ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਆਲਮੀ ਮਹਾਮਾਰੀ ਨੇ ਅੱਜ ਦੁਨੀਆਂ ਭਰ ਵਿਚ ਭਿਅੰਕਰ ਦਹਿਸ਼ਤ ਫੈਲਾਈ ਹੋਈ ਹੈ। ਪਿਛਲੇ ਵਰ੍ਹੇ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਵਿਚ, ਚੀਨ ਦੇ ਵੁਹਾਨ ਸ਼ਹਿਰ ’ਚ ਸ਼ੁਰੂ ਹੋਈ ਕੋਵਿਡ-19 ਨਾਂਅ ਦੀ ਇਸ ਬਿਮਾਰੀ ਨੇ ਦਿਨਾਂ ਵਿਚ ਹੀ ਲੱਗਭੱਗ ਸਮੁੱਚੇ ਸੰਸਾਰ ਨੂੰ ਆਪਣੀ ਮਾਰੂ ਲਪੇਟ ’ਚ ਲੈ ਲਿਆ। ਸੰਸਾਰ ਸਿਹਤ ਸੰਸਥਾ (WHO) ਦੀ ਦੇਖ-ਰੇਖ ਵਿਚ ਕੰਮ ਕਰਦੇ ਕੁੱਝ-ਇਕ ਸੰਸਾਰ ਭਰ ’ਚ ਮਾਨਤਾ ਪ੍ਰਾਪਤ ਸੰਗਠਨਾਂ ਵੱਲੋਂ ਰੋਜ਼ਾਨਾ ਦਿੱਤੀ ਜਾਂਦੀ ਜਾਣਕਾਰੀ ਅਨੁਸਾਰ 31 ਮਈ ਤੱਕ ਹੀ 60 ਲੱਖ 08 ਹਜ਼ਾਰ ਤੋਂ ਵੱਧ ਲੋਕ ਇਸ ਵਿਸ਼ਾਣੂ ਦੇ ਖਤਰਨਾਕ ਡੰਗ ਦੀ ਮਾਰ ਹੇਠ ਆ ਚੁੱਕੇ ਹਨ ਅਤੇ 3 ਲੱਖ 70 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਦੁਨੀਆਂ ਦਾ ਲੱਗਭੱਗ ਹਰ ਦੇਸ਼ ਹੀ ਇਸ ਮਹਾਮਾਰੀ ਦੀ ਵਿਨਾਸ਼ ਲੀਲਾ ਤੋਂ ਪ੍ਰਭਾਵਿਤ ਹੈ; ਉੱਤਰੀ ਅਮਰੀਕਾ ਤੇ ਯੂਰਪ ਦੇ ਵਿਕਸਤ ਦੇਸ਼ ਵੀ, ਚੀਨ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵੀ ਅਤੇ ਅਫ਼ਰੀਕਾ ਮਹਾਂਦੀਪ ਵਿਚਲੇ ਆਰਥਿਕ ਪੱਖੋਂ ਪੱਛੜੇ ਹੋਏ ਦੇਸ਼ ਵੀ। ਇਹ ਵਿਸ਼ਾਣੂੰ ਧਰਮ, ਨਸਲ, ਲਿੰਗ ਜਾਂ ਉਮਰ ’ਚ ਕੋਈ ਫਰਕ ਨਹੀਂ ਪਾਉਦਾ। ਹਰੇਕ ’ਤੇ ਤੁਰੰਤ ਹਮਲਾ ਕਰਦਾ ਹੈ ਅਤੇ ਜਿਸਦੀ ਵੀ ਰੋਗ ਰੋਧਕ ਸਮਰੱਥਾ (Immunity) ਘੱਟ ਹੁੰਦੀ ਹੈ, ਉਸਨੂੰ ਢਾਹ ਲੈਂਦਾ ਹੈ। ਸਭ ਤੋਂ ਮਾੜਾ ਹਾਲ ਸੰਯੁਕਤ ਰਾਜ ਅਮਰੀਕਾ ਦਾ ਹੈ, ਜਿਹੜਾ ਅੱਜ ਸੰਸਾਰ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਤੇ ਅਮੀਰ ਦੇਸ਼ ਸਮਝਿਆ ਜਾਂਦਾ ਹੈ। ਇਥੇ ਇਸ ਵਿਸ਼ਾਣੂੰ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ ਅਤੇ ਮੌਤਾਂ ਵੀ ਸਭ ਤੋਂ ਵੱਧ ਹੋਈਆਂ ਹਨ। ਯੂਰਪ ਦੇ 4 ਵੱਡੇ ਦੇਸ਼ਾਂ- ਫਰਾਂਸ, ਬਰਤਾਨੀਆ, ਸਪੇਨ ਤੇ ਇਟਲੀ ਵਿਚ ਵੀ ਇਸ ਬੀਮਾਰੀ ਕਾਰਨ ਤ੍ਰਾਹੀ-ਤ੍ਰਾਹੀ ਮਚੀ ਹੋਈ ਹੈ। ਰੂਸ ਅਤੇ ਲਾਤੀਨੀ ਅਮਰੀਕਾ ਦੇ ਦੇਸ਼ ਬ੍ਰਾਜੀਲ ਵਿਚ ਵੀ ਪ੍ਰਭਾਵਿਤ ਲੋਕਾਂ ਤੇ ਮੌਤਾਂ ਦੀ ਗਿਣਤੀ ਉਪਰੋਕਤ ਦੇਸ਼ਾਂ ਨਾਲ ਮੇਲ ਖਾਂਦੀ ਹੈ। ਸਾਡੇ ਆਪਣੇ ਦੇਸ਼ ਭਾਰਤ ਸਮੇਤ ਬਹੁਤ ਸਾਰੇ ਹੋਰ ਦੇਸ਼ਾਂ ਵਿਚ ਵੀ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਸੰਕ੍ਰਮਿਤ ਲੋਕਾਂ ਦੀ ਗਿਣਤੀ ਭਾਰਤ ਵਿਚ ਵੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਲਾਕਡਾਊਨ ਕਾਰਨ ਹਰ ਦੇਸ਼ ਵਿਚ, ਵੱਧ ਜਾਂ ਘੱਟ ਮਾਤਰਾ ’ਚ, ਕਾਰੋਬਾਰ ਠੱਪ ਹੋਏ ਪਏ ਹਨ। ਹਵਾਈ ਜਹਾਜਾਂ ਸਮੇਤ ਆਵਾਜਾਈ ਦੇ ਬਹੁਤੇ ਸਾਧਨ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਬੰਦ ਪਏ ਹਨ। ਕਰੋੜਾਂ ਦੀ ਗਿਣਤੀ ’ਚ ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਰੋਜ਼ਗਾਰ ਖੁੱਸ ਗਿਆ ਹੈ ਤੇ ਉਹ ਆਪਣੀ ਉਪਜੀਵਿਕਾ ਤੋਂ ਵਿਰਵੇ ਹੋ ਗਏ ਹਨ। ਇਸ ਮਹਾਮਾਰੀ ਤੋਂ ਅਜੇ ਛੇਤੀ ਛੁਟਕਾਰਾ ਮਿਲਦਾ ਵੀ ਦਿਖਾਈ ਨਹੀਂ ਦਿੰਦਾ। ਇਸ ਲਈ, ਇਸ ਕਾਰਨ ਹੋਰ ਵਧੇਰੇ ਗੰਭੀਰ ਹੋਏ ਆਲਮੀ ਆਰਥਿਕ ਮੰਦਵਾੜੇ ਦੇ ਤ੍ਰਾਸਦਿਕ ਪ੍ਰਭਾਵਾਂ ਦੀ ਥਾਹ ਪਾਉਣੀ ਵੀ ਅਜੇ ਕਾਫੀ ਮੁਸ਼ਕਿਲ ਦਿਖਾਈ ਦਿੰਦੀ ਹੈ।
ਹੁਣ ਤੱਕ ਜਿਸ ਵੀ ਦੇਸ਼ ਦੀ ਸਰਕਾਰ ਨੇ ਇਸ ਮਹਾਮਾਰੀ ਦੀ ਭਿਅੰਕਰਤਾ ਨੂੰ ਘਟਾ ਕੇ ਦੇਖਿਆ ਹੈ ਅਤੇ ਇਸਦੀ ਰੋਕਥਾਮ ਪੱਖੋਂ ਲਾਪ੍ਰਵਾਹੀ ਵਰਤੀ ਹੈ, ਉਸ ਦੇਸ਼ ਦੇ ਵਸਨੀਕਾਂ ਨੂੰ ਇਸਦਾ ਵੱਡਾ ਸੰਤਾਪ ਹੰਢਾਉਣਾ ਪਿਆ ਹੈ; ਮਨੁੱਖੀ ਜਾਨਾਂ ਦੇ ਅਜਾਈਂ ਜਾਣ ਦੇ ਪੱਖੋਂ ਵੀ, ਬੀਮਾਰੀ ਕਾਰਨ ਹੋਈਆਂ ਪ੍ਰੇਸ਼ਾਨੀਆਂ ਪੱਖੋਂ ਵੀ ਅਤੇ ਬੀਮਾਰੀ ਦੀ ਰੋਕਥਾਮ ਲਈ ਕੀਤੇ ਗਏ ਲਾਕਡਾਊਨ ਸਦਕਾ ਹੋਏ ਆਰਥਿਕ ਨੁਕਸਾਨ ਦੇ ਪੱਖ ਤੋਂ ਵੀ। ਇਸਦੇ ਟਾਕਰੇ ਵਿਚ ਜਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਮਹਾਮਾਰੀ ਦੀ ਰੋਕਥਾਮ ਪ੍ਰਤੀ ਸੰਜੀਦਗੀ ਤੇ ਤੱਤਪਰਤਾ ਦਾ ਪ੍ਰਗਟਾਵਾ ਕੀਤਾ ਹੈ, ਉਥੇ ਮੁਕਾਬਲਤਨ ਨੁਕਸਾਨ ਘੱਟ ਹੋਇਆ ਹੈ।
ਇਸ ਵਿਸ਼ਾਣੂੰ ਦਾ ਸਰੋਤ ਕੀ ਹੈ? ਇਸਦੀ ਬਣਤਰ ਕਿਹੋ ਜਿਹੀ ਹੈ? ਅਤੇ ਬੀਮਾਰੀ ਦਾ ਇਲਾਜ਼ ਕੀ ਹੈ? ਇਸ ਤਰ੍ਹਾਂ ਦੇ ਸਾਰੇ ਸਵਾਲਾਂ ਦੇ ਉੱਤਰ ਤਾਂ ਸਿਹਤ ਵਿਗਿਆਨੀਆਂ ਨੇ ਲੱਭਣੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਵਿਸ਼ਾਣੰੂ ਚਮਗਿੱਦੜ ਤੋਂ ਇਕ ਹੋਰ ਜਾਨਵਰ ਪੈਂਗੂਲਿਨ ਤੱਕ ਪੁੱਜਾ, ਜਿਸਨੂੰ ਕਈ ਲੋਕ ਚੀਨ ਵਿਚ ਮਾਰ ਕੇ ਖਾਂਦੇ ਹਨ, ਜਿਵੇਂ ਸਾਡੇ ਇਥੇ ਕਬੂਤਰ ਤੇ ਬਟੇਰੇ ਖਾਧੇ ਜਾਂਦੇ ਹਨ। ਸੰਸਾਰ ਸਿਹਤ ਸੰਸਥਾ, ਜਿਸਦੇ 194 ਦੇਸ਼ ਮੈਂਬਰ ਹਨ, ਇਸ ਤਰ੍ਹਾਂ ਦੀ ਸਮੁੱਚੀ ਖੋਜ ਨੂੰ ਕੋ-ਆਰਡੀਨੇਟ ਕਰ ਰਹੀ ਹੈ ਅਤੇ ਇਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਆਪਣਾ ਪੂਰਾ ਤਾਣ ਲਗਾ ਰਹੀ ਹੈ। ਇਕ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਇਹ ਇਕ ਛੂਤ ਦੀ ਬਿਮਾਰੀ ਹੈ, ਜਿਹੜੀ ਇਕ ਸੰਕ੍ਰਮਿਤ ਮਨੁੱਖ ਤੋਂ ਦੂਜੇ ਮਨੁੱਖ ਨੂੰ ਉਸਦੇ ਸਾਹ ਰਾਹੀਂ, ਛਿੱਕ ਮਾਰਨ ਨਾਲ, ਖੰਘਣ ਨਾਲ, ਹੱਥ ਮਿਲਾਉਣ ਤੇ ਜੱਫ਼ੀ ਪਾਉਣ ਨਾਲ ਜਾਂ ਬਹੁਤ ਨੇੜੇ ਹੋ ਕੇ ਗੱਲਬਾਤ ਕਰਨ ਨਾਲ ਫੈਲਦੀ ਹੈ। ਇਸ ਲਈ ਨਿਸ਼ਚੈ ਹੀ ਇਸ ਵੱਡੇ ਕਾਰਜ ਵਾਸਤੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਅਤੇ ਖੋਜ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਹਰ ਤਰ੍ਹਾਂ ਦੇ ਵਸੀਲੇ ਜੁਟਾਉਣੇ ਚਾਹੀਦੇ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ, ਉਸਦੇ ਕੁੱਝ ਦਰਬਾਰੀ ਅਤੇ ਸਾਮਰਾਜੀ ਜੋਟੀਦਾਰ ਆਪਣੀਆਂ ਨਿੱਜੀ, ਜਮਾਤੀ ਅਤੇ ਪ੍ਰਸ਼ਾਸਨਿਕ ਕਮਜ਼ੋਰੀਆਂ ’ਤੇ ਪਰਦਾਪੋਸ਼ੀ ਕਰਨ ਲਈ ਇਸ ਕੁਦਰਤੀ ਕਰੋਪੀ ਦਾ ਭਾਂਡਾ ਚੀਨ ਸਿਰ ਭੰਨਣ ’ਤੇ ਉਤਾਰੂ ਹਨ ਅਤੇ ਇਸ ਮੰਤਵ ਲਈ ਬੇਹੂਦਾ ਭੰਡੀ ਪ੍ਰਚਾਰ ਕਰਨ ਵਾਸਤੇ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਜਾਪਦਾ ਹੈ ਕਿ ਡੋਨਾਲਡ ਟਰੰਪ ਇਸੇ ਸਾਲ ਨਵੰਬਰ ਵਿਚ ਹੋ ਰਹੀ ਚੋਣ ’ਚ ਦੁਬਾਰਾ ਜਿੱਤ ਪ੍ਰਾਪਤ ਕਰਨ ਵਾਸਤੇ ਵੀ ਅਜਿਹੇ ਅਨੈਤਿਕ ਕੁਕਰਮ ਕਰ ਰਿਹਾ ਹੈ। ਪੂੰਜੀਵਾਦੀ ਸਰਕਾਰਾਂ ਦੀ ਅਗਵਾਈ ਕਰ ਰਹੇ ਇਨ੍ਹਾਂ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਚੀਨ ਨੇ ਇਸ ਬਿਮਾਰੀ ਬਾਰੇ ਸਮੁੱਚੇ ਸੰਸਾਰ ਨੂੰ ਸਮੇਂ-ਸਿਰ ਸੂਚਿਤ ਨਹੀਂ ਕੀਤਾ। ਜਦੋਂਕਿ ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਨੇ ਉਸਨੂੰ ਇਸ ਨਵੇਂ ਵਿਸ਼ਾਣੰੂ ਬਾਰੇ ਦਸੰਬਰ 2019 ਵਿਚ ਤੁਰੰਤ ਹੀ ਸੂਚਿਤ ਕਰ ਦਿੱਤਾ ਸੀ ਅਤੇ ਉਸ ਵੱਲੋਂ ਵੀ ਅੱਗੋਂ ਸਮੁੱਚੇ ਦੇਸ਼ਾਂ ਨੂੰ ਇਸ ਸਬੰਧੀ ਲੋੜੀਂਦੀ ਸਾਵਧਾਨੀ ਵਰਤਣ ਪ੍ਰਤੀ ਸੁਚੇਤ ਕਰ ਦਿੱਤਾ ਗਿਆ ਸੀ।
ਫਿਰ ਸ਼ੋਸ਼ਾ ਇਹ ਛੱਡ ਦਿੱਤਾ ਗਿਆ ਕਿ ਇਹ ਵਿਸ਼ਾਣੂੰ ਵੁਹਾਨ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤਾ ਗਿਆ ਹੈ ਅਤੇ ਇਹ ਚੀਨ ਦੀ ਵਪਾਰ ਜੰਗ ਦਾ ਹਿੱਸਾ ਹੈ। ਪਰ ਇਸ ਮਨਘੜਤ ਦੂਸ਼ਣ ਲਈ ਉਹ ਕੋਈ ਤੱਥ ਪੇਸ਼ ਨਹੀਂ ਕਰ ਸਕੇ। ਉਝ ਇਸ ਦੋਸ਼ ਨੂੰ ਅਮਰੀਕਾ ਦੇ ਵਿਗਿਆਨੀਆਂ ਨੇ ਹੀ ਨਹੀਂ, ਬਲਕਿ ਉਸਦੀਆਂ ਖੁਫੀਆ ਏਜੰਸੀਆਂ ਨੇ ਵੀ ਰੱਦ ਕਰ ਦਿੱਤਾ ਹੈ। ਇਸਦੇ ਬਾਵਜੂਦ ਡੋਨਾਲਡ ਟਰੰਪ ਦਾ ‘ਆਪ ਕੁਚੱਜੀ, ਵਿਹੜੇ ਨੂੰ ਦੋਸ਼’ ਵਾਲਾ ਹਾਲ ਹੈ। ਉਹ ਕਦੇ ਵਿਸ਼ਵ ਸਿਹਤ ਸੰਸਥਾ ’ਤੇ ਗੁੱਸਾ ਕੱਢਦਾ ਹੈ ਅਤੇ ਉਸਦੀ ਵਿੱਤੀ ਸਹਾਇਤਾ ਬੰਦ ਕਰ ਦਿੰਦਾ ਹੈ ਅਤੇ ਕਦੇ ਚੀਨ ’ਤੇ ਵਪਾਰਕ ਰੋਕਾਂ ਲਗਾਉਣ ਦੇ ਸ਼ੋਸ਼ੇ ਛੱਡ ਦਿੰਦਾ ਹੈ। ਉਸਦੇ ਕੁੱਝ ਜੋਟੀਦਾਰਾਂ ਦੀਆਂ ਸਰਕਾਰਾਂ ਵੀ ਅਜਿਹੀਆਂ ਬੇਹੂਦਾ ਹਰਕਤਾਂ ਕਰ ਰਹੀਆਂ ਹਨ, ਜਿਨ੍ਹਾਂ ਨਾਲ ਇਸ ਮਹਾਮਾਰੀ ’ਤੇ ਕਾਬੂ ਪਾਉਣ ਲਈ ਹੋ ਰਹੇ ਯਤਨਾਂ ਵਿਚ ਉਨ੍ਹਾਂ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਾਰਿਆਂ ਨੇ ਫਰਵਰੀ ਦੇ ਅਖੀਰ ਤੱਕ, ਇਥੋਂ ਤੱਕ ਕਿ 11 ਮਾਰਚ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਮਹਾਮਾਰੀ ਨੂੰ ਬਕਾਇਦਾ ਆਲਮੀ ਮਹਾਮਾਰੀ (Pandemic) ਐਲਾਨੇ ਜਾਣ ਤੱਕ ਇਸਦੀ ਰੋਕਥਾਮ ਲਈ ਲੋੜੀਂਦੀ ਸੰਜੀਦਗੀ ਦਾ ਪ੍ਰਗਟਾਵਾ ਹੀ ਨਹੀਂ ਕੀਤਾ। ਇਥੋਂ ਤੱਕ ਕਿ ਡੋਨਾਲਡ ਟਰੰਪ ਤਾਂ ਹੁਣ ਤੱਕ ਨਿੱਜੀ ਰੂਪ ਵਿਚ ਮਾਸਕ ਪਹਿਨਣ ਤੇ ਸਰੀਰਕ ਦੂਰੀ ਰੱਖਣ ਤੋਂ ਇਨਕਾਰੀ ਹੈ।
ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਜਿਹੀ ਮਾਨਵਤਾ ਵਿਰੋਧੀ ਪਹੰੁਚ ਦਾ ਅਪਨਾਉਣਾ ਡੋਨਾਲਡ ਟਰੰਪ ਦੀ ਰਾਜਨੀਤਿਕ ਮਜ਼ਬੂਰੀ ਵੀ ਹੈ ਅਤੇ ਪੰੂਜੀਵਾਦ ਦੀ ਵਿਚਾਰਧਾਰਕ ਹਾਰ ਦਾ ਸੰਕੇਤ ਵੀ ਹੈ। ਅਮਰੀਕੀ ਰਾਸ਼ਟਰਪਤੀ ਮੁੜ ਜਿੱਤ ਪ੍ਰਾਪਤ ਕਰਨ ਲਈ, ਆਪਣੀਆਂ ਮੁਜਮਰਾਨਾ ਗਲਤੀਆਂ ਕਾਰਨ ਅਮਰੀਕੀਆਂ ਅੰਦਰ ਵਿਆਪਕ ਰੂਪ ’ਚ ਵਧਦੀ ਜਾ ਰਹੀ ਬੇਚੈਨੀ ਸਦਕਾ ਬਣੇ ਹੋਏ ਵਿਰੋਧੀ ਰਾਜਸੀ ਮਾਹੌਲ ਤੋਂ ਲੋਕਾਂ ਦਾ ਧਿਆਨ ਲਾਂਭੇ ਲਿਜਾਣ ਲਈ ਇਸ ਮਹਾਮਾਰੀ ਨਾਲ ਸਬੰਧਿਤ ਅਜਿਹੀਆਂ ਅੱਲ-ਬਲੱਲੀਆਂ ਮਾਰ ਰਿਹਾ ਹੈ। ਪ੍ਰੰਤੂ ਇਸਦੇ ਨਾਲ ਹੀ ਸਮੁੱਚੇ ਤੌਰ ’ਤੇ ਇਸ ਮਹਾਮਾਰੀ ਦੀ ਰੋਕਥਾਮ ਲਈ ਪੂੰਜੀਵਾਦੀ ਅਤੇ ਸਮਾਜਵਾਦੀ ਦੇਸ਼ਾਂ ਅੰਦਰਲੇ ਪ੍ਰਸ਼ਾਸਕੀ ਤੰਤਰ ਦਾ ਵਖਰੇਵਾਂ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸਮਾਜਵਾਦੀ ਵਿਚਾਰਧਾਰਾ, ਜਿਹੜੀ ਕਿ ਹਕੀਕੀ ਰੂਪ ਵਿਚ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਦੀ ਹੈ, ਇਸ ਮਹਾਮਾਰੀ ਦੇ ਟਾਕਰੇ ਸਮੇਂ ਉਸਦੀ ਉੱਤਮਤਾ ਠੋਸ ਰੂਪ ਵਿਚ ਸਿੱਧ ਹੋ ਰਹੀ ਹੈ। ਇੱਥੇ ਪੈਦਾਵਾਰ ਸਬੰਧਿਤ ਸਮਾਜ ਅੰਦਰਲੇ ਆਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਨਿਯੰਤਰਿਤ ਕੀਤੀ ਜਾਂਦੀ ਹੈ, ਧਨ-ਕੁਬੇਰਾਂ ਦੇ ਮੁਨਾਫ਼ੇ ਲਈ ਨਹੀਂ। ਇਹੋ ਕਾਰਨ ਹੈ ਕਿ ਸਮਾਜਵਾਦੀ ਦੇਸ਼ਾਂ ਅੰਦਰ ਮਨੁੱਖ ਦੇ ਸਰਵਪੱਖੀ ਵਿਕਾਸ ਵਾਸਤੇ ਲੋੜੀਂਦੀਆਂ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ, ਜਦੋਂਕਿ ਪੂੰਜੀਵਾਦੀ ਦੇਸ਼ਾਂ ’ਚ ਇਨ੍ਹਾਂ ਬੁਨਿਆਦੀ ਲੋੜਾਂ ਦਾ ਵੀ ਵਪਾਰੀਕਰਨ ਕੀਤਾ ਜਾਂਦਾ ਹੈ। ਸਾਮਰਾਜਵਾਦ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਅਧੀਨ ਕੀਤੇ ਗਏ ਨਿੱਜੀਕਰਨ ਨੂੰ ਅਪਨਾਉਣ ਵਾਲੇ ਦੇਸ਼ ਇਸੇ ਕਰਕੇ ਇਸ ਮਹਾਮਾਰੀ ਦਾ ਵਧੇਰੇ ਸ਼ਿਕਾਰ ਬਣ ਰਹੇ ਹਨ। ਅਤੇ, ਪੂੰਜੀਵਾਦੀ ਦੇਸ਼ਾਂ ਦੇ ਟਾਕਰੇ ’ਚ ਸਾਰੇ ਹੀ ਸਮਾਜਵਾਦੀ ਦੇਸ਼ਾਂ ਅੰਦਰ ਇਸ ਮਹਾਮਾਰੀ ਦੀ ਭਿਅੰਕਰਤਾ ਛੇਤੀ ਹੀ ਨੱਪੀ ਗਈ ਹੈ ਅਤੇ ਮੁਕਾਬਲਤਨ ਨੁਕਸਾਨ ਵੀ ਘੱਟ ਹੋਇਆ ਹੈ। ਕਿਊਬਾ ਨੇ ਤਾਂ ਆਪਣੇ ਕੁਸ਼ਲ ਡਾਕਟਰਾਂ ਦੀਆਂ ਟੀਮਾਂ ਇਟਲੀ ਤੇ ਸਪੇਨ ਤੋਂ ਇਲਾਵਾ ਬਹੁਤ ਸਾਰੇ ਅਫਰੀਕਾ ਦੇ ਪ੍ਰਭਾਵਿਤ ਦੇਸ਼ਾਂ ਵਿਚ ਵੀ ਭੇਜੀਆਂ ਹਨ। ਨੋਵਲ ਕੋਰੋਨਾ ਵਾਇਰਸ ਦੀ ਮਾਰ ਹੇਠ ਸਭ ਤੋਂ ਪਹਿਲਾਂ ਚੀਨ ਦਾ ਸ਼ਹਿਰ ਵੁਹਾਨ ਆਇਆ ਸੀ, ਪ੍ਰੰਤੂ ਹੁਣ ਤੱਕ ਚੀਨ ਇਸ ’ਤੇ ਪੂਰੀ ਤਰ੍ਹਾਂ ਕਾਬੂ ਪਾ ਚੁੱਕਾ ਹੈ ਅਤੇ ਦੂਜੇ ਦੇਸ਼ਾਂ ਦੀ ਸਹਾਇਤਾ ਵੀ ਕਰ ਰਿਹਾ ਹੈ।
ਇਸਦੇ ਨਾਲ ਹੀ ਇਹ ਵੀ ਇਕ ਵਾਰ ਫਿਰ ਸਥਾਪਿਤ ਹੋ ਗਿਆ ਹੈ ਕਿ ਅਜਿਹੇ ਕੁਦਰਤੀ ਵਰਤਾਰੇ ਦੇ ਟਾਕਰੇ ਲਈ ਵਿਗਿਆਨ ਦੀ ਲੋੜ ਹੈ। ਨਾ ਕਿਸੇ ਤਰ੍ਹਾਂ ਦੇ ਟੂਣੇ-ਟਾਮਣ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਸੰਖ ਤੇ ਟੱਲੀਆਂ ਵਜਾ ਕੇ ਜਾਂ 9 ਤਾਰੀਖ ਰਾਤ ਨੂੰ 9 ਵਜੇ 9 ਮਿੰਟ ਲਈ ਮੋਮਬੱਤੀਆਂ ਜਗਾ ਕੇ। ਬਲਕਿ ਇਸਦੇ ਟਾਕਰੇ ਲਈ ਤਾਂ ਸਬੰਧਿਤ ਸਰਕਾਰਾਂ ਲਈ ਲੋਕਾਂ ਦੇ ਦੁੱਖਾਂ-ਦਰਦਾਂ ਪ੍ਰਤੀ ਸੰਵੇਦਨਸ਼ੀਲਤਾ ਤੇ ਸੁਹਿਰਦਤਾ ਅਤੇ ਸੰਪੂਰਨ ਤਤਪਰਤਾ ਨਾਲ ਕੀਤੇ ਗਏ ਸਮੂਹਿਕ ਤੇ ਠੋਸ ਯਤਨਾਂ ਦੀ ਲੋੜ ਹੈ; ਖੋਖਲੀਆਂ ਜੁਮਲੇਬਾਜ਼ੀਆਂ ਦੀ ਨਹੀਂ।
ਇਸ ਤਰ੍ਹਾਂ, ਇਸ ਮਹਾਮਾਰੀ ਨੇ ਇਸ ਬੁਨਿਆਦੀ ਰੋਗ ਨੂੰ ਇਕ ਵਾਰ ਫਿਰ ਉਭਾਰ ਕੇ ਸਾਹਮਣੇ ਲਿਆਂਦਾ ਹੈ ਕਿ ਮਾਨਵ ਕਲਿਆਣ ਤੇ ਵਿਕਾਸ ਲਈ ਹਰ ਦੇਸ਼ ਅੰਦਰ ਜਨਤਕ ਸਿੱਖਿਆ ਪ੍ਰਣਾਲੀ ਅਤੇ ਜਨਤਕ ਸਿਹਤ ਪ੍ਰਣਾਲੀ ਦੋਵਾਂ ਨੂੰ ਹੀ ਪਹਿਲ ਦੇ ਅਧਾਰ ’ਤੇ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਜਿਹੜਾ ਧਨ ਤਰ੍ਹਾਂ-ਤਰ੍ਹਾਂ ਦੀ ਨਫ਼ਰਤ ਫੈਲਾਉਣ ਤੇ ਪੰੂਜੀਪਤੀਆਂ ਦੇ ਮੁਨਾਫਿਆਂ ਲਈ ਮੰਡੀਆਂ ਹਥਿਆਉਣ ਅਤੇ ਧਰਤ ਤੋਂ ਜੀਵਨ ਦਾ ਨਾਸ਼ ਕਰਨ ਵਾਲੇ ਹਥਿਆਰਾਂ ’ਤੇ ਖਰਚ ਕੀਤਾ ਜਾਂਦਾ ਹੈ, ਉਹ ਸਿੱਖਿਆ ਤੇ ਸਿਹਤ ਸੇਵਾਵਾਂ ’ਤੇ ਖਰਚਿਆ ਜਾਣਾ ਚਾਹੀਦਾ ਹੈ। ਲੋਕਾਂ ਦੇ ਸਰੀਰਕ ਵਿਕਾਸ ਤੇ ਸਿਹਤ ਸੰਭਾਲ ਲਈ ਲੋੜੀਂਦੀਆਂ ਦਵਾਈਆਂ ਬਣਾਈਆਂ ਜਾਣ, ਸਿਹਤ ਕਰਮੀਆਂ ਨੂੰ ਸਿੱਖਿਅਤ ਕੀਤਾ ਜਾਵੇ, ਉਨ੍ਹਾਂ ਨੂੰ ਨਿਯਮਤ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਸੇਵਾ ਹਾਲਤਾਂ ਨੂੰ ਚੰਗੇਰਾ ਬਣਾਉਦੇ ਜਾਣ ਲਈ ਵੀ ਲੋੜੀਂਦਾ ਧਿਆਨ ਦਿੱਤਾ ਜਾਵੇ। ਸਾਫ਼-ਸਫ਼ਾਈ ਭਾਵ ਹੱਥ ਧੋਣੇ, ਮੰੂਹ ’ਤੇ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਬਣਾ ਕੇ ਰੱਖਣ ਵਰਗੀਆਂ ਵਿਸ਼ਵ ਸਿਹਤ ਸੰਸਥਾ ਦੀਆਂ ਹਦਾਇਤਾਂ ਨੂੰ ਤਾਂ ਜੀਵਨ-ਸ਼ੈਲੀ ਦਾ ਹਿੱਸਾ ਹੀ ਬਣਾਇਆ ਜਾਣਾ ਚਾਹੀਦਾ ਹੈ। ਜਦੋਂਕਿ ਵਿਆਪਕ ਤੇ ਸੁਦਿ੍ਰੜ੍ਹ ਸਿਹਤ ਪ੍ਰਣਾਲੀ ਵਿਕਸਤ ਕਰਕੇ ਅਤੇ ਸਮੁੱਚੇ ਲੋਕਾਂ ਲਈ ਸੰਤੁਲਿਤ ਭੋਜਨ ਦੀਆਂ ਵਿਵਸਥਾਵਾਂ ਬਣਾ ਕੇ ਹੀ ਭਵਿੱਖ ’ਚ ਅਜਿਹੀਆਂ ਮਹਾਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਮਨੁੱਖੀ ਜੀਵਨ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ।
ਹਰਕੰਵਲ ਸਿੰਘ