Now Reading
ਆਰ.ਐਮ.ਪੀ.ਆਈ. ਪੰਜਾਬ ਰਾਜ ਕਮੇਟੀ ਵਲੋਂ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ’ ਵਿਸ਼ੇ ‘ਤੇ ਸੈਮੀਨਾਰ

ਆਰ.ਐਮ.ਪੀ.ਆਈ. ਪੰਜਾਬ ਰਾਜ ਕਮੇਟੀ ਵਲੋਂ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ’ ਵਿਸ਼ੇ ‘ਤੇ ਸੈਮੀਨਾਰ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਵਲੋਂ ਅਕਤੂਬਰ ਇਨਕਲਾਬ ((1917 ਦੀ ਰੂਸੀ ਸਮਾਜਵਾਦੀ ਕ੍ਰਾਂਤੀ) ਦੀ ਵਰ੍ਹੇਗੰਢ ਮੌਕੇ 7 ਨਵੰਬਰ ਨੂੰ, ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ’ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੂਬਾ ਪੱਧਰੀ  ਸੈਮੀਨਾਰ ਦਾ ਆਯੋਜਨ ਕੀਤਾ ਗਿਆ।
”ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ” ਵਿਸ਼ੇ ਅਧੀਨ ਕੀਤੇ ਗਏ ਉਕਤ ਸੈਮੀਨਾਰ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ, ਡਾਕਟਰ ਜਸਵਿੰਦਰ ਨੇ ਕੁੰਜੀਵਤ ਭਾਸ਼ਣ ਦਿੰਦਿਆਂ  ਇਸ ਤੱਥ ‘ਤੇ ਵਿਸ਼ੇਸ਼ ਬਲ ਦਿੱਤਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਲੋਕ ਹਿਤੈਸ਼ੀ ਵਿਰਾਸਤ ਤੇ ਇਸ ਵਿਰਾਸਤ ਦੀ ਨਿਰੰਤਰਤਾ ਅਤੇ ਗੌਰਵ ਨੂੰ ਵਰਤਮਾਨ ਸਮੇਂ ‘ਚ ਹੋਰ ਡੂੰਘਾਈ ਨਾਲ ਸਮਝਣ ਅਤੇ ਆਤਮਸਾਤ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਹ ਸਮੇਂ ਨੇ ਸਿੱਧ ਕੀਤਾ ਹੈ ਕਿ ਕੋਈ ਵੀ ਲੋਕ ਹਿਤੈਸ਼ੀ ਫਲਸਫਾ ਜਦੋਂ ਸਰਵ ਪ੍ਰਵਾਨਿਤ ਹੋਣ ਵੱਲ ਵਧਦਾ ਹੈ ਤਾਂ ਇਸ ਫਲਸਫੇ ਦੇ ਜਮਾਤੀ, ਜਾਤੀ, ਧਾਰਮਿਕ ਅਤੇ ਖੇਤਰੀ ਦਾਅਵੇਦਾਰ ਪੈਦਾ ਹੋ ਜਾਂਦੇ ਹਨ। ਇਸ ਲਈ ਅਜਿਹੇ ਫਲਸਫੇ ਦੇ ਹਕੀਕੀ ਵਾਰਸਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇਨ੍ਹਾਂ ਅਖੌਤੀ ਦਾਅਵੇਦਾਰਾਂ ਵਲੋਂ  ਇਸ ਫਲਸਫੇ ਦੇ ਸਾਰ ਤੱਤ ਨਾਲ ਕੀਤੇ ਜਾਂਦੇ ਖਿਲਵਾੜ ਤੋਂ ਸੁਚੇਤ ਹੁੰਦੇ ਹੋਏ ਇਸ ਦੇ ਅਸਲ ਪਹਿਲੂਆਂ ਦੀ ਰਾਖੀ ਕਰਨ। ਇਸ ਸਮਝ ਦੀ ਹੋਰ ਵਿਆਖਿਆ ਕਰਦਿਆਂ ਉਨ੍ਹਾਂ ਚੇਤੇ ਕਰਾਇਆ ਕਿ ਵੰਨ-ਸੁਵੰਨੇ ਦਾਅਵੇਦਾਰ ਹੁੰਦਿਆਂ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਾਜ ਅਤੇ ਫਲਸਫੇ ਦਾ ਜਾਨਸ਼ੀਨ ਲਹਿਣਾ ਜੀ ਨੂੰ ਬਣਾਇਆ।
ਵਿਦਵਾਨ ਬੁਲਾਰੇ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਮਨੁੱਖ ਨੂੰ ਹੀਣਾ ਬਨਾਉਣ ਵਾਲੇ ਕਰਮ ਕਾਂਡ ਅਤੇ ਹੋਰ  ਸਮਾਜਿਕ ਬੁਰਾਈਆਂ ਨੂੰ ਰੱਦ ਕਰਦਿਆਂ, ਇਸ ਦੀ ਥਾਂ ਅਮਲੀ ਜੀਵਨ ਵਿੱਚ ਨੈਤਿਕਤਾ ਤੇ ਸਮਾਨਤਾ ਦੇ ਲੋਕ ਹਿਤੂ ਸੰਕਲਪਾਂ ਆਧਾਰਿਤ ਸਮਾਜਿਕ ਵਿਵਸਥਾ ਅਤੇ ਨਿਆਂ ਪ੍ਰਣਾਲੀ ਦੀ ਸਥਾਪਨਾ ਲੋਚਦੀ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕਿਸੇ ਵੀ ਕਿਸਮ ਦੇ ਜਨਮ ਅਧਾਰਿਤ ਵਿਤਕਰੇ, ਭਾਵ ਜਾਤੀ ਅਤੇ ਲਿੰਗ ਅਧਾਰਿਤ ਭੇਦਭਾਵ ਦੇ ਖਿਲਾਫ਼ ਤਾਉਮਰ ਜੂਝਦੇ ਰਹੇ ਪਰ ਮੰਦੇ ਭਾਗੀਂ ਇਹ ਅਮਾਨਵੀ ਵਰਤਾਰਾ ਹਾਲੇ ਵੀ ਮੌਜੂਦ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਰਥਿਕ ਪਾੜੇ ਲਈ ਵੀ ਕਿਸੇ ਅਗੰਮੀ ਤਾਕਤ ਦੀ ਥਾਂ ਸਮਾਜਕ ਢਾਂਚੇ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਮਾਨਵਦੋਖੀ ‘ਬ੍ਰਾਹਮਣਵਾਦੀ ਧਾਰਨਾਵਾਂ’ ਦਾ ਡਟਵਾਂ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਨਾਨਕ ਦੇਵ ਜੀ ਵਲੋਂ ਰੱਦ ਕੀਤੇ ਗਏ ਸਾਰੇ ਲੋਕ ਦੋਖੀ ਸਰੋਕਾਰ ਅਜੋਕੇ ਹਾਕਮਾਂ ਵਲੋਂ ਪੂਰੀ ਸ਼ਕਤੀ ਨਾਲ ਲੋਕਾਂ ‘ਤੇ ਠੋਸੇ ਜਾ ਰਹੇ ਹਨ। ਉਨ੍ਹਾਂ ਇਸ ਜਬਰੀ ਠੋਸੇ ਜਾ ਰਹੀ ਲੋਕ ਦੋਖੀ ਹਾਕਮ ਜਮਾਤੀ  ਮਾਨਸਿਕਤਾ ਨੂੰ ਨਕਲੀ ਚੇਤਨਾ ਦਾ ਨਾਂ ਦਿੱਤਾ।
ਉਨ੍ਹਾਂ ਇਸ ਤੱਥ ਦੀ ਵੀ ਠੋਸ ਵਿਆਖਿਆ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਨਾ ਕੇਵਲ ਵਿਆਪਕ ਹੈ, ਬਲਕਿ ਕੁਦਰਤ ਅਤੇ ਕਾਇਨਾਤ ਨਾਲ ਪੀਡਾ ਜੁੜਿਆ ਹੋਇਆ ਹੈ। ਇਸੇ ਕਰਕੇ  ਬਾਬੇ ਨਾਨਕ ਦੀ ਵਿਰਾਸਤ ਸਾਰੇ ਸੰਸਾਰ ਦੀ ਵਿਰਾਸਤ ਹੈ ਅਤੇ ਕਿਸੇ ਵੀ ਕਿਸਮ ਦੀ ਤੰਗਨਜਰੀ ਜਾਂ ਪ੍ਰਤੀਕਿਰਿਆਵਾਦ ਨਾਨਕ ਬਾਣੀ ਦੇ ਮੇਚ ਦਾ ਨਹੀਂ। ਆਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਦੇਵ ਜੀ ਹਰ ਉਸ ਥਾਂ ਗਏ ਜੋ ਗਿਆਨ ਦਾ ਕੇਂਦਰ ਸਮਝੀ ਜਾਂਦੀ ਸੀ ਅਤੇ ਉਥੇ ਜਾ ਕੇ ਗੱਲਾਂ ਵੀ ਗਿਆਨ ਦੀਆਂ ਹੀ ਕੀਤੀਆਂ । ਇਹ ਵੀ ਗੌਰਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਅਜਿਹੇ ਥਾਂਵਾਂ ‘ਤੇ ਪੂਰੀ ਤਿਆਰੀ ਨਾਲ ਗਏ। ਇਸ ਸੰਦਰਭ ‘ਚ ਉਨ੍ਹਾਂ ਅੱਗੋਂ ਕਿਹਾ ਕਿ ਲੋਕ ਵਿਰੋਧੀ ਗੱਲਾਂ ਬੇਸ਼ਕ ਕਿੰਨੀਆਂ ਹੀ ਧਾਰਮਿਕ ਪੁਸਤਕਾਂ ਦਾ ਹਵਾਲਾ ਦੇ ਕੇ ਕਹੀਆਂ ਜਾਣ ਅੰਤ ਨੂੰ ਗਲਤ ਹੀ ਸਿੱਧ ਹੋਣੀਆਂ ਹਨ। ਉਨ੍ਹਾਂ ਇਹ ਵੀ ਜੋੜਿਆ ਕਿ ਨੈਤਿਕਤਾ ਹਮੇਸ਼ਾਂ ਜਮਾਤੀ ਖਾਸੇ ਅਨੁਸਾਰ ਹੁੰਦੀ ਹੈ।
ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਮਾਂ ਬੋਲੀ ਦੇ ਉੱਘੇ ਲੇਖਕ ਅਤੇ ਮਾਨਵਤਾਵਾਦੀ ਕਾਰਕੁੰਨ ਜਸਵੰਤ ਜਫ਼ਰ ਜੀ ਨੇ ਆਪਣੇ ਸੰਖੇਪ, ਦਿਲ ਟੁੰਬਵੇਂ ਸੰਬੋਧਨ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸਮਾਜਿਕ ਅਤੇ ਰਾਜਸੀ ਪਹਿਲੂਆਂ ‘ਤੇ ਰੋਸ਼ਨੀ ਪਾਉਂਦਿਆਂ ਇਨ੍ਹਾਂ ਨੂੰ ਗੰਭੀਰਤਾ ਨਾਲ ਸਮਝਣ ‘ਤੇ ਜੋਰ ਦਿੱਤਾ ਅਤੇ ਕਿਹਾ ਕਿ ਅਜੋਕੇ ਦੌਰ ਵਿੱਚ ਉਕਤ ਲੋਕ ਹਿਤੂ ਪਹਿਲੂ, ਖਾਸ ਕਰਕੇ ਸਾਂਝੀਵਾਲਤਾ ਦਾ ਸੰਕਲਪ, ਹੋਰ ਵੀ ਵਧੇਰੇ ਪ੍ਰਸੰਗਿਕ ਬਣ ਗਿਆ ਹੈ। ਆਪਣੀ ਜਾਣੀ ਪਛਾਣੀ ਵਿਅੰਗ ਸ਼ੈਲੀ ‘ਚ ਗੁੱਝੀ ਚੋਟ ਕਰਦਿਆਂ ਉਨ੍ਹਾਂ ਕਿਹਾ ਕਿ, ”ਲੋਕੀਂ ਦੂਜੇ ਦੇ ਪਹਿਰਾਵੇ ਦੀ ‘ਭੇਖ’ ਕਹਿ ਕੇ ਨਿੰਦਿਆ ਕਰਦੇ ਹਨ ਅਤੇ ਆਪਣੇ ‘ਭੇਖਾਂ’ ਨੂੰ ਵੀ ‘ਬਾਣਾ’ ਕਹਿ ਕੇ ਵਡਿਆਉਂਦੇ ਹਨ।” ਉਨ੍ਹਾਂ ਕਿਹਾ ਕਿ ਸਾਡਾ ਸੁਭਾਅ ਬਣ ਗਿਆ ਹੈ ਕਿ ਅਸੀਂ ਵੱਖਰੇਵੇਂ ਵਾਲੇ ਮੁੱਦਿਆਂ ‘ਤੇ ਵਧੇਰੇ ਜ਼ੋਰ ਦਿੰਦੇ ਹਾਂ ਜਦਕਿ ਸਹਿਮਤੀ ਵਾਲੇ ਅਨੇਕਾਂ ਮਸਲੇ ਅਣਡਿੱਠ ਕਰ ਦਿੰਦੇ ਹਾਂ।
ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੰਚ ‘ਤੇ ਸੁਸ਼ੋਭਿਤ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾਕਟਰ ਦਰਸ਼ਨ ਬੁੱਟਰ ਨੇ ਆਪਣੇ ਸੰਬੋਧਨ ਦੌਰਾਨ ਅਜਿਹੇ ਸੈਮੀਨਾਰ ਸੱਦਣ ਦੀ ਨਿਵੇਕਲੀ ਪਹਿਲਕਦਮੀ ਲਈ ਪਾਰਟੀ ਨੂੰ ਮੁਬਾਰਕਬਾਦ ਦਿੰਦਿਆਂ ਲੁੱਟੇ ਤੇ ਲਿਤਾੜੇ ਲੋਕਾਂ ਦੀ ਹਕੀਕੀ ਬੰਦ ਖਲਾਸੀ ਦੇ ਸੰਗਰਾਮ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਹਾਂ-ਪੱਖੀ ਸਰੋਕਾਰਾਂ ਤੋਂ ਯੋਗ ਅਗਵਾਈ ਲੈਣ ‘ਤੇ ਬਲ ਦਿੱਤਾ।                    ਆਪਣੇ ਸੰਬੋਧਨ ਵਿੱਚ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਾਰਟੀ ਲੁੱਟ ਚੋਂਘ ਦੇ ਰਾਜ ਪ੍ਰਬੰਧ ਦੇ ਖਾਤਮੇ ਲਈ ਚੱਲਦੇ ਲੋਕ ਸੰਗਰਾਮਾਂ ਵਿੱਚ ਜਿੱਥੇ  ਮਾਰਕਸੀ-ਲੈਨਿਨੀ ਵਿਗਿਆਨਕ ਵਿਚਾਰਧਾਰਾ ਤੋਂ ਅਗਵਾਈ ਲਵੇਗੀ, ਉੱਥੇ  ਨਾਲ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਅਤੀਤ ਦੇ ਅਜਿਹੇ ਹੋਰ ਮਹਾਨ ਦਾਰਸ਼ਨਿਕਾਂ ਤੇ ਰਾਹ ਵਿਖਾਵਿਆਂ ਤੋਂ ਵੀ ਪ੍ਰੇਰਣਾ ਲਵੇਗੀ ।
ਸੈਮੀਨਾਰ ਦੀ ਕਾਰਵਾਈ ਉੱਘੇ ਬੁੱਧੀਜੀਵੀ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ.  ਕਰਮਜੀਤ ਸਿੰਘ ਵਲੋਂ ਚਲਾਈ ਗਈ । ਸੈਮੀਨਾਰ ਦੇ ਆਰੰਭ  ਵਿੱਚ ਉਨ੍ਹਾਂ ਸਾਰੇ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ।
ਇਸ ਮੌਕੇ ‘ਮੁਸਾਫਿਰ ਬੈਂਡ’ ਦੇ ਸੰਚਾਲਕ ਅਮਾਨ ਸਿੱਧੂ ਨੇ ਫਲਸਫੇ ਦੀ ਅਜੋਕੀ ਪ੍ਰਸੰਗਿਕਤਾ ਨੂੰ ਦਰਸਾਉਂਦੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਮੰਚ ‘ਤੇ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ, ਐਕਟਿੰਗ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਇ ਖਜਾਨਚੀ ਸਾਥੀ ਲਾਲ ਚੰਦ ਕਟਾਰੂ ਚੱਕ ਅਤੇ ‘ਆਪ’ ਆਗੂ ਰਵਿੰਦਰ ਪਾਲ ਸਿੰਘ ਪਾਲੀ ਵੀ ਬਿਰਾਜਮਾਨ ਸਨ।
ਰੀਪੋਰਟ : ਮਹੀਪਾਲ

 

 

 

ਬਠਿੰਡਾ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਸੈਮੀਨਾਰ
ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ  ਇਥੋਂ ਦੇ ਟੀਚਰਜ਼ ਹੋਮ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਹਾਲ ਵਿੱਚ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ, ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਦਿਵਸ ਮੌਕੇ ਆਯੋਜਿਤ ਇਸ ਸੈਮੀਨਾਰ ਵਿੱਚ ਉੱਘੇ ਵਿਦਵਾਨ ਸਤਨਾਮ ਚਾਨਾ ਨੇ ”ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਵਰਤਮਾਨ ਦੌਰ ਵਿੱਚ ਪ੍ਰਸੰਗਿਕਤਾ” ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਦਿੱਤਾ। ਸ਼੍ਰੀ ਚਾਨਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸ਼ੋਸ਼ਕਾਂ ਅਤੇ ਬਦੇਸ਼ੀ ਧਾੜਵੀਆਂ ਦੀ ਜੋ ਧੜੱਲੇਦਾਰ ਨਿਸ਼ਾਨਦੇਹੀ ਅਤੇ ਬੇਬਾਕ ਆਲੋਚਨਾ ਕੀਤੀ ਉਹ ਨਾ ਕੇਵਲ ਅਜੋਕੇ ਸਮੇਂ ਢੁਕਵੀਂ ਹੈ ਬਲਕਿ ਭਵਿੱਖ ਵਿੱਚ ਵੀ ਸਮਾਨਤਾ ਆਧਾਰਿਤ ਸਮਾਜ ਦੀ ਸਿਰਜਣਾ ਦੇ ਸੰਗਰਾਮਾਂ ਵਿੱਚ ਪ੍ਰੇਰਣਾ ਦਾ ਸੋਮਾ ਬਣੀ ਰਹੇਗੀ । ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਮੁੱਖ ਆਧਾਰ ਸਾਂਝੀਵਾਲਤਾ ਦਾ ਸੰਕਲਪ ਹੈ ਅਤੇ ਵਰਤਮਾਨ ਦੌਰ ਵਿੱਚ ਇਸ ਮਾਨਵ ਹਿਤੈਸ਼ੀ ਸੰਕਲਪ ਨੂੰ ਦੇਸੀ ਬਦੇਸ਼ੀ ਲੁਟੇਰਿਆਂ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੀਆਂ ਵੰਡਵਾਦੀ ਤਾਕਤਾਂ ਵਲੋਂ ਭਾਰੀ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਰਕਵਾਦੀ ਨਜ਼ਰੀਏ ਦੀ ਉਨ੍ਹਾਂ ਦੇ ਜੀਵਨ ਕਾਲ ਨਾਲੋਂ ਵੀ ਵਧੇਰੇ ਜਰੂਰਤ ਹੈ ਪਰ ਹੁਕਮਰਾਨ ਜਮਾਤਾਂ ਦੇ ਹਿਤਾਂ ਦੀਆਂ ਪਹਿਰਾਬਰਦਾਰ ਧਿਰਾਂ ਵਲੋਂ ਇਸ ਨਜ਼ਰੀਏ ਨੂੰ ਸਾਜਿਸ਼ ਅਧੀਨ ਲੋਕ ਚੇਤਨਾ ‘ਚੋਂ ਮਨਫੀ ਕੀਤਾ ਜਾ ਰਿਹਾ ਹੈ। ਵਿਦਵਾਨ ਬੁਲਾਰੇ ਨੇ ਕਿਹਾ ਕਿ ਸਾਢੇ ਪੰਜ ਸੌ ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਜਨਮ ਆਧਾਰਿਤ ਵਖਰੇਵਿਆਂ ਭਾਵ ਜਾਤੀ-ਪਾਤੀ ਭੇਦਭਾਵ, ਲਿੰਗ ਅਧਾਰਿਤ ਵਿਤਕਰੇ ਅਤੇ ਆਰਥਿਕ ਪਾੜੇ ਨੂੰ ਮਾਨਵਤਾ ਲਈ ਘਾਤਕ ਕਰਾਰ ਦਿੰਦਿਆਂ ਇਨ੍ਹਾਂ ਵਰਤਾਰਿਆਂ ਦੀ ਘੋਰ ਨਿੰਦਾ ਕੀਤੀ ਸੀ ਉਹ ਅਮਾਨਵੀ ਵਰਤਾਰੇ ਅੱਜ ਸਗੋਂ ਹੋਰ ਵੀ ਜੋਰ ਫੜ ਚੁੱਕੇ ਹਨ। ਸਾਥੀ ਚਾਨਾ ਹੋਰਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਵਡਿਆਈ ਇਹ ਹੈ ਕਿ ਉਨ੍ਹਾਂ ਨੇ ਪ੍ਰਗਤੀ ਹਾਮੀ ਵਿਚਾਰਧਾਰਕ ਸੰਗਰਾਮ ਦੀ ਭਰੋਸੇਯੋਗ ਚਾਲਕ ਸ਼ਕਤੀ ਵਜੋਂ ਪੰਜ ਸਦੀਆਂ ਪਹਿਲਾਂ ਕਿਰਤੀ ਜਮਾਤ ਦੀ ਮੁੱਖ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ।
ਇਸ ਮੌਕੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਦੇਸ਼ੀ ਧਾੜਵੀਆਂ ਦੀ ਜੋ ਨਿਸ਼ਾਨਦੇਹੀ ਕੀਤੀ ਸੀ ਉਸ ਦਾ ਮੌਜੂਦਾ ਸਰੂਪ ਅਮਰੀਕਣ ਸਾਮਰਾਜ ਦੀ ਅਗਵਾਈ ਵਾਲਾ ਅਮੀਰ ਦੇਸ਼ਾਂ ਦਾ ਗੁਟ ਹੈ ਅਤੇ ਅਜੋਕੇ ਭਾਰਤੀ ਹਾਕਮ ਇਨ੍ਹਾਂ ਨਾਲ ਘਿਓ ਖਿਚੜੀ ਹੋ ਕੇ ਦੇਸ਼ ਅਤੇ ਦੇਸ਼ ਵਾਸੀਆਂ ਦੀ ਬੇਕਿਰਕ ਲੁੱਟ ‘ਚ ਗਲਤਾਨ ਹਨ। ਇਨ੍ਹਾਂ ਦੀ ਲੁੱਟ ਦਾ ਮੁੱਖ ਔਜਾਰ ਨਿਜੀਕਰਨ-ਉਦਾਰੀਕਰਨ-ਸੰਸਾਰੀਕਰਨ ਕਰਨ ਦੇ ਖਾਸੇ ਵਾਲੀਆਂ ਨਵਉਦਾਰਵਾਦੀ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸੰਸਾਰ ਭਰ ਦੇ ਮਲਕ ਭਾਗੋ ਉਪਰੋਕਤ ਨੀਤੀਆਂ ਦੇ ਪੈਰੋਕਾਰ ਹਨ ਅਤੇ ਅਜੋਕੇ ਭਾਈ ਲਾਲੋ ਇਨ੍ਹਾਂ ਨੀਤੀਆਂ ਦੀ ਅਸਹਿ ਮਾਰ ਝੱਲ ਰਹੇ ਹਨ । ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੇਸ਼ ਵਿੱਚ ਅੱਜ ਉਨ੍ਹਾਂ  ਦੇ ਦੁਲਾਰੇ  ਥਾਂ-ਥਾਂ ਮੁਸਲਮਾਨਾਂ ਅਤੇ ਦੂਜੀਆਂ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ, ਆਦਿਵਾਸੀਆਂ ਅਤੇ ਆਮ ਕਿਰਤੀਆਂ ਨੂੰ ਅਣਕਿਆਸੇ ਅੱਤਿਆਚਾਰਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਜ਼ਿਸ਼ੀ ਵਿਉਂਤਬੰਦੀ ਤਹਿਤ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਧਰਮਨਿਰਪੱਖ, ਜਮਹੂਰੀ ‘ਤੇ ਫੈਡਰਲ ਸਰੋਕਾਰਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ । ਸਾਥੀ ਪਾਸਲਾ ਨੇ ਕਿਹਾ ਕਿ ਇੱਕ ਗੱਲ ਪੱਕੇ ਭਰੋਸੇ ਨਾਲ ਕਹੀ ਜਾ ਸਕਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਜੀਵਨ ਕਾਲ ਵਿੱਚ  ਲੋਕਾਂ ਸਨਮੁੱਖ ਲੋਕਾਈ ਦੇ ਮੁੱਖ ਦੋਖੀਆਂ ਵਜੋਂ ਸਥਾਪਤ ਕੀਤੇ ਗਏ ਖਲਨਾਇਕਾਂ ਦੀ  ਅਜੋਕੀ ਪਛਾਣ  ਸਾਮਰਾਜੀ ਅਤੇ ਕਾਰਪੋਰੇਟ ਪੂੰਜੀ ਹੈ ਅਤੇ ਇਸ ਵਿਰੁੱਧ ਬੇਲਿਹਾਜ਼ ਸੰਗਰਾਮ ਹੀ ਵਰਤਮਾਨ ਕਾਲ ਵਿੱਚ ਬਾਬਾ ਗੁਰੂ  ਨਾਨਕ ਜੀ ਦੇ ਫਲਸਫੇ ਦਾ ਮੁੱਖ ਕਾਰਜ ਅਤੇ ਲੱਛਣ ਹੈ। ਸਾਥੀ ਪਾਸਲਾ ਨੇ ਜੋਰ ਦੇ ਕੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਜਿਹੇ ਹੀ ਹੋਰ ਦਾਰਸ਼ਨਿਕਾਂ ਅਤੇ ਜੁਝਾਰੂਆਂ ਦੀ ਹਾਂ ਪੱਖੀ ਵਿਰਾਸਤ ਨੂੰ ਨਾਲ ਜੋੜੇ ਬਗੈਰ ਕਿਰਤੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਅਜੋਕੀ ਲਹਿਰ ਲੋੜੀਂਦੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਣੀ ।
ਮੰਚ ਸੰਚਾਲਨ ਦੀ ਭੂਮਿਕਾ ਸਾਥੀ ਮਹੀਪਾਲ ਵਲੋਂ ਬਾਖੂਬੀ ਅਦਾ ਕੀਤੀ ਗਈ। ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ ਵਲੋਂ ਕੀਤੀ ਗਈ । ਸੈਮੀਨਾਰ ਦੇ ਸ਼ੁਰੂ ਵਿੱਚ ਇੱਕ ਸ਼ੋਕ ਮਤੇ ਰਾਹੀਂ  ਬੀਤੇ ਦਿਨੀਂ ਸੰਗਰੂਰ ਜਿਲ੍ਹੇ ਦੇ ਪਿੰਡ ਚੰਗਾਲੀਵਾਲ ਵਿਖੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ  ਦੇਣ ਵਾਲੇ ਦਲਿਤ ਨੌਜਵਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ । ਬਠਿੰਡਾ ਜਿਲ੍ਹੇ ਨਾਲ ਸਬੰਧਤ ਵਿਛੋੜਾ ਦੇ ਗਏ  ਕਮਿਊਨਿਸਟ ਅਤੇ ਜਨਤਕ ਆਗੂਆਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।

Scroll To Top