ਜਲੰਧਰ; 12 ਫਰਵਰੀ – ਜਨਵਾਦੀ ਇਸਤਰੀ ਸਭਾ ਪੰਜਾਬ ਨੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਮੋਦੀ ਸਰਕਾਰ ਵਲੋਂ ਕੀਤੇ ਗਏ ਅਸਹਿ ਵਾਧੇ ਦੀ ਜੋਰਦਾਰ ਨਿਖੇਧੀ ਕਰਦਿਆਂ ਇਹ ਲੱਕ ਤੋੜਵਾਂ ਵਾਧਾ ਫੌਰੀ ਵਾਪਸ ਲੈਣ ਦੀ ਮੰਗ ਕੀਤੀ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਸਭਾ ਦੀ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਦੂਜੀ ਵਾਰ ਦੇਸ਼ ਦੀ ਰਾਜਗੱਦੀ ਉੱਤੇ ਕਾਬਜ਼ ਹੋਣ ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਤਕਰੀਬਨ 300 ਰੁਪਏ ਦਾ ਵਾਧਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਤੋੜ ਬੇਰੁਜ਼ਗਾਰੀ, ਛੋਟੇ ਤੇ ਦਰਮਿਆਨੇ ਕਾਰੋਬਾਰਾਂ ਦੀ ਮੰਦੀ ਅਤੇ ਮਹਿੰਗਾਈ ਦੀ ਮਾਰ ਥੱਲੇ ਬੁਰੀ ਤਰ੍ਹਾਂ ਪਿਸ ਰਹੇ ਲੋਕਾਂ ਦੀ ਜੀਵਨ ਹਾਲਤਾਂ ਇਸ ਹਕੂਮਤੀ ਲੁੱਟ ਨਾਲ ਹੋਰ ਵਧੇਰੇ ਨਿੱਘਰ ਜਾਣਗੀਆਂ। ਸਾਥੀ ਨੀਲਮ ਘੁਮਾਣ ਨੇ ਕਿਹਾ ਕਿ ਮੋਦੀ ਸਰਕਾਰ ਆਵਾਮ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਇਨ੍ਹਾਂ ਵਿੱਚ ਬੇਬਹਾ ਵਾਧਾ ਕਰਦੀ ਜਾ ਰਹੀ ਹੈ ਅਤੇ ਲੋਕਾਂ ਦਾ ਧਿਆਨ ਆਪਣੀਆਂ ਨਾਲਾਇਕੀਆਂ ਤੋਂ ਹਟਾਉਣ ਲਈ ਫਿਰਕੂ-ਫੁੱਟਪਾਊ ਮੁਦਿਆਂ ਦਾ ਸਹਾਰਾ ਲੈ ਰਹੀ ਹੈ। ਇਸਤਰੀ ਆਗੂ ਨੇ ਐਲਾਨ ਕੀਤਾ ਕਿ ਸਭਾ ਵਲੋਂ ਇਸ ਕੀਮਤ ਵਾਧੇ ਵਿਰੁੱਧ ਥਾਂ ਥਾਂ ਰੋਸ ਐਕਸ਼ਨ ਕੀਤੇ ਜਾਣਗੇ