ਪਲਾਟ ਪ੍ਰਾਪਤੀ ਲਈ ਚਲ ਰਹੇ ਘੋਲ ਦਾ ਆਰ.ਐਮ.ਪੀ.ਆਈ. ਵਲੋਂ ਸਮਰਥਨ
ਮੁਕਤਸਰ ਸਾਹਿਬ ਜਿਲ੍ਹੇ ਦੇ ਸੱਤ ਪਿੰਡਾਂ ਵਿੱਚ ਰਿਹਾਇਸ਼ੀ ਪਲਾਟ ਦੇਣ ਦੇ ਪੰਜਾਬ ਸਰਕਾਰ ਦੇ ਚੋਣ ਵਾਅਦੇ ਨੂੰ ਲਾਗੂ ਕਰਾਉਣ ਲਈ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿਚ ਸੰਘਰਸ਼ ਕਰ ਰਹੇ ਬੇਜਮੀਨੇ/ ਦਲਿਤ ਮਜ਼ਦੂਰਾਂ ਦੇ ਹੱਕੀ ਸੰਗਰਾਮ ਨੂੰ ਉਦੋਂ ਜਬਰਦਸਤ ਉਤਸ਼ਾਹ ਮਿਲਿਆ ਜਦੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਇਸ ਘੋਲ ਦਾ ਸਮਰਥਨ ਕਰਨ ਲਈ ਪਿੰਡ ਬਲੱਮਗੜ੍ਹ ਪੁੱਜੇ।
ਇੱਥੇ ਸੰਘਰਸ਼ਸ਼ੀਲ ਮਜ਼ਦੂਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਐਲਾਨ ਕੀਤਾ ਕਿ ਆਰ.ਐਮ.ਪੀ.ਆਈ. ਉਨ੍ਹਾਂ ਦੇ ਹੱਕੀ ਘੋਲ ’ਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਕਿਸੇ ਵੀ ਹਕੂਮਤੀ ਵਧੀਕੀ ਦਾ ਪਾਰਟੀ ਵਲੋਂ ਹਿੱਕਾਂ ਡਾਹ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਮਜ਼ਦੂਰਾਂ ਪ੍ਰਤੀ ਦਮਨਕਾਰੀ ਪਹੰੁੰਚ ਤਿਆਗ ਕੇ ਰਿਹਾਇਸ਼ੀ ਪਲਾਟ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ ਵੱਲ ਕਦਮ ਪੁੱਟੇ। ਸਾਥੀ ਪਾਸਲਾ ਨੇ ਮੰਗ ਕੀਤੀ ਕਿ ਮਜ਼ਦੂਰ ਆਗੂਆਂ ਅਤੇ ਮਜ਼ਦੂਰਾਂ ’ਤੇ ਥਾਣਾ ਲੱਖੇਵਾਲੀ ਅਤੇ ਥਾਣਾ ਮੁਕਤਸਰ ਸਦਰ ਵਿਚ ਦਰਜ ਕੀਤੇ ਗਏ ਬੇਬੁਨਿਆਦ ਮੁਕੱਦਮੇਂ ਬਿਨਾਂ ਦੇਰੀ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿਚ ਸੂਬਾ ਸਰਕਾਰ ਨੂੰ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਰੈਲੀ ਨੂੰ ਸਾਥੀ ਗੁਰਨਾਮ ਸਿੰਘ ਦਾਊਦ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ ਅਤੇ ਜਸਵਿੰਦਰ ਸਿੰਘ ਸੰਗੂਧੋਣ ਨੇ ਵੀ ਸੰਬੋਧਨ ਕੀਤਾ।
ਆਰ.ਐਮ.ਪੀ.ਆਈ. ਵਲੋਂ ਮਹਾਰਾਸ਼ਟਰ ਵਿਖੇ ਰੈਲੀ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਮਹਾਰਾਸ਼ਟਰ ਇਕਾਈ ਵਲੋਂ 12 ਅਕਤੂੁਬਰ ਨੂੰ ਇਕ ਭਰਵੀਂ ਰੈਲੀ ਕੀਤੀ ਗਈ। ਰੈਲੀ ਵਿਚ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ, ਹਜੂਮੀ ਕਤਲ, ਫਿਰਕੂ ਦੰਗੇ, ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ, ਬੁਲੇਟ ਟਰੇਨ ਪ੍ਰੋਜੈਕਟ ਲਈ ਕਿਸਾਨਾਂ ਦੀ ਜ਼ਮੀਨ ਦਾ ਕੀਤਾ ਜਾ ਰਿਹਾ ਜਬਰੀ ਅਧੀਗ੍ਰਹਿਣ, ਉਸ ਨਾਲ ਉਜੜ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਮੁੜਵਸੇਬਾ, ਕੇਂਦਰੀ ਸਰਕਾਰ ਦੀ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਦੇਣ ਵਾਲੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਨਾਕਾਮੀ ਅਤੇ ਹੋਰ ਬਹੁਤ ਸਾਰੇ ਸਥਾਨਕ ਮੁੱਦੇ ਉਭਾਰੇ ਗਏ।
ਇਸ ਰੈਲੀ ਨੂੰ ਪਾਰਟੀ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਰਾਜਿੰਦਰ ਪਰਾਂਜਪੇ, ਕੇਂਦਰੀ ਕਮੇਟੀ ਮੈਂਬਰਾਂ ਸਾਥੀ ਸੰਜਿਓ ਰਾਉਤ, ਸਾਥੀ ਬਲੀਰਾਮ ਚੌਧਰੀ, ਸਾਥੀ ਰਮੇਸ਼ ਠਾਕੁਰ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਕਾਮਾ ਤਾਬਲੇ ਨੇ ਸੰਬੋਧਨ ਕੀਤਾ। ਪਾਰਟੀ ਦੇ ਸੱਦੇ ’ਤੇ ਕਿਸਾਨ ਜਥੇਬੰਦੀ ‘ਸ਼ੇਤਕਾਰੀ ਸੰਗਠਨ’ (ਅਨਿਲ ਜੋਸ਼ੀ) ਦੇ ਸਕੱਤਰ ਰਘੁਨਾਥ ਦਾਦਾ ਪਟਿਲ ਅਤੇ ਕਾਲੀ ਦਾਸ ਆਪਟੇ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬੇ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਚੱਲ ਰਹੇ ਸੰਘਰਸ਼ਾਂ ਬਾਰੇ ਦੱਸਿਆ।
ਜਮਹੂਰੀ ਕਿਸਾਨ ਸਭਾ ਵਲੋਂ ਪਰਾਲੀ ਦੀ ਸਾਂਭ ਸੰਭਾਲ ਦੇ ਮੁੱਦੇ ’ਤੇ ਸੈਮੀਨਾਰ
ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚਲੇ ਵਿਸ਼ਣੂ ਗਣੇਸ਼ ਪਿੰਗਲੇ ਹਾਲ ‘ਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਨੂੰ ਸੰਬੋਧਨ ਕਰਨ ਵਾਲੇ ਖੇਤੀ ਮਾਹਿਰਾਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਐੱਸ ਐੱਮ ਐੱਸ ਤੇ ਰੀਪਰ ਤੋਂ ਬਿਨਾ ਕੀਤੀ ਜਾ ਸਕਦੀ ਹੈ ਤੇ ਇਸ ਨਾਲ ਹੋਣ ਵਾਲਾ ਪ੍ਰਦੂਸ਼ਣ ਇੰਡਸਟਰੀ ਤੇ ਹੋਰਨਾ ਖੇਤਰਾਂ ਵਲੋ ਫੈਲਾਏ ਜਾਂਦੇ ਪ੍ਰਦੂਸ਼ਣ ਤੋਂ ਕਿਤੇ ਘੱਟ ਹੈ । ਪੰਜਾਬ ਸਰਕਾਰ ਵਲੋ ਲਾਈਆਂ ਜਾ ਰਹੀਆਂ ਸ਼ਰਤਾਂ ਪਿੱਛੇ ਵਾਤਾਵਰਣ ਦੀ ਚਿੰਤਾ ਘੱਟ, ਇੰਡਸਟਰੀ ਦੀ ਚਿੰਤਾ ਜ਼ਿਆਦਾ ਹੈ ਅਤੇ ਇਹ ਸ਼ਰਤਾਂ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹਨ ।
ਮਾਹਿਰਾਂ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਮਹਿੰਗੀਆਂ ਮਸ਼ੀਨਾਂ ਦੀ ਲੋੜ ਨਹੀਂ । ਇਹ ਮਸ਼ੀਨਰੀ ਕਰਜ਼ੇ ਦੇ ਭਾਰ ਹੇਠ ਕਰਾਹ ਰਹੀ ਕਿਰਸਾਨੀ ‘ਤੇ ਬੇਲੋੜਾ ਬੋਝ ਹੈ । ਜਦ ਪਰਾਲੀ ਦੀ ਸੰਭਾਲ ਬਿਨਾ ਰੀਪਰ ਚਲਾਏ ਹੋ ਸਕਦੀ ਹੈ ਤਾਂ ਫਿਰ ਕਿਸਾਨ ਇਸ ਮਸ਼ੀਨਰੀ ‘ਤੇ ਬਿਨ ਵਜ਼ਾਹ ਖਰਚਾ ਕਿਓਂ ਕਰਨ।
ਮਾਹਿਰਾਂ ਨੇ ਕਿਹਾ ਕਿ ਕੰਬਾਈਨ ਨਾਲ ਐੱਸ ਐੱਮ ਐੱਸ ਲਾਉਣ ਕਾਰਨ ਕਟਾਈ ਤੇ ਬਿਜਾਈ ਦਾ ਖਰਚਾ ਪ੍ਰਤੀ ਏਕੜ 6000 ਰੁਪਏ ਵਧ ਜਾਂਦਾ ਹੈ ਤੇ ਦਾਣਾ ਵੀ ਜ਼ਿਆਦਾ ਕਿਰਦਾ ਹੈ । ਉਹਨਾਂ ਕਿਹਾ ਕਿ ਪਰਾਲੀ ਸਾਂਭਣ ਲਈ ਨਾ ਐੱਸ ਐੱਮ ਐੱਸ ਦੀ ਲੋੜ ਹੈ, ਨਾ ਹੈਪੀ ਸੀਡਰ ਦੀ ਤੇ ਨਾ ਹੀ ਪਲਟਾਵੇਂ ਹਲਾਂ ਦੀ ਲੋੜ ਹੈ । ਝੋਨੇ ਦੇ ਮੁੱਢਾਂ ਉਪਰ ਪਿਆ ਕੰਬਾਈਨ ਵਾਲਾ ਫੂਸ ਬਹੁਤ ਹਲਕਾ ਹੁੰਦਾ ਹੈ ਤੇ ਉਸ ਨੂੰ ਸਾੜਨ ਕਾਰਨ ਪੈਦਾ ਹੋਣ ਵਾਲਾ ਧੂੰਆਂ ਸੰਘਣਾ ਨਹੀਂ ਹੁੰਦਾ, ਜਿਸ ਕਾਰਨ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ ਤੇ ਧਰਤੀ ਦੀ ਤਪਸ਼ ਵਿੱਚ ਵੀ ਵਾਧਾ ਨਹੀਂ ਹੁੰਦਾ । ਬਾਅਦ ਵਿਚ ਹੇਠਾਂ ਬਚੇ ਮੁੱਢਾਂ ਨੂੰ ਖੇਤ ਵਿਚ ਵਾਹਿਆ ਜਾ ਸਕਦਾ ਹੈ।
ਮਾਹਿਰਾਂ ਨੇ ਕਿਹਾ ਕਿ ਛੋਟਾ ਕਿਸਾਨ ਮਹਿੰਗੀਆਂ ਮਸ਼ੀਨਾ ਖਰੀਦਣ ਦੇ ਕਿਸੇ ਵੀ ਤਰ੍ਹਾਂ ਸਮਰੱਥ ਨਹੀਂ । ਉਸ ਵਾਸਤੇ ਸਭ ਤੋਂ ਸਸਤਾ ਢੰਗ ਫੂਸ ਨੂੰ ਅੱਗ ਲਾਉਣਾ ਹੀ ਹੈ । ਉਨ੍ਹਾਂ ਕਿਹਾ ਕਿ ਫੂਸ ਦਾ ਪ੍ਰਦੂਸ਼ਣ ਸਿਰਫ 0.8 ਫੀਸਦੀ ਹੈ ਤੇ ਜਦਕਿ ਇੰਡਸਟਰੀ ਦਾ ਪ੍ਰਦੂਸ਼ਣ ਸਾਰਾ ਸਾਲ ਰਹਿੰਦਾ ਪਰ ਕਟਿਹਰੇ ਵਿੱਚ ਕਿਸਾਨੀ ਨੂੰ ਹੀ ਖੜ੍ਹਾ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਤੇ ਬੋਝ ਪਾਉਣ ਦੀ ਬਜਾਇ ਉਸ ਨੂੰ ਰਾਹਤ ਪ੍ਰਦਾਨ ਕਰੇ ।
ਸੈਮੀਨਾਰ ਨੂੰ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾਂ, ਸਾਥੀ ਰਤਨ ਸਿੰਘ ਰੰਧਾਵਾ ਤੇ ਸੰਤੋਖ ਸਿੰਘ ਬਿਲਗਾ, ਮੀਤ ਪ੍ਰਧਾਨ ਮੋਹਨ ਸਿੰਘ ਧਮਾਣਾ, ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਵੀ ਸੰਬੋਧਨ ਕੀਤਾ । ਵੱਖੋ ਵੱਖ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਸੈਮੀਨਾਰ ਦੌਰਾਨ ਆਪਣੇ ਵਿਚਾਰ ਪ੍ਰਗਟਾਏ ।
ਉਨ੍ਹਾਂ ਦੱਸਿਆ ਕਿ ਤੇਲ ਕੀਮਤਾਂ ਪਿਛਲੇ ਸੀਜ਼ਨ ਦੇ ਮੁਕਾਬਲੇ ਦੋ ਗੁਣਾ ਤੋਂ ਵੀ ਵੱਧ ਵਧ ਗਈਆਂ ਹਨ ਤੇ ਖੇਤੀ ਮਸ਼ੀਨਰੀ ‘ਤੇ 28 ਫੀ ਸਦੀ ਜੀ.ਐੱਸ.ਟੀ. ਵੀ ਲੱਗ ਚੁੱਕਾ ਹੈ । ਤੇਲ ਤੇ ਜੀ.ਐੱਸ.ਟੀ. ਵਾਲੇ ਬੋਝ ਕਾਰਨ ਝੋਨੇ ਵਾਲਾ ਖੇਤ ਤਿਆਰ ਕਰਨ ‘ਤੇ ਖਰਚਾ 6000 ਰੁਪਏ ਵਧਿਆ ਹੈ ਜਦਕਿ ਕਣਕ ਦੇ ਭਾਅ ‘ਚ ਕੀਤੇ ਗਏ ਵਾਧੇ ਨਾਲ ਪ੍ਰਤੀ ਏਕੜ 2000 ਰੁਪਏ ਹੀ ਕਿਸਾਨ ਪੱਲੇ ਪੈਣਗੇ । ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿਚ ਕੀਤੇ ਗਏ 105 ਰੁਪਏ ਦੇ ਨਿਗੂਣੇ ਵਾਧੇ ਨੂੰ ਰੱਦ ਕਰ ਦਿੱਤਾ ਗਿਆ।
ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਸ਼ਹੀਦ-ਇ-ਆਜ਼ਮ ਦਾ ਜਨਮ ਦਿਹਾੜਾ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ – ਹਰਿਆਣਾ (ਐਸ ਬੀ ਵਾਈ ਐਫ) , ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐਸ ਐਫ ) ਅਤੇ ਹਰਿਆਣਾ ਸਟੂਡੈਂਟਸ ਯੂਨੀਅਨ (ਐਚ ਐਸ ਯੂ ) ਵੱਲੋਂ ਸ਼ਹੀਦ ਇ ਆਜ਼ਮ ਭਗਤ ਸਿੰਘ ਦਾ 111 ਵਾਂ ਜਨਮ ਦਿਵਸ ਪੰਜਾਬ ਅਤੇ ਹਰਿਆਣਾ ਵਿੱਚ ਅਨੇਕਾਂ ਥਾਵਾਂ ਤੇ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮਹਾਨ ਦਿਵਸ ਨਾਲ ਜੁੜੀ ਸਮੁੱਚੀ ਸਰਗਰਮੀ ਦੌਰਾਨ ਤਿੰਨਾਂ ਸੰਗਠਨਾਂ ਦੇ ਕੇਂਦਰੀ ਨਾਅਰੇ “ਬਰਾਬਰ ਵਿੱਦਿਆ ਸਿਹਤ ਤੇ ਰੁਜ਼ਗਾਰ – ਸਭ ਨੂੰ ਹੋਵੇ ਇਹ ਅਧਿਕਾਰ“ ਨੂੰ ਨੌਜਵਾਨਾਂ – ਵਿਦਿਆਰਥੀਆਂ ‘ਚ ਹਰਮਨ ਪਿਆਰਾ ਬਨਾਉਣ ਦੇ ਭਰਪੂਰ ਉਪਰਾਲੇ ਕੀਤੇ ਗਏ। ਇਸ ਮੌਕੇ ਹੋਈਆਂ ਵੱਖੋ-ਵੱਖੋ ਵੰਨਗੀ ਦੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਉਕਤ ਕੇਂਦਰੀ ਮੰਗ ਦੀ ਪ੍ਰਾਪਤੀ ਲਈ ਵਿਸ਼ਾਲ ਯੁਵਕ ਲਾਮਬੰਦੀ ਦੀ ਲੋੜ ਨੂੰ ਉਭਾਰ ਕੇ ਪੇਸ਼ ਕੀਤਾ। ਮਨਦੀਪ ਸਿੰਘ ਰਤੀਆ, ਸ਼ਮਸ਼ੇਰ ਸਿੰਘ ਬਟਾਲਾ, ਅਜੈ ਫਿਲੌਰ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਤਸਵੀਰ ਸਿੰਘ, ਕੁਲਵੰਚ ਸਿੰਘ ਮੱਲੂਨੰਗਲ, ਮਨਜੀਤ ਸਿੰਘ ਦੁੱਧਾਰਾਇ, ਸੁਲੱਖਣ ਤੁੜ, ਮਨਦੀਪ ਸਿੰਘ ਕੋਟ ਬੱਗੂ , ਰਵੀ ਕਟਾਰੂ ਚੱਕ, ਹਰਨੇਕ ਸਿੰਘ ਗੁੱਜਰਵਾਲ, ਬੰਸੀ ਲਾਲ, ਗਗਨਦੀਪ, ਰਵੀ ਲੋਹਗੜ੍ਹ, ਸੰਦੀਪ ਝੰਡਾ ਕਲਾਂ, ਗੁਰਦਾਸ ਸਿਧਾਣੀ, ਰਵੀ ਰਤੀਆ, ਪਰਮਜੀਤ ਸਿੰਘ ਲਾਲੀ, ਨਿਰਭੈ ਰਤੀਆ, ਸੁਨੀਲ ਝਲਣੀਆ ਆਦਿ ਆਗੂਆਂ ਨੇ ਯੁਵਕ ਇਕੱਠਾਂ ਨੂੰ ਸੰਬੋਧਨ ਕੀਤਾ।
ਸੰਖੇਪ ਰਿਪੋਰਟਾਂ: ਐਸ ਬੀ ਵਾਈ ਐਫ ਅਤੇ ਪੀ ਐਸ ਐਫ ਦੀ ਜਲੰਧਰ ਜਿਲ੍ਹਾ ਕਮੇਟੀ ਵਲੋਂ 28 ਸਤੰਬਰ ਨੂੰ ਸੈਂਕੜੇ ਦੁਪਹੀਆ ਵਾਹਨਾਂ ਦਾ ਕਾਫਲਾ ਲੈ ਕੇ ਫਗਵਾੜਾ ਤੋਂ ਲੈ ਕੇ ਖਟਕੜ ਕਲਾਂ ਤੱਕ ਵਿਸ਼ਾਲ ਮਾਰਚ ਕੀਤਾ ਗਿਆ।
ਖਟਕੜ ਕਲਾਂ ਵਿਖੇ ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕਰਨ ਤੋਂ ਬਾਅਦ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸ਼ਹੀਦ ਦੇ ਵਿਚਾਰਾਂ ਨੂੰ ਅਪਣਾਉਂਦਿਆਂ ਲੁੱਟ ਰਹਿਤ ਸਮਾਜ ਦੀ ਉਸਾਰੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਇਸੇ ਕੜੀ ਵਿੱਚ 26 ਸਤੰਬਰ ਨੂੰ ਕਸਬਾ ਫਿਲੌਰ, 7 ਅਕਤੂਬਰ ਨੂੰ ਪਿੰਡ ਬੇਗਮਪੁਰ, 8 ਅਕਤੂਬਰ ਨੂੰ ਦੁਸਾਂਝ ਕਲਾਂ ਨਾਟਕ ਮੇਲੇ ਕਰਵਾਏ ਗਏ। ਗੁਰਦੀਪ ਸਿੰਘ ਬੇਗਮਪੁਰ ਅਤੇ ਦਲਵਿੰਦਰ ਕੁਲਾਰ ਨੇ ਵਿਚਾਰ ਰੱਖੇ। ਬੇਗਮਪੁਰ ਵਿਖੇ “ਚੰਮ“ ਫਿਲਮ ਦਿਖਾਈ ਗਈ। 28 ਸਤੰਬਰ ਨੂੰ ਝਬਾਲ ਵਿਖੇ ਸੈਮੀਨਾਰ ਕੀਤਾ ਗਿਆ। ਸੁਖਦੇਵ ਸਿੰਘ ਜਵੰਧਾ, ਕਰਮਵੀਰ ਪੱਖੋ ਕੇ, ਗੁਰਜਿੰਦਰ ਰੰਧਾਵਾ ਨੇ ਸੰਬੋਧਨ ਕੀਤਾ। ਹਰੀ ਕੇ ਵਿਖੇ ਵਿਸ਼ਾਲ ਨੌਜਵਾਨ ਮਾਰਚ ਕੀਤਾ ਗਿਆ। ਸਿਹੌੜਾ ਕਲਾਂ (ਪਠਾਨਕੋਟ), ਬਿਸ਼ਨਕੋਟ ਤੇ ਖਾਨਫੱਤਾ (ਗੁਰਦਾਸਪੁਰ), ਅਜਨਾਲਾ ਤੇ ਰੱਈਆ (ਅਮਿ੍ਰਤਸਰ), ਵਿਖੇ ਮਸ਼ਾਲ ਮਾਰਚ / ਰੈਲੀਆਂ/ ਸੈਮੀਨਾਰ ਆਯੋਜਿਤ ਕੀਤੇ ਗਏ। ਸੁਰਿੰਦਰ ਸ਼ਾਹ, ਸ਼ਿੰਦਰਪਾਲ ਸ਼ਰਮਾ, ਵਿਰਾਟ, ਸਤਵਿੰਦਰ ਸਿੰਘ ਓਠੀਆਂ, ਇਕਬਾਲ ਸਿੰਘ ਭੋਰਸ਼ੀ, ਸੁੱਚਾ ਸਿੰਘ ਘੋਗਾ ਨੇ ਸੰਬੋਧਨ ਕੀਤਾ। ਫਰੀਦਕੋਟ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਕੈਂਡਲ ਮਾਰਚ ਕੀਤਾ ਗਿਆ। ਸਰਦੂਲਗੜ੍ਹ (ਮਾਨਸਾ) ਵਿਖੇ ਕੈਂਡਲ ਮਾਰਚ ਕੀਤਾ ਗਿਆ। ਜੋਧਾਂ (ਲੁਧਿਆਣਾ) ਵਿਖੇ ਵਿਸ਼ਾਲ ਨੌਜਵਾਨ ਵਿਦਿਆਰਥੀ ਮਾਰਚ ਕੀਤਾ ਗਿਆ। ਹਰਿਆਣਾ ਦੇ ਕਸਬਾ ਰਤੀਆ ਅਤੇ ਕੁਲਾਂ ਪਿੰਡ ਤੋਂ ਇਲਾਵਾ ਅਨੇਕਾਂ ਸਕੂਲਾਂ/ ਕਾਲਜਾਂ ਵਿਚ ਨਾਟਕ ਮੇਲੇ ਕਰਵਾਏ ਗਏ ।
ਅਧਿਆਪਕ ਮੋਰਚੇ ਦੇ ਹੱਕ ਵਿੱਚ ਬਠਿੰਡਾ ਸ਼ਹਿਰ ’ਚ ਜੋਰਦਾਰ ਮੁਜ਼ਾਹਰਾ
ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਕਮੇਟੀ ਅਤੇ ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਅਤੇ ਪੀ ਐਸ ਐਸ ਐਫ (ਵਿਗਿਆਨਕ) ਦੀਆਂ ਜਿਲ੍ਹਾ ਇਕਾਈਆਂ ਵਲੋਂ 16 ਅਕਤੂਬਰ ਨੂੰ ਬਠਿੰਡਾ ਸ਼ਹਿਰ ਵਿਖੇ ਇਕ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਥਾਨਕ ਚਿਲਡਰਨਜ਼ ਪਾਰਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਜਿਲ੍ਹਾ ਕਚਿਹਰੀਆਂ ਚ ਪੁੱਜ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਕੋਲ ਸੰਪੰਨ ਹੋਇਆ। ਮੁਜ਼ਾਹਰੇ ਚ ਸ਼ਾਮਿਲ ਵੱਖੋ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੇ ਜਨਸੰਗਠਨਾਂ ਦੇ ਕਾਰਕੁੰਨ “ਸਾਂਝਾ ਅਧਿਆਪਕ ਮੋਰਚਾ’’ ਦੀ ਅਗਵਾਈ ਵਿਚ ਪਟਿਆਲਾ ਵਿਖੇ ਮਰਨ ਵਰਤ ਤੇ ਬੈਠੇ ਅਧਿਆਪਕਾਂ ਦੀਆਂ ਨਿਆਈਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ । ਕਾਰਕੁੰਨ, ਅਧਿਆਪਕ ਮੰਗਾਂ, ਪ੍ਰਤੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਵਲੋਂ ਅਪਣਾਏ ਦਮਨਕਾਰੀ ਰਵੱਈਏ ਵਿਰੁੱਧ ਵੀ ਜਬਰਦਸਤ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ। ਮੁਜ਼ਾਹਰਾਕਾਰੀ ਪੰਜਾਬ ਸਰਕਾਰ ’ਤੇ ਸਰਕਾਰੀ ਸਿੱਖਿਆ ਤੰਤਰ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਘੜਣ ਦਾ ਵੀ ਦੋਸ਼ ਲਾ ਰਹੇ ਸਨ । ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਵਿਸ਼ੇਸ਼ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਿੱਖਿਆ ਮੰਤਰੀ ਓ ਪੀ ਸੋਨੀ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਅੜੀਅਲ ਵਤੀਰੇ ਖਿਲਾਫ ਵੀ ਜਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ। ਮੁਜ਼ਾਹਰਾ ਕਾਰੀਆਂ ਵੱਲੋਂ ਵੱਖੋ-ਵੱਖੋ ਟੀ ਵੀ ਚੈਨਲਾਂ ਅਤੇ ਅਖ਼ਬਾਰਾਂ ਰਾਹੀਂ ਹਕੂਮਤ ਵਲੋਂ ਕੀਤੀ ਜਾ ਰਹੀ ਗੁਮਰਾਹਕੰਨ ਬਿਆਨਬਾਜੀ ਦੀ ਵੀ ਨਿੰਦਿਆ ਕੀਤੀ ਗਈ। ਰੋਸ ਪ੍ਰਦਰਸ਼ਨ ਦੀ ਅਗਵਾਈ ਮਹੀਪਾਲ, ਪਰਕਾਸ਼ ਸਿੰਘ ਨੰਦਗੜ੍ਹ, ਗਗਨਦੀਪ ਮੰਡੀ ਕਲਾਂ, ਹੰਸ ਰਾਜ ਬੀਜਵਾ, ਸੁਖਮੰਦਰ ਸਿੰਘ ਧਾਲੀਵਾਲ, ਤੇਜਾ ਸਿੰਘ ਮਦਨ ਰਾਢਾ, ਗੁਰਦੀਪ ਸਿੰਘ ਬਰਾੜ, ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਜੀਤ ਰਾਮ ਦੋਦੜਾ, ਕੁਲਵਿੰਦਰ ਸਿੰਘ, ਕੇਵਲ ਸਿੰਘ, ਹਰਜਿੰਦਰ ਕੌਰ, ਮੋਹਣ ਲਾਲ, ਹਰਜਿੰਦਰ ਸਿੰਘ, ਜਸਵਿੰਦਰ ਸ਼ਰਮਾ, ਹਰਜੀਤ ਜੀਤੀ, ਗੁਰਮੀਤ ਸਿੰਘ, ਸੰਪੂਰਨ ਸਿੰਘ, ਤਾਰਾ ਸਿੰਘ ਨੰਦਗੜ੍ਹ ਕੋਟੜਾ ਆਦਿ ਆਗੂਆਂ ਨੇ ਕੀਤੀ।
