Now Reading
ਦਲਿਤ ਨੌਜਵਾਨਾਂ ‘ਤੇ ਅੰਨ੍ਹੇ ਤਸ਼ੱਦਦ ਦੇ ਦੋਸ਼ੀ ਤੁਰੰਤ ਫੜ੍ਹੇ ਜਾਣ: ਨਾਹਰ

ਦਲਿਤ ਨੌਜਵਾਨਾਂ ‘ਤੇ ਅੰਨ੍ਹੇ ਤਸ਼ੱਦਦ ਦੇ ਦੋਸ਼ੀ ਤੁਰੰਤ ਫੜ੍ਹੇ ਜਾਣ: ਨਾਹਰ

ਜਲੰਧਰ , 22 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਜੀਦਾ ਵਿਖੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਦਲਿਤ ਨੌਜਵਾਨਾਂ ‘ਤੇ ਢਾਹੇ ਗਏ ਅਣਮਨੁੱਖੀ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਐਸਐਸਪੀ ਬਠਿੰਡਾ ਤੋਂ ਦੋਸ਼ੀਆਂ ਖਿਲਾਫ਼ ਫੌਰੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਸਰਵ ਸਾਥੀ ਦਰਸ਼ਨ ਨਾਹਰ (ਪ੍ਰਧਾਨ), ਗੁਰਨਾਮ ਸਿੰਘ ਦਾਊਦ (ਜਨਰਲ ਸਕੱਤਰ) ਅਤੇ ਸਾਥੀ ਮਹੀਪਾਲ ਬਠਿੰਡਾ (ਵਿੱਤ ਸਕੱਤਰ) ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਪਿੰਡ ਦੀ ਕਿਸੇ ਸਾਂਝੀ ਥਾਂ ‘ਤੇ ਛੇ ਦਲਿਤ ਨੌਜਵਾਨਾਂ ਅਤੇ ਇੱਕ ਗੈਰ ਦਲਿਤ ਨੂੰ ਪਸ਼ੂਆਂ ਵਾਂਗ ਕੁੱਟਣ ਦੀ ਵੀਡੀਓ ਵਾਇਰਲ ਹੋਈ ਹੈ। ਪੜਤਾਲ ਕਰਨ ‘ਤੇ ਪਤਾ ਲੱਗਾ ਹੈ ਕਿ ਕੁੱਟਮਾਰ ਕਰਨ ਵਾਲੇ ਪੀੜਤਾਂ ਤੋਂ ਕਥਿਤ ਚੋਰੀ ਕਢਵਾਉਣ ਲਈ ਉਨ੍ਹਾਂ ‘ਤੇ ‘ਥਰਡ ਡਿਗਰੀ ਟਾਰਚਰ’ ਕਰ ਰਹੇ ਸਨ।
ਬਿਆਨ ਜਾਰੀ ਕਰਨ ਵਾਲੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰੋਸ ਨਾਲ ਸਵਾਲ ਕੀਤਾ ਕਿ ਇਸ ਵੀਡੀਓ ਦਾ ਉੱਚ ਪੁਲਸ ਅਧਿਕਾਰੀਆਂ ਨੇ ਹੁਣ ਤੱਕ ਬਣਦਾ ਨੋਟਿਸ ਕਿਉਂ ਨਹੀਂ ਲਿਆ ?
ਆਗੂਆਂ ਨੇ ਮੰਗ ਕੀਤੀ ਕਿ ਹੈ ਕਿ ‘ਆਪੇ ਤਫਤੀਸ਼ੀ-ਆਪੇ ਮੁਨਸਿਫ’ ਦੀ ਅਸੱਭਿਅਕ ਸੋਚ ਤਹਿਤ ਦਲਿਤਾਂ-ਗਰੀਬਾਂ ‘ਤੇ ਅਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਐਸਸੀਐਸਟੀ ਐਕਟ ਦੀਆਂ ਧਾਰਾਵਾਂ ਸਹਿਤ ਮੁਕੱਦਮਾ ਦਰਜ ਕੀਤਾ ਜਾਵੇ।
ਉਨ੍ਹਾਂ ਐਲਾਨ ਕੀਤਾ ਕਿ ਇਸ ਸ਼ਰਮਨਾਕ ਵਰਤਾਰੇ ਖ਼ਿਲਾਫ਼ ਪੰਜਾਬ ਭਰ ਵਿਚ ਰੋਸ ਲਾਮਬੰਦ ਕੀਤਾ ਜਾਵੇਗਾ।

Scroll To Top