Now Reading
ਖੇਤ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਪਲਾਟ ਅਲਾਟ ਕਰਨ ਦੀ ਕਾਰਵਾਈ ਸ਼ੁਰੂ

ਖੇਤ ਮਜ਼ਦੂਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਪਲਾਟ ਅਲਾਟ ਕਰਨ ਦੀ ਕਾਰਵਾਈ ਸ਼ੁਰੂ

ਸ੍ਰੀ ਮੁਕਤਸਰ ਸਾਹਿਬ : ਸਥਾਨਕ ਪ੍ਰਸ਼ਾਸਨ ਨੇ ਦਿਹਾਤੀ ਮਜ਼ਦੂਰ ਸਭਾ ਤੇ ਹੋਰ ਖੇਤ ਮਜ਼ਦੂਰ ਸਭਾਵਾਂ ਵੱਲੋਂ ਵਿੱਢੇ ਸੰਘਰਸ਼ ਮੂਹਰੇ ਝੁਕਦਿਆਂ ਬਲਮਗੜ੍ਹ ਵਿੱਚ 28 ਅਤੇ ਪਿੰਡ ਮੌੜ ਵਿੱਚ 26 ਦੇ ਕਰੀਬ ਖੇਤ ਮਜ਼ਦੂਰਾਂ ਨੂੰ ਪਲਾਟ ਅਲਾਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਪਿੰਡ ਚੱਕ ਮਦਰਸਾ ਉਰਫ ਕੌੜਿਆਂਵਾਲੀ ਵਿੱਚ ਦੁਬਾਰਾ ਸਰਵੇ ਕਰਵਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਸੰਘਰਸ਼ ਦੀ ਜਿੱਤ ਕਰਾਰ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਗਜੀਤ ਸਿੰਘ ਜੱਸੇਆਣਾ ਨੇ ਦੱਸਿਆ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਸੰਘਰਸ਼ ਅਤੇ ਚੋਣਾਂ ਵਿੱਚ ਕੀਤੇ ਵਾਅਦੇ ਨੂੰ ਵਫ਼ਾ ਕਰਦਿਆਂ ਪੰਜਾਬ ਸਰਕਾਰ ਨੇ ਜਨਵਰੀ 2018 ਵਿੱਚ ਸਰਕੁਲਰ ਜਾਰੀ ਕੀਤਾ ਕਿ ਕਿ ਬੇਘਰੇ ਅਤੇ ਲੋੜਵੰਦ ਲੋਕਾਂ ਨੂੰ ਘਰਾਂ ਲਈ ਪਲਾਟ ਜਾਰੀ ਕੀਤੇ ਜਾਣ। ਇਸ ਸਰਕੁਲਰ ਦੇ ਜਾਰੀ ਹੋਣ ਉਪਰੰਤ ਮਜ਼ਦੂਰ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਅਧੀਨ ਪਿੰਡ ਮੌੜ, ਚੱਕ ਮਦਰਸਾ ਉਰਫ ਕੌੜਿਆਂਵਾਲੀ ਤੇ ਬਲਮਗੜ੍ਹ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ। ਇਸ ਸੰਘਰਸ਼ ਅਧੀਨ ਲੋੜਵੰਦ ਲੋਕਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ’ਤੇ ਡੇਰਾ ਲਾ ਲਿਆ ਸੀ। ਇਸ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿੰਡ ਮੌੜ, ਬਲਮਗੜ੍ਹ ਤੇ ਚੱਕ ਮਦਰਸਾ ਵਿਖੇ ਖੇਤ ਮਜ਼ਦੂਰਾਂ ਵੱਲੋਂ ਆਈਆਂ ਅਰਜ਼ੀਆਂ ਦਾ ਸਰਵੇ ਕਰਵਾ ਕੇ ਪਿੰਡ ਮੌੜ ਵਿੱਚ 150 ਵਿੱਚੋਂ 28 ਅਤੇ ਪਿੰਡ ਮੌੜ ਵਿੱਚ 100 ਵਿੱਚੋਂ 26 ਅਰਜ਼ੀਆਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਜਦੋਂ ਕਿ ਪਿੰਡ ਚੱਕ ਮਦਰਸਾ ਵਿੱਚ ਦੁਬਾਰਾ ਸਰਵੇ ਕਰਾਇਆ ਜਾਵੇਗਾ। ਪ੍ਰਵਾਨ ਅਰਜ਼ੀਆਂ ਡੀਡੀਪੀਓ ਨੂੰ ਕਾਰਵਾਈ ਲਈ ਭੇਜ ਦਿੱਤੀਆਂ ਜਾਣਗੀਆਂ।

Scroll To Top