ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਉਤਰ ਪ੍ਰਦੇਸ਼ ਦੇ ਜਾਲੌਣ ਵਿਖੇ 296 ਕਿਲੋ ਮੀਟਰ ਲੰਬੇ ‘ਬੁੰਦੇਲ ਖੰਡ ਐਕਸਪ੍ਰੈਸ ਵੇਅ’ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਹੁਣ ‘ਰਿਉੜੀਆਂ ਵੰਡਣ’ ਦੀ ਰਾਜਨੀਤੀ ਦੇ ਦਿਨ ਪੁੱਗ ਗਏ ਹਨ। ਇਹੀ ਗੱਲ ਉਨ੍ਹਾਂ ਹਰਿਆਣਾ ਦੇ ਪਾਣੀਪਤ ਵਿਖੇ ਹੋਏ ਅਜਿਹੇ ਹੀ ਇਕ ਸਮਾਗਮ ’ਚ ਮੁੜ ਦੁਹਰਾਈ ਸੀ। ‘ਸ਼੍ਰੀ ਮੋਦੀ’, ਦਰਅਸਲ ਭਾਜਪਾ ਵਿਰੋਧੀ ਰਾਜਸੀ ਪਾਰਟੀਆਂ ਦੇ ਚੋਣ ਵਾਅਦਿਆਂ ਅਤੇ ਗਰੀਬਾਂ ਨੂੰ ਰਿਆਇਤਾਂ ਦੇਣ ਦੇ ਐਲਾਨਾਂ ਦੀ ਖਿੱਲੀ ਉਡਾ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਇਹ ਰਵੱਈਆ ਦੇਸ਼ ਦੇ ਵਿਕਾਸ ਦੇ ਰਾਹ ਦੀ ਰੁਕਾਵਟ ਹੈ। ਕੈਸਾ ਵਿਰੋਧਾਭਾਸ ਹੈ! ‘ਪ੍ਰਧਾਨ ਸੇਵਕ’ ਜੀ ਸੰਸਦ ਵਿਚ ਅਤੇ ਜਨਤਕ ਮੰਚਾਂ ਤੋਂ ਇਹ ਕਹਿਕੇ ਆਪਣੀ ਪਿੱਠ ਆਪ ਥਾਪੜਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਸਰਕਾਰ 80 ਕਰੋੜ ਦੇਸ਼ ਵਾਸੀਆਂ ਨੂੰ ਮੁਫ਼ਤ ਰਾਸ਼ਨ ਵੰਡਦੀ ਹੈ। ਕੀ ਰਾਜ ਕਰਦੀ ਪਾਰਟੀ ਲਈ ਅਜਿਹਾ ਕਰਨਾ ਜਾਇਜ਼ ਹੈ? ਦੇਸ਼ ਵਾਸੀ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕੀ ਦੇਸ਼ ਦੇ ਅਜਾਰੇਦਾਰ ਘਰਾਣਿਆਂ ਨੂੰ ਟੈਕਸਾਂ ’ਚ ਛੋਟ, ਆਰਥਿਕ ਪੈਕੇਜ਼ ਦੇਣੇ ਅਤੇ ਉਨ੍ਹਾਂ ਦੇ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾਉਣੇ ‘ਰਿਊੜੀਆਂ ਵੰਡਣ’ ’ਚ ਨਹੀਂ ਗਿਣੇ ਜਾਣੇ ਚਾਹੀਦੇ? ਅਸੀਂ ਹੇਠਾਂ ਦੋ ਉਦਾਹਰਣਾਂ ਰਾਹੀਂ ਪਾਠਕਾਂ ਨੂੰ ਚਾਨਣ ਹੋ ਜਾਵੇਗਾ ਕਿ ਮਹਿੰਗਾਈ, ਗੁਰਬਤ, ਬੇਰੁਜ਼ਗਾਰੀ ਦੇ ਝੰਬੇ ਲੋਕਾਂ ’ਤੇ ਟੈਕਸਾਂ ਦਾ ਬੋਝ ਲੱਦਣ ਵਾਲੀ ਸਰਕਾਰ ‘ਨਿਰਧਨ’ ਕਾਰਪੋਰੇਟ ਘਰਾਣਿਆਂ ’ਤੇ ਕਿੰਨੀ ‘ਦਿਆ ਦਿ੍ਰਸ਼ਟੀ’ ਦਿਖਾ ਰਹੀ ਹੈ। – ਰਵੀ ਕੰਵਰ

- ਕਰਜ਼ਾ ਮੁੱਕਰ ਕੇ ਬਣੇ ਧਨਾਢ
ਦੁਨੀਆਂ ਦੇ ਚੌਥੇ ਸਭ ਤੋਂ ਅਮੀਰ ਭਾਰਤੀ ਸਨਅਤਕਾਰ ਗੌਤਮ ਅਡਾਨੀ ਦੇਸ਼ ਦੇ ਬੈਂਕਾਂ ਦੇ ਸਭ ਤੋਂ ਵੱਡੇ ਕਰਜ਼ਦਾਰ ਹਨ। ਇਕ ਸਾਲ ਪਹਿਲਾਂ ਉਨ੍ਹਾਂ ਸਿਰ ਕੁੱਲ ਕਰਜ਼ਾ ਇਕ ਲੱਖ ਸਤਵੰਜਾ ਹਜ਼ਾਰ ਕਰੋੜ (1.57 ਲੱਖ ਕਰੋੜ) ਰੁਪਏ ਸੀ, ਜੋ ਸਾਲ ’ਚ ਹੀ 42% ਵੱਧ ਕੇ ਦੋ ਲੱਖ ਇਕ ਹਜ਼ਾਰ ਕਰੋੜ (2.21 ਲੱਖ ਕਰੋੜ) ਰੁਪਏ ਹੋ ਗਿਆ ਹੈ। ਉਸਦੀ ਕੁੱਲ ਪੂੰਜੀ ਜੇਕਰ 100 ਰੁਪਏ ਹੈ ਤਾਂ ਉਸਦਾ ਕਰਜ਼ਾ 236 ਰੁਪਏ ਹੈ। ਯਾਨਿ ਕਿ ਅਡਾਨੀ ਸਮੂਹ ਦਾ ਕਰਜ਼ਾ ਤੇ ਹਿੱਸਾ ਪੂੰਜੀ ਦਾ ਅਨੁਪਾਤ 2.36 ’ਤੇ ਪੁੱਜ ਗਿਆ ਹੈ। ਇਹੀ ਅਨੁਪਾਤ, ਮਾਰਚ 2021 ਵਿਚ 2.02 ਅਤੇ ਮਾਰਚ 2019 ਵਿਚ 1.98 ਸੀ।
ਰਾਜ ਸਭਾ ਮੈਂਬਰ ਸੰਜੇ ਸਿੰਘ ਅਨੁਸਾਰ ਸਾਲ 2017 ਵਿਚ ਮੋਦੀ ਸਰਕਾਰ ਇਸ ‘ਗਰੀਬ’ ਦਾ 72000 ਕਰੋੜ ਰੁਪਏ ਦਾ ਕਰਜ਼ਾ ਵੀ ਵੱਟੇ-ਖਾਤੇ ਵਿਚ ਪਾ ਚੁੱਕੀ ਹੈ। ਹਾਲਾਂਕਿ ਭਾਜਪਾ ਦੇ ਹੀ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ, ਅਡਾਨੀ ਦਾ ਸਾਢੇ ਚਾਰ ਲੱਖ ਕਰੋੜ ਰੁਪਏ (4.5 ਲੱਖ ਕਰੋੜ) ਦਾ ਕਰਜ਼ਾ ਵੱਟੇ-ਖਾਤੇ ’ਚ ਪਾਏ ਜਾਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਜਨਵਰੀ 2021 ’ਚ ਕੀਤੇ ਆਪਣੇ ਇਕ ਟਵੀਟ ਰਾਹੀਂ ਕਿਹਾ ਸੀ, ‘‘ਕਲਾਬਾਜ ਅਡਾਨੀ ਦੀ ਦੌਲਤ 2016 ਤੋਂ ਲੈਕੇ ਹੁਣ ਤੱਕ ਹਰ ਦੋ ਸਾਲਾਂ ਵਿੱਚ ਦੁੱਗਣੀ ਹੁੰਦੀ ਜਾ ਰਹੀ ਹੈ। ਫਿਰ ਉਹ ਬੈਂਕਾਂ ਦਾ ਕਰਜ਼ਾ ਕਿਉਂ ਨਹੀਂ ਚੁਕਾ ਸਕਦਾ? ਜਿਵੇਂ ਉਸਨੇ 6 ਹਵਾਈ ਅੱਡੇ ਖਰੀਦੇ ਹਨ, ਹੋ ਸਕਦਾ ਹੈ ਉਵੇਂ ਹੀ ਨੇੜ ਭਵਿੱਖ ਵਿੱਚ ਉਹ ਉਨ੍ਹਾਂ ਸਭ ਬੈਂਕਾਂ ਨੂੰ ਵੀ ਖਰੀਦ ਲਵੇ, ਜਿਨ੍ਹਾਂ ਦਾ ਉਸਨੇ ਕਰਜ਼ਾ ਦੇਣਾ ਹੈ!’’
ਗੁਜਰਾਤ ਨਾਲ ਸਬੰਧਤ ਗੌਤਮ ਅਡਾਨੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖਾਸਮਖਾਸ ਪੂੰਜੀਪਤੀ ਹੈ। ਜਦੋਂ ਤੋਂ ਦੇਸ਼ ਦੀ ਸੱਤਾ ਭਾਜਪਾ ਦੇ ਹੱਥ ਆਈ ਹੈ ਉਦੋਂ ਤੋਂ ਦੇਸ਼ ਦੀ 80 ਕਰੋੜ ਜਨਤਾ 5 ਕਿਲੋ ਮੁਫ਼ਤ ਰਾਸ਼ਨ ਰਾਹੀਂ ਢਿੱਡ ਭਰਨ ਲਈ ਮਜ਼ਬੂਰ ਹੈ ਅਤੇ ਗਰੀਬੀ ਦੇ ਮਾਮਲੇ ਵਿਚ ਭਾਰਤ ਅਫਰੀਕੀ ਦੇਸ਼ ਨਾਈਜ਼ੀਰੀਆ ਤੋਂ ਵੀ ਥੱਲੇ ਪੁੱਜ ਗਿਆ ਹੈ।
ਦੂਜੇ ਪਾਸੇ ਗੌਤਮ ਅਡਾਨੀ, ਜੋ ਮੋਦੀ ਦੇ ਸੱਤਾ ਸੰਭਾਲਣ ਤੋਂ ਪਹਿਲਾਂ 2.8 ਅਰਬ ਅਮਰੀਕੀ ਡਾਲਰ ਦੀ ਕੁੱਲ ਪੂੰਜੀ ਨਾਲ ਦੁਨੀਆਂ ਦੇ ਅਮੀਰਾਂ ਦੀ ਸੂਚੀ ਵਿਚ 609ਵੇਂ ਨੰਬਰ ’ਤੇ ਸੀ, ਅੱਜ ਮੋਦੀ ਦੀ ‘ਕਿਰਪਾ ਦਿ੍ਰਸ਼ਟੀ’ ਸਦਕਾ 116.4 ਅਰਬ ਡਾਲਰ ਪੂੰਜੀ ਨਾਲ ਸੰਸਾਰ ਦਾ ਚੌਥਾ (ਹੁਣ 137 ਅਰਬ ਡਾਲਰ ਸਮੇਤ ਤੀਜਾ) ਸਭ ਤੋਂ ਅਮੀਰ ਵਿਅਕਤੀ ਬਣ ਚੁੱਕਾ ਹੈ। ਇੰਨਾ ਹੀ ਨਹੀਂ ਮੋਦੀ ਦੇ ‘ਆਸ਼ੀਰਵਾਦ’ ਨਾਲ ਬੀਤੇ 8 ਸਾਲਾਂ ਵਿਚ ਉਸਦੀ ਪੂੰਜੀ ਵਿਚ 41 ਗੁਣਾ ਤੋਂ ਵੀ ਵਧੇਰੇ ਦਾ ਵਾਧਾ ਹੋਇਆ ਹੈ। ਦੇਸ਼ ਦੇ ਅਮੀਰਾਂ ਦੀ ਸੂਚੀ ਵਿਚ 2014 ਵਿਚ 11ਵੇਂ ਨੰਬਰ ’ਤੇ ਖੜ੍ਹਾ ਗੌਤਮ ਅਡਾਨੀ ਹੁਣ ਪਹਿਲੇ ਨੰਬਰ ’ਤੇ ਪੁੱਜ ਗਿਆ ਹੈ।
ਉਸ ਦੀ ਇਸ ਤਰੱਕੀ ਦਾ ਰਾਜ ਹੈ, ਸਰਕਾਰੀ ਹਵਾਈ ਅੱਡਿਆਂ ਸਮੇਤ ਜਨਤਕ ਖੇਤਰ ਦੇ ਅਨੇਕਾਂ ਅਦਾਰਿਆਂ ਦਾ ਉਸਦੀ ਮਾਲਕੀ ਹੇਠ ਚਲੇ ਜਾਣਾ। ਇਹ ਚਰਚੇ ਵੀ ਆਮ ਹਨ ਕਿ ਮੋਦੀ ਆਪਣੇ ਅਹੁਦੇ ਦਾ ਬੇਜ਼ਾ ਇਸਤੇਮਾਲ ਕਰਕੇ ਵਿਦੇਸ਼ਾਂ ਵਿਚ ਵੀ ਅਡਾਨੀ ਨੂੰ ਪ੍ਰਾਜੈਕਟ ਦੁਆਉਣ ਦਾ ਸੰਗੀਨ ਗੁਨਾਹ ਕਰਦੇ ਹਨ, ਜਿਸ ਦੀ ਪੁਸ਼ਟੀ ਸ਼੍ਰੀਲੰਕਾ ਦੇ ‘ਸੀਲੋਨ ਇਲੈਕਟਰੀਸਿਟੀ ਬੋਰਡ’ ਦੇ ਚੇਅਰਮੈਨ ਐਮ.ਏ.ਸੀ. ਫਰਡੀਨਾਂਡੋ ਨੇ ਇਕ ਸੰਸਦੀ ਕਮੇਟੀ ਸਾਹਮਣੇ ਦਿੱਤੇ ਬਿਆਨ ਤੋਂ ਬਾਖ਼ੂਬੀ ਹੰੁਦੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਸ਼੍ਰੀ ਲੰਕਾ ਵਿੱਚ ਚੱਲੇ ਜਨ ਸੰਘਰਸ਼ ਕਰਕੇ ਦੇਸ਼ ਛੱਡ ਕੇ ਭੱਜੇ ਰਾਸ਼ਟਰਪਤੀ ਗੋਟਾਵਾਇਆ ਰਾਜਪਕਸ਼ੇ ਉੱਪਰ ਊਰਜਾ ਪ੍ਰਾਜੈਕਟ ਅਡਾਨੀ ਗਰੁੱਪ ਨੂੰ ਦੇਣ ਲਈ ਦਬਾਅ ਪਾਇਆ ਸੀ। ਇਹੋ ਹੈ ਅਸਲ ਕਹਾਣੀ, ਗੌਤਮ ਅਡਾਨੀ ਦੇ ਦੁਨੀਆਂ ਦਾ ਚੌਥੇ ਨੰਬਰ ਦਾ ਅਮੀਰ ਬਨਣ ਦੀ। - ਕਾਰਪੋਰੇਟਾਂ ਦੇ ਵੱਟੇ ਖਾਤੇ ਪਾਏ ਕਰਜ਼ੇ
- ਦੇਸ਼ ਦੇ ਵਿੱਤ ਰਾਜ ਮੰਤਰੀ ਸ਼੍ਰੀ ਭਗਵਤ ਕੇ. ਕਰਾਡ ਵਲੋਂ 2 ਅਗਸਤ ਨੂੰ ਦੇਸ਼ ਦੀ ਸੰਸਦ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪਿਛਲੇ ਪੰਜਾਂ ਸਾਲਾਂ ਵਿਚ ਬੈਂਕਾਂ ਵਲੋਂ 9,91,640 ਕਰੋੜ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾਏ ਗਏ ਹਨ
- ਵੱਟੇ ਖਾਤੇ ਪਾਏ ਗਏ ਕਰਜ਼ਿਆਂ ਬਾਰੇ ਇਕ ਹੋਰ ਭੁਲੇਖਾ ਪਾਇਆ ਜਾਂਦਾ ਹੈ ਕਿ ਵੱਟੇ ਖਾਤੇ ਪਾਏ ਕਰਜ਼ੇ, ਮਾਫ ਨਹੀਂ ਕੀਤੇ ਗਏ ਹਨ। ਇਹ ਰਕਮ ਬੈਂਕਾਂ ਨੇ ਆਪਣੀਆਂ ਬੈਲੇਂਸ ਸ਼ੀਟਾਂ ਨੂੰ ਸਾਫ ਕਰਨ ਹਿੱਤ ਵੱਟੇ ਖਾਤੇ ਪਾਈ ਹੈ। ਇਹ ਉਗਰਾਹੀ ਜਾ ਸਕਦੀ ਹੈ। ਆਓ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਦੀ ਤਸਵੀਰ ਉਤੇ ਇਕ ਝਾਤ ਮਾਰੀਏ।
- ਉਪਰਲੀ ਸਾਰਣੀ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਕਹਿਣਾ ਕਿ ਵੱਟੇ ਖਾਤੇ ਪਏ ਕਰਜ਼ੇ ਮਾਫ ਕੀਤੇ ਕਰਜ਼ੇ ਨਹੀਂ ਹਨ, ਬਿਲਕੁਲ ਵੀ ਦਰੁਸਤ ਨਹੀਂ ਹੈ। ਕਿਉਂਕਿ 2014 ਤੋਂ ਲੈ ਕੇ 2018-19 ਵਿੱਤੀ ਸਾਲ ਤੱਕ ਵੱਟੇ ਖਾਤੇ ਪਏ ਕੁੱਲ ਕਰਜ਼ੇ 6,35,164 ਕਰੋੜ ਰੁਪਏ ਦੇ ਸਨ, ਜਦਕਿ ਵਸੂਲੀ ਗਈ ਰਕਮ ਸਿਰਫ 62,220 ਕਰੋੜ ਰੁਪਏ ਸੀ, ਜਿਹੜੀ ਕਿ ਕੁੱਲ ਵੱਟੇ ਪਏ ਕਰਜ਼ੇ ਦਾ ਸਿਰਫ 9.79% ਹੀ ਬਣਦੀ ਹੈ। ਭਾਵ ਜੇਕਰ ਇਹ ਕਰਜ਼ਾ 100 ਰੁਪਏ ਸੀ ਤਾਂ ਸਿਰਫ 9 ਰੁਪਏ 79 ਪੈਸੇ ਹੀ ਵਸੂਲੇ ਗਏ ਹਨ। ਇੱਥੇ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਦੇ ਸੱਤਾ ਗ੍ਰਹਿਣ ਕਰਨ ਤੋਂ ਬਾਅਦ ਇਹ ਵੱਟੇ ਖਾਤੇ ਪਏ ਕਰਜ਼ੇ ਨਿਰੰਤਰ ਵੱਧਦੇ ਹੀ ਚਲੇ ਜਾ ਰਹੇ ਹਨ। ਮੋਦੀ ਸਰਕਾਰ ਦੇ ਪਹਿਲੇ ਸਾਲ 2014-15 ਵਿਚ ਇਹ 58,785 ਕਰੋੜ ਰੁਪਏ ਸਨ ਅਤੇ ਹਰ ਸਾਲ ਵੱਧਦੇ ਹੋਏ, 2018-19 ਤੱਕ ਪੰਜਾਂ ਸਾਲਾਂ ਵਿਚ ਇਹ ਵੱਧ ਕੇ 1,99,119 ਕਰੋੜ ਰੁਪਏ ਤੀਕ ਪੁੱਜ ਗਏ ਸਨ ਭਾਵ 2014-15 ਦੇ ਮੁਕਾਬਲੇ ਵਿਚ ਤਿਗੁਣੇ ਤੋਂ ਵੀ ਵੱਧ। ਇਨ੍ਹਾਂ ਵੱਟੇ ਖਾਤੇ ਪਾਏ ਕਰਜ਼ਿਆਂ ਵਿਚ 90% ਕਰਜ਼ੇ 5 ਕਰੋੜ ਰੁਪਏ ਤੋਂ ਵਧੇਰੇ ਰਕਮਾਂ ਵਾਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ‘ਰਸੂਖਵਾਨਾਂ’ ਦੀ ਕਿੰਨੀ ‘ਇਮਦਾਦ’ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ। ਇਕ ਹੋਰ ਮਹੱਤਵਪੂਰਨ ਤੱਥ ਜਿਹੜਾ ਕਿ ਆਰ.ਟੀ.ਆਈ. ਰਾਹੀਂ ਸਾਹਮਣੇ ਆਇਆ ਹੈ, ਉਸ ਅਨੁਸਾਰ ਪਿਛਲੇ 7 ਸਾਲਾਂ ਵਿਚ ਕੇਂਦਰ ਸਰਕਾਰ ਨੇ ਲਗਭਗ 11 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਹਨ ਜਿਹੜੇ ਕਿ 2014 ਤੱਕ ਰਹੀ ਯੂ.ਪੀ.ਏ. ਸਰਕਾਰ ਵਲੋਂ ਮਾਫ ਕੀਤੇ ਗਏ ਕਰਜ਼ਿਆਂ ਤੋਂ ਲਗਭਗ 5 ਗੁਣਾ ਵਧੇਰੇ ਹਨ।
- ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਆਮ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਫ਼ਤ ਰਾਸ਼ਨ, ਬਿਜਲੀ ਵਿਚ ਛੋਟ ਆਦਿ ਨੂੰ ‘ਰੇਵੜੀਆਂ’ ਦੱਸਕੇ ਭੰਡਿਆ ਜਾ ਰਿਹਾ ਹੈ ਜਦੋਂਕਿ ਦੇਸ਼ ਦੇ ਕਾਰਪੋਰੇਟਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਵੱਟੇ ਖਾਤੇ ਵਿਚ ਪਾਉਣ ਤੋਂ ਬਿਨਾਂ ਉਨ੍ਹਾਂ ਨੂੰ ਟੈਕਸਾਂ ਵਿਚ ਛੋਟ ਅਤੇ ਪ੍ਰੋਤਸਾਹਨਾਂ ਦੇ ਰੂਪ ਵਿਚ ਵੀ ਲੱਖਾਂ ਕਰੋੜ ਰੁਪਏ ਦੀਆਂ ਸੁਗਾਤਾਂ ਦਿੱਤੀਆਂ ਜਾਂਦੀਆਂ ਹਨ। ਅਸਲ ਵਿਚ ਮੋਦੀ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਪ੍ਰਯਾਸ’ ਦੀ ਥਾਂ ਗਰੀਬਾਂ ਦੀ ਛਿੱਲ ਲਾਹ ਕੇ ਕੇਵਲ ‘ਕਾਰਪੋਰੇਟਾਂ ਦਾ ਵਿਕਾਸ’ ਦੇ ਨਾਅਰੇ ਉਤੇ ਹੀ ਅਮਲ ਕਰ ਰਹੀ ਹੈ।