Now Reading
ਆਰਐੱਮਪੀਆਈ ਸ਼ੁਰੂ ਕਰੇਗੀ “ਲੋਕ ਜਗਾਓ ਲੁਟੇਰੇ ਭਜਾਓ ਜਥਾ ਮਾਰਚ”

ਆਰਐੱਮਪੀਆਈ ਸ਼ੁਰੂ ਕਰੇਗੀ “ਲੋਕ ਜਗਾਓ ਲੁਟੇਰੇ ਭਜਾਓ ਜਥਾ ਮਾਰਚ”

12 ਨਵੰਬਰ ਨੂੰ ਜਲਿਆਂਵਾਲਾ ਬਾਗ ਤੋਂ ਰਵਾਨਾ ਹੋਣਗੇ ਦੋ ਜਥੇ

10 ਦਸੰਬਰ ਨੂੰ ਜਲੰਧਰ ‘ਚ ਵਿਸ਼ਾਲ ਰੈਲੀ ਨਾਲ ਹੋਵੇਗਾ ਜਾਗਰੂਕਤਾ ਮੁਹਿੰਮ ਦਾ ਸਮਾਪਨ

ਜਲੰਧਰ : ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੂਬੇ ਅੰਦਰ ਇੱਕ ਹਕੀਕੀ ਲੋਕਪੱਖੀ ਰਾਜਸੀ ਬਦਲ ਦੀ ਉਸਾਰੀ ਲਈ ਆਰਐਮਪੀਆਈ ਵੱਲੋਂ ਰਾਜ ਭਰ ‘ਚ 12 ਤੋਂ 21 ਨਵੰਬਰ ਤੱਕ “ਲੋਕ ਜਗਾਓ ਲੁਟੇਰੇ ਭਜਾਓ” ਜਥਾ ਮਾਰਚ ਕੀਤੇ ਜਾਣਗੇ। ਇਹ ਫ਼ੈਸਲਾ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਇਸ ਗੱਲ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਮੋਦੀ ਹਕੂਮਤ ਵੱਲੋਂ ਬੇਕਿਰਕੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਜਿਥੇ ਇਕ ਪਾਸੇ ਲੋਕਾਂ ਦੀਆਂ ਦੁਸ਼ਵਾਰੀਆਂ ‘ਚ ਅਥਾਹ ਵਾਧਾ ਹੋ ਰਿਹਾ ਹੈ, ਓਥੇ ਦੇਸ਼ ਦਾ ਅਰਥਚਾਰਾ ਬੁਰੀ ਤਰ੍ਹਾਂ ਚਰਮਰਾ ਗਿਆ ਹੈ ਅਤੇ ਭਰਿਸ਼ਟਾਚਾਰ ਤੇ ਘੁਟਾਲਿਆਂ ਦਾ ਕੋਈ ਹੱਦ ਬੰਨਾ ਹੀ ਨਹੀਂ ਰਿਹਾ। ਇਸ ਚੌਤਰਫਾ ਮਾਰ ਦੀ ਲਪੇਟ ਵਿੱਚ ਆਈ ਲੋਕਾਈ ਦੇ ਰੋਹ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਆਰਐੱਸਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜ ਨੂੰ ਵੰਡਣ ਲਈ ਫਿਰਕੂ ਭੜਕਾਹਟਾਂ ਪੈਦਾ ਕਰਨ ਦੇ ਰਾਹ ਪਈ ਹੋਈ ਹੈ। ਇਸ ਘਿਨਾਉਣੀ ਮੰਤਵ ਪ੍ਰਾਪਤੀ ਲਈ ਫਿਰਕੂ ਭੀੜਾਂ ਨੂੰ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਦੀ ਕਤਲਗਾਹ ‘ਚ ਤਬਦੀਲ ਕਰਨ ਦੀ ਪੂਰੀ ਖੁੱਲ੍ਹ ਦੇ ਰੱਖੀ ਹੈ।
ਧਰਮ ਨਿਰਪੱਖਤਾ ਤੇ ਜਮਹੂਰੀਅਤ ਦਾ ਘਾਣ ਕਰਨ ਵਾਲੇ ਇਸ ਵਰਤਾਰੇ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਉਹਨਾਂ ਨੂੰ ਜੇਲਾਂ ‘ਚ ਸੁੱਟਿਆ ਜਾ ਰਿਹਾ ਹੈ। ਤੇਲ ਦੀਆਂ ਕੀਮਤਾਂ ‘ਚ ਊਠ ਤੋਂ ਛਾਣਨੀ ਲਾਹੁਣ ਵਰਗੀ ਕਟੌਤੀ, ਕਣਕ ਅਤੇ ਹਾੜ੍ਹੀ ਦੀਆਂ ਹੋਰਨਾਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਮੋਦੀ ਦੀ ਡਰਾਮੇਬਾਜ਼ੀ ਕਰਾਰ ਦਿੰਦਿਆਂ ਸੂਬਾ ਕਮੇਟੀ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਉਹ ਮੋਦੀ ਦੀਆਂ ਚਾਲਾਂ ਨੂੰ ਸਮੇਂ ਸਿਰ ਪਛਾਣ ਕੇ ਇਹਨਾਂ ਵਿਰੁੱਧ ਸੰਘਰਸ਼ਾਂ ਦੇ ਮੈਦਾਨ ਵਿੱਚ ਨਿੱਤਰਨ।
ਉਨ੍ਹਾਂ ਅੱਗੇ ਦੱਸਿਆ ਕਿ ਆਰਐੱਮਪੀਆਈ ਦੀ ਸੂਬਾ ਕਮੇਟੀ ਨੇ ਇਹ ਵੀ ਨੋਟ ਕੀਤਾ ਹੈ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਮੋਦੀ-ਮਨਮੋਹਨ ਮਾਰਕਾ ਨੀਤੀਆਂ ‘ਤੇ ਹੀ ਚੱਲ ਰਹੀ ਹੈ। ਇਸ ਸਰਕਾਰ ਵਲੋਂ ਪਿਛਲੇ ਦਿਨੀ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਤਨਖਾਹ ‘ਚ 65 ਫੀਸਦੀ ਦੀ ਕਟੌਤੀ ਦੀ ਰੱਖੀ ਗਈ ਸ਼ਰਤ, ਇਸ ਵਿੱਚ ਕੋਈ ਸ਼ੱਕ ਨਹੀਂ ਰਹਿਣ ਦਿੰਦੀ ਕਿ ਮੋਦੀ ਤੇ ਅਮਰਿੰਦਰ ਸਰਕਾਰ ਵਿੱਚ ਜੇ ਕੋਈ ਫਰਕ ਹੈ ਤਾਂ ਸਿਰਫ ਰੰਗ ਦਾ ਹੀ ਹੈ, ਨੀਤੀਆਂ ਦੋਹਾਂ ਦੀਆਂ ਇੱਕ ਹੀ ਹਨ। ਇਹ ਵੀ ਨੋਟ ਕੀਤਾ ਗਿਆ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਵਰਤ ਕੇ ਕੈਪਟਨ ਸਰਕਾਰ ਤੇ ਬਾਦਲ ਅਕਾਲੀ ਦਲ ਸਮੇਤ ਦੂਸਰੀਆਂ ਧਿਰਾਂ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦੇ ਰਾਹ ਪਈਆਂ ਹੋਈਆਂ ਹਨ। ਸੂਬਾ ਕਮੇਟੀ ਨੇ ਲੋਕਾਂ ਨੂੰ ਇਹਨਾਂ ਭੜਕਾਹਟਾਂ ਤੋਂ ਸੁਚੇਤ ਰਹਿਣ ਅਤੇ ਆਪਣੇ ਅਸਲ ਮੁੱਦਿਆਂ ਨੂੰ ਨਾ ਵਿਸਾਰਦੇ ਹੋਏ ਉਹਨਾਂ ਦੇ ਹੱਲ ਲਈ ਸਾਂਝੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।
ਸੂਬਾ ਕਮੇਟੀ ਨੇ ਚੰਡੀਗੜ੍ਹ ਤੋਂ ਪੰਜਾਬ ਦੇ ਹੱਕ ਨੂੰ ਖਤਮ ਕਰਨ ਵਾਲੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਬਾਰੇ ਚੁੱਪ ਧਾਰਨ ਲਈ ਬਾਦਲ ਅਕਾਲੀ ਦਲ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਬਾਦਲ ਦਲ ਦੀ ਇਹ ਸਾਜ਼ਿਸ਼ੀ ਚੁੱਪ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਧਰੋਹ ਹੈ। ਸੂਬਾ ਕਮੇਟੀ ਨੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਤੇ ਇਸ ਵਿਰੁੱਧ ਹਰ ਪੱਧਰ ‘ਤੇ ਸੰਘਰਸ਼ ਕਰਨ ਦਾ ਫ਼ੈਸਲਾ ਲਿਆ।
ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਦੇਸ਼ ਅਤੇ ਸੂਬੇ ਦੇ ਚਿੰਤਾਜਨਕ ਹਾਲਾਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਸੂਬੇ ਅੰਦਰ ਇੱਕ ਹਕੀਕੀ ਲੋਕਪੱਖੀ ਰਾਜਸੀ ਬਦਲ ਦੀ ਉਸਾਰੀ ਲਈ ਆਰਐੱਮਪੀਆਈ ਵੱਲੋਂ ਪੰਜਾਬ ਭਰ ‘ਚ “ਲੋਕ ਜਗਾਓ ਲੁਟੇਰੇ ਭਜਾਓ ਜਥਾ ਮਾਰਚ” ਕੀਤੇ ਜਾਣਗੇ। ਇਸ ਸਬੰਧ ‘ਚ ਦੋ ਜਥੇ ਜਲਿਆਂਵਾਲਾ ਬਾਗ ਤੋਂ 12 ਨਵੰਬਰ ਨੂੰ ਰਵਾਨਾ ਹੋਣਗੇ, ਜਿਹਨਾਂ ‘ਚੋਂ ਇਕ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਦੂਸਰੇ ਜਥੇ ਦੀ ਅਗਵਾਈ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਕਰਨਗੇ ਅਤੇ 21 ਨਵੰਬਰ ਤੱਕ ਇਹ ਜਥੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਉਹਨਾ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਸਮਾਪਨ ਜਲੰਧਰ ‘ਚ 10 ਦਸੰਬਰ ਨੂੰ ਇੱਕ ਵਿਸ਼ਾਲ ਰੈਲੀ ਨਾਲ ਹੋਵੇਗਾ।
ਆਰਐੱਮਪੀਆਈ ਦੀ ਸੂਬਾ ਕਮੇਟੀ ਨੇ ਮੋਦੀ ਅਤੇ ਕੈਪਟਨ ਅਮਰਿੰਦਰ ਵੱਲੋਂ ਦਲਿਤਾਂ ਤੇ ਬੇਜ਼ਮੀਨੇ ਲੋਕਾਂ ਨੂੰ ਰਿਹਾਇਸ਼ ਵਾਸਤੇ ਪਲਾਟ ਦੇਣ ਦੇ ਕੀਤੇ ਗਏ ਵਾਅਦੇ ਪੂਰੇ ਕਰਵਾਉਣ ਲਈ ਲੜੇ ਜਾ ਰਹੇ ਘੋਲ, ਅਧਿਆਪਕਾਂ ਅਤੇ ਵੱਖ ਵੱਖ ਵਰਗਾਂ ਦੇ ਮੁਲਾਜ਼ਮਾਂ ਦੇ ਹੱਕੀ ਸੰਘਰਸ਼ਾਂ ਦਾ ਮੁਕੰਮਲ ਸਮਰਥਨ ਕਰਦਿਆਂ ਮੁਕਤਸਰ ਜਿਲ੍ਹੇ ‘ਚ ਸੰਘਰਸ਼ਸ਼ੀਲ ਆਗੂਆਂ ‘ਤੇ ਦਰਜ ਬੇਬੁਨਿਆਦ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ।

 

Scroll To Top