ਖਡੂਰ ਸਾਹਿਬ : ਇਥੋਂ ਨੇੜਲੇ ਕਸਬੇ ਵੈਰੋਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਨੇ ਇਕੱਠਿਆਂ ਹੋ ਕੇ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਸਾੜਿਆ| ਅੱਜ ਦੇ ਇਸ ਪੁਤਲਾ ਸਾੜਨ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਤੇ ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ| ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰੇਮ ਸਿੰਘ ਸਰਾਂ ਤਲਵੰਡੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮਜ਼ਦੂਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਹਰ ਇਕ ਮਜ਼ਦੂਰ ਨੂੰ, ਜਿਸ ਦਾ ਘਰ ਨਹੀਂ ਹੈ, ਘਰ ਬਣਾਉਣ ਲਈ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇਗਾ, ਪਰ ਹੁਣ ਇਹ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ ਤੇ ਇਸ ਵਾਅਦੇ ਅਨੁਸਾਰ ਪਿੰਡ ਮੱਖੀ ਕਲਾਂ ਵਿਚ ਦਿਹਾਤੀ ਮਜ਼ਦੂਰ ਸਭਾ ਦਾ ਲੱਗਾ ਪੱਕਾ ਮੋਰਚਾ ਅੱਜ 18ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀ ਮੰਗ ਹੈ ਕਿ ਪਿੰਡ ਵਿਚ ਪਈ 12 ਏਕੜ ਜ਼ਮੀਨ ਜੋ ਕਿ ਸ਼ਾਮਲਾਟ ਅਤੇ ਸਰਕਾਰੀ ਹੈ, ਉਸ ਵਿਚ ਬੇਘਰੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ, ਪਰ ਸਰਕਾਰ ਦਾ ਕੋਈ ਅਧਿਕਾਰੀ ਅਤੇ ਨਾ ਹੀ ਹਲਕਾ ਵਿਧਾਇਕ ਮਜ਼ਦੂਰਾਂ ਦੇ ਇਸ ਲੱਗੇ ਪੱਕੇ ਮੋਰਚੇ ਦੇ ਬਾਵਜੂਦ ਵੀ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਨਾ ਹੀ ਮਜ਼ਦੂਰਾਂ ਦੀ ਇਸ ਹੱਕੀ ਮੰਗ ਵੱਲ ਕੋਈ ਧਿਆਨ ਦੇ ਰਿਹਾ ਹੈ | ਇਸ ਦੇ ਵਿਰੋਧ ਵਿਚ ਮਜ਼ਦੂਰਾਂ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਗੂੜੀ ਨੀਂਦ ਵਿਚੋਂ ਜਗਾਉਣ ਲਈ ਵਿਧਾਇਕ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਵਿਧਾਇਕ ਦਾ ਪੁਤਲਾ ਸਾੜਿਆ | ਇਸ ਮੌਕੇ ਜਸਬੀਰ ਸਿੰਘ ਵੈਰੋਵਾਲ, ਡਾ: ਧਨਵੰਤ ਸਿੰਘ, ਪ੍ਰੇਮ ਸਿੰਘ ਸਰਾਂ ਤਲਵੰਡੀ, ਬਲਵਿੰਦਰ ਸਿੰਘ ਮਿਸਤਰੀ, ਜੋਗਿੰਦਰ ਸਿੰਘ ਖਡੂਰ ਸਾਹਿਬ, ਅਜੈਬ ਸਿੰਘ ਬੋਦੇਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ, ਲੱਖਾ ਸਿੰਘ ਰਾਮਪੁਰ, ਸੁਖਵਿੰਦਰ ਸਿੰਘ ਵੈਰੋਵਾਲ, ਮਨਜੀਤ ਕੌਰ, ਮਨਜੀਤ ਸਿੰਘ, ਦਲਬੀਰ ਸਿੰਘ, ਅਵਤਾਰ ਸਿੰਘ ਆਦਿ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਾਜ਼ਰ ਸਨ |