ਜੋਧਾਂ : ਔਰਤਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਔਰਤਾਂ ‘ਤੇ ਹੋ ਰਹੇ ਜਬਰ-ਜ਼ੁਲਮ ਖ਼ਿਲਾਫ਼ ਅਤੇ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਤੇ ਨਾਰੀ ਵਿਰੋਧੀ ਨੀਤੀਆਂ ਖ਼ਿਲਾਫ਼ ਜਨਵਾਦੀ ਇਸਤਰੀ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਵੱਲੋਂ ਵਿੱਢੀ ਮੁਹਿੰਮ ਤਹਿਤ ਪਿੰਡਾਂ ‘ਚ ਮੀਟਿੰਗਾਂ ਦਾ ਦੌਰਾ ਜਾਰੀ ਹੈ। ਇਸ ਦੇ ਤਹਿਤ ਔਰਤਾਂ ਨੂੰ ਜਥੇਬੰਦ ਕਰਨ ਲਈ ਇਸਤਰੀ ਸਭਾਵਾਂ ਦਾ ਗਠਨ ਕੀਤਾ ਜਾ ਰਿਹਾ ਹੈ। ਹਲਕਾ ਦਾਖਾ ਦੇ ਨਾਮਵਰ ਪਿੰਡ ਲਤਾਲਾ ਵਿਖੇ ਜਨਵਾਦੀ ਇਸਤਰੀ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਲਤਾਲਾ ਦੇ ਆਗੂਆਂ ਦਵਿੰਦਰ ਸਿੰਘ ਰਾਣਾ ਅਤੇ ਚਰਨਜੀਤ ਲਤਾਲਾ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਹੋਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਗੁਰਿੰਦਰ ਕੌਰ ਨੇ ਕਿਹਾ ਕਿ ਜਨਵਾਦੀ ਇਸਤਰੀ ਸਭਾ ਔਰਤਾਂ ਦੇ ਹੱਕਾਂ ਦੀ ਲੜਾਈ ਲੜਨ ਦੇ ਨਾਲ-ਨਾਲ ਨਸ਼ਿਆਂ ਖ਼ਿਲਾਫ਼ ਡਟ ਕੇ ਨਸ਼ਾ ਸੌਦਾਗਰਾਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਡੱਕਣ ਦੀ ਵੀ ਲੜਾਈ ਲੜ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਨਵਾਦੀ ਇਸਤਰੀ ਸਭਾ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨੂੰ ਨਸ਼ਾ ਵੰਡਣ ਦੀ ਆਗਿਆ ਨਹੀਂ ਦੇਵੇਗੀ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਆਗੂ ਕੁਲਦੀਪ ਕੌਰ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਆਪਣੀ ਜਥੇਬੰਦੀ ਵੱਲੋਂ ਇਸਤਰੀ ਸਭਾ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਰਾਜਦੀਪ ਕੌਰ ਪ੍ਰਧਾਨ, ਮਹਿੰਦਰ ਪਾਲ ਕੌਰ ਤੇ ਗਗਨਦੀਪ ਕੌਰ (ਦੋਵੇਂ ਮੀਤ ਪ੍ਰਧਾਨ), ਚਰਨਜੀਤ ਕੌਰ ਸਕੱਤਰ, ਪਰਮਜੀਤ ਕੌਰ ਜੁਆਇੰਟ ਸਕੱਤਰ, ਸ਼ਿੰਦਰਪਾਲ ਕੌਰ ਜੁਆਇੰਟ ਸਕੱਤਰ, ਅਮਨਦੀਪ ਕੌਰ ਖ਼ਜ਼ਾਨਚੀ, ਜਸਪਾਲ ਕੌਰ ਸਹਾਇਕ ਖ਼ਜ਼ਾਨਚੀ, ਜਸਵੀਰ ਕੌਰ, ਪ੍ਰੇਮ ਸਕੱਤਰ ਚੁਣੀਆਂ ਗਈਆਂ। ਇਸ ਤੋਂ ਇਲਾਵਾ 13 ਮੈਂਬਰੀ ਕਮੇਟੀ ਚੁਣੀ ਗਈ।