ਤਲਵਾੜਾ : ਥਾਣਾ ਹਾਜੀਪੁਰ ’ਚ ਖਣਨ ਪ੍ਰਭਾਵਿਤ ਪਿੰਡ ਵਾਸੀਆਂ ਨੇ ਅੱਜ ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ’ ਦੇ ਬੈਨਰ ਹੇਠਾਂ ਨਾਜਾਇਜ਼ ਖੁਦਾਈ, ਪਿੰਡਾਂ ’ਚੋਂ ਭਾਰੀਆਂ ਗੱਡੀਆਂ ਦੇ ਕਥਿਤ ਲਾਂਘੇ ਅਤੇ ਖੇਤਰ ’ਚ ਚੱਲ ਰਹੀ ਨਾਜਾਇਜ਼ ਖੁਦਾਈ ਦੇ ਵਿਰੋਧ ’ਚ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਅਤੇ ਖਣਨ ਮਾਫੀਆ ਦੀਆਂ ਝੂਠੀਆਂ ਸ਼ਿਕਾਇਤਾਂ ’ਤੇ ਪਿੰਡ ਵਾਸੀਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ’ਚ ਹਾਜੀਪੁਰ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਕਮੇਟੀ ਦੇ ਆਗੂ ਸ਼ਾਮ ਲਾਲ, ਮਦਨ ਲਾਲ, ਸੂਬੇਦਾਰ ਝੰਡਾ ਰਾਮ, ਜਸਵੀਰ, ਹੇਮ ਰਾਜ, ਪੁਸ਼ਪਾ ਦੇਵੀ, ਨੀਸ਼ਾ ਦੇਵੀ, ਸੁਦੇਸ਼ ਕੁਮਾਰੀ, ਧਰਮਿੰਦਰ ਸਿੰਘ, ਸ਼ਿਵ ਕੁਮਾਰ, ਅਮਰਜੀਤ ਕਾਨੂੰਗੋ ਆਦਿ ਨੇ ਦੱਸਿਆ ਕਿ ਅੱਜ ਮਾਈਨਿੰਗ ਪ੍ਰਭਾਵਿਤ ਹੰਦਵਾਲ, ਟੋਟੇ, ਚੱਕਮੀਰਪੁਰ, ਕਾਂਜੂਪੀਰ, ਫਤਿਹਪੁਰ ਕੁੱਲੀਆਂ ਆਦਿ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਥਾਣਾ ਹਾਜੀਪੁਰ ਮੁਖੀ ਰਣਜੀਤ ਸਿੰਘ ਨੂੰ ਮਿਲੇ ਸਨ। ਮਾਮਲਾ ਉਦੋਂ ਵਿਗੜ ਗਿਆ ਜਦੋਂ ਸੰਘਰਸ਼ ਕਮੇਟੀ ਆਗੂਆਂ ਨੇ ਬਿਨ੍ਹਾਂ ਗੱਲੋਂ ਦੋ ਵਿਅਕਤੀਆਂ ਨੂੰ ਹਵਾਲਾਤ ’ਚ ਡੱਕਣ ਦੀ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਝੂਠੀ ਸ਼ਿਕਾਇਤ ਨੂੰ ਰੱਦ ਕਰਨ, ਟਰੱਕ ਚਾਲਕਾਂ ਵਿਰੁੱਧ ਪੁਲੀਸ ਨੂੰ ਗੁੰਮਰਾਹ, ਔਰਤਾਂ ਨਾਲ ਬਦਸਲੂਕੀ , ਓਵਰਲੋਡਿੰਗ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪਿੰਡ ਦੀ ਫਿਰਨੀ ’ਚੋਂ ਗੱਡੀਆਂ ਲੰਘਾਉਣ ਦੇ ਦੋਸ਼ ਹੇਠਾਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਥਾਣਾ ਹਾਜੀਪੁਰ ਮੁਖੀ ਝੂਠੀ ਸ਼ਿਕਾਇਤ ਨੂੰ ਰੱਦ ਕਰਨ ਲਈ ਸਹਿਮਤ ਤਾਂ ਹੋ ਗਏ, ਪਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਆਨਾਕਾਨ੍ਹੀ ਕਰਨ ਲੱਗੇ। ਭੜਕੇ ਲੋਕਾਂ ਨੇ ਥਾਣੇ ਦੇ ਅਹਾਤੇ ਅੰਦਰ ਗੇਟ ਦੇ ਨਜ਼ਦੀਕ ਪੁਲੀਸ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਲਈ ਮਾਈਨਿੰਗ ’ਤੇ ਪੂਰਨ ਤੌਰ ’ਤੇ ਰੋਕ ਲਗਾਈ ਗਈ ਹੈ ਜਦਕਿ ਕੰਢੀ ਖ਼ੇਤਰ ’ਚ ਪਾਬੰਦੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਨਿਰਵਿਘਨ ਚੱਲ ਰਹੀ ਹੈ। ਥਾਣਾ ਮੁਖੀ ਨੇ ਉੱਚ ਅਧਿਕਾਰੀਆਂ ਨਾਲ ਮਸ਼ਵਰਾ ਕਰਨ ਮਗਰੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਸੰਘਰਸ਼ ਕਮੇਟੀ ਨੇ ਪੁਲੀਸ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਇਆਂ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਥਾਣਾ ਹਾਜੀਪੁਰ ਮੁਖੀ ਰਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਹਾਜੀਪੁਰ ਖ਼ੇਤਰ ’ਚ ਕਰੱਸ਼ਰ ਬੰਦ ਪਏ ਹਨ ਅਤੇ ਗੱਡੀਆਂ ਹਿਮਾਚਲ ਪ੍ਰਦੇਸ਼ ’ਚੋਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਗਿਆ ਹੈ।