ਅੰਮਿ੍ਰਤਸਰ : ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਕਿਰਤੀ ਜਨਸਮੂਹਾਂ ਨੂੰ ਜਾਗਰੂਕ ਤੇ ਜਥੇਬੰਦ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਅੱਜ ਜਲ੍ਹਿਆਂਵਾਲਾ ਬਾਗ ਤੋਂ ਦੋ ਜਥੇ ਤੋਰ ਕੇ ‘‘ਲੋਕ ਜਗਾਓ-ਲੁਟੇਰੇ ਭਜਾਓ’’ ਜਥਾ ਮਾਰਚ ਦਾ ਆਰੰਭ ਕੀਤਾ ਗਿਆ। ਇਹ ਦੋਵੇਂ ਜਥੇ 10 ਦਿਨ ਭਾਵ 21 ਨਵੰਬਰ ਤੱਕ, ਪ੍ਰਾਂਤ ਦੇ ਹਰ ਕੋਨੇ ਵਿਚ, ਪਠਾਨਕੋਟ ਤੋਂ ਖੂਹੀਆਂ ਸਰਵਰ (ਫਾਜ਼ਿਲਕਾ) ਤੱਕ ਅਤੇ ਭਿੰਡੀ ਸੈਦਾਂ (ਅਜਨਾਲਾ) ਤੋਂ ਮੋਹਾਲੀ ਤੱਕ ਜਾ ਕੇ ਲੋਕਾਂ ਨੂੰ ਮੌਜੂਦਾ ਸਰਕਾਰਾਂ ਦੀਆਂ ਰੁਜ਼ਗਾਰ ਤੇ ਖੇਤੀ ਨੂੰ ਤਬਾਹ ਕਰਨ ਵਾਲੀਆਂ ਤੇ ਮਹਿੰਗਾਈ ਵਧਾਕੇ ਸਰਮਾਏਦਾਰਾਂ ਦੀਆਂ ਤਿਜੋਰੀਆਂ ਭਰਨ ਵਾਲੀਆਂ ਲੋਕ ਵਿਰੋਧੀ ਤੇ ਦੇਸ਼ ਧਰੋਹੀ ਨੀਤੀਆਂ ਵਿਰੁੱਧ ਅਤੇ ਸੰਘ ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਅਜੰਡੇ ਵਿਰੁੱਧ ਜਨਤਕ ਸੰਘਰਸ਼ਾਂ ਦੇ ਪਿੜ ਮੱਲ੍ਹਣ ਦਾ ਹੋਕਾ ਦੇਣਗੇ।
ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਦੇ ਮਿਨਾਰ ’ਤੇ ਸ਼ਰਧਾਂਜਲੀਆਂ ਭੇਂਟ ਕਰਨ ਉਪਰੰਤ ਮਾਝਾ ਤੇ ਦੁਆਬੇ ਦੇ ਜ਼ਿਲ੍ਹਿਆਂ ਲਈ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਚੱਲੇ ਜਥੇ ਵਿਚ ਸਰਵਸਾਥੀ ਰਤਨ ਸਿੰਘ ਰੰਧਾਵਾ ਸੂਬਾਈ ਪ੍ਰਧਾਨ, ਡਾ. ਸਤਨਾਮ ਸਿੰਘ ਅਜਨਾਲਾ, ਗੁਰਮੇਜ਼ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਸ਼ੀਤਲ ਸਿੰਘ ਤਲਵੰਡੀ ਅਤੇ ਗੁਰਦਰਸ਼ਨ ਸਿੰਘ ਬੀਕਾ (ਸਾਰੇ ਸੂਬਾ ਕਮੇਟੀ ਮੈਂਬਰ) ਅਤੇ ਸਥਾਨਕ ਆਗੂ ਸ਼ਾਮਲ ਸਨ। ਜਦੋਂਕਿ ਤਰਨ ਤਾਰਨ ਅਤੇ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਲਈ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਹੇਠ ਰਵਾਨਾ ਹੋਏ ਜਥੇ ਵਿਚ ਸਰਵਸਾਥੀ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ, ਮੁਖਤਾਰ ਸਿੰਘ ਮਲ੍ਹਾ (ਸਾਰੇ ਸੂਬਾ ਕਮੇਟੀ ਮੈਂਬਰ), ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ ਅਤੇ ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਸ਼ਾਮਲ ਸਨ। ਦੋਵਾਂ ਜਥਿਆਂ ਲਈ ਤਿਆਰ ਕੀਤੇ ਗਏ ਵਹੀਕਲਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬੈਨਰਾਂ ਆਦਿ ਨਾਲ ਸ਼ੰਗਾਰਿਆ ਗਿਆ ਸੀ ਅਤੇ ਉਹਨਾਂ ਉਪਰ ਮਜ਼ਦੂਰਾਂ-ਕਿਸਾਨਾਂ ਦੇ ਸੰਗਰਾਮੀ ਯੋਧਿਆਂ ਦੀਆਂ ਤਸਵੀਰਾਂ ਤੋਂ ਇਲਾਵਾ ਜਥੇ ਦੇ ਉਦੇਸ਼ਾਂ ਤੇ ਲੋਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਵੀ ਉਭਾਰਿਆ ਗਿਆ ਸੀ। ਜਥਿਆਂ ਵਿਚ ਮੋਟਰਸਾਇਕਲਾਂ ਦੇ ਕਾਫ਼ਲੇ ਵੀ ਸ਼ਾਮਲ ਸਨ।
ਜਥਿਆਂ ਨੂੰ ਰਵਾਨਾ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਹਰਕੰਵਲ ਸਿੰਘ ਨੇ ਕਿਹਾ ਕਿ ਇਹ ਜਥਾ ਮਾਰਚ ਕੇਂਦਰੀ ਤੇ ਰਾਜ ਸਰਕਾਰਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਕਾਰਨ ਵੱਧ ਰਹੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਜਗਾਉਣ ਦੇ ਨਾਲ-ਨਾਲ ਸੰਘ ਪਰਿਵਾਰ ਦੇ ਮਨੂੰੂਵਾਦੀ ਮਨਸੂਬਿਆਂ ਵਿਰੁੱਧ ਵਿਚਾਰਧਾਰਕ ਤੇ ਰਾਜਨੀਤਕ ਸੰਘਰਸ਼ ਤਿੱਖਾ ਕਰਨ ਅਤੇ ਇਹਨਾਂ ਲੋਕ- ਦੁਸ਼ਮਣ ਸਿਆਸੀ ਗਠਜੋੜਾਂ ਦੇ ਟਾਕਰੇ ਲਈ ਲੋਕ-ਪੱਖੀ ਖੱਬਾ-ਜਮਹੂਰੀ ਬਦਲ ਉਭਾਰਨ ਦਾ ਸੱਦਾ ਵੀ ਦੇਵੇਗਾ।
ਦੋਵਾਂ ਜਥਿਆਂ ਨੇ ਜਲ੍ਹਿਆਂਵਾਲਾ ਬਾਗ ਤੋਂ ਤੁਰਕੇ ਹਾਲ ਗੇਟ ਤੱਕ ਸਾਂਝੇ ਰੂਪ ਵਿਚ ਪ੍ਰਦਰਸ਼ਨ ਕੀਤਾ। ਪਾਰਟੀ ਵਲੋਂ ਜਾਰੀ ਕੀਤੇ ਗਏ ਇਕ ਪੈ੍ਰੈਸ ਨੋਟ ਅਨੁਸਾਰ ਸਾਥੀ ਪਾਸਲਾ ਦੀ ਅਗਵਾਈ ਵਾਲੇ ਜਥੇ ਦਾ ਅਗਲਾ ਪੜਾਅ ਬੁਟਾਰੀ ਵਿਖੇ ਹੋਵੇਗਾ ਅਤੇ ਦੂਜਾ ਜਥਾ ਖਡੂਰ ਸਾਹਿਬ ਵਿਖੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰੇਗਾ