Now Reading
ਦਿਹਾਤੀ ਮਜ਼ਦੂਰ ਸਭਾ ਵੱਲੋਂ ਥਾਣਾ ਰਾਮਾਂ ਅੱਗੇ ਧਰਨਾ

ਦਿਹਾਤੀ ਮਜ਼ਦੂਰ ਸਭਾ ਵੱਲੋਂ ਥਾਣਾ ਰਾਮਾਂ ਅੱਗੇ ਧਰਨਾ

ਰਾਮਾਂ ਮੰਡੀ : ਸੀਆਈਏ ਸਟਾਫ ਬਠਿੰਡਾ ਵੱਲੋਂ ਬੀਤੇ ਦਿਨੀਂ ਪਿੰਡ ਲਾਲੇਆਣਾ ਦੇ ਇੱਕ ਮਜ਼ਦੂਰ ਨੂੰ ਕਥਿਤ ਤੌਰ ’ਤੇ ਜਬਰੀ ਘਰੋਂ ਚੁੱਕ ਕੇ ਬਠਿੰਡਾ ਥਾਣੇ ਵਿੱਚ ਲਿਜਾ ਕੇ ਕੀਤੀ ਕੁੱਟਮਾਰ ਵਿਰੁੱਧ ਇਨਸਾਫ ਦੀ ਮੰਗ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਅੱਜ ਰਾਮਾਂ ਮੰਡੀ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਪੀੜਤ ਮਜ਼ਦੂਰ ਨੂੰ ਥਾਣੇ ਅੱਗੇ ਪਾਇਆ ਹੋਇਆ ਸੀ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੀ ਹਾਜ਼ਰ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਅਹੁਦੇਦਾਰਾਂ ਮੱਖਣ ਸਿੰਘ, ਪ੍ਰਕਾਸ਼ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਬੂਟਾ ਸਿੰਘ ਜੰਗੀਰਾਣਾ, ਦੀਪ ਸਿੰਘ ਜੱਸੀ ਬਾਗਵਾਲੀ, ਦਰਸ਼ਨ ਸਿੰਘ ਬਾਜਕ ਆਦਿ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਲਾਲੇਆਣਾ ਦੇ ਮਜ਼ਦੂਰ ਰਾਮ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਸੀਆਈਏ ਸਟਾਫ ਦੇ ਮੁਲਾਜ਼ਮ ਪਿੰਡ ਦੇ ਹੀ ਮੋਹਤਬਰ ਨਛੱਤਰ ਸਿੰਘ ਪੱਪੀ ਦੀ ਸ਼ਿਕਾਇਤ ’ਤੇ 8 ਅਗਸਤ ਨੂੰ ਬਿਨਾਂ ਕੋਈ ਕਾਰਨ ਦੱਸੇ ਘਰੋਂ ਚੁੱਕ ਕੇ ਲੈ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਰਾਮ ਸਿੰਘ ਨੂੰ ਬਠਿੰਡਾ ਲਿਜਾ ਕੇ ਡੇਢ ਦਿਨ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕੀਤੀ ਗਈ ਅਤੇ ਬਿਜਲੀ ਦੇ ਕਰੰਟ ਵੀ ਲਗਾਏ ਗਏ। ਉਨ੍ਹਾਂ ਰੰਜਿਸ਼ ਦਾ ਕਾਰਨ ਦੱਸਦਿਆਂ ਕਿਹਾ ਕਿ ਸ਼ਿਕਾਇਤਕਰਤਾ ਉਕਤ ਮਜ਼ਦੂਰ ਨੂੰ ਆਪਣੇ ਘਰ ਵਿੱਚ ਕੰਮ ’ਤੇ ਲਾਉਣਾ ਚਾਹੁੰਦਾ ਸੀ ਪਰ ਮਜ਼ਦੂਰ ਨੇ ਉਸ ਨੂੰ ਕੰਮ ਕਰਨ ਤੋਂ ਜੁਆਬ ਦੇ ਦਿੱਤਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੀੜਤ ਮਜ਼ਦੂਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।

Scroll To Top