ਜਮੀਨੀ ਸੁਧਾਰਾਂ ਦੀ ਅਸਫਲਤਾ, ਸੋਨਭੱਦਰ ਆਦਿਵਾਸੀ ਸਮੂਹਕ ਕਤਲੇਆਮ
ਲੰਘੀ ਸਤਾਰਾਂ ਜੁਲਾਈ ਨੂੰ ਦਰਜਨਾਂ ਟ੍ਰੈਕਟਰਾਂ ‘ਤੇ ਸਵਾਰ, ਮਾਰੂ ਹਥਿਆਰਾਂ ਨਾਲ ਲੈਸ, ਸੈਂਕੜੇ ਪੇਸ਼ੇਵਰ ਅਪਰਾਧੀਆਂ ਦੇ ਇੱਕ ਟੋਲੇ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜਿਲ੍ਹੇ ਦੇ ਪਿੰਡ ਊਭਾ ਵਿੱਚ ਦਸ ਆਦਿਵਾਸੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਦੋ ਦਰਜਨ ਤੋਂ ਵਧੇਰੇ ਨੂੰ ਗੰਭੀਰ ਜਖ਼ਮੀ ਕਰ ਦਿੱਤਾ । ਇਹ ਕਾਤਲੀ ਟੋਲਾ ਘੰਟਿਆਂ ਬੱਧੀ ਨਿਤਾਣੇ ਕਬਾਇਲੀਆਂ ਨੂੰ ਛੱਲੀਆਂ ਵਾਂਗ ਕੁੱਟਦਾ ਰਿਹਾ ਪਰ ਇਲਾਕੇ ਵਿੱਚ ਇਨ੍ਹਾਂ ਕਾਤਲਾਂ ਦੇ ਭੈਅ ਅਤੇ ਦਬਦਬੇ ਸਦਕਾ ਕੋਈ ਮਜ਼ਲੂਮਾਂ ਦੀ ਇਮਦਾਦ ਲਈ ਨਹੀਂ ਬਹੁੜਿਆ । ਹਾਲਾਂਕਿ ਇਸ ਪਿੰਡ ਵਿੱਚ ਕਸ਼ੀਦਗੀ ਦੀ ਹਾਲਾਤ ਦੇ ਚਲਦਿਆਂ ਕਿਸੇ ਅਣਹੋਣੀ ਦੇ ਵਾਪਰਨ ਦਾ ਖਦਸ਼ਾ ਪ੍ਰਗਟ ਕਰਦੀਆਂ ਰਿਪੋਰਟਾਂ ਪੁਲਸ ਕੋਲ ਮੌਜੂਦ ਸਨ । ਪਰ ਆਪਣੀ ਪੱਖਪਾਤੀ ਪਹੁੰਚ ਸਦਕਾ ਮਸ਼ਹੂਰੀ ਖੱਟ ਚੁੱਕੀ ਪੁਲਸ ਆਪਣੀ ਪਿਰਤ ਅਨੁਸਾਰ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰ ਜਾਣ ਦੇ ਘੰਟਿਆਂ ਬਾਅਦ ਅੱਪੜੀ। ਇਸ ਖੂਨੀ ਕਾਂਡ ਦਾ ਮਕਸਦ ਪੰਜ ਪੁਸ਼ਤਾਂ ਤੋਂ ਇਸ ਪਿੰਡ ਦੀ ਜਮੀਨ ‘ਤੇ ਖੇਤੀ ਕਰ ਰਹੇ ਆਦਿਵਾਸੀਆਂ ਨੂੰ ਇਥੋਂ ਖਦੇੜਨਾ ਸੀ।
ਸਬੰਧਤ ਪਿੰਡ ਕਿਸੇ ਸਮੇਂ ਇੱਕ ਰਿਆਸਤ ਦੇ ਅਧੀਨ ਸੀ। ਪਿਛੋਂ ਇਹ ਪਿੰਡ ਅਤੇ ਇਲਾਕਾ ਰਾਜਾ ‘ਬੜ੍ਹਹਰ’ ਦੇ ਕਬਜ਼ੇ ਹੇਠ ਆ ਗਿਆ। ਪਰ ਇਹ ਗਰੀਬ ਆਦਿਵਾਸੀ ਇਸ ਜਮੀਨ ‘ਤੇ ਖੇਤੀ ਕਰਦੇ ਰਹੇ। ਦੇਸ਼ ਆਜ਼ਾਦ ਹੋਣ ਪਿੱਛੋਂ ਜਿਮੀਂਦਾਰੀ ਉਨਮੂਲਨ ਅਤੇ ਭੂਮੀ ਸੁਧਾਰ ਕਾਨੂੰਨ 1950 ਦੇ ਤਹਿਤ ਇਹ ਜਮੀਨ ਗ੍ਰਾਮ ਸਭਾ ਦੀ ਮਾਲਕੀ ਵਾਲੀ ਸਾਰੇ ਪਿੰਡ ਦੀ ਮਾਲਕੀ ਵਾਲੀ ਸਾਂਝੀ ਜਮੀਨ ਵਿੱਚ ਤਬਦੀਲ ਕਰ ਦਿੱਤੀ ਗਈ। ਇਸੇ ਦੌਰਾਨ ਰਾਬਰਟਗੰਜ ਦੇ ਤਹਿਸੀਲਦਾਰ ਨੇ ਆਪਣੇ ਹੁਕਮਾਂ ਰਾਹੀਂ ਪਿੰਡ ਦੀ ਵਸੋਂ ‘ਤੇ ਆਧਾਰਤ ਇੱਕ ਸਹਿਕਾਰੀ ਸਭਾ (ਕੋ-ਆਪਰੇਟਿਵ ਸੁਸਾਇਟੀ) ਨੂੰ ਇਸ ਜਮੀਨ ਦਾ ਦੇਖਭਾਲ-ਕਰਤਾ ਬਣਾ ਦਿੱਤਾ। ਜਦ ਇਸ ਜਮੀਨ ‘ਤੇ ਕਈ ਪੁਸ਼ਤਾਂ ਤੋਂ ਖੇਤੀ ਕਰ ਰਹੇ ਆਦਿਵਾਸੀਆਂ ਅਤੇ ਦਲਿਤਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਤਾਂ ਸਰਕਾਰੀ ਨੁਮਾਇੰਦਿਆਂ ਵਲੋਂ ਇਹ ਭਰੋਸਾ ਦਿੱਤਾ ਗਿਆ ਕਿ ਇਹ ਜਮੀਨ ਬਿਕ ਨਹੀਂ ਸਕਦੀ ਅਤੇ ਤੁਸੀਂ ਹੀ ਇਸ ‘ਤੇ ਕਾਸ਼ਤਕਾਰ ਵਜੋਂ ਕਾਬਜ਼ ਰਹੋਗੇ ।
ਪਰ ਜਮੀਨੀ ਰੀਕਾਰਡ ਵਿੱਚ ਭੰਨਤੋੜ ਦੇ ਮਾਹਿਰ ਮਹਿਕਮਾ ਮਾਲ ਦੇ ਅਮਲੇ ਫੈਲੇ ਦੀ ਮਿਲੀਭੁਗਤ ਨਾਲ 1989 ਵਿੱਚ ਕਾਗਜਾਂ ਵਿੱਚ ਇਸ ਭੋਇੰ ਦੇ ਮਾਲਕ ਇੱਕ ਆਈ ਏ ਐਸ ਅਧਿਕਾਰੀ, ਉਸ ਦੀ ਪਤਨੀ ਅਤੇ ਕਰੀਬੀ ਰਿਸ਼ਤੇਦਾਰਾਂ ਨੂੰ ਬਣਾ ਧਰਿਆ। ਤਾਜਾ ਖਬਰਾਂ ਦੱਸਦੀਆਂ ਹਨ ਕਿ ਇਸ ਜਮੀਨ ਨਾਲ ਸਬੰਧਤ ਮਾਲ ਮਹਿਕਮੇ ਦੇ ਰਿਕਾਰਡ ਵਿੱਚੋਂ ਹਜਾਰਾਂ ਸਫੇ ਗਾਇਬ ਹਨ। ਇਸ ਖੁਰਾਫਾਤੀ ਟੱਬਰ ਨੇ ਉਕਤ ਜਮੀਨ 2017 ਵਿੱਚ ਗ੍ਰਾਮ ਪ੍ਰਮੁੱਖ ਯੱਗਦੱਤ ਨੂੰ ਵੇਚ ਦਿੱਤੀ । ਯੱਗਦੱਤ ਅਤੇ ਇਸ ਦੇ ਸਹਿਯੋਗੀ ਕਾਂਤਾ ਪ੍ਰਸਾਦ ਤੇ ਰੇਲਵੇ ਅਧਿਕਾਰੀ ਕੋਮਲ ਦੀ ਤਿੱਕੜੀ ਅਸਲ ਵਿੱਚ ਇਸ ਇਲਾਕੇ ਦੇ ਭੌਂ ਮਾਫੀਆ ਦੀ ਸੰਚਾਲਕ ਹੈ । ਇਹ ਤਿੱਕੜੀ ਆਲੇ-ਦੁਆਲੇ ਦੇ ਚਾਰ ਪਿੰਡਾਂ ਦੀ ਅੱਧੋਂ ਬਾਹਲੀ ਜ਼ਮੀਨ ਹਥਿਆ ਚੁੱਕੀ ਹੈ । ਉਕਤ ਕਿਸਮ ਦੀ ਸਾਂਝੀ ਮਾਲਕੀ ਵਾਲੀ ਜਮੀਨ ਚੋਂ ਇੱਕ-ਅੱਧ ਬਿੱਘਾ ਖਰੀਦ ਕੇ ਸੈਂਕੜੇ ਬਿੱਘਿਆਂ ‘ਤੇ ਧੱਕੇ ਨਾਲ ਕਬਜ਼ਾ ਕਰ ਲੈਣਾ ਇਨ੍ਹਾਂ ਦਾ ਕੰਮ ਹੈ । ਇਸ ਟੋਲੇ ਨੂੰ ਰਾਜਨੀਤਕ ਸਰਪ੍ਰਸਤੀ ਹਾਸਲ ਨਾ ਹੋਣ ਬਾਰੇ ਤਾਂ ਸੋਚਣ ਦੀ ਕੋਈ ਗੁੰਜਾਇਸ਼ ਹੀ ਨਹੀਂ । ਅਫਸਰਸ਼ਾਹੀ ਨੂੰ ਇਸ ਕਿਸਮ ਦੇ ਲੋਕ ਨਜਰਾਨੇ ਭੇਂਟ ਕਰਕੇ ਥੱਲੇ ਲਾ ਲੈਂਦੇ ਹਨ। ਉਤੋਂ ਖੁਦ ਯੋਗੀ ਸਰਕਾਰ ਵਲੋਂ ਸੂਬੇ ਦਾ ਮਾਹੌਲ ਇਸ ਕਿਸਮ ਦਾ ਬਣਾ ਦਿੱਤਾ ਗਿਆ ਹੈ ਕਿ ਕੋਈ ਵੀ ਜਰਵਾਣਾ ਜਦੋਂ ਮਰਜੀ ਕਿਸੇ ਗਰੀਬ ਗੁਰਬੇ ਦਾ ਵਢਾਂਗਾ ਕਰਨ ਦਾ ਹੱਕਦਾਰ ਹੈ।
ਇਥੇ ਇਹ ਜ਼ਿਕਰ ਕਰਨਾ ਵੀ ਜਰੂਰੀ ਹੈ ਕਿ ਉਕਤ ਕਿਸਮ ਦੀ ਜਮੀਨ ਇਕੱਲੇ ਸੋਨਭੱਦਰ ਹੀ ਨਹੀਂ ਬਲਕਿ ਨਾਲ ਲਗਦੇ ਚੰਦੌਲੀ ਅਤੇ ਮਿਰਜਾਪੁਰ ਜਿਲ੍ਹਿਆਂ ਵਿੱਚ ਵੀ ਹੈ ਅਤੇ ਉਥੇ ਵੀ ਇਸ ਕਿਸਮ ਦੀਆਂ ਹੌਲਨਾਕ ਵਾਰਦਾਤਾਂ ਵਾਪਰਨ ਦੇ ਖਦਸ਼ੇ ਹਨ। ਬਹਰਹਾਲ, ਸਾਡੀ ਸਮਝ ਅਨੁਸਾਰ ਦੋਸ਼ੀਆਂ ਨੂੰ ਢੁਕਵੀਆਂ ਸਜਾਵਾਂ ਦੇਣ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਤੋਂ ਬਿਨਾਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਸਦੀਆਂ ਤੋਂ ਪੁਸ਼ਤ ਦਰ ਪੁਸ਼ਤ ਇਸ ਭੋਇੰ ‘ਤੇ ਖੇਤੀ ਕਰ ਰਹੇ ਆਦਿਵਾਸੀਆਂ ਨੂੰ ਬਿਨਾਂ ਦੇਰੀ ਮਾਲਕੀ ਹੱਕ ਦੇਣ ਲਈ ਲੋੜੀਂਦੇ ਸਾਰੇ ਕਦਮ ਪੁੱਟੇ ਜਾਣ। ਇਸ ਮਾਮਲੇ ਵਿੱਚ ਜਮੀਨ ਦੇ ਤਬਾਦਲੇ ਅਤੇ ਖਰੀਦ ਵੇਚ ਦੀ ਨਾਜਾਇਜ਼ ਡੀਲ ਰੱਦ ਕਰਦਿਆਂ ਮਾਲ ਮਹਿਕਮੇ ਦੇ ਅਮਲੇ-ਫੈਲੇ ਨੂੰ ਵੀ ਸਖਤ ਸਜਾਵਾਂ ਯਕੀਨੀ ਬਣਾਈਆਂ ਜਾਣ।
ਗਰੀਬ ਕਬਾਇਲੀਆਂ ਨੂੰ ਦਿਨ ਦਿਹਾੜੇ ਕਤਲ ਕਰਨ ਅਤੇ ਵੱਢ ਟੁੱਕ ਦੇਣ ਦੀ ਉਕਤ ਘਟਨਾ ਦਾ ਸਾਰ ਤੱਤ ਇਹ ਹੈ ਕਿ ਨਵ ਧਨਾਢਾਂ ਅਤੇ ਜਗੀਰਦਾਰਾਂ ਨੇ ਨਾਮ ਨਿਹਾਦ ਤੇ ਬਹੁਤ ਮਾਮੂਲੀ, ਅੱਧੇ-ਅਧੂਰੇ ਜਮੀਨੀ ਸੁਧਾਰਾਂ ਨੂੰ ਵੀ ਪੁੱਠਾ ਗੇੜਾ ਦੇਣ ਦੀ ਪੱਕੀ ਧਾਰ ਲਈ ਹੈ । ‘ਜਮੀਨ ਹਲਵਾਹਕ ਦੀ’ ਦਾ ਨਾਹਰਾ ਮੁੜ ਤੋਂ ਜੋਰਾਂ-ਸ਼ੋਰਾਂ ਨਾਲ ਉਭਾਰਨ ਅਤੇ ਇਸ ਨਾਹਰੇ ਨੂੰ ਸੱਚ ਬਨਾਉਣ ਖਾਤਰ ਜਾਨਹੂਲਵੇਂ ਸੰਘਰਸ਼ਾਂ ਦੀ ਉਸਾਰੀ ਦੀ ਵੱਡੀ ਲੋੜ ਹੈ । ਇਹਨਾਂ ਸੰਘਰਸ਼ਾਂ ਦੀ ਸਫਲਤਾ ਨਾਲ ਹੀ ਸਮਾਜਿਕ ਨਿਆਂ, ਰੋਜਗਾਰ ਅਤੇ ਖੇਤੀ ਵਿਕਾਸ ਦੇ ਲਕਸ਼ ਪੂਰੇ ਕਿਤੇ ਜਾ ਸਕਦੇ ਹਨ ਅਤੇ ਅੰਤ ਨੂੰ ਇਹੀ ਸੰਗਰਾਮ ਭਾਰਤ ਦੇ ਜਰਈ ਇਨਕਲਾਬ ਦਾ ਧੁਰਾ ਬਨਣਗੇ। ਦੇਸ਼ ਦੀ ਜਮਹੂਰੀ ਲਹਿਰ ਉਕਤ ਲੋੜਾਂ ਬਾਰੇ ਕਿੰਨੀ ਤਤਪਰਤਾ ਨਾਲ ਕਿੰਨੇ ਦਰੁਸਤ ਨਿਰਣੇ ਲੈਂਦੀ ਹੈ ਸਾਰੀ ਗੱਲ ਹੁਣ ਇੱਥੇ ਹੀ ਆਣ ਖੜੀ ਹੈ ।
ਲੋਟੂ ਨਿਜ਼ਾਮ ਅਤੇ ਸਰਕਾਰਾਂ ਦੋਸ਼ੀ ਹਨ, ਆਤਮ ਘਾਤ ਦੇ ਮੰਦਭਾਗੇ ਵਰਤਾਰੇ ਲਈ
ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਭਾਈ ਕੇ ਦਾ ਹੋਣਹਾਰ ਨੌਜਵਾਨ ਜਸਵੀਰ ਸਿੰਘ ਬੀਤੇ ਦਿਨੀਂ ਸਵੈਮਾਨ ਭਰਪੂਰ ਜਿੰਦਗੀ ਜਿਉਣ ਦੀ ਜੰਗ ਲੜਦਾ ਹੋਇਆ ਮਾਨਸਿਕ ਤੌਰ ‘ਤੇ ਇੰਨੀ ਬੁਰੀ ਤਰ੍ਹਾਂ ਟੁੱਟ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ । ਦਲਿਤ ਪਰਿਵਾਰ ਵਿੱਚ ਜੰਮਿਆ ਜਗਸੀਰ ਐਮ. ਏ., ਬੀ .ਐਡ. ਦੀ ਉਚੇਰੀ ਵਿੱਦਿਆ ਹਾਸਲ ਕਰਨ ਤੋਂ ਇਲਾਵਾ ਟੈਟ (ਅਧਿਆਪਕ ਯੋਗਤਾ ਪ੍ਰੀਖਿਆ) ਅਤੇ ਯੂ. ਜੀ. ਸੀ. ਨੈੱਟ ਦਾ ਇਮਤਿਹਾਨ ਵੀ ਪਾਸ ਕਰ ਚੁੱਕਿਆ ਸੀ । ਉਂਝ ਚੰਗੇ ਭਵਿੱਖ ਦੇ ਸੁਪਨੇ ਤਾਂ ਹਰ ਨੌਜਵਾਨ ਲੈਂਦਾ ਹੈ ਅਤੇ ਇਹ ਸੁਪਨੇ ਪੂਰੇ ਨਾ ਹੋਣ ਦੀ ਤਕਲੀਫ਼ ਵੀ ਅੰਤਾਂ ਦੀ ਡਾਢੀ ਹੁੰਦੀ ਹੈ । ਪਰ ਜਗਸੀਰ ਵਰਗਾ ਕਿਰਤੀ ਪਰਿਵਾਰ ਦਾ ਜਾਇਆ, ਜਿਸ ਨੇ ਦਿਹਾੜੀਆਂ ਕਰ-ਕਰ ਉਚੇਰੀ ਪੜ੍ਹਾਈ ਕੀਤੀ ਹੋਵੇ, ਜਦੋਂ ਅਜਿਹੇ ਨੌਜਵਾਨ ਦੇ ਖੁਆਬ ਟੁੱਟਦੇ ਹਨ ਤਾਂ ਇਸ ਅਵਸਥਾ ‘ਚੋਂ ਉਪਜਣ ਵਾਲੀ ਮਾਨਸਿਕ ਪੀੜ ਅਤੇ ਟੁੱਟ-ਭੱਜ ਦੀ ਤੀਬਰਤਾ ਦੀ ਥਾਹ ਪਾਉਣੀ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ । ਜਗਸੀਰ ਨਾਲ ਹੋਈ-ਬੀਤੀ ਤੋਂ ਜਾਣੂੰ ਕਿਸ ਨੌਜਵਾਨ ਦੇ ਮਨ ਵਿੱਚ ਚੰਗੀ ਪੜ੍ਹਾਈ ਕਰਕੇ ਆਪਣੀ ਅਤੇ ਆਪਣੇ ਟੱਬਰ ਦੀ ਜੂਨ ਸੁਧਾਰਨ ਦਾ ਉਤਸ਼ਾਹ ਕਾਇਮ ਰਹਿ ਸਕੇਗਾ? ਇਹ ਸੁਆਲ ਸਾਰੇ ਸਮਾਜ ਦੇ ਸਾਹਮਣੇ ਮੂੰਹ ਅੱਡੀ ਖਲੋਤਾ ਹੈ। ਜਿਹੜੇ ਲੋਕੀਂ ਉਠਦੇ ਬੈਠਦੇ ਇਹ ਮਨੋਕਲਪਿਤ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਸਰਕਾਰੀ ਨੌਕਰੀਆਂ ਤਾਂ ਰਾਖਵੇਂਕਰਨ ਦੇ ਰੂਪ ਵਿੱਚ ਸਾਰੀਆਂ ਦਲਿਤਾਂ ਨੂੰ ਮਿਲੀਆਂ ਅਤੇ ਮਿਲ ਰਹੀਆਂ ਹਨ, ਉਨ੍ਹਾਂ ਦੀਆਂ ਵੀ ਜਗਸੀਰ ਦੀ ਦੁਖਦਾਈ ਮੌਤ ਦੀ ਘਟਨਾ ਤੋਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ । ਨਿਜੀਕਰਨ ਦੇ ਵਰਤਾਰੇ ਨੇ ਜਦੋਂ ਨੌਕਰੀਆਂ ਦਾ ਹੀ ਭੋਗ ਪਾ ਦਿੱਤਾ ਫਿਰ ਕਾਹਦਾ ਰਾਖਵਾਂ ਕੋਟਾ ‘ਤੇ ਕਾਹਦਾ ਜਨਰਲ ! ਟੈਟ, ਨੈਟ ਆਦਿ ਜਿਹੀਆਂ ਬੇਲੋੜੀਆਂ ਸਰਕਾਰੀ ਢੁੱਚਰਾਂ ਦਾ ਖੋਖਲਾਪਨ ਵੀ ਬੇਪਰਦ ਹੋ ਗਿਆ ਹੈ । ਇਹ ਟੈਸਟ ਉੱਚ ਵਿੱਦਿਅਕ ਯੋਗਤਾ ਵਾਲੇ ਨੌਜਵਾਨ ਧੀਆਂ-ਪੁੱਤਾਂ ਦਾ ਨੌਕਰੀ ਮੰਗਣ ਦਾ ਹੱਕ ਨਕਾਰਨ ਦੇ ਸਰਕਾਰੀ ਢਕਵੰਜ ਮਾਤਰ ਹਨ । ਖੁਦਕੁਸ਼ੀ ਦੀ ਇਸ ਕੁਲਹਿਣੀ ਵਾਰਦਾਤ ਨੇ ਇੱਕ ਹੋਰ ਚਿੰਤਾ ਵੀ ਖੜ੍ਹੀ ਕੀਤੀ ਹੈ । ਜੀਵਨ ਸੰਗਰਾਮ ਸਰ ਕਰਨ ਦੀ ਨਾਕਾਮੀ ‘ਚੋਂ ਉਪਜਿਆ ਖੁਦਕੁਸ਼ੀਆਂ ਦਾ ਮੰਦਭਾਗਾ ਵਰਤਾਰਾ ਹੁਣ ਖੇਤੀ ਕਾਮਿਆਂ ਅਤੇ ਕਿਸਾਨਾਂ ਦੇ ਸਵੈਘਾਤ ਦੀਆਂ ਤੜਕਸਾਰ ਮੱਥੇ ਵਜਦੀਆਂ ਤਕਲੀਫ਼ਦੇਹ ਅਖਬਾਰੀ ਸੁਰਖੀਆਂ ਤੱਕ ਹੀ ਸੀਮਤ ਨਹੀਂ ਰਿਹਾ । ਹੁਣ ਇਸ ਨੇ ਛੋਟੇ ਕਾਰੋਬਾਰੀਆਂ ਅਤੇ ਵਿਓਪਾਰੀਆਂ ਤੋਂ ਅਗਾਂਹ ਛੜੱਪੇ ਮਾਰਦਿਆਂ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੂੰ ਵੀ ਆਪਣੇ ਸੜਾਂਦ ਮਾਰਦੇ ਬਾਹੂ ਪਾਸ਼ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ । ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ ਦੇ ਨਸ਼ਾ ਸੌਦਾਗਰਾਂ ਅਤੇ ਮਾਫੀਆ ਸਰਗਨਿਆਂ ਦੇ ਗੁਲਾਮ ਬਨਣ ਦੀਆਂ ਤਕਲੀਫ਼ਾਂ ਤੋਂ ਤਾਂ ਅਜੇ ਪਿੱਛਾ ਨਹੀਂ ਛੁੱਟਿਆ ਉਤੋਂ ਆਤਮ ਹੱਤਿਆਵਾਂ ਦਾ ਮਨਹੂਸ ਅਮਲ ਕਿੰਨੇ ਕੁ ਵਿਹੜਿਆਂ ਵਿੱਚ ਸੱਥਰ ਵਿਛਾਏਗਾ ਇਹ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ । ਭਾਰਤ ਦੇ ਜੁਮਲੇਬਾਜਾਂ ਦੀ ਨਾਗਪੁਰੀ ਜਮਾਤ ਗੱਲੀਂ-ਬਾਤੀਂ ਭਾਰਤ ਬਾਰੇ ਕਦੇ ਵਿਸ਼ਵ ਗੁਰੂ, ਕਦੇ ਅਤੁਲਨੀਯਾ ਭਾਰਤ, ਕਦੀ ਫਾਈਵ ਟਰਿਲੀਅਨ ਇਕੋਨੋਮੀ ਆਦਿ ਦੇ ਸ਼ੋਸ਼ੇ ਛੱਡ ਕੇ ਦੇਸ਼ ਦੁਨੀਆਂ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੇ ਆਹਰ ਲੱਗੀ ਰਹਿੰਦੀ ਹੈ । ਐਪਰ ਭਾਰਤ ਵਾਸੀਆਂ ਲਈ ਇਹ ਡਾਢੀ ਨਮੋਸ਼ੀ ਦੀ ਗੱਲ ਹੈ ਕਿ ਆਰਥਕ ਕਾਰਨਾਂ (ਗਰੀਬੀ, ਬੇਰੁਜ਼ਗਾਰੀ, ਕਰਜ਼ ਆਦਿ) ਕਰਕੇ ਆਤਮ ਹੱਤਿਆਵਾਂ ਕਰਨ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਹੀ ਵਾਪਰਦੀਆਂ ਹਨ । ਖਿਮਾ ਜਾਚਨਾ ਸਹਿਤ ਇਹ ਕਹਿਣਾ ਪੈ ਰਿਹਾ ਹੈ ਕਿ ਜਗਸੀਰ ਦੀ ਖੁਦਕੁਸ਼ੀ ਅਸਲ ਵਿੱਚ ਖੁਦਕੁਸ਼ੀ ਨਾ ਹੋ ਕੇ ਵਿਵਸਥਾ ਵਲੋਂ ਕੀਤਾ ਗਿਆ ਬੇਰਹਿਮ ਕਤਲ ਹੈ ।
ਅਸੀਂ ਭਾਰਤੀ, ਵਿਸ਼ੇਸ਼ ਕਰਕੇ ਪੰਜਾਬੀ ਸਥਿਤੀ ਦਾ ਟਾਕਰਾ ਕਰਨ ਦੀ ਬਜਾਇ ਸੌਖੇ ਰਾਹ (ਸ਼ਾਰਟ ਕੱਟ) ਲੱਭਣ ਦੀ ਨਿਰਾਸ਼ਾਵਾਦੀ ਮਾਨਸਿਕਤਾ ਦੇ ਗੁਲਾਮ ਹੁੰਦੇ ਜਾ ਰਹੇ ਹਾਂ । ਅਸੀਂ ਬੇਰੁਜ਼ਗਾਰੀ ਦਾ ਤੋੜ ਆਪਣੇ ਬੱਚਿਆਂ ਦੇ ਬਦੇਸ਼ਾਂ ਵੱਲ ਨੂੰ ਪਰਵਾਸ ‘ਚੋਂ ਲੱਭਣਾ ਸ਼ੁਰੂ ਕਰ ਦਿੱਤਾ ਹੈ । ਅਸੀਂ ਇਹ ਭੁੱਲ ਗਏ ਹਾਂ ਕਿ ਪਰਵਾਸ ਦੀ ਵੀ ਕੋਈ ਹੱਦ ਹੈ । ਦੂਜੀ ਗੱਲ ਇਹ ਕਿ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਆਇਲਟਸ ਦੇ ਬੈਂਡ ਤਾਂ ਹਾਸਿਲ ਕਰ ਲੈਣਗੇ ਪਰ ਅਸੀਂ ਭਾਰੀ ਬਹੁਗਿਣਤੀ ਟੱਬਰ ਉਨ੍ਹਾਂ ਨੂੰ ਬਦੇਸ਼ ਭੇਜਣ ਜੋਗੇ ਵਸੀਲੇ ਜੁਟਾਉਣ ਤੋਂ ਅਸਮਰਥ ਹਾਂ । ਇਸ ਤੋਂ ਇਲਾਵਾ ਬਦੇਸ਼ਾਂ ਵਿੱਚ ਹੁੰਦੀ ਖੱਜਲ ਖੁਆਰੀ ਅਤੇ ਜਲਾਲਤ ਵਲੋਂ ਅਸੀਂ ਜਾਣ ਬੁੱਝ ਕੇ ਅੱਖਾਂ ਮੀਟ ਲਈਆਂ ਹਨ । ਅੰਤ ਨੂੰ ਦੇਰ ਸਵੇਰ ਸਾਨੂੰ ਆਪਣੇ ਦੇਸ਼ ਵਿੱਚ ਵਿਕਾਸ ਦੇ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਗਰਾਮ ਲੜਨੇ ਹੀ ਪੈਣੇ ਹਨ । ਅਸੀਂ ਆਪਣੇ ਬੱਚਿਆਂ ਨੂੰ ਇਸ ਪੱਖੋਂ ਸੁਚੇਤ ਕਰਨ ਦਾ ਆਪਣਾ ਇਨਸਾਨੀ ਫਰਜ ਨਿਭਾਈਏ ।
ਅਸੀਂ ਅਦਾਰਾ ‘ਸੰਗਰਾਮੀ ਲਹਿਰ’ ਅਤੇ ਆਰ ਐਮ ਪੀ ਆਈ ਵਲੋਂ ਮੰਦਭਾਗੇ ਢੰਗ ਨਾਲ ਵਿਛੋੜਾ ਦੇ ਗਏ ਜਗਸੀਰ ਸਿੰਘ ਚੱਕ ਭਾਈ ਕਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਨੌਜਵਾਨਾਂ ਨੂੰ ਬੇਰੁਜ਼ਗਾਰੀ ਖਿਲਾਫ਼ ਲਕੀਰ ਖਿੱਚ ਕੇ ਲੜਨ ਦੀ ਅਪੀਲ ਕਰਦੇ ਹਾਂ । ਪਰ ਇਸ ਪੱਖੋਂ ਮੁੱਖ ਜਿੰਮੇਵਾਰੀ ਇਸ ਮਾਮਲੇ ਵਿੱਚ ਵੀ ਦੇਸ਼ ਦੀ ਵਡੇਰੀ ਜਮਹੂਰੀ ਲਹਿਰ ਦੇ ਸਿਰ ਆਉਂਦੀ ਹੈ ।