Now Reading
ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ

ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ

ਪਠਾਨਕੋਟ – ਦਿਹਾਤੀ ਮਜ਼ਦੂਰ ਸਭਾ ਨੇ ਅੱਜ ਨਰੋਟ ਜੈਮਲ ਸਿੰਘ ਵਿਖੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਲਾਇਆ। ਇਸ ਮੌਕੇ ਬੀਡੀਪੀਓ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਆਗੂ ਕਾ. ਲਾਲ ਚੰਦ ਕਟਾਰੂਚੱਕ, ਜਨਕ ਰਾਜ, ਡਾ. ਸਵਰਨ ਸਿੰਘ ਨੇ ਕਿਹਾ ਕਿ ਜ਼ਮੀਨ ਦੀ ਫਿਰ ਤੋਂ ਵੰਡ ਕੀਤੀ ਜਾਵੇ ਅਤੇ ਹੱਦਬੰਦੀ ਤੋਂ ਵੱਧ ਜਗੀਰਦਾਰਾਂ ਵੱਲੋਂ ਦੱਬੀ ਜ਼ਮੀਨ ਵਾਪਸ ਲੈ ਕੇ ਸਮੁੱਚੇ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਜ਼ਮੀਨਾਂ ਵਿਚਲੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਲਈ ਰਾਖਵੀ ਜ਼ਮੀਨ ਦਾ ਸਸਤੀ ਬੋਲੀ ’ਤੇ ਦਿੱਤਾ ਜਾਵੇ, ਮਜ਼ਦੂਰਾਂ ਨੂੰ ਘੱਟ ਤੋਂ ਘੱਟ 10-10 ਮਰਲੇ ਦੇ ਰਿਹਾਇਸੀ ਪਲਾਟ ਅਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਸਮਾਜਿਕ ਸੁਰੱਖਿਆ ਅਧੀਨ ਬੁਢਾਪਾ, ਵਿਧਵਾ, ਅੰਗਹੀਣ ਨੂੰ ਮਿਲਣ ਵਾਲੀਆਂ ਪੈਨਸ਼ਨਾਂ ਦੀ ਰਾਸ਼ੀ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਮਨਰੇਗਾ ਤਹਿਤ ਹਰ ਮਜ਼ਦੂਰ ਨੂੰ ਸਾਲ ਭਰ ਲਈ ਕੰਮ ਦਿੱਤਾ ਜਾਵੇ ਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਜਿਵੇਂ ਹਰ ਪਰਿਵਾਰ ਨੂੰ ਪੱਕਾ ਰੁਜ਼ਗਾਰ, ਕਰਜ਼ਾ ਮੁਆਫ਼ੀ ਆਦਿ ਵੀ ਲਾਗੂ ਕੀਤੇ ਜਾਣ। ਇਸ ਮੌਕੇ ਸੁਰਿੰਦਰ ਸ਼ਾਹ, ਪ੍ਰਸ਼ੋਤਮ ਲਾਲ, ਸਰਦਾਰੀ ਲਾਲ, ਮੋਹਨ ਲਾਲ, ਦਰਸ਼ਨਾ ਦੇਵੀ, ਜੀਤੇ ਰਾਣੀ, ਪ੍ਰਮੋਦ ਕੁਮਾਰ, ਸੁਰਿੰਦਰ ਪਾਲ, ਅਸ਼ੋਕ ਕੁਮਾਰ, ਸੋਮਰਾਜ, ਪ੍ਰਵੀਨ ਕੁਮਾਰ ਆਦਿ ਵੀ ਸ਼ਾਮਲ ਸਨ।

Scroll To Top