
ਬਾਬਾ ਜੀ ਦੀ 150ਵੀਂ ਵਰ੍ਹੇਗੰਢ 4 ਜਨਵਰੀ ’ਤੇ ਵਿਸ਼ੇਸ਼
ਡਾ. ਕਰਮਜੀਤ ਸਿੰਘ
‘‘ਵੀਹਵੀਂ ਸਦੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਵਦੇਸ਼ ਲਹਿਰ ਦਾ ਆਗਾਜ਼ ਹੋਣ ਨਾਲ ਹਿੰਦੁਸਤਾਨ ਦੀ ਕੌਮੀ ਲਹਿਰ ਨੇ ਅੱਗੇ ਵੱਲ ਵੱਡੀ ਛਾਲ ਮਾਰੀ । ਬੰਗਾਲ ਅਤੇ ਹਿੰਦੁਸਤਾਨ ਦੇ ਹੋਰ ਹਿੱਸਿਆਂ ਤੋਂ ਔਰਤਾਂ, ਵਿਦਿਆਰਥੀ ਅਤੇ ਵੱਡੀ ਤਾਦਾਦ ਵਿੱਚ ਸ਼ਹਿਰੀ ਤੇ ਪੇਂਡੂ ਵਸੋਂ ਪਹਿਲੀ ਦਫ਼ਾ ਸਿਆਸਤ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ।’’ (ਗਦਰ ਲਹਿਰ ਅਤੇ ਹਿੰਦੁਸਤਾਨ ਦੀ ਸਾਮਰਾਜ ਵਿਰੋਧੀ ਜੱਦੋਜਹਿਦ, ਸੰਪਾਦਕ ਡਾ. ਪਿ੍ਰਥਵੀ ਰਾਜ ਕਾਲੀਆ, ਅਨੁਵਾਦਕ ਬੂਟਾ ਸਿੰਘ, ਪੰਨਾ 73)। 1905-14 ਦੇ ਦੌਰਾਨ ਕੈਨੇਡਾ-ਅਮਰੀਕਾ ਗਏ ਮੁੱਢਲੇ ਪ੍ਰਵਾਸੀਆਂ ਵਿੱਚ ਇੱਕ ਵੱਖਰੀ ਚੇਤਨਾ ਦਾ ਸੰਚਾਰ ਹੋਇਆ ਕਿਉਂਕਿ ਉਨ੍ਹਾਂ ਨੂੰ ਨਸਲ ਪ੍ਰਸਤੀ ਦੇ ਨਾਲ-ਨਾਲ ਅੰਗਰੇਜ਼ ਸਾਮਰਾਜ ਦੀਆਂ ਸਖ਼ਤੀਆਂ ਦਾ ਵੀ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਉਨ੍ਹਾਂ ‘ਚ ਮੁਲਕ ਦੀ ਆਜ਼ਾਦੀ ਅਤੇ ਰਾਜ ਪਲਟੇ ਲਈ ਤੇ ਨਵਾਂ ਸਮਾਜ ਸਿਰਜਣ ਲਈ ਪ੍ਰਤੀਬੱਧਤਾ ਦੇ ਨਾਲ-ਨਾਲ ਜਾਨਾਂ ਵਾਰਨ ਦਾ ਜਜ਼ਬਾ ਵੀ ਪੈਦਾ ਹੋਇਆ । ਇਨ੍ਹਾਂ ਸਥਿਤੀਆਂ ਵਿੱਚ ਹੀ ਗ਼ਦਰ ਲਹਿਰ ਦਾ ਉਭਾਰ ਹੁੰਦਾ ਹੈ । ਸੋਹਣ ਸਿੰਘ ਭਕਨਾ ਦੀ ਪ੍ਰਧਾਨਗੀ ਹੇਠ ਗ਼ਦਰ ਪਾਰਟੀ ਦੇ 8 ਹਜਾਰ ਦੇ ਕਰੀਬ ਪੰਜਾਬੀ ਕਾਰਕੁੰਨ, ਅੰਗਰੇਜਾਂ ਦੇ ਰਾਜ ਨੂੰ ਪਲਟਾਉਣ ਲਈ ਦੇਸ਼ ਨੂੰ ਤੁਰ ਪਏ । ਮੁਖ਼ਬਰਾਂ ਦੀ ਗੱਦਾਰੀ, ਆਪਣੀਆਂ ਮੁੱਢਲੀਆਂ ਗਲਤੀਆਂ ਤੇ ਅੰਗਰੇਜ਼ੀ ਸਾਮਰਾਜ ਦੀਆਂ ਸਖ਼ਤੀਆਂ ਨੇ ਇਸ ਅੰਦੋਲਨ ਨੂੰ ਸਿਰੇ ਨਾ ਚੜ੍ਹਣ ਦਿੱਤਾ । ਪਰ ਇਸ ਲਹਿਰ ਨੇ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ। ਅੱਜ ਤੱਕ ਇਸ ਲਹਿਰ ਦਾ ਪ੍ਰਭਾਵ ਭਾਰਤੀ/ਪੰਜਾਬੀ ਰਾਜਨੀਤੀ ਅਤੇ ਸਮਾਜ ਵਿੱਚ ਵੇਖਿਆ ਜਾ ਸਕਦਾ ਹੈ ।
ਇਸ ਅੰਦੋਲਨ ਵਿੱਚ 42 ਦੇਸ਼ ਭਗਤਾਂ ਨੂੰ ਬਾਦਸ਼ਾਹ ਦੇ ਖਿਲਾਫ਼ ਜੰਗ ਛੇੜਣ ਲਈ ਫਾਂਸੀ ਹੋਈ। 114 ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਉਨ੍ਹਾਂ ਨੂੰ ਸੈਲੂਲਰ ਜੇਲ੍ਹ ਦੇ ਤਸੀਹਾ ਘਰਾਂ ਵਿੱਚ ਭੇਜ ਦਿੱਤਾ ਗਿਆ। 93 ਦੇਸ਼ ਭਗਤਾਂ ਨੂੰ ਹੋਰ ਸਜ਼ਾਵਾਂ ਹੋਈਆਂ । ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਗਈ । ਪਿੰਡਾਂ ਦੇ ਪਿੰਡਾਂ ਨੂੰ ਜੁਰਮਾਨੇ ਕੀਤੇ ਗਏ। ਅਨੇਕਾਂ ਨੂੰ ਜੂਹਬੰਦ ਕੀਤਾ ਗਿਆ । ਹਰ ਦੇਸ਼ ਭਗਤ ਦਾ ਆਪਣਾ ਯੋਗਦਾਨ ਅਤੇ ਕੁਰਬਾਨੀ ਦੀ ਦਾਸਤਾਨ ਹੈ। ਕੁੱਝ ਦੇਸ਼ ਭਗਤਾਂ ਨੇ ਆਪਣੇ ਬਿਆਨਾਂ ਰਾਹੀਂ ਇਸ ਲਹਿਰ ਵਿੱਚ ਕੀਤੀ ਸਰਗਰਮੀ ਨੂੰ ਕਲਮਬੱਧ ਕੀਤਾ ਜਾਂ ਕਰਵਾਇਆ । ਇਨ੍ਹਾਂ ਵਿਚੋਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕੋਟਲਾ ਨੌਧ ਸਿੰਘ, ਬਾਬਾ ਵਸਾਖਾ ਸਿੰਘ ਦਦੇਹਰ, ਬਾਬਾ ਕੇਸਰ ਸਿੰਘ ਆਦਿ ਸ਼ਾਮਲ ਹਨ। ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਗ਼ਦਰੀਆਂ ਨੇ ਆਪਣੇ ਨਾਲ ਹੋਈ ਬੀਤੀ ਨੂੰ ਕਿਸੇ ਲਾਗ ਲਪੇਟ ਤੋਂ ਬਗੈਰ ਸਹੀ ਰੂਪ ਵਿੱਚ ਪੇਸ਼ ਕੀਤਾ ।
ਬਾਬਾ ਸੋਹਣ ਸਿੰਘ ਭਕਨਾ (1870ਈ.-1968ਈ .) ਨੇ ਆਪਣੇ ਜੀਵਨ ਨੂੰ ਆਪ ਅੰਕਿਤ ਕੀਤਾ ਜਿਸ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਬਾਰੇ ਅਸੀਂ ਇੱਥੇ ਸੰਖੇਪ ਜਿਹੀ ਚਰਚਾ ਕਰਾਂਗੇ । ਸੋਹਣ ਸਿੰਘ ਭਕਨਾ ਆਪਣੇ ਪਿੱਛੇ, ‘‘ਸਮਾਜਿਕ ਨਿਆਂ ਅਤੇ ਸਰਗਰਮੀ ਦੀ ਇੱਕ ਐਸੀ ਵਿਰਾਸਤ ਛੱਡ ਗਏ ਹਨ ਜੋ ਸਮਕਾਲੀ ਦੁਨੀਆਂ ਲਈ ਅੱਜ ਵੀ ਪ੍ਰਸੰਗਿਕ ਹੈ ਕਿਉਂਕਿ ਸਾਮਰਾਜਵਾਦ ਅਤੇ ਫਾਸ਼ੀਵਾਦੀ ਤਾਕਤਾਂ ਵਲੋਂ ਬਹੁਤ ਸਾਰੀਆਂ ਕੌਮਾਂ ਅਤੇ ਖਿੱਤਿਆਂ ਉੱਪਰ ਕਬਜ਼ਾ, ਮਹਾਂਸ਼ਕਤੀਆਂ ਦੀ ਮਦਦ ਨਾਲ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਕੁਦਰਤੀ ਵਸੀਲਿਆਂ ਦੀ ਲੁੱਟ-ਮਾਰ, ਮੂਲਵਾਸੀਆਂ, ਗਰੀਬਾਂ ਅਤੇ ਬੇਘਰਿਆਂ ਨੂੰ ਹਾਸ਼ੀਏ ’ਤੇ ਧੱਕੇ ਜਾਣ ਦਾ ਵਰਤਾਰਾ, ਨਸਲਵਾਦ ਅਤੇ ਵਿਤਕਰੇ ਵਾਲੀਆਂ ਇਮੀਗ੍ਰੇਸ਼ਨ ਨੀਤੀਆਂ, ਮਜਹਬੀ ਟਕਰਾਅ ਅਤੇ ਔਰਤਾਂ ਉੱਪਰ ਸਿਲਸਿਲੇਵਾਰ ਹਿੰਸਾ ਅੱਜ ਵੀ ਜਾਰੀ ਹੈ ।’’ (ਗੁਰਪ੍ਰੀਤ ਕੌਰ, ਉਪਰੋਕਤ,ਪੰਨਾ 263)
ਸੋਹਣ ਸਿੰਘ ਭਕਨਾ ਦੇ ਸਵੈ ਕਥਨਾਂ ਦੀ ਵੱਡੀ ਖੂਬੀ ਇਹ ਹੈ ਕਿ ਉਹ ਬਾਹਰਮੁਖੀ ਹੋ ਕੇ ਆਪਣੀਆਂ ਕਮਜੋਰੀਆਂ ਨੂੰ ਵੀ ਉਜਾਗਰ ਕਰਨ ਤੋਂ ਨਹੀਂ ਝਿਜਕਦੇ । ਨਾਲ ਦੀ ਨਾਲ ਉਨ੍ਹਾਂ ਦਾ ਵਿਕਾਸਮਈ ਜੀਵਨ ਵੀ ਦੀਦਾਰ ਦਿੰਦਾ ਜਾਂਦਾ ਹੈ । ਸੋਹਣ ਸਿੰਘ ਭਕਨਾ ਸ਼ਾਇਦ ਪਹਿਲੇ ਐਸੇ ਲੇਖਕ ਹਨ ਜੋ ਮਤਰੇਈ ਮਾਂ ਨੂੰ ਧਰਮ-ਮਾਂ ਕਹਿ ਕੇ ਸੰਬੋਧਿਤ ਹੁੰਦੇ ਹਨ। ‘‘ਸੱਚਾਈ ਤਾਂ ਇਹ ਹੈ ਕਿ ਏਨਾ ਪਿਆਰ ਕਰਨ ਵਾਲੀਆਂ ਧਰਮ ਮਾਵਾਂ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦੀਆਂ ਹਨ।’’ ਜਦੋਂ ਘਰ ਦਾ ਸਾਰਾ ਪ੍ਰਬੰਧ ਸੋਹਣ ਸਿੰਘ ਭਕਨਾ ਦੇ ਹੱਥ ਆਇਆ ਤਾਂ ‘ਨਾਦਾਨੀ ਤੋਂ ਫਾਇਦਾ ਉਠਾਉਣ ਵਾਲਿਆਂ’ ਨੇ ਉਨ੍ਹਾਂ ਨੂੰ ਭੈੜੀ ਸੁਹਬਤ ਵਿੱਚ ਖਿੱਚ ਲਿਆ ਜਿਸ ਵਿੱਚ ਉਹ ਦਸ ਸਾਲ ਰਹੇ, ਜਦੋਂ ਤੱਕ ਉਹ ਬਾਬਾ ਕੇਸਰ ਸਿੰਘ ਦੇ ਪ੍ਰਭਾਵ ਹੇਠ ਨਾਮਧਾਰੀ ਨਹੀਂ ਬਣ ਗਏ। ਉਨ੍ਹਾਂ ਦੀ ਸੰਗਤ ਵਿੱਚ ਹੀ ਭਕਨਾ ਫਿਰਕਾਪ੍ਰਸਤੀ, ਛੂਤ-ਛਾਤ ਅਤੇ ਜਾਤ-ਪਾਤ ਤੋਂ ਉੱਪਰ ਉੱਠੇ। ਇਹ ਖਾਸੀਅਤ ਬਾਬਾ ਕੇਸਰ ਸਿੰਘ ਦੀ ਸੀ, ਨਹੀਂ ਤਾਂ ਜਾਤ-ਪਾਤ ਬਾਰੇ ਤਾਂ ਅੱਜ ਵੀ ਨਾਮਧਾਰੀ ਕੁੱਝ ਨਹੀਂ ਕਹਿੰਦੇ । ਨਾਮਧਾਰੀ ਲਹਿਰ ਵਿੱਚ ਉਹ ਬਾਰਾਂ ਸਾਲ ਵਿਚਰਦੇ ਹਨ । ‘ਪ੍ਰੇਮ ਸੰਗਤ’ ਨਾਂਅ ਦੀ ਸੁਸਾਇਟੀ ਅਤੇ ਨਾਮਧਾਰੀਆਂ ਲਈ ਉਹ ਆਪਣੀ ਸਾਰੀ ਜਾਇਦਾਦ ਲਾ ਦਿੰਦੇ ਹਨ ਤੇ ਆਪ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਸਾਥੀਆਂ ਦਾ ਅਹਿਸਾਨ ਲੈਣ ਦੀ ਬਜਾਇ ਉਹ ਸੁਹਲ ਤਬੀਅਤ, ਪ੍ਰਵਾਸ ਦੀਆਂ ਔਕੜਾਂ ਝਾਗਣ ਲਈ ਅਮਰੀਕਾ ਰਵਾਨਾ ਹੋ ਜਾਂਦੇ ਹਨ।
ਹੋਰਨਾਂ ਭਾਰਤੀਆਂ ਵਾਂਗ ਉਨ੍ਹਾਂ ਨੂੰ ਵੀ ਗੁਲਾਮ ਹੋਣ ਦਾ ਅਹਿਸਾਸ ਇੱਥੋਂ ਹੀ ਹੁੰਦਾ ਹੈ । ਉਹ ਦੋ ਘਟਨਾਵਾਂ ਦਾ ਜਿਕਰ ਕਰਦੇ ਹਨ। ਇੱਕ ਕਾਰਖਾਨੇ ਦੇ ਮਾਲਕ ਕੋਲ ਕੰਮ ਮੰਗਣ ਜਾਂਦੇ ਹਨ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਸੀ, ‘‘ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ।’’ ਕਾਰਨ ਪੁੱਛਣ ’ਤੇ ਉਸ ਮਾਲਕ ਨੇ ਹੋਰ ਵੀ ਤਲਖ਼ੀ ਨਾਲ ਕਿਹਾ, ‘‘ਮੇਰਾ ਤਾਂ ਜੀਅ ਕਰਦਾ ਐ ਤੁਹਾਨੂੰ ਗੋਲੀ ਮਾਰ ਦਿਆਂ … ਕੰਮ ਭਾਲਣ ਦੀ ਬਜਾਇ ਜਾ ਕੇ ਪਹਿਲਾਂ ਆਪਣਾ ਮੁਲਕ ਆਜ਼ਾਦ ਕਰਾਓ। ਉਸਤੋਂ ਬਾਅਦ ਜਦੋਂ ਅਮਰੀਕਾ ਆਓਗੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਮੈਂ ਕਰਾਂਗਾ।’’ (ਚੈਨ ਸਿੰਘ ਚੈਨ, ਗ਼ਦਰ ਲਹਿਰ ਦੀ ਕਹਾਣੀ ਗ਼ਦਰੀ ਬਾਬਿਆਂ ਦੀ ਜੁਬਾਨੀ, ਪੰਨਾ-15) ਇਵੇਂ ਹੀ ਇੱਕ ਅਮਰੀਕਣ ਹੋਟਲ ਦੇ ਮਾਲਕ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਘਟਨਾਵਾਂ ਦਾ ਬਿਰਤਾਂਤ ਦੇਣ ਤੋਂ ਬਾਅਦ ਸੋਹਣ ਸਿੰਘ ਭਕਨਾ ਨਤੀਜਾ ਕੱਢਦੇ ਹਨ ਕਿ ‘‘ਉਪਰੋਕਤ ਕਿਸਮ ਦੀਆਂ ਕੁੱਝ ਘਟਨਾਵਾਂ ਅਤੇ ਅੰਗਰੇਜ਼ੀ ਸਰਕਾਰ ਦੀ ਅਣਮਨੁੱਖੀ ਨੀਤੀ, ਜੋ ਉਸਨੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੀਆਂ ਬਸਤੀਆਂ ਵਿੱਚ ਗਏ ਹਿੰਦੋਸਤਾਨੀ ਮਜ਼ਦੂਰਾਂ ਦੇ ਖਿਲਾਫ਼ ਅਖਤਿਆਰ ਕੀਤੀ ਹੋਈ ਸੀ, ਨੇ ਅਮਰੀਕਾ ਵਸਦੇ ਹਿੰਦੀਆਂ ਵਿਚ ਜਾਗਿ੍ਰਤੀ ਪੈਦਾ ਕੀਤੀ ਤੇ ਗ਼ਦਰ ਲਈ ਮੈਦਾਨ ਤਿਆਰ ਹੋ ਗਿਆ।’’ ਸੋਹਣ ਸਿੰਘ ਭਕਨਾ ਨੇ ਸਾਮਰਾਜੀ ਕੈਦ ਵਿੱਚ ਜਾਣ ਤੋਂ ਬਾਅਦ ਦਸ ਬਾਰ ਭੁੱਖ ਹੜਤਾਲ ਕੀਤੀ। ਉਨ੍ਹਾਂ ਦੇ ਕਹਿਣ ਅਨੁਸਾਰ ਪਹਿਲੀ ਹੜਤਾਲ ਨੂੰ ਛੱਡ ਕੇ ਉਨ੍ਹਾਂ ਦੀਆਂ ਸਾਰੀਆਂ ਹੜਤਾਲਾਂ ਦੂਸਰਿਆਂ ਲਈ ਅਤੇ ਅੰਗਰੇਜ਼ੀ ਸਾਮਰਾਜ ਦੇ ਮਾੜੇ ਪ੍ਰਬੰਧਾਂ ਬਾਰੇ ਸਨ। ਬੜੌਦਾ ਜੇਲ੍ਹ ਵਿਚ ਭਕਨਾ ਤੇ ਸਾਥੀਆਂ ਨੇ ਪੱਗ ਤੇ ਕੱਛੇ ਲੁਹਾਣ ‘ਤੇ ਹੜਤਾਲ ਕੀਤੀ। ਇਸ ਹੜਤਾਲ ਦੀ ਖਾਸ ਘਟਨਾ ਇਹ ਰਹੀ ਕਿ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਵੀ ਇਸ ਹੜਤਾਲ ਵਿਚ ਸ਼ਾਮਲ ਹੋਏ ਭਾਵੇਂ ਉਹ ਪਗੜੀਧਾਰੀ ਨਹੀਂ ਵੀ ਸਨ। ਇਹ ਸਪਿਰਟ ਸੀ ਗਦਰ ਪਾਰਟੀ ਦੀ, ਗੈਰ ਸੰਪਰਦਾਇਕ। ਇੱਥੇ ਹੀ ਉਨ੍ਹਾਂ ਗਾਂਧੀਵਾਦੀਆਂ ਨਾਲ ਵੀ ਵਰਤ ਰੱਖਿਆ।
ਸੋਹਣ ਸਿੰਘ ਭਕਨਾ ਨੂੰ ਫਾਂਸੀ ਦੇਣ ਵਾਲੀ ਕੋਠੜੀ ਦੇ ਸਾਹਮਣੇ ਵਾਲੀ ਕੋਠੜੀ ਵਿੱਚ ਰੱਖਿਆ ਗਿਆ ਤਾਂ ਕਿ ਉਨ੍ਹਾਂ ਦਾ ਹੌਂਸਲਾ ਤੋੜਿਆ ਜਾ ਸਕੇ । ਪਰ ਉਨ੍ਹਾਂ ਦੇ ਆਪਣੇ ਕਹਿਣ ਅਨੁਸਾਰ ਉਹ ਫਾਂਸੀਆਂ ਦੇਖ ਕੇ ਪਹਿਲਾਂ ਨਾਲੋਂ ਵੀ ਤਕੜੇ ਹੋ ਗਏ। ਇਹ ਸੀ ਆਲਮੀ ਗ਼ਦਰ ਮੁਹਿੰਮ ਚਲਾਉਣ ਵਾਲੇ ਪ੍ਰਧਾਨ ਦਾ ਹੌਂਸਲਾ। ਜੇਲ੍ਹ ਵਿੱਚ ਹਿੰਦੂ-ਸਿੱਖ ਦਾ ਨਾਂਅ ਲੈ ਕੇ ਪਾੜਣ ਦੀ ਕੋਸ਼ਿਸ਼ ਵੀ ਕੀਤੀ ਗਈ । ਜਾਇਦਾਦ, ਜਾਗੀਰਾਂ ਦਾ ਲਾਲਚ ਵੀ ਦਿੱਤਾ ਗਿਆ। ਪੈਨਸ਼ਨ ਲੁਆਉਣ ਦੀ ਪੇਸ਼ਕਸ਼ ਕੀਤੀ ਗਈ । ਇੱਥੋਂ ਤੱਕ ਕਿ ਮਾਵਾਂ ਤੇ ਪਰਿਵਾਰ ਦੇ ਹੋਰ ਜੀਆਂ ਨੂੰ ਲਿਆ ਕੇ ਭਾਵੁਕ ਤੌਰ ‘ਤੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਭਕਨਾ ਕਿਤੇ ਵੀ ਡੋਲੇ ਨਹੀਂ । ਉਹ ਮਾਤਾ ਜੀ ਨੂੰ ਪੁੱਛਦੇ ਹਨ, ‘‘ਇਹ ਤਾਂ ਮੈਨੂੰ ਮੁਖ਼ਬਰ ਬਣਾ ਕੇ ਮੇਰੇ ਸੈਂਕੜੇ ਸਾਥੀਆਂ ਨੂੰ ਫਾਂਸੀ ਚਾੜ੍ਹਨਾ ਚਾਹੁੰਦੇ ਹਨ । ਕੀ ਤੁਹਾਨੂੰ ਇਹ ਗੱਲ ਚੰਗੀ ਲੱਗੇਗੀ ਕਿ ਮੈਂ ਤੁਹਾਡੀ ਖਾਤਰ ਦੂਜਿਆਂ ਨੂੰ ਫਾਂਸੀ ਚੜ੍ਹਵਾ ਕੇ ਆਪ ਬਚ ਜਾਵਾਂ?’’ ਮਾਂ ਦਾ ਜਵਾਬ ਸੀ ,‘‘ਪੁੱਤਰ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਦੂਜਿਆਂ ਨੂੰ ਮਰਵਾ ਕੇ ਤੂੰ ਬਚ ਜਾਵੇਂ। ਉਨ੍ਹਾਂ ਦੀਆਂ ਮਾਵਾਂ ਵੀ ਤਾਂ ਮੇਰੇ ਵਰਗੀਆਂ ਹੀ ਹਨ।’’ (ਉਪਰੋਕਤ ਪੰਨਾ-24) ਚਿੰਤਾ ਮੁਕਤ ਹੋ ਭਕਨਾ ਨੇ ਵਿਛੜਨ ਲੱਗਿਆਂ ਕਿਹਾ ,‘‘ਮੈਂ ਤੁਹਾਡੀ ਕੁੱਖ ਨੂੰ ਕਲੰਕਿਤ ਨਹੀਂ ਕਰਾਂਗਾ।’’ ਮੌਲਵੀ ਨਾਂਅ ਦੇ ਜੇਲ੍ਹ ਅਧਿਕਾਰੀ ਨੇ ਭਕਨਾ ਨੂੰ ਕੂਕਿਆਂ ਵਾਂਗ ਤੋਪ ਨਾਲ ਉਡਾਉਣ ਦਾ ਡਰ ਵੀ ਦਿੱਤਾ ਪਰ ਉਨ੍ਹਾਂ ਦਾ ਇਰਾਦਾ ਅਟਲ ਸੀ । ਉਨ੍ਹਾਂ ਕਿਹਾ ,‘‘ਮੈਂ ਗੁਨਾਹ ਦੀ ਜਿੰਦਗੀ ਨਾਲੋਂ ਮੌਤ ਨੂੰ ਤਰਜੀਹ ਦਿੰਦਾ ਹਾਂ।’’ ਜਦੋਂ ਸੋਹਣ ਸਿੰਘ ਭਕਨਾ ਹੁਰਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋਈ ਤਾਂ ਉਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਹੋਈ ਸਗੋਂ ਸਾਰੀ ਉਮਰ ਫਾਂਸੀ ਨਾ ਲੱਗਣ ਦਾ ਰੰਜ ਰਿਹਾ।
ਜੇ ਫਾਂਸੀ ਦਾ ਡਰ ਕੁੱਝ ਖੋਹ ਨਹੀਂ ਸਕਿਆ ਤਾਂ ਕਾਲੇ ਪਾਣੀ ਦੇ ਤਸ਼ੱਦਦ ਉਨ੍ਹਾਂ ਨੂੰ ਕੀ ਡਰਾ ਸਕਦੇ ਸਨ? ਜਿਨ੍ਹਾਂ ਨੂੰ ਨਾ ਸਹਿੰਦਿਆਂ ਸਾਵਰਕਰ ਮੁਆਫੀਆਂ ਮੰਗ ਕੇ ਬਾਹਰ ਆਇਆ ਸੀ। ਜੇਲ੍ਹ ਵਿੱਚ ਸਾਵਰਕਰ ਭਰਾਵਾਂ ਦੇ ਕਿਰਦਾਰ ਨੂੰ ਭਕਨਾ ਨੇ ਨੰਗਾ ਕੀਤਾ ਹੈ ਜੋ ਮੁਖ਼ਬਰਾਂ ਵਾਲਾ ਰੋਲ ਅਦਾ ਕਰ ਰਹੇ ਸਨ ਅਤੇ ਸਖ਼ਤੀਆਂ ਤੋਂ ਬਚਦੇ ਸਨ।
ਭਕਨਾ ਹੋਰਾਂ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਤਸੀਹਿਆਂ ਦਾ ਵੇਰਵਾ ਕਾਫੀ ਵਿਸਤਿ੍ਰਤ ਹੈ । ਬੇੜੀਆਂ ਵਿੱਚ ਦੋ-ਦੋ ਕੈਦੀਆਂ ਨੂੰ ਇੱਕ ਥਾਂ ਬੰਨ੍ਹ ਕੇ ਸੀਖਾਂ ਵਾਲੇ ਡੱਬਿਆਂ ਵਿਚ ਤਾੜਿਆ ਗਿਆ ਜਿਸ ਕਾਰਨ ਜੰਗਲ ਪਾਣੀ ਜਾਣਾ ਵੀ ਮੁਸ਼ਕਿਲ ਸੀ। ਇੱਕ ਦਿਨ ਵਿੱਚ ਤੀਹ ਪੌਂਡ ਤੇਲ ਕੱਢਣ ਦੀ ਮੁਸ਼ੱਕਤ ਹੁੰਦੀ ਜੋ ਪੂਰੀ ਨਾ ਹੋਣ ’ਤੇ ਤੀਹ ਕੋੜਿਆਂ ਦੀ ਸਜ਼ਾ ਦੇਣ ਲਈ ਪਠਾਣ ਮੰਗਵਾਏ ਹੋਏ ਹੁੰਦੇ ਸਨ ਅਤੇ ਇਸ ਸਜ਼ਾ ਨਾਲ ਕਈਆਂ ਦੀ ਮੌਤ ਹੋਈ ਸੀ। ਪਿੰਜਰਿਆਂ ਵਿੱਚ ਤਾੜ ਦਿੱਤਾ ਜਾਂਦਾ ਜਿੱਥੇ ਟੱਟੀ ਪਿਸ਼ਾਬ ਵੀ ਅੰਦਰੇ ਹੀ ਕਰਨਾ ਪੈਂਦਾ। ਕੈਦੀਆਂ ਨੂੰ ਸਿਆਲ ਵਿੱਚ ਠੰਡੇ ਪਾਣੀ ਵਿੱਚ ਗੋਤੇ ਲਵਾਏ ਜਾਂਦੇ। ਕੰਬਲਾਂ ਉੱਪਰ ਠੰਡਾ ਪਾਣੀ ਪਾਇਆ ਜਾਂਦਾ। ਅਜਿਹੀ ਸਜ਼ਾ ਕਾਰਨ ਹੀ ਰੁਲੀਆ ਸਿੰਘ ਅਤੇ ਨੰਦ ਸਿੰਘ ਦੀ ਮੌਤ ਹੋਈ ਸੀ। ਅਜਿਹੇ ਅਣਮਨੁੱਖੀ ਤਸੀਹਿਆਂ ਖਿਲਾਫ਼ ਹੀ ਭੁੱਖ ਹੜਤਾਲਾਂ ਕੀਤੀਆਂ ਗਈਆਂ। ਪੜ੍ਹੇਲਿਖੇ ਬੰਗਾਲੀ ਦੇਸ਼ ਭਗਤਾਂ ਨੇ ਇਸ ਅਮਾਨਵੀ ਵਤੀਰੇ ਦੀਆਂ ਖਬਰਾਂ ‘ਮਾਡਰਨ ਰੀਵਿਊ’ ਅਖਬਾਰ ਵਿੱਚ ਛਪਵਾ ਕੇ ਅੰਗਰੇਜ਼ੀ ਸਾਮਰਾਜ ਦਾ ਕਰੂਰ ਚਿਹਰਾ ਬੇਪਰਦ ਕੀਤਾ। ਇਸ ਪਿੱਛੋਂ ਕਮਿਸ਼ਨ ਬਣਿਆ ਅਤੇ ਇਹ ਜੇਲ੍ਹ ਤੋੜੀ ਗਈ। ਭਕਨਾ ਇੱਕ ਹੋਰ ਦਿਲ ਹਿਲਾ ਦੇਣ ਵਾਲੀ ਘਟਣਾ ਦਾ ਜਿਕਰ ਕਰਦੇ ਹਨ ਜਿਸ ਵਿੱਚ 100 ਮੋਪਲਾ ਕੈਦੀਆਂ ਨੂੰ ਇੱਕ ਮਾਲ ਗੱਡੀ ਵਿੱਚ ਬੰਦ ਕਰਕੇ ਲਿਆਇਆ ਜਾਂਦਾ ਹੈ ਤਾਂ ਅਖੀਰ ਸੌ ਵਿੱਚੋਂ 40 ਕੁ ਹੀ ਸਹਿਕਦੇ ਮਿਲਦੇ ਹਨ। ਇਹ ਤਾਂ ਸੀ ਅੰਗਰੇਜ਼ਾਂ ਦਾ ਜ਼ੁਲਮ ਪਰ ਕਾਂਗਰਸ ਦੇ ਹੱਥ ਸੱਤਾ ਆਉਣ ‘ਤੇ ਉਨ੍ਹਾਂ ਨੂੰ ਕਿਵੇਂ ਜਲੀਲ ਕੀਤਾ ਗਿਆ ਉਸਦਾ ਵੇਰਵਾ ਪ੍ਰੇਸ਼ਾਨ ਕਰਨ ਵਾਲਾ ਹੈ। 1948 ਵਿਚ ਚਾਲੀ ਦਿਨ ਦੀ ਕੈਦ ਸਮੇਂ ਕੈਦੀਆਂ ਨਾਲ ਕਮੀਨਾ ਵਰਤਾਅ ਇਹ ਕੀਤਾ ਗਿਆ ਕਿ ਇੱਕੋ ਬੈਰਕ ਵਿੱਚ ਕੈਦੀ ਇੱਕ ਦੂਜੇ ਨਾਲ ਬੋਲ ਨਹੀਂ ਸਕਦੇ, ਟਹਿਲ ਨਹੀਂ ਸਕਦੇ, ਇਕੱਠੇ ਰੋਟੀ ਨਹੀਂ ਖਾ ਸਕਦੇ। ਰੋਜ਼ ਉਨ੍ਹਾਂ ਦੀ ਬਿਸਤਰਾ ਤਲਾਸ਼ੀ ਹੁੰਦੀ ਜੋ ਅੰਗਰੇਜ਼ਾਂ ਵੇਲੇ ਕਦੀ ਵੀ ਨਹੀਂ ਸੀ ਹੋਈ।
ਸੋਹਣ ਸਿੰਘ ਭਕਨਾ ਹੁਰਾਂ ਦੀ ਵਿਚਾਰਧਾਰਕ ਪਰਪੱਕਤਾ ਹੀ ਹੈ ਕਿ ਇੱਕ ਅੰਦੋਲਨ ਦੇ ਪ੍ਰਧਾਨ ਹੋਣ ਦੇ ਨਾਤੇ ਅੰਦੋਲਨ ਦੇ ਫੇਲ੍ਹ ਹੋਣ ਦੇ ਕਾਰਨਾਂ ਨੂੰ ਉਹ ਬੜੇ ਹੀ ਬਾਹਰਮੁਖੀ ਢੰਗ ਨਾਲ ਪੇਸ਼ ਕਰਦੇ ਹਨ, ਬਿਨਾਂ ਕਿਸੇ ਭਾਵੁਕਤਾ ਤੋਂ । ਉਨ੍ਹਾਂ ਨੇ ਗ਼ਦਰ ਪਾਰਟੀ ਦੇ ਫੇਲ੍ਹ ਹੋਣ ਦੇ ਚਾਰ ਕਾਰਨ ਗਿਣਾਏ ਹਨ। ਪਹਿਲਾ,‘‘ਗ਼ਦਰ ਪਾਰਟੀ ਦੀ ਉਮਰ ਅਜੇ ਇੱਕ ਸਾਲ ਦੀ ਵੀ ਨਹੀਂ ਸੀ, ਜਦੋਂ ਯੂਰੋਪ ਵਿੱਚ ਜੰਗ ਸ਼ੁਰੂ ਹੋ ਗਈ।’’ ਇਸ ਕਾਰਨ ਬਾਹਰੀ ਅਤੇ ਦੇਸ਼ ਦੇ ਅੰਦਰ ਪੂਰੀ ਤਿਆਰੀ ਨਹੀਂ ਹੋ ਸਕੀ । ਦੂਸਰਾ, ‘‘ਗ਼ਦਰ ਪਾਰਟੀ ਦੇ ਮੈਂਬਰਾਂ ਦਾ ਇਨਕਲਾਬੀ ਕੰਮ ਦਾ ਪਹਿਲਾ ਅਵਸਰ ਸੀ। ਉਨ੍ਹਾਂ ਨੂੰ ਭਾਰਤ ਦੀ ਪੈਟੀ ਬੁਰਜੁਆ ਲੀਡਰਸ਼ਿਪ ਤੇ ਜਨਤਾ ਦੀ ਅਵਸਥਾ ਦਾ ਗਿਆਨ ਨਹੀਂ ਸੀ।’’ ਗ਼ਦਰੀ ਆਗੂ ਸਮਝਦੇ ਸਨ ਕਿ ਜਨਤਾ ਅਤੇ ਲੀਡਰਸ਼ਿਪ ਸਾਥ ਦੇਵੇਗੀ ਪਰ ਅਜਿਹਾ ਨਹੀਂ ਹੋਇਆ । ਤੀਸਰਾ ਇੱਕ ਸਿਰਕੱਢ ਨੇਤਾ ਦਾ ਨਾ ਹੋਣਾ।’’ ਗ਼ਦਰ ਪਾਰਟੀ ਅੰਦਰ ਤਾਂ ਸਾਰੇ ਗਰੀਬ, ਮਜ਼ਦੂਰ, ਕਿਸਾਨ ਹੀ ਸਨ, ਜਿੰਨ੍ਹਾਂ ਦੇ ਰੋਮ-ਰੋਮ ਵਿਚ ਜਮਹੂਰੀਅਤ ਤੇ ਦੇਸ਼ ਭਗਤੀ ਰਚੀ ਹੋਈ ਸੀ । ਉਹ ਕਿਸੇ ਲੀਡਰ ਦੀ ਬੁੱਤ ਭਗਤੀ ਜਾਂ ਅੰਨ੍ਹੇਵਾਹ ਨਕਲ ਨਹੀਂ ਕਰਦੇ ਸਨ।’’ ਤੇ ਚੌਥਾ,‘‘ਪਹਿਲੀ ਵਾਰ ਇਨਕਲਾਬ ਦੇ ਰਾਹ ਤੁਰਨ ਕਾਰਨ ਨਾ ਤਜ਼ੁਰਬਾਕਾਰੀ ਬਹੁਤ ਸੀ।’’ ਨਤੀਜੇ ਵਜੋਂ ਜਹਾਜੋਂ ਉੱਤਰਦੇ ਹੀ ਗ਼ਦਰੀ ਦੇਸ਼ ਭਗਤ ਫੜ੍ਹੇ ਗਏ ਤੇ ਇਨਕਲਾਬੀ ਕੰਮ ਅਧੂਰਾ ਰਹਿ ਗਿਆ । ਤੱਤ ਸਾਰ ਇਹ ਹੈ ਕਿ ਦੋ ਕਾਰਨ ਵੱਡੇ ਸਨ । ਪਹਿਲਾ, ਉਸ ਸਮੇਂ ਦੀ ਹਿੰਦੁਸਤਾਨ ਦੀ ਲੀਡਰਸ਼ਿਪ ਦੀ ਕੁਤਾਹੀ ਜਿਸ ਨੇ ਮੌਕੇ ਦੀ ਨਜ਼ਾਕਤ ਨੂੰ ਨਾ ਸਮਝਿਆ । ਦੂਜਾ ਕਾਰਨ ਜਨਤਾ ਵਿੱਚ ਜਾਗਿ੍ਰਤੀ ਦੀ ਅਣਹੋਂਦ ਸੀ । ਭਕਨਾ, ਸਟਰੈਟਿਜੀ ਪੱਖੋਂ ਵੀ ਕਈ ਗਲਤੀਆਂ ਦਾ ਜਿਕਰ ਕਰਦੇ ਹਨ ਜਿਵੇਂ, ‘‘ਪਾਰਟੀ ਦੇ ਜਿੰਮੇਵਾਰ ਸਾਥੀਆਂ ਨੇ ਪਾਰਟੀ ਦੇ ਕੇਂਦਰ ਨੂੰ ਛੱਡ ਕੇ ਭਾਰੀ ਗਲਤੀ ਕੀਤੀ ਸੀ।’’ ਸੀ ਆਈ ਡੀ ਨੂੰ ਪਾਰਟੀ ਦੇ ਫੈਸਲਿਆਂ ਦਾ ਪਤਾ ਲੱਗ ਚੁੱਕਾ ਸੀ। ‘‘ਅਜਿਹੇ ਸਮੇਂ ਜਦੋਂ ਸਰਕਾਰ ਚੌਕੰਨੀ ਹੋ ਚੁੱਕੀ ਸੀ ਸਾਨੂੰ ਸੌ-ਸੌ ਦੇ ਗਰੁੱਪਾਂ ਵਿੱਚ ਨਹੀਂ ਆਉਣਾ ਚਾਹੀਦਾ ਸੀ।’’ ਦੋ-ਦੋ, ਤਿੰਨ-ਤਿੰਨ ਗਰੁੱਪਾਂ ਵਾਲੇ ਪਹੁੰਚ ਗਏ । ਸਾਦੇ ਕਪੜਿਆਂ ਵਾਲੇ ਪਹੁੰਚ ਗਏ । ਕੋਟ ਪੈਂਟਾਂ ਵਾਲੇ ਤੇ ਵੱਡੇ ਜੱਥਿਆਂ ਵਾਲੇ ਫੜੇ ਗਏ । ‘‘ਚੀਨ ਦੀ ਇਨਕਲਾਬੀ ਪਾਰਟੀ ਨੇ ਇਸ ਗੱਲੋਂ ਚੌਕਸ ਕੀਤਾ ਹੋਇਆ ਸੀ।’’
ਸੋਹਣ ਸਿੰਘ ਭਕਨਾ ਗ਼ਦਰ ਪਾਰਟੀ ਦੇ ਸ਼ਹੀਦਾਂ ਦੀ ਪ੍ਰਤੀਬੱਧਤਾ ਤੇ ਸਿਰੜ ਦੀ ਦਾਦ ਦਿੰਦੇ ਹਨ ਜੋ ਇੱਕ ਪ੍ਰਧਾਨ ਦਾ ਫਰਜ਼ ਬਣਦਾ ਹੈ । ਉਨ੍ਹਾਂ ਨੂੰ ਆਪਣੇ ਨਾਲੋਂ ਦੂਜਿਆਂ ਦੀ ਚਿੰਤਾ ਵਧੇਰੇ ਹੈ । ਫਾਂਸੀ ਚੜ੍ਹੇ ਦੇਸ਼ ਭਗਤਾਂ ਨੇ,‘‘ ਫਾਂਸੀ ਲੱਗਣ ਵੇਲੇ ਨਿਹਾਇਤ ਸੰਜੀਦਗੀ ਤੇ ਮੁਸਤਕਿਲ ਮਜ਼ਾਜੀ (ਮਜਬੂਤ ਇਰਾਦੇ) ਦਾ ਸਬੂਤ ਦਿੱਤਾ। ਕਿਸੇ ਦੇ ਚਿਹਰੇ ‘ਤੇ ਜਰਾ ਵੀ ਡਰ ਜਾਂ ਘਬਰਾਹਟ ਨਹੀਂ ਸੀ । ਉਹ ਕੌਮੀ ਗੀਤ ਗਾਉਂਦੇ ਹੋਏ ਫਾਂਸੀ ਵੱਲ ਵਧੇ ਅਤੇ ਹੱਸਦੇ ਹੋਏ ਫਾਂਸੀ ਲਟਕ ਗਏ। ਫਾਂਸੀ ਲਾਉਣ ਵੇਲੇ ਜਿਹੜੇ ਸਿਪਾਹੀ ਤੇ ਜੇਲ੍ਹ ਅਫਸਰ ਉੱਥੇ ਮੌਜੂਦ ਸਨ, ਉਨ੍ਹਾਂ ਦੇ ਮੂੰਹੋਂ ਇਨ੍ਹਾਂ ਸਾਥੀਆਂ ਦੀ ਮੁਸਤਕਿਲ ਮਜ਼ਾਜੀ ਦੀ ਜਿਹੜੀ ਤਾਰੀਫ ਅਸੀਂ ਸੁਣੀ ਉਸ ਉੱਤੇ ਅਸੀਂ ਜਿਉਂਦੇ ਰਹਿ ਗਏ ਸਾਥੀ ਹਮੇਸ਼ਾਂ ਨਾਜ਼ ਕਰਦੇ ਰਹਾਂਗੇ।’’ ਗੱਦਾਰਾਂ ਤੇ ਮੁਖ਼ਬਰਾਂ ਤੋਂ ਸੁਚੇਤ ਕੀਤਾ ਗਿਆ ਹੈ ਤੇ ਪਾਰਟੀ ਫੈਸਲਿਆਂ ਦੇ ਬਾਹਰ ਜਾਣ ਨਾਲ ਹੁੰਦੇ ਨੁਕਸਾਨ ਬਾਰੇ ਸੁਚੇਤ ਕੀਤਾ ਗਿਆ ਹੈ ।
ਨਾਮਧਾਰੀ ਲਹਿਰ ਅਤੇ ਅਮਰੀਕੀ ਸਮਾਜਿਕ ਨੈਤਿਕਤਾ ਦੇ ਪ੍ਰਭਾਵ ਸਦਕਾ ਬਾਬਾ ਭਕਨਾ ਔਰਤਾਂ ਪ੍ਰਤੀ ਬੇਹਦ ਸੰਵੇਦਨਸ਼ੀਲ ਸਨ। ਔਲਾਦ ਵਿਹੂਣੇ ਹੋਣ ਦੀ ਜਿੰਮੇਵਾਰੀ ਉਹ ਆਪਣੇ ਸਿਰ ਲੈਂਦੇ ਹਨ । ਗ਼ਦਰ ਪਾਰਟੀ ਦੇ ਦੇਸ਼ ਭਗਤਾਂ ਦੀਆਂ ਪਤਨੀਆਂ ਦੇ ਦੁੱਖਾਂ ਨਾਲ ਸਾਂਝ ਪਾਉਂਦੇ ਹਨ। ਤੇ ਉਨ੍ਹਾਂ ਦੀ ਇਹ ਸਿਫਤ ਹੈ ਕਿ ਉਨ੍ਹਾਂ ਨੇ ਦੇਸ਼ ਭਗਤਾਂ ਦੇ ਰਾਜ਼ ਕਿਸੇ ਨਾਲ ਸਾਂਝੇ ਨਹੀਂ ਕੀਤੇ। ‘‘ਗ਼ਦਰ ਲਹਿਰ ਵਿੱਚ ਅਨੇਕਾਂ ਬਹਾਦਰ ਇਸਤਰੀਆਂ ਵੀ ਸਨ ਜਿਨ੍ਹਾਂ ਦਾ ਨਾਂਅ ਗ਼ਦਰ ਪਾਰਟੀ ਦੇ ਇਤਿਹਾਸ ਵਿੱਚ ਸੁਨਹਿਰੀ ਹਰਫ਼ਾਂ ’ਚ ਲਿਖਣ ਯੋਗ ਹੈ। ਉਨ੍ਹਾਂ ਦੇ ਜੀਵਨ ਸਾਥੀ ਫਾਂਸੀ ਚੜ੍ਹ ਚੁੱਕੇ ਸਨ ਅਤੇ ਪੁਲਸ ਵਲੋਂ ਉਨ੍ਹਾਂ ਨੂੰ ਮਹੀਨਿਆਂ ਬੱਧੀ ਹਿਰਾਸਤ ਵਿੱਚ ਰੱਖਿਆ ਗਿਆ। ਇਨ੍ਹਾਂ ਦੇਵੀਆਂ ਕੋਲ ਪਾਰਟੀ ਦੇ ਬਹੁਤ ਰਾਜ਼ ਸਨ ਕਿਉਂਕਿ ਦੇਸ਼ ਭਗਤਾਂ ਦਾ ਚਿੱਠੀ-ਪੱਤਰ ਇਨ੍ਹਾਂ ਰਾਹੀਂ ਹੀ ਹੁੰਦਾ ਸੀ । ਇਨ੍ਹਾਂ ਨੇ ਪੁਲਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਦਾ ਕੋਈ ਭੇਦ ਨਾ ਦੱਸਿਆ ਤੇ ਪੁਲਸ ਦੀ ਹਰ ਸਖ਼ਤੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ।’’
ਸੋਹਣ ਸਿੰਘ ਭਕਨਾ ਮੰਨਦੇ ਸਨ ਕਿ ਦੇਸ਼ ਭਗਤ ਜੇਲ੍ਹ ਵਿੱਚ ਹੋਵੇ ਜਾਂ ਬਾਹਰ ਉਸਨੂੰ ਲਗਾਤਾਰ ਲੜਨਾ ਚਾਹੀਦਾ ਹੈ । ਇਹੀ ਕਾਰਨ ਹੈ ਕਿ ਫਾਂਸੀ ਤੋਂ ਲੈ ਕੇ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਲਈ ਜਾਣ ਸਮੇਂ ਉਹ ਸਾਥੀਆਂ ਨਾਲ ਅੰਦਰ ਲੜਨ ਦੇ ਤੌਰ ਤਰੀਕੇ ਨਿਸ਼ਚਿਤ ਕਰ ਲੈਂਦੇ ਸਨ । ਰਿਹਾਅ ਹੋਣ ਤੋਂ ਬਾਅਦ ਉਹ ਆਪਣੀ ਰਿਹਾਇਸ਼ੀ ਹਵੇਲੀ ਨੂੰ ‘‘ਕੰਨਿਆ ਪਾਠਸ਼ਾਲਾ’’ ਖੋਲ੍ਹਣ ਲਈ ਦੇ ਦਿੰਦੇ ਹਨ । 67 ਕਨਾਲਾਂ ਦੀ ਜ਼ਮੀਨ ਨੂੰ ਕੌਮੀ ਮਲਕੀਅਤ ਬਣਾ ਕੇ ‘‘ਕਿਰਤੀ ਕਿਸਾਨ ਆਸ਼ਰਮ’’ ਉਸਾਰ ਦਿੰਦੇ ਹਨ । ਇਸ ਸਾਰੀ ਸੋਚ ਪਿੱਛੇ ਉਨ੍ਹਾਂ ਦਾ ਮਕਸਦ ਬੱਚਿਆਂ ਨੂੰ ਆਤਮ ਨਿਰਭਰ ਬਣਾਉਣਾ ਸੀ ਤੇ ਕਿਰਤੀ ਕਿਸਾਨਾਂ ਨਾਲ ਰਾਬਤਾ ਬਨਾਉਣਾ ਸੀ। ਇੱਥੇ ਬਾਬਾ ਭਕਨਾ ਇਕ ਬਾਲ ਮਨੋਵਿਗਿਆਨੀ ਨਜ਼ਰ ਆਉਂਦੇ ਹਨ ਅਤੇ ਆਪਣੀ ਦਿ੍ਰਸ਼ਟੀ ਵੀ ਉਹ ਤਿਆਗਦੇ ਨਹੀਂ। ‘‘ਮੇਰਾ ਮਕਸਦ ਸੀ ਕਿ ਦੇਸ਼ ਭਗਤਾਂ ਦੇ ਬੱਚੇ ਇੱਥੇ ਆ ਕੇ ਪੜ੍ਹਾਈ ਕਰਨ ਤੇ ਦਸਤਕਾਰੀ ਸਿੱਖਣ। ਇਸ ਤਰ੍ਹਾਂ ਬੱਚਾ ਪੜ੍ਹਣ ਦੇ ਨਾਲ-ਨਾਲ ਰੋਟੀ ਕਮਾਉਣ ਦੇ ਕਾਬਲ ਹੋ ਸਕੇਗਾ ਅਤੇ ਅੰਗਰੇਜ਼ੀ ਤਾਲੀਮ ਦੇ ਅਪਾਹਜ ਬਨਾਉਣ ਵਾਲੇ ਅਸਰ ਤੋਂ ਬਚੇਗਾ ਅਤੇ ਸੱਚਾ ਦੇਸ਼ ਭਗਤ ਬਣ ਸਕੇਗਾ।’’ ਇਹੀ ਨਹੀਂ ਉਹ ਯਤੀਮ ਖਾਨਿਆਂ ਵਾਂਗ ਬੱਚਿਆਂ ਨੂੰ ਮੰਗ ਖਾਣੇ ਨਹੀਂ ਸੀ ਬਨਾਉਣਾ ਚਾਹੁੰਦੇ । ਉਨ੍ਹਾਂ ਦੇ ਕਹਿਣ ਮੁਤਾਬਕ, ‘‘ਮੈਂ ਸ਼ੁਰੂ ਵਿੱਚ ਹੀ ਇਹ ਨਿਸ਼ਚਾ ਕਰ ਲਿਆ ਸੀ ਕਿ ਇਨ੍ਹਾਂ ਬੱਚਿਆਂ ਨੂੰ ਭੀਖ ਦੀ ਰੋਟੀ ਨਹੀਂ ਖੁਆਵਾਂਗਾ ਤਾਂ ਕਿ ਇਨ੍ਹਾਂ ਦੀ ਆਤਮਾ ਉਨ੍ਹਾਂ ਬੱਚਿਆਂ ਵਾਂਗ ਮਾਰੀ ਨਾ ਜਾਵੇ ਜੋ ਯਤੀਮ ਖਾਨੇ ਜਾਂ ਅਜਿਹੇ ਆਸ਼ਰਮਾਂ ਵਿੱਚ ਰਹਿੰਦੇ ਹਨ ਜਿੱਥੇ ਬੱਚਿਆਂ ਵਲੋਂ ਰੋਟੀ ਮੰਗ ਕੇ ਲਿਆਉਣ ਦਾ ਰਿਵਾਜ਼ ਹੈ। ਇਸ ਲਈ ਸ਼ੁਰੂ ਤੋਂ ਹੀ ਸੋਚ ਲਿਆ ਕਿ ਅਸੀਂ ਆਪਣੀ ਰੋਟੀ ਆਪ ਪੈਦਾ ਕਰਾਂਗੇ।’’ ਇਸ ਦੇ ਨਤੀਜੇ ਵੀ ਕਮਾਲ ਦੇ ਨਿੱਕਲਦੇ ਹਨ। ਬੱਚੇ ਬਰਾਬਰ ਦਾ ਦੁੱਧ ਪੀਂਦੇ ਹਨ। ਇੱਕ ਦਿਨ ਬਚੇ ਹੋਏ ਛਟਾਂਕ ਦੁੱਧ ਨੂੰ ਪੀਣ ਲਈ ਕੋਈ ਵੀ ਬੱਚਾ ਤਿਆਰ ਨਹੀਂ ਹੁੰਦਾ ਕਿਉਂਕਿ ਉਸ ਨੇ ਆਪਣੇ ਹਿੱਸੇ ਦਾ ਦੁੱਧ ਪੀ ਲਿਆ ਸੀ। ਅਖੀਰ ਪਾਣੀ ਪਾ ਕੇ ਸਾਰਿਆਂ ਵਿੱਚ ਵੰਡਿਆ ਗਿਆ। ਇਸ ਤਰ੍ਹਾਂ ਹੀ ਬਾਗ ਵਿੱਚ ਲੱਗੇ ਪਹਿਲੇ ਆੜੂ ਦੀ ਸਾਰੇ ਬੱਚੇ ਰਾਖੀ ਕਰਦੇ ਹਨ ਅਤੇ ਅਖੀਰ ਵਿੱਚ ਬਣਦਾ ਹਿੱਸਾ ਰਲ ਕੇ ਖਾਂਦੇ ਹਨ। ਵਿਦਿਆਰਥੀਆਂ ਨੂੰ ਰੂਸ ਭੇਜਣ ਲਈ ਵੀ ਬਾਬਾ ਜੀ ਨੇ ਯਤਨ ਕੀਤੇ। ਸੰਨ ਸੰਤਾਲੀ ਦੇ ਦੰਗਿਆਂ ਵਿੱਚ ਮੁਸਲਮਾਨਾਂ ਨੂੰ ਬਚਾਉਣ ਅਤੇ ਸੰਪਰਦਾਇਕ ਏਕਤਾ ਬਣਾਈ ਰੱਖਣ ਲਈ ਸੋਹਣ ਸਿੰਘ ਭਕਨਾ ਨੇ ਆਪਣੀ ਸਿਹਤ ਅਨੁਸਾਰ ਨਿੱਗਰ ਹਿੱਸਾ ਪਾਇਆ। ਆਪਣੇ ਕੀਤੇ ਕੰਮਾਂ ਬਾਰੇ ਜੋ ਕੁੱਝ ਬਾਬਾ ਭਕਨਾ ਕਹਿੰਦੇ ਹਨ ਉਹ ਕੋਈ ਹਲੀਮੀ ਵਾਲਾ ਦੇਸ਼ ਭਗਤ ਹੀ ਕਹਿ ਸਕਦਾ ਹੈ । ਉਹ ਕਹਿੰਦੇ ਹਨ, ‘‘ਮੈਂ ਖੁਸ਼ ਹਾਂ ਕਿ ਮੈਂ ਦੇਸ਼ ਦੀ ਬਹੁਤੀ ਸੇਵਾ ਨਹੀਂ ਵੀ ਕਰ ਸਕਿਆ ਤਾਂ ਵੀ ਮੇਰੀ ਜ਼ਮੀਰ ਇਹ ਲਾਹਣਤ ਤਾਂ ਨਹੀਂ ਪਾ ਰਹੀ ਕਿ ਮੈਂ ਦੇਸ਼ ਜਾਂ ਮਨੁੱਖ ਜਾਤੀ ਨਾਲ ਕੋਈ ਗੱਦਾਰੀ ਕੀਤੀ ਹੈ। ਹੁਣ ਤਾਂ ਮੇਰੀ ਇੱਕੋ ਖਾਹਿਸ਼ ਹੈ ਕਿ ਮੈਂ ਮਰਨ ਤੋਂ ਪਹਿਲਾਂ ਦੇਸ਼ ਤੇ ਦੁਨੀਆਂ ਨੂੰ ਅਮਨ ਤੇ ਸ਼ਾਂਤੀ ਦਾ ਸੁੱਖ ਮਾਣਦਿਆਂ ਦੇਖ ਸਕਾਂ। ਇਸ ਤੋਂ ਸਿਵਾ ਮੇਰੀ ਕੋਈ ਇੱਛਾ ਨਹੀਂ।’’
ਬਾਬਾ ਭਕਨਾ ਜੀ ਦੀ ਆਖਰੀ ਇੱਛਾ ਅਜੇ ਅਧੂਰੀ ਹੈ, ਉਸਨੂੰ ਪੂਰਾ ਕਰਨ ਲਈ ਸਾਡਾ ਫਰਜ਼ ਬਣ ਜਾਂਦਾ ਹੈ । 2020 ਦਾ ਸਾਲ ਬਾਬਾ ਜੀ ਦਾ 150ਵਾਂ ਜਨਮ ਵਰ੍ਹਾ ਹੈ, ਇਸ ਵਿੱਚ ਉਨ੍ਹਾਂ ਨੂੰ ਯਾਦ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਸਮਾਜਿਕ ਤੇ ਰਾਜਨੀਤਿਕ ਕਾਰਜ ਵੀ ਉਲੀਕੇ ਜਾਣ ਦੀ ਜਰੂਰਤ ਹੈ।