Now Reading
ਘਰੇਲੂ ਤੇ ਸਮਾਜਿਕ ਹਿੰਸਾ ਤੋਂ ਆਖਰ ਕਦੋਂ ਮੁਕਤ ਹੋਵੇਗੀ ਔਰਤ?

ਘਰੇਲੂ ਤੇ ਸਮਾਜਿਕ ਹਿੰਸਾ ਤੋਂ ਆਖਰ ਕਦੋਂ ਮੁਕਤ ਹੋਵੇਗੀ ਔਰਤ?

ਰਘਬੀਰ ਕੌਰ (ਡਾ.)
ਭਾਰਤੀ ਸਮਾਜ ਵਿਚ ਔਰਤ ਨਾਲ ਹਿੰਸਾ ਦਾ ਵਰਤਾਰਾ ਮੁੱਢ ਤੋਂ ਚਲਦਾ ਆ ਰਿਹਾ ਹੈ। ਇਹ ਹਿੰਸਕ ਵਰਤਾਰਾ ਦੋ ਤਰ੍ਹਾਂ ਦਾ ਹੈ : ਪ੍ਰਤੱਖ ਅਤੇ ਅਪ੍ਰਤੱਖ। ਹਿੰਸਾ ਦਾ ਪ੍ਰਤੱਖ ਰੂਪ ਲੜਾਈ ਝਗੜਾ, ਕੁੱੱਟਮਾਰ ਅਤੇ ਜਾਨੋਂ ਮਾਰ ਦੇਣਾ ਹੈ। ਅਪ੍ਰਤੱਖ ਰੂਪ ਵਿਚ ਤਾਹਨੇ ਮਿਹਨੇ, ਗਾਲੀ ਗਲੌਚ, ਸਰੀਰਕ ਸ਼ੋਸ਼ਣ ਅਤੇ ਮਾਨਸਿਕ ਕਸ਼ਟ ਦੇਣਾ ਆਦਿ ਵਰਤਾਰੇ ਹਨ। ਅਜੋਕੇ ਭਾਰਤੀ ਸਮਾਜ ਵਿਚ ਇਹ ਵਰਤਾਰਾ ਔਰਤ ਨਾਲ ਉਸਦੇ ਜਨਮ ਤੋਂ ਲੈ ਕੇ ਮਰਨ ਤੱਕ ਚਲਦਾ ਰਹਿੰਦਾ ਹੈ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਪ੍ਰਤੀ ਕੁੜੀ ਮਾਰ ਪਰੰਪਰਾ, ਬਾਲ ਵਿਆਹ, ਆਪਣਾ ਵਰ ਚੁਣਨ ਦੀ ਆਗਿਆ ਨਾ ਹੋਣਾ, ਵਿਧਵਾ ਵਿਆਹ ਦੀ ਮਨਾਹੀ, ਦੇਵਦਾਸੀ ਪ੍ਰੰਪਰਾ ਅਤੇ ਸਤੀ ਪ੍ਰਥਾ ਵਰਗੀਆਂ ਘਿਨਾਉਣੀਆਂ ਕੁਰੀਤੀਆਂ ਪ੍ਰਚਲਿੱਤ ਰਹੀਆਂ ਹਨ। ਅਜਿਹੇ ਹਵਾਲੇ ਸਾਨੂੰ ਲੋਕ ਸਾਹਿਤ ਅਤੇ ਧਾਰਮਿਕ ਗ੍ਰੰਥਾਂ ਵਿਚੋਂ ਵੀ ਮਿਲਦੇ ਹਨ।
ਔਰਤ ਵਿਰੋਧੀ ਹਿੰਸਾ ਦਾ ਮੁੱਢ ਤਾਂ ਭਾਵੇਂ ਪਰਿਵਾਰਕ ਮੈਂਬਰਾਂ ਵਲੋਂ ਹੀ ਘਰ ਵਿਚ ਬੱਝਿਆ ਪਰ ਹੌਲੀ-ਹੌਲੀ ਇਹ ਇਕ ਆਮ ਸਮਾਜਿਕ ਵਰਤਾਰਾ ਬਣ ਗਿਆ। ਪਰਿਵਾਰ ਵਿਚ ਹਿੰਸਾ ਦੀ ਸ਼ਿਕਾਰ ਉਸ ਘਰ ਦੀ ਨੂੰਹ ਬਣਦੀ ਹੈ। ਜਿਸ ਨੂੰਹ ਨੂੰ ਬੜੀਆਂ ਖੁਸ਼ੀਆਂ ਤੇ ਚਾਵਾਂ ਨਾਲ ਵਿਆਹ ਕੇ ਘਰ ਲਿਆਂਦਾ ਹੁੰਦਾ ਹੈ, ਲਾਲਚੀ ਸਹੁਰੇ ਪਰਿਵਾਰ ਵਲੋਂ ਉਸੇ ‘ਤੇ ਘੱਟ ਦਾਜ ਲਿਆਉਣ ਦੀਆਂ ਊਜਾਂ ਲਾ ਕੇ ਘਰ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਉਸਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਵਲੋਂ ਪਹਿਲਾਂ ਤਾਨੇ ਮਿਹਣੇ ਫਿਰ ਕੁੱਟਮਾਰ ਕੀਤੀ ਜਾਂਦੀ ਹੈ। ਜੇ ਉਨ੍ਹਾਂ ਦੀ ਮੰਗ ਪੂਰੀ ਨਾ ਹੋਵੇ ਤਾਂ ਕਈ ਵਾਰ ਨੌਬਤ ਘਰੋਂ ਕੱਢਣ ਭਾਵ ਤਲਾਕ ਤੱਕ ਪਹੁੰਚ ਜਾਂਦੀ ਹੈ। ਕਈ ਵਾਰ ਤਾਂ ਨੂੰਹਾਂ ਨੂੰ ਜਾਨੋਂ ਹੀ ਮਾਰ ਦਿੱਤਾ ਜਾਂਦਾ ਹੈ।
ਨਵ-ਵਿਆਹੀ ਨੂੰਹ ਜਦੋਂ ਗਰਭਵਤੀ ਹੋ ਜਾਂਦੀ ਹੈ ਤਾਂ ਪਰਿਵਾਰ ਸੁੱਖ ਸੁੱਖਦਾ ਹੈ ਕਿ ਮੁੰਡਾ ਹੀ ਹੋਵੇ। ਅੱਜ ਦੇ ਵਿਗਿਆਨਕ ਯੁੱਗ ਵਿਚ ਅਲਟਰਾ ਸਾਊਂਡ ਰਾਹੀਂ ਟੈਸਟ ਕਰਵਾ ਕੇ ਜੇ ਭਰੂਣ ਮਾਦਾ ਹੈ ਤਾਂ ਗਰਭਪਾਤ ਕਰਵਾ ਦਿੱਤਾ ਜਾਂਦਾ ਹੈ। ਪਿਛਲੇ ਕੁਝ ਕੁ ਅਰਸੇ ਤੋਂ ਟੈਸਟ ਦੀ ਮਨਾਹੀ ਹੋਣ ਕਰਕੇ ਕਈ ਵਾਰ ਬੱਚੇ ਦੇ ਲਿੰਗ ਦਾ ਅਗਾਊਂ ਪਤਾ ਲਵਾਉਣਾ ਸੰਭਵ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ ਜੇ ਧੀ ਨੇ ਜਨਮ ਲੈ ਹੀ ਲਿਆ ਤਾਂ ਉਸਦੀ ਮਾਂ ਨੂੰ ਪੱਥਰ ਜੰਮਣ ਦੇ ਤਾਹਨੇ ਸੁਣਨੇ ਪੈਂਦੇ ਹਨ ਅਤੇ ਘਰ ਵਿਚ ਸੋਗ ਛਾ ਜਾਂਦਾ ਹੈ।
ਬਹੁਤੇ ਪਰਿਵਾਰਾਂ ਵਿਚ ਅਜੇ ਵੀ ਲੜਕੀ ਨੂੰ ਆਪਣਾ ਵਰ ਚੁਣਨ ਦੀ ਆਗਿਆ ਨਹੀਂ ਹੈ। ਧੀ ਲਈ ਵਰ ਚੁਣਨਾ ਮਾਪੇ ਆਪਣੇ ਅਧਿਕਾਰ ਸਮਝਦੇ ਹਨ। ਜੇ ਕਿਤੇ ਕੋਈ ਲੜਕੀ ਆਪਣੀ ਮਰਜ਼ੀ ਨਾਲ ਵਰ ਚੁਣ ਕੇ ਅੰਤਰਜਾਤੀ ਜਾਂ ਇਕੋ ਗੌਤ ਵਿਚ ਵਿਆਹ ਕਰਵਾ ਲਵੇ ਤਾਂ ਕਈ ਵਾਰ ਖਮਿਆਜ਼ਾ ਉਸਨੂੰ ਮੋਤ ਦੇ ਰੂਪ ਵਿਚ ਵੀ ਭੁਗਤਣਾ ਪੈਂਦਾ ਹੈ। ਵਿਸ਼ੇਸ਼ ਤੌਰ ‘ਤੇ ਹਰਿਆਣੇ ਪ੍ਰਾਂਤ ਦੀਆਂ ਖਾਪ ਪੰਚਾਇਤਾਂ ਦੇ ਫੈਸਲੇ ‘ਅਣਖ ਲਈ’ ਧੀਆਂ ਦੇ ਕਤਲਾਂ ਦੀ ਗਵਾਹੀ ਭਰਦੇ ਹਨ। ਇਕ ਦਹਾਕੇ ਦੇ ਕਰੀਬ ਪਹਿਲਾਂ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਪਿਪਲੀ ਵਿਚ ਇਕ ਜੋੜੇ ਨੇ ਇਕੋ ਗੋਤ ਵਿਚ ਪ੍ਰੇਮ ਵਿਆਹ ਕਰਵਾ ਲਿਆ ਸੀ। ਇਹ ਵਿਆਹ ਭਾਵੇਂ ਪਰਿਵਾਰਕ ਮੈਂਬਰਾਂ ਨੇ ਤਾਂ ਸਵੀਕਾਰ ਵੀ ਕਰ ਲਿਆ ਸੀ। ਪਰ ਫੇਰ ਵੀ ਅਖੌਤੀ ਸਭਿਆ ਸਮਾਜ ਨੇ ਇਸਨੂੰ ਨਕਾਰਿਆ ਤੇ ਆਖਰ ਕਤਲ ਕਰ ਦਿੱਤਾ ਗਿਆ। ਪੱਛਮੀ ਬੰਗਾਲ ਦੀ ਬਿਹਾਰ ਨਾਲ ਲੱਗਦੀ ਸਰਹੱਦ ਦੇ ਕਿਸੇ ਅਤੀ ਪਛੜੇ ਹੋਏ ਪਿੰਡ ਵਿਚ, ਕੁੱਝ ਚਿਰ ਪਹਿਲਾਂ ਵਾਪਰੀ ਘਟਨਾ ਸਾਡੇ ਸਾਰਿਆਂ ਦਾ ਸ਼ਰਮ ਨਾਲ ਸਿਰ ਨੀਵਾਂ ਕਰਦੀ ਹੈ। ਇਕ ਲੜਕੇ ਵਲੋਂ ਕੀਤੀ ਗਈ ਅਜਿਹੀ ਹਰਕਤ ਦੀ ਸਜ਼ਾ ਦਾ ਫੈਸਲਾ ਖਾਪ ਪੰਚਾਇਤ ਨੇ ਉਸਦੀ ਭੈਣ ਨਾਲ ਪਿੰਡ ਵਾਲਿਆਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਸੁਣਾਇਆ ਸੀ। ਇਸ ਬੇਕਸੂਰ ਲੜਕੀ ਨਾਲ ਹਿੰਸਕ ਵਰਤਾਰਾ ਕਰਨ ਵਾਲਿਆਂ ਵਿਚ ਉਸਦੇ ਪਿਉ ਦੀ ਉਮਰ ਦੇ ਬੰਦੇ ਵੀ ਸ਼ਾਮਲ ਸਨ। ਅਜਿਹੇ ਵੀ ਕਈ ਮਾਮਲੇ ਹਨ ਜਿਹੜੇ ਆਪਣੇ ਨਲਾਇਕ ਪੁੱਤਰਾਂ ਅਤੇ ਪਰਿਵਾਰ ਦੀ ਬਿਹਤਰੀ ਲਈ ਧੀਆਂ ਨੂੰ ਵਿਆਹੁਣ ਦੇ ਨਾਂਅ ‘ਤੇ ਸੌਦੇਬਾਜ਼ੀ ਕਰਨੋਂ ਗੁਰੇਜ਼ ਨਹੀਂ ਕਰਦੇ। ਮੁੰਡਾ ਜੇਕਰ ਬਦੇਸ਼ ਤੋਂ ਆਇਆ ਹੋਵੇ ਤਾਂ ਉਹ ਚਾਹੇ ਅਨਪੜ੍ਹ, ਬੁੱਢਾ, ਰੋਗੀ ਜਾਂ ਕਿਸੇ ਵੀ ਜਾਤ ਦਾ ਹੋਵੇ, ਪੜ੍ਹੀਲਿਖੀ, ਗੁਣਵਾਨ ਅਤੇ ਖੂਬਸੂਰਤ ਧੀ ਦਾ ਵਿਆਹ ਉਸ ਨਾਲ ਕਰ ਦਿੰਦੇ ਹਨ। ਅਜੇ ਤੱਕ ਅਜਿਹਾ ਕੋਈ ਕਾਨੂੰਨ, ਪੰਚਾਇਤ/ਖਾਪ ਪੰਚਾਇਤ ਨਜ਼ਰੀ ਨਹੀਂ ਪੈਂਦੀ ਜੋ ਅਜਿਹੀਆਂ ਧੀਆਂ ਦੀਆਂ ਆਸਾਂ, ਖਾਹਿਸ਼ਾਂ ਅਤੇ ਸਧਰਾਂ ਦਾ ਕਤਲ ਕਰਨ ਵਾਲੇ ਮਾਪਿਆਂ ਨੂੰ ਸਜ਼ਾ ਦਿਵਾਉਂਦਾ ਹੋਵੇ।
ਘਰੋਂ ਬਾਹਰ ਦਫਤਰਾਂ, ਫੈਕਟਰੀਆਂ ਅਤੇ ਖੇਤਾਂ ਆਦਿ ਵਿਚ ਕੰਮ ਕਰਨ ਵਾਲੀਆਂ ਔਰਤਾਂ ਦਾ ਉਥੋਂ ਦੇ ਮਾਲਕਾਂ ਜਾਂ ਅਫਸਰਾਂ ਵਲੋਂ ਜਿਨਸੀ ਸ਼ੋਸ਼ਣ ਆਮ ਹੀ ਕੀਤਾ ਜਾਂਦਾ ਹੈ। ਰੁਜ਼ਗਾਰ ਖੁੱਸ ਜਾਣ, ਸਮਾਜਿਕ ਬਦਨਾਮੀ, ਮਾਲਕਾਂ/ਅਫਸਰਾਂ ਦੀ ਪ੍ਰਸ਼ਾਸਨ ਤੱਕ ਪਹੁੰਚ ਦੇ ਡਰੋਂ ਅਤੇ ਕੋਰਟ-ਕਚਹਿਰੀਆਂ ਦੀਆਂ ਫੀਸਾਂ ਭਰਨ ਤੋਂ ਅਸਮਰੱਥ ਔਰਤਾਂ ਆਪਣੇ ਨਾਲ ਹੋਏ ਧੱਕੇ ਦੇ ਖਿਲਾਫ਼, ਮਜ਼ਬੂਰਨ ਬਹੁਤੀ ਵਾਰ ਚੁੱਪ ਰਹਿ ਜਾਂਦੀਆਂ ਹਨ। ਕਈ ਔਰਤਾਂ ਸਰੀਰਕ ਪੱਖੋਂ ਮਰਦ ਨਾਲੋਂ ਕਮਜ਼ੋਰ ਹੋਣ ਕਰਕੇ ਜਾਂ ਫਿਰ ਜਾਨੋਂ ਮਾਰ ਦੇਣ ਦੇ ਡਰੋਂ ਮਜ਼ਬੂਰਨ ਮਰਦ ਦੀ ਹਵਸ ਦਾ ਸ਼ਿਕਾਰ ਬਣ ਜਾਂਦੀਆਂ ਹਨ। ਜੇ ਕਦੀ ਬਾਅਦ ਵਿਚ ਹੌਂਸਲਾ ਕਰਕੇ ਕਾਨੂੰਨ ਦਾ ਸਹਾਰਾ ਲੈ ਵੀ ਲੈਣ ਤਾਂ ਡਾਕਟਰੀ ਸਬੂਤਾਂ ਅਤੇ ਗਵਾਹਾਂ ਦੀ ਅਣਹੋਂਦ ਕਾਰਨ ਅਦਾਲਤਾਂ ਵੀ ਉਸਦੀ ਮਜ਼ਬੂਰੀ ਨੂੰ ਰਜ਼ਾਮੰਦੀ ਕਰਾਰ ਦੇ ਦਿੰਦੀਆਂ ਹਨ। ਸਾਡਾ ਜਗੀਰੂ ਕਦਰਾਂ ਕੀਮਤਾਂ ਵਾਲਾ ਸਮਾਜ ਬਹੁਤੀ ਵਾਰ ਜਬਰ ਜਿਨਾਹ ਦਾ ਸ਼ਿਕਾਰ ਹੋਈ ਔਰਤ ਨੂੰ ਹੀ ਕਸੂਰਵਾਰ ਠਹਿਰਾਉਂਦਾ ਹੈ।
ਅੱਜਕੱਲ ਪੰਜਾਬ ਅਤੇ ਪੰਜਾਬੋਂ ਬਾਹਰ ਵੀ ਅਸ਼ਲੀਲ ਗਾਇਕੀ ਦੇ ਨਾਂਅ ਹੇਠ ਪੰਜਾਬੀ ਸਭਿਆਚਾਰ ਨੂੰ ਪ੍ਰਫੁਲਤ ਕਰਨ ਦਾ ਬੋਲਬਾਲਾ ਹੈ। ਅਜਿਹੇ ਗੀਤਾਂ ਦਾ ਕੇਂਦਰੀ ਧੁਰਾ ਔਰਤ ਹੁੰਦੀ ਹੈ। ਔਰਤ ਨੂੰ ਸਿਰਫ ਭੋਗਣ ਤੇ ਮਾਨਣ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਸਦੇ ਸਰੀਰਕ ਅੰਗਾਂ ਦੇ ਆਕਾਰ ਤੇ ਮਾਪ ਤੋਲ ਦੀ ਸ਼ਾਬਦਿਕ ਪ੍ਰਦਰਸ਼ਨੀ ਕਰਨ ਵਾਲੀ ਅਸ਼ਲੀਲ ਗਾਇਕੀ ਔਰਤ ਦੇ ਸਵੈਮਾਨ ਨੂੰ ਠੇਸ ਪਹੁੰਚਾਉਂਦੀ ਹੈ। ਪ੍ਰੰਤੂ ਇਸ ਦੇਸ਼ ਦਾ ਕੋਈ ਵੀ ਕਾਨੂੰਨ ਅਜੇਹੀ ਜ਼ਾਲਮਾਨਾ ਲਚਰਤਾ ਨੂੰ ਰੋਕਣ ਦੇ ਸਮਰੱਥ ਨਹੀਂ ਹੈ। ਅਜਹੇ ਗੰਦੇ ਗੀਤ ਤੇ ਵੀਡੀਓ ਔਰਤਾਂ ਦੇ ਸਵੈਮਾਨ ਦਾ ਬੁਰੀ ਤਰ੍ਹਾਂ ਕਤਲ ਕਰ ਰਹੇ ਹਨ।
ਕਈ ਮਰਦ ਤਾਂ ਔਰਤਾਂ ਨੂੰ ਗਾਲਾਂ ਕੱਢਣ ਵਿਚ ਹੀ ਆਪਣੀ ਮਰਦਾਨਗੀ ਸਮਝਦੇ ਹਨ। ਗਾਲਾਂ ਉਨ੍ਹਾਂ ਦਾ ਤਕੀਆ ਕਲਾਮ ਹੁੰਦਾ ਹੈ। ਲੜਾਈ ਭਾਵੇਂ ਦੋ ਭਰਾਵਾਂ ਦੀ ਹੋਵੇ, ਪਿਓ-ਪੁੱਤ ਦੀ ਆਪਸੀ ਜਾਂ ਕਿਸੇ ਵਿਰੋਧੀ ਧਿਰ ਨਾਲ ਹੋਵੇ, ਗਾਲਾਂ ਹਮੇਸ਼ਾਂ ਮਾਵਾਂ, ਧੀਆਂ, ਭੈਣਾਂ ਦੀਆਂ ਹੀ ਕੱਢੀਆਂ ਜਾਂਦੀਆਂ ਹਨ। ਜਗੀਰੂ ਕਦਰਾਂ ਕੀਮਤਾਂ ਦਾ ਬੋਲਬਾਲਾ ਹੋਣ ਕਰਕੇ ਵਿਰੋਧੀ ਧਿਰ ਹਮੇਸ਼ਾਂ ਦੂਜੀ ਧਿਰ ਦੀਆਂ ਔਰਤਾਂ ਦੀ ਇੱਜ਼ਤ ਬਰਬਾਦ ਕਰਨ ਵਿਚ ਹੀ ਆਪਣੀ ਜਿੱਤ ਸਮਝਦੀ ਹੈ। ਦਰਅਸਲ ਔਰਤਾਂ ਪ੍ਰਤੀ ਅਜਿਹਾ ਹਿੰਸਕ ਵਰਤਾਰਾ ਗਾਲਾਂ ਤੋਂ ਵੱਧਕੇ ਕਈ ਵਾਰ ਬਲਾਤਕਾਰ ਤੱਕ ਪਹੁੰਚ ਜਾਂਦਾ ਹੈ। ਔਰਤਾਂ ਨਾਲ ਹੋਏ ਅਜਿਹੇ ਹਿੰਸਕ ਵਰਤਾਰੇ ਦੀ ਗਵਾਹੀ 1947 ਦੀ ਦੇਸ਼ ਵੰਡ, 1984 ਦੇ ਦਿੱਲੀ ਅਤੇ 2002 ਗੁਜਰਾਤ ਦੇ ਦੰਗੇ ਭਰਦੇ ਹਨ।
ਔਰਤ ਦੀ ਤ੍ਰਾਸਦੀ ਇਹ ਹੈ ਕਿ ਉਹ ਅਜੇ ਵੀ ਘਰੇਲੂ ਤੇ ਸਮਾਜਿਕ ਜੀਵਨ ਵਿਚ ਮਰਦ ਦੀ ਸ਼੍ਰੇਸ਼ਠਤਾ ਨੂੰ ਸਵੀਕਾਰ ਕਰਦੀ ਹੈ। ਮਰਦ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰਨ ਦੇ ਕਈ ਪਹਿਲੂ ਹਨ : ਘਰ ਦੀ ਜਾਇਦਾਦ ਅਤੇ ਆਰਥਿਕ ਵਸੀਲਿਆਂ ‘ਤੇ ਕਾਬਜ਼ ਮਰਦ ਹੁੰਦਾ ਹੈ, ਮਰਦ ਨੂੰ ਉਤਮ ਤੇ ਆਪਣੇ ਆਪ ਨੂੰ (ਔਰਤ) ਗੌਣ ਦਰਜ਼ੇ ਦਾ ਸਮਝਣਾ, ਪੁਰਖਿਆਂ ਵਲੋਂ ਪੜ੍ਹਾਇਆ ਜਾਣ ਵਾਲਾ ਪਹਿਲਾ ਪਾਠ ਹੈ ਜੋ ਉਸਦੀ ਮਾਨਸਿਕ ਸੋਚ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ। ਕਿਉਂਕਿ ਔਰਤਾਂ ਦੇ ਜੀਵਨ ਸੰਬੰਧੀ ਫੈਸਲੇ ਮਰਦ ਕਰਦੇ ਹਨ। ਉਸਨੇ ਦੀ ਖਾਣਾ, ਕੀ ਪਹਿਨਣਾ, ਕਿਥੇ ਜਾਣਾ, ਕਿੰਨਾ ਪੜ੍ਹਨਾ, ਕਿੰਨੀ ਉਮਰ ਵਿਚ ਕਿਸ ਨਾਲ ਵਿਆਹ ਕਰਨਾ, ਕਿੰਨੇ ਬੱਚੇ ਪੈਦਾ ਕਰਨੇ ਆਦਿ। ਹਰ ਧਰਮ ਦੇ ਧਾਰਮਿਕ ਗ੍ਰੰਥ ਵੀ ਮਰਦ ਦੀ ਸ੍ਰੇਸ਼ਠਤਾ ਦਾ ਸੰਦੇਸ਼ ਦਿੰਦੇ ਹਨ। ਸਾਹਿਤ ਤੇ ਇਤਿਹਾਸ ਦੇ ਮੱਧਕਾਲੀਨ ਕਿੱਸਾ ਸਾਹਿਤ ਵਿਚ ਤਾਂ ਔਰਤ ਲਈ ਪੈਰ ਦੀ ਜੁੱਤੀ ਵਰਗੇ ਘਟੀਆ ਵਿਸ਼ੇਸ਼ਣ ਵਰਤੇ ਗਏ ਹਨ। ਸੂਫੀ ਕਾਵਿ ਤੇ ਗੁਰਬਾਣੀ ਵਿਚ ਪ੍ਰਮਾਤਮਾ ਤੇ ਮਨੁੱਖ ਵਿਚਲੇ ਰਿਸ਼ਤੇ ਨੂੰ ਸਮਝਾਉਣ ਲਈ ਪਤੀ-ਪਤਨੀ ਦੇ ਪ੍ਰਤੀਕ ਵਰਤੇ ਹਨ। ਇਥੇ ਵੀ ਪਤਨੀ ਦਾ ਗੌਣ ਦਰਜਾ ਹੀ ਹੈ।
ਔਰਤਾਂ ਉਤੇ ਘਰੇਲੂ ਤੇ ਸਮਾਜਿਕ ਹਿੰਸਾ ਦੀ ਜਕੜ ਟੁੱਟਣ ਦਾ ਅਮਲ ਲੁੱਟ-ਖਸੁੱਟ ਤੇ ਆਧਾਰਿਤ ਮੌਜੂਦਾ ਜਗੀਰੂ ਤੇ ਸਾਮਰਾਜੀ ਪ੍ਰਬੰਧ ਨੂੰ ਬਦਲਣ ਦੇ ਸੰਗਰਾਮ ਨਾਲ ਜੁੜਿਆ ਹੋਇਆ ਹੈ। ਇਸ ਕਾਰਜ ਲਈ ਔਰਤਾਂ ਦਾ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ। ਇਸਤਰੀ ਜਥੇਬੰਦੀਆਂ ਦੀਆਂ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਮੁੱਚੀ ਔਰਤ ਜਾਤੀ ਨੂੰ ਜਗੀਰੂ ਕਦਰਾਂ ਕੀਮਤਾਂ ਦੀ ਮਾਨਸਿਕ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਝੂਠੀ ਬਦਨਾਮੀ ਅਤੇ ਅੰਧ ਵਿਸ਼ਵਾਸ਼ ਦਾ ਪੱਲਾ ਛੁਡਾ ਕੇ ਮਰਦ ਵਾਂਗ ਇਕ ਸਮਾਜਿਕ ਜੀਵ ਹੋਣ ਦਾ ਅਹਿਸਾਸ ਕਰਾਉਣ ਅਤੇ ਉਨ੍ਹਾਂ ਵਿਚ ਸਵੈ ਵਿਸ਼ਵਾਸ਼ ਪੈਦਾ ਕਰਨ ਲਈ ਚੇਤਨਾ ਦੀ ਚਿਣਗ ਜਗਾਉਣ। ਚੇਤਨਾ ਰੂਪੀ ਚਿਣਗ ਨੂੰ ਮਘਾਉਣ ਲਈ ਇਨਕਲਾਬੀ ਸਾਹਿਤ, ਇਤਿਹਾਸ ਅਤੇ ਅਗਾਂਹਵਧੂ ਚਿੰਤਕਾਂ ਤੋਂ ਅਗਵਾਈ ਲੈਣੀ ਚਾਹੀਦੀ ਹੈ। ਅੱਜ ਸਮੇਂ ਦੀ ਲੋੜ ਹੈ ਕਿ ਔਰਤ ਜਥੇਬੰਦੀਆਂ ਰਲਕੇ ਸਮਾਜਿਕ ਤਬਦੀਲੀ ਲਈ ਇਕ ਅਜਿਹੀ ਸ਼ਕਤੀਸ਼ਾਲੀ ਲਹਿਰ ਦੀ ਉਸਾਰੀ ਕਰਨ ਜਿਹੜੀ ਸਮੁੱਚੀ ਔਰਤ ਜਾਤੀ ਲਈ ਹਿੰਸਾ ਮੁਕਤ ਅਤੇ ਸਮਾਜਿਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦੀਆਂ ਪੈੜਾਂ ਉਲੀਕੇ।

Scroll To Top