ਅਜਨਾਲਾ : ਸਥਾਨਕ ਸ਼ਹਿਰ ‘ਚ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਮਾਸਟਰ ਹਰਭਜਨ ਸਿੰਘ ਟਰਪਈ ਤੇ ਬਲਵਿੰਦਰ ਸਿੰਘ ਰਵਾਲ ਦੀ ਸਾਂਝੀ ਅਗਵਾਈ ‘ਚ ਸਭਾ ਦੇ ਕਾਰਕੁੰਨਾਂ ਨੇ ਸਭ ਡਵੀਜ਼ਨ ਅਜਨਾਲਾ ‘ਚ ਰਾਵੀ ਦਰਿਆ ਦੇ ਨੇੜਲੇ ਪਿੰਡਾਂ ‘ਚੋਂ ਕਥਿਤ ਰੇਤ ਮਾਫੀਆ, ਪੁਲਿਸ ਤੇ ਰਾਜਸੀ ਗਠਜੋੜ ਰਾਹੀਂ 30 ਸਤੰਬਰ ਤੱਕ ਪਾਬੰਦੀ ਦੇ ਬਾਵਜੂਦ ਰੇਤ ਦੀ ਹੁੰਦੀ ਖੁਦਾਈ ਦੀ ਕਾਲਾ ਬਾਜ਼ਾਰੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ ਲਾਇਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ ‘ਤੇ ਹੀ ਕੈਪਟਨ ਸਰਕਾਰ ਦੇ ਕਾਰਜਕਾਲ ‘ਚ ਵੀ ਰੇਤ ਅਤਿ ਦੀ ਮਹਿੰਗੀ ਹੋਣ ਕਾਰਨ ਘਰਾਂ ਤੇ ਹੋਰ ਛੋਟੇ ਮੋਟੇ ਉਸਾਰੀ ਕਾਰਜਾਂ ਲਈ ਲੋਕਾਂ ਨੂੰ ਡਾਹਢੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਗ ਕੀਤੀ ਗਈ ਕਿ ਰੇਤ ਦੇ ਕਾਰੋਬਾਰ ਨੂੰ ਨਿਯਮਤ ਕਰਕੇ ਰੇਤ ਸਸਤੀ ਦੇਣ, ਰੇਤ ਭਰਨ ਵਾਲੇ ਮਜ਼ਦੂਰਾਂ, ਵਾਹਨਾਂ ਰਾਹੀਂ ਢੋਆ ਢੁਆਈ ਕਰਨ ਵਾਲੇ ਕਾਰੋਬਾਰੀਆਂ, ਕਿਸਾਨਾਂ ਤੇ ਪੰਚਾਇਤਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਨਵੀਂ ਰੇਤ ਨੀਤੀ ਬਣਾਈ ਜਾਵੇ | ਜਦੋਂਕਿ 31 ਜੁਲਾਈ ਨੂੰ ਪਿੰਡ ਸਾਹੋਵਾਲ ‘ਚ ਵਾਹਨ ਚਾਲਕਾਂ ਤੇ ਨਾਜਾਇਜ਼ ਦਰਜ ਪੁਲਿਸ ਮੁਕੱਦਮੇ ਫ਼ੌਰੀ ਤੌਰ ‘ਤੇ ਰੱਦ ਕੀਤੇ ਜਾਣ | ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਸਤਨਾਮ ਸਿੰਘ ਚੱਕ ਔਲ, ਰਛਪਾਲ ਸਿੰਘ ਸਾਹੋਵਾਲ, ਬਲਦੇਵ ਸਿੰਘ ਸਾਹੋਵਾਲ, ਗੱਜਣ ਸਿੰਘ ਸਾਹੋਵਾਲ, ਸੁਰਜੀਤ ਸਿੰਘ, ਦੇਸ਼ਭਗਤ ਬਲਕਾਰ ਸਿੰਘ ਕੰਦੋਵਾਲੀ, ਗੁਰਮੇਜ ਸਿੰਘ ਜੌਾਸ ਆਦਿ ਮੌਜੂਦ ਸਨ |