ਜਲੰਧਰ :ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸਬੰਧਤ ਸੀਟੀਯੂ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਯੂਨੀਅਨ ਦੇ ਮੀਤ ਪ੍ਰਧਾਨ ਸਾਥੀ ਜਸਵੰਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਇਥੇ ਯੂਨੀਅਨ ਦੇ ਸੂਬਾਈ ਦਫ਼ਤਰ ਵਿਚ ਹੋਈ। ਯੂਨੀਅਨ ਦੇ ਜਨਰਲ ਸਕੱਤਰ ਸ਼ਿਵ ਪਠਾਨਕੋਟ ਨੇ ਕਿਹਾ ਕਿ ਨਵੀਂ ਤਕਨੀਕ ਜਿੰਗ ਜੈਗ ਦੇ ਤਹਿਤ ਵਾਤਾਵਰਨ ਪ੍ਰਦੂਸ਼ਣ ਮੁਕਤ ਬਣੇ ਹਾਈਡਰਾਫਟ ਇੱਟ ਭੱਠਿਆਂ ਨੂੰ ਵੀ ਪੰਜਾਬ ਵਿੱਚ ਸਰਦੀ ਦੇ ਸੀਜ਼ਨ ਦੌਰਾਨ ਚਾਰ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪਹਿਲਾਂ ਹੀ ਅਥਾਹ ਆਰਥਿਕ ਮੁਸ਼ਕਲਾਂ ਨਾਲ ਜੂਝ ਰਹੇ ਭੱਠਾ ਮਜ਼ਦੂਰਾਂ ਦਾ ਜਿਉਣਾ ਹੋਰ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਈ-ਕਈ ਭੱਠਿਆਂ ਦੇ ਮਾਲਕ, ਜਿਨ੍ਹਾਂ ਕੋਲ ਕਰੋੜਾਂ ਪੱਕੀਆਂ ਇੱਟਾਂ ਦਾ ਸਟਾਕ ਕੋਲ ਪਿਆ ਹੈ,ਸਰਕਾਰੇ ਦਰਬਾਰੇ ਵੀ ਪੂਰੀ ਤਰ੍ਹਾਂ ਪਹੁੰਚ ਰੱਖਦੇ ਹੋਏ, ਇੱਟਾਂ ਦੀ ਨਕਲੀ ਥੁੜ੍ਹ ਪੈਦਾ ਕਰਕੇ ਮਹਿੰਗੇ ਭਾਅ ਵੇਚ ਕੇ ਲੱਖਾਂ-ਕਰੋੜਾਂ ਰੁਪਏ ਲੁੱਟਣਗੇ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਪੱਕੀਆਂ ਇੱਟਾਂ ਦਾ ਰੇਟ ਪਹਿਲਾਂ ਨਾਲੋਂ ਡੇਢ ਤੋਂ ਦੋ ਹਜ਼ਾਰ ਰੁਪਏ ਵੱਧ ਵੀ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੰਦ ਭੱਠਿਆਂ ਨੂੰ ਤੁਰੰਤ ਚਾਲੂ ਕਰਾਉਣ ਲਈ ਬਣਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਭੱਠਿਆਂ ਉਪਰ ਮਜ਼ਦੂਰਾਂ ਲਈ ਰਿਹਾਇਸ਼ ਦਾ ਠੀਕ ਪ੍ਰਬੰਧ ਕਰਵਾਉਣ ਅਤੇ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਹੈ। ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ ਨੇ ਪੰਜਾਬ ਸਰਕਾਰ ’ਤੇ ਵਾਅਦਾਖਿਲਾਫ਼ੀ ਦਾ ਦੋਸ਼ ਲਾਇਆ। ਮੀਟਿੰਗ ਦੇ ਫੈਸਲੇ ਅਨੁਸਾਰ ਭੱਠਿਆਂ ਨੂੰ ਚਾਲੂ ਕਰਾਉਣ ਅਤੇ ਭੱਠਾ ਮਜ਼ਦੂਰਾਂ ਦੀਆਂ ਹੋਰ ਮੰਗਾਂ ਲਾਗੂ ਕਰਵਾਉਣ ਲਈ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਮੀਟਿੰਗ ਵਿੱਚ ਜਗਤਾਰ ਸਿੰਘ, ਚਰਨਜੀਤ ਸਿੰਘ ਹਿਮਾਂਯੂਪੁਰਾ, ਹਰੀ ਸਿੰਘ ਢੀਂਡਸਾ, ਦਰਬਾਰਾ ਸਿੰਘ, ਮੇਵਾ ਸਿੰਘ, ਸੁਰਜੀਤ ਸਿੰਘ, ਹਰਦਿਆਲ ਸਿੰਘ ਨਨਹੇੜਾ, ਖੁਸ਼ੀ ਰਾਮ ਤਲਵਾੜਾ, ਮੁਖਤਿਆਰ ਸਿੰਘ ਧਰੇੜੀ ਜੱਟਾਂ, ਅੱਛਰਾ ਸਿੰਘ, ਮਨ ਹਰਨ ਨੇ ਵਿਚਾਰ ਪੇਸ਼ ਕੀਤੇ।