Now Reading
ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲਈ ਜਾਵੇ : ਸੀਟੀਯੂ ਪੰਜਾਬ

ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲਈ ਜਾਵੇ : ਸੀਟੀਯੂ ਪੰਜਾਬ

ਜਲੰਧਰ ; 31 ਮਾਰਚ- ਸੀਟੀਯੂ ਪੰਜਾਬ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਰੋਜਾਨਾ ਵਰਤੋਂ ਦੀਆਂ ਹੋਰ ਜਰੂਰੀ ਵਸਤਾਂ ਮੁਹੱਈਆ ਕਰਨੀਆਂ ਯਕੀਨੀ ਬਣਾਵੇ ਅਤੇ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣ।
ਅੱਜ ਇਥੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਸਾਥੀ ਵਿਜੈ ਮਿਸ਼ਰਾ (ਪ੍ਰਧਾਨ), ਨੱਥਾ ਸਿੰਘ ਡਡਵਾਲ (ਜਨਰਲ ਸਕੱਤਰ) ਅਤੇ ਸ਼ਿਵ ਕੁਮਾਰ (ਵਿੱਤ ਸਕੱਤਰ) ਸੀਟੀਯੂ ਪੰਜਾਬ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਟਾਕਰੇ ਲਈ ਲੋਕਾਈ ਦੀਆਂ ਰੋਜ਼ਾਨਾਂ ਜੀਵਨ ਦੀਆਂ ਗਤੀਵਿਧੀਆਂ ਅਤੇ ਮੇਲ ਮਿਲਾਪ ’ਤੇ ਰੋਕ ਲਾਈ ਜਾਣੀ ਅਤਿ ਜ਼ਰੂਰੀ ਹੈ। ਪਰ ਜੇ ਲੋਕਾਂ ਖਾਸ ਕਰਕੇ ਪਰਵਾਸੀਆਂ ਅਤੇ ਝੁੱਗੀ-ਝੌਂਪੜੀ ਵਾਲਿਆਂ ਨੂੰ ਭੋਜਨ ਨਾ ਮਿਲਿਆ ਤਾਂ ਉਹ ਲਾਜ਼ਮੀ ਬਾਹਰ ਨਿਕਲਣਗੇ ਅਤੇ ਸਿੱਟੇ ਵਜੋਂ ਹਾਲਾਤ ਹੋਰ ਗੁੰਝਲਦਾਰ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਜ਼ਦੂਰ ਆਗੂਆਂ ਨੇ ਸੁਝਾਅ ਦਿੱਤਾ ਕਿ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਨ ਲਈ ਟਰੇਡ ਯੂਨੀਅਨਾਂ ਦੀ ਮਦਦ ਲੈਣੀ ਲਾਹੇਵੰਦੀ ਰਹੇਗੀ ਅਤੇ ਇਸ ਮਕਸਦ ਲਈ ਸਾਰੀਆਂ ਟਰੇਡ ਯੂਨੀਅਨਾਂ ਦੀ ਮੀਟਿੰਗ ਸੱਦਣੀ ਚਾਹੀਦੀ ਹੈ। ਸਾਥੀਆਂ ਨੇ ਕਿਹਾ ਕਿ ਕਈ ਥਾਈਂ ਪ੍ਰਸ਼ਾਸਨਿਕ ਅਮਲਾ ਲੋੜੀਂਦੀ ਤਤਪਰਤਾ ਅਤੇ ਸੰਵੇਦਨਸ਼ੀਲਤਾ ਤੋਂ ਕੰਮ ਨਹੀਂ ਲੈ ਰਿਹਾ। ਉਨ੍ਹਾਂ ਦੱਸਿਆ ਕਿ ਜਲੰਧਰ ਦੇ ਐਸਡੀਐਮ ਦਫ਼ਤਰ ਦਾ ਲੈਂਡ ਲਾਈਨ ਫੋਨ ਕੋਈ ਨਹੀਂ ਚੁੱਕ ਰਿਹਾ। ਇਸ ਚਿੰਤਾਜਨਕ ਸਥਿਤੀ ਵਿੱਚ ਅਜਿਹਾ ਰਵੱਈਆ ਅਤਿ ਮੰਦਭਾਗਾ ਹੈ । ਉਨ੍ਹਾਂ ਉੱਚ ਅਧਿਕਾਰੀਆਂ ਦੇ ਫੌਰੀ ਦਖਲ ਦੀ ਮੰਗ ਵੀ ਕੀਤੀ।
ਇਸੇ ਦੌਰਾਨ ਇਥੋਂ ਜਾਰੀ ਇਕ ਵੱਖਰੇ ਬਿਆਨ ਰਾਹੀਂ ਸੀਟੀਯੂ ਦੀ ਜਲੰਧਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸਾਥੀ ਰਾਮ ਕਿਸ਼ਨ ਅਤੇ ਸਕੱਤਰ ਹਰੀਮੁਨੀ ਸਿੰਘ ਨੇ ਸਥਾਨਕ ਜਸਵੰਤ ਨਗਰ ਦੇ ਮਕਾਨ ਨੰ. 217 ਵਿਚ ਭੁੱਖਣ ਭਾਣੇ ਬੈਠੇ ਭਾਰੀ ਗਿਣਤੀ ਪ੍ਰਵਾਸੀ ਮਜ਼ਦੂਰਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਫੌਰੀ ਸਾਰ ਲਏ ਜਾਣ ਦੀ ਮੰਗ ਕੀਤੀ।

Scroll To Top