ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਨਿਤਿਨ ਗਡਕਰੀ ਵਲੋਂ ਰਾਖਵੇਂਕਰਨ ਦੀ ਵਿਵਸਥਾ ਨੂੰ ਖ਼ਤਮ ਕਰਨ ਸਬੰਧੀ ਦਿੱਤੇ ਗਏ ਸੰਕੇਤ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਆਰ.ਐਮ.ਪੀ.ਆਈ. ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਬਿਆਨ ਮੋਦੀ ਸਰਕਾਰ ਦੇ ਇਰਾਦਿਆਂ ਨੂੰ ਸਪੱਸ਼ਟ ਕਰਦਾ ਹੈ ਕਿ ਉਸਨੂੰ ਦੇਸ਼ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਈ ਵੀ ਚਿੰਤਾ ਨਹੀਂ ਹੈ। ਇਸਦੇ ਨਾਲ ਹੀ ਨਿਤਿਨ ਗਡਕਰੀ ਨੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਇਹ ਕਹਿਕੇ ਫੂਕ ਵੀ ਕੱਢ ਦਿੱਤੀ ਹੈ ਕਿ ”ਦੇਸ਼ ਵਿਚ ਨੌਕਰੀਆਂ ਸੁੰਗੜਦੀਆਂ ਜਾ ਰਹੀਆਂ ਹਨ। ਜਦੋਂ ਕੇਂਦਰੀ ਸਰਕਾਰ ਨੇ ਨਵੀਂ ਭਰਤੀ ਉਪਰ ਪਾਬੰਦੀ ਹੀ ਲਗਾ ਦਿੱਤੀ ਹੈ, ਤਦ ਰਿਜ਼ਰਵੇਸ਼ਨ ਨਾਲ ਅਨੁਸੂਚਿਤ ਤੇ ਪੱਛੜੀਆਂ ਜਾਤੀਆਂ ਨੂੰ ਨੌਕਰੀ ਕਿਵੇਂ ਮਿਲ ਸਕਦੀ ਹੈ”। ਭਾਜਪਾ ਆਗੂ ਨੇ ਅੱਗੇ ਸੰਘ ਦੀ ਬੋਲੀ ਬੋਲਦਿਆਂ ਅਨੁਸੂਚਿਤ ਤੇ ਪੱਛੜੀਆਂ ਜਾਤੀਆਂ ਲਈ ਨੌਕਰੀਆਂ ਵਿਚ ਰਿਜ਼ਰਵੇਸ਼ਨ ਦੇਣ ਦੀ ਮੰਗ ਨੂੰ ਖਤਮ ਕਰਨ ਦਾ ਸੰਕੇਤ ਵੀ ਦੇ ਦਿੱਤਾ ਹੈ। ਸਾਥੀ ਮੰਗਤ ਰਾਮ ਪਾਸਲਾ ਤੇ ਸਾਥੀ ਹਰਕੰਵਲ ਸਿੰਘ ਨੇ ਬਿਆਨ ਵਿਚ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਤੇ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਹੀ ਬੇਕਾਰੀ ਵਿਚ ਵਾਧਾ ਹੋ ਰਿਹਾ ਹੈ ਤੇ ਪੁਰਾਣੀਆਂ ਨੌਕਰੀਆਂ ਮੁੱਕ ਰਹੀਆਂ ਹਨ। ਇਨ੍ਹਾਂ ਨੀਤੀਆਂ ਨੂੰ ਬੰਦ ਕਰਕੇ ਸਮੁੱਚੇ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਚਾਹੀਦਾ ਹੈ। ਬਿਨਾਂ ਸ਼ੱਕ ਆਰਥਿਕ ਤੌਰ ‘ਤੇ ਪੱਛੜੇ ਹਰ ਵਿਅਕਤੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਕਿਉਂਕਿ ਗਰੀਬੀ ਦਾ ਸੰਬੰਧ ਕਿਸੇ ਜਾਤ ਨਾਲ ਨਹੀਂ ਹੁੰਦਾ ਪ੍ਰੰਤੂ ਗਡਕਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗਰੀਬੀ ਦਾ ਸੰਬੰਧ ਤਾਂ ਕਿਸੇ ਜਾਤ ਨਾਲ ਨਹੀਂ ਹੁੰਦਾ, ਪ੍ਰੰਤੂ ਸਮਾਜਿਕ ਜਬਰ ਅਤੇ ਸਮਾਜਿਕ ਤੌਰ ‘ਤੇ ਪੱਛੜਾਪਨ ਜ਼ਰੂਰ ਪੱਛੜੀਆਂ ਤੇ ਕਥਿਤ ਤੌਰ ‘ਤੇ ਨੀਵੀਆਂ ਜਾਤੀਆਂ ਦੇ ਹਿੱਸੇ ਹੀ ਆਉਂਦਾ ਹੈ। ਸਦੀਆਂ ਤੋਂ ਚਲ ਰਹੇ ਇਸ ਅਮਾਨਵੀ ਪ੍ਰੰਪਰਾ ਨੂੰ ਸਦਾ ਵਾਸਤੇ ਖ਼ਤਮ ਕਰਨਾ ਹੋਵੇਗਾ, ਪ੍ਰੰਤੂ ਅਜੇ ਦਲਿਤਾਂ ਤੇ ਹੋਰ ਪੱਛੜੀਆਂ ਸ਼੍ਰੇਣੀਆਂ ਦਾ ਲੋਕਾਂ ਨੂੰ ਨੌਕਰੀਆਂ ਤੇ ਵਿਦਿਆ ਵਿਚ ਰਾਖਵਾਂਕਰਨ ਅਤਿਅੰਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਹੈ ਕਿ ਅਸਲ ਵਿਚ ਸੰਘ ਪਰਿਵਾਰ ਸਮਾਜ ਵਿਚ ਮਨੂੰਵਾਦੀ ਵਿਵਸਥਾ ਲਾਗੂ ਕਰਨ ਲਈ ਬਜਿੱਦ ਹੈ, ਜਿਥੇ ਦਲਿਤਾਂ, ਔਰਤਾਂ ਤੋਂ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਬਾਕੀ ਸਮਾਜ ਵਾਂਗ ਗਰੀਬੀ, ਮਹਿੰਗਾਈ, ਬੇਕਾਰੀ ਤੇ ਭੁੱਖਮਰੀ ਵਰਗੀਆਂ ਅਲਾਮਤਾਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਸਮਾਜਿਕ ਜਬਰ ਦੀ ਤਪਸ਼ ਵੀ ਸਹਿਣੀ ਪੈਂਦੀ ਹੈ।
ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਨਿਤਿਸ਼ ਗੱਡਕਰੀ ਦੇ ਰਿਜ਼ਰਵੇਸ਼ਨ ਸਬੰਧੀ ਦਿੱਤੇ ਬਿਆਨ ਨੂੰ ਕਿਰਤੀ ਲੋਕਾਂ ਵਿਚ ਦਰਾੜ ਪੈਦਾ ਕਰਨ ਦੀ ਕੋਝੀ ਸਾਜਿਸ਼ ਕਰਾਰ ਦਿੱਤਾ ਹੈ ਤੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ। ਆਰ.ਐਮ.ਪੀ.ਆਈ. ਵਲੋਂ ਦਲਿਤ ਭਾਈਚਾਰੇ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਤੇ ਰਾਖੀ ਲਈ ਸੰਘ ਦੀ ਸਰਪ੍ਰਸਤੀ ਵਾਲੀ ਕੇਂਦਰ ਸਰਕਾਰ ਤੇ ਸੰਘ ਪਰਿਵਾਰ ਦੀ ਮਨੂੰਵਾਦੀ ਸੋਚ ਵਿਰੁੱਧ ਲਾਮਬੰਦ ਹੋ ਕੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।