Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਨਵੰਬਰ 2020)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਨਵੰਬਰ 2020)

ਕਹਾਣੀ
ਹਾਰੀਂ ਨਾ ਬਚਨਿਆ
– ਗੁਰਮੀਤ ਕੜਿਆਲਵੀ
ਬਚਨੇ ਨੇ ਗੁੱਟ ‘ਤੇ ਬੰਨ੍ਹੀ ਘੜੀ ਵੱਲ ਗਹੁ ਨਾਲ ਵੇਖਿਆ। ਨਿੱਕੀ ਸੂਈ ਤਿੰਨ ਵਾਲੇ ਨੰਬਰ ਤੋਂ ਕਿੰਨਾ ਹੀ ਅੱਗੇ ਲੰਘ ਗਈ ਸੀ। ਪਰਛਾਵੇਂ ਢਲਣੇ ਸ਼ੁਰੂ ਹੋ ਗਏ ਸਨ। ਵਕਤ ਦਾ ਖਿਆਲ ਆਉਂਦਿਆਂ ਹੀ ਉਸਦਾ ਦਿਲ ਗੋਤੇ ਖਾਣ ਲੱਗਾ। ਭੁੱਖ ਜਿਵੇਂ ਆਂਦਰਾਂ ਨੂੰ ਚੂਹੇ ਵਾਂਗ ਕੁੱਤਰ ਰਹੀ ਹੋਵੇ। ਉਹ ਸਵੇਰੇ ਨੌਂ ਵਜੇ ਦਾ ਆ ਕੇ ਡੀ ਐਸ ਪੀ ਦੀ ਉਡੀਕ ਕਰਨ ਲੱਗਾ ਸੀ। ਖੜ੍ਹਿਆਂ-ਖੜ੍ਹਿਆਂ ਲੱਤਾਂ ਹੀ ਆਕੜ ਗਈਆਂ ਸਨ। ਉਸਦਾ ਕਈ ਵਾਰ ਜੀਅ ਕੀਤਾ ਸੀ ਕਿ ਕਿਸੇ ਚਾਹ ਵਾਲੀ ਰੇਹੜੀ ‘ਤੇ ਜਾ ਕੇ ਚਾਹ ਪੀਵੇ ਤੇ ਢਿੱਡ ਨੂੰ ਝੁਲਕਾ ਦੇਣ ਲਈ ਕੋਈ ਬਰੈੱਡ ਵਗੈਰਾ ਹੀ ਖਾ ਲਵੇ, ਪਰ ਉਸਨੇ ਆਪਣੀ ਇਹ ਇੱਛਾ ਅੰਦਰੇ ਹੀ ਦੱਬ ਲਈ ਸੀ। ਅਫਸਰ ਦਾ ਕੀ ਪਤਾ ਕਦੋਂ ਆ ਜਾਵੇ। ਫਿਰ ਇਹ ਵੀ ਕੀ ਭਰੋਸਾ ਕਿ ਕਿੰਨਾ ਚਿਰ ਦਫ਼ਤਰ ਵਿੱਚ ਬੈਠੇ। ਇੱਧਰੋਂ ਆਇਆ ਤੇ ਉਧਰ ਗਿਆ। ਇਹ ਸੋਚਕੇ ਹੀ ਉਹ ਇੱਕ ਬਿੰਦ ਵੀ ਪਾਸੇ ਨਹੀਂ ਸੀ ਹੋਇਆ।
”ਹੌਲਦਾਰ ਸਾਬ੍ਹ! ਭਲਾ ਕਦੋਂ ਕੁ ਤੱਕ ਆਉਣ ਦਾ ‘ਨਮਾਨ ਐ ਸਾਬ੍ਹ ਬਹਾਦਰ ਦਾ?” ਬਚਨ ਸਿੰਘ ਨੇ ਡਰਦਿਆਂ-ਡਰਦਿਆਂ ਸੰਤਰੀ ਨੂੰ ਪੁੱਛ ਹੀ ਲਿਆ ਸੀ। ਸਵੇਰ ਦਾ ਉਹ ਇਹੀ ਸਵਾਲ ਪੰਜ-ਸੱਤ ਵਾਰ ਪੁੱਛ ਚੁੱਕਾ ਸੀ।
”ਅਫ਼ਸਰ ਦਾ ਤੇ ਮੌਤ ਦਾ ਕੀ ਭਰੋਸਾ ਕਦੋ ਆਜੇ?”
”ਹਾਂ ਜੀ! ਨਈਂ ਜੀ!” ਬਚਨੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਜਵਾਬ ਦੇਵੇ।
”ਬਾਬਾ, ਵੱਡੇ ਅਫ਼ਸਰ ਸਾਨੂੰ ਕਿਹੜਾ ਦੱਸ ਕੇ ਜਾਂਦੇ ਵਈ ਕਦੋਂ ਜਾਣਾ ਤੇ ਕਦੋਂ ਆਉਣਾ। ਨਾਲੇ ਜਿਹੜੇ ਸਾਹਬ ਲੋਕ ਹੁੰਦੇ ਆ ਨਾ, ਇਹ ਆਵਦੀ ਮਰਜ਼ੀ ਦੇ ਮਾਲਕ ਹੁੰਦੇ ਐ। ਮਾੜਾ-ਮੋਟਾ ਘਰਵਾਲੀ ਤੋਂ ਈ ਡਰਦੇ ਹੁੰਦੇ ਆ, ਹੋਰ ਨ੍ਹੀ ਕਿਸੇ ਨੂੰ ਦੇਹ-ਦਵਾਲ। ਨਾਲੇ ਸਾਲੀ ਪੁਲਸ ਨੂੰ ਕਿਤੇ ਇੱਕ ਸਿੜ੍ਹੀ ਸਿਆਪਾ ਐ? ਕੋਈ ਜੰਮ ਪਿਆ ਤਾਂ ਪੰਗਾ, ਕੋਈ ਨਾ ਜੰਮਿਆ ਤਾਂ ਪੰਗਾ। ਲੈ ਹੁਣ ਕੱਲ੍ਹ ਦੀ ਸੁਣਲੈ। ਹਾਅ ਸਾਲੀ ਤੀਸਰੀ ਕੌਮ ਲੜਪੀ। ਤੀਸਰੀ ਕੌਮ ਦਾ ਤਾਂ ਸਮਝ ਈ ਗਿਆ ਹੋਵੇਂਗਾ?” ਫਿਰ ਬਚਨੇ ਦਾ ਸੁਆਲ ਉਡੀਕੇ ਬਿਨਾ ਆਪ ਹੀ ਜਵਾਬ ਦਿੰਦਿਆਂ ਗੱਲ ਅੱਗੇ ਤੋਰ ਲਈ।
”ਹਾਅ ਮਹੰਤ!” ਦੋਵਾਂ ਹੱਥਾਂ ਨਾਲ ਤਾੜੀ ਮਾਰਨ ਦੀ ਅਦਾਕਾਰੀ ਕਰਦਿਆਂ ਸੰਤਰੀ ਨੇ ਕਰੇੜੇ ਖਾਧੇ ਦੰਦਾਂ ‘ਚੋਂ ਥੁੱਕ ਦੀ ਪਿਚਕਾਰੀ ਕੰਧ ‘ਤੇ ਚਲਾ ਮਾਰੀ ਜਿਸਨੇ ਥਾਣੇ ਦੀ ਕੰਧ ਉੱਤੇ ਭਾਰਤ ਮਾਤਾ ਦਾ ਨਕਸ਼ਾ ਜਿਹਾ ਬਣਾ ਦਿੱਤਾ।
”ਹੂੰ!” ਨਾ ਚਾਹੁੰਦਿਆਂ ਵੀ ਬਚਨੇ ਨੇ ਇੰਨਾ ਕੁ ਹੁੰਗਾਰਾ ਭਰ ਦਿੱਤਾ।
”ਸਾਲੇ ਆਪਸ ਵਿੱਚੀ ਲੜਪੇ ਭੂੰਡਾਂ ਵਾਗੂੰ ਅਲੀ ਅਲੀ ਕਰਕੇ। ਅਖੇ ਫਲਾਣਾ ਮਹੰਤ ਸਾਡੇ ਇਲਾਕੇ ‘ਚ ਦਖ਼ਲ ਅੰਦਾਜ਼ੀ ਕਰਦੈ। ਇਹ ਸਹੁਰੀ ਦੇ ਅੱਡ ਰਿਆਸਤਾਂ ਵੰਡੀ ਫਿਰਦੇ ਐ! ਇੱਕ ਧਿਰ ਦੋ ਤਿੰਨ ਦਿਨ ਜਾਂਦੀ ਰਹੀ ਸਿਟੀ ਆਲੇ ਥਾਣੇ ‘ਚ। ਸਬੱਬੀਂ ਕੰਮ ਧੰਦੇ ‘ਚ ਥਾਣੇਦਾਰ ਨੇ ਕਿਤੇ ਗੱਲ ਨਾ ਸੁਣੀ। ਉਹਨਾਂ ਤਾਂ ਜੀ ਲਾਤਾ ਧਰਨਾ ਸੜਕ ‘ਤੇ। ਦੇਅ ਤਾੜੀ ‘ਤੇ ਤਾੜੀ। ਦੇਅ ਤਾੜੀ ‘ਤੇ ਤਾੜੀ। ਮਿੰਟੋ-ਮਿੰਟੀ ਜਾਮ ਲੱਗ ਗਿਆ। ਲੜਾਈ ਥਈਆ-ਥਈਆ ਦੀ ਤੇ ਸਾਲਾ ਵਖ਼ਤ ਪੈ ਗਿਆ ਪੰਜਾਬ ਆਲੀ ਪੁਲਸ ਨੂੰ। ਹੁਣ ਤੂੰ ਦੱਸ ਐਥੇ ਸਾਲੀ ਪੁਲਸ ਕੀ ਕਰੇ? ਜ਼ਨਾਨੀਆਂ ਹੁੰਦੀਆਂ ਤਾਂਵੀ ਕੋਈ ਗੱਲ ਸੀ। ਬੰਦੇ ਹੁੰਦੇ ਤਾਂ ਮਾਰ-ਮਾਰ ਡਾਂਗਾਂ ਕਰ ਦਿੰਦੇ ਤਿੱਤਰ-ਬਿਤਰ। ਕਰੀਦੇ ਕਿ ਨਈਂ? ਕਦੇ ਕਿਸਾਨ ਯੂਨੀਅਨ ਵਾਲਿਆਂ ਦੇ ਪੁੜੇ ਸੇਕਣੇ ਪੈਂਦੇ ਆ ਤੇ ਕਦੇ ਮਾਸਟਰਾਂ-ਮਾਸਟਰਾਣੀਆਂ ਦੇ। ਹੋਰ ਨ੍ਹੀ ਤਾਂ ਕਈ ਵਾਰ ਆਹ ਆਂਗਣਵਾੜੀ ਵਾਲੀਆਂ ਬੀਬੀਆਂ ਈ ਅੜਿਕੇ ਚੜ ਜਾਂਦੀਆਂ ਐ। ਪੰਜਾਬ ਆਲੀ ਪੁਲਸ ਦੀ ਖਾਕੀ ਵਰਦੀ ਹੋਵੇ ਪਾਈ ਤੇ ਹੱਥ ‘ਚ ਹੋਵੇ ਸੱਤ ਫੁੱਟੀ ਬਾਂਸ ਵਾਲੀ ਡਾਂਗ, ਫੇਰ ਤਾਂ ਬਾਬਾ ਸਿਆਂ ਸਮਝਲਾ ਸੜਕ ਉੱਤੇ ਭੂਤ ਭੰਗੜਾ ਈ ਪੈਂਦੈ। ਸੱਚੀਂ ਪੁੱਛੇਂ ਕੱਲ੍ਹ ਤਾਂ ਸਾਲਾ ਤਮਾਸ਼ਾ ਈ ਬਣ ਗਿਆ। ਪੁਲਸ ਡਾਂਗ ਉਤਾਂਹ ਨੂੰ ਚੁੱਕੇ, ਮਹੰਤ ਮੇਰੇ ਸਾਲੇ ਦੇ ਅੱਗਿਓਂ, ”ਵੇ ਦੋ ਸਟਾਰਾਂ ਵਾਲਿਆ ਵੇ ਤਿੰਨ ਸਟਾਰਾਂ ਵਾਲਿਆ” ਕਰਦੇ ਤਾੜੀਆਂ ਠੋਕੀ ਜਾਣ। ਹੁਣ ਤੂੰ ਦੱਸ ਪੁਲਸ ਉੱਥੇ ਕੀ ?
”ਹਾਂ! ਏਹ ਤਾਂ ਹੈਗਾ। ਕੀ ਕਰਦੇ?” ਬਚਨੇ ਦੀ ਜੀਭ ਥਥਲਾਉਣ ਲੱਗੀ। ਉਸਦਾ ਜੀਅ ਤਾਂ ਕੀਤਾ ਆਖੇ, ”ਕਰਨਾ ਕੀ ਸੀ, ਦਿਖਾ ਦਿੰਦੇ ਸੂਰਮਗਤੀ ਜਿਵੇਂ ਦੂਜਿਆਂ ‘ਤੇ ਦਿਖਾਉਂਦੇ ਹੁੰਨੇ ਓਂ।” ਪਰ ਉਸਨੇ ਚੁੱਪ ਰਹਿਣਾ ਹੀ ਠੀਕ ਸਮਝਿਆ।
”ਬਾਬਾ ਰਮਾਨ ਨਾਲ ਬਹਿਜਾ ਔਹ ਤੂਤ ਥੱਲੇ ਜਾਕੇ। ਜਦੋਂ ਸਾਬ੍ਹ ਦੀ ਗੱਡੀ ਆਗੀ ਦਿਸਜੂ ਤੈਨੂੰ ਦੂਰੋਂ ਈ। ਉਦੋਂ ਆਜੀਂ। ਦੋ ਸੌ ਦੇਵੀਂ ਮੈਨੂੰ ਤੇ ਗਾਂਧੀ ਬਾਬੇ ਵਾਲੇ ਪੰਜ ਸੌ ਦੇ ਨੋਟ ਨਾਲ ਰੀਡਰ ਦਾ ਮੱਥਾ ਡੰਮ੍ਹਦੀਂ। ਮਿਲਾ ਦਿਆਂਗੇ ਤੈਨੂੰ ਸਾਬ੍ਹ ਨਾਲ। ਆਈ ਬਾਤ ਗੇੜ ‘ਚ ਕਨ੍ਹੀ? ਚੱਲ ਹੁਣ ਤਸੱਲੀ ਨਾਲ ਬਹਿਜਾ ਜਾਕੇ। ਹਜੇ ਨ੍ਹੀ ਆਉਂਦੇ ਸਾਬ੍ਹ। ਸਮਝਲਾ ਛੇ ਵਜੇ ਤੋਂ ਪਹਿਲਾਂ ਨ੍ਹੀ ਆਉਂਦੇ ਕਿਸੇ ਹਿਸਾਬ ਨਾਲ ਵੀ।”
”ਛੀ ਵਜੇ?” ਛੇ ਵਜੇ ਦਾ ਸੁਣਦਿਆਂ ਬਚਨੇ ਦੀ ਜਿਵੇਂ ਸੱਤਿਆ ਹੀ ਨਿਕਲ ਗਈ ਹੋਵੇ।
”ਭਾਈ ਸੈਬ੍ਹ, ਸੱਤ ਵੀ ਵੱਜ ਸਕਦੇ ਆ ਤੇ ਅੱਠ ਵੀ। ਕਾਕਾ ਜੀ ਸ਼ਹਿਰ ‘ਚ ਕਿਸੇ ਆੜਤੀਏ ਦੀ ਕੁੜੀ ਦੇ ਵਿਆਹ ‘ਚ ਆਇਆ। ਉਹ ਜਾਊਗਾ ਤਾਂ ਕਿਧਰੇ ਖਹਿੜਾ ਛੁੱਟਣਾ ਪੁਲਸ ਦਾ।”
”ਕਾਕਾ ਜੀ?”
”ਹਾਅੋ! ਕਾਕਾ ਜੀ। ਆਪਣੇ ਸੀ ਐਮ ਸਾਬ੍ਹ ਦੀ ਨੇਕ ‘ਲਾਦ। ਸਮਝਲਾ ਅੱਜ ਤਾਂ  ਉਹਦੀ ਲੱਤ ਨਾਲ ਬੰਨ੍ਹੀ ਵੀ ਆ ਸਾਰੀ ਪੁਲਸ।”
”ਹੱਛਾਅ  !” ਹੱਥ ਵਿਚਲੀ ਦਰਖਾਸਤ ਦਾ ਪੋਪਲਾ ਜਿਹਾ ਬਣਾਉਂਦਿਆਂ ਬਚਨਾ ਤੂਤ ਵੱਲ ਨੂੰ ਤੁਰ ਪਿਆ।
”ਸਾਲੇ ਸਾਡੇ ਕੋਲ ਵੀ ਤਰਾਂ੍ਹ-ਤਰਾਂ੍ਹ ਦੇ ਨਮੂਨੇ ਈ ਆਉਂਦੇ ਐ ਦਿਮਾਗ ਚੱਟਣ ਨੂੰ। ਮਹੀਨਾ ਹੋ ਗਿਆ ਕਾਗਤੀ ਜ੍ਹੀ ਚੱਕੀ ਫਿਰਦੇ ਨੂੰ। ਤੀਜੇ ਦਿਨ ਤੁਰ ਪੈਂਦਾ ਐ ਜਿਵੇਂ ਪੁਲਸ ਸਾਲੀ ਵੇਹਲੀ ਹੁੰਦੀ ਏਹਦੇ ਵਰਗਿਆਂ ਆਸਤੇ। ਔਲਾਦ ਆਵਦੇ ਤੋਂ ਨ੍ਹੀ ਸਾਂਭੀ ਜਾਂਦੀ, ਮਾੜਾ ਆਖਣਾ ਮੁੰਡੀਹਰ ਨੂੰ।” ਸੰਤਰੀ ਦੇ ਅੱਕ ਵਰਗੇ ਬੋਲ ਬਚਨੇ ਦੀ ਪਿੱਠ ਪਿੱਛੇ ਚਿਪਕ ਗਏ। ਉਸਦੇ ਅੰਦਰੋਂ ਲਾਵਾ ਜਿਹਾ ਉੱਠਿਆ ਤੇ ਉਸੇ ਪਲ ਸ਼ਾਂਤ ਹੋ ਗਿਆ। ਉਸਦਾ ਜੀਅ ਕੀਤਾ ਸੰਤਰੀ ਨੂੰ ਜਾਕੇ ਗਲਮਿਓਂ ਫੜ ਲਏ ਤੇ ਪੁੱਛੇ, ”ਚਗਲਾ ਤੂੰ ਦੱਸ ਕੀ ਜਾਣਦਾ ਏਂ ਮੇਰੀ ਪੋਤਰੀ ਬਾਰੇ?” ਪਰ ਆਪਣੇ ਅੰਦਰਲੇ ਲਾਵੇ ਨੂੰ ਅੰਦਰੇ ਹੀ ਵਹਿ ਜਾਣ ਦਿੱਤਾ। ਉਸਨੇ ਅੱਖਾਂ ਵਿੱਚੋਂ ਵਗ ਆਏ ਬੇਬਸੀ ਦੇ ਹੰਝੂਆਂ ਨੂੰ ਮੋਢੇ ‘ਤੇ ਰੱਖੇ ਸਾਫੇ ਨਾਲ ਸਾਫ ਕੀਤਾ।
”ਬਚਨ ਸਿਆਂ ਐਨਾ ਨਿਤਾਣਾ ਵੀ ਹੋਣਾ ਪਊ, ਇਹ ਤਾਂ ਨ੍ਹੀ ਸੀ ਕਦੇ ਸੋਚਿਆ।” ਆਪਣੇ ਆਪ ਨਾਲ ਗੱਲਾਂ ਕਰਦਿਆਂ ਬਚਨ ਸਿੰਘ ਨੇ ਤੂਤ ਦੇ ਮੁੱਢ ਨਾਲ ਪਈਆਂ ਇੱਟਾਂ ‘ਤੇ ਬੈਠਦਿਆਂ ਤਣੇ ਨਾਲ ਢੋਅ ਲਾ ਲਈ। ਉਸਨੇ ਗਹੁ ਨਾਲ ਤਣੇ ਵੱਲ ਵੇਖਿਆ, ਅੰਦਰੋਂ ਜਵਾਂ ਹੀ ਖੋਖਲਾ ਹੋਇਆ ਪਿਆ ਸੀ। ਬਚਨੇ ਨੂੰ ਤੂਤ ਵੀ ਆਪਣੇ ਵਰਗਾ ਹੀ ਲੱਗਿਆ, ਗਰੀਬ ਤੇ ਬੇਵੱਸ।
”ਵਕਤ ਵੀ ਕਿੱਢਾ ਡਾਹਡਾ ਐ ਬਚਨ ਸਿਆਂ ? ਤੈਨੂੰ ਬਾਜ਼ੀਆਂ ਪਾਉਂਦੇ ਵੇਖਦਿਆਂ ਤੇ ਤੇਰੇ ਬਾਰੇ ਲੋਕਾਂ ਦੀਆਂ ਗੱਲਾਂ ਸੁਣਦਿਆਂ ਤਾਂ ਅਸੀਂ ਜਵਾਨ ਹੋਏ ਆਂ, ਪਰ ਹੁਣ ਤਾਂ ਜਵਾਂ ਹੀ ਝਿਂਵ ਗਿਓਂ। ਕਿਸੇ ਵਕਤ ਘਰ-ਘਰ ਗੱਲਾਂ ਹੁੰਦੀਆਂ ਸੀ ਤੇਰੀ ਸੂਲੀ ਦੀ ਛਾਲ ਦੀਆਂ।” ਬਚਨੇ ਨੂੰ ਪਤਾ ਨਾ ਲੱਗਾ ਆਵਾਜ਼ ਉਸਦੇ ਅੰਦਰੋਂ ਆਈ ਸੀ ਜਾਂ ਤੂਤ ਨੇ ਉਸਨੂੰ ਕੁੱਝ ਪੁੱਛਿਆ ਸੀ ਪਰ ਉਸਨੇ ਜੁਆਬ ਜ਼ਰੂਰ ਦਿੱਤਾ ਸੀ,
”ਹਾਂ ਭਰਾਵਾ! ਪੁੱਲਾਂ ਥੱਲਿਓਂ ਦੀ ਬੇਹਿਸਾਬਾ ਪਾਣੀ ਲੰਘ ਗਿਆ। ਕੋਈ ਵਕਤ ਸੀ ਤੁਰੇ ਜਾਂਦੇ ਬਚਨੇ ਵੱਲ ਵੇਖਦਿਆਂ ਲੋਕ ਇਸ਼ਾਰੇ ਕਰ-ਕਰ ਆਖਦੇ ਸਨ ਅਹੁ ਜਾ ਰਿਹਾ ਈ ਕਾਜ਼ੀਆਂ ਆਲਾ ਬਚਨਾ ਬਾਜ਼ੀਗਰ। ਤੇ ਹੁਣ ਆਹ ਵੀ ਸਮਾਂ ਵੇਖਣਾ ਸੀ ਜਦੋਂ ਕਾਜ਼ੀਆਂ ਵਾਲਾ ਬਚਨਾ ਇਨਸਾਫ ਲੈਣ ਲਈ ਥਾਣਿਆਂ-ਕਚਿਹਰੀਆਂ ‘ਚ ਭਟਕਦਾ ਫਿਰਦੈ। ਥਾਣੇ ਦੇ ਮੁਨਸ਼ੀ-ਮੁਸੱਦੀ ਪੁੱਛਦੇ ਆ ਕਿਹੜਾ ਬਚਨਾ?”
”ਬਾਈ ਬਚਨਿਆ, ਤੈਨੂੰ ਖੌਰੇ ਯਾਦ ਹੋਣਾ ਕਿ ਨਹੀਂ ਔਹ ਜਿੱਥੇ ਹੁਣ ਡਿਪਟੀ ਦਾ ਦਫ਼ਤਰ ਐ, ਕਦੇ ਸ਼ਾਮਲਾਟ ਹੁੰਦੀ ਸੀ। ਚਾਰ ਚੁਫੇਰੇ ਖੁੱਲ੍ਹ-ਬਹਾਰਾ। ਆ ਹੁਣ ਵਾਲਾ ਸ਼ਹਿਰ ਵੀ ਉਦੋਂ ਇੱਕ ਪਿੰਡ ਹੁੰਦਾ ਸੀ। ਵੇਂਹਦਿਆਂ-ਵੇਂਹਦਿਆਂ ਸ਼ੈਤਾਨ ਦੀ ਆਂਤ ਵਾਂਗੂੰ ਫੈਲ ਗਿਆ। ਪਹਿਲਾਂ ਸਬ ਤਸੀਲ ਤੇ ਫੇਰ ਤਸੀਲ ਬਣਾ ਦਿੱਤਾ। ਊਂ ਬਦਲਿਆ ਬੁਦਲਿਆ ਤਾਂ ਕੁੱਛ ਨ੍ਹੀ ਪਰ ਵੱਡੇ ਛੋਟੇ ਅਫ਼ਸਰ ਜਰੂਰ ਆਗੇ। ਸਮਝ ਲੈ ਲੁੱਟ ਆਲੇ ਅੱਡੇ ਨਿੱਕੇ ਸ਼ਹਿਰਾਂ ‘ਚ ਵੀ ਬਣਗੇ। ਹੁਣ ਆਪਣੇ ਅਰਗਿਆਂ ਨੂੰ ਛਿੱਲ ਲੁਹਾਉਣ ਲਈ ਬਾਹਲੀ ਦੂਰ ਨ੍ਹੀ ਜਾਣਾ ਪੈਂਦਾ।”
”ਹਾਂ! ਕਿੰਨਾ ਕੁੱਝ ਬਦਲ ਗਿਆ ਵੇਂਹਦਿਆਂ-ਵੇਂਹਦਿਆਂ ਪਰ ਜੇ ਨਹੀਂ ਬਦਲੇ ਤਾਂ ਆਪਣੇ ਵਰਗੇ ਲੋਕ ਈ ਨ੍ਹੀ ਬਦਲੇ। ਜਿੱਥੇ ਚਾਲੀ ਪੰਜਾਹ ਸਾਲ ਪਹਿਲਾਂ ਖੜ੍ਹੇ ਸੀ, ਉੱਥੇ ਈ ਖੜ੍ਹੇ ਆ। ਬਲਕਿ ਮੇਰੇ ਵਰਗੇ ਤਾਂ ਪਹਿਲਾਂ ਨਾਲੋਂ ਵੀ ਨਿਤਾਣੇ ਹੋਗੇ।”
”ਬਾਈ! ਅੱਜ ਜਿਹੜੀ ਥਾਂ ਤੋਂ ਤੂੰ ਇਨਸਾਫ ਭਾਲਦਾ ਫਿਰਦਾਂ, ਕਦੇ ਏਸ ਥਾਂ ਤੂੰ ਬਾਜ਼ੀ ਪਾਈ ਸੀ। ਯਾਦ ਐ ਕਿ ਨਈਂ?”
”ਯਾਦ ਵੀ ਆ ਤੇ ਨਹੀਂ ਵੀ।” ਬਚਨ ਸਿੰਘ ਨੇ ਕਈ ਮੀਲ ਲੰਬਾ ਹਾਉਂਕਾ  ਭਰਿਆ ਸੀ।
”ਖੈਰ ਛੱਡ! ਨਹੀਂ ਵੀ ਯਾਦ ਤਾਂ ਵੀ ਕੋਈ ਨ੍ਹੀ। ਇੰਜ ਕਰ ਐਧਰ ਨੂੰ ਮੂੰਹ ਕਰਕੇ ਬੈਠ ਡਿਪਟੀ ਦੇ ਦਫ਼ਤਰ ਵੱਲ ਨੂੰ। ਭੁੱਲ ਜਾ ਐਥੇ ਕੋਈ ਇਨਸਾਫ ਵਾਲਾ ਅੱਡਾ ਵੀ ਬਣਿਆ ਹੋਇਆ। ਸਮਝ ਲੈ ਖੁੱਲ੍ਹੀ-ਡੁੱਲੀ ਸ਼ਾਮਲਾਟ ਐ। ਬਾਜ਼ੀ ਪੈ ਰਹੀ ਐ। ਬੇਓੜਕ ਮੁਲਖਈਆ ਇਕੱਠਾ ਹੋਇਆ ਪਿਆ। ਤਿੱਲ ਸੁੱਟਿਆਂ ਭੁੰਜੇ ਨਾ ਡਿੱਗੇ। ਦੂਰ ਦੂਰ ਤੱਕ ਕੋਠਿਆਂ ਦੇ ਬਨੇਰਿਆਂ ਨਾਲ ਲੱਗਕੇ ਬੈਠੀਆਂ ਬੁੜ੍ਹੀਆਂ-ਕੁੜੀਆਂ। ਸਾਰਾ ਪੰਜਾਬ ਬਚਨੇ ਬਾਜ਼ੀਗਰ ਦੀ ਬਾਜ਼ੀ ਵੇਖਣ ਲਈ ਪਿੜ ‘ਚ ਆਣ ਢੁੱਕਿਆ। ਢੋਲੀ ਗੋਡਣੀਆਂ ਲਾ-ਲਾ ਕੇ ਧਮਾਲਾਂ ਪਾਉਂਦਾ ਐ। ਢੋਲ ਦੀ ਆਵਾਜ਼ ਅੰਬਰਾਂ ਨੂੰ ਚੀਰਦੀ ਜਾਂਦੀ ਐ। ਬਚਨੇ ਨੇ ਨਾਲਦੇ ਸਾਥੀਆਂ ਨਾਲ ਰਲਕੇ ਡੰਡਾਉਤ ਕਰਦਿਆਂ ਪਿੜ ਦਾ ਗੇੜਾ ਦਿੱਤਾ। ਚੱਲ ਆਪਾਂ ਸਮੇਂ ਨੂੰ ਆਖਦੇ ਹਾਂ ਸਾਨੂੰ ਬਚਨੇ ਬਾਜ਼ੀਗਰ ਦੀ ਬਾਜ਼ੀ ਦਿਖਾਉਣ ਲਈ ਫੇਰ ਉਸ ਦੌਰ ਵਿੱਚ ਲੈ ਚੱਲੇ।”
ਬਚਨੇ ਨੇ ਮੂੰਹ ਡਿਪਟੀ ਦੇ ਦਫ਼ਤਰ ਵੱਲ ਕਰ ਲਿਆ ਸੀ।
”ਲੈ ਵਈ ਸੰਗਤੇ ! ਗੁਰੂ ਮਾਰਾਜ੍ਹ ਦੀ ਮੇਹਰ ਨਾਲ ਅੱਜ ਜਵਾਨ ਬਾਜ਼ੀ ਵਿਖਾਉਣ ਆਏ ਨੇ ਥੋਡੇ ਨਗਰ ਖੇੜੇ। ਭਾਂਤ-ਭਾਤ ਦੇ ਕਰਤਬ। ਗੁਰੂ ਮਾਰਾਜ੍ਹ ਵੀ ਆਂਹਦੇ ਨੇ, ਬਾਜੀਗਰ ਬਾਜੀ ਪਾਈ, ਸਭ ਖਲਕ ਤਮਾਸ਼ੇ ਆਈ।’ ਭਾਂਤ-ਭਾਂਤ ਦੀ ਦੁਨੀਆਂ, ਭਾਂਤ-ਭਾਂਤ ਦੇ ਰੰਗ ਤਮਾਸ਼ੇ। ਵਈ ਭਲਵਾਨਾ ਕਿਸੇ ਗੁਣੀ ਬੰਦੇ ਦਾ ਗਿਆਨ ਐ”
”ਕੀ ਗਿਆਨ ਐ ਬਚਨ ਸਿਆਂ ਗੁਣੀ ਬੰਦੇ ਦਾ?”
”ਘੜ-ਘੜ ਪੁਤਲੀਆਂ ਭੇਜਦਾ ਜਹਾਨ ਉੱਤੇ
ਆਪੇ ਉਹਨਾਂ ਵਾਸਤੇ ਹੈ ਚੋਗ ਖਲਿਆਰਦਾ।
ਨੱਚੀ ਜਾਣ ਜਿਵੇਂ ਉਹ ਨਚਾਈ ਜਾਂਦਾ ਦਿਨੇ ਰਾਤੀਂ,
ਆਪ ਹੀ ਜਿਵਾਉਂਦਾ ਅਤੇ ਆਪ ਹੀ ਉਹ ਮਾਰਦਾ।
ਹੋਰ ਐਵੇਂ ਝੂਠੀਆਂ ਨੇ ਸ਼ਾਨਾਂ ਸੱਭੇ ਬਚਨ ਸਿੰਘਾ,
ਜੱਗ ਉੱਤੇ ਸੱਚਾ ਇੱਕੋ ਨਾਮ ਕਰਤਾਰ ਦਾ।”
”ਵਈ ਭਲਵਾਨਾ ! ਮਾਰ ਚਾਰ-ਚੁਫੇਰੇ ਨਜ਼ਰਾਂ। ਸਾਰਾ ਨਗਰ ਖੇੜਾ ਆ ਢੁੱਕਿਆ ਪਿੜ ‘ਚ ਗਵਾਰ ਲੋਕਾਂ ਦੀ ਬਾਜ਼ੀ ਵੇਖਣ। ਚਾਰੇ ਪਾਸੇ ਮੁਲਖ ਈ ਮੁਲਖ। ਗੁਰੂ ਮਾਰਜ੍ਹ ਦੀਆਂ ਬਖ਼ਸ਼ੀਆਂ ਰੰਗ-ਬਿਰੰਗੀਆਂ ਦਸਤਾਰਾਂ। ਦਾਨੇ-ਬਾਨੇ ਸਰਦਾਰ। ਧਰ-ਧਰ ਭੁੱਲਣ ਵਾਲੀਆਂ ਬੀਬੀਆਂ ਰਾਣੀਆਂ। ਸ਼ਰਮਾਂ ਲੱਜਾਂ ਵਾਲੀਆਂ ਧੀਆਂ ਤੇ ਭੈਣਾਂ।”
”ਹਾਂ ਉਸਤਾਦ! ਬਿਲਕੁੱਲ ਸੱਚ ਆਖਿਐ। ਰੱਤੀ ਭਰ ਵੀ ਝੂਠ ਨ੍ਹੀ ਥੋਡੀਆਂ ਗੱਲਾਂ ‘ਚ। ਦੂਰ-ਦੂਰ ਤੱਕ ਜਿੱਧਰ ਨਜ਼ਰ ਘੁਮਾਓ, ਮੁਲਖ ਈ ਮੁਲਖ। ਵਸਦੇ ਖੇੜੇ ਦੀਆਂ ਦੀਆਂ ਥਬੀਕਾਂ।  ਸਾਰਾ ਨਗਰ ਖੇੜਾ ਕਦਰਦਾਨ ਤੇ ਮੇਹਰਬਾਨ।”
”ਹਾਂ ਭਲਵਾਨਾਂ!”
”ਗੁਰੂਦੇਵ, ਨਗਰ ਖੇੜੇ ਨੂੰ ਕੁਛ ਆਵਦੇ ਬਾਰੇ ਵੀ ਦੱਸੋ
ਕੌਣ ਦੇਸ਼ ਤੇ ਕਿਥੂੰ ਆਏ, ਕਿਹੜਾ ਦੇਸ਼ ਟਿਕਾਣਾ।
ਕਿਹੜੇ ਥੋਡੇ ਸੰਗੀ ਸਾਥੀ, ਤੇ ਕੀ ਕੀ ਖੇਲ ਦਿਖਾਣਾ।”
ਡਮ ਡਮਾ ਡਮ-ਡਮ। ਢੋਲੀ ਨੇ ਢੋਲ ‘ਤੇ ਥਾਪ ਦੇ ਕੇ ਹਲਚਲ ਪੈਦਾ ਕਰ ਦਿੱਤੀ।
”ਨਾਮ ਹੈ ਬਚਨ ਸਿੰਘ ਬਾਪ-ਦਾਦੇ ਰਾਜਪੂਤ
ਸ਼ਹਿਰ ਹੈ ਮਲੋਟ ਕੋਲ, ਗਾਮ ਸਾਡਾ ਕਾਜ਼ੀਆਂ
ਅਮਰਾ, ਲਹੌਰਾ, ਮੇਲਾ, ਸੁਰਜੂ ਤੇ ਤਾਰਾ ਸਾਥੀ
ਮੇਜਰ ਵਜਾਵੇ ਢੋਲ, ਸੱਭੇ ਪਾਉਣ ਬਾਜ਼ੀਆਂ।
ਮੇਹਰ ਸੱਚੇ ਪਾਤਸ਼ਾਹ ਦੀ, ਦੇਂਵਦਾ ਰਿਜ਼ਕ ਸੱਭੇ
ਜੇਵਡ ਫਿਕਰ ਰਹਿੰਦਾ ਕੁੱਲ ਸੰਸਾਰ ਦਾ ।
ਹੋਰ ਐਵੇਂ ਝੂਠੀਆਂ ਨੇ, ਸ਼ਾਨਾਂ ਸੱਭੇ ਬਚਨ ਸਿੰਘਾ,
ਜੱਗ ਉੱਤੇ ਸੱਚਾ ਇੱਕੋ ਨਾਮ ਕਰਤਾਰ ਦਾ।”
”ਵਾਹ! ਵਾਹ! ਗੁਰੂਦੇਵ। ਜੱਗ ਉੱਤੇ ਸੱਚਾ ਇਕੋ ਨਾਮ ਕਰਤਾਰ ਦਾ। ਲੈ ਵਈ ਢੋਲੀਆ ਦੇ ਡੱਗਾ ਲੈਕੇ  ਕਰਤਾਰ ਦਾ ਨਾਮ। ਨਗਰ ਖੇੜੇ ਦੇ ਨਾਮ। ਦਾਨੀਆਂ-ਬਾਨੀਆਂ, ਸਖੀਆਂ, ਸੰਤਾਂ ਭਗਤਾਂ, ਪੀਰਾਂ ਤੇ ਫਕੀਰਾਂ ਦੇ ਨਾਮ।”
‘ਡਮ! ਡਮਾ! ਡਮ-ਡਮ!’ ਢੋਲ ਦੀ ਥਾਪ ਨਾਲ ਲੋਕਾਂ ਦੀਆਂ ਤਾੜੀਆਂ ਦੀ ਗੂੰਜ ਰਲਦੀ ਹੈ। ਲਿਸ਼ਕਦੇ ਪਿੰਡਿਆਂ ਵਾਲੇ ਗਵਾਰ ਪੁੱਠੀਆਂ-ਸਿੱਧੀਆਂ ਛਾਲਾਂ ਲਾਉਣ ਲੱਗਦੇ ਹਨ। ਸੋਹਣੇ ਦਰਸ਼ਨੀ ਜੁਆਨ। ਡੰਡ ਬੈਠਕਾਂ ਮਾਰਦੇ। ਇਕਹਿਰੀਆਂ ਤੇ ਦੂਹਰੀਆਂ ਛਾਲਾਂ ਲਾਉਂਦੇ। ਲੋਕ ਖੁਸ਼ ਹੋ ਕੇ ਚੀਕਾਂ-ਕੂਕਾਂ ਮਾਰਦੇ। ਜਵਾਨਾਂ ਦਾ ਹੌਂਸਲਾ ਵਧਾਉਂਦੇ।
”ਉਸਤਾਦ ਜੀ! ਲੋਕਾਂ ਦੀਆਂ ਤਾੜੀਆਂ ਸਿਰ ਮੱਥੇ।  ਤਾੜੀਆਂ ਜਵਾਨਾਂ ਨੂੰ ਹੌਂਸਲੇ ‘ਚ ਕਰਦੀਆਂ ਪਰ ਕੀ ਕਰੀਏ, ਕੱਲੀਆਂ ਤਾੜੀਆਂ ਢਿੱਡ ਨਾ ਭਰਦੀਆਂ। ਬਾਜ਼ੀਆਂ ਪਾਉਣ ਲਈ ਦੁੱਧ-ਘੀ ਪਾਣੀ ਵਾਂਗ ਪੀਣਾ ਪੈਂਦਾ। ਅਖਰੋਟ ਬਦਾਮ ਦਹੀਂ ਤੇ ਲੱਸੀ। ਉਸਤਾਦ ਜੀ ਸੁੱਕੀਆਂ ਰੋਟੀਆਂ ਨਾਲ ਬਾਜ਼ੀਆਂ ਨਾ ਪੈਂਦੀਆਂ।” ਉਮਰੇ ਨੇ ਸੁਆਲ ਹਵਾ ਵਿੱਚ ਛੱਡ ਦਿੱਤਾ।
”ਭਲਵਾਨਾ! ਸੰਗਤ ਵਿੱਚ ਬੜੇ-ਬੜੇ ਦਾਨੀ ਬੈਠੇ ਨੇ। ਬੜੇ ਬੜੇ ਸਰਦਾਰ ਲੋਕ। ਲੰਬੜਦਾਰ, ਸਰਪੈਂਚ, ਤੇ ਪੈਂਚ।  ਜ਼ੈਲਦਾਰ, ਪਟਵਾਰੀ ਤੇ ਥਾਣੇਦਾਰ। ਪਟੜੀ ਫੇਰ ਜਿੰਨ੍ਹਾਂ ਦਾ ਹੁਕਮ ਚੱਲਦਾ ਐ। ਲੱਖਾਂ ‘ਤੇ ਕਲਮਾਂ ਚੱਲਦੀਆਂ ਨੇ। ਭਲਵਾਨਾਂ ਤੂੰ ਖੁਰਾਕ ਤੇ ਪੈਸੇ-ਟਕੇ ਦਾ ਸੰਸਾ ਨਾ ਰੱਖ। ਗੁਰੂਆਂ ਪੀਰਾਂ ਦੀ ਮੇਹਰ ਨਾਲ ਸੁਖੀ-ਸਾਂਦੀ ਹਾੜੀ ਘਰੇ ਆਈ ਆ। ਸਰਦਾਰਾਂ ਦੇ ਭੜੋਲੇ ਭਰੇ ਪਏ ਅੰਨ ਦੇ। ਸਰਦਾਰ ਵੀ ਵੱਡੇ ਤੇ ਉਹਨਾਂ ਦੇ ਦਿਲ ਵੀ। ਸਰਦਾਰਾਂ ਦੇ ਕਿੱਲਿਆਂ ਪੁਰ ਸੱਜਰ ਸੂਈਆਂ ਮੈਸਾਂ ਖੜ੍ਹੀਆਂ ਪਾਲ਼ਾਂ ਬੰਨ੍ਹੀ। ਦੂਧ, ਘੀ, ਲੱਸੀ ਔਰ ਦਹੀਂ ਕੀ ਘਾਟ ਨ੍ਹੀ ਰਹਿਣ ਦਿੰਦੇ। ਸਾਰੇ ਥੋਡਾ ਮਾਣਤਾਣ ਕਰਨਗੇ।”
”ਬੱਲੇ-ਬੱਲੇ-ਬੱਲੇ! ਲਾਓ ਫਿਰ ਤਾੜੀ ਨਗਰ ਖੇੜੇ ਦੇ ਦਾਨੀਆਂ ਤੇ ਗੁਣੀ ਗਿਆਨੀਆਂ ਦੇ ਨਾਮ ‘ਤੇ। ਲੈ ਵਈ ਢੋਲੀਆ, ਵਜਾ ਫਿਰ ਧਮਾਲ ਤੇ ਜਵਾਨ ਲਾਉਣਗੇ ਤੀਹਰੀ ਛਾਲ। ਔਹ ਬੰਨੇ ਤੋਂ ਜੁਆਨ ਆਉਣਗੇ ਭੱਜਕੇ। ਐਥੋਂ ਲਾਉਣਗੇ ਹਵਾ ‘ਚ ਛਾਲ ਤੇ ਫਿਰ ਖਾਣਗੇ ਕਬੂਤਰ ਵਾਂਗੂੰ ਲੋਟਣੀਆਂ। ਵੱਜਾ ਵਈ ਢੋਲ ਵਾਲਿਆ। ਲੈਕੇ ਬਾਬੇ ਫੱਤੂ ਦਾ ਨਾਮ, ਧਿਆ ਕੇ ਲਾਲਾਂ ਵਾਲੇ ਪੀਰ ਨੂੰ, ਜਵਾਨ ਦਿਖਾਉਣਗੇ ਕਰਤਬ। ਬੱਲੇ ਬੱਲੇ ਬੱਲੇ!”
ਮਿੱਟੀ ਦੀ ਧੋਬੜੀ ‘ਤੇ ਖੜਕੇ ਢੋਲ ਵਜਾਉਂਦਾ ਮੇਜਰ ਜਿਵੇਂ ਖੁਦ ਬਾਜ਼ੀਆਂ ਪਾਉਣ ਲੱਗ ਪਿਆ ਹੋਵੇ। ਨਾਲ ਨਾਲ ਮਾਹੀਏ ਦੀਆਂ ਹੇਕਾਂ ਲਾਉਂਦਾ,
”ਨੀ ਮੈਂ ਵੱਟਾ ਮਰੇਨੀਆਂ ਇੱਲ ਨੂੰ
ਕੁੱਛ ਹੋ ਗਿਆ ਭੈੜੇ ਦਿਲ ਨੂੰ
ਅੱਲ੍ਹਾ ਜਾਣੇ ਤੇ ਯਾਰ ਨਾ ਜਾਣੇ
ਮੈਂਡਾ ਢੋਲ਼ ਜਵਾਨੀਆਂ ਮਾਣੇ
ਨੀ ਮੈਂਡਾ ਢੋਲ਼ –
ਏਅ ਆਹ!”
ਅਮਰਾ, ਲਾਹੌਰਾ , ਮੇਲਾ, ਸੁਰਜਨ ਤੇ ਤਾਰਾ ਸ਼ੂਟ ਵੱਟ ਕੇ ਦੂਰੋਂ ਭੱਜੇ ਤੇ ਖੋਲੀ ਤੋਂ ਉੱਪਰ ਨੂੰ ਉੱਛਲੇ। ਅੱਖ ਦੇ ਫੋਰ ਨਾਲ ਹੀ ਹਵਾ ‘ਚ ਤਿੰਨ ਲੋਟਣੀਆਂ ਖਾਂਦੇ ਵਾਪਸ ਧਰਤੀ ‘ਤੇ ਪੱਬਾਂ ਭਾਰ ਆਣ ਖਲੋਤੇ। ਤਾੜੀਆਂ ਦੀ ਸੁਰ ਫੇਰ ਗੂੰਜ ਉੱਠੀ।
”ਵਈ ਪਿੰਡ ਵਾਲਿਓ! ਜਵਾਨਾਂ ਨੇ ਖੇਲ ਦਿਖਾਇਆ ਔਰ ਸਭ ਨੂੰ ਖੁਸ਼ ਕੀਤਾ, ਹੁਣ ਮਾਰੋ ਤਾੜੀਆਂ। ਤਾੜੀਆਂ ਆਏਂ ਨ੍ਹੀ ਮਾਰਨੀਆਂ ਜਿਵੇਂ ਛੱਪੜ ‘ਚ ਕਣੀਆਂ ਪੈਂਦੀਆਂ ਹੁੰਦੀਆਂ। ਗੁਣੀ ਬੰਦੇ ਆਂਹਦੇ, ਦਾਰੂ ਗੱਲਾਂ ਨੂੰ ਤੇ ਘੀ ਮੱਲਾਂ ਨੂੰ। ਏਵੇਂ ਜਿਵੇਂ ਤਾੜੀਆਂ ਜਵਾਨਾਂ ਲਈ ਖੁਰਾਕ ਦਾ ਕੰਮ ਕਰਦੀਆਂ।” ਬਚਨੇ ਨੇ ਅਖਾੜੇ ਦਾ ਗੇੜਾ ਦਿੰਦਿਆਂ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਉਤਸ਼ਾਹਿਤ ਕੀਤਾ ਤਾਂ ਤਾੜੀਆਂ ਹੋਰ ਜ਼ੋਰ ਨਾਲ ਵੱਜਣ ਲੱਗੀਆਂ। ਹਵਾ ‘ਚ ਜਿਵੇਂ ਸੰਗੀਤ ਪੈਦਾ ਹੋ ਗਿਆ ਹੋਵੇ।
ਤਾੜੀਆਂ ਦੀ ਗੂੰਜ ਵਿੱਚ ਹੀ ਬਾਜ਼ੀਆਂ ਪਾਉਣ ਵਾਲੇ ਜਵਾਨ ਬਚਨੇ ਦੀ ਹਾਕ ਨਾਲ ਪਟੜੀ ਦੀ ਛਾਲ ਲਾਉਣ ਲਈ ਪਾੜੇ ‘ਤੇ ਆ ਖੜ੍ਹਦੇ। ਸਭ ਤੋਂ ਪਹਿਲਾਂ ਛਾਲ ਲਾਉਣ ਲਈ ਸੁਰਜਨ ਨੇ ਧਰਤੀ ਨੂੰ ਮੱਥਾ ਨਮਸਕਾਰਿਆ ਤੇ ਦੌੜ ਸ਼ੁਰੂ ਕੀਤੀ। ਭੱਜਕੇ ਆਉਂਦਿਆਂ ਉਸਨੇ ਮਿੱਟੀ ਵਿੱਚ ਟੇਢੇ ਰੋਕ ਖੜੇ ਕੀਤੇ ਫੱਟੇ ‘ਤੇ ਜੋਰ ਨਾਲ ਪੈਰ ਮਾਰਿਆ। ਜਿੰਨੇ ਜੋਰ ਨਾਲ ਫੱਟੇ ‘ਤੇ ਪੈਰ ਵੱਜਿਆ, ਫੱਟੇ ਨੇ ਉਸਤੋਂ ਦੂਣੇ ਜੋਰ ਨਾਲ ਸੁਰਜਨ ਨੂੰ ਉਤਾਂਹ ਹਵਾ ‘ਚ ਉਛਾਲ ਦਿੱਤਾ। ਜਿਵਂੇ ਕਬੂਤਰ ਹਵਾ ‘ਚ ਲੋਟਣੀਆਂ ਖਾਣ ਲੱਗਾ ਹੋਵੇ। ਲੋਕਾਂ ਨੇ ਤਾੜੀਆਂ ਚੁੱਕ ਦਿੱਤੀਆਂ। ਤਿੰਨ ਚਾਰ ਲੋਟਣੀਆਂ ਖਾਣ ਬਾਅਦ ਉਹ ਸਿੱਧਾ ਧਰਤੀ ‘ਤੇ ਆਣ ਖੜ੍ਹਿਆ। ਢੋਲੀ ਢੋਲ ਵਜਾ ਰਿਹਾ। ਬਚਨਾ ਦੋਵੇਂ ਹੱਥ ਸਿਰ ਤੋਂ ਉੱਪਰ ਲਿਜਾਕੇ ਲੋਕਾਂ ਨੂੰ ਲਗਾਤਾਰ ਤਾੜੀਆਂ ਵਜਾਈ ਜਾਣ ਲਈ ਇਸ਼ਾਰਾ ਕਰੀ ਗਿਆ। ਹੁਣ ਪਟੜੀ ਦੀ ਛਾਲ ਲਾਉਣ ਲਈ ਅਮਰਾ ਭੱਜਿਆ ਹੈ। ਫੇਰ ਲਾਹੌਰਾ, ਮੇਲਾ ਤੇ ਤਾਰਾ ਵੀ ਛਾਲ ਲਾਉਂਦੇ ਹਨ। ਸਾਰੇ ਵੱਧ ਤੋਂ ਵੱਧ ਹਵਾ ‘ਚ ਉੱਚਾ ਉੱਛਲ ਕੇ ਕਰਤੱਬ ਦਿਖਾਉਂਦੇ ਹਨ।
ਸ਼ੋਰ ਕੁੱਝ ਥੰਮ੍ਹਿਆ ਤਾਂ ਬਚਨਾ, ਅਮਰੇ, ਮੇਲੇ ਤੇ ਤਾਰੇ ਨੂੰ ਲੋਹੇ ਦੇ ਇੱਕ ਗੋਲ ਕੜੇ ਵਿੱਚੋਂ ਦੀ ਲੰਘ ਜਾਣ ਲਈ ਇਸ਼ਾਰਾ ਕਰ ਦਿੰਦਾ ਹੈ। ਲੋਹੇ ਦੇ ਇਸ ਕੜੇ ਵਿਚਦੀ ਇਕੱਲਾ-ਕਹਿਰਾ ਬੰਦਾ ਵੀ ਬੜੀ ਮੁਸ਼ਕਲ ਨਾਲ ਲੰਘ ਸਕਦੈ ਪਰ ਗੁੰਦੇ ਸਰੀਰਾਂ ਵਾਲੇ ਤਿੰਨੇ ਜੁਆਨਾਂ ਨੇ ਹੀ ਭੀੜੇ ਜਿਹੇ ਕੜੇ ਵਿੱਚ ਸਿਰ ਫਸਾ ਲਿਆ। ਗੇਲੀ ਵਰਗੇ ਜੁਆਨਾਂ ਨੂੰ ਇੱਕੋ ਕੜੇ ‘ਚ ਫਸਿਆ ਵੇਖ ਲੋਕਾਂ ਨੇ ਦੰਦਾਂ ਥੱਲੇ ਜੀਭ ਦੇ ਲਈ। ਕੜੇ ਵਿੱਚ ਫਸੇ ਜੁਆਨ ਪੀਚੇ ਗਏ। ਉਹਨਾਂ ਦੇ ਡੇਲੇ ਬਾਹਰ ਨੂੰ ਆਉਣ ਲੱਗੇ। ਕੜੇ ‘ਚ ਜਕੜੇ ਜੁਆਨ ਹਾਲ ਪਾਹਰਿਆ ਕਰਨ ਲੱਗੇ,
”ਉਏ ਨਗਰ ਖੇੜੇ ਵਾਲੇ ਭਰਾਵੋ ! ਆਵਦੇ ਪਿੰਡ ਵਾਲੇ ਮਿਸਤਰੀ ਨੂੰ ਬੁਲਾ ਕੇ ਆਹ ਕੜਾ ਜਿਹਾ ਕਟਵਾ ਦਿਓ। ਸਾਨੂੰ ਕੇਰਾਂ ਬਚਾਲੋ। ਥੋਡੀ ਭਰਾਮਾ ਦੀ ਮੇਹਰਬਾਨੀ ਨਾਲ ਅੱਜ ਬਚਗੇ ਫੇਰ ਨ੍ਹੀ ਪੰਗਾ ਲੈਂਦੇ।”
”ਡਮ ਡਮਾ ਡਮ ਡਮ!” ਢੋਲ ਦੀ ਤਾਲ ਹੋਰ ਤਿੱਖੀ ਹੋਕੇ ਵੱਜਣ ਲੱਗੀ ਹੈ।
”ਢੋਲ ਵਾਲਿਆ! ਐਧਰ ਸਾਡਾ ਘੋਰੜੂ ਵੱਜੀ ਜਾਂਦੈ ਹੈਧਰ ਤੈਨੂੰ ਢੋਲ ਵਜਾਉਣ ਦੀ ਪਈ ਐ। ਉਏ ਭਰਾਵੋ! ਜੇ ਕੋਈ ਜਾਹ ਜਾਂਦੀ ਹੋਗੀ ਥੋਨੂੰ ਸਾਡੇ ਬੱਚਿਆਂ ਦਾ ਸਰਾਪ ਮਾਰਜੂ। ਸਿਆਣੇ ਕਹਿੰਦੇ ਜੇ ਕਿਸੇ ਪਿੰਡ ਬਾਜ਼ੀ ਪਾਉਣ ਵਾਲਾ ਬੰਦਾ ਮਰਜ਼ੇ, ਪਿੰਡ ਵਾਲਿਆਂ ਸਿਰੋਂ ਸੱਤ ਜਨਮ ਪਾਪ ਨ੍ਹੀ ਲਹਿੰਦਾ। ਰੱਬ ਦਾ ਵਾਸਤਾ ਪਿੰਡ ‘ਚੋਂ ਕੋਈ ਮਿਸਤਰੀ ਸੱਦ ਕੇ ਸਾਨੂੰ ਏਸ ਫਾਹੀ ‘ਚੋਂ ਕੱਢੋ।”
”ਭਲਵਾਨਾ ਦਿਲ ਨ੍ਹੀ ਛੱਡੀਦਾ। ਸਾਰਾ ਨਗਰ ਆਣ ਢੁੱਕਿਐ ਥੋਡੇ ਕਰਤਬ ਵੇਖਣ। ਲੈ ਕੇ ਗੁਰੂਆਂ ਪੀਰਾਂ ਦੀ ਓਟ ਲੰਘ ਜੋ ਕੜੇ ਵਿਚਦੀ ਜਿਵੇਂ ਭਰੀ ਬੱਸ ਵਿੱਚਦੀ ਕਨੈਕਟਰ ਲੰਘ ਜਾਂਦਾ ਹੁੰਦੈ।”
”ਹਾ ਹਾ ਹਾ ਡਮ ਡਮ ਡਮ।”
”ਢੋਲ ਵਾਲਿਆ ਮੈਨੂੰ ਤਾਂ ਲੱਗਦਾ ਮੇਰਾ ਲੱਸੀ ਵਾਲਾ ਥਾਂ ਪਾਟ ਗਿਆ।” ਅਮਰੇ ਦੇ ਆਖਣ ਨਾਲ ਅਖਾੜੇ ‘ਚ ਜੁੜੇ ਲੋਕਾਂ ‘ਚ ਹਾਸੇ ਦੇ ਫੁਹਾਰੇ ਛੁੱਟ ਪਏ।
ਜੁਆਨਾਂ ਦੇ ਲੋਹੇ ਦੇ ਕੜੇ ਵਿੱਚੋਂ ਲੰਘ ਜਾਣ ਬਾਅਦ ਚਾਰ ਸੂਤ ਮੋਟਾ ਸਰੀਆ ਸੰਘੀ ਨਾਲ ਮੋੜਨ ਦਾ ਕਰਤੱਬ ਚੱਲ ਪਿਆ। ਸੱਤ ਫੁੱਟੇ ਸਰੀਏ ਦਾ ਇੱਕ ਸਿਰਾ ਇੱਕ ਜਵਾਨ ਨੇ ਭੁੰਜੇ ਬੈਠਕੇ ਆਪਣੀ ਧੁੰਨੀ ਨਾਲ ਲਾ ਲਿਆ ‘ਤੇ ਦੂਸਰਾ ਸਿਰਾ ਸੁਰਜਨ ਨੇ ਘੰਡੀ ਤੋਂ ਹੇਠਾਂ ਕਰਕੇ ਸੰਘੀ ‘ਤੇ ਲਾ ਲਿਆ ਹੈ। ਢੋਲ ਦੀ ਕੰਨ ਪਾੜਵੀਂ ਆਵਾਜ਼ ਅਤੇ ਤਾੜੀਆਂ ਦੀ ਖੜ-ਖੜ ‘ਚ ਸੁਰਜਨ ਨੇ ਸਰੀਏ ਨੂੰ ਮੋੜ ਕੇ ਦੂਹਰਾ ਕਰ ਦਿੱਤਾ ਤੇ ਆਪਣਾ ਸਿਰ ਭੁੰਜੇ ਬੈਠੇ ਜਵਾਨ ਦੇ ਸਿਰ ਨਾਲ ਜਾ ਜੋੜਿਆ।
”ਭਾਈ ਵੀਰੋ! ਤੁਸੀਂ ਵੇਖਿਆ ਜਵਾਨ ਨੇ ਬੜਾ ਖਤਰਨਾਕ ਕਰਤੱਬ ਕੀਤੈ ਸੰਘੀ ‘ਤੇ ਰੱਖ ਕੇ ਚਾਰ ਸੂਤ ਮੋਟਾ ਸਰੀਆ ਮੋੜਿਆ। ਸਾਰੇ ਰਲ ਮਿਲ ਕੇ ਜੁਆਨ ਦਾ ਸਸਕਾਰ ਕਰੋ।”
”ਉਏ ਸਸਕਾਰ?”
”ਭਲਵਾਨਾ ਗੁੱਸਾ ਨਾ ਕਰੀਂ। ਚੰਮ ਦੀ ਜ਼ਬਾਨ ਐ, ਕਈ ਵਾਰ ਗੋਤਾ ਖਾ ਜਾਂਦੀਆਂ। ਮੇਰਾ ਮਤਲਬ ਸਤਿਕਾਰ ਕਹਿਣਾ ਸੀ। ਪਿੰਡ ਵਾਲਿਓ ! ਭਾਈ ਜੁਆਨ ਦਾ ਸਤਿਕਾਰ ਕਰੋ।”
”ਹਾ ਹਾ ਹਾ ਹਾ!” ਬੱਚੇ, ਬੁੱਢੇ ਤੇ ਜੁਆਨ ਹੱਸਣ ਲੱਗੇ।
”ਭਲਵਾਨਾ! ਸਾਡੇ ਗੁਰੂਆਂ ਨੇ ਵੀ ਆਖਿਆ ।”
”ਕੀ ਆਖਿਐ ਢੋਲ ਵਾਲਿਆ?”
”ਸਾਡੇ ਗੁਰੂਆਂ ਨੇ ਆਖਿਆ, ਹੱਸਣ ਖੇਡਣ ਮਨ ਕਾ ਚਾਓ। ਜਿਹੜਾ ਟੈਮ ਹੱਸ ਖੇਡ ਕੇ ਲੰਘਜੇ ਉਹਦੇ ਨਾਲ ਦੀ ਰੀਸ ਨ੍ਹੀ।”
ਡਮ-ਡਮਾ-ਡਮ-ਡਮ!
”ਸਰਦਾਰੋ! ਨੰਬਰਦਾਰੋ! ਜ਼ੈਲਦਾਰੋ ਤੇ ਮੋਹਤਬਾਰੋ! ਹੁਣ ਲੱਗੂਗੀ ਚੌਂਕੀ ਦੀ ਛਾਲ ਤੇ ਅਖੀਰ ‘ਚ ਵਾਰੀ ਆਊ ਸੂਲੀ ਦੀ ਛਾਲ ਦੀ। ਇਹ ਛਾਲ ਹਾਰੀ ਸਾਰੀ ਨ੍ਹੀ ਲਾ ਸਕਦਾ। ਉਹੀ ਜਵਾਨ ਲਾਉਂਦੈ ਜਿਹੜਾ ਜਤ-ਸਤ ਦਾ ਪੱਕਾ ਹੋਵੇ। ਸਰੀਰ ‘ਚ ਫੁਰਤੀ ਹੋਵੇ ਚੀਤੇ ਵਰਗੀ ਤੇ ਜਵਾਨ ਦਾ ਦਿਲ ਹੋਵੇ ਸ਼ੇਰ ਵਰਗਾ।”
ਡਮ-ਡਮਾ-ਡਮ-ਡਮ!
”ਲੈ ਵਈ ਸੁਰਜਨਾ ਹੋਜਾ ਚੌਂਕੀ ਦੀ ਛਾਲ ਲਈ ਤਿਆਰ। ਖੇਡ ਆਪਣੀ ਜਾਨ ‘ਤੇ ਔਰ ਦਿਖਾਦੇ ਆਪਣੀ ਕਲਾ ਪਿੰਡ ਵਾਲਿਆਂ ਨੂੰ। ਦੂਰ ਦੂਰ ਤੋਂ ਚੱਲਕੇ ਆਏ ਨੇ ਤੇਰੀ ਬਾਜ਼ੀ ਵੇਖਣ। ਬੱਲੇ! ਬੱਲੇ! ਬੱਲੇ! ਲੈ ਵੀ ਦਾਨਸ਼ਵਰੋ! ਜਵਾਨ ਸੁਰਜਨ ਲੱਗਾ ਜੇ ਜਾਨ ‘ਤੇ ਖੇਡਣ। ਬੜੀ ਖਤਰਨਾਕ ਛਾਲ ਐ। ਜਵਾਨ ਦੀਆਂ ਦੋਵੇਂ ਲੱਤਾਂ ਗਿੱਟਿਆਂ ਕੋਲੋਂ ਕਰਕੇ ਰੱਸੀ ਨਾਲ ਬੰਨ੍ਹ ਦਿੱਤੀਆਂ ਨੇ। ਜਵਾਨ ਦੇ ਅੱਗੇ ਪਿੱਛੇ, ਸੱਜੇ-ਖੱਬੇ ਨੰਗੀਆਂ ਤਲਵਾਰਾਂ। ਤਿੱਖੀਆਂ ਕਹੀਆਂ। ਐਸ ਡੱਬੇ ‘ਚ ਮਸਾਂ ਖੜਨ ਜੋਗੀ ਥਾਂ ਐ। ਜਵਾਨ ਨੇ ਪੁੱਠੀ ਲੋਟਣੀ ਲਾ ਕੇ ਮੁੜ ਪੈਰਾਂ ਵਾਲੀ ਥਾਂ ‘ਤੇ ਆ ਖੜ੍ਹਨੈ। ਮਾੜੀ ਜਿਹੀ ਚੁੱਕ ਹੋਗੀ ਤਲਵਾਰਾਂ ਨੇ ਜਵਾਨ ਨੂੰ ਆਏਂ ਚੀਰ ਕੇ ਰੱਖ ਦੇਣਾ ਜਿਵੇਂ ਸੁਆਣੀਆਂ ਦਾਤ ਨਾਲ ਸਾਗ ਚੀਰਦੀਆਂ। ਲੈ ਵਈ ਪਿੰਡ ਵਾਲਿਓ ਜਵਾਨ ਦਾ ਹੌਂਸਲਾ ਵਧਾਉਣ ਲਈ ਲਾ ਦਿਓ ਤਾੜੀ। ਬੱਲੇ! ਬੱਲੇ!”
ਸੁਰਜਨ ਧਰਤੀ ਨੂੰ ਨਮਸਕਾਰ ਕਰਕੇ ਛਾਲ ਲਾਉਣ ਲਈ ਅੰਤਰ ਧਿਆਨ ਹੋਕੇ ਖੜ੍ਹ ਗਿਆ। ਲੋਕਾਂ ਨੇ ਜੀਭਾਂ ਦੰਦਾਂ ਥੱਲੇ ਦੇ ਲਈਆਂ। ਕਮਜ਼ੋਰ ਦਿਲਾਂ ਵਾਲਿਆਂ ਤਾਂ ਅੱਖਾਂ ਹੀ ਬੰਦ ਕਰ ਲਈਆਂ। ਬੁੜ੍ਹੀਆਂ-ਕੁੜੀਆਂ ਮੂੰਹ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈਆਂ। ਚਾਰ ਚੁਫੇਰੇ ਸੁੰਨ ਵਰਤ ਗਈ। ਲੋਕਾਂ ਦੇ ਸਾਹ ਲੈਣ ਦੀ ਆਵਾਜ਼ ਵੀ ਸੁਣਾਈ ਦੇਣ ਲੱਗੀ। ਬਜੁ ਦੇ ਹੱਥ ਆਪ ਮੁਹਾਰੇ ਹੀ ਅਰਦਾਸ ਲਈ ਜੁੜ ਗਏ। ਬਹੁਤਿਆਂ ਦੀਆਂ ਕੋਠੀਆਂ ਧੜਕਣ ਲੱਗੀਆਂ।
ਡਮ-ਡਮਾ-ਡਮ-ਡਮ! ਢੋਲੀ ਨੇ ਢੋਲ ‘ਤੇ ਡੱਗਾ ਮਾਰ ਕੇ ਆਲੇ-ਦੁਆਲੇ ਵਿੱਚ ਪਸਰੀ ਸੁੰਨ ਨੂੰ ਭੰਗ ਕਰ ਦਿੱਤਾ। ਮੇਜਰ ਢੋਲੀ ਬੜੀ ਤੇਜ਼ੀ ਨਾਲ ਧਮਾਲਾਂ ਪਾਉਣ ਲੱਗਾ। ਲੋਕਾਂ ਦੀਆਂ ਅੱਖਾਂ ਅੰਤਰ ਧਿਆਨ ਹੋਏ ਖੜੇ ਸੁਰਜਨ ਵੱਲ ਲੱਗ ਗਈਆਂ। ਸੁਰਜਨ ਬਿਜ਼ਲੀ ਦੀ ਤੇਜ਼ੀ ਨਾਲ ਹਵਾ ‘ਚ ਉਛਲਿਆ ਤੇ ਪੁੱਠੀ ਲੋਟਣੀ ਖਾਂਦਾ ਸਾਬਤ ਸਬੂਤੇ ਕਦਮੀ ਪੈਰਾਂ ਭਾਰ ਆ ਖੜ੍ਹਿਆ। ਜੀਭਾਂ ਨੇ ਦੰਦਾਂ ਥੱਲਿਓਂ ਨਿਕਲ ਵਾਹ-ਵਾਹ ਤੇ ਬੱਲੇ-ਬੱਲੇ ਆਖਿਆ। ਅਰਦਾਸ ਲਈ ਜੁੜੇ ਹੱਥ ਤਾੜੀਆਂ ਮਾਰਨ ਲੱਗੇ। ਸੁਰਜਨ ਦੇ ਬੰਨ੍ਹੇ ਹੋਏ ਪੈਰ ਖੋਲ੍ਹ ਦਿੱਤੇ। ਉਸਨੇ ਢੋਲੀ ਦੇ ਮਗਰ-ਮਗਰ ਤੁਰਦਿਆਂ ਅਖਾੜੇ ਦਾ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ। ਅਖਾੜੇ ‘ਚ ਬੈਠੇ ਤੇ ਖੜੇ ਲੋਕਾਂ ਦੇ ਹੱਥ ਜੁਆਨ ਦਾ ਹੌਂਸਲਾ ਵਧਾਉਣ ਲਈ ਮੱਲੋ ਮੱਲੀ ਜੇਬਾਂ ਵੱਲ ਨੂੰ ਚਲੇ ਗਏ।
ਬਾਜ਼ੀਆਂ ਪਾਉਣ ਵਾਲੇ ਜੁਆਨਾਂ ਨੇ ਕੁੱਦਕੇ ਅੱਗ ਦਾ ਗੋਲਾ ਪਾਰ ਕਰਨ, ਸਿਰ ‘ਤੇ ਉਪਰ ਥੱਲੇ ਦੋ ਘੜੇ ਟਿਕਾ ਕੇ ਇੱਕ ਜਵਾਨ ਨੂੰ ਘੜੇ ਉੱਪਰ ਖੜਾ ਕਰਕੇ ਮੈਦਾਨ ਦਾ ਗੇੜਾ ਲਾਉਣ ਅਤੇ ਦੰਦਾਂ ਨਾਲ ਸੁਹਾਗਾ ਚੁੱਕਣ ਵਰਗੇ ਹੋਰ ਵੀ ਛੋਟੇ-ਮੋਟੇ ਕਈ ਕਰਤਬ ਦਿਖਾਏ। ਬਾਜ਼ੀ ਆਪਣੇ ਸਿੱਖਰ ਨੂੰ ਪਹੁੰਚ ਗਈ। ਲੋਕਾਂ ਦੀਆਂ ਨਜ਼ਰਾਂ ਹੁਣ ਪਿੜ ਦੇ ਐਨ ਵਿਚਾਲੇ ਗੱਡੇ ਹੋਏ ਬਾਂਸ ਨਾਲ ਜਾ ਜੁੜੀਆਂ। ਬਾਂਸ ਦੇ ਸਿਰੇ ‘ਤੇ ਲੱਕੜ ਦੀ ਫੱਟੀ ਪੂਰੀ ਮਜ਼ਬੂਤੀ ਨਾਲ ਬੰਨ੍ਹੀ ਹੋਈ ਸੀ। ਜਿਵੇਂ ਕਬੂਤਰਾਂ ਵਾਲਿਆਂ ਨੇ ਕਬੂਤਰਾਂ ਲਈ ਛੱਤਰੀ ਬਣਾਈ ਹੁੰਦੀ ਹੈ। ਫੱਟੀ ਦੇ ਐਨ ਵਿਚਕਾਰ ਕਰਕੇ ਲੋਹੇ ਦੀ ਤਿੱਖੀ ਛੁਰੀ ਸਿੱਧੀ ਖੜ੍ਹੀ। ਏਸੇ ਛੁਰੀ ਕਰਕੇ ਹੀ ਇਸਨੂੰ ਸੂਲੀ ਦੀ ਛਾਲ ਕਿਹਾ ਜਾਂਦਾ। ਲੋਕ ਬਚਨੇ ਬਾਜ਼ੀਗਰ ਵਲੋਂ ਲਾਈ ਜਾਣ ਵਾਲੀ ਸੂਲੀ ਦੀ ਛਾਲ ਵੇਖਣ ਲਈ ਹੀ ਤਾਂ ਬੇਤਾਬ ਹੋਏ ਬੈਠੇ ਸਨ। ਢੋਲੀ ਨੇ ਢੋਲ ਦੀ ਤਾਲ ‘ਤੇ ਸੂਲੀ ਦੀ ਛਾਲ ਦਾ ਐਲਾਨ ਕਰ ਦਿੱਤਾ।
”ਢੋਲ ਵਾਲਿਆ!”
”ਹਾਂ ਭਲਵਾਨਾ!” ਬਚਨ ਸਿੰਘ ਦੇ ਬੋਲ ਸੁਣਕੇ ਮੇਜਰ ਢੋਲੀ ਨੇ ਢੋਲ ਥੰਮ ਲਿਆ।
”ਢੋਲ ਵਾਲਿਆ ਕਿਸੇ ਗੁਣੀ ਬੰਦੇ ਦਾ ਗਿਆਨ ਹੈ।”
”ਹਲਾ! ਸੁਣਕੇ ਵੀ ਨਗਰ ਵਾਲਿਓ !”
”ਯਾਰ ਮਾਰ ਕਰੇ ਤੇ ਗਰੀਬ ਮਾਰ ਕਰੇ ਜਿਹੜਾ,
ਸਿਆਣਾ ਨਹੀਂ ਜੋ ਐਹੋ ਜ੍ਹੇ ਨਾ, ਲਾਵੇ ਕਦੇ ਯਾਰੀਆਂ।
ਬੰਦਾ ਕਾਹਦਾ ਕੀਤਾ ਨਾ ਜੇ ਕੰਮ ਕੋਈ ਸਵਾਬ ਵਾਲਾ,
ਖੱਟੀਆਂ ਬਚਨ ਸਿੰਘਾ ਜਿੰਨਾਂ ਬਦਕਾਰੀਆਂ ।
ਜੈਮਲ ਤੇ ਫੱਤੇ ਵਾਂਗੂੰ ਲੜੇ ਜਿਹੜੇ ਅਣਖਾਂ ਲਈ,
ਕਿੱਸਿਆਂ ‘ਚ ਹਾਲ ਲਿਖੇ ਉਹਨਾਂ ਦੇ ਲਿਖਾਰੀਆਂ।”
ਡਮ ਡਮਾ ਡਮ-ਡਮ।
ਬਚਨਾ ਸੂਲੀ ਦੀ ਛਾਲ ਲਾਉਣ ਲਈ ਪਿੜ ਦੇ ਵਿਚਾਲੇ ਗੱਡੇ ਬਾਂਸ ‘ਤੇ ਚੜ੍ਹਨ ਲੱਗਾ ਤੇ ਵੇਖਦਿਆਂ-ਵੇਖਦਿਆਂ ਹੀ ਬਾਂਸ ਦੇ ਸਿਰੇ ਉੱਪਰ ਟੇਢੇ ਰੋਕ ਕਰਕੇ ਬੰਨ੍ਹੀ ਫੱਟੀ ‘ਤੇ ਜਾ ਖੜ੍ਹਿਆ।
”ਲੈ ਵਈ ਨਗਰ ਖੇੜੇ ਵਾਲੇ ਦਾਨੀਓਂ ! ਜਵਾਨ ਬਚਨ ਸਿਓਂ ਲਾਊ ਹੁਣ ਸੂਲੀ ਦੀ ਛਾਲ। ਔਹ ਜਿਹੜੀ ਫੱਟੀ ਉੱਤੇ ਜਵਾਨ ਖੜ੍ਹਾ ਐ ਉਹਦੇ ਵਿਚਾਲੇ ਤਿੱਖੀ ਸੂਲੀ ਗੱਡੀ ਐ ਸਿੱਧੀ ਕਰਕੇ। ਹੱਥ ਭਰ ਲੰਮੀ ਬਰਛੀ। ਏਸੇ ਕਰਕੇ ਏਹਨੂੰ ਸੂਲੀ ਦੀ ਛਾਲ ਆਂਹਦੇ ਐ। ਜਵਾਨ ਨੇ ਹਵਾ ‘ਚ ਲਾ ਕੇ ਪੁੱਠੀ ਛਾਲ, ਫੇਰ ਪਟੜੀ ‘ਤੇ ਆਣ ਖੜ੍ਹਨੈ। ਰੱਬ ਨਾ ਕਰੇ ਜਵਾਨ ਦਾ ਰੱਤੀ ਭਰ ਧਿਆਨ ਏਧਰ-ਓਧਰ ਭਟਕਿਆ, ਸਿੱਧਾ ਛੁਰੀ ‘ਤੇ ਆਣ ਡਿੱਗੂ ਤੇ ਹੱਥ ਭਰ ਛੁਰੀ ਨੇ ਜਵਾਨ ਦੀਆਂ ਆਂਦਰਾਂ ਨੂੰ ਖਰਬੂਜੇ ਵਾਂਗੂੰ ਚੀਰ ਕੇ ਅਹੁ ਕਰ ਦੇਣੈ।”
”ਵਾਖਰੂ ਵਾਖਰੂ!” ਭੀੜ ਵਿੱਚ ਇੱਕ ਵਾਰ ਫੇਰ ਸੁੰਨ ਪਸਰ ਗਈ। ਫੱਟੀ ‘ਤੇ ਖੜੇ ਬਚਨੇ ਨੇ ਦੋਵੇਂ ਹੱਥ ਸਿਰ ਤੋਂ ਉੱਪਰ ਲਿਜਾ ਕੇ ਲੋਕਾਂ ਨੂੰ ਤਾੜੀਆਂ ਮਾਰਨ ਦਾ ਇਸ਼ਾਰਾ ਕੀਤਾ। ਤਾੜੀਆਂ ਦੀ ਗੜਗੜਾਹਟ ਅੰਬਰ ਵੱਲ ਨੂੰ ਤੁਰ ਗਈ। ਢੋਲ ਵਾਲੇ ਦੇ ਤੇਜ ਡੱਗੇ ਤੋਂ ਬਾਅਦ ਫੇਰ ਸੁੰਨ ਵਰਤ ਗਈ।
”ਨਗਰ ਖੇੜੇ ਵਾਲਿਓ ! ਪਹਿਲਾ ਆਸਰਾ ਓਸ ਪਰਮ ਪਿਤਾ ਪਰਮਾਤਮਾ ਦਾ। ਦੂਸਰਾ ਆਸਰਾ ਥੋਡੇ ਨਗਰ ਖੇੜੇ ਦਾ। ਬੰਦਾ ਪਾਣੀ ਵਾਲੇ ਘੜੇ ਦੇ ਸਮਾਨ। ਪਤਾ ਨ੍ਹੀ ਕਦੋਂ ਭੱਜ ਜਾਵਣਾ। ਲਿਖਾਰੀ ਨੇ ਖੂਬ ਲਿਖਿਐ,
ਪੁੰਨ ਦਾਨ ‘ਤੇ ਧਰਮ ਨਾ ਕਰੇਂ ਬੰਦੇ,
ਨਿੱਤ ਪੁੱਠੀਆਂ ਵਹਿਬਤਾਂ ਛੇੜਦਾ ਏਂ।
ਹੱਕ ਸੱਚ ਦੀ ਗੱਲ ਨਾ ਮੂਲ ਕੀਚੇਂ ,
ਫੱਕੜ ਤੋਲਦਾ ਤੇ ਗੱਪਾਂ ਰੇੜ੍ਹਦਾ ਏਂ ।
ਤੰਦ ਦਯਾ ਸੰਤੋਖ ਦੇ ਨਈਂ ਪਾਉਂਦਾ,
ਖਿੱਦੋ ਨਾਲ ਲੀਰਾਂ ਰਹਿੰਦਾ ਮੇੜ੍ਹਦਾ ਏਂ।
ਬਚਨ ਸਿੰਘਾ ਕਲਬੂਤ ਨਾ ਸਦਾ ਰਹਿਣਾ,
ਜੀਹਦਾ ਮਾਣ ਕਰਦਾਂ, ਖੇਡਾਂ ਖੇਡਦਾ ਏਂ।”
ਬਚਨੇ ਨੇ ਛਾਲ ਲਾਉਣ ਲਈ ਪੈਂਤੜਾ ਮੱਲ ਲਿਆ। ਲੋਕਾਂ ਦੇ ਸਾਹ ਰੁਕ ਗਏ। ਉਹ ਧੌਣਾਂ ਉੱਪਰ ਨੂੰ ਚੁੱਕ ਕੇ ਬਾਂਸ ਦੇ ਸਿਖਰ ‘ਤੇ ਬੰਨੀ੍ਹ ਫੱਟੀ ‘ਤੇ ਖੜ੍ਹੇ ਬਚਨੇ ਵੱਲ ਇੱਕ ਟਕ ਵੇਖਣ ਲੱਗੇ। ‘ਕੋਿਠਆਂ ਦੀਆਂ ਛੱਤਾਂ ‘ਤੇ ਬੈਠੀਆਂ ਜ਼ਨਾਨੀਆਂ ਨੇ ਗੋਦੀ ਵਿਚਲੇ ਛੋਟੇ ਜੁਆਕਾਂ ਨੂੰ ਛਾਤੀਆਂ ਨਾਲ ਘੁੱਟ ਲਿਆ। ਸਿਆਣੀ ਉਮਰ ਦੇ ਬੰਦੇ ਮੂੰਹ ਵਿੱਚ ਪਾਠ ਕਰਨ ਲੱਗੇ। ਗਭਰੇਟਾਂ ਦੇ ਚਿਹਰਿਆਂ ‘ਤੇ ਵੀ ਗੰਭੀਰਤਾ ਨੇ ਆ ਡੇਰਾ ਲਾਇਆ।
ਅੱਖ ਦੇ ਫੋਰ ‘ਚ ਹੀ ਬਚਨਾ ਛਾਲ ਲਗਾ ਕੇ ਫੱਟੀ ‘ਤੇ ਆ ਸਿੱਧਾ ਖੜਾ ਹੋਇਆ। ਲੋਕਾਂ ਨੂੰ ਯਕੀਨ ਨਹੀਂ ਆ ਰਿਹਾ। ਉਹ ਤਾਂ ਅਜੇ ਵੀ ਮੂੰਹ ‘ਚ ਉਂਗਲਾਂ ਪਾਈ ਹੈਰਾਨ ਖੜ੍ਹੇ ਸਨ। ਢੋਲ ਦੇ ਡੱਗੇ ਨੇ ਉਹਨਾਂ ਨੂੰ ਸੋਚਾਂ ‘ਚੋਂ ਵਾਪਸ ਖਿੱਚ ਲਿਆਂਦਾ। ਤਾੜੀਆਂ ਦੇ ਸ਼ੋਰ ‘ਚ ਕੁੱਝ ਵੀ ਸੁਣਾਈ ਨਹੀਂ ਦਿੰਦਾ। ਸ਼ੋਰ ਕੁੱਝ ਘਟਿਆ, ਢੋਲ ਵਾਲਾ ਆਖ ਰਿਹੈ,
”ਭਲਵਾਨਾ ! ਇਹ ਛਾਲ ਤਾਂ ਹੋ ਗਈ ਮਾਰਾਜ੍ਹ ਦੇ ਨਾਂ ਦੀ, ਹੁਣ ਇੱਕ ਛਾਲ ਹੋਰ ਲਾ, ਇਸ ਨਗਰ ਖੇੜੇ ਦੇ ਨਾਂ ‘ਤੇ।”
”ਨਹੀਂ ਨਹੀਂ, ਰਹਿਣ ਦਿਓ! ਰਹਿਣ ਦਿਓ!” ਭੀੜ ‘ਚੋਂ ਆਵਾਜ਼ਾਂ ਆਉਂਦੀਆਂ ਨੇ।
”ਸਤਿਬਚਨ ਢੋਲ ਵਾਲਿਆ!” ਆਖਦਿਆਂ ਬਚਨੇ ਇੱਕ ਵਾਰ ਫੇਰ ਸੂਲੀ ਦੀ ਛਾਲ ਲਾ ਦਿੱਤੀ ਤੇ ਤਾੜੀਆਂ ਦੀ ਗੂੰਜ ਵਿੱਚ ਲੋਟਣੀਆਂ ਮਾਰਦਾ ਥੱਲੇ ਧਰਤੀ ‘ਤੇ ਸਿੱਧਾ ਆ ਖੜ੍ਹਿਆ। ਬਾਕੀ ਦੇ ਜਵਾਨਾਂ ਨੇ ਉਸਨੂੰ ਮੋਢਿਆਂ ‘ਤੇ ਚੱਕ ਲਿਆ। ਸਾਰੇ ਜਣੇ ਅਖਾੜੇ ਦਾ ਗੇੜਾ ਦੇਣ ਲੱਗੇ। ਇਨਾਮਾਂ ਨਾਲ ਸਾਰਿਆਂ ਦੇ ਬੁੱਕ ਭਰ ਗਏ। ਅਖਾੜੇ ਦੇ ਵਿਚਕਾਰ ਵਿਛਾਏ ਮੋਟੇ ਖੇਸ ਉੱਪਰ ਅਨਾਜ ਦਾ ਢੇਰ ਲੱਗ ਗਿਆ। ਕਈ ਲੋਕਾਂ ਨੇ ਤਾਂ ਦੇਸੀ ਘਿਓ ਦੇ ਪੀਪੇ ਲਿਆ ਰੱਖੇ। ਬਚਨੇ ਦੀ ਵਿਚਕਾਰਲੀ ਉਂਗਲ ਪਿੰਡ ਵਾਲਿਆਂ ਵਲੋਂ ਪਾਈ ਸੋਨੇ ਦੀ ਮੁੰਦਰੀ ਨਾਲ ਚਮਕਣ ਲੱਗੀ। ਬਜ਼ੁਰਗ ਬੰਦੇ ਜਵਾਨਾਂ ਦੇ ਮੋਢੇ ਪਲੋਸਣ ਲੱਗੇ।
”ਵਾਹ ਵਈ ਵਾਹ ! ਕਮਾਲਾਂ ਕਰਤੀਆਂ ਜਵਾਨਾਂ ਨੇ। ਨਈਂ ਰੀਸਾਂ ਵਈ ਕਾਜ਼ੀਆਂ ਆਲੇ ਬਚਨੇ ਬਾਜ਼ੀਗਰ ਦੀਆਂ।” ਅਖਾੜੇ ‘ਚੋਂ ਤੁਰੇ ਜਾਂਦੇ ਲੋਕ ਬਚਨੇ ਦੀ ਵਡਿਆਈ ਕਰਦੇ ਜਾਂਦੇ ਸਨ।
”ਪੁੱਤ ਸੁਰਜਨਾ! ਮੇਰੀ ਕੁੜੀ ਦੇ ਸਹੁਰੇ ਆ ਬੁਲਾਢੇ ਕੰਨ੍ਹੀ। ਗਾਹਾਂ ਉਹਦੀ ਨਨਾਣ ਨੂੰ ਕੈਅ ਵਰ੍ਹੇ ਹੋਗੇ ਬਿਆਹੀ ਨੂੰ, ਬਿਚਾਰੀ ਦੀ ਕੁੱਖ ਨ੍ਹੀ ਹਰੀ ਹੋਈ। ਜਾਣੀਦਾ ਕਿਸੇ ਜਾਏ ਵੱਢੀ ਦੀ ਬੈਤਲ ਤੀਮੀ ਨੇ ਕੁੱਖ ਈ ਬੰਨ੍ਹਤੀ। ਆਹ ਭਾਈ ਥੋਡੇ ਪੈਰਾਂ ਦੀ ਮਿੱਟੀ ਚੱਕ ਲਿਚੱਲੀ ਆਂ। ਥੋਡੇ ਬਰਗੇ ਜਤੀ-ਸਤੀ ਤਾਂ ਸਾਧਾਂ ਸੰਤਾਂ ਨਾਲੋਂ ਬੱਧਕੇ ਹੁੰਦੇ ਐ। ਕੁੜੀ ਨੂੰ ਕਹੂੰ ਚੁੰਨੀ ਦੇ ਲੜ ਬੰਨ੍ਹ ਲੂ।  ਰੱਬ ਮੇਹਰ ਕਰੂ। ਜੁਆਕ ਬੀ ਹੋਊ ਤੇ ਹੋਊ ਬੀ ਸੁਰਜਨ ਅਰਗਾ।” ਬੁੜ੍ਹੀ ਬੁੱਧਾਂ ਨੇ ਸੁਰਜਨ ਦੀ ਪੈੜ ‘ਚੋਂ ਮਿੱਟੀ ਦੀ ਮੁੱਠ ਭਰਕੇ ਚੁੰਨੀ ਦੇ ਲੜ੍ਹ ਨਾਲ ਬੰਨ੍ਹ ਲਈ ਸੀ।
”ਬਾਬਾ! ਡਿਪਟੀ ਸਾਬ੍ਹ ਨ੍ਹੀ ਆਉਂਦੇ ਅੱਜ। ਆਹ ਹੁਣੇ ਮੈਸੇਜ ਆਇਆ ਰੀਡਰ ਨੂੰ। ਐਸ ਐਸ ਪੀ ਸਾਬ੍ਹ ਬਹਾਦਰ ਨੇ ਐਮਰਜੈਂਸੀ ਮੀਟਿੰਗ ਬੁਲਾਲੀ। ਟੈਮ ਨਾਲ ਘਰ ਵਗਜਾ। ਕੱਲ ਨੂੰ ਆਜੀਂ ਸਾਝਰੇ। ਹੁਣ ਕੋਈ ਫਾਇਦਾ ਨ੍ਹੀ ਬਹਿਣ ਦਾ।” ਸੰਤਰੀ ਦੀ ਆਵਾਜ਼ ਨੇ ਬਚਨੇ ਦੇ ਖਿਆਲਾਂ ਦੀ ਲੜੀ ਤੋੜ ਦਿੱਤੀ।
”ਹੱਛਾਅ! ਏਦਾ ਮਤਬਲ ਹੁਣ ਨ੍ਹੀ ਆਉਂਦੇ?” ਬਚਨੇ ਨੇ ਬੜੀ ਨਿਤਾਣੀ ਜਿਹੀ ਆਵਾਜ਼ ‘ਚ ਡੀ ਐਸ ਪੀ ਦੇ ਆਉਣ ਜਾਂ ਨਾ ਆਉਣ ਬਾਰੇ ਪੱਕਾ ਕਰਨਾ ਚਾਹਿਆ ਸੀ।
”ਦੱਸ ਤਾਂ ਦਿੱਤਾ ਤੈਨੂੰ ਵਈ ਨਹੀਂ ਆਉਂਦੇ ਸਾਹਬ ਬਹਾਦਰ। ਹੋਰ ਕੀ ਹੁਣ ਪਰੋਨੋਟ ‘ਤੇ ਲਿਖ ਕੇ ਦੇਵਾਂ। ਜੇ ਸਾਡੇ ‘ਤੇ ਯਕੀਨ ਹੈਨੀ ਤਾਂ ਉਡੀਕਲਾ ਬੈਠਕੇ। ਕੀ ਪਤਾ ਆ ਈ ਜਾਣ ਕਿਧਰੋਂ ਭੁੱਲੇ-ਭਟਕੇ।” ਸੰਤਰੀ ਨੂੰ ਬਚਨੇ ਦੀ ਪੁੱਛ ‘ਤੇ ਗੁੱਸਾ ਆਇਆ ਸੀ।
”ਠੀਕ ਐ ਜਨਾਬ, ਠੀਕ ਐ। ਮੈਂ ਕੱਲ ਨੂੰ ਆਜੂੰ।” ਆਖਦਿਆਂ ਬਚਨਾ ਪਿੰਡ ਵਾਲੀ ਬੱਸ ਫੜ੍ਹਨ ਲਈ ਅੱਡੇ ਵੱਲ ਨੂੰ ਤੁਰ ਪਿਆ ਸੀ।
”ਮੇਰੀ ਕੁੜੀ ਦੇ ਸਹੁਰੇ ਆ ਬੁਲ੍ਹਾਢੇ ਕੰਨ੍ਹੀ। ਗਾਹਾਂ ਉਹਦੀ ਨਨਾਣ ਨੂੰ ਕੈਅ ਵਰ੍ਹੇ ਹੋਗੇ ਬਿਆਹੀ ਨੂੰ, ਬਿਚਾਰੀ ਦੀ ਕੁੱਖ ਨ੍ਹੀ ਹਰੀ ਹੋਈ। ਆਹ ਭਾਈ ਥੋਡੇ ਪੈਰਾਂ ਦੀ ਮਿੱਟੀ ਚੱਕ ਲਿਚੱਲੀ ਆਂ।  ਕੁੜੀ ਨੂੰ ਕਹੂੰ ਚੁੰਨੀ ਦੇ ਲੜ ਬੰਨ੍ਹਲੂ। ਜੁਆਕ ਬੀ ਹੋਊ ਤੇ ਹੋਊ ਬੀ ਸੁਰਜਨ ਅਰਗਾ।” ਵਰ੍ਹਿਆਂ ਪਹਿਲਾਂ ਅਖਾੜੇ ‘ਚ ਸੁਣੇ ਬੋਲ ਬਚਨੇ ਦੇ ਦਿਮਾਗ ਵਿੱਚ ਹਥੋੜੇ ਵਾਂਗੂੰ ਠੱਕ-ਠੱਕ ਵੱਜਣ ਲੱਗੇ ਸਨ।
”ਸੁਰਜਨਾ ! ਤੂੰ ਚੰਗਾ ਨ੍ਹੀ ਸੀ ਕੀਤਾ। ਤੂੰ ਰੱਬ ਵਰਗੇ ਲੋਕਾਂ ਦਾ ਵਿਸ਼ਵਾਸ਼ ਤੋੜਿਆ। ਇਸਤੋਂ ਮਾੜੀ ਕੋਈ ਗੱਲ ਨ੍ਹੀ ਹੁੰਦੀ।” ਸੁਰਜਨ ਤਾਂ ਕਿਤੇ ਵੀ ਨਹੀਂ ਸੀ, ਬਚਨੇ ਨੇ ਜਿਵੇਂ ਆਪਣੇ ਆਪ ਨੂੰ ਹੀ ਆਖਿਆ ਸੀ।
”ਆਹ ਵੇਖ ਤੇਰੀਆਂ ਕੀਤੀਆਂ ਦੀ ਸਜ਼ਾ ਭੁਗਤਦਾ ਫਿਰਦਾਂ। ਚੰਗੀ ਨ੍ਹੀ ਸੀ ਕੀਤੀ ਤੂੰ।” ਬਚਨਾ ਬਹੁਤ ਪਿੱਛੇ ਪਰਤ ਗਿਆ ਸੀ।
ਉਸ ਦਿਨ ਉਹ ਆਥਣ ਦੇ ਘੁਸਮੁੱਸੇ ‘ਚ ਸਬੱਬੀਂ ਡੰਗਰਾਂ ਵਾਲੇ ਵਾੜੇ ‘ਚ ਗਿਆ ਸੀ। ਤੂੜੀ ਵਾਲੇ ਕੋਠੇ ‘ਚੋਂ ਨਿਕਲ ਕੇ ਨਾਲ ਲੱਗਦੇ ਕਮਾਦ ਦੇ ਖੇਤਾਂ ‘ਚ ਗੁਆਚਦਾ ਸੁਰਜਨ ਉਸਨੇ ਆਪਣੀ ਅੱਖੀਂ ਵੇਖਿਆ ਸੀ। ਉਸਦੇ ਮਗਰੇ ਹੀ ਛਨ-ਛਨ ਕਰਦੇ ਘੁੰਗਰੂਆਂ ਦੀ ਆਵਾਜ਼ ਕੱਪੜਿਆਂ ਤੋਂ ਤੂੜੀ ਝਾੜ੍ਹਦੀ ਪਿੰਡ ਦੇ ਚੜ੍ਹਦੇ ਪਾਸੇ ਦੇ ਘਰਾਂ ਵੱਲ ਨੂੰ ਤੁਰ ਗਈ ਸੀ। ਭਾਵੇਂ ਉਸਨੂੰ ਔਰਤ ਦੀ ਪੂਰੀ ਸਿਆਣ ਨਹੀਂ ਸੀ ਆਈ ਪਰ ਉਸਨੇ ਔਰਤ ਦੇ ਕੱਦ-ਬੁੱਤ ਅਤੇ ਤੋਰ ਤੋਂ ਅੰਦਾਜ਼ਾ ਲਾ ਲਿਆ ਸੀ। ਉਸਦੇ ਤਾਂ ਹਸਾਨ ਈ ਮਾਰੇ ਗਏ ਸਨ। ਉਹ ਡੋਰ-ਭੌਰ ਹੋਇਆ ਕਿੰਨਾ ਚਿਰ ਏਧਰ-ਓਧਰ ਵੇਖਦਾ ਰਿਹਾ ਸੀ। ਬਾਜੀ ਵਾਲੇ ਪਿੜਾਂ ‘ਚੋਂ ਮਿੱਟੀ ਚੱਕਦੀਆਂ ਬੁੜ੍ਹੀਆਂ-ਕੁੜੀਆਂ ਇੱਕ-ਇੱਕ ਕਰਕੇ ਉਸਦੀਆਂ ਅੱਖਾਂ ਅੱਗੋਂ ਲੰਘ ਗਈਆਂ ਸਨ।
”ਸੁਰਜਨਾ! ਤੂੰ ਲਾਜ ਲਾ ਦਿੱਤੀ ਐ ਬਾਜ਼ੀਗਰਾਂ ਦੇ ਧਰਮ ਨੂੰ। ਡਿੱਗ ਗਿਓਂ ਆਪਣੇ ਅਕੀਦੇ ਤੋਂ। ਸਾਬਤੀ ਦੀ ਲੱਜ ਹੱਥੋਂ ਛੱਡ ਦਿੱਤੀ ਐ। ਉਹਨਾਂ ਧੀਆਂ-ਭੈਣਾਂ ਦਾ ਈ ਖਿਆਲ ਕਰ ਲੈਂਦਾ ਜਿਹੜੀਆਂ ਤੇਰੇ ਅਖਾੜੇ ਦੀ ਮਿੱਟੀ ਨੂੰ ਰੱਬ ਵਾਂਗੂੰ ਪੂਜਦੀਐਂ। ਕੋਈ ਹੱਕ ਨ੍ਹੀ ਤੈਨੂੰ ਜਿਉਂਦੇ ਰਹਿਣ ਦਾ।”
ਬਚਨੇ ਦੇ ਸਿਰ ‘ਤੇ ਖੂਨ ਸਵਾਰ ਹੋ ਗਿਆ ਸੀ। ਉਹ ਸੁਰਜਨ ਨੂੰ ਉਨਾ ਚਿਰ ਡਾਂਗਾਂ ਨਾਲ ‘ਧੈਂਅ ਧੈਂਅ’ ਕਰਕੇ  ਕੁੱਟਦਾ ਰਿਹਾ ਜਿੰਨਾ ਚਿਰ ਆਪ ਹਫ਼ ਕੇ ਡਿੱਗ ਨਹੀਂ ਸੀਂ ਪਿਆ। ਡਾਂਗਾਂ ਦੀ ਮਾਰ ਨਾਲ ਸੁਰਜਨ ਦੀ ਸੱਜੀ ਲੱਤ ਚੂਰ-ਚੂਰ ਹੋ ਗਈ ਸੀ। ਰੀੜ੍ਹ ਦੀ ਹੱਡੀ ‘ਤੇ ਲੱਗੀ ਸੱਟ ਨੇ ਤਾਂ ਜਵਾਂ ਨਕਾਰਾ ਕਰ ਦਿੱਤਾ ਸੀ। ਫਿਰ ਪੂਰੇ ਤਿੰਨ ਸਾਲ ਸੁਰਜਨ ਮੰਜੇ ‘ਤੇ ਹੱਡ ਰਗੜਦਾ ਰਿਹਾ ਸੀ। ਅੱਧ ਅਸਮਾਨੇ ਬਾਜ਼ੀਆਂ ਲਾਉਣ ਵਾਲਾ ਕੜੀ ਵਰਗਾ ਜਵਾਨ ਸੁਰਜਨ ਜਵਾਂ ਨਿਤਾਣਾ ਹੋਇਆ ਪਿਆ ਸੀ। ਥਾਂ ਥਾਂ ਤੋਂ ਟੁੱਟੀ ਲੱਤ ‘ਚ ਜ਼ਹਿਰ ਫੈਲ ਜਾਣ ਕਾਰਨ ਪੱਟ ਕੋਲੋਂ  ਕੱਟਣੀ ਪਈ ਸੀ। ਦਿਨੋਂ ਦਿਨ ਉਹ ਹੱਡੀਆਂ ਦੀ ਮੁੱਠ ਬਣਦਾ ਗਿਆ ਤੇ ਆਖਰ ਮਿੱਟੀ ਹੋ ਗਿਆ ਸੀ।
ਪੁੱਤਾਂ ਵਰਗੇ ਛੋਟੇ ਭਰਾ ਸੁਰਜਨ ਦੀ ਮੌਤ ਨੇ ਬਚਨੇ ਨੂੰ ਉੱਕਾ ਹੀ ਤੋੜ ਕੇ ਰੱਖ ਦਿੱਤਾ। ਬਾਜ਼ੀਆਂ ਪਾਉਣ ਦੀ ਹੁਣ ਉਸ ਵਿੱਚ ਸਮਰੱਥਾ ਨਹੀਂ ਸੀ ਰਹੀ। ਹੁਣ ਤਾਂ ਬੱਸ ਦਿਨਾਂ ਨੂੰ ਧੱਕੇ ਦੇਣ ਵਾਲੀ ਗੱਲ ਸੀ। ਵਕਤ ਦੀ ਇਸ ਸੱਟ ਨੇ ਚਟਾਨ ਵਰਗਾ ਸਰੀਰ ਖੋਰ ਕੇ ਮਿੱਟੀ ਵਰਗਾ ਕਰ ਦਿੱਤਾ ਸੀ। ਹੁਣ ਉਹ ਕਦੇ ਸਾਈਕਲ ‘ਤੇ ਖਾਰੀ ਲੱਦ ਸਬਜ਼ੀ-ਭਾਜੀ ਵੇਚਦਾ ਤੇ ਕਦੇ ਜਿਮੀਦਾਰਾਂ ਦੇ ਖੇਤਾਂ ਵਿੱਚ ਕੰਮ ਕਰਾਉਂਦਾ।
ਦੁੱਖਾਂ-ਤਕਲੀਫ਼ਾਂ ਨਾਲ ਘੁਲਦਿਆਂ ਉਸਨੇ ਤਿੰਨੇ ਧੀਆਂ ਦੇ ਹੱਥ ਪੀਲੇ ਕਰ ਦਿੱਤੇ ਸਨ। ਮੁੰਡਾ  ਤਿੰਨਾ ਕੁੜੀਆਂ ਤੋਂ ਛੋਟਾ ਸੀ। ਚੰਗਾ ਸੋਹਣਾ ਜਵਾਨ ਨਿਕਲਿਆ ਪਾਲਾ ਵੇਖਣ-ਪਾਖਣ ਨੂੰ ਆਪਣੇ ਚਾਚੇ ਸੁਰਜਨ ਵਰਗਾ ਹੀ ਜਾਪਦਾ। ਬਚਨੇ ਨੂੰ ਭਰਾ ਦੀ ਮੌਤ ਦਾ ਸੱਲ੍ਹ ਕੁੱਝ ਘਟਦਾ ਮਹਿਸੂਸ ਹੋਇਆ। ਬੜੇ ਚਾਵਾਂ ਨਾਲ ਪਾਲੇ ਦਾ ਵਿਆਹ ਕੀਤਾ ਸੀ। ਖੁਸ਼ੀਆਂ ਨੇ ਘਰ ‘ਚ ਚੰਗੀ ਤਰਾਂ੍ਹ ਪੈਰ ਵੀ ਨਹੀਂ ਸੀ ਲਾਏ ਕਿ ਦੁੱਖਾਂ ਦਾ ਵੱਡਾ ਪਹਾੜ ਬਚਨੇ ਦੇ ਪਰਿਵਾਰ ਦੇ ਸਿਰ ਉੱਤੇ ਡਿੱਗ ਪਿਆ ਸੀ। ਸ਼ਹਿਰੋਂ ਕੰਮ ਤੋਂ ਆਉਂਦੇ ਪਾਲੇ ਦੇ ਸਾਈਕਲ ਨੂੰ ਕੋਈ ਟਰੱਕ ਵਾਲਾ ਫੇਟ ਮਾਰ ਕੇ ਸੁੱਟ ਗਿਆ। ਬਚਨੇ ਨੂੰ ਲੱਗਿਆ ਜਿਵੇਂ ਪੂਰੇ ਵੀਹਾਂ ਸਾਲਾਂ ਬਾਅਦ ਇੱਕ ਵਾਰ ਫੇਰ ਭਰਾ ਦੀ ਅਰਥੀ ਮੋਢਿਆਂ ‘ਤੇ ਚੁੱਕ ਕੇ ਸਮਸ਼ਾਨ ਘਾਟ ਪਹੁੰਚਾਈ ਹੋਵੇ।
ਬਚਨੇ ਦੀ ਨੂੰਹ ਆਪਣੀ ਚਹੁੰ ਮਹੀਨਿਆਂ ਦੀ ਧੀ ਨੂੰ ਬਚਨੇ ਦੀ ਗੋਦੀ ਪਾਕੇ ਪੇਕੀਂ ਜਾ ਬੈਠੀ। ਇਸ ਫੁੱਲ ਵਰਗੀ ਨੰਨ੍ਹੀ ਜਿੰਦ ਨੂੰ ਪਾਲਣ ਲਈ ਬਚਨੇ ਨੇ ਆਪਣੇ ਆਪ ਨੂੰ ਪੱਥਰ ਬਣਾ ਲਿਆ ਤੇ ਹਿੰਮਤ ਕਰਕੇ ਬੋਦੇ ਹੋਏ ਸਰੀਰ ਨੂੰ ਧੂਹਣ ਲੱਗਾ।
”ਅਕੀਦਾ ਬੇਟੀ ਅਮਰ ਰਹੇ ! ਅਮਰ ਰਹੇ ਅਮਰ ਰਹੇ।” ਨਾਅਰਿਆਂ ਦੀਆਂ ਆਵਾਜ਼ਾਂ ਨੇ ਬਚਨੇ ਨੂੰ ਯਾਦਾਂ ‘ਚੋਂ ਵਾਪਸ ਧੂਹ ਲਿਆਂਦਾ ਸੀ। ਉਸਨੇ ਵੇਖਿਆ ਜਗਦੀਆਂ ਮੋਮਬੱਤੀਆਂ ਹੱਥਾਂ ‘ਚ ਫੜੀ ਚੌਂਕ ‘ਚ ਖੜ੍ਹੇ ਬਹੁਤ ਸਾਰੇ ਲੋਕ ਜੋਸ਼ ਅਤੇ ਗੁੱਸੇ ਨਾਲ ਨਾਅਰੇ ਮਾਰ ਰਹੇ ਸਨ।
” ‘ਕੀਦਾ ! ਆਹ ‘ਕੀਦਾ ਕੌਣ ਐ ਬਾਬੂ ਜੀ? ਕੀ ਹੋਇਆ ‘ਕੀਦਾ ਨਾਲ?” ਬਚਨੇ ਨੇ ਹੱਥਾਂ ‘ਚ ਇੱਕ ਬੱਚੀ ਦੀ ਫੋਟੋ ਫੜੀ ਨਾਅਰੇ ਮਾਰਦੇ ਸਿਆਣੀ ਉਮਰ ਦੇ ਬਾਬੂ ਨੂੰ ਝਕਦਿਆਂ-ਝਕਦਿਆਂ ਪੁੱਛ ਲਿਆ ਸੀ। ਉਸਨੂੰ ਫੋਟੋ ਵਿਚਲੀ ਕੁੜੀ ਆਪਣੀ ਪੋਤਰੀ ਵੀਰਾਂ ਵਰਗੀ ਲੱਗੀ ਸੀ।
”ਇਸ ਮਾਸੂਮ ਬਾਲੜੀ ਨਾਲ ਕਈ ਦਰਿੰਦਿਆਂ ਨੇ ਰਲਕੇ ਬਲਾਤਕਾਰ ਕੀਤਾ ਹੈ। ਹੱਡਾਂਰੋੜੀ ਦੇ ਕੁੱਤਿਆਂ ਨਾਲੋਂ ਵੀ ਵੱਧ ਖਤਰਨਾਕ ਨਿਕਲੇ ਉਹ ਵਹਿਸ਼ੀ ਜਾਨਵਰ। ਆਵਦੀ ਹਵਸ ਦਾ ਸ਼ਿਕਾਰ ਬਣਾਉਣ ਬਾਅਦ ਉਹਨਾਂ ਪਾਗਲ ਭੇੜੀਆਂ ਨੇ ਅਕੀਦਾ ਨੂੰ ਕੋਹ-ਕੋਹ ਕੇ ਮਾਰ ਦਿੱਤਾ।” ਬਾਬੂ ਨੇ ਬਚਨੇ ਨੂੰ ਸੰਖੇਪ ‘ਚ ਦੱਸਦਿਆਂ ਫੇਰ ਤੋਂ ਆਪਣੀ ਆਵਾਜ਼ ਨਾਅਰਿਆਂ ‘ਚ ਰਲਾ ਦਿੱਤੀ ਸੀ।
”ਕਿਸੇ ਨੇ ਰੋਕਿਆ ਨ੍ਹੀ?”
”ਨਹੀਂ! ਭਗਵਾਨ ਨੇ ਵੀ ਨਹੀਂ।”
”ਭਗਵਾਨ ਨੇ ਵੀ ?”
”ਹਾਂ! ਭਗਵਾਨ ਨੇ ਵੀ। ਉਹਨਾਂ ਦਰਿੰਦਿਆਂ ਨੇ ਅਕੀਦਾ ਨੂੰ ਇੱਕ ਧਾਰਮਿਕ ਸਥਾਨ ‘ਚ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਭਗਵਾਨ ਤਾਂ ਵਿਚਾਰਾ ਬੱਸ ਚੁੱਪ-ਚਾਪ ਵੇਂਹਦਾ ਰਿਹਾ।” ਬਚਨਾ ਖਾਲ਼ੀ-ਖਾਲ਼ੀ ਤੇ ਖੌਫ਼ਜ਼ਦਾ ਅੱਖਾਂ ਨਾਲ ਬਾਬੂ ਦੀਆਂ ਗੱਲਾਂ ਸੁਣ ਰਿਹਾ ਸੀ।
”ਬਾਲੜੀ ਚੀਕੀ ਚਿਲਾਈ ਤਾਂ ਹੋਊ ਈ ? ਉਸਦੀਆਂ ਚੀਕਾਂ ਕੂਕਾਂ ਸੁਣੀਆਂ ਨ੍ਹੀ ਕਿਸੇ ਨੇ?”
”ਜ਼ਰੂਰ ਚੀਕਦੀ ਚਿਲਾਉਂਦੀ ਰਹੀ ਹੋਊ। ਜਾਨਵਰਾਂ ਦੇ ਤਰਲੇ-ਮਿੰਨਤਾਂ ਵੀ ਕੀਤੇ ਹੋਣਗੇ। ਆਪਣੇ ਆਪ ਨੂੰ ਬਚਾਉਣ ਲਈ ਭੱਜੀ-ਨੱਠੀ ਵੀ ਹੋਊ। ਪਰ ਐਹੋ ਜਿਹੇ ਭੇੜੀਏ ਕਦੋਂ ਸੁਣਦੇ ਨੇ ਅਬਲਾਵਾਂ ਦੀਆਂ ਚੀਕਾਂ-ਕੂਕਾਂ? ਪੁਜਾਰੀ ਤਾਂ ਆਪ ਪੱਤ ਲੁੱਟਣ ਵਾਲਿਆਂ ‘ਚ ਰਲ ਗਿਆ ਸੀ। ਵਿਚਾਰੀ ਨੇ ਰੱਬ ਨੂੰ ਵੀ ਆਵਾਜ਼ਾਂ ਮਾਰੀਆਂ ਹੋਣਗੀਆਂ। ਪੱਥਰ ਦੀਆਂ ਮੂਰਤੀਆਂ ਅੱਗੇ ਵੀ ਹੱਥ ਜੋੜੇ ਹੋਣਗੇ। ਪਰ ਕਿਸੇ ਨਹੀਂ ਸੁਣੀਆਂ ਉਸਦੀਆਂ ਕੂਕਾਂ।” ਸੁਣਕੇ ਸੁੰਨ ਹੋ ਗਿਆ ਸੀ ਬਚਨਾ। ਬੁਰੀ ਤਰਾਂ ਚੀਥਲੀ ਪਈ ਵੀਰਾਂ ਦੀ ਅਰਧ ਨਗਨ ਲਾਸ਼ ਜਿਸਨੂੰ ਵੇਖਦਿਆਂ ਉਹ ਪੱਥਰ ਹੋ ਗਿਆ ਸੀ, ਫਿਰ ਤੋਂ  ਉਸਦੀਆਂ ਅੱਖਾਂ ਅੱਗੇ ਆ ਗਈ ਸੀ। ਵੀਰਾਂ ਦਾ ਪੂਰਾ ਸਰੀਰ ਥਾਂ-ਥਾਂ ਤੋਂ ਨੋਚਿਆ ਪਿਆ ਸੀ। ਸਿਰ ਇੱਕ ਪਾਸੇ ਤੋਂ ਫਿੱਸਿਆ ਹੋਇਆ ਸੀ ਜਿਵੇਂ ਲੋਹੇ ਦੀਆਂ ਰਾਡਾਂ ਮਾਰ-ਮਾਰ ਕੇ ਭੰਨ੍ਹਿਆ ਹੋਵੇ। ਵੀਰਾਂ ਦੀਆਂ ਬੰਦ ਮੁੱਠੀਆਂ ‘ਚ ਸਿਰ ਦੇ ਛੋਟੇ-ਛੋਟੇ ਵਾਲ ਸਨ ਜਿਸਤੋਂ ਜਾਪਦਾ ਸੀ ਕਿ ਉਸਨੇ ਆਪਣੇ ਆਪ ਨੂੰ ਬਚਾਉਣ ਲਈ ਪੂਰਾ ਯੁੱਧ ਲੜਿਆ ਸੀ।
”ਆਹ ਵੇਖੋ ਉਏ ਲੋਕੋ ! ਤੁਸੀਂ ਆਂਹਦੇ ਸੀ ਮੇਰੀ ਵੀਰਾਂ ਕਿਸੇ ਯਾਰ ਨਾਲ ਭੱਜ ਗਈ ਐ। ਜੇ ਭੱਜਣਾ ਹੁੰਦਾ ਪਰਸ ਕਿਉਂ ਸੁੱਟਦੀ ਝਾੜੀਆਂ ‘ਚ। ਉਸਦੀ ਚੁੰਨੀ ਸੜਕ ਕਿਨਾਰਿਓਂ ਡਿੱਗੀ ਪਈ ਨ੍ਹੀ ਸੀ ਮਿਲਣੀ। ਵੀਰਾਂ ਨੇ ਮੁਕਾਬਲਾ ਕੀਤਾ ਐ ਹਲਕੇ ਕੁੱਤਿਆਂ ਦਾ।” ਬਚਨੇ ਦੀ ਧਾਹ ਨੇ ਜਿਵੇਂ ਅਸਮਾਨ ‘ਚ ਛੇਕ ਕਰ ਦਿੱਤਾ ਸੀ। ਉਸਦੇ ਅੰਦਰ ਕਈ ਦਿਨਾਂ ਦਾ ਬੱਝਾ ਪਿਆ ਗੋਲਾ ਖੁਰ ਕੇ ਵਹਿ ਤੁਰਿਆ ਸੀ। ਸ਼ਰੀਕੇ-ਕਬੀਲੇ ਵਾਲੇ ਤੇ ਪਿੰਡ ਵਾਲੇ ਨੀਵੀਂ ਪਾਈ ਖੜ੍ਹੇ ਸਨ। ਵੀਰਾਂ ਸਬੰਧੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿਣ ਵਾਲਿਆਂ ਕੋਲ ਬਚਨੇ ਨੂੰ ਚੁੱਪ ਕਰਾਉਣ ਤੇ ਹੌਂਸਲਾ ਦੇਣ ਦੀ ਵੀ ਹਿੰਮਤ ਨਹੀਂ ਸੀ ਰਹੀ। ਲੋਕਾਂ ਦੀਆਂ ਦਿਲ ਲੂਹਣ ਵਾਲੀਆਂ ਗੱਲਾਂ ਨੇ ਬਚਨੇ ਨੂੰ ਤੋੜ ਕੇ ਰੱਖ ਦਿੱਤਾ ਸੀ।
”ਕਿਹੜਾ ਹੋਇਆ ਐਡਾ ਜ਼ੁਲਮ ਕਰਨ ਵਾਲਾ?” ਭੀੜ ਵਿੱਚੋਂ ਇੱਕ ਮਰੀ ਜਿਹੀ ਆਵਾਜ਼ ਬਚਨੇ ਦੇ ਕੰਨਾਂ ਨਾਲ ਆ ਟਕਰਾਈ ਸੀ।
”ਪਟਵਾਰੀਆਂ ਦੇ ਵਿਗੜੇ ਕਾਕਿਆਂ ਨੇ ਰੋਲੀ ਆ ਮੇਰੀ ਧੀ ਦੀ ਪੱਤ।”
”ਪਟਵਾਰੀਆਂ ਦੇ ਮੁੰਡੇ ?” ਭੀੜ ‘ਚ ਖੁਸਰ-ਫੁਸਰ ਹੋਣੀ ਸ਼ੁਰੂ ਹੋਈ ਸੀ। ਵੱਡੇ ਬੰਦਿਆਂ ਦਾ ਨਾਂ ਵਿੱਚ ਆਉਂਦਿਆਂ ਹੀ ਭੀੜ ਖਿਸਕਣੀ ਸ਼ੁਰੂ ਹੋ ਗਈ।
”ਪਹਿਲਾਂ ਚੰਗੂੰ ਤਰ੍ਹਾਂ ਪਤਾ ਕਰ ਲੈਣਾ ਚਾਹੀਦੈ। ਐਵੇਂ ਕਿਸੇ ।” ਪਤਾ ਨਹੀਂ ਕੌਣ ਬੋਲਿਆ ਸੀ, ਪਰ ਜੋ ਵੀ ਸੀ ਉਸ ਨਾਲ ਭੀੜ ‘ਚ ਹਿਲਜੁੱਲ ਜਰੂਰ ਹੋਈ ਸੀ।
”ਹਾਂ ! ਹਾਂ ! ਬਿਨਾਂ ਕਿਸੇ ਸਬੂਤ ਤੋਂ ਐਵੇਂ ਕਿਸੇ ਦਾ ਨਾਂ ਕਿਵੇਂ ਲਿਆ ਜਾ ਸਕਦੈ?” ਕਈ ਆਵਾਜ਼ਾਂ ਇਕੱਠੀਆਂ ਹੀ ਆਈਆਂ ਸਨ।
”ਮੈਂ ਜੋ ਆਖਦਾ ਹਾਂ ! ਕੁੜੀ ਦਾ ਰਾਹ ਰੋਕਦੇ ਸੀ ਆਉਂਦੀ ਜਾਂਦੀ ਦਾ। ਵੀਰਾਂ ਨੇ ਕਈ ਵਾਰ ਦੱਸਿਆ ਸੀ ਮੈਨੂੰ ਏਹਨਾਂ ਬਾਰੇ। ਪਟਵਾਰੀਆਂ ਘਰ ਉਲਾਂਭਾ ਵੀ ਦਿੱਤਾ ਸੀ ਮੈਂ। ਵੀਰਾਂ ਹੱਥੋਂ ਬੇਜ਼ਤੀ ਕਰਵਾਈ ਸੀ ਏਹਨਾਂ ਕਈ ਵਾਰੀ। ਇਹਨਾਂ ਗੁੰਡਿਆਂ ਨੇ ਹੀ ਮੇਰੀ ।” ਬਚਨਾ ਚੀਕ-ਚੀਕ ਕੇ ਦੱਸ ਰਿਹਾ ਸੀ।
”ਏਹ ਤਾਂ ਫੇਰ ਬੜੀ ਮਾੜੀ ਗੱਲ ਐ।”
”ਠੀਕ ਨ੍ਹੀ ਏਹ ਤਾਂ ਮੁੰਡਿਆਂ ਆਸਤੇ।”
”ਪਰ ਏਹਦੇ ‘ਚ ਪਟਵਾਰੀ ਦਾ ਤਾਂ ਕੀ ਕਸੂਰ? ਮਾਂ-ਪਿਉ ਦੀ ਕਾਹਨੂੰ ਸ਼ਰਮ ਇਜ਼ਤ ਰੱਖਦੀ ਅੱਜ ਦੀ ਮੁੰਡੀਹਰ।”
”ਜ਼ਮਾਨਾ ਖਰਾਬ ਐ ਭਾਈ। ਆਵਦੀ ਧੀ ਭੈਣ ਦੀ ਰੱਖਿਆ ਆਪ ਈ ਕਰਨੀ ਪੈਂਦੀ ਐ।” ਆਖਦੇ ਹੋਰ ਕਈ ਲੋਕ ਵੀ ਖਿਸਕ ਗਏ ਸਨ। ਬਚਨੇ ਕੋਲ ਕੇਵਲ ਦਸ ਪੰਦਰਾਂ ਬੰਦੇ ਹੀ ਰਹਿ ਗਏ ਸਨ।
”ਥਾਣੇ ਰਪਟ ਕਰਾਓ । ਜਿਹੜਾ ਵੀ ਕੋਈ ਹੋਇਆ, ਦੋਸ਼ੀ ਨੂੰ ਸਜ਼ਾ ਤਾਂ ਮਿਲਣੀ ਈ ਚਾਹੀਦੀ ਐ।” ਆਖਣ ਵਾਲਾ ਥਾਣੇ ਤਾਂ ਜਾਣਾ ਚਹੁੰਦਾ ਸੀ ਪਰ ਤਕੜੇ ਘਰ ਦੇ ਮੁੰਡਿਆਂ ਦਾ ਨਾਂ ਲੈਕੇ ਰਿਪੋਰਟ ਦਰਜ਼ ਕਰਾਉਣ ਦੇ ਪੱਖ ‘ਚ ਨਹੀਂ ਸੀ।
”ਜਿਹੜੇ ਦਾ ਕੀ ਮਤਬਲ ਮਿੰਬਰਾ? ਮੈਂ ਸ਼ਰੇਆਮ ਦੱਸ ਰਿਹਾਂ ਥੋਨੂੰ ਦੋਸ਼ੀਆਂ ਦਾ ਨਾਂ। ਥਾਣੇ ‘ਚ ਵੀ ਉਹਨਾਂ ਦੇ ਨਾਂ ਈ ਲਿਖਾਂਊਂ। ਏਹੀ ਦੋਸ਼ੀ ਨੇ ਮੇਰੀ ਵੀਰਾਂ ਦੇ।”
”ਐਇਦਾਂ ਨ੍ਹੀ ਹੁੰਦੀ ਬਚਨ ਸਿਆਂ। ਪੁਲਸ ਐਇਦਾਂ ਨ੍ਹੀ ਕੇਸ ਦਰਜ਼ ਕਰਦੀ। ਬਕੈਈਦਾ ਤਪਤੀਸ਼ ਕਰਦੀ ਐ ਪੈਅਲਾਂ।” ਬਿਰਾਦਰੀ ਦੇ ਨੰਬਰਦਾਰ ਸਵਾਵਾ ਸਿੰਘ ਨੇ ਪੁਲਸ ਦੀ ਕਾਰਗਰਦਗੀ ‘ਤੇ ਚਾਨਣਾ ਪਾਉਂਦਿਆਂ ਟਾਲਾ ਕਰਨ ਦੀ  ਕੋਸ਼ਿਸ਼ ਕੀਤੀ ਸੀ।
”ਐਹੇ ਜ੍ਹੇ ਕੇਸਾਂ ‘ਚੋ ਨਿਕਲਦਾ-ਨਿਕਲਾਉਂਦਾ ਕੁਛ ਨ੍ਹੀ ਹੁੰਦਾ। ਪੁਲਸ ਤੱਕੜਿਆਂ ਦੇ ਈ ਪੱਖ ‘ਚ ਭੁਗਤਦੀ ਹੁੰਦੀ ਐ। ਫਿਰ ਪਟਵਾਰੀ ਤਾਂ ਆਪਣੇ ਐਮ ਐਲ ਦੇ ਵੀ ਨੇੜੂ ਐ। ਸਰਕਾਰੇ-ਦਰਬਾਰੇ ਚੱਲਦੀ ਐ ਏਹਨਾਂ ਦੀ। ਮੇਰੇ ਸ੍ਹਾਬ ‘ਚ ਤਾਂ ਆਪਣੀ ਧੀ-ਭੈਣ ਦੀ ਮਿੱਟੀ ਖਰਾਬ ਕਰਨ ਵਾਲੀਓ ਗੱਲ ਐ।”
”ਹੁੰਦੀ ਐ ਤਾਂ ਹੋਜੇ ਮਿੱਟੀ ਖਰਾਬ। ਨਾਲੇ ਇਸਤੋਂ ਵੱਧ ਹੋਰ ਮਿੱਟੀ ਕੀ ਖਰਾਬ ਹੋਜੂ?” ਆਖਦਿਆਂ ਬਚਨੇ ਨੇ ਥਾਣੇ ਚੱਲਣ ਦਾ ਇਸ਼ਾਰਾ ਕਰ ਦਿੱਤਾ ਸੀ। ਸ਼ਰਮੋ-ਸ਼ਰਮੀ ਦਸ ਕੁ ਬੰਦੇ ਉਸ ਨਾਲ ਤੁਰ ਪਏ ਸਨ।
ਥਾਣੇ ‘ਚ ਪੁਲਸ ਦੀ ਕਾਰਗੁਜ਼ਾਰੀ ਬਿਲਕੁੱਲ ਉਹੋ ਜਿਹੀ ਸੀ, ਜਿਹੋ ਜਿਹੀ ਨੰਬਰਦਾਰ ਸਵਾਵਾ ਸਿੰਘ ਨੇ ਦੱਸੀ ਸੀ। ਪੁਲਸ ਦੀ ਐਫ਼ਆਈਆਰ ‘ਚ ਅਣਪਛਾਤੇ ਵਿਅਕਤੀ ਦੋਸ਼ੀਆਂ ਵਜੋਂ ਬੋਲਣ ਲੱਗੇ ਸਨ। ਦੋਸ਼ੀਆਂ ਦੀ ਸ਼ਨਾਖਤ ਲਈ ਤਫ਼ਤੀਸ਼ ਦਾ ਲੰਮਾ ਚੱਕਰ ਸ਼ੁਰੂ ਹੋ ਗਿਆ ਸੀ। ਇਨਸਾਫ਼ ਦੀ ਭਾਲ ‘ਚ ਬਚਨੇ ਦੇ ਗੇੜ੍ਹੇ ਥਾਣੇ ‘ਚ ਵੱਜਣ ਲੱਗੇ। ਉਸ ਨਾਲ ਜਾਣ ਵਾਲੇ ਬੰਦਿਆਂ ਦੀ ਗਿਣਤੀ ਘਟਦੀ-ਘਟਦੀ ਦਸ ਤੋਂ ਅੱਠ, ਫਿਰ ਅੱਠ ਤੋਂ ਪੰਜ, ਤੇ ਹੌਲੀ-ਹੌਲੀ ਉਹ ਇਕੱਲਾ ਹੀ ਰਹਿ ਗਿਆ ਸੀ। ਬਹੁਤੇ ਬੰਦੇ ਪਟਵਾਰੀਆਂ ਦੀ ਝੇਪ ਮੰਨਦੇ ਆਪ ਹੀ ਟਾਲਾ ਵੱਟ ਗਏ ਸਨ ਤੇ ਜਿਹਨਾਂ ਨੇ ਉਹਨਾਂ ਦੀ ਝੇਪ ਨਹੀਂ ਸੀ ਮੰਨੀ, ਉਹਨਾਂ ਨੂੰ ਚੁੱਪ ਕਰਾਉਣ ਲਈ ਕਿਸੇ ਪਾਸਿਓਂ ਦਾਬਾ ਮਰਵਾਉਣਾ ਪਿਆ ਸੀ।
ਮਹੀਨਾ-ਡੂਢ ਮਹੀਨਾ ਥਾਣੇ ਦੇ ਚੱਕਰ ਮਾਰਨ ਬਾਅਦ ਵੀ ਬਚਨੇ ਨੂੰ ਨਿਆਂ ਨਹੀਂ ਸੀ ਮਿਲਿਆ। ਵੀਰਾਂ ਦੇ ਕਾਤਲ ਉਸਦੀਆਂ ਅੱਖਾਂ ਅੱਗੇ ਦਨਦਨਾਉਂਦੇ ਫਿਰਦੇ ਸਨ। ਆਖਰ ਥੱਕ ਹਾਰ ਕੇ ਉਸਨੇ ਪੁਲਸ ਦੇ ਉਤਲੇ ਅਫਸਰਾਂ ਅੱਗੇ ਫਰਿਆਦ ਕਰਨ ਦਾ ਫੈਸਲਾ ਕੀਤਾ ਸੀ। ਇਸੇ ਕਰਕੇ ਹੀ ਉਹ ਅੱਜ ਨਵੇਂ ਸਿਰਿਓਂ ਅਰਜ਼ੀਆਂ ਟਾਈਪ ਕਰਵਾ ਕੇ ਡਿਪਟੀ ਨੂੰ ਮਿਲਣ ਸ਼ਹਿਰ ਆਇਆ ਸੀ।
”ਅਕੀਦਾ ਬੀਬੀ ਦੇ ਕਾਤਲਾਂ ਨੂੰ ਫਾਹੇ ਲਾਓ ! ਫਾਹੇ ਲਾਓ ਫਾਹੇ ਲਾਓ !” ਨਾਅਰਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ। ਮੋਮਬੱਤੀਆਂ ਵਾਲਿਆਂ ਦਾ ਇਕੱਠ ਵਧਦਾ ਹੀ ਜਾਂਦਾ ਸੀ।
”ਭਾਈ ਸਾਹਬ ਏਹ ਕੁੜੀ ਹੈ ਕਿੱਥੋਂ ਦੀ ਸੀ? ਤੁਹਾਡੇ ‘ਚੋਂ ਕਿਸੇ ਦੀ ਜਾਣ ਪਛਾਣ ‘ਚੋਂ ਹੋਊ?” ਬਚਨੇ ਨੇ ਨਾਅਰੇ ਮਾਰਦੇ ਬਾਬੂ ਨੂੰ ਫੇਰ ਬਾਹੋਂ ਫੜਦਿਆਂ ਪੁੱਛਿਆ ਸੀ।
”ਦੱਸਿਆ ਤਾਂ ਹੈ ਦੂਰ ਕਿਸੇ ਸੂਬੇ ਦੀ ਸੀ, ਨਾਲੇ ਆਹ ਜਿਹੜੇ ਨਾਅਰੇ ਮਾਰ ਰਹੇ ਨੇ ਇਹਨਾਂ ‘ਚੋਂ ਕਿਸੇ ਦੀ ਸਕੀ ਨਹੀਂ ਸੀ ਪਰ ਉਹ ਸਾਡੇ ਸਾਰਿਆਂ ਦੀ ਹੀ ਧੀ ਸੀ। ਅਸੀਂ ਸਾਰੇ ਉਸ ਲਈ ਹਾਅ ਦਾ ਨਾਅਰਾ ਮਾਰ ਰਹੇ ਹਾਂ।” ਬਚਨਾ ਸੁਣਕੇ ਹੈਰਾਨ ਹੋ ਰਿਹਾ ਸੀ ਕਿ ਇਕੱਠੇ ਹੋਏ ਲੋਕ ਸੈਂਕੜੇ ਮੀਲ ਦੂਰ ਦੀ ਕਿਸੇ ਲੜਕੀ ਨੂੰ ਆਪਣੀ ਧੀ ਸਮਝ ਕੇ ਉਸਦੇ ਬਾਪ ਨੂੰ ਇਨਸਾਫ ਦੁਆਉਣ ਲਈ ਲੜ ਰਹੇ ਸਨ।
”ਮੇਰੀ ਵੀਰਾਂ ਕੁੱਛ ਨ੍ਹੀ ਸੀ ਲੱਗਦੀ ਪਿੰਡ ਤੇ ਭਾਈਚਾਰੇ ਦੀ? ਕਿਉਂ ਨਹੀਂ ਤੁਰਿਆ ਮੇਰੇ ਨਾਲ ਸ਼ਰੀਕਾ ਕਬੀਲਾ?” ਬਚਨੇ ਦੇ ਬੋਲ ਕੰਬਣ ਲੱਗੇ ਸਨ ਪਰ ਉਸਦੇ ਇਹ ਬੋਲ ਨਾਅਰਿਆਂ ਦੀ ਆਵਾਜ਼ ‘ਚ ਕਿਸੇ ਨੂੰ ਸੁਣਾਈ ਨਹੀਂ ਸਨ ਦਿੱਤੇ।
”ਵੇਖਲਾ ਸੁਰਜਨਾ! ਤੂੰ ਧਰਮ ਤੋਂ ਡਿੱਗਿਆ ਤਾਂ ਮੈਂ ਐਡੀ ਵੱਡੀ ਸਜ਼ਾ ਦੇ ਦਿੱਤੀ ਤੈਨੂੰ। ਤੇਰੀ ਰੀੜ੍ਹ ਦੀ ਹੱਡੀ ਤੱਕ ਤੋੜ ਦਿੱਤੀ, ਪਰ ਹੁਣ? ਹੁਣ ਤਾਂ ਲੋਕਾਂ ‘ਚ ਰੀੜ੍ਹ ਦੀ ਹੱਡੀ ਈ ਹੈਨ੍ਹੀ।” ਬਚਨਾ ਆਪਣੇ ਆਪ ਨਾਲ ਗੱਲਾਂ ਕਰੀ ਜਾਂਦਾ ਸੀ। ਸੁਰਜਨ ਦੀ ਯਾਦ ਆਉਂਦਿਆਂ ਉਸਦਾ ਦਿਲ ਕਾਹਲਾ ਪੈਣ ਲੱਗਿਆ।
”ਸਰਦਾਰ ਜੀ ! ਮੋਮਬੱਤੀਆਂ ਜਗਾਉਣ ਨਾਲ ਕੀ ਹੋਜੂ ? ਏਦੇ ਨਾਲ ਬਾਲੜੀ ਮੁੜ ਆਊ?” ਮੋਮਬੱਤੀ ਫੜੀ ਖੜ੍ਹੇ ਇੱਕ ਵੱਡੀ ਉਮਰ ਦੇ ਸਰਦਾਰ ਨੇ ਬਚਨੇ ਵੱਲ ਬੜੇ ਅਜੀਬ ਜਿਹੇ ਢੰਗ ਨਾਲ ਵੇਖਦਿਆਂ ਉਸਦੇ ਸਵਾਲ ਦਾ ਉੱਤਰ ਦਿੱਤਾ ਸੀ, ”ਅਕੀਦਾ ਵਾਪਸ ਨਹੀਂ ਆ ਸਕਦੀ, ਪਰ ਉਸਦੇ ਮਾਪਿਆਂ ਨੂੰ ਇਨਸਾਫ ਤਾਂ ਦੁਆਇਆ ਹੀ ਜਾ ਸਕਦੈ।”
”ਸੈਂਕੜੇ ਮੀਲ ਦੂਰ ਬੈਠੇ ਉਸਦੇ ਮਾਪਿਆਂ ਨੂੰ ‘ਨਸਾਫ਼ ਦਵਾ ਸਕਦੇ ਆਂ?”
”ਕਿਉਂ ਨਹੀਂ? ਅਕੀਦਾ ਨੂੰ ਇਨਸਾਫ਼ ਦਵਾਉਣ ਲਈ ਤਾਂ ਹਜ਼ਾਰਾਂ ਮੀਲ ਦੂਰ, ਸਮੁੰਦਰਾਂ ਤੋਂ ਪਾਰੋਂ ਵੀ ਮੋਮਬੱਤੀਆਂ ਜਗ ਪਈਆਂ ਨੇ।”
”ਕੀ ਨਾਂ ਦੱਸਿਆ ਸੀ ਬਾਲੜੀ ਦਾ?”
”ਅਕੀਦਾ!”
”ਜੇ ਭਲਾ ‘ਕੀਦਾ ਦੀ ਥਾਂਵੇਂ ਵੀਰਾਂ ਹੋਵੇ, ਫੇਰ ਵੀ ਮੋਮਬੱਤੀਆਂ ਜਗਾਮੋਗੇ? ਤੇ ਜੇ ਪੁਜਾਰੀ ਦੀ ਥਾਂਵੇਂ ਕਿਸੇ ਵੱਡੇ ਸਰਦਾਰ ਦੇ ਕਾਕੇ ਹੋਣ, ਫੇਰ ਵੀ?”
”ਭਾਈ ਸਾਹਬ ! ਕਿਹੋ ਜਿਹੀਆਂ ਗੱਲਾਂ ਕਰਦੇ ਓਂ ? ਭਾਵੇਂ ਅਕੀਦਾ ਹੋਵੇ ਤੇ ਭਾਵੇਂ ਵੀਰਾਂ। ਭਾਵੇਂ ਕੋਈ ਹੋਰ ਕੁੜੀ। ਜੀਹਦੇ ਨਾਲ ਵੀ ਜ਼ਬਰ ਹੁੰਦੈ ਉਹਦੇ ਲਈ ਇਨਸਾਫ਼ ਮੰਗਣ ਵਾਸਤੇ ਆਵਾਜ਼ਾਂ ਉੱਠ ਪੈਂਦੀਆਂ ਨੇ। ਹਜੇ ਸਾਰੇ ਲੋਕ ਨ੍ਹੀ ਮਰੇ ਇਸ ਦੇਸ਼ ਦੇ। ਨਾਲੇ ਹੋਰ ਸੁਣਲੋ, ਜ਼ਬਰ-ਜ਼ੁਲਮ ਕਰਨ ਵਾਲਾ ਭਾਵੇਂ ਹੋਵੇ ਕੋਈ ਪੁਜਾਰੀ, ਭਾਵੇਂ ਹੋਵੇ ਸਾਧ ਸੰਤ ਤੇ ਭਾਵੇਂ ਕਿਸੇ ਸਰਦਾਰ ਦਾ ਕਾਕਾ, ਏਹਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ।” ਸਰਦਾਰ ਬੰਦੇ ਦੀਆਂ ਗੱਲਾਂ ਬਚਨੇ ਨੂੰ ਅੰਦਰ ਤੱਕ ਹਲੂਣ ਗਈਆਂ ਸਨ।
”ਸਰਦਾਰ ਜੀ ਮੈਂ ਵੀ ਖੜ੍ਹ ਸਕਦਾ ਮੋਮਬੱਤੀ ਲੈ ਕੇ ਆਪਣੀ ਵੀਰਾਂ ਵਾਸਤੇ?” ਬਚਨੇ ਨੇ ਪੁੱਛਿਆ ਜਰੂਰ ਪਰ ਬਿਨਾਂ ਜੁਆਬ ਦੀ ਉਡੀਕ ਕਰਿਆਂ, ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਨੌਜਵਾਨ ਤੋਂ ਮੋਮਬੱਤੀ ਫੜ, ਚੌਂਕ ਦੀਆਂ ਗਰਿਲਾਂ ਟੱਪਕੇ ਥੜ੍ਹੇ ‘ਤੇ ਜਾ ਖੜਿਆ ਸੀ।

गज़ल
– सूफीया दीपिका कौसर
मंजऱ सारा बदल रहा है, अब तो जागो!
हाथों से सब निकल रहा है, अब तो जागो!
    सत्ता की शह पाकर अब हर एक दरिंदा,
    चुन चुन कलियां मसल रहा है, अब तो जागो!
न्याय की देवी चीर हरण की वेदी पर है,
एक इक लम्हा फिसल रहा है, अब तो जागो!
    जिस भारत का ख्वाब शहीदों ने देखा था,
    हाकिम उसको कुचल रहा है, अब तो जागो!
नफऱत के जिस अजगर ने घेरा था हमको,
अब वो सबको निगल रहा है, अब तो जागो!
    भूल चुका है पिछली सारी हार और देखो,
    क़ातिल फिर से संभल रहा है, अब तो जागो!
खून की बू से ज़ालिम फिर मदमस्त है कौसर,
उसका खंजर मचल रहा है, अब तो जागो!

ਤ੍ਰੈਸ਼ੂਲ
-ਪ੍ਰੋਫੈਸਰ ਮੋਹਨ ਸਿੰਘ
ਵਸਲ ਦੀਆਂ ਬੇਚੈਨੀਆਂ ਤੱਕੀਆਂ,
ਹਿਜਰ ਦੀ ਖਾਧੀ ਫੰਡ ਓ ਯਾਰ ।
ਨੈਣਾਂ ਨੂੰ ਅਸਾਂ ਕਿਹਾ ਮਸ਼ਾਲਾਂ,
ਹੋਠਾਂ ਨੂੰ ਸ਼ੱਕਰ ਖੰਡ ਓ ਯਾਰ ।
ਜ਼ੁਲਫ਼ਾਂ ਨੂੰ ਅਸਾਂ ਬੱਦਲ ਬੰਨ੍ਹਿਆਂ,
ਮੂੰਹ ਨੂੰ ਬੰਨ੍ਹਿਆਂ ਚੰਦ ਓ ਯਾਰ ।
ਗਾ ਗਾ ਇਸ਼ਕ ਹੁਸਨ ਦੇ ਸੋਹਿਲੇ,
ਗਈ ਜੁਆਨੀ ਹੰਢ ਓ ਯਾਰ ।
ਏਸ ਵਿਸ਼ੈਲੇ ਚੌਗਿਰਦੇ ਵਿਚ,
ਪਿਆਰ ਨਾ ਪਾਂਦਾ ਠੰਢ ਓ ਯਾਰ ।
ਕਰ ਕਿਰਸਾਣੀ ਹਾਲੀ ਮਰ ਗਏ,
ਢਿਡ ਵੜਿਆ ਵਿਚ ਕੰਡ ਓ ਯਾਰ ।
ਕੁਟ ਕੁਟ ਚਉ ਲੋਹਾਰ ਮਰ ਗਏ,
ਮੋਚੀ ਛਿੱਤਰ ਗੰਢ ਓ ਯਾਰ ।
ਕਰ ਕਰ ਸੇਪੀਆਂ ਸੇਪੀ ਮਰ ਗਏ,
ਹਿੱਸੇ ਵਿਚ ਇਕ ਪੰਡ ਓ ਯਾਰ ।
ਚੁਣ ਚੁਣ ਅੰਨ ਜਟੇਟੀਆਂ ਮੋਈਆਂ,
ਮੁਕਣ ਨਾ ਤੋਹ ਤੇ ਵੰਡ ਓ ਯਾਰ ।
ਹਥ ਤਰਖਾਣਾਂ ਰੱਟਣ ਪੈ ਗਏ,
ਮੁਕੇ ਨਾ ਕਾਣੀ ਵੰਡ ਓ ਯਾਰ ।
ਚੰਗੀ ਭਲੀ ਉਪਜਾਊ ਧਰਤੀ,
ਸੰਢਿਆਂ ਕੀਤੀ ਸੰਢ ਓ ਯਾਰ ।
ਅਤ ਭੂਏ ਸਾਮੰਤੀ ਫਿਰਦੇ,
ਖ਼ਲਕਤ ਦਿੱਤੀ ਤ੍ਰੰਡ ਓ ਯਾਰ ।
ਨਿੱਤ ਡਰਾਵੇ ਜੰਗ ਦੇ ਦੇਵਣ,
ਸਾਮਰਾਜੀਏ ਘੰਡ ਓ ਯਾਰ ।
ਜ਼ੁਲਮ ਜਬਰ ਦੇ ਸ਼ੁਅਲੇ ਭੜਕੇ,
ਅੱਗ ਹੋਈ ਪਰਚੰਡ ਓ ਯਾਰ ।
ਲੂਸਿਆ ਗਿਆ ਹੁਸਨ ਦਾ ਮਥਾ,
ਸੜੀ ਇਸ਼ਕ ਦੀ ਝੰਡ ਓ ਯਾਰ ।
ਜਗ ਵਿਚ ਹਾਹਾਕਾਰ ਮਚ ਗਈ,
ਝੁਲਸ ਗਏ ਬ੍ਰਹਿਮੰਡ ਓ ਯਾਰ ।
ਜਾਗ ਕਿਰਤੀਆ, ਜਾਗ ਕਿਸਾਨਾ,
ਸਿਰ ਤੋਂ ਆਲਸ ਛੰਡ ਓ ਯਾਰ ।
ਉਠ ਲੋਹਾਰਾ ਤਾ ਦੇ ਭੱਠੀ,
ਤੇਜ਼ ਧੌਕਣੀ ਮੰਡ ਓ ਯਾਰ ।
ਦਮ ਭਰ ਕੇ ਇਕ ਮਾਰ ਹਥੌੜਾ,
ਦਾਤੀਆਂ ਦੇ ਮੂੰਹ ਚੰਡ ਓ ਯਾਰ ।
ਮੂੰਹ ਸੋਨੇ ਦਾ ਮੋੜ ਕਿਰਤੀਆ,
ਮਾਰ ਲੋਹੇ ਦੀ ਚੰਡ ਓ ਯਾਰ ।
ਦੇਹ ਇਕ ਚਿਣਗ ਹਥੌੜਿਓਂ ਸਾਨੂੰ,
ਜਗ ਵਿਚ ਦਈਏ ਵੰਡ ਓ ਯਾਰ ।
ਲਖ ਗੱਲਾਂ ਦੀ ਗੱਲ ਇਕ ਆਖਾਂ,
ਬੰਨ੍ਹ ਲੈ ਘੁਟ ਕੇ ਗੰਢ ਓ ਯਾਰ ।
ਪਾਟੀ ਕਿਰਤ ਗ਼ੁਲਾਮੀ ਕਟਦੀ,
ਜੁੜੀ ਜਿਤੇ ਬ੍ਰਹਿਮੰਡ ਓ ਯਾਰ ।
ਦਾਤੀਆਂ ਕਲਮਾਂ ਅਤੇ ਹਥੌੜੇ,
ਕਠੇ ਕਰ ਲਓ ਸੰਦ ਓ ਯਾਰ ।
ਤਗੜੀ ਇਕ ਤ੍ਰੈਸ਼ੂਲ ਬਣਾਉ,
ਯੁੱਧ ਕਰੋ ਪਰਚੰਡ ਓ ਯਾਰ ।
ਜੈ ਜੈ ਕਾਰ ਕਿਰਤ ਦੀ ਹੋਵੇ,
ਲਗੇ ਜ਼ੁਲਮ ਦੀ ਕੰਡ ਓ ਯਾਰ

ਕਵਿਤਾ
ਅਕਤੂਬਰ ਇਨਕਲਾਬ
– ਤੇਰਾ ਸਿੰਘ ਚੰਨ
‘ਚੰਨ’ ਵੇਖ ਕੇ ਜ਼ਿਮੀਂ ਤੇ ਚੌਧਵੀਂ ਦਾ,
ਵੇਲਾ ਯਾਦ ਆ ਗਿਆ ਹਨ੍ਹੇਰਿਆਂ ਦਾ।
ਕਿਵੇਂ ਕੜ ਹਨੇਰਾਂ ਦਾ ਪਾਟਿਆ ਸੀ,
ਤਕਿਆ ਮੂੰਹ ਸੀ ਕਿਵੇਂ ਸਵੇਰਿਆਂ ਦਾ।
ਤਾਰੇ ਮਿਹਨਤ ਦੇ ਵਾਲਾਂ ‘ਚ ਚਮਕ ਉੱਠੇ,
ਪਿਆ ਮੁਲ ਮਾਨੁਖ ਦੇ ਜੇਰਿਆਂ ਦਾ।
ਖਿੜਿਆ ਫੁੱਲ ਖ਼ਿਜ਼ਾਂ ਦੀ ਕਬਰ ਉੱਤੇ,
ਖਾਰਾਂ ਰੂਪ ਵਟਾ ਲਿਆ ਸੇਹਰਿਆਂ ਦਾ।
ਕਦੇ ਕਦੇ ਪਹਿਲਾਂ ਘਟਾਂ ਕਾਲੀਆਂ ‘ਚੋਂ,
ਬਿਜਲੀ ਵਾਂਗ ਚਾਨਣ ਝਾਤਾਂ ਮਾਰਦਾ ਸੀ।
ਜਿਵੇਂ ਲੀਰਾਂ ਦੇ ਹਿੱਲਣ ਤੇ ਲਿਸ਼ਕ ਪੈਂਦਾ,
ਜੋਬਨ ਕਿਸੇ ਗਰੀਬ ਮੁਟਿਆਰ ਦਾ ਸੀ।
ਪਹਿਲੀ ਵਾਰ ਜ਼ਮੀਨ ਦੀ ਗੋਦ ਅੰਦਰ,
ਉਤਰੀ ਅਰਸ਼ ਤੋਂ ਰੂਹ ਜਵਾਨੀਆਂ ਦੀ।
ਪਹਿਲੀ ਵਾਰ ਜ਼ਮਾਨੇ ਨੂੰ ਮਿਲੀ ਉਜ਼ਰਤ,
ਥਾਂ ਥਾਂ ਕੀਤੀਆਂ ਕਈ ਕੁਰਬਾਨੀਆਂ ਦੀ।
ਪਹਿਲੀ ਵਾਰ ਸਰਮਾਏ ਦੀ ਹਿੱਕ ਉਤੇ,
ਰੱਖੀ ਨੀਂਹ ਮਿਹਨਤ ਹੁਕਮਰਾਨੀਆਂ ਦੀ।
ਪਹਿਲੀ ਵਾਰ ਮਾਨੁਖ ਦੇ ਹੱਥ ਅੰਦਰ,
ਆਈ ਵਾਗ ਜਮਹੂਰ ਸੁਲਤਾਨੀਆਂ ਦੀ।
ਪਾ ਕੇ ਝਾਂਜਰਾਂ ਪੈਰਾਂ ‘ਚ ਦਾਤਰੀ ਨੇ,
ਪਹਿਲੀ ਵਾਰ ਬਹਾਰਾਂ ਦਾ ਨਾਚ ਨਚਿਆ।
ਪਹਿਲੀ ਵਾਰ ਹਥੌੜਿਆਂ ਬੰਨ੍ਹ ਸੇਹਰੇ,
ਪੁੰਗਰ ਸੋਹਲ ਪਿਆਰਾਂ ਦਾ ਨਾਚ ਨਚਿਆ।
ਆਸਾਂ ਟਹਿਕੀਆਂ, ਸੁਪਨਿਆਂ ਛਿੰਜ ਪਾਈ,
ਕਾਸੇ ਟੁਟ ਗਏ ਹੱਥੋਂ ਸੁਆਲੀਆਂ ਦੇ।
ਜਮ ਖ਼ੁਸ਼ੀ ‘ਚ ਅੱਥਰੂ ਬਣੇ ਮੁੱਕੇ,
ਸੂਹੇ ਮੂੰਹ ਹੋ ਗਏ ਕੰਗਾਲੀਆਂ ਦੇ।
ਚੜ੍ਹਤ ਵੇਖ ਕੇ ਚਾਨਣੇ ਲਸ਼ਕਰਾਂ ਦੀ,
ਤਖ਼ਤ ਡੋਲ ਗਏ ਤਾਕਤਾਂ ਕਾਲੀਆਂ ਦੇ।
ਝੰਡੇ ਕੌਮੀ ਆਜ਼ਾਦੀ ਦੇ ਏਸ਼ੀਆ ‘ਚੋਂ,
ਲੈ ਕੇ ਉਭਰੇ ਨਿਸ਼ਾਨੇ ਖੁਸ਼ਹਾਲੀਆਂ ਦੇ।
ਮੂੰਹ ਹਾਕਮਾਂ ਦੇ ਝੁਰ ਝੁਰ ਹੋਏ ਬੱਗੇ,
ਨੈਣ ਲਿਸ਼ਕ ਉਠੇ ਨੌਆਬਾਦੀਆਂ ਦੇ।
ਸੀਨੇ ਸੀਨੇ ਬਗਾਵਤਾਂ ਸੁਲਗ ਪਈਆਂ,
ਨਾਹਰੇ ਲਾਏ ਗ਼ੁਲਾਮਾਂ ਆਜ਼ਾਦੀਆਂ ਦੇ।
ਓਸੇ ‘ਚੰਨ’ ਨੂੰ ਦੇਣ ਸਲਾਮੀਆਂ ਅੱਜ,
ਥਾਂ ਥਾਂ ਤਾਰਿਆਂ ਵਾਂਗ ਅਵਾਮ ਉਠੇ।
ਨੈਣਾਂ ਵਿਚ ਸਵੇਰ ਲੈ ਜ਼ਿੰਦਗੀ ਦੀ,
ਹੱਥਾਂ ਵਿਚ ਲੈ ਜਬਰ ਦੀ ਸ਼ਾਮ ਉਠੇ।
ਵੀਤਨਾਮ, ਮਲਾਇਆ ਦੇ ਦੇਸ਼ ਸੂਰੇ,
ਲੈ ਕੇ ਘਰੋਂ ਬਗ਼ਾਵਤ ਦੇ ਜਾਮ ਉਠੇ।
ਭੜਕੇ ਹੋਏ ਈਰਾਨ ਦੇ ਤੇਲ ਵਿਚੋਂ,
ਲੈ ਬਰੂਦ ਨੇ ਅੱਧ ਗ਼ੁਲਾਮ ਉਠੇ।
ਅੱਜ ਲੈਨਿਨ ਸਟਾਲਿਨ ਦੇ ਮਕਬਰੇ ਤੇ,
ਨਜ਼ਰਾਂ ਝੁਕੀਆਂ ਕੁਲ ਜਹਾਨ ਦੀਆਂ।
ਸੌਹਾਂ ਰੱਤੀਆਂ ਖਾ ਕੇ ਲੋਕ ਉਠੇ,
ਜੜ੍ਹਾਂ ਪੁਟਣ ਲਈ ਬਾਕੀ ”ਸ਼ੈਤਾਨ” ਦੀਆਂ।

ਅਕਤੂਬਰ ਕ੍ਰਾਂਤੀ ਦੇ ਯੋਧਿਆਂ ਦੇ ਨਾਂਅ
ਤੁਸੀਂ ਸੈਲਾਬ ਦੀ ਹਿੱਕ ‘ਤੇ ਸਥਾਈ ਘਰ ਬਣਾਇਆ ਹੈ।
ਅਜ਼ਬ ਕੀਤੈ, ਤੁਸਾਂ ਝੱਖੜ ‘ਚ ਵੀ ਦੀਵਾ ਜਗਾਇਆ ਹੈ।
ਤੁਸੀਂ ਤਫ਼ਾਨ ਵਿਚ ਘਿਰ ਕੇ ਵੀ ਚੱਪੂ ਖੂਬ ਚਲਾਇਆ ਹੈ।
ਤੁਸੀਂ ਹਿੰਮਤ ਨਹੀਂ ਹਾਰੀ, ਕਿਨਾਰਾ ਕੋਲ ਆਇਆ ਹੈ।
ਜੋ ਦੁਸ਼ਮਣ ਦੀ ਸੀ ਫਿਤਰਤ, ਉਸ ਚੜ੍ਹਾਇਆ ਸਾਣ ਤੇ ਖੰਜ਼ਰ,
ਤੁਹਾਡੀ ਸੀ ਮਗਰ ਹਿੰਮਤ ਕਿ ਖੁੰਢਾ ਕਰ ਦਿਖਾਇਆ ਹੈ।
ਤੁਹਾਡੇ ਸਿਦਕ ਦੀ, ਹਿੰਮਤ ਦੀ, ਅੱਜ ਘਰ ਘਰ ‘ਚ ਹੈ ਚਰਚਾ,
ਯੁਗਾਂ ਤੋਂ ਜਿਸਦੀ ਲੋਚਾ ਸੀ  ਤੁਸਾਂ ਉਹ ਰਾਹ ਬਣਾਇਆ ਹੈ।
ਹਕੀਕਤ ਨੂੰ ਜੋ ਪਹਿਚਾਣੇ, ਜੋ ਤੱਥਾਂ ਨੂੰ ਗਵਾਹ ਮੰਨੇ,
ਉਹੀ ਹੁੰਦੈ ਵਿਗਿਆਨਕ, ਸਦਾ ਉਸ ਰਾਹ ਵਿਖਾਇਆ ਹੈ।
ਤੁਸਾਂ ਇਤਿਹਾਸ ਦੁਹਰਾਇਆ ਹੈ, ਮਾਨਵ ਦੀ ਆਜ਼ਾਦੀ ਦਾ,
ਤੁਹਾਡੀ ਸੋਚ ਨੂੰ ਸਿਜਦੈ, ਤੁਸਾਂ ਸੁਪਨਾ ਸਜਾਇਆ ਹੈ।
ਕਸੂਰ ਐਨਕ ਦਾ ਹੋਵੇਗਾ, ਕਿਸੇ ਨੂੰ ਜੇ ਨਹੀਂ ਦਿਸਦਾ,
ਤੁਹਾਡਾ ਪਰ ਅਸਾਂ ਚਲਣਾ, ਨਿਰਾ ਕੋਹ-ਤੂਰ ਪਾਇਆ ਹੈ।
ਮੁਸਾਫ਼ਰ ਪਾਰ ਲੰਘਣਗੇ, ਤੁਹਾਡੀ ਕਰਨਗੇ ਤਾਰੀਫ਼,
ਤੁਸਾਂ ਜੋ ਸਿਰਫਿਰੇ ਦਰਿਆ ਦੇ ਉਤੇ ਪੁਲ਼ ਬਣਾਇਆ ਹੈ।
– ਮੱਖਣ ਕੁਹਾੜ

See Also

 

 

 

वो सुबह हमीं से आएगी
जब धरती करवट बदलेगी जब क़ैद से क़ैदी छूटेंगे
जब पाप घरौंदे फूटेंगे जब काुल्म के बंधन टूटेंगे
उस सुबह को हम ही लाएँगे वो सुबह हमीं से आएगी
वो सुबह हमीं से आएगी।
    मनहूस समाजी ढाँचों में जब काुल्म न पाले जाएँगे
    जब हाथ न काटे जाएँगे जब सर न उछाले जाएँगे
    जेलों के बिना जब दुनिया की सरकार चलाई जाएगी
    वो सुबह हमीं से आएगी।
संसार के सारे मेहनत-कश खेतों से मिलों से निकलेंगे
बेघर बेदर बेबस इंसां तारीक बिलों से निकलेंगे
दुनिया अमन और $खुशहाली के फूलों से सजाई जाएगी
वो सुबह हमीं से आएगी
– साहिर लुध्यानवी

 

 

 

 

ਰਾਹਗੀਰ
ਗਿਰਝਾਂ ਤੇ ਘੁੱਗੀਆਂ
-ਇੰਦਰਜੀਤ ਚੁਗਾਵਾਂ
ਅਮਰੀਕਾ ਦੇ ਵੱਖ-ਵੱਖ ਸੂਬਿਆਂ ‘ਚ ਡ੍ਰਾਈਵਿੰਗ ਕਰਦਿਆਂ ਕੁਦਰਤ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਹਨ । ਏਸ ਦੌਰਾਨ ਪੰਜਾਬ ਚੋਂ ਗਾਇਬ ਹੋ ਗਈਆਂ ਚਿੜੀਆਂ ਵੀ ਏਧਰ ਦੇਖਣ ਨੂੰ ਮਿਲੀਆਂ ਹਨ। ਉਨ੍ਹਾਂ ਦੀ ਤਸਵੀਰਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਨਾਕਾਮ ਰਿਹਾ ਹਾਂ। ਇਹ ਸੋਚ ਕੇ ਚੰਗਾ ਲਗਦੈ ਕਿ ਪੰਛੀਆਂ-ਪਰਿੰਦਿਆਂ ਨੂੰ ਸਰਹੱਦ ਪਾਰ ਕਰਨ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਪੈਂਦੀ। ਜਿੱਥੇ ਵੀ ਦਾਣਾ-ਪਾਣੀ ਨਜ਼ਰ ਆਇਆ, ਓਧਰ ਤੁਰ ਪਏ ! ਚੰਗਾ ਲਗਦੈ ਇਨ੍ਹਾਂ ਨੂੰ ਦੇਖ ਕੇ ਤੇ ਇਨ੍ਹਾਂ ‘ਤੇ ਰਸ਼ਕ ਵੀ ਆਉਂਦੈ ! ਮੈਨੂੰ ਇਨ੍ਹਾਂ ਵੱਲ ਨੀਝ ਲਾ ਤੱਕਦਿਆਂ ਮੇਰਾ ਕੋ-ਡ੍ਰਾਈਵਰ ਬਹੁਤ ਖੁਸ਼ ਹੁੰਦੈ! “ਭਾਜੀ ਪੰਛੀਆਂ-ਪਰਿੰਦਿਆਂ ਨਾਲ ਤੁਹਾਡਾ ਖਾਸਾ ਈ ਮੋਹ ਐ”, ਜਰਨੈਲ ਸਿੰਘ ਆਖਦੈ। “ਹਾਂ, ਮੋਹ ਤਾਂ ਹੈ! ਦਰਅਸਲ ਬੰਦਾ ਉਸ ਨਾਲ ਈ ਮੋਹ ਕਰਦੈ ਜਿਸ ‘ਚੋਂ ਉਸ ਨੂੰ ਆਪਣਾ-ਆਪ ਨਜ਼ਰ ਆਵੇ ਜਾਂ ਜਿਸ ਨੂੰ ਉਹ ਹਾਸਲ ਕਰਨਾ ਚਾਹੁੰਦਾ ਹੋਵੇ,” ਮੱਠੀ ਜਿਹੀ ਮੁਸਕਰਾਹਟ ਨਾਲ ਮੈਂ ਜੁਆਬ ਦਿੱਤਾ । ਜਰਨੈਲ ਸਿੰਘ ਮੁਸਕਰਾਇਆ। ਉਹਨੂੰ ਮੇਰੀ ਗੱਲ ਚੰਗੀ ਲੱਗੀ ਸੀ ।
ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਤ ਜਰਨੈਲ ਸਿੰਘ ਨੂੰ ਅਮਰੀਕਾ ਆਏ ਨੂੰ ਪੰਜ ਸਾਲ ਤੋਂ ਉੱਪਰ ਸਮਾਂ ਹੋ ਗਿਐ । ਮੇਰੇ ਵਾਂਗ ਉਹ ਵੀ ਦੋ ਧੀਆਂ ਦਾ ਬਾਪ ਹੈ ਤੇ ਉਸ ਨੂੰ ਵੀ ਉਸ ਦੀ ਵੱਡੀ ਧੀ ਨੇ ਹੀ ਅਮਰੀਕਾ ਸੱਦਿਆ ਹੋਇਐ । ਉਹ ਚੰਗੀ ਤਰ੍ਹਾਂ ਇੱਥੋਂ ਦੀ ਜੀਵਨ-ਸ਼ੈਲੀ  ਨਾਲ ਰਚ-ਮਿਚ ਗਿਐ। ਮੇਰੇ ਵਾਂਗ ਨਹੀਂ ਹੈ ਜਿਵੇਂ ਤਾਜ਼ਾ ਖ਼ਰੀਦਿਆ ਬਲਦ ਖੁਰਲੀ ‘ਤੇ ਬੱਝਾ ਓਪਰਾ-ਓਪਰਾ ਝਾਕੀ ਜਾ ਰਿਹਾ ਹੋਵੇ। ਜਰਨੈਲ ਸਿੰਘ ਪੂਰਨ ਗੁਰਸਿੱਖ ਹੈ, ਮੇਰੀ ਨਜ਼ਰੇ ਸਹੀ ਮਾਅਨੇ ‘ਚ ਸਿੱਖ ! ਆਪਣੀ ਕੰਪਨੀ ਦੇ ਮਾਲਕਾਂ ਤੋਂ ਸੁਣਿਐ ਉਸ ਬਾਰੇ। ਪੰਜਾਬ ਤੋਂ ਨਵੇਂ ਆਏ ਕਿੰਨੇ ਬੰਦਿਆਂ ਦੀ ਉਹ ਨਿਰ-ਸੁਆਰਥ ਮਦਦ ਕਰ ਚੁੱਕੈ, ਕੋਈ ਗਿਣਤੀ ਨਹੀਂ ! ਉਸ ‘ਚੋਂ ਕੱਟੜਪ੍ਰਸਤੀ ਦੀ ਜ਼ਰਾ ਜਿੰਨੀ ਵੀ ਬੂਅ ਨਹੀਂ ਆਉਂਦੀ। ਉਹ ਪੂਰਾ ਆਸਤਿਕ ਤੇ ਮੈਂ ਨਾਸਤਿਕ। ਕਦੇ ਵੀ ਤਕਰਾਰ ਜਾਂ ਟਕਰਾਅ ਦਾ ਮੌਕਾ ਨਹੀਂ ਆਇਆ। ਉਹ ਜਦ ਠਰ੍ਹੰਮੇ ਨਾਲ ਆਪਣਾ ਪੱਖ ਰੱਖਦੈ ਤਾਂ ਮੈਨੂੰ ਬਹੁਤ ਚੰਗਾ ਲਗਦੈ । ਜਦ ਮੈਂ ਬਾਬੇ ਨਾਨਕ ਪ੍ਰਤੀ ਆਪਣੇ ਮੋਹ ਬਾਰੇ ਉਸਨੂੰ ਦੱਸਿਆ ਤੇ ਆਪਣੀ ਕਵਿਤਾ “ਇਹ ਨਹੀਂ ਨਾਨਕ” ਪੜ੍ਹਨ ਲਈ ਦਿੱਤੀ ਤਾਂ ਉਸਨੇ ਮੈਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ,” ਸਿੱਖ ਤੁਸੀਂ ਵੀ ਓ, ਇਹ ਗੱਲ ਵੱਖਰੀ ਐ ਕਿ ਤੁਸੀਂ ਬਾਣਾ ਨਹੀਂ ਪਾਇਆ।” ਜਰਨੈਲ ਸਿੰਘ ਜਦ ਗੁੱਝੀ ਗੱਲ ਕਰਕੇ ਮੁਸਕਰਾਉਂਦੈ ਤਾਂ ਮੈਨੂੰ ਆਪਣਾ ਬੇਲੀ ਚਾਨੀਆਂ ਵਾਲਾ ਦਵਿੰਦਰ ਉਸ ‘ਚੋਂ ਨਜ਼ਰ ਆਉਣ ਲੱਗਦੈ।
ਮੈਂ ਜਦ ਚਿੜੀਆਂ ਦੇ ਪੰਜਾਬ ‘ਚੋਂ ਗਾਇਬ ਹੋਣ ਤੇ ਏਧਰ ਨਜ਼ਰ ਆਉਣ ਦੀ ਗੱਲ ਉਸ ਨਾਲ ਛੇੜੀ ਤਾਂ ਉਸ ਦਾ ਜੁਆਬ ਸੀ,” ਇਹ ਸਭ ਕੁਦਰਤ ਦੀ ਮਾਇਆ ਹੈ, ਇੱਕ ਥਾਂ ਤੋਂ ਦਾਣਾ-ਪਾਣੀ ਮੁੱਕਿਆ ਤਾਂ ਦੂਸਰੀ ਜਗ੍ਹਾ ਪ੍ਰਬੰਧ ਵੀ ਨਾਲ ਈ ਹੋ ਜਾਂਦੈ ! ਏਸ ਨੂੰ ਈ ਤਾਂ ਪ੍ਰਵਾਸ ਦਾ ਨਾਂਅ ਦਿੱਤਾ ਗਿਐ!”
ਮੈਂ ਹੱਸਦਿਆਂ ਕਿਹਾ, ”ਜਰਨੈਲ ਸਿੰਹਾਂ, ਗਾਇਬ ਤਾਂ ਗਿਰਝਾਂ ਵੀ ਹੋਈਆਂ ਹਨ ਪੰਜਾਬ ‘ਚੋਂ ਪਰ ਉਹ ਏਧਰ ਨਜ਼ਰ ਨਹੀਂ ਆਈਆਂ!”
ਅੱਗੋਂ ਜਰਨੈਲ ਸਿੰਘ ਦੇ ਇਸ ਜੁਆਬ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ, ”ਵੱਡੇ ਭਾਜੀ, ਗਿਰਝਾਂ ਵੀ ਆਈਆਂ ਹੋਈਆਂ ਤੇ ਘੁੱਗੀਆਂ ਵੀ । ਜੇ ਤੁਸੀਂ ਚਿੜੀਆਂ ਦੀ ਫੋਟੋ ਨਹੀਂ ਖਿੱਚ ਪਾ ਰਹੇ ਤਾਂ ਇਹ ਗਿਰਝਾਂ ਵੀ ਤੁਹਾਡੀ ਪਕੜ ‘ਚ ਨਹੀਂ ਆਉਣਗੀਆਂ ਕਿਉਂਕਿ ਇਨ੍ਹਾਂ ਨੇ ਆਪਣੇ ਪਰ ਗਾਇਬ ਕਰ ਦਿੱਤੇ ਹਨ!….. ਉਹ ਗੁਰਦੁਆਰਿਆਂ-ਮੰਦਰਾਂ ‘ਚ ਸਾਫ਼-ਸੁਥਰੇ ਬਾਣੇ ਪਾ ਕੇ ਜਾਂਦੀਆਂ ਹਨ, ਇੱਕ ਡਾਲਰ ਦਾ ਮੱਥਾ ਟੇਕ ਕੇ ਭਰ-ਪੇਟ ਲੰਗਰ ਪਾਣੀ ਛਕਦੀਆਂ ਹਨ ਤੇ ਫੇਰ ਸੰਗਤ ‘ਚੋਂ ਨਿਆਸਰੀਆਂ-ਨਿਤਾਣੀਆਂ, ਮਾਸੂਮ ਘੁੱਗੀਆਂ ਦੀ ਭਾਲ ਕਰਨ ਲੱਗਦੀਆਂ ਹਨ!”
ਗੱਲ ਸਮਝ ਤਾਂ ਪੈ ਗਈ ਸੀ ਪਰ ਚਾਹੁੰਦਾ ਸੀ ਕਿ ਗੁਰੂ ਦਾ ਸਿੱਖ ਹੀ ਆਪਣੇ ਮੂੰਹੋਂ ਪਰਦਾ ਚੁੱਕੇ । ਇਸ ਲਈ ਆਖ ਦਿੱਤਾ, ”ਭੇਤ ਭਰੀਆਂ ਗੱਲਾਂ ਸਮਝਣ ਜੋਗੀ ਮੱਤ ਨਹੀਂ ਮੇਰੀ ਜਰਨੈਲ ਸਿੰਘ ਜੀ ! ਜ਼ਰਾ ਖੋਲ੍ਹ ਕੇ ਵਿਖਿਆਨ ਕਰੋ !”
ਉਹ ਥੋੜ੍ਹਾ ਭਾਵੁਕ ਹੋ ਗਿਆ ਸੀ ! “ਮੈਨੂੰ ਆਪਣਾ ਝੱਗਾ ਚੁੱਕਣ ਲਈ ਆਖ ਰਿਹੈ ਵੱਡਾ ਭਰਾ ! ….ਕੋਈ ਗੱਲ ਨਹੀਂ …ਢਿੱਡ ਮੇਰਾ ਈ ਨਹੀਂ ,ਤੁਹਾਡਾ ਵੀ ਨੰਗਾ ਹੋਣੈਂ !” ਏਨਾ ਆਖ ਜਰਨੈਲ ਸਿੰਘ ਡੂੰਘਾ ਸਾਹ ਲੈ ਆਖਣ ਲੱਗਾ, ”ਲੈ ਸੁਣ ਜ਼ਰਾ ਤਕੜਾ ਹੋ ਕੇ … !” ਤੇ ਉਹ ਸ਼ੁਰੂ ਹੋ ਗਿਆ, ”ਨਿਰਵੈਰ ਸਿੰਹੂ ਨੂੰ ਜਾਣਦੇ ਓ ਨਾ!”
ਮੇਰੇ ਸਾਹਮਣੇ ਉਹ ਵਿਅਕਤੀ ਵੀ ਆ ਖੜੋਇਆ.. ਪੂਰਨ ਗੁਰਸਿੱਖ … ਲੰਮਾ ਦਾੜ੍ਹਾ…ਸਫ਼ੈਦ ਕੁੜਤਾ-ਪਜਾਮਾ … ਹਰ ਵੇਲੇ ਸਿਮਰਨ ..! ਪਤਾ ਲੱਗਾ ਸੀ ਕਿ ਉਹ ਤਾਂ ਟਰੱਕ ਚਲਾਉਂਦੇ ਸਮੇਂ ਵੀ ਸ਼ਬਦ-ਕੀਰਤਨ ਈ ਸਰਵਣ ਕਰਦੈ । ਕੋ-ਡਰਾਈਵਰ ਵੀ ਕੋਈ ਦੂਸਰਾ ਗੀਤ ਨਹੀਂ ਸੁਣ ਸਕਦਾ ਉਸ ਦੇ ਨਾਲ ਬੈਠਿਆਂ ! ਉਹ ਅਮਰੀਕਾ ‘ਚ ਵਿਜ਼ਟਰ ਵੀਜ਼ੇ ‘ਤੇ ਆਇਆ ਸੀ ਤੇ ਬਾਅਦ ‘ਚ ਉਸੇ ਦੀ ਭਾਸ਼ਾ ‘ਚ ‘ਸਾਲਮ’ (ਪੁਲਿਟੀਕਲ ਅਸਾਈਲਮ) ਦਾ ਕੇਸ ਲਾ ਦਿੱਤਾ। ਉਸ ਬਾਰੇ ਕਦੇ ਕੋਈ ਮਾੜੀ-ਚੰਗੀ ਸੁਣਨ ਨੂੰ ਨਹੀਂ ਮਿਲੀ ਸੀ। ਮਿਲਣੀ ਵੀ ਕਿੱਥੋਂ ਸੀ, ਬਹੁਤ ਦੂਰ ਰਹਿੰਦਾ ਸੀ ਸਾਡੇ ਕੋਲੋਂ। ਉਸਦਾ ਜ਼ਿਕਰ ਸੁਣਦਿਆਂ ਈ ਮੇਰੇ ਕੰਨ ਖੜੇ ਹੋ ਗਏ।
“ਉਹ ਮੁੰਡੇ ਦਾ ਵਿਆਹ ਕਰਨ ਗਿਆ ਹੋਇਐ ਇੰਡੀਆ !” ਜਰਨੈਲ ਸਿੰਘ ਨੇ ਗੱਲ ਅੱਗੇ ਤੋਰੀ । ਮੈਂ ਹੈਰਾਨ ਹੋ ਗਿਆ ਕਿ ਉਹ ਇੰਡੀਆ ਕਿਵੇਂ ਚਲੇ ਗਿਆ । ਉਸ ਨੇ ਤਾਂ ਅਸਾਈਲਮ ਲਈ ਕੇਸ ਕੀਤਾ ਹੋਇਐ! ਜਰਨੈਲ ਸਿੰਘ ਨੇ ਸ਼ੰਕੇ ਨਵਿਰਤ ਕਰਦਿਆਂ ਦੱਸਿਆ ਕਿ ਨਿਰਵੈਰ ਸਿੰਹੁ ਨੇ ਫਿਜ਼ੀ ਦੀ ਇੱਕ ਭਾਰਤੀ ਮੂਲ ਦੀ ਸੱਤਰ ਵਰ੍ਹਿਆਂ ਦੀ ਬੀਬੀ ਨੂੰ ਕੁੜਿੱਕੀ ‘ਚ ਲੈ ਕੇ ਗਰੀਨ ਕਾਰਡ ਹਾਸਲ ਕਰਕੇ ਅਸਾਈਲਮ ਵਾਲਾ ਕੇਸ ਵਾਪਸ ਲੈ ਲਿਐ।
ਫਿਜ਼ੀ ਦੀ ਇਸ ਬੀਬੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ । ਉਸ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਕੋਲ ਉਹ ਏਥੇ ਅਮਰੀਕਾ ਆ ਗਈ ਸੀ। ਉਸ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ । ਉਹ ਕਦੇ ਇੱਕ ਧੀ ਕੋਲ, ਕਦੇ ਦੂਸਰੀ ਕੋਲ ਰਹਿਕੇ ਦਿਨ-ਕਟੀ ਕਰ ਰਹੀ ਸੀ। ਧੀਆਂ ਦੇ ਸਹੁਰੇ ਉਸਨੂੰ ਆਪਣੇ ਨਾਲ ਰੱਖਕੇ ਖੁਸ਼ ਨਹੀਂ ਸਨ । ਧੀਆਂ ਨੇ ਸੋਚਿਆ ਕਿ ਜੇ ਮਾਂ ਨੂੰ ਕੋਈ ਸਾਥੀ ਮਿਲ ਜਾਵੇ ਤਾਂ ਉਹ ਬੁਢੇਪੇ ‘ਚ ਬੇਚਾਰਗੀ ਤੋਂ ਬਚ ਜਾਵੇਗੀ । ਉਹ ਪੱਲਿਓਂ ਪੈਸਾ ਖ਼ਰਚਣ ਲਈ ਤਿਆਰ ਸਨ। ਇਸ ਗੱਲ ਦੀ ਭਿਣਕ ਨਿਰਵੈਰ ਸਿੰਘ ਨੂੰ ਲੱਗ ਗਈ। ਉਸ ਲਈ ਇਹ ਸੁਨਹਿਰੀ ਮੌਕਾ ਸੀ । ਸੌਦਾ ਤੈਅ ਕਰ ਲਿਆ ਗਿਆ! ਇੰਡੀਆ ਵਾਲੀ ਪਤਨੀ ਤੋਂ ਕਾਗਜ਼ੀ ਤਲਾਕ ਲੈ ਕੇ ਉਸ ਬੀਬੀ ਨਾਲ ਵਿਆਹ ਕਰ ਲਿਆ। ਮਿੱਥੇ ਸੌਦੇ ਮੁਤਾਬਕ ਧੀਆਂ ਨੇ ਆਪਣੀ ਮਾਂ ਦੇ ਬੈਂਕ ਖਾਤੇ ‘ਚ ਪੰਜਾਹ ਹਜ਼ਾਰ ਡਾਲਰ ਜਮ੍ਹਾਂ ਕਰਵਾ ਦਿੱਤੇ ਤਾਂ ਕਿ ਉਹ ਆਪਣੇ ਲਈ ਘਰ ਖਰੀਦ ਸਕਣ!
ਜਰਨੈਲ ਸਿੰਘ ਦੁਖੀ ਮਨ ਨਾਲ ਦੱਸ ਰਿਹਾ ਸੀ, ”ਗੁਰੂ ਦੇ ‘ਸਿੰਘ’ ਨੇ ਆਪਣੀ ਨਵੀਂ ਪਤਨੀ ਨੂੰ ਭਰਮਾ ਕੇ ਉਹ ਪੰਜਾਹ ਹਜ਼ਾਰ ਡਾਲਰ ਆਪਣੇ ਖਾਤੇ ‘ਚ ਟਰਾਂਸਫਰ ਕਰਵਾ ਲਏ। ਗਰੀਨ ਕਾਰਡ ਮਿਲਦਿਆਂ ਹੀ, ਘਰ ਖਰੀਦਣ ਦੀ ਥਾਂ ਟਿਕਟ ਲੈ ਇੰਡੀਆ ਆਪਣੇ ਪੁੱਤ ਦਾ ਵਿਆਹ ਕਰਨ ਚਲੇ ਗਿਆ।”
ਆਪਣੀ ਗੱਲ ਜਾਰੀ ਰੱਖਦਿਆਂ ਜਰਨੈਲ ਸਿੰਘ ਆਖ ਰਿਹਾ ਸੀ, ”ਕਹਾਣੀ ਏਥੇ ਖਤਮ ਹੋ ਜਾਂਦੀ ਤਾਂ ਫੇਰ ਵੀ ਹੋਊ ਪਰੇ ਕੀਤਾ ਜਾ ਸਕਦਾ ਸੀ । ਹੁਣ ਉਹ ਰਹਿੰਦਾ ਤਾਂ ਆਪਣੀ  ਨਵੀਂ ਪਤਨੀ ਨਾਲ ਕਿਰਾਏ ਦੇ ਅਪਾਰਟਮੈਂਟ ‘ਚ ਹੈ ਪਰ ਸੌਂਦਾ ਉਸ ਨਾਲ ਨਹੀਂ । ਇਸ ਕੰਮ ਲਈ ਉਸਨੇ ਪੰਜਾਬ ਤੋਂ ਵਿਜ਼ਟਰ ਵੀਜ਼ੇ ‘ਤੇ ਆਈ ਇੱਕ ਲੜਕੀ ਰੱਖੀ ਹੋਈ ਹੈ ਜਿਸ ਨੂੰ ਪਨਾਹ ਦੇਣ ਵਾਲਾ ਉਸਦਾ ਕੋਈ ਵੀ ਰਿਸ਼ਤੇਦਾਰ ਏਥੇ ਨਹੀਂ ਹੈ। ਇਸ ਲੜਕੀ ਨੇ ਵੀ ਅਸਾਈਲਮ ਦਾ ਕੇਸ ਫ਼ਾਈਲ ਕੀਤਾ ਹੋਇਐ ਤੇ ਉਸ ਨੂੰ ਵੀ ਰਾਤ ਗੁਜ਼ਾਰਨ ਲਈ ਛੱਤ ਦੀ ਲੋੜ ਸੀ। ਇਹ ਲੜਕੀ ਉਸਦੀ ਆਪਣੀ ਧੀ ਦੇ ਹਾਣ ਦੀ ਹੋਵੇਗੀ। ਇਹ ਵੀ ਗੁਰੂ-ਦੁਆਰੇ ‘ਚੋਂ ਉਸਦੀ ਕੁੜਿੱਕੀ ‘ਚ ਫਸੀ ਹੈ ਤੇ ਧੀ ਬਣਾਕੇ ਹੀ ਉਸਨੂੰ  ਆਪਣੇ ਕੋਲ ਲਿਆਇਆ ਸੀ। ਹੁਣ ਨਾ ਤਾਂ ਫਿਜੀ ਵਾਲੀ ਬੀਬੀ ਕੁੱਝ ਕਹਿ ਸਕਦੀ ਹੈ ਤੇ ਨਾ ਹੀ ਉਹ ਲੜਕੀ। ਦੋਵੇਂ ਮਜਬੂਰ ਹਨ, ਦੋਵਾਂ ਦਾ ਕੋਈ ਝਾਲੂ ਨਹੀਂ ਹੈਂ! ਸਿਤਮ ਦੇਖੋ ! ਨਾਂਅ ਹੈ ਨਿਰਵੈਰ ਤੇ ਕਰਤੂਤਾਂ …..! ਇਹੋ ਜਿਹੇ ਲੋਕਾਂ ਦੇ ਨਾਂਅ ਨਾਲ ਸਿੰਘ ਲਾਉਣਾ ਮੈਨੂੰ ਗੁਨਾਹ ਜਾਪਦੈ ..!”
“ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਨਹੀਂ ਖ਼ਬਰ ਉਹਦੀਆਂ ਇਨ੍ਹਾਂ ਕਰਤੂਤਾਂ ਦੀ?” ਮੇਰਾ ਸੁਆਲ ਸੀ। “ਸਭ ਜਾਣਦੇ ਹਨ ਪਰ ਬੋਲਣ ਜੋਗਾ  ਕੋਈ ਨਹੀਂ ਤੇ ਸਾਡੇ ਵਰਗਿਆਂ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ ! ਦਾਲ ਹੀ ਕਾਲ਼ੀ ਹੈ, ਕਰੀਏ ਤਾਂ ਕੀ ਕਰੀਏ?”
ਦੁਖੀ ਮਨ ਨਾਲ ਮੈਂ ਕਿਹਾ, ”ਜਰਨੈਲ ਸਿੰਘਾ, ਬਾਣਾ ਦੇਖ ਕੇ ਤਾਂ ਨਹੀਂ  ਲੱਗਦਾ ਕਿ ਅਜਿਹੇ ਨੀਚ ਕਿਰਦਾਰ ਦਾ ਮਾਲਕ ਹੋਵੇਗਾ ਨਿਰਵੈਰ ਸਿੰਹੁ! ਦੇਖਣ ਨੂੰ ਕਿੰਨਾ ਸੋਹਣਾ ਗੁਰਸਿੱਖ ਜਾਪਦੈ। ਲੱਗਦਾ ਨਹੀਂ ਸੀ ਕਿ ਇਸ ਕਰਤੂਤ ਦਾ ਮਾਲਕ ਹੋਵੇਗਾ!  ਬਾਣਾ ਤੁਹਾਡੇ ਵੀ ਉਹੀ ਹੈ ਪਰ ਕਿਰਦਾਰ ‘ਚ ਕਿੰਨਾ ਵੱਡਾ ਫਰਕ ਐ!”
“ਬਾਣਾ ਪਹਿਨ ਕੇ ਤੇ ਬਾਣੀ ਪੜ੍ਹਕੇ ਹੀ ਕੋਈ ਗੁਰਸਿੱਖ ਨਹੀਂ ਬਣ ਜਾਂਦਾ, ਗੁਰਸਿੱਖ ਹੋਣ ਲਈ ਪਹਿਲਾਂ ਆਪਾ ਕੁਰਬਾਨ ਕਰਨ ਦਾ ਤਹੱਈਆ ਕਰਨਾ ਪੈਂਦਾ ਹੈ, ਨਿਮਾਣਿਆਂ-ਨਿਤਾਣਿਆਂ ਦੀ ਰਾਖੀ ਨੂੰ ਸਭ ਤੋਂ ਉੱਪਰ ਰੱਖਣ ਦਾ ਸੰਕਲਪ ਹਰ ਵੇਲੇ ਮਨ-ਮਸਤਕ ‘ਚ ਵਸਾਉਣਾ ਪੈਂਦਾ ਹੈ ! …ਇਹੋ ਜਿਹੇ  ਵਿਅਕਤੀ ਗੁਰਸਿੱਖ ਨਹੀਂ , ਇਹ ਤਾਂ ਗਿਰਝਾਂ ਹਨ।… ਹੁਣ ਤੁਸੀਂ ਦੱਸੋ ਕਿ ਗਿਰਝਾਂ ਵੀ ਪਰਵਾਸ ਕਰਕੇ ਆਈਆਂ ਹੋਈਆਂ ਹਨ ਕਿ ਨਹੀਂ ! …ਇਸ ਦੇ ਪੰਜੇ ‘ਚ ਆਈ ਪੰਜਾਬਣ ਕੁੜੀ ‘ਘੁੱਗੀ’ ਨਹੀਂ ਤਾਂ ਹੋਰ ਕੀ ਹੈ ! ਤੇ ਇਹ ਇਕੱਲਾ ਨਹੀਂ, ਬਹੁਤ ਸਾਰੀਆਂ ਅਜਿਹੀਆਂ ਗਿਰਝਾਂ ਹਨ ਪਰ ਸਾਡੇ ਭਾਈਚਾਰੇ ਨੂੰ ਪਤਾ ਨਹੀਂ ਕੀ ਹੋ ਗਿਐ ਕਿ ਇਨ੍ਹਾਂ ਖ਼ਿਲਾਫ਼ ਜ਼ੁਬਾਨ ਈ ਨਹੀਂ ਖੋਲ੍ਹ ਰਿਹਾ ! … ਤੁਸੀਂ ਪਰਵਾਸ ਕਰਕੇ ਆਈਆਂ ਚਿੜੀਆਂ ਦੀ ਤਸਵੀਰ ਉਤਾਰਨ ਲਈ ਉਤਾਵਲੇ ਓ, ਇਨ੍ਹਾਂ ਗਿਰਝਾਂ ਦੀ ਸਹੀ ਤਸਵੀਰਕਸ਼ੀ ਕੌਣ ਕਰੇਗਾ, ਘੁੱਗੀਆਂ ਨੂੰ ਇਨ੍ਹਾਂ ਦੇ ਪੰਜਿਆਂ ‘ਚੋਂ ਕੌਣ ਬਚਾਏਗਾ?” ਜਰਨੈਲ ਸਿੰਘ ਦੇ ਅੰਦਰਲੇ ਰੋਹ ਤੇ ਉਸਦੀ ਸੰਵੇਦਨਾ ਦੀਆਂ ਤਰੰਗਾਂ ਮੈਨੂੰ ਹਲੂਣ ਰਹੀਆਂ ਸਨ।
“ਇਨ੍ਹਾਂ ਗਿਰਝਾਂ ਨੂੰ ਬੇਪਰਦ ਕਰਨ ਦੀ ਸਖ਼ਤ ਲੋੜ ਹੈ ਤੇ ਇਹ ਕਾਰਜ ਵੀ ਸਿੱਖ ਭਾਈਚਾਰੇ ਦੇ ਅੰਦਰੋਂ ਹੋਵੇ ਤਾਂ ਉਸ ਦਾ ਅਸਰ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਵੇਗਾ। …ਤੇ ਇਹ ਗਿਰਝਾਂ ਕੇਵਲ ਸਿੱਖੀ ਬਾਣੇ ਵਾਲ਼ੀਆਂ ਈ ਨਹੀਂ, ਹੋਰ ਵੀ ਹਨ,” ਮੈਂ ਕਿਹਾ।
“ਠੀਕ ਐ ਤੁਹਾਡੀ ਗੱਲ । ਮੈਂ ਤਾਂ ਜਿੱਥੇ ਵੀ ਮੌਕਾ ਮਿਲੇ ਇੰਨ੍ਹਾਂ ਗਿਰਝਾਂ ਖ਼ਿਲਾਫ਼ ਨਫ਼ੇ-ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾ ਖੁੱਲ੍ਹਕੇ ਬੋਲਦਾ ਹਾਂ, ਤੁਸੀਂ ਵੀ ਕਲਮਾਂ ਵਾਲੇ ਓ, ਤੁਹਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਨਹੀਂ,” ਜਰਨੈਲ ਸਿੰਘ ਨੇ ਸੁਆਲ ਕਰਕੇ ਮੇਰੇ ਵੱਲ ਗਹੁ ਨਾਲ ਦੇਖਿਆ।
“ਵੱਡਾ ਭਰਾ ਹੋਵੇ ਗੁਰੂ ਦੇ ਜਰਨੈਲ ਦਾ ਤੇ ਫਰਜ਼ ਤੋਂ ਮੂੰਹ ਮੋੜ ਜਾਵੇ, ਇਹ ਕਿਵੇਂ ਹੋ ਸਕਦੈ!” ਆਪਣੇ ਜੁਆਬ ਨਾਲ ਜਰਨੈਲ ਸਿੰਘ ਦੇ ਚਿਹਰੇ ਤੋਂ ਤਸੱਲੀ ਦੇ ਭਾਵ ਮੈਂ ਸਾਫ਼ ਪੜ੍ਹ ਰਿਹਾ ਸੀ !
ਅੱਗੇ ਬਹੁਤ ਤਿੱਖੀ ਢਲਾਣ ਸੀ । ਜਰਨੈਲ ਸਿੰਘ ਮੈਨੂੰ ਦੱਸ ਰਿਹਾ ਸੀ ਕਿ ਇੰਜਣ-ਬ੍ਰੇਕ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ, ਮੈਨੂਅਲ ਗੀਅਰ ਦੀ ਵਰਤੋਂ ਕਦੋਂ ਕਰਨੀ ਹੈ ! ਮੈਂ ਉਸਦੀ ਸਲਾਹ ‘ਤੇ ਅਮਲ ਕਰਦਿਆਂ ਟਰੱਕ ਚਲਾ ਰਿਹਾ ਸੀ ਤੇ ਨਾਲ਼ੋ-ਨਾਲ਼ ਸੋਚ ਰਿਹਾ ਸੀ ਕਿ ਸਾਡਾ ਭਾਈਚਾਰਾ ਢਲਾਣ ਵੱਲ ਜਾ ਰਹੇ ਆਪਣੇ ਟਰੱਕ ਦੀਆਂ ਇੰਜਣ-ਬ੍ਰੇਕਾਂ ਦੀ ਸੁਯੋਗ ਵਰਤੋਂ ਕਦੋਂ ਕਰੇਗਾ ?… ਗਿਰਝਾਂ ਨੂੰ ਸਰੇਆਮ ਬੇਪਰਦ ਕਰਨ ਦੀ ਹਿੰਮਤ ਕਦ ਜੁਟਾਵੇਗਾ ? …ਘੁੱਗੀਆਂ ਨੂੰ ਗਿਰਝਾਂ ਦੇ ਪੰਜਿਆਂ ‘ਚੋਂ ਬਚ ਨਿਕਲਣ ਦਾ ਵੱਲ ਕਦ ਆਵੇਗਾ?

Scroll To Top