‘ਸੰਗਰਾਮੀ ਲਹਿਰ’ ਦੇ ਪਾਠਕਾਂ ਨਾਲ ਅਸੀਂ ਬਹੁਤ ਹੀ ਦੁਖੀ ਹਿਰਦੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਕਿ ਆਰ.ਐਮ.ਪੀ.ਆਈ. ਦੇ ਬਹੁਤ ਹੀ ਸੁਹਿਰਦ, ਸੂਝਵਾਨ ਤੇ ਉਤਸ਼ਾਹੀ ਸਾਥੀ ਕਾਮਰੇਡ ਭੀਮ ਸਿੰਘ ਦ੍ਰਿੜ੍ਹਬਾ 19 ਅਪ੍ਰੈਲ ਸ਼ਾਮ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਦੀ ਮ੍ਰਿਤਕ ਦੇਹ ਦੇ ਅਗਲੇ ਦਿਨ ਕੀਤੇ ਗਏ ਦਾਹ ਸੰਸਕਾਰ ਸਮੇਂ ਲਾਗਲੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮਰਦਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਕਸਬਾ ਦਿੜ੍ਹਬਾ ਦਾ ਸਮੁੱਚਾ ਬਾਜ਼ਾਰ ਬੰਦ ਰਿਹਾ। ਉਹਨਾਂ ਦੀ ਦੇਖ ਰੇਖ ਹੇਠ ਚਲ ਰਹੇ ਸਕੂਲ ਦੀਆਂ ਸੈਂਕੜੇ ਵਿਦਿਆਰਥਣਾਂ ਨੇ ਸਾਥੀ ਭੀਮ ਸਿੰਘ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੀਮ ਸਿੰਘ ਆਲਮਪੁਰ, ਐਮ.ਸੀ.ਪੀ.ਆਈ.(ਯੂ) ਦੇ ਪੀ.ਬੀ. ਮੈਂਬਰ ਕਾਮਰੇਡ ਕਿਰਨਜੀਤ ਸਿੰਘ ਸੇਖੋਂ ਅਤੇ ਆਰ.ਐਮ.ਪੀ.ਆਈ. ਦੇ ਸੂਬਾ ਕਮੇਟੀ ਮੈਂਬਰਾਂ ਨੇ ਵਿਛੜੇ ਸਾਥੀ ਦੀ ਦੇਹ ‘ਤੇ ਸੂਹ ਪਰਚਮ ਪਾ ਕੇ ਇਨਕਲਾਬੀ ਵਿਦਾਇਗੀ ਦਿੱਤੀ। ਅਦਾਰਾ ‘ਸੰਗਰਾਮੀ ਲਹਿਰ’ ਕਾਮਰੇਡ ਭੀਮ ਸਿੰਘ ਦੇ ਹਜ਼ਾਰਾਂ ਸ਼ੁਭਚਿੰਤਕਾਂ ਤੇ ਸਹਿਯੋਗੀਆਂ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।