Now Reading
ਜਾਗਦੀਆਂ ਜਮੀਰਾਂ ਨੂੰ ਸਾਡਾ ਸਲਾਮ!

ਜਾਗਦੀਆਂ ਜਮੀਰਾਂ ਨੂੰ ਸਾਡਾ ਸਲਾਮ!

ਪ੍ਰੋ. ਜੈਪਾਲ
Áਸੀਂ ਆਮ ਹੀ ਕਹਿੰਦੇ ਹਾਂ ਕਿ ”ਐਵੇਂ ਰੋਹਬ ਨਾ ਮਾਰ, ਤੂੰ ਕਿਹੜਾ ਮੇਰੇ ‘ਤੇ ਡੀਸੀ ਲੱਗਾ ਹੋਇਐਂ।” ਇਹ ਕਹਿਣਾ ਹੀ ਡੀਸੀ ਦੇ ਅਹੁਦੇ ਦੀ ਤਾਕਤ ਦਾ ਅੰਦਾਜ਼ਾ ਕਰਾਉਂਦਾ ਹੈ। ਇਸ ਅਹੁਦੇ ‘ਤੇ ਪਹੁੰਚਣ ਲਈ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਇਕ ਇਮਤਿਹਾਨ ਲੈਂਦੇ ਸਨ ਜਿਸ ਦਾ ਨਾਂਅ ‘ਭਾਰਤੀ ਸਿਵਲ ਸੇਵਾ ਇਮਤਿਹਾਨ’ ਹੁੰਦਾ ਸੀ ਤੇ ਇਸ ਇਮਤਿਹਾਨ ਰਾਹੀਂ ਸਖਤ ਇੰਟਰਵਿਊ ਉਪਰੰਤ ਆਈ.ਸੀ.ਐਸ. (ICS) ਬਣਾ ਕੇ ਡੀ.ਸੀ. ਸਮੇਤ ਹੋਰ ਉਚੇ ਸਰਕਾਰੀ ਅਹੁਦਿਆਂ ਤੇ ਲਾਇਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਇਸਨੂੰ ਆਈ.ਏ.ਐਸ. (IAS) ਕਿਹਾ ਜਾਣ ਲੱਗਾ। ਪੁਲਿਸ ਲਈ ਆਈ.ਪੀ.ਐਸ. (IPS) ਤੇ ਵਿਦੇਸ਼ ਸੇਵਾ ਲਈ ਆਈ.ਐਫ.ਐਸ. (IFS) ਕਿਹਾ ਜਾਂਦਾ ਹੈ। ਜਦੋਂ ਕਦੇ ਕਿਸੇ ਪਰਿਵਾਰ ਦਾ ਕੋਈ ਬੱਚਾ (ਲੜਕਾ ਜਾਂ ਲੜਕੀ) ਆਈ.ਏ.ਐਸ., ਆਈ.ਪੀ.ਐਸ. ਜਾਂ ਆਈ.ਐਫ.ਐਸ. ਬਣ ਜਾਵੇ ਤਾਂ ਪਰਿਵਾਰ ਤਾਂ ਕੀ ਉਸਦੇ ਰਿਸ਼ਤੇਦਾਰਾਂ, ਆਢੀਆਂ ਗੁਆਂਢੀਆਂ ਤੇ ਇਲਾਕੇ ਵਾਲਿਆਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ। ਪਰ ਸੋਚੋ ਜੇ ਕੋਈ ਵਿਅਕਤੀ 7, 8 ਜਾਂ 10 ਸਾਲ ਦੀ ਨੌਕਰੀ ਕਰਨ ਉਪਰੰਤ ਹੀ ਡੀਸੀ ਜਾਂ ਉਸਤੋਂ ਉਪਰਲੇ ਆਹੁਦੇ ਤੋਂ ਲੋਕਾਂ ਦੇ ਦੁੱਖ-ਦਰਦ ਲਈ ਹਾਅ ਦਾ ਨਾਹਰਾ ਮਾਰ ਕੇ ਇਸ ਅਹੁਦੇ ਤੋਂ ਅਸਤੀਫਾ ਦੇ ਦੇਵੇ ਤਾਂ ਉਹ ਵਿਅਕਤੀ ਕਿੰਨੀ ਜਾਗਦੀ ਜਮੀਰ ਵਾਲਾ ਹੋਵੇਗਾ। ਅੱਜ ਜਦੋਂ ਇਹ ਆਮ ਧਾਰਨਾ ਹੈ ਕਿ ਲੋਕ ਪੈਸੇ, ਸ਼ੋਹਰਤ ਤੇ ਤਾਕਤ ਪਿੱਛੇ ਲੱਗ ਕੇ ਕੁੱਝ ਵੀ ਕਰਨ ਨੂੰ ਤਿਆਰ ਹਨ, ਉਦੋਂ 2 ਜਣਿਆਂ ਨੇ ਇਸ ਸਭ ਕਾਸੇ ਨੂੰ ਲੱਤ ਮਾਰਕੇ ਲੋਕਾਂ ਨਾਲ ਖੜ੍ਹਨ ਨੂੰ ਪਹਿਲ ਦਿੱਤੀ ਹੈ। ਇਨ੍ਹਾਂ 2 ਵਿਅਕਤੀਆਂ ‘ਚੋਂ ਇਕ ਦਾ ਨਾਂਅ ਹੈ ਕੇਰਲਾ ਦਾ ਜੰਮਪਲ ਤੇ ਦਾਦਰਾ ਨਗਰ ਹਵੇਲੀ ਵਿਖੇ ਉਚੇ ਅਹੁਦੇ ਨੂੰ ਠੋਕਰ ਮਾਰਨ ਵਾਲਾ ਗੋਪੀਨਾਥ ਕੰਨਨ ਤੇ ਦੂਜੇ ਦਾ ਨਾਂਅ ਹੈ ਸ਼ਸ਼ੀਕਾਂਤ ਸੈਂਥਿਲ ਜੋ ਤਾਮਿਲਨਾਡੂ ਸੂਬੇ ਦਾ ਜੰਮਪਲ ਹੈ ਤੇ ਇਸਨੇ ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਡੀਸੀ ਦੇ ਅਹੁਦੇ ਨੂੰ ਲੱਤ ਮਾਰੀ ਹੈ। ਇਨ੍ਹਾਂ ਦੋਵਾਂ ਨੇ ਕਸ਼ਮੀਰ ‘ਚ ਸਰਕਾਰੀ ਕਾਰਵਾਈ ਦੇ ਵਿਰੋਧ ‘ਚ ਅਜਿਹਾ ਕੀਤਾ। ਇਨ੍ਹਾਂ ਦੋਵਾਂ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਲੋਕਾਂ ਖਾਤਿਰ ਐਡੇ ਵੱਡੇ ਅਹੁਦੇ ਛੱਡਣ ਵਾਲੇ ਕੁੱਝ ਪੁਰਾਣੇ ਜਾਗਦੀਆਂ ਜਮੀਰਾਂ ਵਾਲੇ ਮਹਾਨ ਲੋਕਾਂ ਬਾਰੇ ਯਾਦਾਂ ਮੁੜ ਤਾਜ਼ਾ ਕਰ ਲਈਏ।
Áੰਗਰੇਜ਼ਾਂ ਦੇ ਰਾਜ ਸਮੇਂ ਉਸ ਸਮੇਂ ਦੇ ਬੰਗਾਲ (ਹੁਣ ਉੜੀਸਾ) ‘ਚ ਜੰਮੇ ਤੇ ਉਘੇ ਵਕੀਲ ਦੇ ਇਕ ਬੇਟੇ ਨੇ ਇੰਗਲੈਂਡ ਜਾ ਕੇ ਕੁੱਝ ਦੇਰ ਪੁੱਜਣ ਉਪਰੰਤ ਆਈ.ਸੀ.ਐਸ. (ICS) ਦਾ ਇਮਤਿਹਾਨ ਦਿੱਤਾ ਤੇ ਉਹ ਚੌਥੇ ਨੰਬਰ ‘ਤੇ ਆਇਆ ਅਤੇ ਉਸਨੇ ਅੰਗਰੇਜ਼ੀ ਵਿਸ਼ੇ ‘ਚ ਅੰਗਰੇਜਾਂ ਨੂੰ ਪਿੱਛੇ ਛੱਡਦਿਆਂ ਸਭ ਤੋਂ ਵੱਧ ਨੰਬਰ ਲਏ। ਉਸਨੇ ਅਜਿਹਾ ਸਿਰਫ ਆਪਣੇ ਪਿਤਾ ਜੀ ਦੀ ਇੱਛਾ ਪੂਰਤੀ ਲਈ ਕੀਤਾ ਪਰ ਉਨ੍ਹਾਂ ਅੰਦਰ ਤਾਂ ਦੇਸ਼ ਦੀ ਗੁਲਾਮੀ ਵਿਰੁੱਧ ਗੁੱਸੇ ਦੀ ਅੱਗ ਦੇ ਭਾਂਬੜ ਮੱਚਦੇ ਸਨ ਤੇ ਉਨ੍ਹਾਂ ਅੰਗਰੇਜਾਂ ਅਧੀਨ ਨੌਕਰੀ ਕਰਨ ਤੋਂ ਨਾਹ ਕਰਦਿਆਂ ਅਪ੍ਰੈਲ 1921 ‘ਚ ਆਈਸੀਐਸ ਤੋਂ ਅਸਤੀਫਾ ਦੇ ਦਿੱਤਾ ਤੇ ਦੇਸ਼ ਦੀ ਆਜ਼ਾਦੀ ਦੀ ਲਹਿਰ ‘ਚ ਕੁੱਦ ਪਏ। ਜਾਣਦੇ ਹੋ ਉਹ ਵਿਅਕਤੀ ਕੌਣ ਸੀ? ਉਸ ਮਹਾਨ ਵਿਅਕਤੀ ਦਾ ਨਾਂਅ ਸੀ ਸੁਭਾਸ਼ ਚੰਦਰ ਬੋਸ, ਜੋ ਸਾਰੀ ਜ਼ਿੰਦਗੀ ਆਜ਼ਾਦੀ ਲਈ ਲੜਦੇ ਰਹੇ ਤੇ ਜਿਨ੍ਹਾਂ ਨੇ ਹਿੰਦੂ-ਮੁਸਲਮਾਨ ਤੇ ਸਿੱਖ ਦੇ ਵਿਤਕਰਿਆਂ ਤੋਂ ਉਪਰ ਉਠ ‘ਆਜ਼ਾਦ ਹਿੰਦ ਫੌਜ’ ਬਣਾ ਕੇ ਅੰਗਰੇਜ਼ਾਂ ਵਿਰੁੱਧ ਟੱਕਰ ਲਈ। ਉਨ੍ਹਾਂ ਦੀ ਜਾਗਦੀ ਜਮੀਰ ਨੂੰ ਅਸੀਂ ਉਨ੍ਹਾਂ ਦੇ ਐਨੇ ਵੱਡੇ ਅਹੁਦੇ ਦੇ ਲੱਤ ਮਾਰਨ ਦੇ ਲਗਭਗ 100 ਸਾਲ ਬਾਅਦ ਵੀ ਇਨਕਲਾਬੀ ਸਲਾਮ ਕਰਦੇ ਹਾਂ।
ਇਕ ਹੋਰ ਵਿਅਕਤੀ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਦੇ ਕਬਾਇਲੀ ਜ਼ਿਲ੍ਹਿਆਂ ਦਾ ਡੀ.ਸੀ. ਬਣਦਾ ਹੈ ਅਤੇ 1990 ਤੋਂ ਮੱਧ ਪ੍ਰਦੇਸ਼ ‘ਚ ਰਾਏਗੜ ਸਥਿਤ 2000 ਏਕੜ ਜ਼ਮੀਨ ਜੋ ਕਿ ਲੈਂਡ ਸੀਲਿੰਗ ਐਕਟ ਮੁਤਾਬਕ ਵਾਧੂ ਜ਼ਮੀਨ ਹੈ ਦੀ ਵੰਡ, ਜ਼ਮੀਨ ਵਾਹੁਣ ਵਾਲਿਆਂ ‘ਚ ਕਾਨੂੰਨ ਮੁਤਾਬਕ ਕਰ ਦਿੰਦਾ ਹੈ। ਜਦਕਿ ਇਹ ਜ਼ਮੀਨ ਬੀ.ਜੇ.ਪੀ. ਦੇ ਇਕ ਕੱਦਾਵਰ ਨੇਤਾ ਦੀ ਸੀ ਅਤੇ ਇਸੇ ਨੇ 1989 ‘ਚ ਮੇਧਾ ਪਾਟੇਕਰ ਅਤੇ ਬਾਬਾ ਆਮਟੇ ਵਲੋਂ ਚਲਾਏ ਜਾ ਰਹੇ ‘ਨਰਮਦਾ ਬਚਾਓ’ ਅੰਦੋਲਨ ਨੂੰ ਕੁਚਲਣ ਦੇ ਉਪਰੋਂ ਆਏ ਹਾਕਮਾਂ ਦੇ ਹੁਕਮਾਂ ਦੀ ਉਹ ਉਲੰਘਣਾ ਕਰ ਦਿੰਦਾ ਹੈ ਕਿਉਂਕਿ ਉਸਦੀ ਇਹ ਪੱਕੀ ਧਾਰਨਾ ਹੈ ਕਿ ਹਰ ਅਫਸਰ ਨੂੰ ਅੰਨ੍ਹੇਵਾਹ ਆਗਿਆਕਾਰੀ ਨਹੀਂ ਸਗੋਂ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਅਵੱਗਿਆ ਵੀ ਕਰਨੀ ਚਾਹੀਦੀ ਹੈ ਤਾਂਕਿ ਜੋਰਾਵਰ ਵਿਅਕਤੀ ਲੋਕਾਂ ‘ਤੇ ਜ਼ੁਲਮ ਢਾਹੁਣ ਲਈ ਤੁਹਾਨੂੰ ਵਰਤ ਨਾ ਸਕਣ। ਇਹ ਵਿਅਕਤੀ ਜਦੋਂ 2002 ‘ਚ ਗੁਜਰਾਤ ਗਿਆ ਤੇ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਮੁਸਲਮਾਨਾਂ ਦਾ ਕਤਲੇਆਮ ਦੇਖਿਆ ਤਾਂ ਉਸ ਨੇ ਵੀ ਆਈ.ਏ.ਐਸ. ਤੋਂ ਅਸਤੀਫਾ ਦੇ ਮਾਰਿਆ। ਉਸਦਾ ਨਾਂਅ ਹੈ ‘ਹਰਸ਼ ਮੰਡੇਰ’ ਹਾਲਾਂਕਿ ਉਸਦਾ ਨਾਂਅ ਪਹਿਲਾਂ ਹਰਸ਼ ਮੰਡੇਰ ਸਿੰਘ ਹੁੰਦਾ ਸੀ, ਪਰ ਸਰਵਿਸ ‘ਚ ਆਉਣ ਵੇਲੇ ਉਸਨੇ ਆਪਣੇ ਨਾਂਅ ਨਾਲੋਂ ਸਿੰਘ ਹਟਾ ਦਿੱਤਾ ਤਾਂ ਕਿ ਕਿਸੇ ਜਾਤ, ਧਰਮ ਦੇ ਰਾਹੀਂ ਉਸਨੂੰ ਨਾ ਦੇਖਿਆ ਜਾਵੇ। ਉਦੋਂ ਤੋਂ ਲੈ ਕੇ ਹੁਣ ਤੱਕ ਉਸਨੇ ‘ਖੁਰਾਕ ਸੁਰੱਖਿਆ’, ਘੱਟ ਗਿਣਤੀਆਂ, ਦਲਿਤਾਂ, ਭਿਖਾਰੀਆਂ, ਔਰਤਾਂ ਤੇ ਗਲੀਆਂ ‘ਚ ਵਿਹਲੇ ਫਿਰਦੇ ਬੱਚਿਆਂ ‘ਤੇ ਕੰਮ ਕੀਤਾ ਹੈ। ਉਸਨੇ ਗੁਜਰਾਤ ਦੇ ਦੰਗਾ ਪੀੜਤਾਂ ਦੀ ਵੀ ਵੱਡੀ ਮਦਦ ਕੀਤੀ ਹੈ। ਉਹ ਲਿਖਦਾ ਹੈ ਕਿ ਮੈਨੂੰ ਇਕਦਮ ਮਹਿਸੂਸ ਹੋਇਆ ਕਿ ਇਹ ਕੋਈ ਦੰਗੇ ਨਹੀਂ ਬਲਕਿ ਸਰਕਾਰ ਵਲੋਂ ਬਕਾਇਦਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਘੱਲੂਘਾਰਾ ਹਨ। ਉਹ ਲਿਖਦਾ ਹੈ ਕਿ ਮੇਰਾ ਨਿੱਜੀ ਤਜ਼ਰਬਾ ਹੈ ਕਿ ਕਿਸੇ ਵੀ ਦੰਗਿਆਂ ਨੂੰ ਕੁੱਝ ਕੁ  ਘੰਟਿਆਂ ‘ਚ ਰੋਕਿਆ ਜਾ ਸਕਦਾ ਹੈ, ਜੇ ਇਹ ਦੰਗੇ ਏਨਾ ਸਮਾਂ ਚਲਦੇ ਹਨ ਤਾਂ ਸਮਝ ਲਵੋ ਇਹ ਜਾਣਬੁੱਝ ਕੇ ਕਰਵਾਏ ਜਾ ਰਹੇ ਹਨ। ਦੰਗਿਆਂ ਵਿਰੁੱਧ ਉਸ ਦੇ 4 ਨੁਸਖੇ ਹਨ : 1. ਦੰਗੇ ਹੋਣ ਨੂੰ ਮੰਨਣਾ, 2. ਦਿਲੋਂ ਪਛਤਾਵਾ, 3. ਭਰਪਾਈ (ਹਰਜਾਨਾ), 4. ਇਨਸਾਫ ਦੇਣਾ। ਪਰ ਹਰ ਵਾਰ ਚਾਹੇ 1984 ਹੋਵੇ ਤੇ ਚਾਹੇ 2002 ਗੁਜਰਾਤ ਦੰਗੇ, ਦੰਗੇ ਹੋਣ ਤੋਂ ਵੱਡੀ ਪੱਧਰ ‘ਤੇ ਇਨਕਾਰੀ ਹੋਣਾ, ਪਛਤਾਵੇ ਦੀ ਬਿਜਾਏ ਇਸਨੂੰੂ ਜਿੱਤ ਵਜੋਂ ਪ੍ਰਚਾਰਨਾ, ਨੁਕਸਾਨ ਦੀ ਭਰਪਾਈ ਦੀ ਬਿਜਾਏ ਪੀੜਤਾਂ ਦਾ ਆਰਥਿਕ ਸਮਾਜਕ ਬਾਈਕਾਟ ਤੇ ਇਨਸਾਫ ਦੀ ਥਾਂ ਤੇ ਭਟਕਣਾ ਦਿੱਤੀ ਜਾਂਦੀ ਹੈ।
ਇਕ ਹੋਰ ਵਿਅਕਤੀ ਸਾਲ 2009 ਵਿਚ ਜਦੋਂ ਸਿਵਲ ਸਰਵਿਸਿਜ ਇਮਤਿਹਾਨ ਦੇ ਨਤੀਜੇ ਐਲਾਨੇ ਗਏ ਤਾਂ ਸਾਰੇ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਰਿਹਾ। ਉਹ ਜੰਮੂ-ਕਸ਼ਮੀਰ ਦਾ ਸਭ ਤੋਂ ਪਹਿਲਾ ਲੜਕਾ ਹੈ ਜਿਸਨੂੰ ਇਹ ਮਾਣ ਹਾਸਲ ਹੋਇਆ। ਪਰ ਜੋ ਕੁੱਝ ਜੰਮੂ ਕਸ਼ਮੀਰ ‘ਚ ਹੋ ਰਿਹਾ ਹੈ, ਖਾਸ ਕਰਕੇ 2014 ‘ਚ ਮੋਦੀ ਸਰਕਾਰ ਬਣਨ ਉਪਰੰਤ ਇਸ ਨਾਲ ਦੁਖੀ ਹੋ ਕੇ ਸ਼ਾਹ ਫੈਜ਼ਲ ਨਾਂਅ ਦੇ ਉਸ ਨੌਜਵਾਨ ਨੇ ਜਨਵਰੀ 2019 ‘ਚ ਆਪਣੇ ਅਹੁਦੇ ਨੂੰ ਲੱਤ ਮਾਰ ਦਿੱਤੀ ਤੇ ਲੰਮੇ ਸਮੇਂ ਤੋਂ ਸਰਕਾਰ ਦੀ ਮਾਰ ਝੱਲ ਰਹੇ ਕਸ਼ਮੀਰੀ ਲੋਕਾਂ ਦੀ ਬਾਂਹ ਫੜਨ ਲਈ ‘ਜੰਮੂ-ਕਸ਼ਮੀਰ ਪੀਪਲਜ਼ ਮੂਵਮੈਂਟ’ ਨਾਂਅ ਦੀ ਜਥੇਬੰਦੀ ਖੜ੍ਹੀ ਕਰ ਲਈ। ਇਸ ਕੰਮ ‘ਚ ਉਸਦਾ ਸਾਥ ਜੇ.ਐਨ.ਯੂ. ਦੀ ਸਾਬਕਾ ਵਾਈਸ ਪ੍ਰਧਾਨ ‘ਸ਼ਹਿਲਾ ਰਾਸ਼ਿਦ’ ਨੇ ਵੀ ਦਿੱਤਾ। ਜਿਸ ‘ਤੇ ਅੱਜਕੱਲ, ਦੇਸ਼ ਧ੍ਰੋਹ ਦਾ ਮੁਕੱਦਮਾ ਚਲ ਰਿਹਾ ਹੈ, ਕਿਉਂਕਿ ਉਸਨੇ ਕਸ਼ਮੀਰੀ ਲੋਕਾਂ ‘ਤੇ ਲਾਈਆਂ ਪਾਬੰਦੀਆਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ। ਆਈ.ਏ.ਐਸ. ਤੋਂ ਅਸਤੀਫਾ ਦੇਣ ਵਾਲੇ ਸ਼ਾਹ ਫੈਜ਼ਲ ਨੇ ਦੱਸਿਆ ਸੀ ਕਿ ਉਹ ਬੇਰੋਕ ਹੋ ਰਹੀਆਂ ਹੱਤਿਆਵਾਂ ਅਤੇ ਮੁਸਲਮਾਨਾਂ ਨੂੰ ਗੁੱਠੇ ਲਾਈਨ ਲਾਏ ਜਾਣ ਦੇ ਵਿਰੋਧ ‘ਚ ਅਸਤੀਫਾ ਦੇ ਰਹੇ ਹਨ। ਅੱਜਕੱਲ੍ਹ ਸ਼ਾਹ ਫੈਸਲ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਹੈ।
ਅਗਸਤ 2018 ‘ਚ ਕੇਰਲਾ ‘ਚ ਬੜੇ ਭਿਆਨਕ ਹੜ੍ਹ ਆਏ ਹੋਏ ਸਨ। ਲੱਖਾਂ ਲੋਕ ਬੇਘਰ ਹੋ ਕੇ ਸ਼ਰਨਾਰਥੀ ਕੈਂਪਾਂ ‘ਚ ਅੰਨ ਦੀ ਬੁਰਕੀ-ਬੁਰਕੀ ਲਈ ਤਰਸ ਰਹੇ ਸਨ। ਦੇਸ਼ ਦੇ ਅੱਡ-ਅੱਡ ਹਿੱਸਿਆਂ ‘ਚੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਸੀ। ਉਸ ਵੇਲੇ ਕੇਰਲਾ ਦੇ ਕੋਟਯਮ ਜ਼ਿਲ੍ਹੇ ਦਾ ਜੰਮਪਲ 32 ਸਾਲਾਂ ਦਾ ਨੌਜਵਾਨ ਆਪਣੇ ਪਾਏ ਕੱਪੜਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੜ੍ਹਾਂ ਦੇ ਪਾਣੀ ਦਾ ਮੁਕਾਬਲਾ ਕਰਦਾ ਹੋਇਆ ਲਗਾਤਾਰ 8 ਦਿਨਾਂ ਤੱਕ ਲੋਕਾਂ ਦੀ ਸੇਵਾ ਕਰ ਰਿਹਾ ਸੀ। ਜਦੋਂ ਉਸ ਜ਼ਿਲ੍ਹੇ ਦੇ ਉਚ ਅਧਿਕਾਰੀ 8ਵੇਂ ਦਿਨ ਉਥੇ ਪਹੁੰਚੇ ਤਾਂ ਉਨ੍ਹਾਂ ਨੇ ਉਸਨੂੰ ਪਛਾਣ ਲਿਆ। ਉਹ ਸੀ ਗੋਪੀਨਾਥ ਕੰਨਨ ਜੋ ਦਾਦਰਾ ਨਗਰ ਹਵੇਲੀ ਦੇ ਕੇਂਦਰ ਸ਼ਾਸ਼ਤ ਪ੍ਰਦੇਸ਼ ‘ਚ ਉਨ੍ਹਾਂ ਦੇ ਬਰਾਬਰ ਦਾ ਅਧਿਕਾਰੀ ਸੀ। ਇਸੇ ‘ਗੋਪੀਨਾਥ ਕੰਨਨ’ ਨੇ 21 ਅਗਸਤ 2019 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਧਾਰਾ 370 ਬਾਰੇ ਫੈਸਲਾ ਲੈਣ ਦਾ ਸਰਕਾਰ ਨੂੰ ਅਧਿਕਾਰ ਹੈ, ਪਰ ਇਸ ਫੈਸਲੇ ਬਾਰੇ ਕਸ਼ਮੀਰੀ ਲੋਕਾਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਦਾ ਵੀ ਪੂਰਾ ਅਧਿਕਾਰ ਹੈ। ਫੈਸਲੇ ਦੇ ਲਗਭਗ 20 ਦਿਨ ਬਾਅਦ ਵੀ ਲੋਕਾਂ ਨੂੰ  ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਅਜਿਹਾ ਕਰਨ ਦੀ ਕਿਸੇ ਜਮਹੂਰੀ ਤਾਣੇ-ਬਾਣੇ ‘ਚ ਬਿਲਕੁਲ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ। ਨਿੱਜੀ ਤੌਰ ‘ਤੇ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ ਤੇ ਅਜਿਹੇ ਸਮੇਂ ‘ਚ ਅਫਸਰੀ ਅਹੁਦੇ ਨੂੰ ਨਹੀਂ ਮਾਣ ਸਕਦਾ। ਉਸਨੇ ਹੋਰ ਵੀ ਕਿਹਾ, ”ਮੈਂ ਇਸ ਉਮੀਦ ਨਾਲ ਸਿਵਲ ਸੇਵਾ ‘ਚ ਆਇਆ ਸੀ ਕਿ ਮੈਂ ਉਨ੍ਹਾਂ ਲੋਕਾਂ ਦੀ ਆਵਾਜ਼ ਬਣਾਂਗਾ, ਜਿਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਪ੍ਰੰਤੂ ਇਥੇ ਆ ਕੇ ਤਾਂ ਮੈਂ ਖੁਦ ਆਪਣੀ ਆਵਾਜ਼ ਗੁਆ ਰਿਹਾ ਹਾਂ। ਜੰਮੂ-ਕਸ਼ਮੀਰ ‘ਚ ਲੱਖਾਂ ਲੋਕਾਂ ਦੇ ਮੌਲਿਕ ਅਧਿਕਾਰ ਖੋਹੇ ਗਏ ਹਨ ਤੇ ਭਾਰਤ ਦੇ ਬਹੁਤੇ ਲੋਕਾਂ ਨੂੰ ਇਹ ਠੀਕ ਲੱਗ ਰਿਹਾ ਹੈ। ਆਉਣ ਵਾਲਾ ਸਮਾਂ ਜਦੋਂ ਸਵਾਲ ਪੁੱਛੇਗਾ ਕਿ ਇਸ ਹਨੇਰੇ ਦੌਰ ‘ਚ ਤੁਸੀਂ ਕੀ ਕੀਤਾ ਤਾਂ ਮੈਂ ਘੱਟੋ ਘੱਟ ਇਸ ਹਨੇਰੇ ਦਾ ਹਿੱਸਾ ਨਹੀਂ ਬਣਿਆ।” ਇਹ ਵੀ ਯਾਦ ਕਰਨਾ ਬਣਦਾ ਹੈ ਕਿ ਗੋਪੀਨਾਥ ਕਨਨ ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਰਿਟਰਨਿੰਗ ਅਫਸਰ ਦੀ ਹੈਸੀਅਤ ‘ਚ ਕਿਸੇ ਰਾਜਨੀਤਕ ਵਿਅਕਤੀ ਵਲੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਭਾਰਤ ਦੇ ਚੋਣ ਕਮਿਸ਼ਨ ਕੋਲ ਸ਼ਿਕਾਹਿਤ ਵੀ ਕੀਤੀ। ਸ਼ਾਇਦ ਅਜਿਹੇ ਲੋਕਾਂ ਨੂੰ ਧਿਆਨ ‘ਚ ਰੱਖ ਕੇ ਹੀ ਮਸ਼ਹੂਰ ਕਵੀ ਸੁਰਿੰਦਰ ਗਿੱਲ ਨੇ ਬੜਾ ਪ੍ਰਸਿੱਧ ਗੀਤ ਲਿਖਿਆ ਸੀ :
ਛਿੱਟਾ ਚਾਨਣਾ ਦਾ ਦੇਈ ਜਾਣਾ’
ਇਸੇ ਤਰ੍ਹਾਂ ਤਾਮਿਲਨਾਡੂ ਦੇ ਜੰਮਪਲ 2009 ਬੈਚ ਦੇ ਆਈਏਐਸ ਅਧਿਕਾਰੀ ਜੋ ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ ਡੀਸੀ ਸਨ ਨੇ ਵੀ ਕੰਨਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਉਸਨੇ ਲਿਖਿਆ ਹੈ ਕਿ ”ਆਰਟੀਕਲ 370 ਮੇਰੀਆਂ ਭਾਵਨਾਵਾਂ ਦਾ ਸਿਖਰ ਹੈ। ਇੰਡੋਨੇਸ਼ੀਆ ਦੀ ਤਰ੍ਹਾਂ ਭਾਰਤ ਵਿਚ ਵੀ ਫਾਸ਼ੀਵਾਦ ਆ ਰਿਹਾ ਹੈ। ਅਫਸਰਾਂ ‘ਚ ਇਹ ਆਮ ਧਾਰਨਾ ਹੈ ਇਹ ਸਭ ਕੁੱਝ ਗਲਤ ਪਾਸੇ ਜਾ ਰਿਹਾ ਹੈ।” ਉਸਨੇ ਇਹ ਵੀ ਕਿਹਾ ਹੈ, ਆਈ.ਏ.ਐਸ. ਅਫਸਰ ਵਜੋਂ ਸੇਵਾ ਜਾਰੀ ਰੱਖਣਾ ਗੈਰ ਇਖਲਾਕੀ ਹੋਣਾ ਸੀ ਜਦੋਂ ਅਨੇਕਤਾ ‘ਚ ਏਕਤਾ ਆਧਾਰਤ ਜਮਹੂਰੀਅਤ ਦੇ ਸਾਰੇ ਮੂਲ ਆਧਾਰਾਂ ਨੂੰ ਵੱਡੀ ਪੱਧਰ ‘ਤੇ ਤੋੜਿਆ ਜਾ ਰਿਹਾ ਹੋਵੇ। ਆਉਣ ਵਾਲੇ ਦਿਨ ਸਾਡੇ ਦੇਸ਼ ਦੇ ਮੌਲਿਕ ਤਾਣੇ ਬਾਣੇ ਲਈ ਬੇਹੱਦ ਮੁਸ਼ਕਲ ਭਰੀਆਂ ਵੰਗਾਰਾਂ ਵਾਲੇ ਹਨ।
ਕਹਿੰਦੇ ਨੇ ਜੇਕਰ ਲੂਣ ਮਿਰਚ ਨਾ ਪਾਈਏ ਤਾਂ ਦਾਲਾਂ ਸਬਜ਼ੀਆਂ ਦਾ ਕੋਈ ਜਾਇਕਾ ਹੀ ਨਾ ਆਵੇ। ਐਨੇ ਵੱਡੇ ਅਹੁਦਿਆਂ ਤੋਂ ਅਧਿਕਾਰੀਆਂ ਦੇ ਅਸਤੀਫ਼ੇ ਉਹ ਵੀ ਸਰਕਾਰ ਦੇ ਫੈਸਲਿਆਂ ਦੇ ਵਿਰੁੱਧ ਤੇ ਉਸ ਸਮੇਂ ਜਦੋਂ ਹਾਕਮਾਂ ਦੀ ਤੂਤੀ ਬੋਲਦੀ ਹੋਵੇ ਤੇ ਵਿਰੋਧੀ ਧਿਰਾਂ ਸਿਰਫ ਨਾਂਹ ਦੇ ਬਰਾਬਰ ਹੀ ਹੋਣ ਤੇ ਅਜਿਹੇ ਲੋਕਾਂ ਨੂੰ ਨੇੜੇ ਭਵਿੱਖ ‘ਚ ਕੋਈ ਰਾਜਨੀਤਕ ਲਾਭ ਵੀ ਨਾ ਮਿਲਦਾ ਦਿਸਦਾ ਹੋਵੇ। ਫਿਰ ਹਾਕਮ ਧਿਰ ਇਨ੍ਹਾਂ ਨੂੰ ਹੀਰੋ ਕਿਵੇਂ ਬਣਨ ਦੇ ਸਕਦੀ ਹੈ। ਹੁਣ ਕਨਸੋਆਂ ਮਿਲ ਰਹੀਆਂ ਹਨ ਕਿ ਸਰਕਾਰ ਅਸਤੀਫ਼ਾ ਦੇਣ ਦੇ ਨਿਯਮ ਸਖਤ ਕਰ ਰਹੀ ਹੈ। ਬੀਜੇਪੀ ਦੇ ਕਰਨਾਟਕ ਦੇ ਅਤੀ ਬੜਬੋਲੇ ਆਗੂ ਅਨੰਤ ਕੁਮਾਰ ਹੇਗੜੇ ਨੇ ਇਨ੍ਹਾਂ ਅਫਸਰਾਂ ਨੂੰ ਪਾਕਿਸਤਾਨ ਜਾਣ ਦੀ ਸਲਾਹ ਦਿੰਦਿਆਂ ਲਿਖਿਆ ਹੈ ਕਿ ਕਿਸੇ ਅਫਸਰ ਵਲੋਂ ਕੇਂਦਰ ਤੇ ਪਾਰਲੀਮੈਂਟ ਦੇ ਲਿਖਤੀ ਫੈਸਲਿਆਂ ‘ਤੇ ਕਿਸੇ ਆਈ.ਏ.ਐਸ. ਅਫਸਰ ਵਲੋਂ ਸਵਾਲ ਉਠਾਉਣ ਨਾਲੋਂ ਵੱਡਾ ਦੇਸ਼ ਧ੍ਰੋਹ ਹੋਰ ਕੋਈ ਨਹੀਂ ਹੋ ਸਕਦਾ, ਇਹ ਸੌਖਾ ਕੰਮ ਹੈ। ਦੇਸ਼ ਨੂੰ ਤਬਾਹ ਕਰਨ ਦੀ ਬਜਾਏ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਤੇ ਉਥੇ ਜਾ ਕੇ ਦੇਸ਼ ਤੇ ਸਰਕਾਰ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ।
ਅਸੀਂ ਜਾਣਦੇ ਹਾਂ ਕਿ ਪਹਾੜ ਦੀ ਟੀਸੀ ‘ਤੇ ਖੜ੍ਹੇ ਮਨੁੱਖ ਨੂੰ ਪਹਾੜ ਦੀਆਂ ਜੜ੍ਹਾਂ ‘ਚ ਖੜੇ ਮਨੁੱਖ ਨਾਲੋਂ ਬਹੁਤ ਵੱਧ ਦਿਸਦਾ ਹੈ। ਸਰਕਾਰ ਦੀਆਂ ਉਚੀਆਂ ਪੌੜੀਆਂ ‘ਤੇ ਬੈਠੇ ਇਨ੍ਹਾਂ ਅਧਿਕਾਰੀਆਂ ਨੂੰ ਦੇੇਸ਼ ‘ਚ ਵਾਪਰ ਰਹੇ ਮਾੜੇ ਵਰਤਾਰਿਆਂ ਦਾ ਸਾਡੇ ਨਾਲੋਂ ਵੱਧ ਗਿਆਨ ਹੈ। ਸ਼ਾਇਦ ਇਸੇ ਕਰਕੇ ਹੀ ਬੀਜੇਪੀ ਦੇ ਜਨਰਲ ਸਕੱਤਰ ਬੀ.ਐਲ.ਸੰਤੋਸ਼ ਨੇ ਲਿਖਿਆ ਹੈ ਕਿ ”ਜਿਹੜੇ ਅਫਸਰਾਂ ਨੇ ਹੁਣੇ-ਹੁਣੇ ਅਹੁਦੇ ਛੱਡੇ ਹਨ ਉਨ੍ਹਾਂ ਦੇ ਖੱਬੇ ਪੱਖੀਆਂ ਨਾਲ ਬੜੇ ਨਿੱਘੇ ਰਿਸ਼ਤੇ ਹਨ।”
ਅਸੀਂ ਇਹ ਤਾਂ ਜਾਣਦੇ ਹਾਂ ਕਿ ਇਨ੍ਹਾਂ ਅਫਸਰਾਂ ਦਾ ਝੁਕਾਅ ਕਿਸ ਰਾਜਨੀਤੀ ਵੱਲ ਹੈ, ਪਰ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਸ਼੍ਰੀ ਸੰਤੋਸ਼ ਜੀ ਨੇ ਇਹ ਤਾਂ ਖੁਦ ਹੀ ਸਵੀਕਾਰਿਆ ਹੈ ਕਿ ਅਜਿਹੀ ਕੁਰਬਾਨੀ ਦਾ ਮਾਦਾ ਰੱਖਣ ਵਾਲੇ ਖੱਬੇ ਪੱਖੀ ਹੀ ਹੋ ਸਕਦੇ ਹਨ ਜੋ ਕਿ ਖੱਬੇ ਪੱਖੀਆਂ ਲਈ ਮਾਣ ਵਾਲੀ ਗੱਲ ਹੈ। ਅਸੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਨ੍ਹਾਂ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਇਨਕਲਾਬੀ ਸਲਾਮ ਪੇਸ਼ ਕਰਦੇ ਹਾਂ।

Scroll To Top