Now Reading
ਜਨਤਕ ਲਾਮਬੰਦੀ ਸੰਗਰਾਮੀ ਲਹਿਰ (ਫਰਵਰੀ 2019)

ਜਨਤਕ ਲਾਮਬੰਦੀ ਸੰਗਰਾਮੀ ਲਹਿਰ (ਫਰਵਰੀ 2019)

ਪੰਜਾਬ ਭਰ ਵਿਚ ਸਫਲ ਰਹੀ ਦੋ ਦਿਨਾਂ ਕੁੱਲ ਹਿੰਦ ਹੜਤਾਲ
ਦੇਸ਼ ਦੀਆਂ ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ 8-9 ਜਨਵਰੀ 2019 ਨੂੰ ਕੁਲ ਹਿੰਦ ਪੱਧਰ ਉਤੇ ਆਮ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਸੀ, ਇਸ ਸੱਦੇ ਨੂੰ ਲਾਗੂ ਕਰਨ ਲਈ ਪੰਜਾਬ ਅੰਦਰ ਸੈਂਟਰ ਆਫ ਟਰੇਡ ਯੂਨੀਅਨਜ਼ ਪੰਜਾਬ (ਸੀ.ਟੀ.ਯੂ. ਪੰਜਾਬ) ਵਲੋਂ ਪੂਰੀ ਸਰਗਰਮੀ ਨਾਲ ਦੂਜੀਆਂ ਜਥੇਬੰਦੀਆਂ ਨਾਲ ਮਿਲ ਕੇ ਭਰਵੀਂ ਸ਼ਮੂਲੀਅਤ ਕੀਤੀ ਗਈ।
ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਨੰਗੇ ਚਿੱਟੇ ਰੂਪ ਵਿਚ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਲਈ ਕੰਮ ਕੀਤਾ ਹੈ। ਇਸਦੇ ਸਿੱਟੇ ਵਜੋਂ ਹੀ ਅੱਜ ਦੇਸ਼ ਦੀ 73% ਸੰਪਤੀ 1% ਅਮੀਰਾਂ ਦੇ ਹੱਥਾਂ ਵਿਚ ਇਕੱਠੀ ਹੋ ਗਈ ਹੈ । 11 ਲੱਖ ਕਰੋੜ ਰੁਪਏ ਤੋਂ ਵੀ ਵਧੇਰੇ ਦੀ ਬੈਂਕਾਂ ਦੀ ਰਕਮ ਨਾ ਵਾਪਸ ਕੀਤੇ ਕਰਜ਼ਿਆਂ ਵਜੋਂ ਅਜਾਰੇਦਾਰ ਪੂੰਜੀਪਤੀਆਂ ਦੇ ਹੱਥਾਂ ਵਿਚ ਹੈ, ਜਿਸਨੂੰ ਸਰਕਾਰ ਵਲੋਂ ਨਾ ਵਸੂਲੇ ਜਾ ਸਕਣ ਵਾਲੇ ਕਰਜ਼ੇ ਐਲਾਨ ਕੇ ਬੱਟੇ ਖਾਤੇ ਪਾਅ ਦਿੱਤਾ ਗਿਆ ਹੈ। ਬੈਂਕਾਂ ਨੂੰ ਬੀਮਾਰ ਐਲਾਨਕੇ ਉਨ੍ਹਾਂ ਨੂੰ ਨਿੱਜੀ ਖੇਤਰ ਨੂੰ ਸੌਂਪਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਸਮੁੱਚੇ ਜਨਤਕ ਖੇਤਰ ਨੂੰ ਘੁਣ ਦੀ ਤਰ੍ਹਾਂ ਖਾ ਕੇ ਉਸਨੂੰ ਕੌਡੀਆਂ ਦੇ ਭਾਅ ਨਿੱਜੀ ਖੇਤਰ ਨੂੰ ਸਪੁਰਦ ਕਰਨ ਦੀਆਂ ਸਾਜਸ਼ਾਂ ਨਿਰੰਤਰ ਜਾਰੀ ਹਨ। ਸਿਖਿਆ, ਸਿਹਤ ਵਰਗੀਆਂ ਸਹੂਲਤਾਂ ਦਾ ਤੇਜੀ ਨਾਲ ਨਿੱਜੀਕਰਣ ਹੋ ਰਿਹਾ ਹੈ ਜਿਸ ਨਾਲ ਮਜ਼ਦੂਰ ਜਮਾਤ ਸਮੇਤ ਆਮ ਲੋਕਾਂ ਦੀ ਜ਼ਿੰਦਗੀ ਹੋਰ ਵਧੇਰੇ ਮੁਸੀਬਤਾਂ ਵਿਚ ਫਸਦੀ ਜਾ ਰਹੀ ਹੈ। ਕਿਰਤ ਕਾਨੂੰਨਾਂ ਵਿਚ ਮਾਲਕ ਪੱਖੀ ਸੋਧਾਂ ਰਾਹੀਂ ਜਿਥੇ ਇਕ ਪਾਸੇ ਮਾਲਕਾਂ ਨੂੰ ਮਜ਼ਦੂਰਾਂ ਨੂੰ ਨੌਕਰੀ ‘ਤੇ ਰੱਖਣ ਤੇ ਜਦੋਂ ਮਰਜ਼ੀ ਬਾਹਰ ਕੱਢਣ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਹੀ ਟਰੇਡ ਯੂਨੀਅਨ ਸਰਗਰਮੀਆਂ ‘ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਪੱਕੀ ਨੌਕਰੀ ਦੀ ਥਾਂ ਠੇਕਾ ਪ੍ਰਣਾਲੀ, ਆਉਟ ਸੋਰਸਿੰਗ ‘ਤੇ ਕੰਮ ਕਰਵਾਉਣ, ਕੱਚੀ ਤੇ ਦਿਹਾੜੀਦਾਰ ਮਜ਼ਦੂਰੀ ਰਾਹੀਂ ਮਜ਼ਦੂਰਾਂ ਦੀ ਬੇਕਿਰਕ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਅਤੇ ਸਮੁੱਚੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਮਾਲਕਪੱਖੀ ਕਿਰਤ ਕੋਡ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੇ ਮਜ਼ਦੂਰਾਂ-ਮੁਲਾਜ਼ਮਾਂ ਵਲੋਂ ਦੋ ਦਿਨਾਂ ਕੀਤੀ ਹੜਤਾਲ ਦੀਆਂ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਰਿਪੋਰਟਾਂ ਨਾਲ ਅਸੀਂ ਪਾਠਕਾਂ ਦੀ ਸਾਂਝ ਪਵਾ ਰਹੇ ਹਾਂ :
ਲੁਧਿਆਣਾ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਦੇਸ਼ ਭਰ ਵਿੱਚ ਚੱਲ ਰਹੀ ਹੜਤਾਲ ਦੌਰਾਨ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮਕਾਜ ਮੁਕੰਮਲ ਬੰਦ ਰਿਹਾ ਅਤੇ ਮੁਲਾਜ਼ਮਾਂ ਨੇ ਮੁਜ਼ਾਹਰੇ, ਰੈਲੀਆਂ ਅਤੇ ਰੋਸ ਮਾਰਚ ਕਰਕੇ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਬੱਸ ਅੱਡੇ ਦੇ ਬਾਹਰ ਰੈਲੀ ਕੀਤੀ ਅਤੇ ਬਸ ਅੱਡੇ ਨੇੜੇ ਓਵਰਬ੍ਰਿਜ ‘ਤੇ ਚੱਕਾ ਜਾਮ ਕੀਤਾ ਜਿਸ ਵਿਚ ਸਮੁੱਚੇ ਲੁਧਿਆਣੇ ਵਿਚ ਆਵਾਜਾਈ ਜਾਮ ਹੋ ਈ। ਇਸ ਵਿਸ਼ਾਲ ਇਕੱਠ ਵਿੱਚ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਇੰਟਕ), ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ), ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (ਸੀਟੂ), ਅਤੇ ਸੈਟਰ ਆਫ ਟ੍ਰੇਡ ਯੂਨੀਅਨਜ਼ ਪੰਜਾਬ (ਸੀਟੀਯੂ) ਨਾਲ ਸਬੰਧਤ ਕਾਮਿਆਂ ਨੇ ਹਿੱਸਾ ਲਿਆ। ਇਸ ਮੌਕੇ ਬੁਲਾਰਿਆਂ ਨੇ ਮੋਦੀ ਸਰਕਾਰ ਵਲੋਂ ਅਪਣਾਈਆਂ ਗਈਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੀ ਨਿੰਦਾ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਘੱਟੋ ਘੱਟ ਉਜਰਤ 18000 ਰੁਪਏ ਮਹੀਨਾ ਦਿੱਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਠੇਕੇਦਾਰੀ ਪ੍ਰਬੰਧ ਅਤੇ ਆਊਟ ਸੋਰਸਿੰਗ ਤੇ ਰੋਕ ਲਾਈ ਜਾਵੇ, ਬਰਾਬਰ ਕੰਮ ਬਦਲੇ ਬਰਾਬਰ ਉਜ਼ਰਤ ਦਿੱਤੀ ਜਾਵੇ, ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।
ਹੜਤਾਲ ਦੇ ਦੂਜੇ ਦਿਨ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਉੱਤੇ 12 ਸੂਤਰੀ ਪ੍ਰੋਗਰਾਮ ਨੂੰ ਲੈ ਕੇ ਕੌਮੀ ਪੱਧਰੀ ਹੜਤਾਲ ਤਹਿਤ ਬੈਂਕ ਮੁਲਾਜ਼ਮਾਂ, ਟੈਲੀਕੌਮ ਮੁਲਾਜ਼ਮਾਂ, ਬੀਮਾ ਮੁਲਾਜ਼ਮਾਂ ਅਤੇ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੇ ਦਫ਼ਤਰਾਂ ਬਾਹਰ ਭਾਰੀ ਰੈਲੀਆਂ ਕਰ ਕੇ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿੰਦਾ ਕਰਦਿਆਂ ਮੋਦੀ ਸਰਕਾਰ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਚੱਲਦਾ ਕਰਨ ਦਾ ਸੱਦਾ ਦਿੱਤਾ। ਇਸ ਦੌਰਾਨ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ), ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ), ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (ਸੀਟੂ) ਅਤੇ ਸੈਂਟਰ ਟਰੇਡ ਯੂਨੀਅਨਜ਼ ਪੰਜਾਬ (ਸੀਟੀਯੂ) ਵੱਲੋਂ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਦੇ ਵਿਰੋਧ ਵਿੱਚ ਹੜਤਾਲ ਕਰ ਕੇ ਬੱਸ ਅੱਡੇ ਦੇ ਬਾਹਰ ਗੁਰਜੀਤ ਸਿੰਘ ਜਗਪਾਲ ਇੰਟਕ, ਕਾ. ਪਰਮਜੀਤ ਸਿੰਘ ਸੀਟੀਯੂ, ਜਤਿੰਦਰ ਪਾਲ ਸਿੰਘ ਸੀਟੂ ਅਤੇ ਗੁਰਨਾਮ ਸਿੱਧੂ ਏਟਕ ਦੇ ਪ੍ਰਧਾਨਗੀ ਮੰਡਲ ਹੇਠ ਵਿਸ਼ਾਲ ਰੈਲੀ ਕੀਤੀ।ਇਥੋਂ ਇਹ ਇਕੱਠ ਮਾਰਚ ਕਰਦਾ ਹੋਇਆ ਡੀ.ਸੀ. ਦਫਤਰ ਪੁੱਜਾ। ਇਸ ਮੌਕੇ ਕਾ. ਸੁਖਵਿੰਦਰ ਸਿੰਘ ਸੇਖੋਂ, ਡੀ ਪੀ ਮੌੜ, ਤਰਸੇਮ ਜੋਧਾਂ, ਗੁਰਦੀਪ ਸਿੰਘ ਕਲਸੀ, ਸੁਖਦੇਵ ਸਿੰਘ ਰੋਪੜ, ਪ੍ਰੋ. ਜੈਪਾਲ ਸਿੰਘ ਅਤੇ ਬੱਬਨ ਪਾਸਵਾਨ ਨੇ ਕਿਹਾ ਕਿ ਸਰਕਾਰ ਵੱਲੋਂ 92 ਸਾਲ ਪੁਰਾਣੇ ਐਕਟ ਨੂੰ ਤੋੜਕੇ ਟਰੇਡ ਯੂਨੀਅਨਾਂ ਦੇ ਆਜ਼ਾਦ ਤੌਰ ਉੱਤੇ ਕੰਮ ਕਰਨ ਦੇ ਹੱਕ ਖੋਹ ਲਏ ਹਨ ਅਤੇ ਇਸ ਨੂੰ ਸਰਕਾਰੀ ਕੰਟਰੋਲ ਤਹਿਤ ਲਿਆਉਂਦਾ ਹੈ।
ਉਨ੍ਹਾਂ ਕਿਹਾ ਕਿ ਨਿਰਯਾਤ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂਅ ਹੇਠ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਰੈਲੀ ਨੂੰ ਡਾ. ਅਰੁਣ ਮਿੱਤਰਾ, ਐੱਮ ਐੱਸ ਭਾਟੀਆ, ਸੁਭਾਸ਼ ਰਾਨੀ, ਗੁਰਮੇਲ ਸਿੰਘ ਮੈਲੜੇ, ਹਨੂੰਮਾਨ ਪਰਸਾਦ ਦੂਬੇ, ਬਲਦੇਵ ਮੋਦਗਿਲ, ਤਿਲਕ ਰਾਜ ਡੋਗਰਾ, ਗੁਲਜ਼ਾਰ ਗੋਰੀਆ, ਵਿਜੈ ਕੁਮਾਰ, ਨਰੇਸ਼ ਗੌੜ ਤੇ ਰਘਬੀਰ ਬੈਨੀਪਾਲ ਨੇ ਵੀ ਸੰਬੋਧਨ ਕੀਤਾ।
ਮੁਕਤਸਰ : ਮੁਕਤਸਰ ਦੇ ਬੱਸ ਅੱਡੇ ‘ਤੇ ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਬੱਸਾਂ ਬੰਦ ਰੱਖ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਮਲ ਕੁਮਾਰ, ਕਾਮਰੇਡ ਹਰੀਰਾਮ, ਅੰਮ੍ਰਿਤਪਾਲ ਕੌਰ, ਹਰਵਿੰਦਰ ਸਿੰਘ, ਤਰਸੇਮ ਸਿੰਘ ਆਦਿ ਆਗੂਆਂ ਸਣੇ ਵੱਡੀ ਗਿਣਤੀ ‘ਚ ਮੁਲਾਜ਼ਮ, ਖੇਤ ਮਜ਼ਦੂਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਈ ਜਾਵੇ। ਜਨਤਕ ਖੇਤਰਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਖਾਲੀ ਪੋਸਟਾਂ ਭਰੀਆਂ ਜਾਣ।
ਫਾਜ਼ਿਲਕਾ : ਦੇਸ਼ ਵਿਆਪੀ ਹੜਤਾਲ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੀਆਂ ਵੱਖ ਵੱਖ ਟ੍ਰੇਡ ਯੂਨੀਅਨਾਂ ਦੇ ਸਾਂਝੇ ਬੈਨਰ ਹੇਠ ਸ਼ਹੀਦ ਊਧਮ ਸਿੰਘ ਪਾਰਕ ‘ਚ ਰੋਸ ਰੈਲੀ ਕੀਤੀ ਗਈ। ਇਸ ‘ਚ ਸੈਂਕੜੇ ਮਜ਼ਦੂਰ, ਮੁਲਾਜ਼ਮ, ਕਿਸਾਨ, ਇਸਤਰੀ ਮੁਲਾਜ਼ਮ, ਵਿਦਿਆਰਥੀ ਸ਼ਾਮਲ ਹੋਏ। ਰੈਲੀ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ ਗਈ।
ਮਹਿਲ ਕਲਾਂ : ਟਰੇਡ ਯੂਨੀਅਨਾਂ ਦੀ ਦੋ ਰੋਜ਼ਾ ਹੜਤਾਲ ‘ਚ ਸਥਾਨਕ ਬਿਜਲੀ ਮੁਲਾਜ਼ਮ, ਬੈਂਕ ਕਰਮਚਾਰੀ, ਮਿਡ ਡੇਅ ਮੀਲ ਵਰਕਰ ਅਤੇ ਸਨਅਤੀ ਕਾਮੇ ਸ਼ਾਮਲ ਹੋਏ। ਸਬ ਡਵੀਜਨ ਗਰਿੱਡ ਠੁੱਲੀਵਾਲ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ ਵੱਖ ਅਦਾਰਿਆਂ ‘ਚ ਕੰਮ ਕਰਦੇ ਮੁਲਾਜਮਾਂ ਦੇ ਹਿੱਤਾਂ ਖਾਤਰ ਗੇਟ ਰੈਲੀ ਕੀਤੀ ਗਈ।
ਮੋਗਾ : ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ), ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ), ਇੰਟਕ ਅਤੇ ਸੀਟੀਯੂ ਦੀ ਕੇਂਦਰ ਸਰਕਾਰ ਦੀਆਂ ਲੋਕ, ਕਿਰਤੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਖ਼ਿਲਾਫ਼ ਕੇਂਦਰੀ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਦੂਜੇ ਦਿਨ ਜਨਤਕ ਅਦਾਰਿਆਂ ਬੈਂਕਿੰਗ, ਬਿਜਲੀ, ਸਿੱਖਿਆ, ਆਵਾਜਾਈ ਅਤੇ ਸਿਹਤ ਸੇਵਾਵਾਂ ‘ਚ ਦੂਜੇ ਦਿਨ ਵੀ ਵਿਆਪਕ ਅਸਰ ਕਾਰਨ ਸੇਵਾਵਾਂ ਪ੍ਰਭਾਵਿਤ ਰਹੀਆਂ। ਪਨਬੱਸ ਤੇ ਰੋਡਵੇਜ਼ ਕਾਮਿਆਂ ਤੋਂ ਇਲਾਵਾ ਬੀਮਾ, ਬੈਂਕ ਮੁਲਾਜ਼ਮਾਂ, ਬਿਜਲੀ ਕਾਮਿਆਂ ਨੇ ਰੋਸ ਮੁਜ਼ਾਹਰੇ ਕੀਤੇ।
ਬਠਿੰਡਾ : ਪੰਜਾਬ, ਯੂਟੀ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਵੱਲੋਂ ਦੇਸ਼ ਵਿਆਪੀ ਸੱਦੇ ‘ਤੇ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਦਿੱਤੇ ਗਏ ਧਰਨੇ ਉਪਰੰਤ ਅੰਬੇਦਕਰ ਪਾਰਕ ਤੋਂ ਫਾਇਰ ਬ੍ਰਿਗੇਡ ਚੌਕ ਤੱਕ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਆਗੂ ਗੁਰਦੀਪ ਸਿੰਘ, ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਆਗੂ ਦਰਸ਼ਨ ਸਿੰਘ ਮੌੜ, ਕੇਵਲ ਸਿੰਘ, ਪ੍ਰਕਾਸ਼ ਸਿੰਘ ਥਰਮਲ ਪਲਾਂਟ ਯੂਨੀਅਨ ਨੇ ਸੰਬੋਧਨ ਕੀਤਾ। ਇਸ ਮੌਕੇ ਜੋਰਾ ਸਿੰਘ ਨਸਰਾਲੀ ਦੀ ਅਗਵਾਈ ਹੇਠ ਤਹਿਸੀਦਾਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ।
ਬਰਨਾਲਾ : ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਦੌਰਾਨ ਤਹਿਸੀਲ ਪੱਧਰੀ ਦੋ ਥਾਵਾਂ ‘ਤੇ ਦੋ ਘੰਟੇ ਟਰੈਫਿਕ ਜਾਮ ਕਰਕੇ ਰੈਲੀਆਂ ਕੀਤੀਆਂ ਗਈਆਂ। ਸੀਟੂ, ਏਟਕ, ਸੀਟੀਯੂ, ਈ.ਐਮ.ਯੂ, ਏਕਟੂ, ਡੀ.ਟੀ.ਐਫ., ਡੀ.ਐਮ.ਐਮ, ਪਸਸਸਫ਼, ਸੀ.ਪੀ.ਆਈ., ਨਰੇਗਾ ਮਜ਼ਦੂਰ, ਭੱਠਾ ਮਜ਼ਦੂਰਾਂ ਸਮੇਤ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਤਰਕਸ਼ੀਲ ਚੌਕ ਵਿਖੇ ਮੁੱਖ ਬੱਸ ਅੱਡੇ ਬਰਨਾਲਾ ਨੂੰ ਆਉਂਦਾ ਚੌਤਰਫ਼ਾ ਟਰੈਫਿਕ ਜਾਮ ਕਰੀਬ ਬਾਅਦ ਦੁਪਹਿਰ ਇਕ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਕਰਕੇ ਰੈਲੀ ਕੀਤੀ। ਬੁਲਾਰਿਆਂ ਵਿਚ ਸ਼ੇਰ ਸਿੰਘ ਫਰਵਾਹੀ, ਭੋਲਾ ਸਿੰਘ ਕਲਾਲ ਮਾਜਰਾ, ਖੁਸ਼ੀਆ ਸਿੰਘ, ਜਗਰਾਜ ਰਾਮਾ, ਗੁਰਪ੍ਰੀਤ ਸਿੰਘ ਰੂੜੇਕੇ, ਮਹਿਮਾ ਸਿੰਘ, ਰਮੇਸ਼ ਕੁਮਾਰ ਹਮਦਰਦ, ਰਾਜੀਵ ਕੁਮਾਰ, ਜਗਰਾਜ ਸਿੰਘ ਟੱਲੇਵਾਲ, ਕਰਮਜੀਤ ਸਿੰਘ ਬੀਹਲਾ ਟਰੇਡ ਯੂਨੀਅਨ ਤੇ ਮੁਲਾਜ਼ਮ ਆਗੂਆਂ ਤੋਂ ਇਲਾਵਾ, ਚਮਕੌਰ ਸਿੰਘ ਨੈਣੇਵਾਲ (ਭਾਕਿਯੂ ਉਗਰਾਹਾਂ), ਦਰਸ਼ਨ ਸਿੰਘ ਉਗੋਕੇ ਤੇ ਜਗਰਾਜ ਸਿੰਘ ਹਰਦਾਸਪੁਰ ਭਾਕਿਯੂ (ਡਕੌਂਦਾ), ਜਸਪਾਲ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਵਜੀਦਕੇ ਕਲਾਂ (ਜਮਹੂਰੀ ਕਿਸਾਨ ਸਭਾ), ਮਾਨ ਸਿੰਘ ਗੁਰਮ, ਮਿੱਡ ਡੇ ਮੀਲ ਸੂਬਾ ਕਨਵੀਨਰ ਹਰਪਾਲ ਕੌਰ ਬਰਨਾਲਾ, ਪਰਮਜੀਤ ਕੌਰ ਖੁੱਡੀ, ਜੀਤ ਸਿੰਘ ਪੱਪੋ ਕਲਾਂ, ਸੁਦਾਗਰ ਸਿੰਘ ਉਪਲੀ, ਮੋਹਨ ਸਿੰਘ, ਅਜੇ ਕੁਮਾਰ, ਜੇ.ਪੀ.ਐਮ.ਓ. ਦੇ ਮਲਕੀਤ ਸਿੰਘ, ਹਾਕਮ ਸਿੰਘ ਨੂਰ, ਦਰਸ਼ਨ ਸਿੰਘ ਚੀਮਾਂ, ਗੁਰਜੰਟ ਸਿੰਘ ਕੈਰੇ, ਟੀ.ਐਸ.ਯੂ. ਦਰਸ਼ਨ ਸਿੰਘ ਦਸੌਂਧਾ ਸਿੰਘ ਵਾਲਾ, ਸੁਖਜੰਟ ਸਿੰਘ, ਗੁਰਚਰਨ ਸਿੰਘ ਸ਼ਾਮਲ ਸਨ।
ਬਰਨਾਲਾ : ਇਸ ਹੜਤਾਲ ਦੇ ਦੂਜੇ ਦਿਨ ਦੇਸ਼ ਭਰ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ‘ਤੇ ਮਜ਼ਦੂਰਾਂ-ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ ਦੇ ਗਰਾਊਂਡ ਵਿਚ ਇਕੱਠੇ ਹੋਣ ਉਪਰੰਤ ਰੋਸ ਰੈਲੀ ਕਰਦਿਆਂ ਬਰਨਾਲਾ ਲੁਧਿਆਣਾ ਮੁੱਖ ਮਾਰਗ (ਸੰਘੇੜਾ) ਚੌਕ ਵਿਚ ਚੱਕਾ ਜਾਮ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਭਰਵੇਂ ਇਕੱਠ ਨੂੰ ਏਟਕ ਦੇ ਖ਼ੁਸ਼ੀਆ ਸਿੰਘ, ਸੀਟੂ ਦੇ ਸ਼ੇਰ ਸਿੰਘ ਫਰਵਾਹੀ, ਏਕਟੂ ਦੇ ਗੁਰਪ੍ਰੀਤ ਸਿੰਘ ਰੂੜੇਕੇ, ਸੀ.ਟੀ.ਯੂ. ਦੇ ਭੋਲਾ ਸਿੰਘ ਕਲਾਲਮਾਜਰਾ, ਟੀ.ਐਸ.ਯੂ ਦੇ ਖ਼ੁਸ਼ਵਿੰਦਰ ਸਿੰਘ, ਡੀ.ਟੀ.ਐਫ. ਦੇ ਗੁਰਮੀਤ ਸਿੰਘ ਸੁਖਪੁਰਾ, ਡੀ.ਐਮ.ਐਫ. ਦੇ ਜਗਰਾਜ ਸਿੰਘ, ਪਸਸਸਫ਼ ਦੇ ਕਰਮਜੀਤ ਸਿੰਘ ਬੀਹਲਾ ਤੇ ਅਨਿਲ ਕੁਮਾਰ ਨੇ ਸੰਬੋਧਨ ਕੀਤਾ।
ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਬਲਜੀਤ ਕੌਰ ਸੇਖਾ, ਬਲਰਾਜ ਕੌਰ, ਰੁਪਿੰਦਰ ਕੌਰ, ਭਾਕਿਯੂ (ਉਗਰਾਹਾਂ) ਦੇ ਬਲੌਰ ਸਿੰਘ ਛੰਨਾਂ, ਜਮਹੂਰੀ ਕਿਸਾਨ ਸਭਾ ਦੇ ਯਸ਼ਪਾਲ ਸ਼ਰਮਾ, ਮਲਕੀਤ ਸਿੰਘ ਵਜੀਦਕੇ, ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੇ ਸੂਬਾ ਕਨਵੀਨਰ ਹਰਪਾਲ ਕੌਰ ਬਰਨਾਲਾ, ਸੁਰਿੰਦਰ ਕੌਰ ਦੀਵਾਨਾ, ਪੇਂਡੂ ਚੌਕੀਦਾਰ ਯੂਨੀਅਨ ਦੇ ਪ੍ਰੇਮ ਸਿੰਘ ਰੂੜੇਕੇ, ਕਾ. ਲਾਲ ਸਿੰਘ, ਮਾਨ ਸਿੰਘ ਗੁਰਮ ਨੇ ਕਿਹਾ ਕਿ ਮੋਦੀ ਸਰਕਾਰ ਦੇ ਫ਼ਾਸ਼ੀਵਾਦੀ ਅਤੇ ਕਿਰਤ ਕਾਨੂੰਨਾਂ ਦੇ ਉਪਰ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣ ਲਈ ਅੱਜ ਦੇਸ਼ ਭਰ ਵਿਚ ਮਜ਼ਦੂਰ ਜਮਾਤ ਅਤੇ ਗਰੀਬ ਕਿਸਾਨ ਸੰਘਰਸ਼ ਦਾ ਪਿੜ ਮੱਲ ਰਹੇ ਹਨ।
ਮਾਨਸਾ : ਟਰੇਡ ਯੂਨੀਅਨਾਂ ਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ ਤਹਿਤ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਤੇ ਮੁਲਾਜ਼ਮਾਂ ਨੇ ਹੜਤਾਲ ਕਰਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਘੰਟੇ ਦੇ ਕਰੀਬ ਮਾਨਸਾ ਦੇ ਬੱਸ ਸਟੈਂਡ ਦਾ ਟਰੈਫਿਕ ਜਾਮ ਕਰ ਦਿੱਤਾ।ਇਸ ਸਮੇਂ ਏਕਟੂ ਦੇ ਸੂਬਾ ਪ੍ਰਧਾਨ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਸੀਟੂ ਦੇ ਸੂਬਾ ਸਕੱਤਰ ਕੁਲਵਿੰਦਰ ਸਿੰਘ ਉਡਤ, ਏਟਕ ਦੇ ਆਗੂ ਸਾਥੀ ਦਰਸ਼ਨ ਸਿੰਘ ਪੰਧੇਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸਮਾਉਂ, ਸੀਟੀਯੂ ਦੇ ਆਗੂ ਮਾਸਟਰ ਛੱਜੂ ਰਾਮ ਰਿਸ਼ੀ, ਪ.ਸ.ਸ.ਫ. ਵਿਗਿਆਨ ਗਰੁੱਪ ਦੇ ਬਿੱਕਰ ਮਾਖਾ, ਕਰਮਜੀਤ ਫਫੜੇ, ਪ.ਸ.ਸ.ਫ. ਦੇ ਰਾਜ ਕੁਮਾਰ ਰੰਗਾ, ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ, ਅਵੀਨਾਸ਼ ਕੌਰ ਮਾਨਸਾ, ਡੈਜ਼ੀ ਸ਼ੇਰ ਖਾਂ ਵਾਲਾ, ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਆਗੂ ਰੂਪ ਚੰਦ ਪਰੋਚਾ, ਪੇਂਡੂ ਡਾਕ ਕਰਮਚਾਰੀ ਯੂਨੀਅਨ ਦੇ ਬਲਵਿੰਦਰ ਕੌਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਮਰਜੀਤ ਖੋਖਰ, ਮੋਟਰ ਮਜ਼ਦੂਰ ਯੂਨੀਅਨ ਦੇ ਨਛੱਤਰ ਸਿੰਘ ਢੈਪਈ, ਡਾ. ਅੰਬੇਦਕਰ ਰੇਹੜੀ ਯੂਨੀਅਨ ਦੇ ਜਰਨੈਲ ਸਿੰਘ ਮਾਨਸਾ, ਐਫ.ਸੀ.ਆਈ. ਪੱਲੇਦਾਰ ਯੂਨੀਅਨ ਦੇ ਜੱਗਾ ਸਿੰਘ, ਰਿਕਸ਼ਾ ਰੇਹੜੀ ਯੂਨੀਅਨ ਦੇ ਤਾਰਾ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨ, ਬਿਜਲੀ ਮੁਲਾਜ਼ਮ ਆਗੂ ਪ੍ਰਦੀਪ ਖੋਖਰ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਆਲੋਚਨਾ ਕੀਤੀ। ਆਲ ਇੰਡੀਆ ਪੋਸਟਮੈਨ, ਐਮ.ਟੀ.ਐਸ ਅਤੇ ਗ੍ਰਾਮੀਣ ਡਾਕ ਸੇਵਕ ਟਰੇਡ ਯੂਨੀਅਨਾਂ ਵੱਲੋਂ ਸਬ ਪੋਸਟ ਆਫ਼ਿਸ ਮਾਨਸਾ ਦੇ ਗੇਟ ਅੱਗੇ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਗਈ।
ਫ਼ਰੀਦਕੋਟ : ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਮੁਲਾਜ਼ਮ ਤੇ ਮਜ਼ਦੂਰ ਜੱਥੇਬੰਦੀਆਂ ਦੇ ਸੱਦੇ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੈਲੀ ਕੀਤੀ। ਇਸ ਹੜਤਾਲ ‘ਚ ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਰੈਲੀ ਵਿੱਚ ਹੜਤਾਲੀ ਬਿਜਲੀ, ਬੈਂਕ, ਬੀਮਾ, ਟਰਾਂਸਪੋਰਟ, ਸੰਚਾਰ ਨਿਗਮ ਦੇ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਮਨਿਸਟਰੀਅਲ ਸਟਾਫ, ਦਰਜਾ ਚਾਰ ਕਰਮਚਾਰੀਆਂ, ਨਗਰ ਕੌਂਸਲ ਮੁਲਾਜ਼ਮਾਂ, ਅਧਿਆਪਕਾਂ, ਸਮੂਹ ਵਿਭਾਗਾਂ ਦੇ ਪੈਨਸ਼ਨਰਾਂ, ਨਰੇਗਾ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਰੈਲੀ ਵਿੱਚ ਅਮਰੀਕ ਸਿੰਘ ਸੰਧੂ, ਅਸ਼ੋਕ ਕੌਸ਼ਲ, ਜਤਿੰਦਰ ਕੁਮਾਰ, ਕਿਰਨ ਪ੍ਰਕਾਸ਼ ਮਹਿਤਾ, ਕੁਲਦੀਪ ਸ਼ਰਮਾ, ਗੁਰਦਿਆਲ ਭੱਟੀ, ਰਜਿੰਦਰ ਸਿੰਘ ਸਰਾਂ, ਬਲਵੀਰ ਸਿੰਘ ਸਿਬੀਆਂ, ਹਰਪ੍ਰੀਤ ਸਿੰਘ, ਨਛੱਤਰ ਸਿੰਘ ਭਾਣਾ, ਸੁਖਮੰਦਰ ਸਿੰਘ, ਸੁਖਦੇਵ ਰਾਜ ਅਤੇ ਸੁਰਜੀਤ ਸਿੰਘ ਢੁੱਡੀ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਆਲੋਚਨਾ ਕੀਤੀ। ਇਸ ਮੌਕੇ ਪਰਦੀਪ ਸਿੰਘ ਬਰਾੜ, ਸੁਖਦੇਵ ਸਿੰਘ ਮੱਲੀ, ਇੰਦਰਜੀਤ ਸਿੰਘ ਖੀਵਾ, ਅਪਾਰ ਸਿੰਘ ਸੰਧੂ, ਬਿੱਕਰ ਸਿੰਘ ਪਟਵਾਰੀ, ਜਗਜੀਤ ਸਿੰਘ ਮਚਾਕੀ, ਕੁਲਵੰਤ ਸਿੰਘ ਚਾਨੀ, ਵੀਰਇੰਦਰਜੀਤ ਸਿੰਘ ਪੁਰੀ, ਹਰਚਰਨ ਸਿੰਘ ਸੰਧੂ, ਸਿਮਰਜੀਤ ਸਿੰਘ ਬਰਾੜ, ਸੁਖਵਿੰਦਰ ਸਿੰਘ, ਮਿੱਠੂ ਸਿੰਘ, ਲਖਵਿੰਦਰ ਸਿੰਘ, ਜਸੱਮਤ ਸਿੰਘ ਰੋਮਾਣਾ, ਗੁਰਸੇਵਕ ਸਿੰਘ ਅਤੇ ਜਗਤਾਰ ਸਿੰਘ ਵਿਰਦੀ ਨੇ ਸੰਬੋਧਨ ਕੀਤਾ।
ਅੰਮ੍ਰਿਤਸਰ : ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੋਸ ਰੈਲੀ ਕੀਤੀ, ਜਿਸ ਵਿਚ ਕੇਂਦਰ ਤੇ ਸੂਬੇ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿੰਦਾ ਕੀਤੀ ਗਈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਸੇਵਾ ਸੁਰੱਖਿਆ ਕਾਨੂੰਨ ਨੂੰ ਖਤਮ ਕਰ ਰਹੀ ਹੈ। ਭੰਡਾਰੀ ਪੁਲ ‘ਤੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਪ੍ਰਧਾਨ ਵਿਜੈ ਮਿਸ਼ਰਾ, ਪੰਜਾਬ ਏਟਕ ਦੇ ਸਕੱਤਰ ਅਮਰਜੀਤ ਸਿੰਘ ਆਸਲ, ਪੰਜਾਬ ਐੱਚਐੱਮਐੱਸ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਬਾਵਾ, ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਸੀਟੂ ਦੇ ਸੂਬਾਈ ਆਗੂ ਸੁੱਚਾ ਸਿੰਘ ਅਜਨਾਲਾ, ਬੈਂਕ ਯੂਨੀਅਨ ਦੇ ਆਗੂ ਰਵੀ ਰਾਜਧਾਨ, ਬੀਬੀ ਦਸਵਿੰਦਰ ਕੌਰ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਠੇਕੇਦਾਰੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤੇ ਠੇਕੇ ‘ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਮੌਕੇ ਰੇਹੜੀ ਫੜੀ ਯੂਨੀਅਨ ਵੱਲੋਂ ਡਾ. ਇੰਦਰਪਾਲ, ਕਾਮਰੇਡ ਬ੍ਰਹਮਦੇਵ ਸ਼ਰਮਾ, ਮੋਹਨ ਲਾਲ, ਜੀਤ ਰਾਜ ਬਾਵਾ, ਨਰਿੰਦਰ ਚਮਿਆਰੀ, ਮੁਲਖ ਰਾਜ, ਵਿਜੈ ਕੁਮਾਰ, ਲਖਬੀਰ ਸਿੰਘ ਨਿਜਾਮਪੁਰ, ਭੁਪਿੰਦਰ ਸਿੰਘ, ਡਾ. ਬਲਵਿੰਦਰ ਸਿੰਘ ਸੀਟੀਯੂ ਆਗੂ ਨੇ ਸੰਬੋਧਨ ਕੀਤਾ।
ਜਲੰਧਰ : ਕੇਂਦਰੀ ਟਰੇਡ ਯੂਨੀਅਨਾਂ, ਕੇਂਦਰ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ, ਬੈਂਕ ਅਤੇ ਬੀਮਾ ਕਰਮਚਾਰੀਆਂ ਅਤੇ ਮਿਹਨਤਕਸ਼ ਮਜ਼ਦੂਰ-ਪੱਖੀ ਜਥੇਬੰਦੀਆਂ ਨੇ ਦੇਸ਼-ਵਿਆਪੀ ਦੋ ਦਿਨਾਂ ਹੜਤਾਲ ਦੇ ਸੱਦੇ ‘ਤੇ ਕੇਂਦਰ ਤੇ ਰਾਜ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ। ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਮੁਲਾਜ਼ਮਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਚ ਕੀਤੇ ਇਕੱਠ ਦੌਰਾਨ ਆਂਗਣਵਾੜੀ ਵਰਕਰਾਂ, ਪੇਂਡੂ ਚੌਕੀਦਾਰਾਂ, ਆਸ਼ਾ ਵਰਕਰਾਂ ਅਤੇ ਮਿੱਡ-ਡੇਅ ਮੀਲ ਵਰਕਰਾਂ, ਮਨਰੇਗਾ, ਉਸਾਰੀ, ਭੱਠਾ ਤੇ ਗ਼ੈਰਜਥੇਬੰਦ ਖੇਤਰ ਦੇ ਮਜ਼ਦੂਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੇਸ਼ ਭਗਤ ਯਾਦਗਾਰ ਹਾਲ ਵਿਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਰਘੂਨਾਥ ਸਿੰਘ, ਪੰਜਾਬ ਸਰਵਿਸਿਜ਼ ਸੁਬਾਰਡੀਨੇਟ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜ਼ਿਲ੍ਹੇ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਸ਼ਿਵ ਕੁਮਾਰ, ਕੇਵਲ ਸਿੰਘ ਹਜ਼ਾਰਾ, ਕ੍ਰਿਸ਼ਨਾ ਦੇਵੀ ਪੁਆਦੜਾ, ਅਮਰੀਕ ਸਿੰਘ ਗਿੱਲ ਤੇ ਸੋਹਣ ਲਾਲ ਨੇ ਸੰਬੋਧਨ ਕੀਤਾ ਤੇ ਬੀਐੱਮਸੀ ਚੌਕ ਵਿਚ ਜਾ ਕੇ ਚੱਕਾ ਜਾਮ ਕੀਤਾ। ਇਸ ਮੌਕੇ ਆਟੋ ਚਾਲਕਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ। ਸੀਐਨਜੀ ਆਟੋ ਰਿਕਸ਼ਾ ਵਾਲਿਆਂ ਨੇ ਇਸ ਹੜਤਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਸੀ। ਇਸ ਮੌਕੇ ਬੈਂਕ ਤੇ ਬੀਮਾ ਕਰਮਚਾਰੀਆਂ ਨੇ ਵੀ ਹੜਤਾਲ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਕਾਮਰੇਡ ਅੰਮ੍ਰਿਤ ਲਾਲ ਅਤੇ ਵੇਦ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਬੈਂਕਾਂ ਦਾ ਰਲੇਵਾਂ ਰੋਕਿਆ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਬੰਦ ਕੀਤੀ ਜਾਵੇ, ਕਿਰਤ ਕਾਨੂੰਨ ਵਿਚ ਕਾਰਪੋਰੇਟ ਘਰਾਣਿਆਂ ਪੱਖੀ ਸੋਧਾਂ ਬੰਦ ਕੀਤੀਆਂ ਜਾਣ, ਠੇਕਾ ਸਿਸਟਮ ਬੰਦ ਕੀਤਾ ਜਾਵੇ ਤੇ ਅਸੰਗਠਿਤ ਖੇਤਰ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਮਜ਼ਦੂਰੀ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਸਾਰੇ ਸ਼ਹਿਰੀਆਂ ਲਈ ਘੱਟੋ-ਘੱਟ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ । ਇਸ ਮੌਕੇ ਕਾਮਰੇਡ ਦਲੀਪ ਕੁਮਾਰ, ਰਾਜ ਕੁਮਾਰ ਭਗਤ, ਮਨੋਜ ਸ਼ਰਮਾ ਤੇ ਹੋਰ ਹਾਜ਼ਰ ਸਨ । ਇਸ ਮੌਕੇ ਸੀਟੂ ਦੇ ਜ਼ਿਲ੍ਹਾ ਸਕੱਤਰ ਰਾਮ ਮੂਰਤੀ ਸਿੰਘ, ਸਾਥੀ ਕਮਲ ਲਾਲ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੂਲ ਚੰਦ ਸਰਹਾਲੀ ਤੇ ਸ਼ੂਗਰ ਮਿੱਲ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
ਜਲੰਧਰ ਦੇ ਬਿਅੰਤ ਪਾਰਕ ਵਿਖੇ ਸਨਅਤੀ ਮਜ਼ਦੂਰਾਂ, ਘਰੇਲੂ ਕਾਮਿਆਂ ਅਤੇ ਇਸਤਰੀਆਂ ਨੇ ਇਕ ਵੱਖਰਾ ਇਕੱਠ ਕੀਤਾ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸਨਅਤੀ ਮਜ਼ਦੂਰ ਹੜਤਾਲ ਕਰਕੇ ਸ਼ਾਮਲ ਹੋਏ। ਇਸ ਇਕੱਠ ਨੂੰ ਸੀਟੀਯੂ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਾਥੀ ਰਾਮ ਕਿਸ਼ਨ, ਜਵਾਹਰ ਚੌਰਸੀਆ,  ਘਰੇਲੂ ਕਾਮਿਆਂ ਦੀਆਂ ਆਗੂ ਕੰਚਨ ਸਿੰਘ ਤੇ ਮੀਰਾ, ਭੋਲਾ ਪ੍ਰਸ਼ਾਦ, ਮੋਹਿੰਦਰ ਅਤੇ ਰਜੇਸ਼ ਥਾਪਾ ਨੇ ਸੰਬੋਧਨ ਕੀਤਾ।
ਹੜਤਾਲ ਦੇ ਦੂਜੇ ਦਿਨ ਇਸੇ ਤਰ੍ਹਾਂ ਇਕੱਠ ਕਰਕੇ ਬੇਅੰਤ ਸਿੰਘ ਪਾਰਕ ਵਿਚ ਰੈਲੀ ਕਰਕੇ ਮਜਦੂਰ ਵਿਸ਼ੇਸ਼ ਤੌਰ ਤੇ ਇਸਤਰੀ ਕਾਮੇ ਪਠਾਨਕੋਟ ਚੌਕ ਵਿਖੇ ਪੁੱਜੇ ਜਿੱਥੇ ਕੇਂਦਰ ਸਰਕਾਰ ਦਾ ਪੁਤਲਾ ਸਾੜਕੇ ਰੋਸ ਪ੍ਰਗਟ ਕੀਤਾ ਗਿਆ।
ਗੜ੍ਹਸ਼ੰਕਰ : ਕੇਂਦਰੀ ਟਰੇਡ ਯੂਨੀਅਨਾਂ ਅਤੇ ਪੰਜਾਬ ਸੂਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ‘ਚ ਗਾਂਧੀ ਪਾਰਕ ਵਿਖੇ ਰੈਲੀ ਕਰਕੇ ਰੋਸ ਮਾਰਚ ਕਰਨ ਉਪਰੰਤ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਚੱਕਾ ਜਾਮ ਕੀਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਕਪੂਰਥਲਾ : ਆਰ ਸੀ ਐਫ ਕਰਮਚਾਰੀਆਂ ਵੱਲੋਂ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਸਵੇਰੇ ਸਾਂਝੇ ਤੌਰ ‘ਤੇ ਆਰ ਸੀ ਐਫ ਐਂਪਲਾਈਜ਼ ਯੂਨੀਅਨ ਅਤੇ ਆਰ ਸੀ ਐਫ ਮੈਨਜ ਯੂਨੀਅਨ ਦੇ ਝੰਡੇ ਹੇਠ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਦੋਵਾਂ ਯੂਨੀਅਨਾਂ ਦੇ ਆਗੂਆਂ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਨੌਜਵਾਨ ਵਿਰੋਧੀ ਨੀਤੀਆਂ ਨੂੰ ਕੋਸਿਆ।
ਤਰਨ ਤਾਰਨ: ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਦਿੱਤੇ ਦੋ-ਰੋਜ਼ਾ ਕੌਮੀ ਪੱਧਰ ਦੀ ਹੜਤਾਲ ਦੌਰਾਨ ਇਲਾਕੇ ਅੰਦਰ ਜਨਤਕ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਕਰਕੇ ਇਥੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਸਪਾਲ ਸਿੰਘ ਝਬਾਲ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਧਰਮ ਸਿੰਘ ਪੱਟੀ, ਮੁਲਾਜ਼ਮ ਆਗੂ ਰਜਿੰਦਰ ਸਿੰਘ ਅਤੇ ਸਫਾਈ ਸੇਵਕਾਂ ਦੇ ਆਗੂ ਰਮੇਸ਼ ਕੁਮਾਰ ਗਿੱਲ ਨੇ ਕੀਤੀ। ਪਾਵਰਕੌਮ ਦੇ ਮੁਲਾਜ਼ਮਾਂ ਨੇ ਵੀ ਅਦਾਰੇ ਦੇ ਸਰਕਲ ਦਫਤਰ ਸਾਹਮਣੇ ਰੋਸ ਵਿਖਾਵਾ ਕੀਤਾ। ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਸ਼ਹਿਰ ਅੰਦਰ ਸਫਾਈ ਦਾ ਕੰਮ ਠੱਪ ਕਰਕੇ ਰੋਸ ਜ਼ਾਹਰ ਕੀਤਾ। ਜ਼ਿਲ੍ਹੇ ਅੰਦਰ ਬੱਸ ਸੇਵਾ ਵੀ ਬੰਦ ਰਹੀ। ਪਿੰਡ ਸ਼ੇਖਚੱਕ ਮਨਰੇਗਾ (ਸੀਟੂ) ਆਗੂ ਦਲਵਿੰਦਰ ਸਿੰਘ ਪੰਨੂ ਦੀ ਅਗਵਾਈ ਵਿਚ ਵਿਖਾਵਾ ਵੀ ਕੀਤਾ ਗਿਆ।
ਪਠਾਨਕੋਟ : ਦੇਸ਼ ਵਿਆਪੀ ਹੜਤਾਲ ਦੇ ਸੱਦੇ ‘ਤੇ ਆਪੋ ਆਪਣੇ ਅਦਾਰਿਆਂ ‘ਚ ਹੜਤਾਲ ਕਰਨ ਉਪਰੰਤ ਵਿਨੋਦ ਕੁਮਾਰ, ਅਮਰੀਕ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਦਵਿੰਦਰ ਮਲਹੋਤਰਾ ਅਤੇ ਗੋਪਾਲ ਕ੍ਰਿਸ਼ਨ ਦੀ ਪ੍ਰਧਾਨਗੀ ਹੇਠ ਰੇਲਵੇ ਸਟੇਸ਼ਨ ਦੇ ਫੁਹਾਰਾ ਚੌਕ ਵਿੱਚ ਰੈਲੀ ਕੀਤੀ ਅਤੇ ਪਠਾਨਕੋਟ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗਰੀਬ ਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੈਲੀ ਵਿੱਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪੰਜਾਬ ਸਮੇਤ ਸਾਰੇ ਭਾਰਤ ਵਿੱਚ ਕਿਰਤੀ ਲੋਕ ਸੜਕਾਂ ‘ਤੇ ਆ ਕੇ ਹੜਤਾਲ ਕਰ ਰਹੇ ਹਨ। ਇਸ ਇਕੱਠ ਨੂੰ ਕਾਮਰੇਡ ਨੱਥਾ ਸਿੰਘ, ਹਰਿੰਦਰ ਰੰਧਾਵਾ, ਹਰਬੰਸ ਲਾਲ, ਸੁਰਿੰਦਰ ਗਿੱਲ, ਰਮੇਸ਼ ਕੁਮਾਰ, ਨਰੋਤਮ ਸਿੰਘ, ਵਿਜੇ ਕੁਮਾਰ, ਦਵਿੰਦਰ ਮਲਹੋਤਰਾ, ਕੇਵਲ ਕਾਲੀਆ, ਅਸ਼ੋਕ ਕੁਮਾਰ ਬੈਂਸ, ਸੁਰੇਸ਼ ਕੁਮਾਰ, ਰਾਜੇਸ਼ ਜਸਰੋਟੀਆ, ਰਾਜ ਕੁਮਾਰ, ਸ਼ਿਵ ਕੁਮਾਰ, ਪ੍ਰੇਮ ਸਾਗਰ, ਆਸ਼ਾ ਰਾਣੀ, ਨਿਰਮਲਾ ਕੁਮਾਰੀ, ਰੇਖਾ ਰਾਣੀ, ਸੁਰਿੰਦਰ ਸਹਿਗਲ, ਸੁਰਿੰਦਰ ਕਲਸੀ, ਜਗਦੀਸ਼ ਰਾਜ ਅਤੇ ਤਿਲਕ ਰਾਜ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਮੁੱਖ ਟਰੇਡ ਯੂਨੀਅਨਾਂ ਵਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ ਤੇ ਕਿਰਤੀ ਵਰਗ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਅਤੇ ਮੋਦੀ ਸਰਕਾਰ ਦਾ ਚਿਹਰਾ ਆਮ ਲੋਕਾਂ ਵਿਚ ਨੰਗਾ ਕਰਨ ਲਈ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੌਰਾਨ ਸ਼ਹੀਦ ਊਧਮ ਸਿੰਘ ਪਾਰਕ ਵਿਚ ਟਰੇਡ ਯੂਨੀਅਨਾਂ ਸੀਟੂ, ਸੀਟੀਯੂ, ਇੰਟਕ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਸਾਂਝੇ ਤੌਰ ‘ਤੇ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਗਈ । ਆਂਗਣਵਾੜੀ, ਜਲ ਸਰੋਤ, ਪੀਡਬਲਯੂਡੀ, ਜੰਗਲਾਤ ਵਿਭਾਗ ਆਦਿ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਕੰਮਕਾਜ ਦਾ ਬਾਈਕਾਟ ਕਰਕੇ ਰੈਲੀ ਵਿਚ ਸ਼ਾਮਿਲ ਹੋਏ। ਰੈਲੀ ਉਪਰੰਤ ਸ਼ਹਿਰ ਵਿਚ ਮਾਰਚ ਕੀਤਾ ਗਿਆ ਅਤੇ ਪ੍ਰਭਾਤ ਚੌਕ ‘ਤੇ ਜਾਮ ਲਗਾਇਆ ਗਿਆ।
ਗੁਰਦਾਸਪੁਰ : ਇਲਾਕੇ ਦੀਆਂ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਸਾਂਝੇ ਤੌਰ ਉੱਤੇ ਸੁੱਕਾ ਤਲਾਅ ਵਿਖੇ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਮੱਖਣ ਕੁਹਾੜ, ਸੁਭਾਸ਼ ਕੈਰੇ, ਫਤਿਹ ਚੰਦ, ਰਾਜ ਕੁਮਾਰ ਪੰਡੋਰੀ ਦੀ ਅਗਵਾਈ ਹੇਠ ਰੈਲੀ ਕਰਨ ਉਪਰੰਤ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਬੁਲਾਰਿਆਂ ਨੇ ਆਲੋਚਨਾ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਤੇਜ਼ੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਸੰਘੇੜਾ, ਠਾਕੁਰ ਧਿਆਨ ਸਿੰਘ, ਰਘੁਬੀਰ ਸਿੰਘ ਪਕੀਵਾ, ਜਸਵੰਤ ਸਿੰਘ ਬੁੱਟਰ, ਲਾਲ ਚੰਦ ਕਟਾਰੂਚੱਕ, ਕੁਲਦੀਪ ਪੂਰੇਵਾਲ ਆਦਿ ਹਾਜ਼ਰ ਸਨ।
ਬਟਾਲਾ : ਦੋ ਰੋਜ਼ਾ ਹੜਤਾਲ ਦੇ ਸੱਦੇ ‘ਤੇ ਇੰਟਕ, ਏਟਕ, ਸੀਟੂ, ਏਕਟੂ ਅਤੇ ਸੀਟੀਯੂ ਨੇ ਸੁੱਖਾ ਸਿੰਘ-ਮਹਿਤਾਬ ਸਿੰਘ ਚੌਂਕ ਵਿੱਚ ਰੋਸ ਰੈਲੀ ਕੀਤੀ। ਰੈਲੀ ਤੋਂ ਬਾਅਦ ਬਟਾਲਾ ਦੇ ਗਾਂਧੀ ਚੌਂਕ ਵਿੱਚ ਪਹੁੰਚ ਕੇ ਕੇਂਦਰ ਅਤੇ ਰਾਜ ਸਰਕਾਰ ਦਾ ਪੁਤਲਾ ਫੂਕਿਆ। ਰੈਲੀ ਦੀ ਅਗਵਾਈ ਨਿਰਮਲ ਦਾਸ, ਜਰਨੈਲ ਸਿੰਘ ਅਤੇ ਗੁਰਬਖਸ਼ ਸਿੰਘ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁਲਾ ਚੁੱਕੀਆਂ ਹਨ।
ਚੰਡੀਗੜ੍ਹ : ਕੇਂਦਰੀ ਟਰੇਡ ਯੂਨੀਅਨ ਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਦੋ ਰੋਜ਼ਾ ਹੜਤਾਲ ਦੇ ਸੱਦੇ ‘ਤੇ ਚੰਡੀਗੜ੍ਹ ਦੇ ਬੈਂਕ, ਬੀਮਾ, ਬਿਜਲੀ ਅਦਾਰਿਆਂ ਵਿਚ ਮੁਕੰਮਲ ਹੜਤਾਲ ਹੋਈ। ਸੀ.ਟੀ.ਯੂ. ਪੰਜਾਬ ਦੇ ਕਾਰਕੁੰਨ ਅਤੇ ਲਘੁ ਉਦਯੋਗ ਦੇ ਕਾਮੇ, ਵੁਦਯੋਗ ਭਵਨ ਸਾਹਮਦੇ ਹੜਤਾਲ ਕਰਨ ਤੋਂ ਬਾਅਦ ਇਕੱਠੇ ਹੋਏ ਅਤੇ ਉਥੋਂ ਮੁਜ਼ਾਹਰੇ ਦੀ ਸ਼ਕਲ ਵਿਚ ਸੈਕਟਰ 17 ਦੇ ਬੈਂਕ ਸੁਕੈਅਰ ਵਿਚ ਪੁੰਚੇ, ਜਿੱਥੇ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰ-ਮੁਲਾਜ਼ਮ ਹੜਤਾਲ ਕਰਕੇ ਪੁੱਜੇ ਹੋਏ ਸਨ। ਇਥੋ ਹੋਈ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਦੇਵੀ ਦਿਆਲ, ਬਜ਼ੁਰਗ ਟਰੇਡ ਯੂਨੀਅਨ ਜਗਤਾਰ ਸਿੰਘ ਅਤੇ ਹੋਰ ਆਗੂਆਂ ‘ਤੇ ਅਧਾਰਤ 5 ਮੈਂਬਰੀ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਇਕੱਠ ਨੂੰ ਬੈਂਕ,ਬੀਮਾ, ਡਾਕ-ਤਾਰ, ਬੀ.ਐਬਸ.ਐਨ.ਐਲ.ਯੂ. ਟੀ ਦੇ ਬਿਜਲੀ ਵਿਭਾਗ ਦੇ ਕਾਮਿਆਂ ਦੀ ਯੂਨੀਅਨ ਦੇ ਆਗੂਆਂ ਤੋਂ ਬਿਨਾਂ ਸੀ.ਟੀ.ਯੁ. ਪੰਜਾਬ ਦੇ ਪ੍ਰਧਾਨ ਇੰਰਜੀਤ ਗਰੇਵਾਲ, ਪੀਡਬਲਯੂਡੀ ਮੁਲਾਜ਼ਮਾਂ ਦੇ ਆਗੂ ਸਾਥੀ ਗੁਰਵਿੰਦਰ ਸਿੰਘ ਅਤੇ ਬੈਂਕ ਪੈਨਸ਼ਨਰਾਂ ਦੇ ਕੁੱਲ ਹਿੰਦ ਆਗੂ ਸੱਜਣ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਸੈਕਟਰ 17 ਵਿਚ ਹਜ਼ਾਰਾਂ ਮੁਲਾਜ਼ਮਾਂ ਵਲੋਂ ਰੋਸ ਮਾਰਚ ਵੀ ਕੀਤਾ ਗਿਆ। ਹੜਤਾਲ ਦੇ ਦੂਜੇ ਦਿਨ ਦੀ ਸਫਲ ਹੜਤਾਲ ਤੋਂ ਬਾਅਦ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ।

Scroll To Top