ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ, ”ਭਾਰਤ ਛੱਡੋ ਅੰਦੋਲਨ” ਦੀ 76ਵੀਂ ਵਰ੍ਹੇਗੰਢ ਨੂੰ ਸਮਰਪਿਤ, ਇਕ ਰਾਜ ਪੱਧਰੀ ਸੈਮੀਨਾਰ, ਭਲਕੇ 9 ਅਗਸਤ ਨੂੰ (ਬਾਅਦ ਦੁਪਹਿਰ 12 ਤੋਂ 3 ਵਜੇ ਤੱਕ) ”ਵਿਸ਼ਣੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ, ਜਲੰਧਰ, ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਦਿੱਤੀ ਗਈ। ਉਨ੍ਹਾਂ ਅੱਗੋਂ ਦੱਸਿਆ ਕਿ ਉਪਰੋਕਤ ਸੈਮੀਨਾਰ ਵਿਚ ”ਔਰਤਾਂ ਖਿਲਾਫ ਵੱਧ ਰਹੇ ਅੱਤਿਆਚਾਰ; ਸਰਕਾਰ ਦੀ ਭੂਮਿਕਾ ਅਤੇ ਖੱਬੀ ਲਹਿਰ ਦੇ ਫ਼ਰਜ਼” ਵਿਸ਼ੇ ਬਾਰੇ, ਡਾਕਟਰ ਜ਼ਾਕਿਰ ਹੁਸੈਨ ਕਾਲਜ ਦਿੱਲੀ ਦੀ ਸਾਬਕਾ ਪ੍ਰੋਫੈਸਰ ਮਧੂ ਪ੍ਰਸਾਦ ਦਾ ਕੂੰਜੀਵਤ ਭਾਸ਼ਣ ਹੋਵੇਗਾ। ਉਨ੍ਹਾਂ ਤੋਂ ਇਲਾਵਾ ਪੰਜਾਬੀ ਮਾਤ ਭਾਸ਼ਾ ਦੀ ਨਾਮਵਰ ਕਵਿੱਤਰੀ ਸੁਖਵਿੰਦਰ ਅਮ੍ਰਿਤ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੀ ਸੰਬੋਧਨ ਕਰਨਗੇ। ਪਾਰਟੀ ਵਲੋਂ ਨਾਰੀ ਸਮਾਨਤਾ ਅਤੇ ਸਮਾਜਕ ਤਬਦੀਲੀ ਲਈ ਜੂਝ ਰਹੀਆਂ ਸਭਨਾਂ ਇਸਤਰੀ ਕਾਰਕੁੰਨਾਂ ਨੂੰ ਸੈਮੀਨਾਰ ਵਿਚ ਪੁੱਜ ਕੇ ਮੁੱਖ ਵਕਤਾ ਦੇ ਮੁੱਲਵਾਨ ਵਿਚਾਰ ਸੁਣਨ ਦੀ ਅਪੀਲ ਕੀਤੀ ਗਈ ਹੈ।