Now Reading
ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੂਕਿਆ

ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੂਕਿਆ

ਮਾਨਸਾ : ਦੇਸ਼ ਵਿੱਚ ਵਧ ਰਹੀਆਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਪਿੰਡ ਫਫੜੇ ਭਾਈਕੇ, ਖੀਵਾ ਕਲਾਂ ਅਤੇ ਭੁਪਾਲ ਕਲਾਂ ਵਿੱਚ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਮੁਖੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਵੇਚਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਨੂੰ ਮਨਮਰਜ਼ੀ ਦੇ ਰੇਟ ਉੱਪਰ ਆਪਣਾ ਤੇਲ ਵੇਚਣ ਦੀ ਖੁਲ੍ਹ ਦੇ ਕੇ ਆਮ ਜਨਤਾ ਖਾਸ ਕਰਕੇ ਕਿਸਾਨਾਂ ਦੀ ਲੁੱਟ ਕਰਵਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਤੇਲ ਨੂੰ ਜੀਐਸਟੀ ਦੇ ਘੇਰੇ ਅੰਦਰ ਲਿਆਕੇ ਇਸਤੇ ਲਾਏ ਗਏ ਵਾਧੂ ਟੈਕਸ ਖਤਮ ਕੀਤੇ ਜਾਣ ਤੇਲ ਕੰਪਨੀਆਂ ਨੂੰ ਮਨਮਰਜ਼ੀ ਦੇ ਨਾਲ ਰੇਟ ਵਧਾਉਣ ਦੀ ਦਿੱਤੀ ਆਗਿਆ ਰੱਦ ਕੀਤੀ ਜਾਵੇ ਖੇਤੀ ਖੇਤਰ ਲਈ ਡੀਜ਼ਲ ਤੇਲ ਤੇ 50% ਸਬਸਿਡੀ ਦਿੱਤੀ ਜਾਵੇ ਤਾਂ ਜੋ ਪਹਿਲਾਂ ਤੋਂ ਹੀ ਕਰਜ਼ੇ ਦਾ ਬੋਝ ਝੱਲ ਰਹੇ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਮਿਲ ਸਕੇ। ਜਥੇਬੰਦੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਅਕਾਲੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਬਤੌਰ ਕਂੇਦਰੀ ਮੰਤਰੀ ਹੋਣ ਦੇ ਨਾਤੇ ਕਿਸਾਨਾਂ ਦੀ ਕੋਈ ਵੀ ਮੰਗ ਪੂਰੀ ਕਰਵਾਉਣ ਦਾ ਕੋਈ ਉਪਰਾਲਾ ਨਹੀਂ ਕਰ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਬਠਿੰਡਾ ਵਿੱਚ ਇੱਕ ਵੱਡੀ ਰੈਲੀ ਦੌਰਾਨ ਕੇਂਦਰ ਸਰਕਾਰ ਦੇ ਮੁੱਖੀ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆਈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਆਧਾਰ ਮੰਨ ਕੇ ਮੁਨਾਫੇ ਵਾਲੇ ਦਿੱਤੇ ਜਾਣਗੇ ਪਰ ਹੁਣ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਨੂੰ ਚਾਰ ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਤੇ ਬਲਾਕ ਪ੍ਰਧਾਨ ਮੱਘਰ ਸਿੰਘ ਅਤਲਾ, ਬੱਲਮ ਸਿੰਘ ਮੱਤੀ, ਸੋਹਣਾ ਰਾਮ ਭੁਪਾਲ, ਕੇਵਲ ਅਕਲੀਆ, ਸੁਰਜੀਤ ਅਤਲਾ ਕਲਾਂ, ਸੀਤਾ ਰਾਮ ਫਫੜੇ ਭਾਈਕੇ, ਦਿਆਲ ਸਿੰਘ ਅਤਲਾ ਖੁਰਦ, ਸੁਖਵਿੰਦਰ ਸਿੰਘ ਫੌਜੀ ਫਫੜੇ ਭਾਈਕੇ ਆਦਿ ਵੀ ਹਾਜ਼ਰ ਸਨ।

Scroll To Top