Now Reading
ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਸੱਦਾ ਮਿਲਣ ‘ਤੇ ਬਿਜਲੀ ਪਾਣੀ ਲਈ ਲਗਾਏ ਮੋਰਚੇ ਨੂੰ ਕੀਤਾ ਵਕਤੀ ਤੌਰ ‘ਤੇ ਮੁਲਤਵੀ

ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਸੱਦਾ ਮਿਲਣ ‘ਤੇ ਬਿਜਲੀ ਪਾਣੀ ਲਈ ਲਗਾਏ ਮੋਰਚੇ ਨੂੰ ਕੀਤਾ ਵਕਤੀ ਤੌਰ ‘ਤੇ ਮੁਲਤਵੀ

 

ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਅਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੰਘਰਸ਼ ਦੀ ਹਮਾਇਤ


ਮੋਤੀ ਮਹਿਲ ਵੱਲ ਕੀਤੇ ਮਾਰਚ ਦੌਰਾਨ ਸਾਬਕਾ ਔਮਪੀ ਧਰਮਵੀਰ ਗਾਂਧੀ ਨੇ ਲਵਾਈ ਹਾਜ਼ਰੀ
ਪਟਿਆਲਾ; 13 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਚਲਾਏ ਜਾ ਰਹੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਪੰਜਾਬ ਦੇ ਮੁੱਖ ਮੰਤਰੀ ਦੇ ਮਹਿਲਾ ਨੂੰ ਕੂਚ ਕਰਨ ਦੌਰਾਨ ਪ੍ਰਸ਼ਾਸਨ ਨੇ ਲਿਖਤੀ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦਾ ਸੱਦਾ ਦਿੱਤਾ। ਇਸ ਸੱਦੇ ਉਪਰੰਤ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਕਿ ਇਹ ਮੋਰਚਾ ਵਕਤੀ ਤੌਰ ‘ਤੇ ਮੁਲਤਵੀ ਕੀਤਾ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਅਧਿਕਾਰੀਆਂ ਵੱਲੋਂ ਇੱਕ 30 ਸਤੰਬਰ ਨੂੰ ਗੱਲਬਾਤ ਦਾ ਇੱਕ ਪੱਤਰ ਸੌਂਪਿਆ ਗਿਆ। ਜਿਸ ‘ਤੇ ਆਗੂਆਂ ਨੇ ਕਿਹਾ ਕਿ ਗੱਲਬਾਤ ਤੋਂ ਬਾਅਦ ਦੀ ਸਥਿਤੀ ‘ਤੇ ਵਿਚਾਰ ਵਟਾਦਰਾ ਕਰਨ ਉਪਰੰਤ ਸੰਘਰਸ਼ ਦੇ ਅਗਲੇ ਪੜ੍ਹਾਅ ਦਾ ਐਲਾਨ ਕੀਤਾ ਜਾਵੇਗਾ।
  
ਇਸ ਤੋਂ ਪਹਿਲਾ ਅੱਜ ਪੰਜਵੇਂ ਦਿਨ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਕੱਤਰ ਲੋਕਾਂ ਨੇ ਮੋਤੀ ਮਹਿਲ ਵੱਲ ਕੂਚ ਕੀਤਾ। ਜਿਸ ‘ਚ ਔਰਤਾਂ ਸਮੇਤ ਹਜ਼ਾਰਾਂ ਲੋਕ ਸ਼ਾਮਲ ਸਨ। ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਖਿਲਾਫ਼ ਰੋਸ ਪ੍ਰਗਟਾਉਂਦੇ, ਜੋਸ਼ ਭਰਪੂਰ ਨਾਹਰੇ ਲਾਉਂਦੇ ਹੋਏ ਸ਼ਾਮਲ ਹੋਏ ਲੋਕਾਂ ਨੇ ਸੂਬੇ ਦੇ ਲੋਕਾਂ ਨੂੰ ਬਿਜਲੀ ਦੋ ਰੁਪੈ ਪ੍ਰਤੀ ਯੂਨਿਟ ਦਿੱਤੀ ਜਾਵੇ, ਨਿੱਜੀ ਬਿਜਲੀ ਕਾਰੋਬਾਰੀਆਂ ਨਾਲ ਕੀਤੇ ਬਿਜਲੀ ਖਰੀਦ ਦੇ ਬਦਨੀਅਤੀ ਵਾਲੇ ਸਮਝੌਤੇ ਰੱਦ ਕਰਕੇ ਸਰਕਾਰੀ ਮਾਲਕੀ ਵਾਲੇ ਤਿੰਨੇ ਥਰਮਲ ਪੂਰੀ ਸਮਰੱਥਾ ਨਾਲ ਚਲਾਏ ਜਾਣ, ਰੱਜੇ-ਪੁੱਜੇ ਲੋਕਾਂ ਨੂੰ ਮੁਫਤ ਬਿਜਲੀ ਜਾਂ ਬਿਜਲੀ ਤੇ ਸਬਸਿਡੀ ਦੇਣੀ ਫੌਰੀ ਬੰਦ ਕਰਕੇ ਇਹ ਲਾਭ ਹਕੀਕੀ ਲੋੜਵੰਦਾਂ ਨੂੰ ਦਿੱਤਾ ਜਾਵੇ, ਬਾਰਸੂਖ ਵਿਅਕਤੀਆਂ ਵਲੋਂ ਕੀਤੀ ਜਾਂਦੀ ਬਿਜਲੀ ਚੋਰੀ ਸਖਤੀ ਨਾਲ ਰੋਕੀ ਜਾਵੇ ਅਤੇ ਬਿਜਲੀ ਪੈਦਾ ਕਰਨ ਦੇ ਸਸਤੇ ਤੇ ਸੁਲਭ ਤਰੀਕੇ ਅਪਣਾਏ ਜਾਣ।
ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ ਅਤੇ ਫਲੈਕਸਾਂ ਰਾਹੀਂ ਇਹ ਵੀ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇ, ਪਾਣੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਹੰਗਾਮੀ ਨੀਤੀ ਬਣਾਈ ਜਾਵੇ, ਧਰਤੀ ਹੇਠਲੇ ਤੇ ਦਰਿਆਈ ਪਾਣੀਆਂ ਵਿੱਚ ਸਨਅਤੀ ਤੇ ਮੈਡੀਕਲ ਰਹਿੰਦ-ਖੂਹੰਦ, ਮਲ-ਮੂਤਰ, ਕਾਰਖਾਨਿਆਂ ਵਲੋਂ ਵਰਤਣ ਉਪਰੰਤ ਦੂਸ਼ਿਤ ਕੀਤਾ ਬਿਨਾਂ ਸੋਧਿਆ ਪਾਣੀ ਅਤੇ ਹੋਰ ਘਾਤਕ ਜਹਿਰਾਂ ਦੀ ਮਿਲਾਵਟ ਬੰਦ ਕੀਤੀ ਜਾਵੇ, ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਨੀਤੀ ਬਣਾ ਕੇ ਉਸ ਉੱਪਰ ਫੌਰੀ ਅਮਲ ਕੀਤਾ ਜਾਵੇ, ਬਾਰਿਸ਼ਾਂ ਦਾ ਪਾਣੀ ਸੰਭਾਲ ਕੇ ਮੁੜ ਵਰਤਣ ਯੋਗ ਬਣਾਉਣ ਲਈ ਜੰਗੀ ਪੱਧਰ ‘ਤੇ ਉਪਰਾਲੇ ਕੀਤੇ ਜਾਣ, ਧਰਤੀ ਹੇਠਲੇ ਪਾਣੀਆਂ ‘ਤੇ ਨਿਰਭਰਤਾ ਘਟਾ ਕੇ ਦਰਿਆਈ ਪਾਣੀਆਂ ਰਾਹੀਂ ਖੇਤੀ ਲੋੜਾਂ ਪੂਰੀਆਂ ਕਰਨ ਦਾ ਐਕਸ਼ਨ ਪਲਾਨ ਉਲੀਕਿਆ ਜਾਵੇ, ਖਾਤਮੇ ਕਿਨਾਰੇ ਜਾ ਲੱਗੇ ਨਹਿਰੀ ਢਾਂਚੇ ਦੀ ਪੁਨਰ ਉਸਾਰੀ ਅਤੇ ਵਿਸਥਾਰ ਕੀਤਾ ਜਾਵੇ।

See Also

ਮੋਤੀ ਮਹਿਲ ਵੱਲ ਜਾਣ ਵੇਲੇ ਪੁਲੀਸ ਵੱਲੋਂ ਰੋਕਣ ‘ਤੇ ਇਹ ਮਾਰਚ ਧਰਨੇ ‘ਚ ਤਬਦੀਲ ਹੋ ਗਿਆ। ਜਿਥੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ।
ਅੱਜ ਮੋਰਚੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੇ ਮੋਰਚੇ ਦੀ ਹਮਾਇਤ ਕਰਦਿਆਂ ਉਚੇਚੇ ਤੌਰ ‘ਤੇ ਆਪਣਾ ਭਰਾਤਰੀ ਸੰਦੇਸ਼ ਵੀ ਦਿੱਤਾ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ।

Scroll To Top