ਪ੍ਰੋ. ਜੈਪਾਲ ਸਿੰਘ
ਅਮਨ-ਸ਼ਾਂਤੀ ਲਈ ਮੰਨੇ ਜਾਂਦੇ ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦੀਆਂ 2 ਮਸਜਿਦਾਂ ਵਿੱਚ 15 ਮਾਰਚ ਨੂੰ ਜਦੋਂ ਲੋਕ ਜੁੰਮੇ (ਸ਼ੁੱਕਰਵਾਰ) ਦੀ ਨਮਾਜ ਅਦਾ ਕਰ ਰਹੇ ਸਨ ਤਾਂ ਆਸਟਰੇਲੀਅਨ ਨਾਗਰਿਕ 28 ਸਾਲਾ ਬਰੈਂਟਨ ਟੋਰੰਟ ਨੇ ਗੋਲੀਆਂ ਚਲਾ ਕੇ 50 ਨਮਾਜੀ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਘਿਨਾਉਣੇ ਕਾਰੇ ‘ਚ 48 ਜਣੇ ਸਖਤ ਜ਼ਖ਼ਮੀ ਹੋਏ। ਵਹਿਸ਼ੀ ਕਾਤਲ ਨੇ ਇੱਕ ਕਮਰੇ ਤੋਂ ਦੂਜੇ ਕਮਰੇ ‘ਚ ਤੇ ਇੱਕ ਬੇਗੁਨਾਹ ਸ਼ਿਕਾਰ ਤੋਂ ਦੂਜੇ ਤੱਕ ਜਾਂਦਿਆਂ ਜ਼ਖ਼ਮੀਆਂ ਦੀ ਨੇੜਿਓਂ ਵੀਡੀਓ ਬਣਾਈ ਤਾਂਕਿ ਉਨ੍ਹਾਂ ਨੂੰ ਆਪਣੇ ਬਚਾਅ ਲਈ ਤੜਫਦਿਆਂ ਰੀਂਗ ਕੇ ਜਾਂਦਿਆਂ ਦੇਖਿਆ ਜਾ ਸਕੇ। ਇਨਸਾਨੀਅਤ ਦਾ ਘਾਣ ਕਰਨ ਵਾਲਾ ਘ੍ਰਿਣਤ ਕਾਤਲ ਪਹਿਲਾਂ ਸ਼ਹਿਰ ਦੀ ਅਲ-ਨੂਰ ਮਸਜਿਦ ‘ਚ ਗਿਆ ਤੇ ਉਥੇ ਲੋਕਾਂ ਨੂੰ ਮਾਰਨ ਲੱਗਾ। ਉਥੇ ਪਾਕਿਸਤਾਨ ਦੇ ਜਿੰਨਾਹਾਬਾਦ ਦਾ ਵਸਨੀਕ, ਜੋ ਕਿ ਨਿਊਜੀਲੈਂਡ ਵਿੱਚ ਪ੍ਰੋਫੈਸਰ ਸੀ ਤੇ ਉਸਦਾ ਨਾਂਅ ਨਈਮ-ਰਸ਼ੀਦ ਹੈ, ਨੇ ਕਾਤਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ ਗਿਆ। ਇਸ ਗੋਲੀਬਾਰੀ ਵਿੱਚ ਉਸਦਾ 22 ਸਾਲਾ ਸਿਵਲ ਇੰਜੀਨੀਅਰ ਬੇਟਾ ਤੱਲ੍ਹਾ ਨਈਮ ਵੀ ਮਾਰਿਆ ਗਿਆ। ਬਾਅਦ ‘ਚ ਪ੍ਰੋ. ਨਈਮ ਰਸ਼ੀਦ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਕਾਤਲ ਕਿੰਨਾ ਬੇਰਹਿਮ, ਨਿਡਰ ਤੇ ਮਨਸਿਕ ਤਨਾਉ ਤੋਂ ਵੀ ਮੁਕਤ ਸੀ, ਕਿ ਉਹ ਅਲ-ਨੂਰ ਮਸਜਿਦ ‘ਚ ਨਮਾਜੀਆਂ ਨੂੰ ਮਾਰਨ ਉਪਰੰਤ ਆਪਣੀ ਕਾਰ ‘ਚ ਬੈਠ ਕੇ ਲਿਨਵੁੱਡ ਮਸਜਿਦ ‘ਚ ਗਿਆ ਤੇ ਰਸਤੇ ‘ਚ ਇੱਕ ਗੀਤ ‘ਮੈਂ ਨਰਕ ਦੀ ਅੱਗ ਦਾ ਦੇਵਤਾ/ਰੱਬ ਹਾਂ’ ਸੁਣਿਆ। ਆਪਣੇ ਵਰਗੇ ਹੋਰਾਂ ਨੂੰ ਵੀ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਇਸ ਸਭ ਦੀ ਵੀਡੀਓ/ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਸਾਂਝਾ ਕੀਤਾ। ਦੂਜੀ, ਲਿਨਵੁੱਡ ਮਸਜਿਦ ‘ਚ ਉਸ ਨੂੰ ਗੋਲੀਆਂ ਚਲਾਉਂਦੇ ਨੂੰ ਇੱਕ ਅਫਗਾਨ ਰਫਿਊਜੀ ਅਬਦੁਲ ਅਜ਼ੀਜ ਨੇ ਉਸ ਵੱਲੋਂ ਸੁੱਟੀ ਖਾਲੀ ਸ਼ੋਟਗੰਨ ਤੇ ਕਰੈਡਿਟ ਕਾਰਡ ਵਾਲੀ ਮਸ਼ੀਨ ਨਾਲ ਲਲਕਾਰਿਆ ਤਾਂ ਜੋ ਉਸਦੇ 4 ਬੇਟਿਆਂ ਤੇ ਹੋਰ ਸ਼ਰਧਾਲੂਆਂ ਤੋਂ ਕਾਤਲ ਦਾ ਧਿਆਨ ਭਟਕਾਇਆ ਜਾ ਸਕੇ, ਜੋ ਉਸ ਵਕਤ ਨਮਾਜ ਅਦਾ ਕਰਨ ਲਈ ਝੁਕੇ ਹੋਏ ਸਨ। ਉਸਨੇ ਕਾਤਲ ਨੂੰ ਕਾਰਾਂ ਦੇ ਝੁੰਡ ਵਿਚਕਾਰ ਧੱਕ ਦਿੱਤਾ, ਜਿੱਥੋਂ ਉਹ ਗੋਲੀਆਂ ਦੀ ਬੁਛਾੜ ਕਰਦਾ ਰਿਹਾ।
ਮਰਨ ਵਾਲਿਆਂ ‘ਚ 3 ਸਾਲ ਤੋਂ 77 ਸਾਲ ਤੱਕ ਦੇ ਲੋਕ ਸ਼ਾਮਲ ਹਨ। ਜਿਨ੍ਹਾਂ ਵਿੱਚ ਘੱਟੋ-ਘੱਟ 4 ਔਰਤਾਂ ਵੀ ਸ਼ਾਮਲ ਹਨ ਅਤੇ 6 ਭਾਰਤੀ ਤੇ 9 ਪਾਕਿਸਤਾਨੀ ਵੀ ਹਨ। ਇੱਕ 4 ਸਾਲਾ ਬੱਚਾ ਵੀ ਜ਼ਖ਼ਮੀ ਹੈ। ਹੈਦਰਾਬਾਦ ‘ਚ ਜਨਮੇ 30 ਸਾਲਾ ਨਿਊਜੀਲੈਂਡ ਨਾਗਰਿਕ ਇੰਜੀਨੀਅਰ ਫਰਹਾਜ ਅਹਿਸਾਨ ਦੀ ਪਤਨੀ ਇਨਸ਼ਾ ਅਜ਼ੀਜ਼ ਤੇ ਉਸਦੀ ਤਿੰਨ ਸਾਲਾ ਬੇਟੀ ਤੇ 7 ਮਹੀਨਿਆਂ ਦਾ ਬੇਟਾ ਅਜੇ ਵੀ ਯਕੀਨ ਕਰਨ ਤੋਂ ਅਸਮਰਥ ਹਨ ਤੇ ਉਸਦੀ ਉਡੀਕ ਕਰ ਰਹੇ ਹਨ।
ਕੁੱਝ ਠੰਢੇ ਬੁੱਲੇ : ਇਨ੍ਹਾਂ ਚੀਕਾਂ ਕੁਰਲਾਹਟਾਂ ਤੇ ਇਨਸਾਨੀਅਤ ਦੇ ਘਾਣ ਕਰਨ ਵਾਲੀਆਂ ਖ਼ਬਰਾਂ ‘ਚ ਕੁਝ ਠੰਢੇ ਬੁੱਲੇ ਵੀ ਦੇਖਣ ਨੂੰ ਮਿਲੇ ਹਨ। ਬਹੁਤ ਸਾਰੇ ਲੋਕਾਂ ਨੇ ਫੁੱਲ ਰੱਖ ਕੇ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਕੁੱਝ ਮਸਜਿਦਾਂ ਦੇ ਬਾਹਰ ਸਥਾਨਕ ਲੋਕਾਂ ਨੇ ਲਾਈਨਾਂ ਬਣਾ ਕੇ ਖੜ੍ਹਨ ਉਪਰੰਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਿਲਾਸਾ ਦਿੰਦੇ ਕਿਹਾ ਹੈ ਕਿ ਤੁਸੀਂ ਮਸਜਿਦ ‘ਚ ਨਮਾਜ ਪੜ੍ਹੋਂ ਤੇ ਅਸੀਂ ਬਾਹਰ ਖੜ੍ਹਦੇ ਹਾਂ। ਸਭ ਤੋਂ ਵੱਧ ਦਲੇਰੀ ਤੇ ਸੰਵੇਦਨਾ ਉਥੋਂ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਦਿਖਾਈ ਹੈ ਤੇ ਉਸਨੇ ਇਨ੍ਹਾਂ ਮੌਤਾਂ ਦੇ ਸੌਦਾਗਰ ਨੂੰ ਅੱਤਵਾਦੀ ਗਰਦਾਨਿਆ ਹੈ ਤੇ ਪੀੜਤ ਪਰਿਵਾਰਾਂ ਨਾਲ ਸਾਧਾਰਨ ਮਨੁੱਖਾਂ ਵਾਂਗ ਦੁੱਖ ਸਾਂਝਾ ਕੀਤਾ ਹੈ ਤੇ ਆਪਣੇ ਵੱਲੋਂ ਆਪ ਟਵਿੱਟਰ ਤੇ ਤਿੰਨ ਵਾਰ ਲਿੱਖਿਆ, ”ਕਿ ਜੋ ਕੁਝ ਵੀ ਕਰਾਈਸਟ ਚਰਚ ਵਿੱਚ ਵਾਪਰਿਆ ਹੈ, ਉਹ ਬੇਮਿਸਾਲ ਹਿੰਸਾ ਦਾ ਅਸਾਧਾਰਨ ਕਾਰਾ ਹੈ ਜਿਸ ਲਈ ਨਿਊਜ਼ੀਲੈਂਡ ‘ਚ ਕੋਈ ਥਾਂ ਨਹੀਂ। ਪ੍ਰਭਾਵਤ ਮੈਂਬਰਾਂ ‘ਚੋਂ ਬਹੁਤੇ ਪ੍ਰਵਾਸੀ ਹੋਣਗੇ, ਜਿਨ੍ਹਾਂ ਦਾ ਨਿਊਜ਼ੀਲੈਂਡ ਆਪਣਾ ਘਰ ਹੈ। ਉਹ ਸਾਰੇ ਸਾਡੇ ਆਪਣੇ ਹਨ।” ਜਿਸਦਾ ਸਾਰੇ ਭਾਈਚਾਰਿਆਂ ਤੇ ਚੰਗਾ ਤੇ ਹਾਂ-ਪੱਖੀ ਪ੍ਰਭਾਵ ਪਿਆ ਹੈ। ਉਸਨੇ ਵਾਅਦਾ ਵੀ ਕੀਤਾ ਕਿ ਨਿਊਜ਼ੀਲੈਂਡ ਦੇ ਬੰਦੂਕਾਂ ਸੰਬੰਧੀ ਸਾਰੇ ਕਾਨੂੰਨ ਬਦਲੇ ਜਾਣਗੇ।
ਇਹ ਕਾਰਾ ਕਰਨ ਵਾਲੇ ਬਰੈਂਟਨ ਟੋਰੰਟ ਨੇ ਸਿਰਫ 9 ਮਿੰਟ ਪਹਿਲਾਂ ਹੀ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਸਮੇਤ ਕਈ ਪਾਸੇ ਈ-ਮੇਲ ਰਾਹੀਂ ਦੱਸਿਆ ਕਿ ਕੁੱਝ ਹਮਲਾ ਹੋਣ ਵਾਲਾ ਹੈ। ਪਰ ਉਸਦਾ ਥਾਂ ਤੇ ਸਮਾਂ ਨਹੀਂ ਦੱਸਿਆ ਗਿਆ। ਸਿਰਫ਼ 2 ਮਿੰਟ ‘ਚ ਹੀ ਉਹ ਈ-ਮੇਲ ਬਾਕੀ ਸੁਰੱਖਿਆ ਏਜੰਸੀਆਂ ਤੱਕ ਪਹੁੰਚ ਗਈ ਤੇ ਉਨ੍ਹਾਂ ਵੱਲੋਂ ਕੋਈ ਵੀ ਇਹਤਿਆਤ ਲੈਣ ਤੋਂ ਪਹਿਲਾਂ ਹੀ ਇਹ ਅਮਨੁੱਖੀ ਕਾਰਾ ਹੋ ਗਿਆ। ਕਾਤਲ ਨੇ ਜੋ ਸਮੱਗਰੀ ਫੇਸਬੁੱਕ ‘ਤੇ ਪਾਈ, ਫੇਸਬੁੱਕ ਨੇ ਫੌਰੀ ਹਰਕਤ ‘ਚ ਆਉਂਦਿਆਂ ਹੀ ਫੁਰਤੀ ਨਾਲ ਉਨ੍ਹਾਂ ਰਿਕਾਰਡਿੰਗਾਂ ਨੂੰ ਮਿਟਾ ਦਿੱਤਾ ਕਿਉਂਕਿ ਘ੍ਰਿਣਾ ਦਾ ਇਹ ਜ਼ਹਿਰ ਸੋਸ਼ਲ ਮੀਡੀਆ ਤੇ ਬਹੁਤ ਜਲਦੀ ਨਾਲ ਫੈਲਦਾ ਹੈ। ਇਸ ਲਈ ਦੁਨੀਆਂ ਭਰ ‘ਚ ਅਜਿਹੀਆਂ ਕੰਪਨੀਆਂ ਨੂੰ ਸੋਸ਼ਲ ਮੀਡੀਆ ‘ਤੇ ਪਾਈ ਜਾ ਰਹੀ ਘ੍ਰਿਣਤ ਨੇ ਨਫਰਤੀ ਸਮੱਗਰੀ ਨੂੰ ਲਗਾਤਾਰ ਮੋਨੀਟਰ ਕਰਕੇ ਮਿਟਾਨਾ ਚਾਹੀਦਾ ਹੈ। ਇਹ ਸਮਸਿਆ ਸਾਡੇ ਦੇਸ਼ ਵਿੱਚ ਬਹੁਤ ਵਿਆਪਕ ਪੱਧਰ ਤੇ ਪਸਰੀ ਹੋਈ ਹੈ। ਅੱਤਵਾਦੀ ਕਾਰਵਾਈਆਂ ਅੱਜ ਦੇ ਸੰਸਾਰ ‘ਚ ਕਿਤੇ ਵੀ ਹੋ ਸਕਦੀਆਂ ਹਨ ਕਿਉਂਕਿ ਇੰਟਰਨੈੱਟ ਰਾਹੀਂ ਸਾਰੀ ਦੁਨੀਆਂ ਹੀ ਜੁੜੀ ਹੋਈ ਹੈ ਤੇ ਕੋਈ ਵੀ ਖਿੱਤਾ ਅਜਿਹੀਆਂ ਕਾਰਵਾਈਆਂ ਤੋਂ ਅਣਭਿੱਜ ਨਹੀਂ ਰਹਿ ਸਕਦਾ। ਕਾਤਲ ਨੇ 87-ਪੰਨਿਆ ਦਾ ਇੱਕ ਮੈਨੀਫੈਸਟੋ ਵੀ ਕੁੱਝ ਮਿੰਟ ਪਹਿਲਾਂ ਹੀ ਭੇਜਿਆ ਸੀ ਤਾਂ ਕਿ ਉਸਦੀ ਗੋਰੇ-ਸ਼ਰੇਸ਼ਟਤਾਵਾਦ ਦੀ ਪਿਛਾਖੜੀ ਤੇ ਇਨਸਾਨੀਅਤ ਵਿਰੋਧੀ ਵਿਚਾਰਧਾਰਾ ਦਾ ਪਸਾਰ ਹੋ ਸਕੇ।
ਅਮਰੀਕਾ ਸਮੇਤ ਯੂਰਪ ਦੇ ਪੱਛਮੀ ਦੇਸ਼ ਜੋ ਸਰਮਾਏਦਾਰ ਲੀਹਾਂ ਤੇ ਵਿਕਾਸ ਕਰਦੇ ਕਰਦੇ ਸ਼ਾਮਰਾਜੀ ਬਣੇ ਹਨ ਤੇ ਪੂੰਜੀਵਾਦ ਆਪਣੇ ਸੁਭਾਅ ਵਜੋਂ ਹੀ ਸੰਕਟ-ਗ੍ਰਸਤ ਰਹਿੰਦੀ ਹੈ ਜਿਸ ਦਾ ਉਸ ਕੋਲ ਕੋਈ ਹੱਲ ਨਹੀਂ ਹੁੰਦਾ। ਪੂੰਜੀਵਾਦ ਦੀ ਤਰੱਕੀ ‘ਚ ਦੇਸ਼ਾਂ, ਕੌਮਾਂ, ਜਾਤਾਂ, ਧਰਮਾਂ ਦੇ ਪਿਛਾਂਹ-ਖਿੱਚੂ ਕਾਰਨਾਂ ‘ਤੇ ਅੱਗੇ ਚੱਲ ਕੇ ਅਜਿਹੇ ਸਮਾਜ ਬਣੇ ਜਿਥੇ ਅੱਡ-ਅੱਡ ਦੇਸ਼ਾਂ ਦੇ ਲੋਕ ਰਲ੍ਹਕੇ ਵਿਕਾਸ ‘ਚ ਯੋਗਦਾਨ ਪਾਉਂਦੇ ਹਨ। ਪਰ ਪਿਛਲੇ ਕਈ ਦਹਾਕਿਆਂ ਤੋਂ ਖਾਸ ਕਰਕੇ ਸਮਾਜਵਾਦੀ ਮੁਲਕਾਂ ਦੀ ਟੁੱਟ-ਭੱਜ ਅਤੇ ਠੰਢੀ ਜੰਗ ਦੇ ਖਾਤਮੇ ਉਪਰੰਤ ਸਾਮਰਾਜੀ ਮੁਲਕ ਉਥੋਂ ਦੇ ਸਥਾਨਕ ਲੋਕਾਂ ਨੂੰ ਪਰਵਾਸੀਆਂ ਵਿਰੁੱਧ ਭੜਕਾਉਂਦੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਠੀਕਰਾ ਉਨ੍ਹਾਂ ਸਿਰ ਭੰਨਦੇ ਹਨ। ਪਹਿਲਾਂ ਪਹਿਲਾਂ ਯਹੂਦੀਆਂ ਵਿਰੁੱਧ ਅਜਿਹਾ ਹੁੰਦਾ ਸੀ, ਪਰ ਠੰਢੀ ਜੰਗ ਬਾਅਦ ਇਸਦੀ ਮੁੱਖ ਧਾਰਾ ਮੁਸਲਮਾਨਾਂ ਵਿਰੁੱਧ ਕਰ ਦਿੱਤੀ ਗਈ ਹੈ। ਜਿੱਥੇ ਅਮਰੀਕਾ ਵਿੱਚ ‘ਅਮਰੀਕਾ ਦਾ ਇਸਲਾਮੀਕਰਨ ਬੰਦ ਕਰੋ’ ਨਾ ਦੀ ਜਥੇਬੰਦੀ ਅਜਿਹਾ ਕੂੜ ਪ੍ਰਚਾਰ ਕਰਦੀ ਹੈ, ਉਥੇ ਫਰਾਂਸ ਵਿੱਚ ਮੁਸਲਮਾਨਾਂ ਦੀ ਆਮਦ ਨੂੰ ‘ਵੱਡੇ ਬਦਲਾਉ’ ਦੇ ਸਿਧਾਂਤ ਦੇ ਰੂਪ ਵਿੱਚ ਪ੍ਰਚਾਰਿਆ ਜਾਂਦਾ ਹੈ। ਆਮ ਸਾਧਾਰਨ ਬੋਲਚਾਲ ਦੀ ਗੱਲਬਾਤ ਵਿੱਚ ਵੀ ਇਹ ਪ੍ਰਚਾਰ ਸਾਡੇ ਦੇਸ਼ ਸਮੇਤ ਹਰ ਥਾਂ ਤੇ ਕੀਤਾ ਜਾਂਦਾ ਹੈ ਕਿ, ”ਮੁਸਲਮਾਨ ਪਛੜੇ ਹੋਏ, ਪੁਰਾਤਨ ਵਿਚਾਰਾਂ ਦੇ, ਵਹਿਸ਼ੀ, ਜ਼ਾਲਮ ਤੇ ਹਿੰਸਕ ਲੋਕ ਹਨ, ਉਹ ਸੁਭਾਵਕ ਤੌਰ ਤੇ ਦਹਿਸ਼ਤਪਸੰਦ ਹਨ ਤੇ ਜਿਹਾਦ ਕਰਕੇ ਪੱਛਮੀ ਸਭਿਅਤਾ ਦਾ ਮਲੀਆਮੇਟ ਕਰ ਦੇਣਾ ਚਾਹੁੰਦੇ ਹਨ।” ਅੱਡ-ਅੱਡ ਸਮਰਾਜੀ ਮੁਲਕਾਂ ‘ਚ ਮੁਸਲਮਾਨਾਂ ਸਮੇਤ ਹੋਰ ਪ੍ਰਵਾਸੀਆਂ ਵਿਰੁੱਧ ਵੀ ਨਫਰਤੀ ਪ੍ਰਚਾਰ ਧੂੰਆਂਧਾਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਕਰਕੇ ਉਥੋਂ ਦੇ ਸਥਾਨਕ ਲੋਕਾਂ ਲਈ ਰੁਜ਼ਗਾਰ-ਵਸੀਲੇ ਘਟ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪਿਛਲੀ ਚੋਣ ਵਿਚ ਇਸ ਨਫਰਤੀ ਮੁਹਿੰਮ ਰਾਹੀਂ ਜਿੱਤ ਯਕੀਨੀ ਬਣਾਈ ਤੇ ਰਾਸ਼ਟਰਪਤੀ ਬਣਦੇ ਸਾਰ 6 ਦੇਸ਼ਾਂ ਦੇ ਮੁਸਲਮਾਨਾਂ ਦੇ ਅਮਰੀਕਾ ਅੰਦਰ ਦਾਖਲੇ ‘ਤੇ ਪਾਬੰਦੀ ਲਾ ਦਿੱਤੀ ਤੇ ਭਾਰਤ, ਚੀਨ ਸਮੇਤ ਦੂਜੇ ਦੇਸ਼ਾਂ ਤੋਂ ਅਮਰੀਕਾ ਜਾਂਦੇ ਤਕਨੀਕੀ ਮਾਹਰਾਂ ਦੇ ਐਚ-1 ਵੀਜੇ ਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ।
ਪੂੰਜੀਵਾਦੀ ਸਿਸਟਮ ‘ਚ ਉਸ ਦੇ ਸੰਕਟ ਦਾ ਕੋਈ ਹੱਲ ਨਾ ਹੋਣ ਕਾਰਨ, ਪੂੰਜੀਵਾਦੀ ਸਾਮਰਾਜੀ ਮੁਲਕ ਮੰਡੀ ਦੀ ਮੁੜ ਵੰਡ ਲਈ ਸੰਸਾਰ ਦਾ ਦੋ ਸੰਸਾਰ-ਜੰਗਾਂ ਰਾਹੀਂ ਘਾਣ ਕਰ ਚੁੱਕੇ ਹਨ। ਦੂਜੀ ਸੰਸਾਰ ਜੰਗ ਵੇਲੇ ਯਹੂਦੀਆਂ ਵਿਰੁੱਧ ਨਫਰਤ ਪੂਰੀਆਂ ਸਿਖ਼ਰਾਂ ‘ਤੇ ਸੀ ਤੇ ਉਨ੍ਹਾਂ ਦੀ ਪੂਰੀ ਤਬਾਹੀ ਵੀ ਕੀਤੀ ਗਈ। ਪਰੰਤੂ ਬਾਅਦ ‘ਚ ਸਾਮਰਾਜੀਆਂ ਦੇ ਸਾਂਝੇ ਹਿੱਤ ਅਧੀਨ ਯਹੂਦੀ ਦੇਸ਼ ਇਜਰਾਈਲ ਦੀ ਵਰਤੋਂ ਫਿਲਸਤੀਨ ਸਮੇਤ ਹੋਰ ਮੁਸਲਿਮ ਆਬਾਦੀ ਵਾਲੇ ਦੇਸ਼ਾਂ ਵਿਰੁੱਧ ਤੇਜ਼ ਕਰ ਦਿੱਤੀ ਗਈ। 1990-91 ਤੱਕ ਸੋਵੀਅਤ ਯੂਨੀਅਨ ਤੇ ਦੂਜੇ ਸਮਾਜਵਾਦੀ ਮੁਲਕ ਸਾਮਰਾਜੀਆਂ ਦੀਆਂ ਇਨ੍ਹਾਂ ਭਰਾ-ਮਾਰੂ ਚਾਲਾਂ ਵਿਰੁੱਧ ਹਰ ਤਰ੍ਹਾਂ ਨਾਲ ਖੜਦੇ ਰਹੇ, ਪਰੰਤੂ ਇਨ੍ਹਾਂ ਮੁਲਕਾਂ ਦੀ ਟੁੱਟ-ਭੱਜ ਤੋਂ ਬਾਅਦ ਇਨ੍ਹਾਂ ਨਫਰਤੀ ਮੁਹਿੰਮਾਂ ਨੇ ਤੇਜ਼ੀ ਫੜੀ। ਮਾਰਕਸਵਾਦ ਦੀ ਵਿਗਿਆਨਕ ਸਮਝ ਅਨੁਸਾਰ ਮਜ਼ਦੂਰ ਜਮਾਤ ਤੇ ਸਰਮਾਏ ਦੇ ਅਤੇ ਅੰਤਰ-ਸਾਮਰਾਜੀ ਬੁਨਿਆਦੀ ਵਿਰੋਧਾਂ ਦੀ ਬਜਾਏ ਸਰਮਾਏਦਾਰ ਬੁੱਧੀਜੀਵੀਆਂ ਵੱਲੋਂ ਨਵੇਂ-ਨਵੇਂ ਸਿਧਾਂਤ ਪੇਸ਼ ਕੀਤੇ ਗਏ। ਅਜਿਹੇ ਸਿਧਾਂਤ ਵਜੋਂ ਹੀ ਐਸ.ਪੀ. ਹੰਟਿੰਗਟਨ ਦੇ 1992 ਦੇ ਇੱਕ ਲੈਕਚਰ ਤੋਂ ਸ਼ੁਰੂ ਹੋਇਆ ਸਿਧਾਂਤ, ਉਸਦੇ ਪੁਰਾਣੇ ਵਿਦਿਆਰਥੀ ਫਰਾਂਸਿਸ ਫੂਕੁਯਾਮਾ ਦੀ 1992 ‘ਚ ਲਿਖੀ ਕਿਤਾਬ ‘ਇਤਿਹਾਸ ਦਾ ਅੰਤ ਅਤੇ ਆਖਰੀ ਮਨੁੱਖ’ ਨੂੰ ਆਪਣੇ ਕਲਾਵੇ ‘ਚ ਲੈਂਦਾ ਹੋਇਆ 1996 ਵਿੱਚ ਪੂਰੀ ਕਿਤਾਬ ਦੇ ਰੂਪ ‘ਚ ਪ੍ਰਗਟ ਹੋਇਆ। ਇਸ ਕਿਤਾਬ ਦਾ ਨਾਂਅ ਸੀ, ਸਭਿਅਤਾਵਾਂ ਦਾ ਭੇੜ ਤੇ ਸੰਸਾਰ ਪ੍ਰਬੰਧ ਦਾ ਮੁੜ-ਨਿਰਮਾਣ। ਇਸ ਕਿਤਾਬ ਦੀ ਸਮੁੱਚੀ ਵਿਆਖਿਆ ਜਮਾਤੀ ਆਧਾਰ ‘ਤੇ ਨਾ ਕਰਕੇ, ਹੰਟਿੰਗਟਨ ਵੱਲੋਂ ਫਰਜੀ ਤੌਰ ਤੇ ਮੰਨੀਆਂ ਸਭਿਅਤਾਵਾਂ ਦੇ ਆਧਾਰ ‘ਤੇ ਕੀਤੀ ਗਈ। ਉਸ ਵੱਲੋਂ, ਪੱਛਮੀ ਸਭਿਅਤਾ, ਲਾਤੀਨੀ ਅਮਰੀਕੀ ਸਭਿਅਤਾ, ਪੁਰਾਤਨ ਖਿਆਲੀ ਸਭਿਅਤਾ, ਪੂਰਬੀ ਸਭਿਅਤਾ ਜੋ ਕਿ ਬੋਧੀ, ਚੀਨੀ, ਹਿੰਦੂ ਤੇ ਜਾਪਾਨੀ ਸਭਿਅਤਾਵਾਂ ਦਾ ਮਿਲਾਗੋਭਾ ਹੈ, ਮੁਸਲਿਮ ਸਭਿਅਤਾ ਮੰਨੀਆਂ ਗਈਆਂ ਤੇ ਕਿਹਾ ਗਿਆ ਕਿ ਇਨ੍ਹਾਂ ਸਭਿਅਤਾਵਾਂ ਵਿਚਕਾਰ ਭੇੜ ਚੱਲ ਰਿਹਾ ਹੈ। ਇਸ ਕਿਤਾਬ ਦਾ ਤੇ ਇਸ ਵਿਚਲੇ ਸਿਧਾਂਤ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਗਿਆ। ਸਾਡੇ ਆਪਣੇ ਦੇਸ਼ ਦੀਆਂ ‘ਟ੍ਰਿਬਿਊਨ’ ਸਮੇਤ ਬਹੁਤੀਆਂ ਅਖ਼ਬਾਰਾਂ ਨੇ ਸੰਪਾਦਕੀ ਲਿਖ ਕੇ ਇਸ ਕਿਤਾਬ ਦਾ ਪ੍ਰਚਾਰ ਕੀਤਾ। ਇਸ ਕਿਤਾਬ ਦੀ ਉੱਘੇ ਬੁੱਧੀਜੀਵੀਆਂ ਤੇ ਮਾਰਕਸਵਾਦੀ ਚਿੰਤਕਾਂ ਵੱਲੋਂ ਭਰਪੂਰ ਆਲੋਚਨਾ ਵੀ ਹੋਈ। ਨੋਬਲ ਇਨਾਮ ਜੇਤੂ ਅਮਰਤਿਆ ਸੇਨ ਨੇ ਇਸ ਦੀ ਖਿੱਲੀ ਉਡਾਈ। ਪਾਲ ਬਰਮਨ ਨੇ 2003 ‘ਚ ਆਪਣੀ ਕਿਤਾਬ ‘ਟੈਰਰ (ਦਹਿਸ਼ਤ) ਅਤੇ ਉਦਾਰਵਾਦ’ ‘ਚ ਉਸਦੇ ਪਰਖਚੇ ਉਡਾਏ। ਮਹਾਨ ਮਾਰਕਸਵਾਦੀ ਨੋਮ ਚੋਮਸਕੀ ਨੇ ਇਸ ਸਿਧਾਂਤ ਦੀ ਇਹ ਕਹਿ ਕੇ ਆਲੋਚਨਾ ਕੀਤੀ ਕਿ ਇਹ ਸਿਧਾਂਤ ਸੋਵੀਅਤ ਯੂਨੀਅਨ ਦੀ ਠੰਢੀ ਜੰਗ ਉਪਰੰਤ ਗੈਰ-ਹਾਜਰੀ ਕਾਰਨ, ਅਮਰੀਕਾ ਵੱਲੋਂ ਢਾਹੇ ਜਾਣ ਵਾਲੇ ਜ਼ੁਲਮਾਂ ਨੂੰ ਵਾਜਬ ਠਹਿਰਾਉਣ ਦਾ ਹੀ ਇੱਕ ਹਥਿਆਰ ਹੈ। ਪਰ ਫਿਰ ਵੀ ਸੱਭਿਅਤਾਵਾਂ ਦੇ ਭੇੜ ਦੇ ਨਾਂਅ ਥੱਲੇ ਪੂਰੇ ਪੱਛਮੀ ਸੰਸਾਰ ਵਿੱਚ ਏਸ਼ੀਆਈ ਲੋਕਾਂ ਤੇ ਖਾਸ ਕਰ ਮੁਸਲਮਾਨਾਂ ਵਿਰੁੱਧ ਘ੍ਰਿਣਾ ਪੂਰੇ ਜ਼ੋਰ-ਸ਼ੋਰ ਨਾਲ ਫੈਲਾਈ ਜਾ ਰਹੀ ਹੈ।
ਜਿਵੇਂ ਕਿ ਕਿਹਾ ਜਾਂਦਾ ਹੈ ਕਿ ‘ਲੰਡੇ’ ਨੂੰ ‘ਮੀਣਾ’ ਸੌ ਕੋਹ ‘ਤੇ ਵੀ ਟੱਕਰ ਜਾਂਦਾ ਹੈ, ਬਿਲਕੁੱਲ ਉਸੇ ਤਰ੍ਹਾਂ ਹੁਣ ਸਾਡੇ ਦੇਸ਼ ‘ਚ ਵਾਪਰ ਰਿਹਾ ਹੈ। ਜਮਾਂਦਰੂ ਤੌਰ ‘ਤੇ, ਨਫਰਤੀ ਘਾਣ ਕਰਨ ਲਈ ਜਨਮੀ ਆਰ.ਐਸ.ਐਸ. ਦੀ ਵਿਚਾਰਧਾਰਾ ਨੂੰ ਪਰਨਾਈ ਬੀ.ਜੇ.ਪੀ. ਦੀ ਮੋਦੀ ਸਰਕਾਰ ਦੀ ਅਤੀ ਘ੍ਰਿਣਤ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਇਜਰਾਈਲੀ ਪ੍ਰਧਾਨ ਮੰਤਰੀ ਬੈਜਾਮਿਨ ਨੇਤਰਯਾਹੂ ਨਾਲ ਯਾਰੀ ਸਾਡੇ ਆਪਣੇ ਦੇਸ਼ ਲਈ ਬੜੇ ਭਿਆਨਕ ਸਿੱਟੇ ਕੱਢ ਰਹੀ ਹੈ। ਗੋਰੇ ਸ਼ਰੇਸ਼ਠਤਾਵਾਦ ਅਤੇ ‘ਮੁਸਲਿਮ-ਭੈਅ’ ਅਧੀਨ ਨਫਰਤ ‘ਚ ਅੰਨ੍ਹੇ ਹੋਏ ਵਿਅਕਤੀ ਦਾ ਨਿਊਜੀਲੈਂਡ ‘ਚ ਕੀਤਾ ਗਿਆ ਇਹ ਘਿਨਾਉਣਾ ਕਾਰਾ ਬਹੁਤ ਵੱਡੇ ਘੱਲੂਘਾਰਿਆਂ ਵੱਲ ਵੀ ਇਸ਼ਾਰਾ ਕਰਦਾ ਹੈ। ਆਰ.ਐਸ.ਐਸ. ਦੀ ਫਿਰਕੂ ‘ਹਿੰਦੂ ਸ੍ਰੇਸ਼ਠਤਾਵਾਦ’ ਤੇ ਅੰਨੇ ਮੁਸਲਿਮ-ਵਿਰੋਧ ਦਾ ਪ੍ਰਚਾਰ ਪੂਰੇ ਸਿਖਰ ‘ਤੇ ਹੈ। ਸੋਸ਼ਲ ਮੀਡੀਆ ‘ਤੇ ਅਮਰੀਕਾ ਤੇ ਯੂਰਪ ਦੀ ਤਰਜ ‘ਤੇ ਪ੍ਰਚਾਰ ਚੱਲ ਰਿਹਾ ਹੈ ਕਿ ਜਲਦੀ ਹੀ ਸਾਰੇ ਭਾਰਤ ਵਿੱਚ ਹਿੰਦੂ ਘੱਟ ਗਿਣਤੀ ‘ਚ ਰਹਿ ਜਾਣਗੇ ਤੇ ਮੁਸਲਮਾਨ ਸਾਡੇ ‘ਤੇ ਹਾਵੀ ਹੋ ਜਾਣਗੇ। ਮੋਦੀ ਸਰਕਾਰ ਬਣਨ ਨਾਲ ਇਹ ਪ੍ਰਚਾਰ ਪੂਰੀ ਚਰਮ ਸੀਮਾ ‘ਤੇ ਹੈ। ਭੀੜ-ਤੰਤਰ ਵੱਲੋਂ ਸ਼ਰੇਆਮ ਮੁਸਲਮਾਨਾਂ ਦੇ ਕਤਲ, ਕਸ਼ਮੀਰੀਆਂ ਤੇ ਹੋਏ ਹਮਲੇ ਅਜੇ ਸੰਕੇਤ-ਮਾਤਰ ਹਨ। ਖੁਦ ਮੋਦੀ ਵੱਲੋਂ ਚੋਣਾਂ ਦੌਰਾਨ ਕਬਰਿਸਤਾਨ ਬਨਾਮ ਸ਼ਮਸ਼ਾਨ ਦੇ ਮੁੱਦੇ ਉਭਾਰ ਕੇ ਇਹ ਨਫਰਤ ਤੇਜ਼ ਕੀਤੀ ਜਾਂਦੀ ਹੈ। ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਮੋਦੀ ‘ਦੇਸ਼ ਅੰਦਰ ਬੈਠੇ ਦੁਸ਼ਮਣਾਂ’ ਵਿਰੁੱਧ ਸੱਦਾ ਵੀ ਨਫਰਤੀ ਭੀੜਾਂ ਨੂੰ ਹੋਰ ਹਮਲੇ ਕਰਨ ਲਈ ਉਕਸਾਉਣਾ ਹੈ। ਚੰਗੀ ਗੱਲ ਹੈ ਕਿ ਦੇਸ਼ ਦੇ ਲੋਕ ਵੱਡੀ ਮਾਤਰਾ ‘ਚ ਇਸ ਫਿਰਕਾਪ੍ਰਸਤੀ ਵਿਰੁੱਧ ਲਾਮਬੰਦ ਹੋ ਰਹੇ ਹਨ। ਜਿੱਥੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਹੋ ਰਹੀ ਹੈ, ਉਥੇ ਮੋਦੀ ਤੋਂ ਸਵਾਲ ਵੀ ਪੁੱਛੇ ਜਾ ਰਹੇ ਹਨ। ਜਿਵੇਂ ਅੱਡ-ਅੱਡ ਫਿਰਕੇ ਦੇ ਲੋਕਾਂ ਨੇ ਨਿਊਜੀਲੈਂਡ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਸੰਵੇਦਨਾ ਜਿਤਾਈ ਹੈ, ਉਥੇ ਸਾਡੇ ਦੇਸ਼ ‘ਚ ਵੀ 7 ਮਾਰਚ ਨੂੰ ਵਿਸ਼ਵ ਹਿੰਦੂ ਦਲ ਦੇ ਆਪੇ ਬਣੇ ਚੌਧਰੀਆਂ ਵੱਲੋਂ ਲਖਨਊ ਵਿਖੇ ਅਫਜ਼ਲ ਨਾਇਕ ਅਤੇ ਅਬਦੁਲ ਸਲਾਮ ਨਾਂਅ ਦੇ ਡਰਾਈ-ਫਰੂਟ ਵੇਚਣ ਵਾਲਿਆਂ ਦੀ ਮਾਰ-ਕੁਟਾਈ ਦਾ ਉਥੋਂ ਦੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ।
ਜਿਥੇ ਨਿਊਜ਼ੀਲੈਂਡ ‘ਚ ਹੋਈ ਇਸ ਅੱਤਵਾਦੀ ਘਟਨਾ ਦੀ ਸੰਸਾਰ ਪੱਧਰ ‘ਤੇ ਨਿਖੇਧੀ ਹੋਈ ਹੈ, ਉਥੇ ਸਾਡੇ ਪ੍ਰਧਾਨ ਮੰਤਰੀ ਵੱਲੋਂ ਸਿਰਫ਼ ਇੰਨਾ ਹੀ ਕਿਹਾ ਗਿਆ ਕਿ ”ਅਨੇਕਤਾ ਅਤੇ ਜਮਹੂਰੀ ਸਮਾਜਾਂ ‘ਚ ਘ੍ਰਿਣਾ ਤੇ ਹਿੰਸਾ ਲਈ ਕੋਈ ਥਾਂ ਨਹੀਂ।” ਜਦਕਿ ਮਰਨ ਵਾਲਿਆਂ ‘ਚ 5 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਇਸਦੇ ਉਲਟ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪੀੜਤ ਪਰਿਵਾਰਾਂ ਲਈ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਅੱਤਵਾਦੀ ਕਾਤਲ ਨੂੰ ਰੋਕਣ ਦੀ ਕੋਸ਼ਿਸ ਕਰਨ ਵਾਲੇ ਪ੍ਰੋ. ਨਈਮ ਰਸ਼ੀਦ ਨੂੰ ਮਰਨ ਉਪਰੰਤ ਨੈਸ਼ਨਲ ਅਵਾਰਡ ਨਾਲ ਸਨਮਾਨਤ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਸਰਮਾਏਦਾਰੀ ਸੰਕਟ ਟਾਲਣ ਲਈ ਕੀਤੇ ਜਾਂਦੇ ਅਜਿਹੇ ਨਫਰਤੀ ਕਾਰਿਆਂ ਵਿਰੁੱਧ ਦੁਨੀਆਂ ਭਰ ਦੇ ਮਿਹਨਤੀ ਲੋਕਾਂ ਦੀ ਏਕਤਾ ਤੇ ਸਰਮਾਏਦਾਰੀ ਲੁੱਟ-ਖਸੁੱਟ ਵਿਰੁੱਧ ਸੰਘਰਸ਼ ਹੀ ਇੱਕੋ ਇੱਕ ਜਾਮਨੀ ਹੈ। ਸਾਡੇ ਦੇਸ਼ ਦੇ ਸਰਵ-ਉੱਚ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਗਵਰਨਰ ਦੀ ਇਹ ਟਿੱਪਣੀ ਬੜੀ ਸਾਰਥਕ ਹੈ ਕਿ, ”ਪੂੰਜੀਵਾਦ ਟੁੱਟ ਰਿਹਾ ਹੈ ਤੇ ਗੰਭੀਰ ਸੰਕਟ ਦਾ ਸ਼ਿਕਾਰ ਹੈ, ਕਿਉਂਕਿ ਇਹ ਬਰਾਬਰ ਦੇ ਮੌਕੇ ਪ੍ਰਦਾਨ ਨਹੀਂ ਕਰਦਾ।” ਇਸ ਪੂੰਜੀਵਾਦ ਵਿਰੁੱਧ ਮਿਹਨਤੀ ਲੋਕਾਂ ਦੀ ਲੜਾਈ ਉਨ੍ਹਾਂ ਦੀ ਬੰਦ-ਖਲਾਸੀ ਦਾ ਰੌਸ਼ਨ ਰਾਹ ਖੋਲ ਦੇਵੇਗੀ, ਨਹੀਂ ਤਾਂ ਪਿਛਾਂਹ-ਖਿੱਚੂ ਲੋਕਾਂ ਵੱਲੋਂ ਇਸ ਪੂੰਜੀਵਾਦੀ ਸੰਕਟ ਨੂੰ ਵਰਤ ਕੇ ਲੋਕਾਂ ਨੂੰ ਭਰਾ-ਮਾਰੂ ਘ੍ਰਿਣਤ ਲੜਾਈਆਂ ਦੇ ਰਾਹ ਪਾਵੇਗੀ। ਆਉ ਪਹਿਲਾ ਰਾਹ ਚੁਣ ਕੇ ਨਿਊਜੀਲੈਂਡ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ।