤੂ ਮੋਦੀ ਦਾ ਸੰਕਲਪ ਤਾਂ ਬੀ.ਜੇ.ਪੀ.-ਆਰ.ਐਸ.ਐਸ. ਦੀ ਵਿਚਾਰਧਾਰਾ ਮੁਤਾਬਕ ਸਿਰਫ ਦੇਸ਼ ਦੀ ਭੂਗੋਲਿਕ ਏਕਤਾ ਤੱਕ ਹੀ ਸੀਮਤ ਹੈ ਤੇ ਲੋਕਾਂ ਦੀ ਏਕਤਾ ਦੇ ਤਾਂ ਉਹ ਮੁੱਢੋਂ ਹੀ ਵੈਰੀ ਹਨ। ਉਨ੍ਹਾਂ ਲਈ ਸਰਦਾਰ ਪਟੇਲ ਸਿਰਫ ਇਸੇ ਗੱਲ ਕਰਕੇ ਮਹੱਤਵਪੂਰਨ ਹੈ ਕਿ ਉਸਨੇ ਅੱਡ-ਅੱਡ ਰਿਆਸਤਾਂ ਨੂੰ ਮਿਲਾਕੇ ਭਾਰਤ ਦਾ ਹਿੱਸਾ ਬਣਾਇਆ ਜਦਕਿ ਇਨਾਂ ‘ਚੋਂ ਬਹੁਤੀਆਂ ਰਿਆਸਤਾਂ ਦੇ ਲੋਕ ਤਾਂ ਲੜਾਈ ਲੜਦੇ ਰਹੇ ਹਨ, ਇਕ ਰਿਆਸਤਾਂ ਦੇ ਰਾਜਿਆਂ ਵਿਰੁੱਧ ਤੇ ਦੂਜੀ ਅੰਗਰੇਜ਼ਾਂ ਵਿਰੁੱਧ। ਕਿਉਂਕਿ ਆਰ.ਐਸ.ਐਸ. ਅੰਗਰੇਜ਼ਾਂ ਦੀ ਪਿੱਠੂ ਰਹੀ ਹੈ, ਇਸ ਲਈ ਅੰਗਰੇਜਾਂ ਵਿਰੁੱਧ ਲੋਕਾਂ ਦੀ ਏਕਤਾ ਉਸ ਲਈ ਕੋਈ ਮਹੱਤਵ ਨਹੀਂ ਰੱਖਦੀ। ਇਸੇ ਕਰਕੇ ਹੀ ਇਸ ਮੂਰਤੀ ਦਾ ਨਾਂਅ ਅਮਰੀਕਾ ਸਥਿਤ ‘ਸਟੈਚੂ ਆਫ ਲਿਬਰਟੀ’ ਦੀ ਤਰਜ ‘ਤੇ ‘ਸਟੈਚੂ ਆਫ ਯੂਨਿਟੀ’ ਰੱਖ ਤਾਂ ਲਿਆ ਹੈ, ਪਰ ਇਸ ਯੂਨਿਟੀ ‘ਚੋਂ ਲੋਕ ਗਾਇਬ ਹਨ।
ਹੁਣ ਜਰਾ ਸਰਦਾਰ ਪਟੇਲ ਵੱਲ ਆਉਂਦੇ ਹਾਂ। ਉਹ ਦੇੇਸ਼ ਦੀ ਆਜ਼ਾਦੀ ਦੀ ਲੜਾਈ ਦੀ ਮੋਹਰੀ ਰਾਜਨੀਤਕ ਪਾਰਟੀ ਕਾਂਗਰਸ ਦੇ ਚੋਟੀ ਦੇ ਲੀਡਰਾਂ ‘ਚੋਂ ਇਕ ਸਨ। ਕਿਉਂਕਿ ਦੇਸ਼ ਦੀ ਆਜ਼ਾਦੀ, ਸਾਮਰਾਜੀਆਂ ਤੇ ਦੇਸ਼ ਦੇ ਸਰਮਾਏਦਾਰਾਂ ਜਗੀਰਦਾਰਾਂ ਦੇ ਹਿਤਾਂ ਲਈ ਕੀਤਾ ਗਿਆ ਸਮਝੌਤਾ ਸੀ ਤੇ ਸਰਦਾਰ ਪਟੇਲ ਵੀ ਉਸ ਵਿਚ ਬਰਾਬਰ ਦੇ ਭਾਈਵਾਲ ਸਨ। ਉਨ੍ਹਾਂ ਦਾ ਆਰ.ਐਸ.ਐਸ. ਦੀ ਵਿਚਾਰਧਾਰਾ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ। ਬਲਕਿ ਉਨ੍ਹਾਂ ਨੇ ਗ੍ਰਹਿਮੰਤਰੀ ਵਜੋਂ ਮਹਾਤਮਾ ਗਾਂਧੀ ਦੀ ਹੱਤਿਆ ਉਪਰੰਤ ਆਰ.ਐਸ.ਐਸ. ਵਲੋਂ ਮਨਾਈਆਂ ਖੁਸ਼ੀਆਂ ਤੇ ਲੱਡੂ ਵੰਡੇ ਜਾਣ ਦਾ ਸਖਤ ਵਿਰੋਧ ਕਰਦਿਆਂ ਆਰ.ਐਸ. ਐਸ. ‘ਤੇ ਪਾਬੰਦੀ ਲਗਾਈ ਸੀ ਤੇ ਆਰ.ਐਸ.ਐਸ. ਮੁਖੀ ਗੁਰੂ ਗੋਲਵਾਲਕਰ ਨੂੰ 11 ਸਤੰਬਰ, 1948 ਨੂੰ ਇਕ ਸਖਤ ਚਿੱਠੀ ਵੀ ਲਿਖੀ ਸੀ ਅਤੇ ਸੰਘ ਵਲੋਂ ਲੋਕਾਂ ਨੂੰ ਆਪਸ ਵਿਚ ਲੜਾਉਣ ਦੀਆਂ ਸਾਜਿਸ਼ਾਂ ਵਿਰੁੱਧ ਤਾੜਨਾ ਵੀ ਕੀਤੀ ਸੀ। ਮੋਦੀ ਤੇ ਬੀ.ਜੇ.ਪੀ. ਸਿਰਫ ਛੁਟ-ਪੁੱਟ ਮਸਲਿਆਂ ‘ਤੇ ਪਟੇਲ-ਨਹਿਰੂ ਦੇ ਨਿਗੂਣੇ ਮਤਭੇਦਾਂ ਕਾਰਨ ਹੀ ਉਸਨੂੰ ਵਡਿਆਉਂਦੇ ਹਨ। ਜਦਕਿ ਸੱਚ ਇਹ ਹੈ ਕਿ ਜੋ ਕੁੱਝ ਸੰਘ ਪਰਿਵਾਰ ਅੱਜ ਕਰ ਰਿਹਾ ਹੈ, ਜੇਕਰ ਪਟੇਲ ਜਿਉਂਦੇ ਹੁੰਦੇ ਤਾਂ ਰਾਜਸੀ ਜਮਾਤਾਂ ਦੇ ਨੁਮਾਇੰਦੇ ਵਜੋਂ ਇਨ੍ਹਾਂ ਦੀਆਂ ਕਾਰਵਾਈਆਂ ਦਾ ਸਖਤ ਵਿਰੋਧ ਕਰਦੇ। ਪ੍ਰੰਤੂ ਸਾਡੀਆਂ ਖੱਬੀਆਂ ਧਿਰਾਂ ਲਈ ਪਟੇਲ ਕਿਸੇ ਵੀ ਤਰ੍ਹਾਂ ਏਕਤਾ ਦੇ ਪ੍ਰਤੀਕ ਨਹੀਂ। ਬਲਕਿ ਬਹੁਤ ਵੱਡਾ ਲੋਕ ਵਿਰੋਧੀ ਨੇਤਾ ਹੈ। ਜਿਨ੍ਹਾਂ ਰਿਆਸਤਾਂ ਦਾ ਏਕੀਕਰਨ ਹੋਇਆ ਉਨ੍ਹਾਂ ‘ਚ ਇਕ ਰਿਆਸਤ ਹੈਦਰਾਬਾਦ ਵੀ ਸੀ, ਉਸ ਰਿਆਸਤ ਦੇ ਨਿਜ਼ਾਮ ਆਸਿਫ ਅਲੀਖਾਨ ਤੇ ਉਸਦੀ ਲੱਖਾਂ ਦੀ ਗਿਣਤੀ ਵਿਚ ਖੜ੍ਹੀ ਕੀਤੀ ਰਜਾਕਾਰਾਂ ਦੀ ਗੈਰ ਕਾਨੂੰਨੀ ਗੁੰਡਾ ਫੌਜ ਤੇ ਦੂਜੀ ਫੌਜ ਦੇ ਹੁੰਦਿਆਂ ਕਾਮਰੇਡ ਪੀ.ਸੁੰਦਰਈਆ ਤੇ ਹੋਰ ਆਗੂਆਂ ਦੀ ਅਗਵਾਈ ‘ਚ ਸੰਨ 1946 ਤੋਂ ਕਿਸਾਨਾਂ-ਮਜਦੂਰਾਂ ਦਾ ਹਥਿਆਰਬੰਦ ਘੋਲ ਸਫਲਤਾ ਨਾਲ ਅੱਗੇ ਵੱਧ ਰਿਹਾ ਸੀ, ਜਿਸ ਵਿਚ ਗੁਰੀਲਾ ਤੌਰ ਤਰੀਕੇ ਵੀ ਸ਼ਾਮਲ ਸਨ। ਇਸ ਘੋਲ ਸਦਕਾ ਪਿੰਡਾਂ ਦੇ ਪਿੰਡ ਜਗੀਰਦਾਰਾਂ ਤੋਂ ਆਜ਼ਾਦ ਕਰਵਾ ਕੇ, ਉਨ੍ਹਾਂ ਦੀ ਜਮੀਨ ਕਾਬਜ ਕਿਸਾਨਾਂ ‘ਚ ਵੰਡ ਦਿੱਤੀ ਸੀ ਤੇ ਖੇਤ ਮਜ਼ਦੂਰਾਂ ਦੀਆਂ ਉਜਰਤਾਂ ‘ਚ ਚੌਖਾ ਵਾਧਾ ਕਰ ਦਿੱਤਾ ਸੀ। ਅਜਿਹੇ ਮੌਕੇ ਸਤੰਬਰ 1948 ‘ਚ ਨਿਜਾਮ ਨੂੰ ਮਜ਼ਬੂਰ ਕਰਕੇ ਹੈਦਰਾਬਾਦ ਨੂੰ ਭਾਰਤ ‘ਚ ਸ਼ਾਮਲ ਕਰਨ ਦੇ ਨਾਂਅ ‘ਤੇ ਪਟੇਲ-ਨਹਿਰੂ ਨੇ ਫੌਜ ਭੇਜਕੇ ਗੁਰੀਲਿਆਂ ਤੇ ਕਾਬਜ਼ ਕਿਸਾਨਾਂ, ਮਜ਼ਦੂਰਾਂ ‘ਤੇ ਬੇਤਹਾਸ਼ਾ ਤਸ਼ੱਦਦ ਕੀਤਾ। ਘੋਲ ਜੋ ਦੂਜੇ ਸੂਬਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਸੀ, ਨੂੰ ਕੁਚਲ ਦਿੱਤਾ ਗਿਆ। ਇਸ ਬਾਰੇ ਕਾਮਰੇਡ ਪੀ.ਸੁੰਦਰਈਆ ਦੀ ਕਿਤਾਬ ਜੋ ਅੰਗਰੇਜ਼ੀ ਵਿਚ ਤੇ ਪੀ.ਡੀ.ਐਫ. ਵਿਚ ਉਪਲੱਬਧ ਹੈ ਤੇ ਹਿੰਦੀ ‘ਚ ਛਪੀ ਹੈ ਹਰ ਕਮਿਊਨਿਸਟ ਨੂੰ ਪੜ੍ਹਨੀ ਚਾਹੀਦੀ ਹੈ।
ਹੁਣ ਆਉਂਦੇ ਹਾਂ ਇਸ ਮੂਰਤੀ ਦੇ ਖਰਚ ਵੱਲ, ਜੋ ਕਿ ਲਗਭਗ 3000 ਕਰੋੜ ਰੁਪਏ ਹੈ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਆ ਰਹੀਆਂ ਅੱਡ-ਅੱਡ ਰਿਪੋਰਟਾਂ ਦੇ ਚੱਕਰ ‘ਚ ਪੈਣ ਦੀ ਥਾਂ ਸਿਰਫ ਇੰਨਾ ਦੱਸਣਾ ਹੀ ਕਾਫੀ ਹੈ ਕਿ ਇਸਦਾ ਖਰਚਾ ਅੱਡ-ਅੱਡ ਤੇਲ ਕੰਪਨੀਆਂ, ਜੋ ਮੋਦੀ ਦੀ ਮਿਹਰਬਾਨੀ ਨਾਲ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਰੋਜ਼ਾਨਾ ਵਧਾ ਕੇ ਲੋਕਾਂ ਦਾ ਖੂਨ ਨਿਚੋੜ ਰਹੀਆਂ ਹਨ, ਗੁਜਰਾਤ ਸਰਕਾਰ ਤੇ ਭਾਰਤ ਸਰਕਾਰ ਨੇ ਕੀਤਾ ਹੈ। ਯਾਨਿ ਲੋਕਾਂ ਦੀ ਗਾੜ੍ਹੀ ਕਮਾਈ ਨਾਲ ਇਹ ਮੂਰਤੀ ਬਣੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਦੀ ਸਭ ਤੋਂ ਉਚੀ ਮੂਰਤੀ ਬਣਾ ਕੇ ਭਾਰਤ ਦੀ ਦੁਨੀਆਂ ਭਰ ‘ਚ ਬੱਲੇ ਬੱਲੇ ਹੋ ਰਹੀ ਹੈ। ਜਦਕਿ ਗੱਲ ਉਲਟ ਹੈ। ‘ਟਾਈਮਜ਼ ਆਫ ਇੰਡੀਆ’ ਅਖਬਾਰ ਦੀ 3 ਸਤੰਬਰ 2018 ਦੀ ਖ਼ਬਰ ਮੁਤਾਬਕ ਯੂ.ਕੇ. ਸਰਕਾਰ ਨੇ ਭਾਰਤ ਨੂੰ ਸਾਲ 2018-19 ਲਈ 520 ਲੱਖ ਪਾਊਂਡ ਤੇ 2019-20 ਲਈ 460 ਲੱਖ ਪਾਊਂਡ ਭਾਵ ਕੁੱਲ 980 ਲੱਖ ਪਾਊਂਡ ਆਰਥਿਕ ਸਹਾਇਤਾ ਦਿੱਤੀ ਹੈ। ਇਕ ਪਾਉਂਡ 94-95 ਰੁਪਏ ਦੇ ਕਰੀਬ ਹੈ। ਜੋ ਇਹ ਆਰਥਿਕ ਸਹਾਇਤਾ 2 ਸਾਲਾਂ ਲਈ 9250 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇੰਗਲੈਂਡ ਦੀ ਟੋਰੀ ਪਾਰਟੀ ਦੇ ਐਮ.ਪੀ. ਡੈਵਿਡ ਡੈਵੀਜ਼ ਦਾ ਕਹਿਣਾ ਹੈ ਕਿ ਸਾਨੂੰ ਭਾਰਤ ਨੂੰ ਆਰਥਿਕ ਸਹਾਇਤਾ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ। ਬਾਕੀ ਦੁਨੀਆਂ ਤੋਂ ਵੀ ਅਜਿਹੇ ਪ੍ਰਤੀਕਰਮ ਆ ਰਹੇ ਹਨ। ਜਿਸ ਮੁਲਕ ‘ਚ ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਨਾ ਹੁੰਦੀਆਂ ਹੋਣ ਤੇ ਆਕਸੀਜਨ ਸਿਲੰਡਰਾਂ ਦੀ ਥੁੜ ਕਾਰਨ ਬੱਚੇ ਹਸਪਤਾਲਾਂ ‘ਚ ਸਹਿਕ-ਸਹਿਕ ਮਰ ਰਹੇ ਹੋਣ, ਉਥੇ ਇਹ ਰਕਮ ਸਰਾਸਰ ਫਜ਼ੂਲ ਖਰਚੀ ਹੈ।
ਇਸ ਦਾ ਇਕ ਹੋਰ ਪਹਿਲੂ ਹੈ, ਇਹ ਮੂਰਤੀ ਨਰਮਦਾ ਜ਼ਿਲ੍ਹੇ ਦੇ 72 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਸਥਾਪਤ ਕੀਤੀ ਗਈ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ 31 ਅਕਤੂਬਰ ਨੂੰ ਰੋੋਸ ਤੇ ਸੋਗ ਵਜੋਂ ਆਪਣੇ ਚੁੱਲ੍ਹੇ ਨਹੀਂ ਬਾਲੇ ਤੇ ਉਨ੍ਹਾਂ ਨੇ ਇਸ ਰਸਮ ਦਾ ਬਾਈਕਾਟ ਕੀਤਾ। ਨਰਮਦਾ ਜ਼ਿਲ੍ਹੇ ਦੀ ਕੁੱਲ ਵਸੋਂ ਦਾ 81.6% ਕਬਾਇਲੀ ਲੋਕ ਹਨ, ਉਥੇ ਅਜੇ  ਵੀ 56.22% ਆਬਾਦੀ ਜਨਤਕ ਨਲਕਿਆਂ ਤੋਂ ਪਾਣੀ ਢੋਂਦੀ ਹੈ। ਇਨ੍ਹਾਂ ਲੋਕਾਂ ‘ਚੋਂ ਸਿਰਫ 17.72% ਲੋਕਾਂ ਕੋਲ ਹੀ ਬਾਥਰੂਮ ਦੀ ਸੁਵਿਧਾ ਹੈ। ਨਰਮਦਾ ਜ਼ਿਲ੍ਹੇ ਦੀ ਮਨੁੱਖੀ ਰਿਪੋਰਟ 2016 ਮੁਤਾਬਕ 72.72% ਪਰਿਵਾਰ ਗਰੀਬੀ ਰੇਖਾ ਤੋਂ ਥੱਲੇ ਹਨ। ਇਹ ਜ਼ਿਲ੍ਹਾ ਭਾਰਤੀ ਸੰਵਿਧਾਨ ਦੀ 5ਵੀਂ ਸਡਿਊਲ ਦੀ ਧਾਰਾ 244(1) ਅਧੀਨ ਆਉਂਦਾ ਹੈ, ਤੇ 1996 ਦੇ ਪੇਸਾ (PESA) ਕਾਨੂੰਨ ਅਧੀਨ ਵੀ। ਇਸ ਕਾਨੂੰਨ ਮੁਤਾਬਕ ਸਿਰਫ ਪਿੰਡ ਦੀ ਗਰਾਮ ਸਭਾ ਹੀ ਜ਼ਮੀਨ ਦੇ ਸਕਦੀ ਹੈ, ਸਰਕਾਰ ਖੁਦ ਨਹੀਂ ਲੈ ਸਕਦੀ। ਪਰ ਉਥੇ ਉਨ੍ਹਾਂ ਲੋਕਾਂ ਨਾਲ ਧੱਕਾ ਕਰਕੇ ਜਬਰੀ ਜ਼ਮੀਨ ਖੋਹ ਕੇ ਮੂਰਤੀ ਸਥਲ ਬਣਾਇਆ ਗਿਆ ਹੈ। ਇਸ ਲਈ ਇਹ ਮੂਰਤੀ ਗਰੀਬ, ਲੁੱਟੇ ਪੁੱਟੇ ਜਾਂਦੇ ਲੋਕਾਂ ਦੇ ਰਿਸਦੇ ਜਖ਼ਮਾਂ ਤੇ ਲੂਣ ਦਾ ਕੰਮ ਕਰ ਰਹੀ ਹੈ।

Scroll To Top