Now Reading
ਦਾਊਦ ਵਲੋਂ ਜਨਤਕ ਲਾਮਬੰਦੀ ਦਾ ਪਿੜ ਮਘਾਉਣ ਦਾ ਸੱਦਾ

ਦਾਊਦ ਵਲੋਂ ਜਨਤਕ ਲਾਮਬੰਦੀ ਦਾ ਪਿੜ ਮਘਾਉਣ ਦਾ ਸੱਦਾ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਜਲਿਆਂਵਾਲਾ ਬਾਗ ਤੋਂ ਸ਼ੁਰੂ ਕੀਤੇ ‘ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ’ ਨੇ ਸੂਬੇ ਅੰਦਰ ਇਕ  ਨਵੀਂ ਕਿਸਮ ਦੀ ਹਲਚਲ ਪੈਦਾ ਕਰ ਦਿੱਤੀ ਹੈ, ਸਿੱਟੇ ਵਜੋਂ ਇਹਨਾਂ ਜਥਿਆਂ ਦੀ ਪੈੜ-ਚਾਲ ’ਤੇ ਹੋਰਨਾਂ ਕਾਫਲਿਆਂ ਦੇ ਤੁਰਨ ਦਾ ਮਾਹੌਲ ਪੈਦਾ ਹੋ ਰਿਹਾ ਹੈ।
‘ਲੋਕ ਜਗਾਓ-ਲੁਟੇਰੇ ਭਜਾਓ’ ਮਾਰਚ ਦੇ ਚੌਥੇ ਦਿਨ ਅੱਜ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਘੁਮਾਣ, ਬਟਾਲਾ ਤੇ ਧਾਰੀਵਾਲ ’ਚ ਵਿਸ਼ਾਲ ਰੈਲੀਆਂ ਕੀਤੀਆਂ ਜਿਨ੍ਹਾਂ ’ਚ ਮਜ਼ਦੂਰਾਂ-ਕਿਸਾਨਾਂ ਨੇ ਬਹੁਤ ਜ਼ੋਸ਼ ਨਾਲ ਹਿੱਸਾ ਲਿਆ ਤੇ ਆਗੂਆਂ ਦੇ ਵਿਚਾਰ ਸੁਣੇ।
ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਜ਼ੋਰਦਾਰ ਨਿਖੇਧੀ ਕੀਤੀ। ਸਾਥੀ ਪਾਸਲਾ ਨੇ ਲੋਕਾਂ ਨੂੰ ਯਾਦ ਕਰਵਾਇਆ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਬੇਘਰੇ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਕਸਮਾਂ ਖਾ ਕੇ ਸੱਤਾ ’ਚ ਆਈ ਸੀ ਤੇ ਕਸਮਾਂ ਵੀ ਹੱਥ ’ਚ ਗੁਟਕਾ ਸਾਹਿਬ ਲੈ ਕੇ ਖਾਧੀਆਂ ਸਨ। ਪਰ ਹੁਣ ਉਹੀ ਕੈਪਟਨ ਸਰਕਾਰ ਆਪਣੇ ਵਾਅਦੇ ਭੁਲਾਕੇ ਜਬਰ ਦਾ ਰਾਹ ਅਪਣਾ ਰਹੀ ਹੈ।
ਸਾਥੀ ਪਾਸਲਾ ਨੇ ਇਹ ਵੀ ਦੱਸਿਆ ਕਿ ਕੇਰਲ ਦੇ ਸਬਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ਦਾ ਵਿਰੋਧ ਕਰਕੇ ਭਾਰਤੀ ਜਨਤਾ ਪਾਰਟੀ ਨੇ ਔਰਤਾਂ ਬਾਰੇ ਆਪਣੀ ਮਨੂੰਵਾਦੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਨਹੀਂ ਕੀਤਾ ਬਲਕਿ ਦੇਸ਼ ਦੀ ਸਰਵ-ਉਚ ਅਦਾਲਤ ਦੀ ਮਾਣ ਮਰਿਆਦਾ ਦੀਆਂ ਵੀ ਧੱਜੀਆਂ ਉਡਾਈਆਂ ਹਨ। ਸਾਥੀ ਪਾਸਲਾ ਨੇ ਲੋਕਾਂ ਨੂੰ ਭਾਜਪਾ ਵਲੋਂ ਵੋਟਾਂ ਹਾਸਲ ਕਰਨ ਲਈ ਰਚੀਆਂ ਜਾ ਰਹੀਆਂ ਅਜੇਹੀਆਂ ਫਿਰਕੂ ਸਾਜਿਸ਼ਾਂ ਤੋਂ ਵੀ ਸੁਚੇਤ ਕੀਤਾ।
ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਦੂਸਰੇ ਜਥੇ ਨੇ ਪਿੰਡ ਵਜੀਦਪੁਰ (ਜ਼ਿਲ੍ਹਾ ਫਿਰੋਜ਼ਪੁਰ), ਔਲਖ ( ਜ਼ਿਲ੍ਹਾ  ਫਰੀਦਕੋਟ) ਅਤੇ ਪਿੰਡ ਜੰਮੂਆਣਾ (ਜ਼ਿਲ੍ਹਾ ਮੁਕਤਸਰ ਸਾਹਿਬ) ’ਚ ਵਿਸ਼ਾਲ ਰੈਲੀਆਂ ਕੀਤੀਆਂ ਜਿਨ੍ਹਾਂ ਦੌਰਾਨ ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਦੀਆਂ ਨੀਤੀਆਂ, ਜੋ ਬੇਜ਼ਮੀਨੇ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਦੀਆਂ ਵਧਦੀਆਂ ਮੁਸੀਬਤਾਂ ਦਾ ਅਸਲ ਕਾਰਨ ਹਨ,  ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਜਨਤਕ ਲਾਮਬੰਦੀ ਦਾ ਪਿੜ ਮਘਾਉਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ 12 ਨਵੰਬਰ ਤੋਂ ਸ਼ੁਰੂ ਹੋਇਆ ਇਹ ਜਥਾ-ਮਾਰਚ 21 ਨਵੰਬਰ ਤੱਕ ਜਾਰੀ ਰਹੇਗਾ।  ਆਮ ਕਿਰਤੀ ਲੋਕ ਇਹਨਾਂ ਜਥਿਆਂ ਦਾ ਬੜੇ ਉਤਸ਼ਾਹ ਨਾਲ ਸਵਾਗਤ ਹੀ ਨਹੀਂ ਕਰ ਰਹੇ ਸਗੋਂ ਆਪਣੀ ਖੂਨ ਪਸੀਨੇ ਦੀ ਕਿਰਤ ਕਮਾਈ ’ਚੋਂ ਸਮਰੱਥਾ ਅਨੁਸਾਰ ਫੰਡ ਵੀ ਦੇ ਰਹੇ ਹਨ। ਇਹਨਾਂ ਜਥਿਆਂ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ, ਜਲਸਿਆਂ ’ਚ ਵੱਡੀ ਗਿਣਤੀ ’ਚ ਔਰਤਾਂ ਦੀ ਸ਼ਮੂਲੀਅਤ ਵੀ ਨੋਟ ਕਰਨ ਵਾਲੀ ਹੈ।

Scroll To Top