Now Reading
ਸੰਪਾਦਕੀ (ਸੰਗਰਾਮੀ ਲਹਿਰ-ਨਵੰਬਰ 2019)

ਸੰਪਾਦਕੀ (ਸੰਗਰਾਮੀ ਲਹਿਰ-ਨਵੰਬਰ 2019)

ਮਹਾਨ ਅਕਤੂਬਰ ਇਨਕਲਾਬ ਅਤੇ ਉਸਦੇ ਸਬਕ
ਜਦੋਂ 7 ਨਵੰਬਰ ਦਾ ਦਿਨ ਆਉਂਦਾ ਹੈ, ਸੰਸਾਰ ਭਰ ਦੇ ਕਿਰਤੀਆਂ ਤੇ ਦੂਸਰੇ ਦੱਬੇ ਕੁਚਲੇ ਲੋਕਾਂ ਦੇ ਮਨਾਂ ਅੰਦਰ ਉਸ ਮਹਾਨ ਅਕਤੂਬਰ ਇਨਕਲਾਬ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਿਸਨੇ ਰੂਸ ਦੀ ਧਰਤੀ ‘ਤੇ ਜ਼ਾਰਸ਼ਾਹੀ ਤੇ ਪੂੰਜੀਵਾਦ ਦਾ ਖਾਤਮਾ ਕਰਕੇ ਵਿਸ਼ਵ ਦੇ  ਪਹਿਲੇ ਸਮਾਜਵਾਦੀ ਦੇਸ਼ ਦੀ ਨੀਂਹ ਰੱਖੀ। ਇਹ ਵੱਖਰੀ ਕਿਸਮ ਦੀ ਸਮਾਜਿਕ ਤਬਦੀਲੀ ਦੁਨੀਆਂ ‘ਚ ਪਹਿਲੀ ਵਾਰ ਵਾਪਰੀ, ਜਦੋਂ ਲੁਟੇਰੇ ਵਰਗਾਂ ਤੋਂ ਸੱਤਾ ਖੋਹ ਕੇ ਕਿਰਤੀਆਂ ਨੇ ਆਪਣਾ ਰਾਜ ਸਥਾਪਤ ਕੀਤਾ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਕਰਨਾ ਸੰਭਵ ਬਣਾ ਦਿੱਤਾ ਗਿਆ। ਇਹ ‘ਚਮਤਕਾਰੀ ਕਾਰਨਾਮਾ’ ਰੂਸ ਦੀ ਕਮਿਊਨਿਸਟ ਪਾਰਟੀ, ਜਿਸਦੀ ਅਗਵਾਈ ਸਾਥੀ ਵੀ.ਆਈ. ਲੈਨਿਨ ਕਰ ਰਹੇ ਸਨ, ਨੇ ਰੂਸ ਦੇ ਪੀੜਤ ਲੋਕਾਂ ਨੂੰ ਜਥੇਬੰਦ ਕਰਕੇ ਇਕ ਆਪਾ ਵਾਰੂ ਤੇ ਅਨੁਸ਼ਾਸ਼ਤ ਸੰਘਰਸ਼ ਰਾਹੀਂ ਸਿਰੇ ਚਾੜ੍ਹਿਆ। 1917 ਦੇ ਅਕਤੂਬਰ ਇਨਕਲਾਬ ਦੀ ਸਫਲਤਾ ਨੇ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਪੂੰਜੀ ਦੇ ਵਿਰੁੱਧ ਸੰਘਰਸ਼ ਕਰਨ ਲਈ ਉਤਸ਼ਾਹਤ ਕੀਤਾ ਤੇ ਗੁਲਾਮ ਦੇਸ਼ਾਂ ਦੇ ਲੋਕਾਂ ਨੇ ਸਾਮਰਾਜੀ ਧਾੜਵੀਆਂ ਖਿਲਾਫ਼ ਆਪਣੀ ਆਜ਼ਾਦੀ ਤੇ ਮੁਕਤੀ ਵਾਸਤੇ ਜੰਗ ਛੇੜ ਦਿੱਤੀ। ਇਸ ਇਨਕਲਾਬ ਦੀਆਂ ਬਰਕਤਾਂ ਹੀ ਸਨ ਕਿ ਅੱਤ ਪੱਛੜਿਆ ਦੇਸ਼ ਰੂਸ, ਦੁਨੀਆਂ ਦੀ ਇਕ ਮਹਾਨ ਸ਼ਕਤੀ ਦੇ ਰੂਪ ਵਿਚ ਉਭਰਿਆ, ਜਿਸਨੇ ਇਕੱਲੇ ਰੂਸੀ ਲੋਕਾਂ ਦੀ ਜ਼ਿੰਦਗੀ ਨੂੰ ਹੀ ਨਹੀਂ ਸੰਵਾਰਿਆ, ਸਗੋਂ ਦੂਸਰੀ ਸੰਸਾਰ ਜੰਗ ਸਮੇਂ ਫਾਸ਼ੀਵਾਦੀ ਸ਼ਕਤੀਆਂ ਨੂੰ, ਜਿਨ੍ਹਾਂ ਦੀ ਅਗਵਾਈ ਹਿਟਲਰ ਕਰਦਾ ਸੀ, ਨੂੰ ਲੱਕ ਤੋੜਵੀਂ ਹਾਰ ਦੇਣ ਵਿਚ ਨਿਰਣਾਇਕ ਭੂਮਿਕਾ ਅਦਾ ਕੀਤੀ। ਸਮਾਜਵਾਦੀ ਸੋਵੀਅਤ ਯੂਨੀਅਨ ਦੀ ਸਥਾਪਨਾ ਸਦਕਾ ਸੰਸਾਰ ‘ਚ ਪੂੰਜੀਵਾਦੀ ਕੈਂਪ ਦੇ ਮੁਕਾਬਲੇ ‘ਚ ਇਕ ਸਮਾਜਵਾਦੀ ਕੈਂਪ ਦਾ ਉਦੈ ਹੋਇਆ, ਜੋ ਦੁਨੀਆਂ ਦੇ ਲੁੱਟੇ-ਪੁੱਟੇ ਜਾਂਦੇ ਲੋਕਾਂ ਲਈ ਇਕ  ਰਾਹ ਦਰਸਾਊ ਰੋਸ਼ਨੀ ਦਾ ਕੰਮ ਕਰਦਾ ਰਿਹਾ। ਸਮਾਜਵਾਦੀ ਸੋਵੀਅਤ ਯੂਨੀਅਨ ਤੇ ਸਮਾਜਵਾਦੀ ਕੈਂਪ 1990-91 ਅੰਦਰ ਢਹਿ-ਢੇਰੀ ਹੋ ਗਿਆ ਤੇ ਇਨ੍ਹਾਂ ਸਭ ਦੇਸ਼ਾਂ ਅੰਦਰ ਮੁੜ ਪੂੰਜੀਵਾਦੀ ਵਿਵਸਥਾ ਸਥਾਪਤ ਹੋ ਗਈ। ਇਹ ਸਾਰਾ ਕੁੱਝ ਕਿਵੇਂ ਵਾਪਰਿਆ, ਇਸ ਲਈ ਕਿਹੜੀਆਂ-ਕਿਹੜੀਆਂ ਸ਼ਕਤੀਆਂ ਜ਼ਿੰਮੇਵਾਰ ਹਨ ਤੇ ਇਸਦੇ ਮਾਰੂ ਪ੍ਰਭਾਵ ਸੰਸਾਰ ਪੱਧਰ ਉਪਰ ਕਿਸ ਹੱਦ ਤੱਕ ਪਏ, ਇਸ ਸਾਰੇ ਵਰਤਾਰੇ ਬਾਰੇ ਬੜਾ ਕੁਝ ਲਿਖਿਆ ਜਾ ਚੁੱਕਾ ਹੈ ਤੇ ਅੱਗੋਂ ਹੋਰ ਵੀ ਘੋਖਿਆ ਪੜਤਾਲਿਆ ਜਾ ਰਿਹਾ ਹੈ। ਉਂਝ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੇ ਸੰਸਾਰ ਪੱਧਰ ਦੇ ਕਮਿਊਨਿਸਟ ਅੰਦੋਲਨ ਉਪਰ ਬਹੁਤ ਹੀ ਮਾਰੂ ਅਸਰ ਪਾਇਆ। ਇਥੋਂ ਤੱਕ ਕਿ ਕਈ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਮਾਰਕਸਵਾਦੀ-ਲੈਨਿਨਵਾਦੀ ਫਲਸਫੇ ਤੋਂ ਹੀ ਕਿਨਾਰਾਕਸ਼ੀ ਕਰ ਲਈ। ਇਹਨਾਂ ਘਟਨਾਵਾਂ ਨੇ ‘ਸੋਸ਼ਲ ਡ੍ਰੈਮੋਕਰੇਸੀ’ (ਸੋਧਵਾਦ) ਦੇ ਪਨਪਣ ਲਈ ਬਹੁਤ ਹੀ ਸਾਜ਼ਗਾਰ ਮਾਹੌਲ ਸਿਰਜ ਦਿੱਤਾ, ਜਿਸਨੇ ਇਨਕਲਾਬੀ ਧਾਰਾ ਨੂੰ ਖੁੰਡਿਆਂ ਕਰਨ ਦਾ ਕੰਮ ਕੀਤਾ।
ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਮੌਜੂਦਾ ਪੂੰਜੀਵਾਦੀ ਦੌਰ ਅੰਦਰ ਦੁਨੀਆਂ ਭਰ ਦੇ ਲੋਕਾਂ ਲਈ ਲੋਟੂ ਸਰਮਾਏਦਾਰੀ ਪ੍ਰਬੰਧ ਤੋਂ ਛੁਟਕਾਰਾ ਪਾ ਕੇ ਮੁਕਤੀ ਹਾਸਲ ਕਰਨੀ, ਬਰਾਬਰਤਾ ਵਾਲਾ ਸਮਾਜ ਸਿਰਜਣਾ, ਦੁਸ਼ਮਣ ਦੀ ਹਰ ਕੁਚਾਲ ਦਾ ਮੁਕਾਬਲਾ ਕਰਦੇ ਹੋਏ ਸੰਸਾਰ ਭਰ ਦੀ ਕਮਿਊਨਿਸਟ ਲਹਿਰ ਨੂੰ ਮੌਜੂਦਾ ਪਸਤਹਿੰਮਤੀ ਦੇ ਦੌਰ ਵਿਚੋਂ ਬਾਹਰ ਕੱਢ ਕੇ ਮੁੜ ਸਮਾਜਵਾਦੀ ਇਨਕਲਾਬ (ਹਕੀਕੀ ਤੇ ਮਾਨਵਵਾਦੀ) ਦੇ ਲੰਬੇ, ਕਰੜੇ, ਸਿਦਕ ਭਰੇ ਤੇ ਕੁਰਬਾਨੀ ਵਾਲੇ ਗਾਡੀ ਰਾਹ ਤੇ ਤੋਰਨਾ ਸਾਡੇ ਸਾਰੇ ਅਗਾਂਹਵਧੂ ਤੇ ਸਮਾਜਕ ਪਰਿਵਰਤਨ ਦੇ ਹਾਮੀਆਂ ਲਈ ਮਿਲ ਬੈਠ ਕੇ ਸੋਚਣ ਤੇ ਜਮਾਤੀ ਘੋਲਾਂ ਦੇ ਢੁਕਵੇਂ ਨਵੇਂ ਰਾਹ ਤਲਾਸ਼ਣ ਦੀ ਵੱਡੀ ਚੁਣੌਤੀ ਪੇਸ਼ ਕਰਦਾ ਹੈ।
ਮਹਾਨ ਇਨਕਲਾਬੀ ਕਾਰਲ ਮਾਰਕਸ ਤੇ ਫਰੈਡਰਿਕ ਐਗਲਜ਼ ਨੇ ਸਮਾਜਕ ਵਿਕਾਸ ਦੇ ਨਿਯਮ ਖੋਜਣ, ਸਮਾਜਿਕ ਤਬਦੀਲੀ ਲਈ ਲੋੜੀਂਦੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਤੇ ਪੂੰਜੀਵਾਦੀ ਪ੍ਰਬੰਧ ਦੇ ਵਿਕਾਸ ਕਰਨ ਦੇ ‘ਰਾਜ਼’, ਜੋ  ਉਦੋਂ ਤੱਕ ਵੱਡੀ ਹੱਦ ਤੱਕ ਛੁਪੇ ਹੋਏ ਸਨ, ਤੋਂ ਪਰਦਾ ਹਟਾ ਕੇ ਇਸ ਪ੍ਰਬੰਧ ਦੀਆਂ ਲੋਟੂ ਪਰਤਾਂ ਤੇ ਇਸ ਵਿਚਲੀਆਂ ਸਥਾਪਤ ਜਨਮਜਾਤ ਵਿਰੋਧਤਾਈਆਂ ਦਾ ਵਿਗਿਆਨਕ ਨਜ਼ਰੀਏ ਨਾਲ ਮੁਲਾਂਕਣ ਪੇਸ਼ ਕੀਤਾ। ਇਸ ਤੋਂ ਵੀ ਅੱਗੇ, ਲੁਟੇਰੇ ਪ੍ਰਬੰਧ ਦੀ ਖਸਲਤ ਨੂੰ ਸਮਝਣ ਤੋਂ ਬਾਅਦ ਇਸ ਨੂੰ ਮੂਲ ਰੂਪ ਵਿਚ ਤਬਦੀਲ ਕਰਨ ਦੀ ਵਿਧੀ ਨੂੰ ਕਲਮਬੰਦ ਕਰਕੇ ਸਾਰੀ ਮਨੁੱਖ ਜਾਤੀ ਲਈ ਮੁਕਤੀ ਤੇ ਸਮਾਜਕ ਵਿਕਾਸ ਦਾ ਇਕ ਕਾਰਗਰ ਰਾਹ ਦਰਸਾਇਆ।
ਕਾਰਲ ਮਾਰਕਸ ਦੇ ਵਿਗਿਆਨਕ ਫਲਸਫੇ ਨੂੰ ਕਾਮਰੇਡ ਲੈਨਿਨ ਤੇ ਰੂਸ ਦੀ ਕਮਿਊਨਿਸਟ ਪਾਰਟੀ  (ਬਾਲਸ਼ਵਿਕ) ਨੇ ਠੀਕ ਪਰਿਖੇਪ ਵਿਚ ਸਮਝਕੇ ਰੂਸ ਦੀਆਂ ਰਾਜਨੀਤਕ, ਆਰਥਿਕ, ਸਮਾਜਿਕ ਭਾਵ ਕੁਲ ਪ੍ਰਸਥਿਤੀਆਂ ਦੇ ਅਨੁਕੂਲ ਅਮਲੀ ਤੌਰ ‘ਤੇ ਇਸ ਨੂੰ ਲਾਗੂ ਕਰਨ ਦਾ ਸਫਲ ਯਤਨ ਕੀਤਾ। ਕਾਮਰੇਡ ਲੈਨਿਨ ਨੇ ਸਾਮਰਾਜੀ ਦੌਰ ‘ਚ ਮਾਰਕਸਵਾਦੀ ਫਲਸਫੇ ਅੰਦਰ ਸਾਮਰਾਜ ਦੀ ਕਮਜ਼ੋਰ ਕੜੀ ਨੂੰ ਤੋੜ ਕੇ ਆਰਥਿਕ ਰੂਪ ‘ਚ ਮੁਕਾਬਲਤਨ ਪੱਛੜੇ ਦੇਸ਼ ਰੂਸ ਵਿਚ ਇਨਕਲਾਬ ਦਾ ਝੰਡਾ ਬੁਲੰਦ ਕਰਕੇ, ਇਕ ਠੋਸ ਰਚਨਾਤਮਕ ਵਾਧਾ ਕੀਤਾ। ਇਹ ਵਰਤਾਰਾ ਕਾਰਲ ਮਾਰਕਸ ਨੇ ਇਸ ਰੂਪ ‘ਚ ਨਹੀਂ ਚਿਤਵਿਆ ਸੀ, ਇਸੇ ਕਰਕੇ ਮਾਰਕਸ ਦੀ ਸਮਝਦਾਰੀ ਅਨੁਸਾਰ ਸਮਾਜਵਾਦੀ ਇਨਕਲਾਬ ਸਭ ਤੋਂ ਪਹਿਲਾਂ ਵਿਕਸਤ ਪੂੰਜੀਵਾਦੀ ਦੇਸ਼, ਇੰਗਲੈਂਡ ਅੰਦਰ ਸਿਰੇ ਚਾੜ੍ਹਨ ਦੀ ਸੰਭਾਵਨਾ ਸੀ, ਜਿੱਥੇ ਪੂੰਜੀਵਾਦੀ ਨੂੰ ਹਾਰ ਦੇਣ ਲਈ ਪ੍ਰਮੁੱਖ ਸ਼ਕਤੀ ਪ੍ਰੋਲੇਤਾਰੀ ਪੈਦਾ ਹੋ ਚੁੱਕੀ ਸੀ। ਇਹ ਵਿਚਾਰ ਤਰਕਸੰਗਤ ਵੀ ਸੀ। ਪ੍ਰੰਤੂ ਲੈਨਿਨ ਨੇ ਸਾਮਰਾਜੀ ਗੁਲਾਮੀ ਦਾ ਦੁਖ ਝੱਲ ਰਹੀ ਰੂਸੀ ਜਨਤਾ ਤੇ ਇਸਦੇ ਨਾਲ ਲੱਗਦੀਆਂ ਦੂਸਰੀਆਂ ਦੱਬੀਆਂ ਕੁਚਲੀਆਂ ਕੌਮਾਂ ਨੂੰ ਇਕ ਤਾਕਤਵਰ ਤੇ ਅਗਵਾਈ ਯੋਗ ਇਨਕਲਾਬੀ ਸ਼ਕਤੀ ਦੇ ਤੌਰ ‘ਤੇ ਲੈਂਦਿਆਂ ਹੋਇਆਂ ਪਹਿਲਾਂ ਫਰਵਰੀ 1917 ‘ਚ ਰੂਸੀ ਜ਼ਾਰ ਨੂੰ ਗੱਦੀ ਤੋਂ ਉਤਾਰਿਆ ਤੇ ਤੁਰੰਤ ਬਾਅਦ,  ਅਕਤੂਬਰ 1917 (ਨਵੰਬਰ) ਵਿਚ ਸਰਮਾਏਦਾਰੀ ਪ੍ਰਬੰਧ ਵਿਰੁੱਧ ਸਫਲ ਸਮਾਜਵਾਦੀ ਇਨਕਲਾਬ ਦੀ ਅਗਵਾਈ ਕੀਤੀ। ਅਕਤੂਬਰ ਇਨਕਲਾਬ ਤੋਂ ਬਾਅਦ ਦੁਨੀਆਂ ਭਰ ‘ਚ ਕੌਮੀ ਮੁਕਤੀ ਦੀਆਂ ਲਹਿਰਾਂ ਨੇ ਜ਼ੋਰ ਫੜਿਆ ਤੇ ਬਹੁਤ ਸਾਰੇ ਗੁਲਾਮ ਦੇਸ਼ ਸਾਮਰਾਜੀ ਗੁਲਾਮੀ ਤੋਂ ਨਿਜ਼ਾਤ ਹਾਸਲ ਕਰਕੇ ਆਜ਼ਾਦੀ ਦਾ ਨਿੱਘ ਮਾਨਣ ਲੱਗੇ। ਇਸ ਪ੍ਰਕਿਰਿਆ ਵਿਚੋਂ ਹੀ ਚੀਨ, ਵੀਅਤਨਾਮ ਤੇ ਕਿਊਬਾ ਦੇ ਇਨਕਲਾਬਾਂ ਨੇ ਜਨਮ ਲਿਆ। ਹਰ ਦੇਸ਼ ਦੇ ਇਨਕਲਾਬ ਲਈ ਉਥੋਂ ਦੀਆਂ ਵਿਸ਼ੇਸ਼ ਆਰਥਿਕ, ਰਾਜਨੀਤਕ ਤੇ ਸਮਾਜਿਕ ਵਿਵਸਥਾਵਾਂ ਨੂੰ ਸਮਝਣਾ ਤੇ ਸੰਭਾਵਿਤ ਇਨਕਲਾਬੀ ਸ਼ਕਤੀਆਂ ਦੀ ਠੀਕ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਜਥੇਬੰਦ ਕਰਨਾ ਕਿਸੇ ਵੀ ਇਨਕਲਾਬੀ ਤਬਦੀਲੀ ਲਈ ਮੁਢਲੀ ਸ਼ਰਤ ਹੈ। ਇਸਨੂੰ ਹੀ ਅਗਵਾਈ ਕਰਨ ਦੇ ਸਮਰੱਥ ਉਨਤੀ ਕਰ ਰਿਹਾ ਮਾਰਕਸਵਾਦੀ ਫਲਸਫਾ ਮੰਨਿਆ ਜਾਂਦਾ ਹੈ, ਜੋ ਵਿਵਹਾਰਕ ਰੂਪ ਵਿਚ ਅਮਲ ਕਰਨ ਲਈ ਸੇਧ ਦਿੰਦਾ ਹੈ।
ਤੀਸਰਾ ਦੌਰ ਅਜੋਕਾ ਹੈ, ਜਦੋਂ ਸੰਸਾਰ ਭਰ ਵਿਚ ਪੂੰਜੀਵਾਦੀ ਪ੍ਰਬੰਧ ਚੀਨ, ਕਿਊਬਾ, ਵੀਅਤਨਾਮ ਵਰਗੇ ਸਮਾਜਵਾਦੀ ਦੇਸ਼ਾਂ ਤੋਂ ਬਿਨਾਂ, ਇਕ ਸ਼ਕਤੀਸ਼ਾਲੀ ਆਰਥਿਕ ਢਾਂਚੇ ਦੇ ਰੂਪ ਵਿਚ ਕਾਇਮ ਹੈ, ਪ੍ਰੰਤੂ ਹੈ ਡੂੰਘੇ ਆਰਥਿਕ ਸੰਕਟ ਵਿਚ ਫਸਿਆ ਹੋਇਆ। ਵੱਖ-ਵੱਖ ਸੰਕਟਗ੍ਰਸਤ ਪੂੰਜੀਵਾਦੀ ਦੇਸ਼ਾਂ ਅੰਦਰ ਅੰਤਰ-ਵਿਰੋਧਤਾਈਆਂ ਜ਼ਰੂਰ ਤਿੱਖੀਆਂ ਹੋ ਰਹੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰਕੇ ਸੰਸਾਰ ਭਰ ਦੀ ਇਨਕਲਾਬੀ ਲਹਿਰ ਅੱਗੇ ਵੱਧ ਸਕਦੀ ਹੈ। ਪੂੰਜੀਵਾਦ ਸਮਰਥਕਾਂ ਦੇ ਸਮਾਜਵਾਦ ਉਪਰ ਹਮਲੇ ਦਾ ਖੇਤਰ ਇਕੱਲਾ ਰਾਜਨੀਤਕ ਨਹੀਂ, ਸਗੋਂ ਆਰਥਿਕ, ਵਿਚਾਰਧਾਰਕ ਤੇ ਸਭਿਆਚਾਰਕ ਭਾਵ ਸਾਰੇ ਹੀ ਖੇਤਰਾਂ ਤੱਕ ਫੈਲ ਚੁੱਕਾ ਹੈ। ਅੱਜ ਪੂੰਜੀਵਾਦ ਆਪਣੇ ਅਸਲ ਲੋਟੂ, ਅਮਾਨਵੀ ਤੇ ਬੇਤਰਸ ਕਿਰਦਾਰ ਨਾਲ ਲੱਥਪੱਥ ਸਾਫ ਦਿਖਾਈ ਦੇ ਰਿਹਾ ਹੈ। ਸਰਮਾਏਦਾਰੀ ਢਾਂਚੇ ਦੇ ਜ਼ਰਖ਼ਰੀਦ ਬੁੱਧੀਜੀਵੀ ਤੇ ਦੂਸਰੇ ਸਮਰਥਕ ਪੂੰਜੀਵਾਦ ਨੂੰ ਸਮਾਜਕ ਵਿਕਾਸ ਦੀ ਅੰਤਮ ਮੰਜ਼ਿਲ ਦੱਸ ਰਹੇ ਹਨ ਤੇ ‘ਸਮਾਜਵਾਦ’ ਨੂੰ ਵੇਲਾ ਵਿਹਾ ਚੁੱਕਾ ਢਾਂਚਾ ਮੰਨਦੇ ਹਨ, ਜਿਸਦੀ ਅੱਜ ਕੋਈ ‘ਪ੍ਰਸੰਗਕਤਾ’ ਨਹੀਂ ਹੈ। ਇਸ ਕੂੜ ਪ੍ਰਚਾਰ ਦਾ ਅਸਰ ਸੰਸਾਰ ਭਰ ਦੇ ਵੱਡੇ ਹਿੱਸੇ ਦੇ ਲੋਕਾਂ ਉਪਰ ਵੀ ਸਾਫ ਦਿਖਾਈ ਦੇ ਰਿਹਾ ਹੈ। ਕਿਸੇ ਇਨਕਲਾਬੀ ਸੇਧ ਤੋਂ ਸੱਖਣੇ ਲੋਕ ਬਹੁਤੀ ਥਾਈਂ ਪੂੰਜੀਵਾਦੀ ਪ੍ਰਬੰਧ ਅੰਦਰ ਆਪਣੇ ਹੱਕਾਂ ਹਿਤਾਂ ਲਈ ਜਨਤਕ ਘੋਲਾਂ ਦੇ ਰਾਹ ਪਏ ਹੋਏ ਹਨ। ਪ੍ਰੰਤੂ ਕਿਸੇ ਇਨਕਲਾਬੀ ਪਾਰਟੀ ਜਾਂ ਇਨਕਲਾਬੀ ਵਿਚਾਰਧਾਰਾ ਦੀ ਅਣਹੋਂਦ ਕਾਰਨ ਲਹੂ ਵੀਟਵੀਆਂ ਲੜਾਈਆਂ ਲੜਦੇ ਹੋਏ ਜਨ ਸਮੂਹ ਸੱਜੇ ਪੱਖ ਵੱਲ ਨੂੰ ਵੀ ਉਲਾਰ ਹੋ ਰਹੇ ਹਨ। ਵੱਖ ਵੱਖ ਦੇਸ਼ਾਂ ਅੰਦਰ ਫਾਸ਼ੀ ਤੱਤਾਂ ਦਾ ਉਭਾਰ ਇਸਦਾ ਪ੍ਰਤੱਖ ਰੂਪ ਹੈ।
1980 ਤੋਂ ਸ਼ੁਰੂ ਹੋਏ ਆਰਥਿਕ ਮੰਦੀ ਦੇ ਦੌਰ ‘ਚ ਸਾਮਰਾਜੀ ਪੂੰਜੀਵਾਦੀ ਦੇਸ਼, ਪੂੰਜੀਪਤੀ ਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਵਧਾਉਣ ਵਾਸਤੇ ਮਜ਼ਦੂਰ ਜਮਾਤ ਉਪਰ ਨਿੱਤ ਨਵੇਂ ਹਮਲੇ ਕਰ ਰਹੇ ਹਨ। ਜਿਹੜੀਆਂ ਸਮਾਜਕ ਸਹੂਲਤਾਂ ਤੇ ਕਾਨੂੰਨੀ ਹੱਕ ਉਨ੍ਹਾਂ ਨੇ ਸਖਤ ਲਹੂ ਵੀਟਵੀਆਂ ਜਦੋ ਜਹਿਦਾਂ ਰਾਹੀਂ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਵੀ ਤੇਜ਼ੀ ਨਾਲ ਖੋਹਿਆ ਜਾ ਰਿਹਾ ਹੈ। ਆਰਥਿਕ ਵਿਕਾਸ ਲਈ ਸਰਕਾਰੀ ‘ਯੋਜਨਾਬੰਦੀ’ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦਿੱਤੀ ਜਾ ਰਹੀ ਹੈ ਤੇ ਸਭ ਕੁੱਝ ‘ਮੰਡੀ ਦੀਆਂ ਸ਼ਕਤੀਆਂ’ ਉਪਰ ਛੱਡਿਆ ਜਾ ਰਿਹਾ ਹੈ। ਪੱਕੀਆਂ ਨੌਕਰੀਆਂ ਤੇ ਹੋਰ ਸਹੂਲਤਾਂ ਦੇਣ ਦੀ ਜਗ੍ਹਾ ਸਾਰਾ ਕੁੱਝ ਠੇਕੇਦਾਰੀ ਪ੍ਰਥਾ ਦੇ ਅਧੀਨ ਕੀਤਾ ਜਾ ਰਿਹਾ ਹੈ, ਜਿਥੇ ਸਥਿਤੀ ‘ਜੰਗਲ ਦੇ ਰਾਜ’ ਵਰਗੀ ਹੈ; ਭਾਵ ‘ਜਿਸਦੀ ਲਾਠੀ, ਉਦਸੀ ਭੈਂਸ’ ਵਾਲੀ। ਗਰੀਬੀ-ਅਮੀਰੀ ਦਾ ਪਾੜਾ ਸਿਖਰਾਂ ਛੂਹ ਰਿਹਾ ਹੈ ਤੇ ਪੈਦਾਵਾਰੀ ਸ਼ਕਤੀਆਂ ਦਾ ਵੱਡਾ ਹਿੱਸਾ ਬੇਕਾਰੀ ਦੀ ਦਲਦਲ ਵਿਚ ਫਸਕੇ ਭੁੱਖਮਰੀ ਤੇ ਗਰੀਬੀ ਦਾ ਸ਼ਿਕਾਰ ਹੈ। ਚੰਦ ਕੁ ਪੂੰਜੀਪਤੀ ਘਰਾਣਿਆਂ ਤੋਂ ਬਿਨਾਂ ਸਮਾਜ ਦਾ ਬਾਕੀ ਹਿੱਸਾ ਘੱਟ-ਵੱਧ ਫਰਕ ਨਾਲ ਬੇਕਿਰਕੀ ਨਾਲ ਲੁਟਿਆ ਜਾ ਰਿਹਾ ਹੈ। ਕਿਸਾਨੀ ਦਾ ਸੰਕਟ ਆਪਣੀ ਚਰਮ ਸੀਮਾਂ ਤੱਕ ਪੁੱਜ ਗਿਆ ਹੈ। ਬੇਰੁਜ਼ਗਾਰੀ, ਅਨਪੜ੍ਹਤਾ, ਭੁਖਮਰੀ ਤੇ ਗਰੀਬੀ ਦਾ ਸ਼ਿਕਾਰ ਹੋਣ ਸਦਕਾ ਸਮਾਜ ਵਿਚ ਅਪਰਾਧਕ ਗਤੀਵਿਧੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ ਤੇ ਨਸ਼ੇ ਦਾ ਵਿਉਪਾਰ ਸਿਖਰਾਂ ਛੂਹ ਰਿਹਾ ਹੈ। ਸਮਾਜਕ ਉਥਲ-ਪੁਥਲ ਜ਼ੋਰਾਂ ‘ਤੇ ਹੈ।
ਇਨ੍ਹਾਂ ਨਵੀਆਂ ਪ੍ਰਸਥਿਤੀਆਂ ਅੰਦਰ ਇਨਕਲਾਬੀ ਸ਼ਕਤੀਆਂ ਨੂੰ ਮੁੜ ਆਪਣੇ ਨਿਸ਼ਾਨਿਆਂ ਤੇ ਸੰਘਰਸ਼ਾਂ ਦੀ ਰੂਪ  ਰੇਖਾ ਤੈਅ ਕਰਨ ਦੀ ਜ਼ਰੂਰਤ ਹੈ। ਮਾਰਕਸਵਾਦੀ-ਲੈਨਿਨਵਾਦੀ ਵਿਗਿਆਨਕ ਫਲਸਫੇ ਤੋਂ ਅਗਵਾਈ ਲੈਂਦਿਆਂ ਹੋਇਆਂ ਹਰ ਦੇਸ਼ ਦੀਆਂ ਕਮਿਊਨਿਸਟ ਧਿਰਾਂ ਨੂੰ ਆਪੋ-ਆਪਣੇ ਦੇਸ਼ਾਂ ਵਿਚ ਇਨਕਲਾਬੀ ਲਹਿਰ ਦੇ ਵਾਧੇ ਹਿੱਤ ਨਵੇਂ ਦਾਅਪੇਚ ਤੇ ਪ੍ਰਾਥਮਿਕਤਾਵਾਂ ਨਿਰਧਾਰਤ ਕਰਨ ਦੀ ਲੋੜ ਹੈ। ਪੂੰਜੀਵਾਦ ਦੇ ਵਿਕਾਸ ਨਾਲ ਕੁਝ ਨਵੀਂ ਤਰਜ਼ ਦੇ ਸਮਾਜਕ ਤਬਕੇ ਉਭਰੇ ਹਨ, ਜਿਹੜੇ ਭਾਵੇਂ ਕੂੜ ਪ੍ਰਚਾਰ ਸਦਕਾ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੇ ਸੰਕਲਪ ਤੋਂ ਪ੍ਰਭਾਵਤ ਹੋਏ ਹਨ, ਪ੍ਰੰਤੂ ਉਨ੍ਹਾਂ ਦਾ ਇਸ ਆਰਥਿਕ ਢਾਂਚੇ ਪ੍ਰਤੀ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤੀ ਜਮਾਤ ਦੇ ਅਜਿਹੇ ਹਿੱਸਿਆਂ ਦਾ ਜਮਹੂਰੀ ਤੇ ਇਨਕਲਾਬੀ ਲਹਿਰ ਵਿਚ ਕਿਵੇਂ ਆਤਮਸਾਤ ਕੀਤਾ ਜਾਵੇ, ਸਾਡੇ ਸਾਹਮਣੇ ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ। ਨਵੰਬਰ 1917 ਦੇ ਰੂਸੀ ਇਨਕਲਾਬ ਅੰਦਰ ਰੂਸ ਦੀ ਕਮਿਊਨਿਸਟ ਪਾਰਟੀ ਨੇ ਸਮੇਂ ਤੇ ਪ੍ਰਸਥਿਤੀਆਂ ਦੇ ਅਨੁਸਾਰ ਜਿਹੜੀ ਯੁਧਨੀਤੀ ਤੇ ਦਾਅਪੇਚ ਅਪਣਾਏ ਸਨ ਤੇ ਕਿਵੇਂ ਲਹਿਰ ਦੇ ‘ਉਤਰਾਅ-ਚੜ੍ਹਾਅ’ ਦੀ ਅਵਸਥਾ ਅੰਦਰ ਦਾਅ ਪੇਚਾਂ ਵਿਚ ਢੁਕਵੇਂ ਬਦਲਾਅ ਕੀਤੇ ਸਨ, ਇਹ ਸਾਰਾ ਕੁੱਝ ਅਜੋਕੇ ਸਮਿਆਂ ਨਾਲ ਜੋੜ ਕੇ ਸਿੱਖਣ ਦੀ ਜ਼ਰੂਰਤ ਹੈ। ਉਸ ਤਰ੍ਹਾਂ ਦੀ ਇਨਕਲਾਬੀ ਪਾਰਟੀ ਦੀ ਸਥਾਪਨਾ, ਜਿਸਨੇ ਮਾਰਕਸਵਾਦ ਨੂੰ ਰੂਸ ਦੀਆਂ ਠੋਸ ਅਵਸਥਾਵਾਂ ਉਪਰ ਲਾਗੂ ਕਰਕੇ ਮਜ਼ਦੂਰ ਜਮਾਤ ਨੂੰ ਇਨਕਲਾਬੀ ਤਬਦੀਲੀ ਲਈ ਤਿਆਰ ਕੀਤਾ, ਅਜੋਕਿਆਂ ਸਮਿਆਂ ਦੀ ਵੱਡੀ ਲੋੜ ਹੈ।
ਕਾਮਰੇਡ ਲੈਨਿਨ, ਕਾਮਰੇਡ ਮਾਓ-ਜ਼ੇ-ਤੁੰਗ ਆਪਣੀਆਂ ਲਿਖਤਾਂ ਤੇ ਅਮਲਾਂ ਵਿਚ ਰੂਸ ਤੇ ਚੀਨ ਦੀਆਂ ਠੋਸ ਅਵਸਥਾਵਾਂ ਨੂੰ ਸਮਝ ਕੇ ਇਨਕਲਾਬੀ ਲਹਿਰ ਸਿਰਜਣ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੇ। ਉਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੀਆਂ ਲਿਖਤਾਂ ਦੀਆਂ ਗੈਰ ਪ੍ਰਸੰਗਕ ਵਿਧੀ ਨਾਲ ‘ਟੂਕਾਂ’ ਦੇ ਕੇ ‘ਜੜ੍ਹ ਭਰਥ’ ਬਨਣ ਤੋਂ ਗੁਰੇਜ਼ ਕਰਦਿਆਂ, ਸੋਚਣਾ ਇਹ ਚਾਹੀਦਾ ਹੈ ਕਿ ਸੰਸਾਰ ਭਰ ‘ਚ ਪੂੰਜੀਵਾਦੀ ਤਰੱਕੀ ਦੇ ਸਾਮਰਾਜੀ ਦੌਰ ‘ਚ ਕਾਰਲ ਮਾਰਕਸ, ਲੈਨਿਨ ਤੇ ਮਾਓ ਜ਼ੇ ਤੁੰਗ ਨੇ ਜਿਸ ਤਰ੍ਹਾਂ ਸਮਕਾਲੀ ਪ੍ਰਸਥਿਤੀਆਂ ਦਾ ਮੁਲਾਂਕਣ ਕਰਕੇ ਢੁਕਵੀਂ ਯੁਧਨੀਤੀ ਤੇ ਦਾਅਪੇਚ ਘੜੇ, ਅਸੀਂ ਅਜਿਹਾ ਸੋਚਣ ਤੇ ਕਰਨ ਦੇ ਸਮਰੱਥ ਕਿਸ ਤਰ੍ਹਾਂ ਬਣ ਸਕਦੇ ਹਾਂ? ਸੱਚੇ ਮਾਰਕਸਵਾਦੀ ਬਣਨ ਲੲਂੀ ਇਸ ਧਾਰਨਾ ਨੂੰ ਸਮਝਣ ਦੀ ਸਖਤ ਜ਼ਰੂਰਤ ਹੈ।
ਰੂਸ ਦੇ ਅਕਤੂਬਰ ਇਨਕਲਾਬ ਨੂੰ ਯਾਦ ਕਰਨ ਦਾ ਸਭ ਤੋਂ ਉਤਮ ਢੰਗ ਇਹੀ ਹੋ ਸਕਦਾ ਹੈ।
ਮੰਗਤ ਰਾਮ ਪਾਸਲਾ

Scroll To Top