ਫਿਲੌਰ, 26 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵਲੋਂ ਬਕਾਪੁਰ ਦੇ ਫਾਟਕ ਨੇੜੇ ਰੇਲ ਅਤੇ ਸੜਕੀ ਆਵਾਜਾਈ ਬੰਦ ਕਰਕੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿਸਾਨ ਮੋਰਚਾ ਦੇਸ਼ ਦੇ ਹਰ ਸੂਬੇ ਦਾ ਮੋਰਚਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਲਾਗੂ ਹੋਣ ਨਾਲ ਕਾਰਪੋਰੇਟ ਖੇਤੀ ‘ਤੇ ਕਬਜ਼ਾ ਕਰ ਲੈਣਗੇ ਤੇ ਛੋਟੀ ਕਿਸਾਨੀ ਖਤਮ ਹੋ ਜਾਵੇਗੀ ਅਤੇ ਇਸ ਦੇ ਉਲਟ ਪੱਛਮੀ ਬੰਗਾਲ ‘ਚ ਜਿੱਥੇ ਕਿਸਾਨਾਂ ਨੂੰ ਵਾਧੂ ਪਈ ਜ਼ਮੀਨ ਦੀ ਵੰਡ ਕੀਤੀ ਸੀ, ਉਥੇ ਪ੍ਰਤੀ ਏਕੜ ਝਾੜ ਵੱਧ ਨਿਕਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੇ ਪਰਦੇ ਹੇਠ ਸਾਰੇ ਦੇਸ਼ ਨੂੰ ਨਿੱਜੀਕਰਨ ਵੱਲ ਧੱਕ ਦਿੱਤਾ ਗਿਆ। ਸੰਧੂ ਨੇ ਕਿਹਾ ਕਿ ਕਿਸਾਨ ਆਗੂਆਂ ‘ਤੇ ਦੇਸ਼ ਧ੍ਰੋਹ ਦੇ ਕੇਸ ਦਰਜ਼ ਕਰਕੇ ਲੋਕਾਂ ਅੰਦਰ ਭੈਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਏਕਤਾ ਦਿਖਾਉਂਦੇ ਹੋਏ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ।
ਅੱਜ ਦੇ ਇਸ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਫਿਲੌਰ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਗੁਰਚੇਤਨ ਸਿੰਘ ਤੱਖਰ, ਕਿਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਸ਼ਾਦੀਪੁਰ ਅਤੇ ਆਲ ਇੰਡੀਆ ਕਿਸਾਨ ਸਭਾ ਸਾਂਬਰ ਦੇ ਸਵਰਨ ਸਿੰਘ ਅਕਲਪੁਰੀ ਨੇ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਇਕਬਾਲ ਸਿੰਘ, ਕਮਲਜੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਪਰਮਜੀਤ ਰੰਧਾਵਾ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਬਲਿਹਾਰ ਕੌਰ, ਆਂਗਨਵਾੜੀ ਵਰਕਰਜ਼ ਯੂਨੀਅਨ ਦੇ ਨਿਰਲੇਪ ਕੌਰ, ਜੀਟੀਯੂ ਦੇ ਕਰਨੈਲ ਫਿਲੌਰ, ਪੀਐਸਯੂ ਦੇ ਮੰਗਲਜੀਤ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਸਰਬਜੀਤ ਗੋਗਾ, ਜਸਵੰਤ ਸਿੰਘ ਕਾਹਲੋਂ, ਤੀਰਥ ਸਿੰਘ ਪੰਜਢੇਰਾ, ਸਤਨਾਮ ਸਿੰਘ ਰੁੜਕੀ, ਪ੍ਰਿਥੀਪਾਲ ਸਿੰਘ ਖਹਿਰਾ, ਜਰਨੈਲ ਫਿਲੌਰ, ਗੁਰਨਾਮ ਸਿੰਘ ਤੱਗੜ, ਸ਼ਿਵ ਤਿਵਾੜੀ, ਕਰਨੈਲ ਸਿੰਘ ਸੰਧੂ, ਸੁਰਿੰਦਰ ਸਿੰਘ ਥਾਂਦੀ, ਸੁਰਿੰਦਰ ਪੁਆਰੀ, ਦੀਪਾ ਮੁਠੱਡਾ, ਪਿਆਰਾ ਸਿੰਘ ਵਾੜੇਵਾਲ, ਸੁਖਵੰਤ ਸਿੰਘ ਵਾੜੇਵਾਲ, ਕੇਵਲ ਸਿੰਘ ਸਰਪੰਚ ਰਸੂਲਪੁਰ, ਪਰਮਜੀਤ ਬੋਪਾਰਾਏ, ਗੁਰਸੇਵਕ ਸਿੰਘ ਨੰਬੜਦਾਰ, ਦੇਵ ਫਿਲੌਰ, ਗੁਰਨਾਮ ਸਿੰਘ ਮੁਠੱਡਾ, ਇਕਬਾਲ ਸਿੰਘ, ਰਛਪਾਲ ਸਿੰਘ, ਬਲਬੀਰ ਸਿੰਘ, ਪਰਮਜੀਤ ਪੰਮਾ ਬਿਲਗਾ, ਰਛਪਾਲ ਸਿੰਘ ਸ਼ਾਦੀਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸ਼ਹਿਰ ਮੁਕੰਮਲ ਬੰਦ ਰਿਹਾ। ਰੇਲ ਆਵਾਜਾਈ ਮੁਕੰਮਲ ਠੱਪ ਰਹੀ ਅਤੇ ਸੜਕ ‘ਤੇ ਇੱਕ ਦੁੱਕਾ ਵਾਹਨ ਦੇਖੇ ਗਏ। ਇਸ ਮੌਕੇ ਚਾਹ ਅਤੇ ਲੰਗਰ ਦਾ ਖਾਸ ਪ੍ਰਬੰਧ ਸੀ।
