
ਮਜੀਠਾ- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਵੱਲੋਂ ਪ੍ਰਧਾਨ ਸੁੱਚਾ ਸਿੰਘ ਵੇਗੇਵਾਲ ਤੇ ਰਣਬੀਰ ਸਿੰਘ ਮਜੀਠਾ ਦੀ ਅਗਵਾਈ ਵਿੱਚ ਮਜੀਠਾ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿੱਚ ਮਜੀਠਾ ਤੇ ਆਸ ਆਸ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਕੱਤਰਤਾ ਨੂੰ ਸੂਬਾ ਆਗੂ ਮਾ. ਹਰਭਜਨ ਸਿੰਘ ਟਰਪਈ, ਕਰਮ ਸਿੰਘ ਚੰਡੇ ਸਵਰਾਜ ਸਿੰਘ, ਨਵਤੇਜ ਸਿੰਘ, ਨੰਬਰਦਾਰ ਕੁਲਵੰਤ ਸਿੰਘ ਮਜੀਠਾ ਤੇ ਮਾ. ਸਵਰਨ ਸਿੰਘ ਟਰਪਈ ਨੇ ਸੰਬੋਧਨ ਕੀਤਾ। ਇਕੱਤਰਤਾ ਦੌਰਾਨ ਮਾਸਟਰ ਹਰਭਜਨ ਸਿੰਘ ਟਰਪਈ ਨੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਹਿਲਾਂ ਹੀ ਨਿੱਜੀਕਰਨ ਤੇ ਉਦਾਰਵਾਦੀ ਨੀਤੀਆਂ ਕਾਰਨ ਜਿਣਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਕਰਜ਼ੇ ਦੇ ਭਾਰ ਥੱਲੇ ਦੱਬੇ ਹੋਏ ਕਿਸਾਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਉਪਰੋਂ ਪੰਜਾਬ ਸਰਕਾਰ ਟਿਊਬਵੈੱਲਾਂ ਦੇ ਬਿੱਲ ਲਾ ਕੇ ਨਿਗੂਣੀ ਮਿਲਦੀ ਸਬਸਿਡੀ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਮਿਲ ਰਹੀ ਸਬਸਿਡੀ ਕੋਈ ਖੈਰਾਤ ਨਹੀਂ ਹੈ ਇਹ ਉਨ੍ਹਾਂ ਦਾ ਹੱਕ ਹੈ ਕਿਉਂਕਿ ਕਿ ਇਸ ਦੇ ਬਦਲੇ ਕਿਸਾਨ ਹਰ ਸਾਲ ਸਖਤ ਮਿਹਨਤ ਕਰਕੇ ਭੁੱਖੇ ਰਹਿ ਕੇ ਦੇਸ਼ ਦਾ ਅੰਨ ਭੰਡਾਰ ਭਰਦੇ ਹਨ ਜਿਸ ਕਾਰਨ ਬਾਹਰੋਂ ਅੰਨ ਮੰਗਵਾਉਣ ਦਾ ਕਰੋੜਾਂ ਰੁਪਇਆ ਸਰਕਾਰ ਦਾ ਬਚਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕੈਪਟਨ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਤੇ ਹੁਣ ਸਾਰੇ ਵਾਅਦਿਆਂ ਤੋ ਮੁੱਕਰ ਰਹੀ ਹੈ ਸਗੋਂ ਪਹਿਲਾਂ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਵੀ ਖਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਧੱਕੇ ਨਾਲ ਕਿਸਾਨਾਂ ਦੇ ਟਿਊਬਵੈਲਾਂ ਦੇ ਲਗਾਏ ਜਾ ਰਹੇ ਬਿਜਲੀ ਬਿੱਲਾਂ ਦਾ ਜਮਹੂਰੀ ਕਿਸਾਨ ਸਭਾ ਡੱਟ ਕੇ ਵਿਰੋਧ ਕਰਦੀ ਹੈ ਤੇ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੁਰਮੀਤ ਸਿੰਘ, ਰਛਪਾਲ ਸਿੰਘ ਵਡਾਲਾ, ਬਲਕਾਰ ਸਿੰਘ, ਹਰਦੇਵ ਸਿੰਘ ਸੈਕਟਰੀ ਵੇਗੇਵਾਲ, ਸਰਦੂਲ ਸਿੰਘ ਮਰੜ੍ਹੀ, ਸੂਬੇਦਾਰ ਅਮਰੀਕ ਸਿੰਘ, ਦਿਲਬੀਰ ਸਿੰਘ, ਸੰਤੋਖ ਸਿੰਘ, ਕਸ਼ਮੀਰ ਸਿੰਘ ਸੁਪਾਰੀਵਿੰਡ, ਅਮਰਜੀਤ ਸਿੰਘ ਕਲੇਰ ਬਾਲਾ, ਤਰਲੋਕ ਸਿੰਘ ਪਲਵਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਆਦਿ ਆਗੂ ਸ਼ਾਮਲ ਸਨ।