Now Reading
ਬਿਹਾਰ ‘ਚ ਬੱਚਿਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹਨ ਦੇਸ਼ ਦੇ ਹਾਕਮ

ਬਿਹਾਰ ‘ਚ ਬੱਚਿਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹਨ ਦੇਸ਼ ਦੇ ਹਾਕਮ

ਸਰਬਜੀਤ ਗਿੱਲ
ਚਮਕੀ ਬੁਖਾਰ ਨਾਲ ਬਿਹਾਰ ‘ਚ ਮਰ ਰਹੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਚੀਕਾਂ ਅਸਮਾਨ ਤੱਕ ਸੁਣਾਈ ਦੇ ਰਹੀਆਂ ਸਨ ਅਤੇ ਸੰਸਦ ਅੰਦਰ ਨਵੇਂ ਚੁਣੇ ਗਏ ਕਈ ਮੈਂਬਰ ਧਾਰਮਿਕ ਨਾਅਰੇਬਾਜ਼ੀ ਸ਼ੁਗਲਬਾਜ਼ੀ ‘ਤੇ ਗਾਲੀ ਗਲੌਜ਼ ਕਰਨ ‘ਚ ਮਸ਼ਰੂਫ ਸਨ। ਧਰਮਨਿਰਪੱਖ ਦੇਸ਼ ‘ਚ ਕਿਸੇ ਇੱਕ ਧਰਮ ਦੇ ਨਾਅਰੇ ਲਗਾਉਣੇ, ਖਾਸ ਕਰ ਸੰਸਦ ਦੇ ਅੰਦਰ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਠਹਿਰਾਏ ਜਾ ਸਕਦੇ। ਹਾਕਮਾਂ ਦਾ ਕੰਮ ਧਾਰਮਿਕ ਨਾਅਰੇ ਲਾਉਣ ਦੀ ਥਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਹੁੰਦਾ ਹੈ। ਕੇਂਦਰੀ ਮੰਤਰੀਆਂ ਨੇ ਪਹਿਲਾ ਵੀ ਜਦੋਂ ਵੱਡੀ ਗਿਣਤੀ ‘ਚ ਬੱਚੇ ਮਾਰੇ ਗਏ ਸਨ ਤਾਂ ਪੰਜ ਸਾਲ ਪਹਿਲਾਂ ਦਿੱਤੇ ਉਹੀ ਬਿਆਨਾਂ ਨੂੰ ਮੁੜ ਤੋਂ ਦੁਹਰਾ ਦਿੱਤਾ। ਅਖੇ ਜੀ, ‘ਸ਼ੂਗਰ ਚੈਕ ਕਰਨ ਵਾਲੀ ਮਸ਼ੀਨ ਹਰ ਹਸਪਤਾਲ ‘ਚ ਹੋਣੀ ਚਾਹੀਦੀ ਹੈ ਅਤੇ ਕੁੱਝ ਖਾਸ ਮਹੀਨਿਆਂ ਦੌਰਾਨ ਡਾਕਟਰਾਂ ਨੂੰ ਠੀਕ ਢੰਗ ਨਾਲ ਡਿਊਟੀ ਨਿਭਾਉਣੀ ਚਾਹੀਦੀ ਹੈ।’ ਇਹ ਬਿਆਨ ਦੇਸ਼ ਦੇ ਸਿਹਤ ਮੰਤਰੀ ਦੇ ਹਨ, ਜਿਸ ਨੇ ਹੁਣ ਹੋਈਆਂ ਮੌਤਾਂ ਉਪਰੰਤ ਵੀ ਅਜਿਹੇ ਬਿਆਨ ਦੇ ਕੇ ਪੱਲਾ ਝਾੜ ਲਿਆ। ਕੁੱਝ ਪੱਤਰਕਾਰ ਜਦੋਂ ਉੱਥੋਂ ਦੇ ਮੁਖ ਮੰਤਰੀ ਨੂੰ ਸਵਾਲ ਕਰਦੇ ਹਨ ਤਾਂ ਉਹ ਬਚ ਕੇ ਲੰਘ ਜਾਂਦੇ ਹਨ ਅਤੇ ਕੁੱਝ ਪੱਤਰਕਾਰ ਹਸਪਤਾਲਾਂ ਦੇ ਡਾਕਟਰਾਂ ਨੂੰ ਸਵਾਲ ਕਰਕੇ ‘ਪੁੱਛ ਪੜਤਾਲ’ ਕਰ ਰਹੇ ਹਨ ਜਦੋਂ ਕਿ ਇਹ ਪੁੱਛ ਪੜਤਾਲ ਦੇਸ਼ ਦੇ ਹਾਕਮਾਂ ਤੋਂ ਕਰਨੀ ਚਾਹੀਦੀ ਹੈ। ਅਜਿਹੀ ਥਾਂ ‘ਤੇ ਇਹ ਪੱਤਰਕਾਰ ਮੂੰਹ ‘ਚ ਘੁਗਣੀਆਂ ਪਾ ਲੈਂਦੇ ਹਨ। ਇੱਥੋਂ ਤੱਕ ਕਿ ਹਸਪਤਾਲ ਦੇ ਆਈਸੀਯੂ ‘ਚ ਜਿੱਥੇ ਜੁੱਤੀ ਉਤਾਰ ਕੇ ਅਤੇ ਖਾਸ ਕੱਪੜਿਆਂ ‘ਚ ਜਾਣਾ ਹੁੰਦਾ ਹੈ, ਉੱਥੋਂ ਅੰਦਰਲੀਆਂ ‘ਰਿਪੋਰਟਾਂ’ ਵੀ ਬਾਹਰ ਲਿਆਂਦੀਆਂ ਜਾ ਰਹੀਆਂ ਹਨ ਪਰ ਮੌਤਾਂ ਦੇ ਕਾਰਨਾਂ ਬਾਰੇ ਨਿਸ਼ਾਨਦੇਹੀ ਨਹੀਂ ਕੀਤੀ ਜਾ ਰਹੀ।
ਦੇਸ਼ ‘ਚ ਕਦੇ ਆਕਸੀਜਨ ਦੀ ਕਮੀ ਕਾਰਨ ਬੱਚੇ ਮੌਤ ਦੇ ਮੂੰਹ ‘ਚ ਜਾ ਰਹੇ ਹਨ ਅਤੇ ਕਦੇ ਕਿਸੇ ਹੋਰ ਬਿਮਾਰੀ ਕਾਰਨ। ਇਸ ਦੇ ਕਾਰਨ ਲੱਭਣ ਦੀ ਥਾਂ ਪਰਿਵਾਰਕ ਮੈਂਬਰ ਰੱਬ ਦਾ ਭਾਣਾ ਮੰਨਣ ‘ਚ ਹੀ ਜਿਆਦਾ ਵਿਸ਼ਵਾਸ ਕਰਨ ਲਈ ਮਜ਼ਬੂਰ ਹਨ। ਅਜਿਹੇ ਕੇਸਾਂ ‘ਚ ਆਪਣਾ ਗੁੱਸਾ ਕੱਢ ਕੇ ਕਿਸੇ ਬੱਚੇ ਦੀ ਜਾਨ ਵਾਪਸ ਨਹੀਂ ਲਿਆਂਦੀ ਜਾ ਸਕਦੀ ਪਰ ਇਸ ਦੇ ਕਾਰਨਾਂ ਦੀ ਜੜ੍ਹ ਤੱਕ ਜਾ ਕੇ ਹੋਰ ਬੱਚਿਆਂ ਦੀ ਜਾਨ ਜ਼ਰੂਰ ਬਚਾਈ ਜਾ ਸਕਦੀ ਹੈ।
ਬਿਹਾਰ ਦੇ ਸ਼ਹਿਰ ਮੁਜੱਫਰਪੁਰ ‘ਚ ਕਰੀਬ 150 ਬੱਚਿਆਂ ਦੀਆਂ ਮੌਤਾਂ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੈ। ਲੀਚੀ ਨਾਂ ਦੇ ਇੱਕ ਫਲ ਨੂੰ ਇਨ੍ਹਾਂ ਮੌਤਾਂ ਦੇ ਕਾਰਨਾਂ ‘ਚ ਸ਼ਾਮਲ ਕੀਤਾ ਗਿਆ ਹੈ, ਇਸ ਦੇ ਨਾਲ ਹੀ ਕਿਸੇ ਨੇ ਇਹ ਵੀ ਅਫਵਾਹ ਫੈਲਾ ਦਿੱਤੀ ਕਿ ਇਹ ਅੰਬਾਂ ਦੇ ਵਪਾਰੀਆਂ ਨੂੰ ਫਾਇਦਾ ਦੇਣ ਲਈ ਲੀਚੀ ਨੂੰ ਬਦਨਾਮ ਕੀਤਾ ਗਿਆ ਹੈ। ਹੁਣ ਤੱਕ ਮਿਲੀਆਂ ਰਿਪੋਰਟਾਂ ‘ਚ ਲੀਚੀ ਨੂੰ ਇੱਕ ਕਾਰਨ ਮੰਨਿਆ ਗਿਆ ਹੈ ਪਰ ਸਿੱਧੇ ਰੂਪ ‘ਚ ਇਹ ਬਿਮਾਰੀ ਦਾ ਕਾਰਨ ਨਹੀਂ ਕਿਹਾ ਜਾ ਸਕਦਾ। ਇਸ ਦਾ ਅਰਥ ਇਹ ਕਿ ਲੀਚੀ ‘ਚ ਅਜਿਹਾ ਕੋਈ ਵੀ ਅਜਿਹਾ ਕੀੜਾ ਨਹੀਂ ਹੈ, ਜਿਸ ਨਾਲ ਬੱਚੇ ਨੂੰ ਕੋਈ ਬਿਮਾਰੀ ਲੱਗ ਗਈ ਹੋਵੇ ਕਿ ਆਮ ਲੋਕ ਵੀ ਇਸ ਨੂੰ ਖਾਣਾ ਛੱਡ ਦੇਣ। ਅਸਿੱਧੇ ਰੂਪ ‘ਚ ਲੀਚੀ ਬੱਚਿਆਂ ਦੀ ਬਿਮਾਰੀ ਦਾ ਕਾਰਨ ਜ਼ਰੂਰ ਬਣੀ ਹੈ ਉਹ ਵੀ ਤਾਂ ਜੇ ਭੁੱਖੇ ਪੇਟ ਖਾਧੀ ਹੋਵੇ। ਇਸ ਦੇ ਨਾਲ ਹੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਪੂਰੀ ਤਰ੍ਹਾਂ ਇਸ ਘਟਨਾਕ੍ਰਮ ਲਈ ਜ਼ਿੰਮੇਵਾਰ ਹਨ।
ਮੁਜੱਫਰਪੁਰ ਇਲਾਕੇ ‘ਚ ਲੀਚੀ ਦੀ ਪੈਦਾਵਾਰ ਕਾਫੀ ਮਾਤਰਾ ‘ਚ ਹੁੰਦੀ ਹੈ। ਲੀਚੀ ਤੋੜਨ ਵਾਲੇ ਕਾਫੀ ਬੱਚੇ ਸਵੇਰੇ ਸਵੇਰੇ ਕੰਮ ‘ਤੇ ਲੱਗ ਜਾਂਦੇ ਹਨ। ਜਿੱਥੇ ਜਾ ਕੇ ਉਹ ਆਪ ਵੀ ਲੀਚੀਆਂ ਖਾਂਦੇ ਹਨ। ਇਲਾਕੇ ‘ਚ ਘੋਰ ਗੁਰਬਤ ਕਾਰਨ ਬੱਚੇ ਰਾਤ ਨੂੰ ਭੁੱਖੇ ਹੀ ਸੌਂਦੇ ਹਨ ਅਤੇ ਸਵੇਰ ਵੇਲੇ ਲੀਚੀਆਂ ਖਾ ਕੇ ਹੀ ਆਪਣਾ ਢਿੱਡ ਭਰਦੇ ਹਨ। ਇਨ੍ਹਾਂ ਲੀਚੀਆਂ ‘ਚ ਗਲੀਆਂ ਸੜੀਆਂ ਲੀਚੀਆਂ ਵੀ ਸ਼ਾਮਲ ਹਨ। ਲੀਚੀ ‘ਚ ਪਾਇਆ ਜਾਣ ਵਾਲਾ ਤੱਤ ਹਾਈਪੋਗਲਿਸਰੀਨ-ਏ ਅਤੇ ਮਿਥਾਈਲ ਇੰਨਸਾਈਕ-ਲੋਪ੍ਰੋਪਲਿਗਸੀਨ ਸਰੀਰ ‘ਚ ਜਾ ਕੇ ਬੱਚੇ ਦੀ ਸ਼ੂਗਰ ਨੂੰ ਘਟਾਉਂਦਾ ਹੈ, ਜਿਸ ਕਾਰਨ ਬੱਚਾ ਸ਼ੂਗਰ ਘੱਟਣ ਕਾਰਨ ਬੇਹੋਸ਼ੀ ਦੀ ਹਾਲਤ ‘ਚ ਚਲਾ ਜਾਂਦਾ ਹੈ। ਹਸਪਤਾਲ ‘ਚ ਭਰਤੀ ਹੋਏ ਬੱਚਿਆਂ ਦੇ ਖੂਨ, ਪੇਸ਼ਾਬ ਦੇ ਨਮੂਨਿਆਂ ਤੋਂ ਇਨ੍ਹਾਂ ਤੱਤਾਂ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਲੀਚੀ ਖਾਲੀ ਪੇਟ ਨਹੀਂ ਖਾਣੀ ਚਾਹੀਦੀ। ਅਤੇ, ਮਗਰੋਂ ਹਸਪਤਾਲਾਂ ਦਾ ਗੈਰ ਭਰੋਸੇਯੋਗ ਪ੍ਰਬੰਧ ਬੱਚਿਆਂ ਨੂੰ ਬਚਾਉਣ ‘ਚ ਅਸਫਲ ਸਿੱਧ ਹੁੰਦਾ ਹੈ। ਮੰਤਰੀ ਆਉਂਦੇ ਹਨ ਅਤੇ ਚਲੇ ਜਾਂਦੇ ਹਨ। ਮਾੜਾ ਮੋਟਾ ਬਿਆਨ ਜਾਰੀ ਕਰਦੇ ਹਨ, ਚਾਰ ਦਿਨ ਚਰਚਾ ਚਲਦੀ ਹੈ ਤੇ ਮਗਰੋਂ ਲੋਕ ਭੁਲ ਭੁਲਾ ਜਾਂਦੇ ਹਨ।
ਚਮਕੀ ਬੁਖਾਰ (ਐਕਿਊਟ ਇਨਸੈਫਲਾਈਟਸ ਸਿੰਡਰੋਮ) ਵਾਈਰਸ, ਬੈਕਟੀਰੀਆ, ਫੰਗਸ, ਬਿਮਾਰੀਆਂ ਖ਼ਿਲਾਫ਼ ਲੜਨ ਦੀ ਸ਼ਕਤੀ ‘ਚ ਕਮੀ ਅਤੇ ਕੁਪੋਸ਼ਣ ਕਾਰਨ ਹੋ ਸਕਦਾ ਹੈ। ਇਸ ‘ਚ ਤੇਜ਼ ਬੁਖਾਰ, ਉਲਟੀਆਂ, ਕਮਜ਼ੋਰੀ, ਦਿਮਾਗ ‘ਤੇ ਅਸਰ, ਬੇਹੋਸ਼ੀ, ਬੇਸੁਰਤੀ, ਦੌਰੇ ਪੈਣੇ, ਸਿਰਦਰਦ ਆਦਿ ਦੇ ਲੱਛਣ ਹੋ ਸਕਦੇ ਹਨ। ਮੁਜੱਫਰਪੁਰ ‘ਚ ਪਿਛਲੇ 25 ਸਾਲਾਂ ਤੋਂ ਇਸ ਬਿਮਾਰੀ ਦਾ ਹਮਲਾ ਦੇਖਿਆ ਜਾ ਰਿਹਾ ਹੈ, ਜਿਸ ਸਾਲ ਵੱਧ ਗਰਮੀ ਹੁੰਦੀ ਹੈ ਅਤੇ ਮੀਂਹ ਦੇਰੀ ਨਾਲ ਪੈਂਦੇ ਹਨ, ਉਸ ਵੇਲੇ ਇਸ ਬਿਮਾਰੀ ਦਾ ਹਮਲਾ ਵੱਧ ਹੁੰਦਾ ਹੈ। 2013 ਦੌਰਾਨ ਇੱਕ ਯੋਜਨਾ ਬਣਾਈ ਗਈ ਸੀ, ਜਿਸ ਨੂੰ 2014 ਅਤੇ 2015 ਦੌਰਾਨ ਅੰਤਿਮ ਰੂਪ ਦਿੱਤਾ ਗਿਆ। ਇਸ ਅਧਾਰ ‘ਤੇ ਬਿਮਾਰੀ ਪ੍ਰਭਾਵਿਤ ਇਲਾਕਿਆਂ ‘ਚ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਸੀ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਕੁੱਝ ਸਾਲ ਇਸ ਮੁਹਿੰਮ ਦੇ ਚੰਗੇ ਨਤੀਜੇ ਆਏ ਪਰ ਮਗਰੋਂ ਇਸ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ। ਜਿਸ ਦਾ ਨਤੀਜਾ ਸਾਡੇ ਸਾਹਮਣੇ ਹੈ, ਮੌਤਾਂ ਦੀ ਗਿਣਤੀ ਮੁਜੱਫਰਪੁਰ ‘ਚ 150 ਤੋਂ ਵੱਧ ਅਤੇ ਪੂਰੇ ਬਿਹਾਰ ‘ਚ ਇਹ ਗਿਣਤੀ 600 ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਬਿਮਾਰੀ ਤੋਂ ਬਚਾਉਣ ਲਈ ਜਪਾਨੀ ਇਨਸੈਫਲਾਈਟਸ ਨਾਂਅ ਦੀ ਵੈਕਸੀਨ 9 ਤੋਂ 24 ਮਹੀਨਿਆਂ ਦੀ ਉਮਰ ਦਰਮਿਆਨ ਕੀਤੀ ਜਾ ਸਕਦੀ ਹੈ। ਐਪਰ ਕਿਸੇ ਨੂੰ ਕੋਈ ਚਿੰਤਾ ਨਹੀਂ ਹੋ ਰਹੀ ਕਿਉਂਕਿ ਮੰਤਰੀਆਂ ਦਾ ਕੰਮ ਬਿਆਨ ਜਾਰੀ ਕਰਨਾ ਹੀ ਹੁੰਦਾ ਹੈ। ਯੋਜਨਾ ਬਣਾਉਣ ਅਤੇ ਇਸ ਨੂੰ ਅੰਤਿਮ ਰੂਪ ਦੇਣ ‘ਚ ਵੀ ਕਈ ਸਾਲ ਲੰਘਾ ਦਿੱਤੇ ਗਏ, ਮਗਰੋਂ ਇਸ ਨੂੰ ਲਾਗੂ ਕਰਨ ਵੇਲੇ ਵੀ ਦਿਆਨਤਦਾਰੀ ਨਾਲ ਅਮਲ ‘ਚ ਨਹੀਂ ਲਿਆਂਦਾ ਗਿਆ।
ਬਿਹਾਰ ਦੇ ਮੁੱਖ ਮੰਤਰੀ ਜਦੋਂ ਰਾਮ ਵਿਲਾਸ ਪਾਸਵਾਨ ਨੂੰ ਰਾਜ ਸਭਾ ‘ਚ ਭੇਜਣ ਲਈ ਕਾਗਜ਼ ਦਾਖ਼ਲ ਕਰਵਾਉਣ ਜਾਂਦੇ ਹਨ ਤਾਂ ਪੱਤਰਕਾਰ ਸਵਾਲ ਕਰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਉਹ ਕਹਿੰਦੇ ਹਨ ਕਿ ਉਹ ਕਾਗਜ਼ ਦਾਖਲ ਕਰਨ ਵੇਲੇ ਕਿਸੇ ਅਜਿਹੇ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਇਸ ਦੌਰਾਨ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਕਨੇਡਾ ਦੀ ਯਾਤਰਾ ‘ਤੇ ਨਿਕਲ ਗਏ। ਵਾਪਸੀ ‘ਤੇ ਜਦੋਂ ਨਵੀਂ ਦਿੱਲੀ ‘ਚ ਸਵਾਲ ਕੀਤੇ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਹਾਲਤ ਦਾ ਜਾਇਜ਼ਾ ਲੈਣ ਉਪਰੰਤ ਹੀ ਕੁੱਝ ਕਹਿਣਗੇ। ਇਸ ਤੋਂ ਅਗਲੇ ਦਿਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾ ਦੌਰਾ ਨਿਸ਼ਚਤ ਕੀਤਾ ਗਿਆ ਪਰ ਰਾਜ ਦੇ ਸਿਹਤ ਮੰਤਰੀ ਮੀਟਿੰਗ ਕਰਨ ਲਈ ਦਿੱਲੀ ਪੁੱਜ ਗਏ। ਹਾਲਾਤ ਖਰਾਬ ਹੁੰਦੇ ਦੇਖ ਕੇਂਦਰੀ ਮੰਤਰੀ ਨੇ ਦੌਰਾ ਕੀਤਾ। ਮੁਜੱਫਰਪੁਰ ਦਾ ਦੌਰਾ ਕਰਨ ਉਪਰੰਤ ਜਦੋਂ ਇਹ ਆਗੂ ਪਟਨਾ ਪੁੱਜੇ ਤਾਂ ਰਾਜ ਦੇ ਸਿਹਤ ਮੰਤਰੀ ਦਾ ਸੋਸ਼ਲ ਮੀਡੀਏ ‘ਤੇ ਇੱਕ ਵੀਡੀਓ ਕਲਿੱਪ ਚਰਚਾ ‘ਚ ਆਇਆ, ਜਦੋਂ ਉਹ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਦਾ ਸਕੋਰ ਪੁੱਛ ਰਹੇ ਸਨ। ਹਰਸ਼ਵਰਧਨ ਦੇ ਨਾਲ ਹੀ ਮੀਡੀਆ ਸਾਹਮਣੇ ਬੈਠਾ ਉਸ ਦਾ ਸਹਿਯੋਗੀ ਮੰਤਰੀ ਅਸ਼ਵਨੀ ਚੌਬੇ ਘੁਰਾੜੇ ਮਾਰ ਰਿਹਾ ਵੀ ਸਾਰੇ ਦੇਸ਼ ਨੇ ਦੇਖਿਆ ਹੈ। ਲੋਕ ਸੋਸ਼ਲ ਮੀਡੀਏ ‘ਤੇ ਸਵਾਲ ਕਰ ਰਹੇ ਸਨ ਕਿ ਯੋਗਾ ਲਈ ਇੱਕ ਹਜ਼ਾਰ ਕਰੋੜ ਰੁਪਏ ਫੂਕ ਦਿੱਤੇ ਗਏ ਪਰ ਬੱਚਿਆਂ ਨੂੰ ਇਲਾਜ ਲਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਜਦੋਂ ਕਿ ਮੁਜੱਫਰਪੁਰ ‘ਚ 1991 ਅਤੇ 2014 ਦੌਰਾਨ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਰਫ ਇੱਥੇ ਹੀ ਨਹੀਂ ਸਗੋਂ ਗੋਰਖਪੁਰ ਅਤੇ ਪੱਛਮੀ ਬੰਗਾਲ ਦੇ ਮਾਲਦਾ ‘ਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਹਾਕਮਾਂ ‘ਚ ਕਿਸੇ ਵੀ ਘਟਨਾ ਨੂੰ ਲੈ ਕੇ ਗੰਭੀਰਤਾ ਦੀ ਘਾਟ ਵੀ ਨਜ਼ਰ ਆਉਣ ਲੱਗ ਪਈ ਹੈ, ਸਿਵਾਏ ਅਫ਼ਸੋਸ ਦਾ ਪ੍ਰਗਟਾਵਾ ਕਰਨ ਤੋਂ ਬਿਨ੍ਹਾਂ ਇਹ ਕੁੱਝ ਕਰਦੇ ਵਿਖਾਈ ਨਹੀਂ ਦਿੰਦੇ। ਵਿਰੋਧੀ ਪਾਰਟੀਆਂ ਕੋਲ ਵੀ ਰਟੇ ਰਟਾਏ ਬਿਆਨ ਹਨ ਕਿ ਮੰਤਰੀ ਅਸਤੀਫਾ ਦੇਵੇ ਪਰ ਜਦੋਂ ਉਹ ਹਾਕਮ ਧਿਰ ਵਜੋਂ ਸਰਕਾਰ ਚਲਾ ਰਹੇ ਹੁੰਦੇ ਹਨ ਤਾਂ ਆਪ ਵੀ ਉਹੀ ਕੰਮ ਕਰਦੇ ਹਨ।
ਵੱਖ-ਵੱਖ ਥਾਵਾਂ ‘ਤੇ ਅਜਿਹੇ ਮਾਮਲੇ ਸਾਹਮਣੇ ਆਉਣ ਦਾ ਕਾਰਨ ਹਾਕਮਾਂ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ। ਆਮ ਤੌਰ ‘ਤੇ ਮਰਨ ਵਾਲੇ ਬੱਚੇ ਅੱਤ ਦੇ ਗਰੀਬ ਪਰਿਵਾਰਾਂ ‘ਚੋਂ ਹੀ ਹੁੰਦੇ ਹਨ। ਅਜਿਹੇ ਬੱਚਿਆਂ ਨੂੰ ਹੀ ਕਦੇ ਇਹ ਚਮਕੀ ਬੁਖਾਰ ਚਿੰਬੜਦਾ ਹੈ ਅਤੇ ਕਦੇ ਇਹ ਬੱਚੇ ਠੰਢ ਨਾਲ ਮਰਦੇ ਹਨ ਅਤੇ ਕਦੇ ਲੂ ਨਾਲ। ਇਸ ਦੇ ਮੁਕਾਬਲੇ ਉਪਰਲੀ ਕਲਾਸ ਦੇ ਬੱਚੇ ਕਦੇ ਵੀ ਲੂ ਜਾਂ ਠੰਢ ਨਾਲ ਮਰਦੇ ਨਹੀਂ ਦੇਖੇ। ਜੇ ਬੱਚੇ ਲੀਚੀ ਤੋੜਨ ਜਾਂਦੇ ਹਨ ਤਾਂ ਉਹ ਕਿਹੜੀਆਂ ਮਜ਼ਬੂਰੀਆਂ ‘ਚ ਜਾਂਦੇ ਹਨ, ਇਸ ਬਾਰੇ ਕਦੇ ਕਿਸੇ ਹਾਕਮ ਧਿਰ ਨੇ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੋਦੀ ਦੀ ਸਰਕਾਰ ਮੁੜ ਬਣ ਗਈ ਹੈ, ਇਸ ਦਾ ਅਰਥ ਇਹ ਨਹੀਂ ਹੈ ਕਿ ਸਾਰਾ ਕੁੱਝ ਠੀਕ ਹੈ। ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਉਹ ਇਹ ਕਹਿਣ ਕਿ ਲੰਬਾ ਸਮਾਂ ਇੱਥੇ ਕਾਂਗਰਸ ਨੇ ਰਾਜ ਕੀਤਾ ਹੈ, ਜਿਸ ਕਾਰਨ ਉਹੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਇਸ ‘ਚ ਦੋਸ਼ੀ ਉਹ ਸਾਰੀਆਂ ਹੀ ਧਿਰਾਂ ਹਨ, ਚਾਹੇ ਉਹ ਕਿਸੇ ਵੀ ਰੰਗ ਦੀਆਂ ਹੋਣ। ਕੇਂਦਰ ‘ਚ ਜਿਸ ਦੀ ਸਰਕਾਰ ਹੋਵੇ ਅਤੇ ਰਾਜ ‘ਚ ਕਿਸੇ ਹੋਰ ਧਿਰ ਦੀ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਦੂਜੀ ਸਰਕਾਰ ਵੱਲ ਉਂਗਲੀ ਕਰਕੇ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ। ਬਿਹਾਰ ‘ਚ ਤਾਂ ਨਿਤੀਸ਼ ਦੀ ਅਗਵਾਈ ‘ਚ ਭਾਜਪਾ ਦੀ ਹਮਾਇਤ ਵਾਲੀ ਸਰਕਾਰ ਹੈ ਅਤੇ ਕੇਂਦਰ ‘ਚ ਵੀ ਭਾਜਪਾ ਦੀ ਸਰਕਾਰ ਹੈ। ਅਜਿਹੀ ਘਟਨਾ ਪਹਿਲੀ ਵਾਰ ਨਹੀਂ ਵਾਪਰੀ ਸਗੋਂ ਕਈ ਵਾਰ ਵਾਪਰ ਚੁੱਕੀ ਹੈ। ਘਟਨਾ ਤੋਂ ਬਾਅਦ ਆਈਸੀਯੂ ਦੇ ਬੈੱਡ ਵਧਾਉਣ ਅਤੇ ਹੋਰ ਪ੍ਰਬੰਧਾਂ ‘ਚ ਸੁਧਾਰ ਕਰਨ ਦੇ ਬਿਆਨ ਆ ਰਹੇ ਹਨ। ਅਸਲ ‘ਚ ਇਨ੍ਹਾਂ ਬੱਚਿਆਂ ਨੂੰ ਦਵਾਈ ਦੀ ਨਹੀਂ ਸਗੋਂ ਪੇਟ ਦੀ ਭੁੱਖ ਪੂਰੀ ਕਰਨ ਲਈ ਸੰਤੁਲਿਤ ਭੋਜਨ ਦੀ ਜ਼ਰੂਰਤ ਹੈ। ਪਹਿਲਾਂ ਤੋਂ ਹੀ ਕੁਪੋਸ਼ਣ ਦੇ ਸ਼ਿਕਾਰ ਬੱਚੇ ਭੁੱਖ ਮਿਟਾਉਣ ਲਈ ਹੀ ਲੀਚੀ ਖਾਂਦੇ ਹਨ ਅਤੇ ਅੱਤ ਦੀ ਗਰਮੀ ‘ਚ ਪੂਰਾ ਭੋਜਨ ਨਾ ਮਿਲਣ ਕਾਰਨ ਆਮ ਨਾਲੋਂ ਵੱਧ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹਸਪਤਾਲਾਂ ਦੇ ਅੰਦਰ ਦਾ ਪ੍ਰਬੰਧ ਵੀ ਹਾਕਮਾਂ ਦੀ ਜ਼ਿੰਮੇਵਾਰੀ ਹੈ ਅਤੇ ਬੱਚਿਆਂ ਸਮੇਤ ਹਰ ਨਾਗਰਿਕ ਲਈ ਭਰ ਪੇਟ ਭੋਜਨ ਮਿਲਣਾ ਵੀ ਹਾਕਮਾਂ ਦੀ ਜ਼ਿੰਮੇਵਾਰੀ ਹੈ। ਇਕ ਸਭ ਤੋਂ ਜ਼ਰੂਰੀ ਤੱਥ, ਜਿਸਨੂੰ ਸਾਜਿਸ਼ਨ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਉਹ ਇਹ ਹੈ ਕਿ ਨਿੱਜੀਕਰਨ ਦੀਆਂ ਨੀਤੀਆਂ ਤੋਂ ਬਾਅਦ ਸਰਕਾਰੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਨਾਲ ਚਰਮਰਾ ਗਈਆਂ ਹਨ। ਹਾਕਮਾਂ ਦਾ ਕੰਮ ਸੰਸਦ ਅੰਦਰ ਧਾਰਮਿਕ ਨਾਅਰੇਬਾਜ਼ੀ ਕਰਨਾ ਨਹੀਂ ਹੁੰਦਾ।

Scroll To Top