Now Reading
ਹੈਂਕੜਬਾਜ ਪੇਂਡੂ ਧਨਾਢਾਂ ਦੀ ਬੌਖਲਾਹਟ

ਹੈਂਕੜਬਾਜ ਪੇਂਡੂ ਧਨਾਢਾਂ ਦੀ ਬੌਖਲਾਹਟ

ਲੰਘੀ 4 ਸਤੰਬਰ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂ ਵਾਲੀ ਵਿੱਚ ਇੱਥੋਂ ਦੇ ਹੈਂਕੜ ਬਾਜ ਸਾਬਕਾ ਸਰਪੰਚ, ਅਕਾਲੀ ਆਗੂ ਚਰਨਜੀਤ ਸਿੰਘ ਅਤੇ ਉਸ ਦੇ ਪਾਲੇ ਹੋਏ ਗੁੰਡਿਆਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸੰਯੁਕਤ ਸਕੱਤਰ ਸਾਥੀ ਜਗਜੀਤ ਸਿੰਘ ਜਸੇਆਣਾ ਉੱਪਰ ਗਿਣੀ-ਮਿਥੀ ਸਕੀਮ ਨਾਲ ਜਾਤੀਵਾਦੀ ਜਗੀਰੂ ਮਾਨਸਿਕਤਾ ਅਧੀਨ ਹਮਲਾ ਕੀਤਾ ਗਿਆ। ਇਹ ਬੁਰਛਾਗਰਦ, ਸਾਥੀ ਜਗਜੀਤ ਜੱਸੇਆਣਾ ਦੇ ਮੋਟਰ ਸਾਈਕਲ ਦੀਆਂ ਚਾਬੀਆਂ ਅਤੇ ਮੋਬਾਇਲ ਖੋਹ ਕੇ ਉਸ ਦੇ ਗਲ ਵਿੱਚ ਸਾਫਾ ਪਾ ਕੇ ਉਸ ਨੂੰ ਧੂਹ ਕੇ ਆਪਣੇ ਕਿਸੇ ਚਹੇਤੇ ਦੇ ਘਰੇ ਲੈ ਗਏ। ਸਾਥੀ ਜਗਜੀਤ ਨੂੰ ਜਾਤੀ ਸੂਚਕ ਅਪਸ਼ਬਦ ਬੋਲੇ ਗਏ ਅਤੇ ਉਸ ਨੂੰ ਪੁੱਛਿਆ ਗਿਆ ਕਿ, ‘‘ਤੇਰੀ ਸਾਡੇ ਪਿੰਡ ਵੜਨ ਦੀ ਜੁਰੱਅਤ ਕਿਵੇਂ ਹੋਈ।’’ ਹੰਕਾਰੇ ਚਰਨਜੀਤ ਨੇ ਇਹ ਇੰਕਸ਼ਾਫ ਵੀ ਹਿੱਕ ਥਾਪੜ ਕੇ ਕੀਤਾ ਕਿ ਉਹ ਇਸ ਤੋਂ ਪਹਿਲਾਂ ਕੋਤਰ ਸੌ (101) ਬੰਦੇ ਕੁੱਟ ਚੁੱਕਾ ਹੈ। ਅਸਲ ਵਿੱਚ ਇਸ ਬੰਦੇ ਨੇ ਪਿੰਡ ਦੇ ਇੱਕ ਦਲਿਤ ਮਜ਼ਦੂਰ ਦਾ ਘਰ ਢਾਹ ਦਿੱਤਾ ਸੀ ਜੋ ਸਾਥੀ ਜੱਸੇਆਣਾ ਦੀ ਪ੍ਰੇਰਣਾ ਨਾਲ ਪਿੰਡ ਦੇ ਗਰੀਬਾਂ ਨੇ ਸਾਂਝੇ ਉੱਦਮ ਨਾਲ ਦੋਬਾਰਾ ਉਸਾਰ ਦਿੱਤਾ ਸੀ। ਇਸ ਗਲੋਂ ਔਖਾ ਚਰਨਜੀਤ ਬਦਲਾ ਲੈਣ ਦੀ ਤਾਕ ਵਿੱਚ ਸੀ।   
ਪਿੰਡ ਦੇ ਮਜ਼ਦੂਰਾਂ ਨੇ ਉਸ ਦੇ ਚੁੰਗਲ ਚੋਂ ਸਾਥੀ ਜੱਸੇਆਣਾ ਨੂੰ ਬਚਾਉਣ ਦੀ ਦਲੇਰੀ ਤਾਂ ਨਹੀਂ ਦਿਖਾਈ ਪਰ ਜੱਥੇਬੰਦੀ ਦੇ ਸੂਬਾਈ ਆਗੂ ਸਾਥੀ ਲਖਵੀਰ ਸਿੰਘ ਤਖਤਮੁਲਾਣਾ ਨੂੰ ਸੂਚਨਾ ਜਰੂਰ ਦੇ ਦਿੱਤੀ। ਉਨ੍ਹਾਂ ਅੱਗੋਂ ਜਿਲ੍ਹਾ ਟੀਮ ਨਾਲ ਸੰਪਰਕ ਕੀਤਾ ਅਤੇ ਗੱਲ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੱਕ ਪੁਚਾਈ।
ਸਾਥੀ ਦਾਊਦ ਨੇ ਥਾਣਾ ਬਰੀਵਾਲਾ ਮੂਹਰੇ ਵੱਧ ਤੋਂ ਵੱਧ ਲੋਕ ਇਕੱਠੇ ਕਰਨ ਦਾ ਸੁਝਾਅ ਦਿੱਤਾ ਅਤੇ ਉਹ ਆਪ ਵੀ ਸਾਥੀ ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਅਤੇ ਹਰਮੀਤ ਰਿੰਕਾ ਸਮੇਤ ਉਸੇ   ਵੇਲੇ ਮੰਡੀ ਬਰੀਵਾਲਾ ਨੂੰ ਤੁਰ ਪਏ। ਸਾਥੀ ਲਖਵੀਰ ਸਿੰਘ ਤਖਤਮੁਲਾਣਾ ਨੇ ਜਿਲ੍ਹਾ ਪ੍ਰਧਾਨ ਸਾਥੀ ਹਰਜੀਤ ਸਿੰਘ ਮਦਰਸਾ ਅਤੇ ਕੈਸ਼ੀਅਰ ਸਾਥੀ ਕਰਮ ਸਿੰਘ ਨੂੰ ਥਾਣੇ ਮੂਹਰੇ ਪੁੱਜਣ ਦਾ ਸੁਨੇਹਾ ਦਿੱਤਾ ਅਤੇ ਖੁਦ ਆਪਣੀ ਪਤਨੀ ਸਮੇਤ ਇਲਾਕੇ ਦੇ ਪਿੰਡਾਂ ਵਿੱਚੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਜੁਟ ਗਿਆ।
ਸਾਥੀ ਜਗਜੀਤ ਸਿੰਘ ਜਸੇਆਣਾ ਦੀ ਹਰਮਨ ਪਿਆਰਤਾ, ਜੱਥੇਬੰਦੀ ਵੱਲੋਂ ਲੜੇ ਗਏ ਅਨੇਕਾਂ ਘੋਲਾਂ ਦੇ ਸ਼ਾਨਦਾਰ ਰੀਕਾਰਡ ਅਤੇ ਜਿਲ੍ਹਾ ਟੀਮ ਦੀ ਮਿਹਨਤ ਸਦਕਾ ਕਾਫੀ ਗਿਣਤੀ ਲੋਕ ਥਾਣੇ ਮੂਹਰੇ ਆਣ ਡਟੇ ਅਤੇ ਪੂਰੀ ਰਾਤ ਬੈਠੇ ਰਹੇ।    
ਘਟਨਾ ਦੀ ਸੂਹ ਮਿਲਣ ਅਤੇ ਜੱਥੇਬੰਦੀ ਦੀ ਹਲਚਲ ਦੀ ਸੂਚਨਾ ਮਿਲਣ ਤੇ ਪੁਲਸ ਹਰਕਤ ਵਿੱਚ ਆਈ। ਸਾਥੀ ਜਗਜੀਤ ਸਿੰਘ ਜਸੇਆਣਾ ਨਾਲ ਵਧੀਕੀ ਕਰਨ ਵਾਲਿਆਂ ਨੂੰ ਵੀ ਅੰਦਾਜ਼ਾ ਹੋ ਗਿਆ ਕਿ ਉਨ੍ਹਾਂ ਇਸ ਵਾਰ ਗਲਤ ਥਾਂ ਹੱਥ ਪਾ ਲਿਆ ਹੈ। ਉਹ ਸਾਥੀ ਜਗਜੀਤ ਦੇ ਬੇਦਾਗ ਜੀਵਨ, ਲਾਮਬੰਦੀ ਦੀ ਯੋਗਤਾ ਅਤੇ ਹਰਮਨ ਪਿਆਰਤਾ ਤੋਂ ਅਣਜਾਣ ਸਨ। ਇਨ੍ਹਾਂ ਤੱਥਾਂ ਦਾ ਪਤਾ ਲੱਗਣ ਤੇ ਉਨ੍ਹਾਂ ਸਾਥੀ ਜਗਜੀਤ ਨੂੰ ਛੱਡ ਦਿੱਤਾ। ਸ਼ਾਮ ਤੱਕ ਸਾਰੇ ਆਗੂ ਅਤੇ ਪਿੰਡਾਂ ਦੇ ਭਾਰੀ ਗਿਣਤੀ ਵਰਕਰ ਥਾਣਾ ਬਰੀਵਾਲਾ ਮੂਹਰੇ ਇਕੱਤਰ ਹੋ ਗਏ। ਸਾਥੀਆਂ ਨੇ ਪੁਲਸ ਤੋਂ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਨ ਅਤੇ ਉਨ੍ਹਾਂ ਦੀ ਤੁਰਤ ਗਿ੍ਰਫਤਾਰੀ ਦੀ ਮੰਗ ਕਰਦਿਆਂ ਰੋਸ ਧਰਨਾ ਸ਼ੁਰੂ ਕਰ ਦਿੱਤਾ। ਦੋਸ਼ੀ ਵੀ ਗੁੰਡਿਆਂ ਦੀ ਧਾੜ ਸਮੇਤ ਥਾਣੇ ਮੂਹਰੇ ਪੁੱਜ ਗਿਆ ਅਤੇ ਰਾਜ਼ੀਨਾਮੇ ਲਈ ਦਬਾਅ ਬਨਾਉਣ ਲੱਗਾ। ਉਸ ਵੇਲੇ ਤੱਕ ਪੁਲਸ ਦਾ ਪੱਖਪਾਤੀ ਰਵੱਈਆ ਵੀ ਪੂਰੀ ਤਰ੍ਹਾਂ ਨਾਲ ਨੰਗਾ ਹੋ ਗਿਆ ਜਦੋਂ ਥਾਣੇ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਥਾਂ ਉਲਟਾ ਪੀੜਤਾਂ ਨੂੰ ਹੀ ਰਾਜ਼ੀਨਾਮੇ ਦੀਆਂ ‘ਮੱਤਾਂ’ ਦੇਣ ਲੱਗ ਪਏ। ਹਾਲਾਤ ਇਹ ਬਣ ਗਏ ਕਿ ਮੁਜਰਿਮ ਪੁਲਸ ਦੀ ਗੁੱਝੀ ਹਿਮਾਇਤ ਨਾਲ ਟਕਰਾਅ ਦੇ ਹਾਲਾਤ ਬਨਾਉਣ ਤੇ ਉਤਾਰੂ ਹੋ ਗਏ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਤੋ ਰਾਤ ਪਿੰਡਾਂ ਵਿੱਚੋਂ ਅਗਲੀ ਸਵੇਰ ਵਧੇਰੇ ਤੋਂ ਵਧੇਰੇ ਇਕੱਠ ਕਰਕੇ ਵੱਡਾ ਰੋਸ ਐਕਸ਼ਨ ਕਰਨ ਦਾ ਪਰੋਗਰਾਮ ਉਲੀਕਿਆ ਗਿਆ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਵੀ ਜੱਥਾ ਲੈਕੇ ਪੁੱਜ ਗਏ। ਸਵੇਰੇ ਤੱਕ ਚੰਗਾ ਇਕੱਠ ਕਰਕੇ ਥਾਣੇ ਦਾ ਪੂਰੀ ਤਰ੍ਹਾਂ ਨਾਲ ਘਿਰਾਓ ਕਰਕੇ ਪੁਲਸ ਦੀ ਪੱਖਪਾਤੀ ਭੂਮਿਕਾ ਖਿਲਾਫ਼ ਜਬਰਦਸਤ ਰੋਸ ਪ੍ਰਗਟਾਇਆ ਗਿਆ। ਇੰਨੇ ਨੂੰ ਮਾਲਵੇ ਦੇ ਸਾਰੇ ਜਿਲ੍ਹਿਆਂ ਫਰੀਦਕੋਟ, ਬਠਿੰਡਾ ਅਤੇ ਫਾਜ਼ਿਲਕਾ ਵਿੱਚੋਂ ਸਾਥੀ ਬਲਦੇਵ ਸਿੰਘ ਭੈਲ, ਪਰਕਾਸ਼ ਸਿੰਘ ਨੰਦਗੜ੍ਹ, ਮਿੱਠੂ ਸਿੰਘ ਘੁੱਦਾ, ਜੱਗਾ ਸਿੰਘ ਖੂਹੀਆਂ ਸਰਵਰ, ਗੁਰਮੇਜ ਲਾਲ ਗੇਜੀ, ਗੁਰਤੇਜ ਸਿੰਘ ਹਰੀ ਨੌਂ, ਗੁਰਮੀਤ ਸਿੰਘ ਜੈ ਸਿੰਘ ਵਾਲਾ ਆਦਿ ਆਗੂ ਅਤੇ ਅਨੇਕਾਂ ਵਰਕਰ ਵੀ ਪੁੱਜ ਗਏ।  
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਸੂਬਾਈ ਆਗੂ ਸਾਥੀ ਜਤਿੰਦਰ ਕੁਮਾਰ ਫਰੀਦਕੋਟ ਅਤੇ ਪੀ ਆਰ ਟੀ ਸੀ ਮੋਟਰ ਮਜ਼ਦੂਰ ਯੂਨੀਅਨ ਆਜ਼ਾਦ ਦੇ ਸੂਬਾ ਕਨਵੀਨਰ ਸਾਥੀ ਸਿਮਰਜੀਤ ਸਿੰਘ ਬਰਾੜ ਵੀ ਸਾਥੀਆਂ ਸਮੇਤ ਧਰਨੇ ਵਿੱਚ ਆ ਸ਼ਾਮਲ ਹੋਏ।  
ਭਰਾਤਰੀ ਜਥੇਬੰਦੀਆਂ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਵੀ ਡਟਵਾਂ ਸਾਥ ਦਿੱਤਾ।
ਭਾਰੀ ਜਦੋ ਜਹਿਦ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਦਖਲ ਨਾਲ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕੀਤਾ ਗਿਆ।
ਦੋਸ਼ੀਆਂ ਦੀ ਜਲਦ ਗਿ੍ਰਫ਼ਤਾਰੀ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆਂ ਐਫਆਈਆਰ ਦੀ ਕਾਪੀ ਪ੍ਰਾਪਤ ਕਰਨ ਉਪਰੰਤ ਸੰਘਰਸ਼ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ।
ਇਸ ਸੰਘਰਸ਼ ਨੇ ਲੋਕਾਂ, ਖਾਸ ਕਰ ਮਜ਼ਦੂਰਾਂ ਅੰਦਰ ਬਹੁਤ ਹੌਂਸਲਾ ਪੈਦਾ ਕੀਤਾ ਅਤੇ ਜੱਥੇਬੰਦੀ ਦੇ ਵੱਕਾਰ ’ਚ ਵੀ ਵਾਧਾ ਕੀਤਾ। ਇੱਥੇ ਇਹ ਦੱਸਣਾ ਅਤਿ ਜਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਇਕ ਕਮਲਜੀਤ ਸਿੰਘ ਰੋਜ਼ੀ ਬਰਕੰਦੀ, ਉਕਤ ਗੁੰਡਿਆਂ ਦੀ ਨੰਗੀ ਚਿੱਟੀ ਹਮਾਇਤ ਕਰ ਰਿਹਾ ਹੈ। ਨਾਮ ਨਿਹਾਦ ਖੱਬੇ ਪੱਖੀਆਂ ਸਮੇਤ ਵੱਡੀਆਂ ਪੂੰਜੀਵਾਦੀ ਪਾਰਟੀਆਂ ਦੇ ਆਗੂਆਂ ਵੱਲੋਂ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਸੱਕਾਂ ਵਾਲੀ ਦੇ ‘ਟੁਕੜ ਬੋਚ’ ਮਾਰਕਾ ਮਜ਼ਦੂਰ ਆਗੂ ਵੀ ਸਾਥੀ ਜੱਸੇਆਣਾ ਨੂੰ ‘ਸਮਝਾਉਣ’ ਆਏ। ਪੁਲਸ ਅਤੇ ਦੋਸ਼ੀਆਂ ਦੋਹਾਂ ਨੇ ਕੋਰੋਨਾ ਦੇ ਪੱਜ ਦੋਸ਼ੀਆਂ ਨੂੰ ਫੜਣ ਤੋਂ ਟਾਲਾ ਵੱਟਿਆ ਹੋਇਆ ਹੈ।
ਜੱਥੇਬੰਦੀ ਵੀ ਅਗਲੇ ਉਚੇਰੇ ਸੰਘਰਸ਼ ਲਈ ਤਿਆਰ ਬਰ ਤਿਆਰ ਹੈ। ਜਿਸ ਇਲਾਕੇ ਵਿੱਚ ਗਰੀਬ-ਗੁਰਬਾ ਜਾਬਰਾਂ ਸਾਹਮਣੇ ਅੱਖ ਚੁੱਕਣ ਦੀ ਹਿੰਮਤ ਨਾ ਕਰਦੇ ਹੋਣ ਉੱਥੇ ਹੈਂਕੜਬਾਜਾਂ ਖਿਲਾਫ਼ ਪਰਚਾ ਦਰਜ ਕੀਤਾ ਜਾਣ ਹੀ ਲੋਕਾਈ ਲਈ ਵੱਡੇ ਮਹੱਤਵ ਦੀ ਘਟਣਾ ਹੈ।  
ਗੁਰਨਾਮ ਸਿੰਘ ਭਿੰਡਰ 

Scroll To Top