ਮਾਤਾ ਬਲਵੀਰ ਕੌਰ ਕਪੂਰਥਲਾ ਨੂੰ ਸ਼ਰਧਾਂਜਲੀ
ਰੇਲ ਕਰਮਚਾਰੀਆਂ ਦੇ ਨਾਮਵਰ ਆਗੂ ਅਤੇ ਮਿਸਾਲੀ ਕਮਿਊਨਿਸਟ ਸਾਥੀ ਹਰਚਰਨ ਸਿੰਘ ਕਪੂਰਥਲਾ ਦੀ ਧਰਮ ਪਤਨੀ ਮਾਤਾ ਬਲਬੀਰ ਕੌਰ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ । ਮਾਤਾ ਜੀ ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਬੀਮਾਰ ਚੱਲੇ ਆ ਰਹੇ ਸਨ । ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸਾਥੀ ਪਰਮਜੀਤ ਸਿੰਘ ਅਤੇ ਅਨੇਕਾਂ ਟਰੇਡ ਯੂਨੀਅਨ ਆਗੂਆਂ ਵਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਉੱਪਰ ਲਾਲ ਝੰਡਾ ਪਾਇਆ ਗਿਆ । ਮਾਤਾ ਜੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਆਰਐਮਪੀਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਜਮਹੂਰੀ ਲਹਿਰ ਦੇ ਅਨੇਕਾਂ ਵੱਡੇ ਆਗੂ ਹਾਜਰ ਸਨ ।
ਸਾਥੀ ਪਾਸਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਮਰੇਡ ਹਰਚਰਨ ਸਿੰਘ ਹੋਰਾਂ ਨੇ ਅਨੇਕਾਂ ਦੁਸ਼ਵਾਰੀਆਂ ਝਲਦਿਆਂ, ਬਹੁਤ ਹੀ ਨਿਗੂਣੀਆਂ ਤਨਖਾਹਾਂ ਅਤੇ ਨਾਂਮਾਤਰ ਸਹੂਲਤਾਂ ਦੇ ਦੌਰ ਵਿੱਚ ਰੇਲ ਅਤੇ ਹੋਰਨਾਂ ਟੀ ਯੂ ਘੋਲਾਂ ਦੀ ਈਮਾਨਦਾਰੀ ਨਾਲ ਅਗਵਾਈ ਕੀਤੀ । ਇਹ ਸਾਰੀਆਂ ਦੁਸ਼ਵਾਰੀਆਂ, ਪੁਲਸ ਦੀਆਂ ਸਖ਼ਤੀਆਂ, ਫਾਕਾ ਕਸ਼ੀਆਂ, ਗੱਲ ਕੀ ਕਿਸੇ ਵੀ ਕਠਿਨ ਹਾਲਤ ਵਿੱਚ ਮਾਤਾ ਜੀ ਆਪਣੇ ਪਤੀ ਨਾਲ ਅਡੋਲ ਡਟੇ ਰਹੇ । ਅਦਾਰਾ ‘ਸੰਗਰਾਮੀ ਲਹਿਰ’ ਵੀ ਮਾਤਾ ਜੀ ਦੀਆਂ ਸ਼ਾਨਦਾਰ ਕੁਰਬਾਨੀਆਂ ਨੂੰ ਸਿਜਦਾ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰਦਾ ਹੈ ।
ਸਾਥੀ ਵਧਾਵਾ ਰਾਮ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ
ਸੁਤੰਤਰਤਾ ਸੰਗਰਾਮੀ, ਪ੍ਰਤੀਬੱਧ ਕਮਿਊਨਿਸਟ ਅਤੇ ਸ਼ਾਨਾਮੱਤੇ ਕਿਸਾਨ ਘੁਲਾਟੀਏ ਸਾਥੀ ਵਧਾਵਾ ਰਾਮ ਜੀ ਦਾ ਜਨਮ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਰਵਾਇਤੀ ਉਤਸ਼ਾਹ ਨਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ। ਸਭ ਤੋਂ ਪਹਿਲਾਂ ਸਮੁੱਚੇ ਇਕੱਠ ਨੇ ਸਾਥੀ ਵਧਾਵਾ ਰਾਮ ਦੀ ਯਾਦਗਾਰ ‘ਤੇ ਝੰਡਾ ਲਹਿਰਾਇਆ ਅਤੇ ਉਨ੍ਹਾਂ ਦੇ ਬੁੱਤ ‘ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਹੋਏ ਉਤਸ਼ਾਹਜਨਕ ਸਮਾਗਮ ਦੀ ਪ੍ਰਧਾਨਗੀ ਸਾਥੀ ਵਧਾਵਾ ਰਾਮ ਦੀ ਧਰਮ ਪਤਨੀ ਕਾਮਰੇਡ ਵੀਰਾਂ ਬਾਈ, ਮਾਂਗਾ ਰਾਮ, ਦੁਨੀ ਚੰਦ, ਦਰਸ਼ਨ ਰਾਮ, ਤੇਜਾ ਸਿੰਘ ‘ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਉਕਤ ਜਨਮ ਦਿਵਸ ਸਮਾਰੋਹ ਹਰ ਸਾਲ ਮਨਾਉਣ ਵਾਲੀ ਕਮੇਟੀ ਵਿੱਚ ਸਾਰੀਆਂ ਖੱਬੀਆਂ ਧਿਰਾਂ ਦੇ ਆਗੂ ਸ਼ਾਮਲ ਹਨ। ਇਸ ਮੌਕੇ ਸਾਥੀ ਜਗਸੀਰ ਜੀਦਾ ਦੀ ਮੰਡਲੀ ਵਲੋਂ ਲੋਕ ਪੱਖੀ ਗੀਤ-ਸੰਗੀਤ ਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਕਮੇਟੀ ਵਲੋਂ ਸਾਦ ਮੁਰਾਦਾ ਲੰਗਰ ਵੀ ਸਾਰਿਆਂ ਲਈ ਲਾਇਆ ਗਿਆ ।
ਜਨਮ ਦਿਵਸ ਸਮਾਰੋਹ ਨੂੰ ਸੰਬੋਧਨ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਸਾਥੀ ਬੰਤ ਬਰਾੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੇ ਮੈਂਬਰ ਸਾਥੀ ਸਤਨਾਮ ਸਿੰਘ ਅਜਨਾਲਾ, ਯੂਸੀਪੀਆਈ ਦੇ ਸੂਬਾਈ ਆਗੂ ਸਾਥੀ ਸੁਖਿੰਦਰ ਸਿੰਘ ਧਾਲੀਵਾਲ ਉਚੇਚੇ ਪੁੱਜੇ । ਇਨ੍ਹਾਂ ਆਗੂਆਂ ਨੇ ਸਾਥੀ ਵਧਾਵਾ ਰਾਮ ਦੇ ਘਾਲਣਾਵਾਂ ਭਰਪੂਰ ਮਿਸਾਲੀ ਜੀਵਨ ‘ਤੇ ਚਾਨਣਾ ਪਾਉਂਦੇ ਹੋਏ ਅਜੋਕੇ ਦੌਰ ‘ਚ ਕਿਰਤੀਆਂ ਦੀ ਬੰਦ ਖਲਾਸੀ ਦੇ ਅੰਦੋਲਨ ਸਨਮੁੱਖ ਚੁਣੌਤੀਆਂ ਬਾਬਤ ਵੀ ਗੰਭੀਰ ਵਿਚਾਰ ਪੇਸ਼ ਕੀਤੇ । ਸਾਰੇ ਆਗੂਆਂ ਨੇ ਖੱਬੀ ਤੇ ਪ੍ਰਗਤੀ ਹਾਮੀ ਤਨਜ਼ੀਮ ਦੀ ਇਕਜੁੱਟ ਸੰਗਰਾਮੀ ਪਹਿਲਕਦਮੀ ਨੂੰ ਵਰਤਮਾਨ ਸਮੇਂ ਦੀ ਸੱਭ ਤੋਂ ਪਲੇਠੀ ਅਤੇ ਵੱਡੀ ਲੋੜ ਦਸਿਆ । ਉਨ੍ਹਾਂ ਹਾਜਰ ਲੋਕਾਂ ਨੂੰ ਸਾਥੀ ਵਧਾਵਾ ਰਾਮ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਂਦੇ ਹੋਏ ਲੋਕਾਈ ਦੇ ਹਿੱਤਾਂ ਦੀ ਰਾਖੀ ਲਈ ਜੂਝਣ ਦਾ ਸੱਦਾ ਦਿੱਤਾ । ਆਗੂਆਂ ਨੇ ਲੋਕਾਂ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਖੇਰੂੰ-ਖੇਰੂੰ ਕਰਨ ਲਈ ਯਤਨਸ਼ੀਲ ਫਿਰਕੂ-ਫਾਸ਼ੀ ਤਾਕਤਾਂ ਨੂੰ ਲੋਕਾਂ ਚੋਂ ਨਿਖੇੜਣ ਦੇ ਸੰਗਰਾਮਾਂ ਦੀ ਉਸਾਰੀ ਦੀ ਅਪੀਲ ਕੀਤੀ । ਮੰਚ ਸੰਚਾਲਨ ਸਾਥੀ ਬਖਤਾਵਰ ਸਿੰਘ ਵਲੋਂ ਕੀਤਾ ਗਿਆ। ਸਾਥੀ ਗੁਰਮੇਜ ਲਾਲ ਗੇਜੀ, ਹੰਸ ਰਾਜ ਗੋਲਡਨ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ।
ਰਿਪੋਰਟ : ਰਾਮਕਿਸ਼ਨ ਧੁਨਕੀਆ