Now Reading
ਆਪੋ-ਆਪਣਾ ਭਗਤ ਸਿੰਘ

ਆਪੋ-ਆਪਣਾ ਭਗਤ ਸਿੰਘ

ਮਹੇਸ਼ ਚੌਧਰੀ
ਖੁਸ਼ਬੂ ਸ਼ਰਮਾ
ਵਰਤਮਾਨ ਦੌਰ ਵਿੱਚ, ਜਦੋਂ ਹਰ ਇਤਿਹਾਸਕ ਸ਼ਖਸੀਅਤ ਨੂੰ ਵਿਵਾਦਗ੍ਰਸਤ ਬਣਾ ਦਿੱਤਾ ਗਿਆ ਹੈ, ਉਦੋਂ ਹਰ ਵਰ੍ਹੇ 23 ਮਾਰਚ ਅਤੇ 28 ਸਤੰਬਰ, ਦੋ ਅਜਿਹੇ ਦਿਹਾੜੇ ਹੁੰਦੇ ਹਨ ਜਦੋਂ ਦੇਸ਼ ਦਾ ਹਰ ਤਬਕਾ ਧੁਰ ਅੰਦਰੋਂ ਇੱਕ ਸ਼ਖਸੀਅਤ ਨੂੰ ਯਾਦ ਕਰਦਾ ਹੈ । ਇਸ ਸਰਵ ਪ੍ਰਵਾਣਿਤ ਹਸਤੀ ਦਾ ਨਾਂਅ ਹੈ ਭਗਤ ਸਿੰਘ ਤੇ ਪਹਿਲਾ ਦਿਹਾੜਾ ਉਨ੍ਹਾਂ ਦਾ ਸ਼ਹਾਦਤ ਦਿਵਸ ਹੈ ਜਦਕਿ ਦੂਜਾ ਦਿਹਾੜਾ ਜਨਮ ਦਿਵਸ । ਭਗਤ ਸਿੰਘ, ਅਜਿਹਾ ਯੋਧਾ ਜਿਸ ਦਾ ਖਿਆਲ ਆਉਂਦਿਆਂ ਹੀ ਮਨ ‘ਚ ਉਨ੍ਹਾਂ ਪ੍ਰਤੀ ਅਥਾਹ ਸਨਮਾਨ ਅਤੇ ਭਾਵਨਾਤਮਕ ਜੋਸ਼ ਹੁਲਾਰੇ ਮਾਰਨ ਲੱਗ ਪੈਂਦਾ ਹੈ । ਪਰੰਤੂ ਉਨ੍ਹਾਂ ਨੂੰ ਯਾਦ ਕਰਨ ਵੇਲੇ ਉਨ੍ਹਾਂ ਦੇ ਵਿਚਾਰਾਂ ਅਤੇ ਵਿਅਕਤੀਤਵ ਦੇ ਅਸਲੀ ਪੱਖਾਂ ਨੂੰ ਅੱਖੋਂ ਓਹਲੇ ਕਰਦਿਆਂ ਉਨ੍ਹਾਂ ਦੀ ਤਸਵੀਰ ਇੱਕ ਅਜਿਹੇ ਜੋਸ਼ੀਲੇ ਨੌਜਵਾਨ ਦੀ ਘੜ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਨੂੰ ਦੇਵ ਲੋਕ ਦੇ ਨਾਇਕਾਂ ਬਰਾਬਰ ਲਿਜਾ ਖੜ੍ਹਾ ਕਰਦੀ ਹੈ । ਉਨ੍ਹਾਂ ਬਾਰੇ ਦੁਨੀਆ ਦੀਆਂ ਵੱਖੋ-ਵੱਖ ਭਾਸ਼ਾਵਾਂ ਵਿੱਚ ਬੇਸ਼ੁਮਾਰ ਪੁਸਤਕਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਸੈਂਕੜੇ ਤਾਂ ਹਿੰਦੀ ਵਿੱਚ ਹੀ ਹਨ । ਇਨ੍ਹਾਂ ਅਣਗਿਣਤ ਕਿਤਾਬਾਂ ਨੂੰ ਪੜ੍ਹਨ ਉਪਰੰਤ ਉਨ੍ਹਾਂ ਦੀ ਸ਼ਖਸੀਅਤ ਅਤੇ ਵਿਚਾਰਾਂ ਬਾਰੇ ਇਸ ਹੱਦ ਤੱਕ ਘਚੋਲਾ ਖੜ੍ਹਾ ਹੋ ਜਾਂਦਾ ਹੈ ਕਿ ਸੱਚਾਈ ਦੀ ਤਹਿ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਿਲ ਪੈਦਾ ਹੋ ਜਾਂਦੀ ਹੈ । ਅੱਡੋ-ਅੱਡ ਵਿਚਾਰਾਂ ਦੇ ਲੋਕ ਉਨ੍ਹਾਂ ਦੇ ਵਿਚਾਰਾਂ ਅਤੇ ਵਿਅਕਤੀਤਵ ਦੀ ਵੱਖੋ-ਵੱਖ ਢੰਗਾਂ ਨਾਲ  ਵਿਆਖਿਆ ਕਰਦੇ ਹਨ ਜਿਸ ਦੇ ਸਿੱਟੇ ਵਜੋਂ ਸੱਚਾਈ ਅਤੇ ਮਿੱਥਾਂ ਵਿੱਚ ਅੰਤਰ ਕਰਨਾ ਔਖਾ ਹੋ ਜਾਂਦਾ ਹੈ । ਉਨ੍ਹਾਂ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਹਾੜੇ ਮੌਕੇ ਉਚੇਚ ਨਾਲ ਉਨ੍ਹਾਂ ਦੇ ਵਿਚਾਰਾਂ ਨੂੰ ਨਜਰਅੰਦਾਜ ਕਰਦਿਆਂ ਉਨ੍ਹਾਂ ਦੀ ਨਾਇਕ ਵਜੋਂ ਉਸਤਤ ਕੀਤੀ ਜਾਂਦੀ ਹੈ । ਅਜਿਹੇ ਹਾਲਾਤ ਵਿੱਚ, ਅਤਿ ਜਰੂਰੀ  ਹੈ ਕਿ ਇਤਿਹਾਸ ਅਤੇ ਮਿਥਿਹਾਸ ਦੇ ਫਰਕ ਨੂੰ ਸਮਝਦਿਆਂ ਅਸਲੀ ਭਗਤ ਸਿੰਘ ਨੂੰ ਮਿਲਣ ਦੇ ਸੰਜੀਦਾ ਯਤਨ ਕੀਤੇ ਜਾਣ । ਅਜਿਹੇ ਹੀ ਯਤਨਾਂ ਦੀ ਕੜੀ ਵਜੋਂ ਅਸੀਂ ਦਿੱਲੀ ਵਿਚਲੇ ਭਗਤ ਸਿੰਘ ਮਿਊਜ਼ੀਅਮ ਅਤੇ ਸ਼ੋਧ ਕੇਂਦਰ ਤੋਂ ਜਾਣਕਾਰੀਆਂ ਇਕੱਤਰ ਕੀਤੀਆਂ ।  ਇਸ ਤੋਂ ਇਲਾਵਾ ਇਸ ਸੰਸਥਾ ਨੂੰ ਪੰਦਰਾਂ ਸੌ ਤੋਂ ਵਧੇਰੇ ਪੁਸਤਕਾਂ, ਸੌ ਤੋਂ ਜਿਆਦਾ ਪੁਸਤਕਾਂ ਦੇ ਦੁਰਲੱਭ ਖਰੜੇ ਅਤੇ ਵੱਖੋ-ਵੱਖ ਥਾਵਾਂ ਤੋਂ ਇਕੱਤਰ ਕੀਤੇ ਮੂਲ ਦਸਤਾਵੇਜ਼ ਭੇਂਟ ਕਰਨ ਵਾਲੇ, ਭਗਤ ਸਿੰਘ ਬਾਰੇ ਡੂੰਘਾ ਅਧਿਐਨ ਕਰਨ ਵਾਲੇ ਅਤੇ ਇਸ ਸੰਸਥਾ ਦੇ ਸਲਾਹਕਾਰ (ਆਨਰੇਰੀ) ਪ੍ਰੋਫੈਸਰ ਚਮਨ ਲਾਲ ਨਾਲ ਵਿਸਤ੍ਰਿਤ ਵਿਚਾਰ ਚਰਚਾ ਕੀਤੀ ।
ਪ੍ਰੋਫ਼ੈਸਰ ਸਾਹਿਬ ਨੇ ਦੱਸਿਆ ਕਿ ਵੱਖੋ-ਵੱਖ ਮਾਧਿਅਮਾਂ ਰਾਹੀਂ ਭਗਤ ਸਿੰਘ ਹੋਰਾਂ ਦੀ ਦਿੱਖ ਅਜਿਹੀ ਬਣਾ ਦਿੱਤੀ ਗਈ ਹੈ ਕਿ ਉਨ੍ਹਾਂ ਦੀ ਅਸਲ ਸ਼ਖਸੀਅਤ ਨੂੰ ਸਮਝਣ ਵਿੱਚ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ । ਮਿਸਾਲ ਵਜੋਂ ਅਸਲ ਤਸਵੀਰਾਂ ਮੌਜੂਦ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਬਣਾਉਟੀ ਤਸਵੀਰਾਂ ਬਣਾਈਆਂ ਜਾ ਰਹੀਆਂ ਹਨ । ਕਲੰਡਰਾਂ, ਅਖਬਾਰਾਂ, ਕਿਤਾਬਚਿਆਂ ਰਾਹੀਂ ਲੋਕ ਮਨਾਂ ਵਿੱਚ ਭਗਤ ਸਿੰਘ ਦੀ ਅਜਿਹੀ ਤਸਵੀਰ ਤਾਮੀਰ ਕੀਤੀ ਜਾ ਰਹੀ ਹੈ ਜਿਸਦਾ ਅਸਲੀਅਤ ਨਾਲ ਉੱਕਾ ਹੀ ਕੋਈ  ਸੰਬੰਧ ਨਹੀਂ । ਉਕਤ ਕਾਰਵਾਈਆਂ ਕੁੱਝ ਲੋਕੀਂ ਭੋਲੇ ਭਾਅ ਵੀ ਕਰਦੇ ਹਨ ਪਰ ਬਹੁਤ ਸਾਰੇ ਲੁਕਵੇਂ ਅਜੰਡੇ ਅਧੀਨ ਘਚੋਲਾ ਪੈਦਾ ਕਰਨ ਲਈ ਜਾਣ ਬੁੱਝ ਕੇ ਅਜਿਹੇ ਕਾਰੇ ਕਰਦੇ ਹਨ । ਇਸ ਪਿਛੇ ਕਾਰਨ ਇਹ ਹੈ ਕਿ ਆਮ ਭਾਰਤੀ, ਕਾਲਪਨਿਕ  ਦੇਵਤਾਵਾਂ ਤੁੱਲ, ਮਿਥਿਹਾਸਕ, ਚਮਤਕਾਰੀ ਅਤੇ ਨਾਇਕਾਂ ਵਰਗੇ ਚਰਿੱਤਰਾਂ ਵਿੱਚ ਵਧੇਰੇ ਭਰੋਸਾ ਕਰਦੇ ਹਨ । ਅਜਿਹਾ ਕਰਦਿਆਂ ਅਸਲੀ ਚਰਿੱਤਰ ਕਦੋਂ ਅਤੇ ਕਿੱਥੇ ਗੁਆਚ ਜਾਂਦਾ ਹੈ ਇਸ ਦਾ ਪਤਾ ਖੁਦ ਲੋਕਾਈ ਨੂੰ ਵੀ ਨਹੀਂ ਹੁੰਦਾ । ਭਗਤ ਸਿੰਘ ਹੋਰਾਂ ਨਾਲ ਵੀ ਇਹੋ ਕੁੱਝ ਹੋਇਆ ਹੈ । ਉਨ੍ਹਾਂ ਬਾਰੇ ਲੋਕੀਂ ਅਸਲ ਸੱਚਾਈ ਜਾਨਣਾ ਹੀ ਨਹੀਂ ਚਾਹੁੰਦੇ । ਪਰ ਜੇ ਕੋਈ ਜਾਨਣਾ ਚਾਹੇ ਤਾਂ ਤੱਥ ਅਤੇ ਸਬੂਤ ਸਹਿਜੇ ਹੀ ਉਪਲੱਬਧ ਹੋ ਸਕਦੇ ਹਨ ।
ਭਗਤ ਸਿੰਘ ਅਤੇ ਹੋਰ ਇਨਕਲਾਬੀ ਬਾਰੇ ਅਨੇਕਾਂ ਵੱਡਮੁੱਲੀਆਂ ਪੁਸਤਕਾਂ ਅਤੇ ਲੇਖ ਲਿਖਣ ਵਾਲੇ ਜਵਾਹਰ ਲਾਲ ਨਹਿਰੂ  ਯੂਨੀਵਰਸਿਟੀ ਦਿੱਲੀ ਤੋਂ ਸੇਵਾ ਮੁਕਤ ਹੋਏ ਪ੍ਰੋਫੈਸਰ ਚਮਨ ਲਾਲ ਕਹਿੰਦੇ ਹਨ ਕਿ ਕੂੜ ਪ੍ਰਚਾਰ ਤੋਂ ਪਾਰ ਪਾਉਣ ਅਤੇ ਸੱਚ ਜਾਨਣ ਲਈ ਕਿਸੇ ਦੀਆਂ ਕਹੀਆਂ ਗੱਲਾਂ ‘ਤੇ ਅੱਖਾਂ ਮੀਚ ਕੇ ਭਰੋਸਾ ਕਰਨ ਦੀ ਬਜਾਇ ਭਗਤ ਸਿੰਘ ਅਤੇ ਸਾਥੀਆਂ ਦੇ ਮੂਲ ਦਸਤਾਵੇਜ਼ ਪੜ੍ਹਨੇ ਅਤਿ ਜਰੂਰੀ ਹਨ । ਉਨ੍ਹਾਂ ਅਨੁਸਾਰ ਜਿੰਨੇ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਲਿਖਤੀ ਦਸਤਾਵੇਜ਼ਾਂ ਤੋਂ ਹਾਸਿਲ ਹੋ ਸਕਦੀ ਹੋਵੇ ਉਸ ਜਾਣਕਾਰੀ ਲਈ ਘੱਟ ਭਰੋਸੇਯੋਗ ਤੇ ਕੱਚੇ-ਪੱਕੇ ਸਰੋਤਾਂ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ । ਲਿਖਤੀ ਦਸਤਾਵੇਜ਼ਾਂ ਦੀ ਕੀ ਵੁਕੱਤ ਹੈ ਇਹ ਗੱਲ ਇਸ ਤੱਥ ਤੋਂ ਬਾਖੂਬੀ ਸਮਝੀ ਜਾ ਸਕਦੀ ਹੈ ਕਿ ਆਜ਼ਾਦੀ ਪ੍ਰਾਪਤ ਹੋਣ ਤੱਕ ਅੰਗਰੇਜ਼ ਹਾਕਮਾਂ ਨੇ ਭਗਤ ਸਿੰਘ ਬਾਰੇ ਲਿਖੀਆਂ ਗਈਆਂ ਪੁਸਤਕਾਂ ਅਤੇ ਲੇਖਾਂ ਵਿੱਚੋਂ ਜ਼ਿਆਦਾਤਰ ਲਿਖਤਾਂ ‘ਤੇ ਪਾਬੰਦੀ ਲਾਈ ਹੋਈ ਸੀ । ਹਾਲ ਹੀ ਵਿੱਚ ਛਪੀ ਪ੍ਰੋਫੈਸਰ ਚਮਨ ਲਾਲ ਦੀ ਪੁਸਤਕ ‘ਦ ਭਗਤ ਸਿੰਘ ਰੀਡਰ’ ਵਿੱਚ ਮੂਲ ਦਸਤਾਵੇਜ਼ ਸ਼ਾਮਲ ਕੀਤੇ ਗਏ ਹਨ । ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਬਾਲੀਵੁੱਡ (ਮੁੰਬਈ ਫਿਲਮ ਉਦਯੋਗ) ਵਿੱਚ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਭਗਤ ਸਿੰਘ ਬਾਰੇ ਬਣਾਈਆਂ ਗਈਆਂ ਹਨ ਉਹ ਭਗਤ ਸਿੰਘ ਦੇ ਵਿਚਾਰਾਂ ਨੂੰ ਧਿਆਨ ਵਿੱਚ ਰੱਖੇ ਬਗੈਰ ਤਿਆਰ ਕੀਤੀਆਂ ਗਈਆਂ ਹਨ । ਸਾਰੀਆਂ ਫਿਲਮਾਂ ਵਿੱਚ ਭਗਤ ਸਿੰਘ ਦੀ ਰੁਮਾਂਸਵਾਦੀ ਤਸਵੀਰ ਪੇਸ਼ ਕਰਕੇ ਉਨ੍ਹਾਂ ਨੂੰ ਇੱਕ ਨਾਇਕ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਭਗਤ ਸਿੰਘ ਦੇ ਅਸਲੀ ਜੀਵਨ ਅਤੇ ਵਿਚਾਰਾਂ ਨੂੰ ਉਨ੍ਹਾਂ ਦੇ ਯੁੱਧ ਸਾਥੀਆਂ ਸਚਿੰਦਰ ਨਾਲ ਸਾਨਿਆਲ ਦੀ ਸਵੈ ਜੀਵਨੀ ‘ਬੰਦੀ ਜੀਵਨ’ ਅਤੇ ਸ਼ਿਵ ਵਰਮਾ ਦੀ ਪੁਸਤਕ ‘ਭਗਤ ਸਿੰਘ ਅਤੇ ਸਾਥੀਆਂ ਦੇ ਸੰਪੂਰਨ ਉਪਲੱਬਧ ਦਸਤਾਵੇਜ਼’ ਰਾਹੀਂ ਵੀ ਜਾਣਿਆ ਅਤੇ ਸਮਝਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਮਰਹੂਮ ਸ਼੍ਰੀ ਕੁਲਦੀਪ ਨਈਅਰ ਦੀ ਕਿਤਾਬ ਵਿੱਚ ਛਪੀ ਭਗਤ ਸਿੰਘ ਦੀ ਜੀਵਨੀ ‘ਵਿਦਾਊਟ ਫੀਅਰ : ਲਾਈਫ ਐਂਡ ਟਰਾਇਲ ਆਫ ਭਗਤ ਸਿੰਘ’ ਵੀ ਭਗਤ ਸਿੰਘ ਦੇ ਮੂਲ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਿੱਚ ਵੱਡੀ ਹੱਦ ਤੱਕ ਕਾਮਯਾਬ ਰਹੀ ਹੈ।                       ਮਿਊਜ਼ੀਅਮ ‘ਚ ਲੱਗੀ ਭਗਤ ਸਿੰਘ ਦੀ ਅਸਲੀ ਤਸਵੀਰ ਦਿਖਾਉਂਦਿਆਂ ਚਮਨ ਲਾਲ ਹੋਰੀਂ ਉਨ੍ਹਾਂ ਦੀ ਸ਼ਖਸੀਅਤ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ‘ਇੰਨੀ ਘੱਟ ਉਮਰ ਵਿੱਚ ਇੰਨਾ ਪ੍ਰਭਾਵਸ਼ਾਲੀ ਹੋਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਦੇ ਵਿਚਾਰਾਂ, ਅਮਲਾਂ ਅਤੇ ਜੀਵਨ ਵਿੱਚ ਕੋਈ ਦੋਹਰਾਪਨ ਨਹੀਂ ਸੀ। ਉਨ੍ਹਾਂ ਨੇ ਕਦੀ ਵੀ ਕੋਈ ਸਮਝੌਤਾ ਨਹੀਂ ਕੀਤਾ। ਅੰਗਰੇਜ਼ ਹਾਕਮ ਵੀ ਉਸ ਦੇ ਵਿਅਕਤੀਤਵ ਦੇ ਇਸ ਪੱਖ ਤੋਂ ਪੂਰੀ ਤਰ੍ਹਾਂ ਜਾਣੂੰ ਸਨ ਅਤੇ ਉਨ੍ਹਾਂ ਦੀਆਂ ਨਜਰਾਂ ਵਿੱਚ ਉਸ ਤੋਂ ਛੁਟਕਾਰਾ ਪਾਉਣ ਦਾ ਇੱਕ ਮਾਤਰ ਹੱਲ ਉਸ ਨੂੰ ਮਾਰ ਮੁਕਾਉਣ ਦਾ ਸੀ। ਭਗਤ ਸਿੰਘ ਦਾ ਉੱਚ ਮੱਧ ਵਰਗੀ ਪਰਿਵਾਰ ਦੋ ਪੀੜ੍ਹੀਆਂ ਤੋਂ ਉੱਚ ਵਿੱਦਿਆ ਪ੍ਰਾਪਤ ਹੋਣ ਤੋਂ ਇਲਾਵਾ ਸੁਤੰਤਰਤਾ ਸੰਗਰਾਮ ਨਾਲ ਵੀ ਜੁੜਿਆ ਹੋਣ ਕਰਕੇ ਉਨ੍ਹਾਂ ਦੀ ਸ਼ਖਸੀਅਤ ‘ਚ ਲਾਮਿਸਾਲ ਸਲਾਹੀਅਤਾਂ (ਗੁਣ) ਜੁੜੀਆਂ । ਮਾਤਰ 17 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਭਾਰਤ ਦੀਆਂ ਇਨਕਲਾਬੀ ਰਵਾਇਤਾਂ ਨੂੰ ਸੇਧ ਦੇਣ ਵਾਲੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਸਨ ਜੋ ਉਨ੍ਹਾਂ ਆਪਣੀ ਫਾਂਸੀ ਤੱਕ ਜੇਲ੍ਹ ‘ਚ ਹੁੰਦਿਆਂ ਵੀ ਜਾਰੀ ਰੱਖੇ ।
ਪ੍ਰੋਫੈਸਰ ਚਮਨ ਲਾਲ ਅਨੁਸਾਰ ਇਹ ਵੱਡਾ ਦੁਖਾਂਤ ਹੈ ਕਿ ਭਗਤ ਸਿੰਘ ਦੀ ਐਸੀ ਤਸਵੀਰ ਉਸਾਰ ਦਿੱਤੀ ਗਈ ਹੈ ਜਿਸ ‘ਚੋਂ ਖੁਦ ਭਗਤ ਸਿੰਘ ਨੂੰ ਮਨਫੀ ਕਰ ਦਿੱਤਾ ਗਿਆ ਹੈ । ਜਿਨ੍ਹਾਂ ਲੇਖਕਾਂ, ਬੁੱਧੀਜੀਵੀਆਂ ਅਤੇ ਇਤਿਹਾਸਕਾਰਾਂ ਨੇ ਭਗਤ ਸਿੰਘ ਦੀ ਅਸਲ ਸ਼ਖਸੀਅਤ ਅਤੇ ਵਿਚਾਰਾਂ ਬਾਰੇ ਆਮ ਲੋਕਾਈ ਨੂੰ ਜਾਣੂੰ ਕਰਵਾਉਣ ਦੇ ਸੁਹਿਰਦ ਯਤਨ ਕੀਤੇ ਉਨ੍ਹਾਂ ਵਿੱਚ ਪ੍ਰੋਫੈਸਰ ਬਿਪਿਨ ਚੰਦਰ, ਇਰਫਾਨ ਹਬੀਬ ਅਤੇ ਚਮਨ ਲਾਲ ਦੇ ਨਾਂਅ ਪ੍ਰਮੁੱਖ ਹਨ । ਇਨ੍ਹਾਂ ਵਿਦਵਾਨਾਂ ‘ਤੇ ਸੱਜ ਪਿਛਾਖੜੀ ਤਾਣੇ-ਬਾਣੇ ਵਲੋਂ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਕਤ ਵਿਦਵਾਨ ਭਗਤ ਸਿੰਘ ਨੂੰ ਖੱਬੇ ਪੱਖ ਦੇ ਪ੍ਰੇਰਣਾ ਸਰੋਤ ਵਜੋਂ ਸਥਾਪਤ ਕਰਨਾ ਚਾਹੁੰਦੇ ਹਨ ਜੋ ਕਿ ਭਗਤ ਸਿੰਘ ਅਸਲ ਵਿੱਚ ਹੈ ਹੀ ਨਹੀਂ ਸੀ । ਚਮਨ ਲਾਲ ਹੋਰੀਂ ਇਸ ਇਲਜ਼ਾਮ ਨੂੰ ਰੱਦ ਕਰਦਿਆਂ ਕਹਿੰਦੇ ਹਨ ਕਿ ਉਨ੍ਹਾਂ ਨੇ ਭਗਤ ਸਿੰਘ ਬਾਰੇ ਆਪਣੇ ਡੂੰਘੇ ਅਧਿਐਨ ਰਾਹੀਂ ਖੋਜੇ ਤੱਥ ਲੋਕਾਈ ਸਨਮੁੱਖ ਰੱਖੇ । ਇਨ੍ਹਾਂ ਤੱਥਾਂ ਦੇ ਆਧਾਰ ਉੱਤੇ ਸੱਜੇ ਪੱਖੀਆਂ ਨੂੰ ਇਹ ਮੰਨਣ ਲਈ ਮਜਬੂਰ ਹੋਣਾ ਪਿਆ ਕਿ ਭਗਤ ਸਿੰਘ ਆਪਣੇ ਵਿਚਾਰਾਂ ਅਤੇ ਅਸਲ ਵਿਅਕਤੀਤਵ ਤੋਂ ਸਾਫ-ਸਾਫ  ਸਮਾਜਵਾਦੀ ਸਨ ਪਰ ਉਹ ਹੈ ਸਨ ‘ਦੇਸੀ’ ਸਮਾਜਵਾਦੀ ।
ਪਿਛੇ ਜਿਹੇ ਪ੍ਰੋਫੈਸਰ ਚਮਨ ਲਾਲ ਦੀ ਪੁਸਤਕ ‘ਦ ਭਗਤ ਸਿੰਘ ਰੀਡਰ’ ਦੀ ਘੁੰਡ ਚੁਕਾਈ ਸਮੇਂ ਹੋਏ ਸਮਾਗਮ ਵਿੱਚ ਬੋਲਦਿਆਂ ਉੱਘੇ ਇਤਿਹਾਸਕਾਰ ਪ੍ਰੋ. ਹਰਬੰਸ ਮੁਖੀਆ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ‘ਚ ਗਜ਼ਬ ਦੀ ਸਪੱਸ਼ਟਤਾ ਅਤੇ ਠਰ੍ਹਮਾ ਸੀ । ਜੇਲ੍ਹ ਵਿੱਚ ਰਹਿੰਦਿਆਂ ਉਨ੍ਹਾਂ ਆਪਣਾ ਸਮਾਂ ਸੰਸਾਰ ਦਾ ਬਿਹਤਰੀਨ ਸਾਹਿਤ ਪੜ੍ਹਦਿਆਂ, ਅਧਿਐਨ ਸਮੱਗਰੀ ਦਾ ਵਿਸ਼ਲੇਸ਼ਣ ਕਰਦਿਆਂ ਅਤੇ ਆਪਣੀ ਸਮਝ ਨੂੰ ਉਚੇਰਾ ਕਰਦਿਆਂ ਬਤੀਤ ਕੀਤਾ । ਉਨ੍ਹਾਂ ਦੇ ਵਿਚਾਰਾਂ ਅਤੇ ਲੇਖਣੀ ਵਿੱਚ ਕੱਚ ਘਰੜ ਨੌਜਵਾਨਾਂ ਦੇ ਵਿਚਾਰਾਂ ਜਿਹੀ ਬੇਤਰਤੀਬੀ ਉੱਕਾ ਹੀ ਨਜ਼ਰੀਂ ਨਹੀਂ ਪੈਂਦੀ । ਇਸ ਸੰਸਾਰ ਤੋਂ ਭਗਤ ਸਿੰਘ ਨੂੰ ਵਿਦਾ ਹੋਇਆਂ ਲਗਭਗ ਨੱਬੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਅਤੇ ਲੋੜ ਬਾਦਸਤੂਰ ਬਣੀ ਹੋਈ ਹੈ । ਭਗਤ ਸਿੰਘ ਦੇ ਵਿਚਾਰ ਜਿਸ ਬਸਤੀਵਾਦੀ ਗੁਲਾਮੀ ਦੀਆਂ ਪ੍ਰਸਥਿਤੀਆਂ ਅਤੇ ਸਮੱਸਿਆਵਾਂ ਵਿੱਚੋਂ  ਜਨਮੇ ਅਤੇ ਪ੍ਰਵਾਨ ਚੜ੍ਹੇ ਸਨ ਤਕਰੀਬਨ ਉਹੀ ਪ੍ਰਸਥਿਤੀਆਂ ਅੱਜ ਵੀ ਆਜ਼ਾਦ ਭਾਰਤ ਵਿੱਚ ਕਾਇਮ ਹਨ । ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਸਮਝਦਿਆਂ ਉਨ੍ਹਾਂ ਰਾਹੀਂ ਅਜੋਕੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਲੱਭਣ ਦੇ ਯਤਨ ਕੀਤੇ ਜਾਣ ।
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬੁਟਕੇਸ਼ਵਰ ਦੱਤ  ‘ਟ੍ਰਿਬਿਊਨ’ (ਲਾਹੌਰ) ਵਿੱਚ ਛਪੇ ਆਪਣੇ ਲੇਖ ‘ਆਨ ਦ ਸਲੋਗਨ-ਲਾਂਗ ਲਿਵ ਰੈਵੋਲਿਊਸ਼ਨ’ ਵਿਚ ‘ਮਾਡਰਨ ਰੀਵਿਊ’ ਦੇ ਸੰਪਾਦਕ ਰਾਮਾਨੰਦ ਚੈਟਰਜੀ ਨੂੰ ਮੁਖਾਤਿਬ ਹੁੰਦਿਆਂ ਲਿਖਦੇ ਹਨ ਕਿ, ”ਵਿਦਰੋਹ ਅਤੇ ਇਨਕਲਾਬ ਵੱਖੋ-ਵੱਖਰੇ ਹਨ। ਇਨਕਲਾਬ ਅਸਲ ਅਰਥਾਂ ਵਿੱਚ ਬਿਹਤਰੀ ਲਈ ਬਦਲਾਓ ਦੀ ਤੀਬਰ ਇੱਛਾ ਹੈ । ਆਮ ਤੌਰ ਉੱਤੇ ਲੋਕ ਬਦਲਾਓ ਦੇ ਵਿਚਾਰ ਤੋਂ ਹੀ ਕੰਬਣ ਲੱਗ ਪੈਂਦੇ ਹਨ ਅਤੇ ਚੀਜਾਂ (ਹਾਲਾਤ) ਜਿਹੋ ਜਿਹੀਆਂ ਹੋਣ ਉਨ੍ਹਾਂ ਦੇ ਉਵੇਂ ਹੀ ਆਦੀ ਹੋ ਜਾਂਦੇ ਹਨ । ਸਾਨੂੰ ਇਸੇ ਪਸਤ ਹਿੰਮਤੀ ਦੀ ਭਾਵਨਾ ਨੂੰ ਇਨਕਲਾਬੀ ਭਾਵਨਾ ‘ਚ ਬਦਲਣ ਦੀ ਜਰੂਰਤ ਹੈ ।” ਭਗਤ ਸਿੰਘ ਨਾ ਕੇਵਲ ਰਾਜਸੀ ਬਲਕਿ ਸਮਾਜਿਕ ਅਤੇ ਆਰਥਕ ਵਿਵਸਥਾ ਵਿੱਚ ਵੀ ਬੁਨਿਆਦੀ ਤਬਦੀਲੀ ਦੇ ਮੁੱਦਈ ਸਨ । ਉਹ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਹਨ ਜਿੱਥੇ ਮਨੁੱਖਾਂ ਦਰਮਿਆਨ ਕਿਸੇ ਵੀ ਕਿਸਮ ਦੀ ਗੈਰ ਬਰਾਬਰੀ ਨਾ ਹੋਵੇ । ਇਸ ਸੰਦਰਭ ਵਿੱਚ ਪ੍ਰੋਫੈਸਰ ਚਮਨ ਲਾਲ ਚਾਨਣਾ ਪਾਉਂਦੇ ਹੋਏ ਕਹਿੰਦੇ ਹਨ ਕਿ ਭਗਤ ਸਿੰਘ ਨੂੰ ਚੇਤਨਾ ਅਤੇ ਤਰਕਵਾਦ ਦੇ ਪ੍ਰਤੀਕ ਦੇ ਰੂਪ ਵਿੱਚ ਵੀ ਦੇਖਿਆ ਸਮਝਿਆ ਜਾ ਸਕਦਾ ਹੈ । ਭਾਰਤੀ ਸੁਤੰਤਰਤਾ ਪ੍ਰਾਪਤੀ ਅੰਦੋਲਨ ਵਿੱਚ ਦੋ ਵੱਡੇ ਵਿਚਾਰਕ ਹੋਏ ਹਨ ਜਿਨ੍ਹਾਂ ਦੇ ਵਿਚਾਰਾਂ ਵਿੱਚ ਡੂੰਘਾ ਤਰਕਵਾਦ ਰੂਪਮਾਨ ਹੁੰਦਾ ਹੈ-ਇਹ ਹਨ ਭਗਤ ਸਿੰਘ ਅਤੇ ਈ ਵੀ ਰਾਮਾਸਵਾਮੀ ਪੇਰਿਆਰ । ਸ਼ਾਇਦ ਇਸੇ ਕਰਕੇ ਭਗਤ ਸਿੰਘ ਦੇ ਵਿਚਾਰਾਂ ਦੀ ਤਰਕਵਾਦੀ ਤੀਖਣਤਾ ਨੂੰ ਸਭ ਤੋਂ ਪਹਿਲਾਂ ਪੇਰਿਆਰ ਨੇ ਭਾਂਪਿਆ । ਧਾਰਮਿਕ ਕੱਟੜਤਾ ਅਤੇ ਧਰਮਾਂ ਦੀ ਹੋਂਦ ਨੂੰ ਚੁਣੌਤੀ ਦੇਣ ਵਾਲੇ ਪੇਰਿਆਰ ਨੇ ਸਭ ਤੋਂ ਪਹਿਲਾਂ ਭਗਤ ਸਿੰਘ ਦੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਦਾ ਤਾਮਿਲ ਅਨੁਵਾਦ ਛਾਪਿਆ । ਉਨ੍ਹਾਂ ਤੋਂ ਇਲਾਵਾ ਉਸ ਦੌਰ ਦੇ ਨਾਮਵਰ ਵਿਚਾਰਵਾਨ ਅਤੇ ਲੀਡਰ ਜਵਾਹਰ ਲਾਲ ਨਹਿਰੂ ਤੇ ਡਾਕਟਰ ਭੀਮ ਰਾਓ ਅੰਬੇਦਕਰ ਵੀ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ ।
ਭਗਤ ਸਿੰਘ ਦੇ ਤਰਕਵਾਦੀ ਅਤੇ ਸਮਾਜਵਾਦੀ ਬਨਣ ਦੀ ਪ੍ਰਕਿਰਿਆ ਨੂੰ ਉਨ੍ਹਾਂ ਦੇ ਮਸ਼ਹੂਰ ਲੇਖ ‘ਮੈਂ ਨਾਸਤਿਕ ਕਿਉਂ ਹਾ’ਂ? ‘ਰਾਹੀਂ ਬਾਖੂਬੀ ਸਮਝਿਆ ਜਾ ਸਕਦਾ ਹੈ । ਇਸ ਵਿੱਚ ਉਹ ਦਸਦੇ ਹਨ ਕਿ 1926 ਤੱਕ ਉਹ ਮੁਕੰਮਲ ਨਾਸਤਕ ਬਣ ਚੁੱਕੇ ਸਨ। ਭਗਤ ਸਿੰਘ ਲਿਖਦੇ ਹਨ ਕਿ, ”ਆਸਥਾ ਮਨੁੱਖ ਦੇ ਜੀਵਨ ਦੀਆਂ ਦੁਸ਼ਵਾਰੀਆਂ ਨਾ ਕੇਵਲ ਘਟਾ ਦਿੰਦੀ ਹੈ ਬਲਕਿ ਕਈ ਵਾਰੀ ਇਹੀ ਦੁਸ਼ਵਾਰੀਆਂ ਉਸ ਨੂੰ ਚੰਗੀਆਂ ਜਾਪਣ ਲੱਗ ਪੈਂਦੀਆਂ ਹਨ ।ਭਗਵਾਨ ‘ਚੋਂ ਮਨੁੱਖ ਦਿਲਾਸਾ ਅਤੇ ਸਹਾਰਾ ਭਾਲਦਾ ਹੈ ।ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਤੂਫਾਨਾਂ ਨਾਲ ਟੱਕਰ ਲੈਣਾ ਕੋਈ ਬੱਚਿਆਂ ਦੀ ਖੇਡ ਨਹੀਂ । ਔਖੇ ਵੇਲੇ ਕਹਿੰਦੇ-ਕਹਾਉਂਦਿਆ ਦਾ ਗੁਰੂਰ ਉੱਡ-ਪੁੱਡ ਜਾਂਦਾ ਹੈ ਅਤੇ ਮਨੁੱਖ ਆਸਥਾ ਤੋਂ ਮੂੰਹ ਨਹੀਂ ਮੋੜ ਸਕਦਾ । ਜੇ ਕਰ ਅਜਿਹੇ ਹਾਲਾਤ ਵਿੱਚ ਕੋਈ ਵਿਅਕਤੀ  ਆਸਥਾ ਤੋਂ ਪਾਸਾ ਵੱਟ ਲੈਂਦਾ ਹੈ ਤਾਂ ਉਹ ਘੁਮੰਡੀ ਨਹੀਂ ਬਲਕਿ ਤਾਕਤਵਰ ਅਤੇ ਮਜਬੂਤ ਹੈ ।”  ਭਗਤ ਸਿੰਘ ਸ਼ਖਸੀ ਪੂਜਾ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਅਨੁਸਾਰ ਕੋਈ ਵੀ ਵਿਅਕਤੀ ਆਲੋਚਨਾ ਦੇ ਘੇਰੇ ਤੋਂ ਬਾਹਰ ਨਹੀਂ ਹੈ । ਇਸੇ ਸੰਦਰਭ ਵਿੱਚ ਉਹ ਅੱਗੇ ਲਿਖਦੇ ਹਨ,”ਜਾਓ! ਜਾ ਕੇ ਪੁਰਾਣੀਆਂ ਜੜ੍ਹ ਧਾਰਨਾਵਾਂ ਅਤੇ ਪਰੰਪਰਾਵਾਂ ਦਾ ਵਿਰੋਧ ਕਰੋ । ਹਰ ਇੱਕ ਨਾਇਕ, ਤੇ ਹਰ ਉਸ ਮਹਾਨ ਵਿਅਕਤੀ ਦੀ ਅਲੋਚਨਾ ਕਰੋ ਜਿਸ ਨੂੰ ਆਲੋਚਨਾ ਤੋਂ ਨਿਰਲੇਪ ਸਮਝਿਆ ਜਾਂਦਾ ਹੈ । ਬੇਕਿਰਕ ਆਲੋਚਨਾ ਅਤੇ ਆਜ਼ਾਦ ਵਿਚਾਰ ਇਨਕਲਾਬੀ ਹੋਣ ਦੀਆਂ ਦੋ ਸਭ ਤੋਂ ਵੱਡੀਆਂ ਨਿਸ਼ਾਨੀਆਂ ਹਨ।  ਨਿਰਧਨ ਚਾਹੇ ਕਿਸੇ ਧਰਮ, ਜਾਤ ਜਾਂ ਨਸਲ ਦੇ ਹੋਣ ਸਾਰਿਆਂ ਦੇ ਅਧਿਕਾਰ ਬਰਾਬਰ ਹਨ ।
ਮਹੀਨਾਵਾਰ ਪੰਜਾਬੀ ਰਸਾਲੇ ‘ਕਿਰਤੀ’ ਵਿੱਚ ਛਪੇ 1928 ਵਿਚ ਆਪਣੇ ਲੇਖ ‘ਫਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ’ ਵਿੱਚ ਭਗਤ ਸਿੰਘ ਲਿਖਦੇ ਹਨ ਕਿ ‘ਲੋਕਾਂ ਨੂੰ ਇੱਕ-ਦੂਜੇ ਵਿਰੁੱਧ ਲੜਣ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਜਰੂਰਤ ਹੈ । ਗਰੀਬਾਂ, ਮਿਹਨਤਕਸ਼ਾਂ ਅਤੇ ਕਿਸਾਨਾਂ ਨੂੰ ਇਹ ਸਪਸ਼ਟ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਨ ਪੂੰਜੀਪਤੀ ਹਨ । ਇਸੇ ਕਰਕੇ ਤੁਹਾਨੂੰ ਇਨ੍ਹਾਂ ਦੇ ਹਥਕੰਡਿਆਂ ਤੋਂ ਬਚ ਕੇ ਰਹਿਣ ਦੀ ਲੋੜ ਹੈ । ਸੰਸਾਰ ਦੇ ਸਾਰੇ ਗਰੀਬਾਂ, ਚਾਹੇ ਉਹ ਕਿਸੇ ਵੀ ਧਰਮ, ਰੰਗ, ਜਾਤੀ, ਨਸਲ, ਕੌਮ ਜਾਂ ਦੇਸ਼ ਦੇ ਹੋਣ, ਦੇ ਅਧਿਕਾਰ ਇੱਕ ਸਮਾਨ ਹਨ । ਤੁਹਾਡਾ ਭਲਾ ਇਸੇ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ, ਕੌਮ ਦੇ ਭੇਦਭਾਵ ਖਤਮ ਕਰਦੇ ਹੋਏ ਇੱਕ ਹੋ ਜਾਓ ਅਤੇ ਹਕੂਮਤੀ ਸ਼ਕਤੀ ਆਪਣੇ ਹੱਥ ਲੈਣ ਦੇ ਯਤਨ ਕਰੋ । ਇਸ ਨਾਲ ਤੁਹਾਡਾ ਨੁਕਸਾਨ ਕੁੱਝ ਵੀ ਨਹੀਂ ਹੋਵੇਗਾ ਬਲਕਿ ਕਿਸੇ ਦਿਨ ਤੁਹਾਡੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ ਅਤੇ ਤੁਸੀਂ ਆਰਥਿਕ ਆਜ਼ਾਦੀ ਪ੍ਰਾਪਤ ਕਰ ਲਵੋਗੇ ।’
ਸੰਚਾਰ ਸਾਧਨਾਂ (ਮੀਡੀਆ) ਦੀ ਆਲੋਚਨਾ ਕਰਦਿਆਂ ਭਗਤ ਸਿੰਘ ਲਿਖਦੇ ਹਨ ਕਿ ‘ਅਖਬਾਰਾਂ ਦਾ ਅਸਲ ਫਰਜ਼ ਸਿੱਖਿਆ ਦੇਣਾ, ਲੋਕਾਂ ਨੂੰ ਤੰਗਨਜਰੀ ਤੋਂ ਮੁਕਤ ਕਰਨਾ, ਫਿਰਕੂ ਸੋਚ ਦਾ ਖਾਤਮਾ ਕਰਨਾ, ਇੱਕ-ਦੂਜੇ ਨਾਲ ਮੇਲ-ਮਿਲਾਪ ਕਾਇਮ ਕਰਨਾ ਅਤੇ ਭਾਰਤ ਨੂੰ  ਇੱਕ ਸਾਂਝੀ ਕੌਮ ਬਨਾਉਣਾ ਸੀ । ਪਰ ਇਨ੍ਹਾਂ ਆਪਣਾ ਮੁੱਖ ਫਰਜ ਅਗਿਆਨਤਾ ਫੈਲਾਉਣਾ,  ਫਿਰਕਾਪ੍ਰਸਤੀ ਵਧਾਉਣਾ, ਲੜਾਈ-ਝਗੜੇ ਕਰਵਾਉਣਾ ਅਤੇ ਭਾਰਤ ਦੇ ਸਾਂਝੇ ਰਾਸ਼ਟਰਵਾਦ ਨੂੰ ਤਹਿਸ-ਨਹਿਸ ਕਰਨਾ ਬਣਾ ਲਿਆ ਹੈ । ਇਹੀ ਵਜ੍ਹਾ ਹੈ ਕਿ ਭਾਰਤ ਦੀ ਮੌਜੂਦਾ ਅਵਸਥਾ ਬਾਰੇ ਵਿਚਾਰ ਕਰਦਿਆਂ ਖੂਨ ਦੇ ਹੰਝੂ ਵਹਿੰਦੇ ਹਨ । ਦਿਲ ਚੋਂ ਸਵਾਲ ਉੱਠਦਾ ਹੈ ਕਿ ਭਾਰਤ ਦਾ ਕੀ ਬਣੇਗਾ?’ ਭਗਤ ਸਿੰਘ ਵਲੋਂ ਉਸ ਵੇਲੇ ਮੀਡੀਆ ਦੀ ਕੀਤੀ ਗਈ ਆਲੋਚਨਾ ਆਜ਼ਾਦ ਭਾਰਤ ਵਿੱਚ ਅੱਜ ਵੀ ਉਨੀ ਹੀ ਪ੍ਰਸੰਗਿਕ ਜਾਪਦੀ ਹੈ ।’
ਭਗਤ ਸਿੰਘ ਅਤੇ ਉਨ੍ਹਾਂ ਦੇ ਯੁੱਧ ਸਾਥੀ ਬਟੁਕੇਸ਼ਵਰ ਦੱਤ ‘ਟ੍ਰਿਬਿਊਨ’ ਵਿਚ ਛਪੇ ਆਪਣੇ ਪੱਤਰ ਰਾਹੀਂ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਲਿਖਦੇ ਹਨ, ‘ਇਸ ਵੇਲੇ ਨੌਜਵਾਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਬੰਬ ਅਤੇ ਪਿਸਤੌਲ ਚੁੱਕ ਲੈਣ । ਅੱਜ ਵਿਦਿਆਰਥੀਆਂ ਦੇ ਕਰਨ ਗੋਚਰਾ ਇਸ ਤੋਂ ਵੀ ਵਧੇਰੇ ਮਹੱਤਵਪੂਰਨ ਕੰਮ ਹੈ ।ਨੌਜਵਾਨਾਂ ਨੇ ਇਨਕਲਾਬ ਦਾ ਸੰਦੇਸ਼ ਹਰ ਥਾਂ ਪਹੁੰਚਾਉਣਾ ਹੈ । ਕਾਰਖਾਨਿਆਂ ਵਾਲੇ ਇਲਾਕਿਆਂ ਵਿੱਚ, ਬਸਤੀਆਂ ਅਤੇ ਪਿੰਡਾਂ ਦੀਆਂ ਫਟੇਹਾਲ ਝੌਂਪੜੀਆਂ ਵਿੱਚ ਰਹਿਣ ਵਾਲੇ ਕਰੋੜਾਂ ਲੋਕਾਂ ਵਿੱਚ ਕ੍ਰਾਂਤੀ ਦਾ ਹੋਕਾ ਦੇਣਾ ਹੈ । ਇਸ ਤਰ੍ਹਾਂ ਕਰਨ ਨਾਲ ਆਜ਼ਾਦੀ ਹਾਸਲ ਹੋਵੇਗੀ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ।
ਭਗਤ ਸਿੰਘ ਨੂੰ ਅਸਲ ਅਰਥਾਂ ਵਿੱਚ ਸਮਝਣ ਲਈ ਉਨ੍ਹਾਂ ਦੇ ਭਤੀਜੇ ਸੇਵਾ ਮੁਕਤ ਮੇਜਰ ਜਨਰਲ ਸ਼ਿਉਨਾਨ ਸਿੰਘ ਵਲੋਂ ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ‘ਦ ਭਗਤ ਸਿੰਘ ਰੀਡਰ’ ਪੁਸਤਕ ਦੇ ਰਿਲੀਜ਼ ਸਮਾਗਮ ਵਿੱਚ ਕਹੀ ਗਈ ਗੱਲ ਕਾਫੀ ਹੱਦ ਤੱਕ ਦਰੁਸਤ ਜਾਪਦੀ ਹੈ । ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਸ਼ਾਇਦ ਉਨ੍ਹਾਂ ਦੇ ਸਾਥੀ ਵੀ ਦਸ ਫੀਸਦੀ ਹੀ ਸਮਝ ਸਕੇ ਹਨ । ਅਤੇ ਅੱਗੋਂ ਉਨ੍ਹਾਂ ਚੋਂ ਵੀ ਦਸ ਕੁ ਫੀਸਦੀ ਹੀ ਲੋਕਾਂ ਨੂੰ ਸਮਝਾ ਸਕੇ ਹੋਣਗੇ । ਉਨ੍ਹਾਂ ਕਿਹਾ ਕਿ ਭਗਤ ਸਿੰਘ, ਦੂਸਰੇ  ਇਨਕਲਾਬੀਆਂ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਲੋਕਾਂ ਨੇ ਆਪਣੇ ਵੋਟ ਬੈਂਕ ਲਈ ਆਪੋ-ਆਪਣੇ ਹਿਸਾਬ ਨਾਲ ਘੜਿਆ ਅਤੇ ਵਿਖਾਇਆ ਹੈ । ਮੂਰਤੀਆਂ, ਤਸਵੀਰਾਂ ਆਦਿ ਵੀ ਉਸੇ ਰਾਜਨੀਤੀ ਦੇ ਹਿਸਾਬ ਨਾਲ ਘੜੀਆਂ ਗਈਆਂ ਹਨ । ਇਸ ਲਈ ਭਗਤ ਸਿੰਘ ਨੂੰ ਮਿਲਣ ਅਤੇ ਸਮਝਣ ਦਾ ਸੱਭ ਤੋਂ ਅਸਰਦਾਰ ਮਾਧਿਅਮ ਉਨ੍ਹਾਂ ਦੀਆਂ ਲਿਖਤਾਂ ਹੀ ਹੋ ਸਕਦੀਆਂ ਹਨ । ਫਰਜੀ ਜਾਣਕਾਰੀਆਂ (ਫੇਕ ਨਿਊਜ) ਦੇ ਦੌਰ-ਦੌਰੇ ਵਿਚ ਇਹ ਹੋਰ ਵੀ ਜਰੂਰੀ ਹੈ ਕਿ ਭਗਤ ਸਿੰਘ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਹੀ ਪੜ੍ਹਿਆ ਅਤੇ ਸਮਝਿਆ ਜਾਵੇ । ਇਸ ਪ੍ਰਕਿਰਿਆ ਵਿੱਚ ਕਠਿਨਾਈਆਂ ਵੀ ਝੱਲਣੀਆਂ ਪੈਣਗੀਆਂ । ਪਰ ਇੰਝ ਕਰਦਿਆਂ ਅੰਤ ਨੂੰ ਸਾਨੂੰ ਜੋ ਭਗਤ ਸਿੰਘ ਮਿਲਣਗੇ ਉਹੀ ਸਾਡੇ ਆਪਣੇ, ਸੱਚੇ ਭਗਤ ਸਿੰਘ ਹੋਣਗੇ।
(ਮਹੇਸ਼ ਚੌਧਰੀ ਸੁਤੰਤਰ ਪੱਤਰਕਾਰ ਅਤੇ ਸਮਾਜ ਸ਼ਾਸਤਰ ਦੇ ਸੀਨੀਅਰ ਸ਼ੋਧ ਕਰਤਾ ਅਤੇ ਖੁਸ਼ਬੂ ਸ਼ਰਮਾ ਜੇ.ਐਨ.ਯੂ. ਵਿਖੇ ਰਾਜਨੀਤੀ ਸ਼ਾਸਤਰ ਦੀ ਵਿਦਿਆਰਥਣ ਹਨ)

Scroll To Top