Now Reading
ਨਿਮਾਣਿਆਂ ਦਾ ਮਾਣ

ਨਿਮਾਣਿਆਂ ਦਾ ਮਾਣ

ਸ਼ਰਮਾ ਜੀ ਨਾਲ ਗੱਲਾਂ ਕਰਨ ਵਿਚ ਮਜ਼ਾ ਆਉਂਦਾ ਹੈ। ਉਹ ਜ਼ਿੰਦਗੀ ਦੀ ਹਰ ਘਟਨਾ ਦਾ ਕਹਾਣੀ ਰੂਪਾਂਤਰ ਕਰਕੇ ਇਸਨੂੰ ਮਜ਼ੇਦਾਰ ਬਣਾ ਦਿੰਦੇ ਹਨ।
ਪਰ ਇਕ ਦਿਨ ਅਜਿਹਾ ਨਹੀਂ ਭਾਸ ਰਿਹਾ ਸੀ। ਉਹ ਆਪਣੀ ਨੂੰਹ ਬੇਟੀ ਦੇ ਮੋਬਾਇਲ ਫੋਨ ਗੁੰਮ ਹੋਣ ਦੀ ਘਟਨਾ ਨੂੰ ਕਾਫ਼ੀ ਗੰਭੀਰਤਾ ਨਾਲ ਦੱਸ ਰਹੇ ਸਨ, ਜਿਵੇਂ ਕਿ ਆਮ ਕਰਕੇ ਨਹੀਂ ਹੁੰਦਾ। ਬਾਜ਼ਾਰ ਗਏ ਕਿਸੇ ਵੀ ਵਿਅਕਤੀ/ਔਰਤ ਦਾ ਬਟੂਆ ਪਰਸ ਗੁੰਮ ਹੋ ਜਾਣਾ ਆਮ ਗੱਲ ਹੈ। ਅੱਜਕਲ ਮੋਬਾਈਲ ਖੋਹਣ ਦੀਆਂ ਘਟਨਾਵਾਂ ਦਾ ਬਾਜ਼ਾਰ ਵੀ ਗਰਮ ਹੈ।
ਜਦੋਂ ਘਰ ਪੁੱਜਕੇ ਨੂੰਹ ਬੇਟੀ ਨੇ ਸ਼ਰਮਾ ਜੀ ਨੂੰ ਇਹ ਘਟਨਾ ਦੱਸੀ ਤਾਂ ਉਹ ਲੋਹੇ ਲਾਖੇ ਹੋ ਗਏ। ਸਾਡੇ ਨਾਲ ਗੱਲਾਂ ਕਰਦਿਆਂ ਵੀ ਉਹਨਾਂ ਵਲੋਂ ਨੂੰਹ ਨੂੰ ਨਸੀਹਤਾਂ ਦੇਣ ਦੀ ਟੋਨ ਨਜ਼ਰ ਆਉਂਦੀ ਸੀ।
ਸ਼ਰਮਾ ਜੀ ਨੇ ਦੱਸਿਆ ਕਿ ਘਬਰਾਈ ਹੋਈ ਨੂੰਹ ਮੇਰੇ ਮੋਬਾਇਲ ਤੋਂ ਆਪਣੇ ਨੰਬਰ ਨੂੰ ਦੁਹਰਾਈ ਜਾ ਰਹੀ ਸੀ। ਘੰਟੀ ਵੱਜਦੀ ਪਰ ਅਗਲੇ ਹੀ ਪਲ ਬੰਦ ਹੋ ਜਾਂਦੀ। ਇਸ ਨਾਲ ਘਰ ਅੰਦਰ ਅਸ਼ਾਂਤੀ ਦਾ ਮਾਹੌਲ ਹੋਰ ਵੀ ਵੱਧਦਾ ਜਾਂਦਾ।
ਕੁੱਝ ਦੇਰ ਬਾਅਦ ਸ਼ਰਮਾ ਜੀ ਦੇ ਮੋਬਾਇਲ ਦੀ ਘੰਟੀ ਵੱਜੀ। ਜਦੋਂ ਉਹਨਾਂ ਮੋਬਾਇਲ ਚੁੱਕ ਕੇ ਕੰਨ ਨੂੰ ਲਾਇਆ ਤਾਂ ਇਕ ਔਰਤ ਨੇ ਥਿੜਕਵੀਂ ਜਿਹੀ ਆਵਾਜ਼ ਵਿਚ ਕਿਹਾ, ”ਅਸੀਂ ਡੀ.ਏ.ਵੀ. ਕਾਲਜ ਦੇ ਨਾਲ ਦੇ ਰਵਿਦਾਸ ਨਗਰ ਦੀਆਂ ਝੁੱਗੀਆਂ ਵਿਚ ਰਹਿੰਦੇ ਹਾਂ। ਮੇਰੇ ਮੁੰਡੇ ਨੂੰ ਤੁਹਾਡਾ ਮੋਬਾਇਲ ਲੱਭਾ ਐ। ਆ ਕੇ ਲੈ ਜਾਣਾ।”
ਸੁਭਾਅ ਮੁਤਾਬਕ ਉਸ ਨਾਲ ਸਲੀਕੇ ਭਰੀ ਆਵਾਜ਼ ਵਿਚ ਪੇਸ਼ ਆਉਣ ਦੀ ਥਾਂ, ਸ਼ਰਮਾ ਜੀ ਨੇ ਉਸ ਔਰਤ ਦਾ ਧੰਨਵਾਦ ਘੱਟ ਕੀਤਾ ਤੇ ਦਬਕਾ ਜ਼ਿਆਦਾ ਮਾਰਿਆ।
ਖੈਰ! ਸ਼ਰਮਾ ਜੀ ਆਪਣੀ ਨੂੰਹ ਤੇ ਬੇਟੇ ਨਾਲ ਉਸ ਔਰਤ ਦੇ ਰਵਿਦਾਸ ਕਲੋਨੀ ਵਿਚਲੇ ‘ਬੰਗਲੇ’ ‘ਤੇ ਪੁੱਜ ਗਏ। ਇਕ 60 ਕੁ ਸਾਲਾਂ ਦੀ ਮੈਲੇ ਕੱਪੜੇ ਪਾਈ ਤੇ ਖਿਲਰੇ ਵਾਲਾਂ ਵਾਲੀ ਔਰਤ ਨੇ ਅਜੇ ਨਮਸਤੇ ਆਖਿਆ ਹੀ ਸੀ ਕਿ ਸ਼ਰਮਾ ਜੀ ਦੀ ਨੂੰਹ ਨੇ ਉਸਨੂੰ ਮੋਬਾਇਲ ਦੇਣ ਦਾ ਹੁਕਮ ਸੁਣਾ ਦਿੱਤਾ।
ਘਰ ਦੀ ਮਾਲਕਣ ਨੇ ਆਏ ਮਹਿਮਾਨਾਂ ਨੂੰ ਛੋਟੀ ਜਿਹੀ ਮੰਜੀ ਉਪਰ ਬਹਿ ਜਾਣ ਦਾ ਤਰਲਾ ਜਿਹਾ ਮਾਰਿਆ ਤੇ ਕਿਹਾ, ”ਭਰਾ ਜੀ, ਮੋਬਾਇਲ ਤਾਂ ਲੈ ਲਓ! ਪਰ ਚਾਹ ਪੀਣ ਤੋੋਂ ਬਿਨਾਂ ਨਹੀਂ ਜਾਣ ਦੇਣਾ ਮੈਂ”। ਮੇਰਾ ਬੇਟਾ ਤੇ ਨੂੰਹ ਮੋਬਾਇਲ ਦੇਖ ਕੇ ਤਾਂ ਖੁਸ਼ ਹੋ ਗਏ, ਪ੍ਰੰਤੂ ਇਸ ਘਰ ਦੀ ਚਾਹ ਪੀਣ ਦੇ ‘ਹੁਕਮ’ ਤੋਂ ਉਪਜੀ ਹਿਚਕਚਾਹਟ ਤੇ ਫਿਕਰਮੰਦੀ ਉਨ੍ਹਾਂ ਦੇ ਚਿਹਰਿਆਂ ਤੇ ਸਾਫ ਝਲਕ ਰਹੀ ਸੀ।
ਸ਼ਰਮਾ ਜੀ ਦੇ ਕਹਿਣ ਤੇ ਉਹ ਦੋਵੇਂ ਮੰਜੀ ‘ਤੇ ਬੈਠ ਗਏ ਤੇ ਉਹ  ਆਪ ਨੇੜੇ ਪਏ ਇਕ ਡਗਮਗਾਉਂਦੇ ਸਟੂਲ ‘ਤੇ ਸਜ ਗਏ।
ਸਟੀਲ ਦੇ ਗਲਾਸਾਂ ਵਿਚ, ਜੋ ਥੋੜੇ ਘਸਮੈਲੇ ਹੋ ਗਏ ਸਨ, ਉਹ ਬੜੀ ਦਲੇਰੀ ਨਾਲ ਚਾਹ ਪੀ ਹੀ ਰਹੇ ਸਨ ਕਿ ਉਸ ਔਰਤ ਦਾ ਪੁੱਤਰ ਵੀ ਆ ਬਹੁੜਿਆ। ਪ੍ਰੰਤੂ ਉਹਨਾਂ ਨੂੰ ਦੇਖ ਕੇ ਇਕਦਮ ਵਾਪਸ ਮੁੜ ਗਿਆ। ਔਰਤ ਨੇ ਬੜੇ ਸਹਿਜੇ ਪ੍ਰੰਤੂ ਸੰਗਾਊ ਢੰਗ ਨਾਲ ਖੁਲਾਸਾ ਕਰਦਿਆ ਕਿਹਾ ”ਪਹਿਲਾਂ ਮੇਰੇ ਪੁੱਤ ਦਾ ਮਨ ਬੇਈਮਾਨ ਹੋ ਗਿਆ ਸੀ। ਕਹਿੰਦਾ ਮਹਿੰਗਾ ਬਹੁਤ ਆ, ਇਹ ਮੋਬਾਇਲ, ਕਿਸੇ ਨੂੰ ਵੇਚ ਦਿੰਨੇ ਆਂ।”
”ਪਰ ਮੈਂ ਕਿਹਾ ਨਹੀਂ, ਪੁੱਤ, ਕਿਸੇ ਦੀ ਚੀਜ਼ ਨਹੀਂ ਰੱਖੀਦੀ।”
ਚਾਹ ਮੱਲੋ ਮੱਲੀ ਅੰਦਰ ਸੁੱਟ ਕੇ ਤੇ ਮੋਬਾਈਲ ਲੈ ਕੇ ਪੁੱਤ ਨੂੰਹ ਕਾਰ ਵਿਚ ਜਾ ਬੈਠੇ। ਪ੍ਰੰਤੂ ਸ਼ਰਮਾ ਜੀ ਕੁੱਝ ਚਿਰ ਉਸ ਔਰਤ ਦੇ ਸਕੂਨ ਭਰੇ ਮੁਸਕਰਾਉਂਦੇ ਚੇਹਰੇ ਨੂੰ ਦੇਖਦੇ ਰਹੇ… ਦੇਖਦੇ ਰਹੇ। ਕੱਚੇ ਤੇ ਢੱਠੇ ਜਿਹੇ ਕਮਰੇ ਵਿਚੋਂ ਖੰਘਦੇ ਬਜ਼ੁਰਗ ਦੀ ਆਵਾਜ਼ ਆਈ। ਸ਼ਰਮਾ ਜੀ ਦੇ ਪੁੱਛਣ ‘ਤੇ ਔਰਤ ਨੇ ਦੱਸਿਆ ਕਿ ਇਹ ਉਸਦਾ ਪਤੀ ਹੈ। ”ਦੋ ਕੁ ਮਹੀਨਿਆਂ ਦਾ ਚੰਦਰਾ ਤਾਪ ਨਹੀਂ ਹਟਦਾ।”
ਸ਼ਰਮਾ ਜੀ ਵੀ ਪੁੱਤਰ ਤੇ ਨੂੰਹ ਨਾਲ ਕਾਰ ਵਿਚ ਜਾ ਬਿਰਾਜੇ। ਪ੍ਰੰਤੂ ਨੂੰਹ ਦੇ ਕਹੇ ਸ਼ਬਦ ਸ਼ਰਮਾ ਜੀ ਨੂੰ ਬੇਚੈਨ ਕਰ ਰਹੇ ਸਨ, ”ਡੈਡੀ! ਅੱਜਕਲ ਲੱਭੀ ਚੀਜ਼ ਨੂੰ ਮੋੜਨ ਵਾਲਾ ਕੋਈ ਟਾਵਾਂ ਟੱਲਾਂ ਹੀ ਰਹਿ ਗਿਆ ਹੈ।”
ਅੱਗੋਂ ਆਉਂਦੇ ਮੋਟਰਸਾਇਕਲ ਨੇ ਜ਼ੋਰ ਨਾਲ ਹੂਟਰ ਜਿਹਾ ਵਜਾਇਆ। ਕਿਉਂਕਿ ਸ਼ਰਮਾ ਜੀ ਦਾ ਲੜਕਾ ਖੁਸ਼ੀ ਵਿਚ ਕਾਰ ਕੁਝ ਲਾਪਰਵਾਹੀ ਨਾਲ ਚਲਾ ਰਿਹਾ ਸੀ।
– ਰਾਹਗੀਰ

Scroll To Top