ਅਜਨਾਲਾ : ਅੱਜ ਮਾਰਕੀਟ ਕਮੇਟੀ ਅਜਨਾਲਾ ਦੇ ਮੁੱਖ ਦਫ਼ਤਰ ਅੱਗੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ‘ਚ ਸ਼ਾਮਲ ਇਨਕਲਾਬੀ ਕਿਸਾਨਾਂ ਦੀ ਜਥੇਬੰਦੀ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਸਭਾ ਦੇ ਸਰਗਰਮ ਕਾਰਕੁੰਨਾਂ ਨੇ ਅਜਨਾਲਾ ਖੇਤਰ ਦੀਆਂ ਦਾਣਾ ਮੰਡੀਆਂ ‘ਚ ਪਲਮਲ ਝੋਨੇ ਤੇ ਬਾਸਮਤੀ ਦੀ ਖ਼ਰੀਦ ਮੌਕੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਮੰਡੀ ਤੇ ਸਿਵਲ ਪ੍ਰਸ਼ਾਸਨ ‘ਤੇ ਜ਼ੋਰ ਦੇਣ ਲਈ ਰੋਸ ਮੁਜ਼ਾਹਰਾ ਕਰਕੇ ਕਿਸਾਨਾਂ ਦੀ ਕਥਿਤ ਲੁੱਟ ਖਸੁੱਟ ਵਿਰੁੱਧ ਨਾਅਰੇਬਾਜ਼ੀ ਕਰਨ ਉਪਰੰਤ ਮਾਰਕੀਟ ਕਮੇਟੀ ਦੇ ਸਕੱਤਰ ਹਰਜੋਤ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਾਪਿਆ | ਵਫ਼ਦ ਨੂੰ ਮਾਰਕੀਟ ਕਮੇਟੀ ਸਕੱਤਰ ਹਰਜੋਤ ਸਿੰਘ ਨੇ ਆਪਣੇ ਅਧਿਕਾਰ ਖੇਤਰ ਵਾਲੀਆਂ ਸਮੁੱਚੀਆਂ ਮੰਗਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਨ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਅਜਨਾਲਾ ਖੇਤਰ ਦੀਆਂ ਮੰਡੀਆਂ ‘ਚੋਂ ਗ਼ੈਰ-ਹਾਜ਼ਰ ਰਹਿਣ ਵਾਲੀਆਂ ਸਰਕਾਰੀ ਖ਼ਰੀਦ ਏਜੰਸੀਆਂ ਪਨ ਗਰੇਨ, ਵੇਅਰ ਹਾਊਸ ਤੇ ਮਾਰਕਫੈਡ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ‘ਚ ਕਿਸਾਨਾਂ ਦੀ ਪ੍ਰਾਈਵੇਟ ਖ਼ਰੀਦਾਰਾਂ ਹੱਥੋਂ ਲੁੱਟ ਖਸੁੱਟ ਹੋਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ | ਉਨ੍ਹਾਂ ਕਿਹਾ ਕਿ ਵੱਧ ਤੋਲ ਦੇ ਦੋਸ਼ਾਂ ‘ਚ 4 ਆੜਤੀਆਂ ਕੋਲੋਂ 10 ਹਜ਼ਾਰ 500 ਰੁਪਏ ਜੁਰਮਾਨੇ ਵਸੂਲ ਕੀਤੇ ਗਏ ਹਨ, ਜਦੋਂਕਿ 2 ਆੜਤੀਆਂ ਦੇ ਲਾਇਸੰਸ ਵੀ ਰੱਦ ਕੀਤੇ ਗਏ ਹਨ | 8 ਹੋਰਨਾਂ ਆੜਤੀਆਂ ਨੂੰ ਵੀ ਖਾਮੀਆਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਸਤਨਾਮ ਸਿੰਘ ਚੱਕ ਔਲ, ਹਰਜਿੰਦਰ ਸਿੰਘ ਸੋਹਲ, ਸੁਰਜੀਤ ਸਿੰਘ ਭੂਰੇਗਿੱਲ, ਸੁੱਚਾ ਸਿੰਘ ਘੋਗਾ, ਗੁਰਪਾਲ ਗਿੱਲ ਸੈਦਪੁਰ ਆਦਿ ਕਿਸਾਨ ਆਗੂ ਮੌਜੂਦ ਸਨ |