ਮਹੀਪਾਲ
ਹਾਕਮਾਂ ਦਾ ਮੂੰਹ ਚਿੜਾਉਂਦੀ ਖੁਸ਼ਖਬਰੀ
ਲੰਘੀ 11 ਨਵੰਬਰ ਨੂੰ ਝਾਰਖੰਡ ਦੇ ਸਥਾਨਕ ਅਖਬਾਰਾਂ ‘ਚ ਇਕ ਬੜੀ ਨਮੋਸ਼ੀਜਨਕ ਖ਼ਬਰ ਛਪੀ ਹੈ। ਦੇਸ਼ ਦੀ ਸੁਤੰਤਰਤਾ ਪ੍ਰਾਪਤੀ ਦੇ ਇਕਹੱਤਰ (71) ਸਾਲਾਂ ਬਾਅਦ, ਸੂਬੇ ਦੇ ਲਾਤੇਹਰ ਜ਼ਿਲ੍ਹੇ ਦੇ ਇਕ ਪਿੰਡ ਜਗੀਰ ਵਿਚ ਗੇੜਵਾਂ ਨਲਕਾ (ਹੈਂਡ ਪੰਪ) ਲਾਏ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਹਨ। ਊਬੜ-ਖਾਬੜ ਸੜਕਾਂ ਰਾਹੀਂ ਹੋ ਕੇ ਜਦ ਨਲਕਾ ਲਾਉਣ ਵਾਲੀ ਮਸ਼ੀਨਰੀ ਪਿੰਡ ਪੁੱਜੀ ਤਾਂ ਪਿੰਡ ਵਾਲਿਆਂ ਨੇ ‘ਭੰਗੜੇ’ ਪਾ ਕੇ, ਨਾਰੀਅਲ ਫੋੜ੍ਹ ਕੇ, ਪੂਜਾ ਅਰਚਨਾ ਕਰਦਿਆਂ ਇਸ ਮਸ਼ੀਨ ਦਾ ”ਨਿੱਘਾ” ਸਵਾਗਤ ਕੀਤਾ। ਜਿਸ ਪਿੰਡ ਨਲਕਾ ਹੀ ਨਹੀਂ ਲੱਗਾ ਉਥੇ ਸਕੂਲ, ਹਸਪਤਾਲ, ਪੱਕੀਆਂ ਸੜਕਾਂ, ਆਂਗਣਵਾੜੀ ਕੇਂਦਰ ਜਿਹੀਆਂ ਚੀਜ਼ਾਂ ਦੇ ਹੋਣ ਬਾਰੇ ਤਾਂ ਸੋਚਣਾ ਹੀ ਨਹੀਂ ਚਾਹੀਦਾ।
ਪਿੰਡ ਦੇ ਲੋਕ, ਖਾਸ ਕਰ ਔਰਤਾਂ ਇਸ ”ਉਪਲੱਭਧੀ” ਲਈ ਜਿਵੇਂ ਸਰਪੰਚ ਦੇ ਵਾਰ ਵਾਰ ਪੈਰ ਛੂਹ ਰਹੇ ਸਨ ਉਸ ਤੋਂ ਇੰਝ ਜਾਪਦਾ ਹੈ ਕਿ ਸਰਪੰਚ ਦੇ ਟੱਬਰ ਦੀਆਂ ਕਈ ਪੀੜ੍ਹੀਆਂ ‘ਚ ”ਸਰਪੰਚ” ਹੀ ਜੰਮਣਗੇ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਲੋਟੂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਮੋਦੀ ਵਰਗੇ ਲਿਫਾਫੇਬਾਜ਼ ਕਿਸ ਵਿਕਾਸ ਦੀਆਂ ਟਾਹਰਾਂ ਮਾਰ ਰਹੇ ਹਨ। ਬਦੇਸ਼ੀ-ਵੱਕਾਰੀ ਮੰਚਾਂ ਤੋਂ ਕੀ ਇੰਨ੍ਹਾਂ ਹੀ ”ਪ੍ਰਾਪਤੀਆਂ” ਲਈ ਵਿਸ਼ਵਗੁਰੂ ਦੀ ਉਪਾਧੀ ਦਿੱਤੀ ਜਾ ਰਹੀ ਹੈ।
ਖ਼ੈਰ! ਸੋਚਣ ਦਾ ਮੁੱਦਾ ਤਾਂ ਇਹ ਹੈ ਕਿ ਕਿੰਨੇ ਅਜਿਹੇ ਹੋਰ ਪਿੰਡ ਹਨ ਜਿੱਥੇ ਅਜੇ ਵੀ ਨਲਕੇ ਹੈ ਨਹੀਂ ਤੇ ਛੇਤੀ ਕੀਤਿਆਂ ਲੱਗਣ ਦੀ ਸੰਭਾਵਨਾ ਵੀ ਨਹੀਂ।
ਉਂਝ ਲੱਗਦੇ ਹੱਥ ਦੱਸ ਦੇਈਏ, ਮੋਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ ਇਕ ਪਿੰਡ ‘ਚ ਬੜਾ ਮਾਰਕਾ ਮਾਰਿਆ ਸੀ। ਪਿੰਡ ‘ਚ ਪਾਣੀ ਦਾ ਸਰੋਤ ਕੋਈ ਨਹੀਂ ਸੀ ਪਰ ਹਜ਼ਾਰਾਂ ਰੁਪਏ ਖਰਚ ਕੇ ਸ਼ੋਚਾਲਿਆ (ਪਖਾਨਾ) ਜ਼ਰੂਰ ਬਣਵਾ ਦਿੱਤੇ ਸਨ।
ਗੁਲਾਮਦਾਰੀ ਕਦੋਂ ਮੁੱਕੀ ਸੀ ਭਲਾਂ?
ਭਾਰਤ ਦੇ ਧੁਰ ਦੱਖਣੀ ਸੂਬੇ ਤਾਮਿਲਨਾਡੂ ‘ਚ ਇਕ ਕਬਾਇਲੀ ਬੱਚੇ ਨੂੰ ਇਸ ਸਾਲ 14 ਨਵੰਬਰ ਨੂੰ ਪੰਜਾਂ ਸਾਲਾਂ ਬਾਅਦ ਬੰਧੂਆਂ ਮਜ਼ਦੂਰੀ ਤੋਂ ਮੁਕਤ ਕਰਵਾਇਆ ਗਿਆ। ਸਿਰਫ ਪੰਜਾਂ ਸਾਲਾਂ ਦੀ ਉਮਰ ‘ਚ ਆਰੁਲ ਕੁਮਾਰ ਨਾਂਅ ਦੇ ਇਸ ਬੱਚੇ ਨੂੰ ਇਸ ਦਾ ਬਾਪ ਸਰਵਵਣ ਕੇਵਲ ਦੋ ਹਜ਼ਾਰ (2000) ਰੁਪਏ ਬਦਲੇ ਵੇਲੌਰ ਦੇ ਕਿਸੇ ਪਰਿਵਾਰ ਕੋਲ ਗਿਰਵੀ ਛੱਡ ਗਿਆ ਸੀ। ਇਸ ਬੱਚੇ ਦਾ ਬਦਕਿਸਮਤ ਬਾਪ ਦੋ ਸਾਲਾਂ ਬਾਅਦ ਹੀ ਕਰਜ਼ਾ ਚੁਕਾਏ ਤੋਂ ਬਗੈਰ ਦੁਨੀਆਂ ਤੋਂ ਕੂਚ ਕਰ ਗਿਆ। ਲਾਵਾਰਿਸ ਨੂੰ ਛੁਡਵਾਉਣ ਵਾਲਾ ਮਰ ਗਿਆ ਤਾਂ ਰਹਿ ਗਿਆ ਵਿਚਾਰਾ ਆਰੁਲ ਕੁਮਾਰ ਬਤਖਾਂ ਦੀ ਸਾਂਭ ਸੰਭਾਲ ਜੋਗਾ। ਕਹਿਣ ਦੀ ਲੋੜ ਨਹੀਂ ਇਨ੍ਹਾਂ ਪੰਜ ਸਾਲਾਂ ਦੌਰਾਨ ਇਸ ”ਆਧੁਨਿਕ ਗੁਲਾਮ” ਨੇ ਕੀ ਕੀ ਬਰਦਾਸ਼ਤ ਕੀਤਾ ਹੋਵੇਗਾ? ਤਕਲੀਫਦੇਹ ਤੱਥ ਇਹ ਹੈ ਕਿ ਇਸ ਸੂਬੇ ਦੀ ਇਕ ਮਰਹੂਮ ਮੁੱਖ ਮੰਤਰੀ ਨੇ ਆਪਣੇ ਗੋਦ ਲਏ ਮੁੰਡੇ ਦੇ ਵਿਆਹ ‘ਤੇ ਸੌ ਕਰੋੜ ਰੁਪਏ ਫੂਕੇ ਸਨ। ਅਜਿਹੇ ਲੋਕਾਂ ਕੋਲ ਇਕੱਠੀ ਹੋਈ ਧੰਨ ਦੌਲਤ ‘ਤੇ ਅਰੁਲ ਕੁਮਾਰ ਜਿਹੇ ਬੰਧੂਆ ਬਾਲ ਮਜ਼ਦੂਰਾਂ ਦਾ ਵੀ ਅਧਿਕਾਰ ਹੈ। ਤੁਹਾਡਾ ਕੀ ਖਿਆਲ ਹੈ?