ਇਹ ਕਹਾਣੀ ਨਹੀਂ!
ਆਈ ਐਮ ਏ ਕਮਿਊਨ-ਇਸ਼ਟ!
ਜ਼ਿੰਦਗੀ ਸਾਵੀਂ ਪੱਧਰੀ ਨਹੀਂ ਹੁੰਦੀ ਤੇ ਹੋਣੀ ਵੀ ਨਹੀਂ ਚਾਹੀਦੀ। ਇਸ ਵਿਚ ਬਹੁਤ ਉਤਾਰ-ਚੜਾਅ, ਮੋੜ-ਘੇੜ, ਆਉਂਦੇ ਰਹਿੰਦੇ ਹਨ। ਕਈ ਮੋੜ-ਘੇੜ ਅਜਿਹੇ ਹੁੰਦੇ ਹਨ ਕਿ ਬੰਦਾ ਅੱਕ ਜਾਂਦਾ ਹੈ ਤੇ ਖਿੱਝ ਕੇ ਆਪਣਿਆਂ ‘ਤੇ ਹੀ ਗੁੱਸਾ ਕੱਢਣ ਲੱਗ ਜਾਂਦਾ ਹੈ ਤੇ ਜਦ ਥੋੜ੍ਹਾ ਸ਼ਾਂਤ ਹੁੰਦਾ ਹੈ ਤਾਂ ਸੋਚਦਾ ਹੈ ਕਿ ਯਾਰ ਮੈਂ ਕਿੰਨਾ ਬੇਵਕੂਫ ਹਾਂ, ਜਿਨ੍ਹਾਂ ‘ਤੇ ਗੁੱਸਾ ਕੱਢ ਰਿਹਾ ਹਾਂ, ਉਨ੍ਹਾਂ ਦਾ ਕਸੂਰ ਤਾਂ ਕੋਈ ਵੀ ਨਹੀਂ। ਪਰ ਕੁੱਝ ਮੋੜ ਅਜਿਹੇ ਹੁੰਦੇ ਹਨ ਕਿ ਬੰਦਾ ਏਨੀ ਸਹਿਜ, ਏਨੀ ਵਿਸਮਾਦਮਈ ਅਵਸਥਾ ਵਿਚ ਆ ਜਾਂਦਾ ਹੈ ਕਿ ਉਸ ਦਾ ਵਸ ਚਲੇ ਤਾਂ ਉਹ ਉਸ ਅਵਸਥਾ ਵਿਚ ਹੀ ਰਹਿਣਾ ਪਸੰਦ ਕਰੇ; ਪਰ ਇਹ ਸੰਭਵ ਨਹੀਂ ਹੁੰਦਾ। ਇਕੋ ਅਵਸਥਾ ਵਿਚ ਰਹਿਣ ਦਾ ਮਤਲਬ ਸਿਥਲਤਾ ਹੁੰਦਾ ਹੈ ਤੇ ਸਿਥਲਤਾ ਦਾ ਮਤਲਬ ਜ਼ਿੰਦਗੀ ਨਹੀਂ ਮੌਤ ਹੁੰਦਾ ਹੈ। ਇਹ ਗੱਲ ਜ਼ਰੂਰ ਹੈ ਕਿ ਬੰਦਾ ਵਿਸਮਾਦ ‘ਚੋਂ ਬਾਹਰ ਆਉਣਾ ਚਾਹੁੰਦਾ ਨਹੀਂ, ਤੇ ਇਸ ਵਿਸਮਾਦ ਨੂੰ ਕੋਈ ਤੀਸਰਾ ਵਿਅਕਤੀ ਆ ਕੇ ਭੰਗ ਕਰ ਦੇਵੇ ਤਾਂ ਕੋਈ ਵਿਰਲਾ ਹੀ ਹੁੰਦਾ ਹੈ ਜੋ ਆਪਣਾ ਤਵਾਜ਼ਨ ਕਾਇਮ ਰੱਖ ਸਕੇ।
ਗੱਲ ਪਿਛਲੇ ਦਿਨਾਂ ਦੀ ਹੈ। ਘਰ ਆਣ ਖੜੀ ਇਕ ਅਚਨਚੇਤੀ ਮੁਸ਼ਕਲ ਨੇ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਸੀ । ਸਾਡੀ ਇਕ ਬਹੁਤ ਹੀ ਪਿਆਰੀ ਦੁਧਾਰੂ ਮੱਝ ਬਿਮਾਰ ਹੋ ਗਈ। ਮੱਝ ਤਾਂ ਮੱਝ ਹੀ ਹੁੰਦੀ ਹੈ, ਗਾਂ ਨਹੀਂ ਹੁੰਦੀ। ਮੱਝ ਬਿਮਾਰ ਹੋ ਜਾਵੇ, ਮਰ ਵੀ ਜਾਵੇ ਤਾਂ ਕੋਈ ਵੱਡਾ ਮਸਲਾ ਨਹੀਂ ਬਣਦਾ, ਪਰ ਜੇ ਗਾਂ ਬੀਮਾਰ ਪੈ ਜਾਵੇ, ਕਿਤੇ ਮਰ ਜਾਵੇ ਤਾਂ ਤੂਫ਼ਾਨ ਖੜਾ ਹੋ ਜਾਂਦਾ ਹੈ। ਲੋਕਾਂ ਵਿਚ ਇਕ ਅਜੀਬ ਜਿਹਾ ਭੈਅ ਖੜਾ ਹੋ ਜਾਂਦਾ ਹੈ। ਆ ਕੇ ਇਹ ਨਹੀਂ ਪੁੱਛਣਗੇ ਕਿ ਗਾਂ ਕਿਵੇਂ ਮਰੀ, ਉਹ ਪੁੱਛਣਗੇ, ”ਆਇਆ ਕੋਈ ਚੁੱਕਣ?” ਫਿਰ ਆਖਣਗੇ, ”ਜਲਦੀ ਜਲਦੀ ਚੁਕਾਓ, ਸਾਨੂੰ ਤਾਂ ਇਹੀ ਡਰ ਐ ਕਿ ਹੋਰ ਨਾ ਕਿਤੇ ਤਿਲਕਾਂ ਵਾਲੇ, ਤ੍ਰਿਸ਼ੂਲਾਂ ਵਾਲੇ ਆ ਕੇ ਗਊ ਮਾਤਾ, ਗਊ ਮਾਤਾ ਦਾ ਖੌਰੂ ਪਾਉਣ ਲੱਗ ਜਾਣ।”
ਤੇ ਉਪਰੋਂ ਮੁਰਦਾਰ ਚੁੱਕਣ ਵਾਲੇ ਵੀ ਹੁਣ ਵੱਡਾ ਪਸ਼ੂ ਚੁੱਕਣ ਲੱਗਿਆਂ ਇੱਕ ਹਜ਼ਾਰ ਰੁਪਏ ਤੋਂ ਘੱਟ ਨਹੀਂ ਲੈਂਦੇ। ਪਹਿਲਾਂ ਤਾਂ ਮੁਰਦਾ ਪਸ਼ੂ ਦਾ ਜੇ ਕੋਈ ਚਾਹੇ ਤਾਂ ਮੁੱਲ ਵੀ ਵੱਟ ਲੈਂਦਾ ਸੀ। ਹੁਣ ਤਾਂ ”ਅੱਛੇ ਦਿਨ” ਕਾਹਦੇ ਆਏ, ਸਭ ਕੁਝ ਉਲਟਾ ਪੁਲਟਾ ਹੋ ਗਿਐ। ਇਕ ਤਾਂ ਪਸ਼ੂ ਦੀ ਮੌਤ ਨਾਲ ਬੰਦਾ ਆਪ ਮਰਿਆ ਹੁੰਦੈ ਤੇ ਉਪਰੋਂ ਜੇਬ ‘ਚੋਂ ਰੁੱਗ ਭਰ ਕੇ ਹੋਰ ਦੇਣੇ ਪੈਂਦੇ ਹਨ। ਜੇਬ ‘ਚੋਂ ਕਾਹਦਾ, ਕਾਲਜੇ ਦਾ ਈ ਰੁੱਗ ਭਰਿਆ ਜਾਂਦੈ। ਉਹ ਵੀ ਕੀ ਕਰਨ, ਮੁਰਦਾਰ ਚੁੱਕ ਕੇ ਲਿਜਾਂਦਿਆਂ ਕੀ ਪਤਾ ਰਸਤੇ ਵਿੱਚ ਕੀ ਭਾਣਾ ਵਾਪਰ ਜਾਵੇ। ਮੁਰਦਾ ਗਊ ਦੀ ਖੱਲ ਲਾਹੁਣ ਤੋਂ ਪਹਿਲਾਂ ਕੋਈ ਉਹਨਾਂ ਦੀ ਖੱਲ ਹੀ ਲਾਹ ਸੁੱਟੇ । ਜੋਖਮ ਦਾ ਮੁੱਲ ਤਾਂ ਤਾਰਨਾ ਈ ਪੈਂਦੈ। ਪਸ਼ੂ ਤਾਂ ਜਿਊਂਦਾ ਸੰਭਾਲਣਾ ਮੁਸ਼ਕਲ ਹੋਇਆ ਪਿਐ, ਮੁਰਦਾ ਪਸ਼ੂ ਨੂੰ ਕੌਣ ਸਾਂਭੇ।
ਮਾਹੌਲ ਹੀ ਇਹੋ ਜਿਹਾ ਹੈ,ਕੀਤਾ ਕੀ ਜਾਵੇ ! ਪਰ ਇੱਕ ਗੱਲ ਐ, ਜਿਸ ਦਾ ਪਸ਼ੂ ਬਿਮਾਰ ਹੋ ਜਾਵੇ, ਉਹ ਮੱਝ ਹੋਵੇ ਜਾਂ ਗਾਂ, ਉਸ ਨੂੰ ਹੀ ਪਤਾ ਹੁੰਦਾ ਹੈ ਕਿ ਕਿਸ ਭਾਅ ਬੀਤਦੀ ਹੈ ! ਉਹ ਤਾਂ ਇਥੋਂ ਤੱਕ ਚਲਾ ਜਾਂਦੈ ਕਿ ਇਹ ਨਾ ਮਰਦੀ, ਮੈਂ ਮਰ ਜਾਂਦਾ।
ਸਾਡੀ ਮੱਝ ਚਾਰਾ ਖਾਣਾ ਛੱਡ ਗਈ ਸੀ। ਜਾਨ ‘ਤੇ ਬਣੀ ਹੋਈ ਸੀ। ਓਹੜ-ਪੋਹੜ ਕਰਦਿਆਂ ਖਿਆਲ ਆਇਆ ਕਿ ਕੋਹਲੂ ਤੋਂ ਵੜੇਵਿਆਂ ਦੀ ਖਲ ਪਾ ਕੇ ਦੇਖੀ ਜਾਵੇ। ਤਣਾਅਮਈ ਅਵਸਥਾ ‘ਚ ਸਕੂਟਰ ਸ਼ਹਿਰ ਵੱਲ ਕਰ ਲਿਆ। ਉਹ ਰਾਹ ਜਿਸ ‘ਤੇ ਕੋਹਲੂ ਪੈਂਦਾ ਹੈ, ਮੇਰਾ ਜਾਣਿਆ ਪਛਾਣਿਆ ਹੈ। ਸਕੂਲ ਪੜ੍ਹਦੇ ਸਮੇਂ ਉਹਨਾਂ ਰਾਹਾਂ ‘ਤੇ ਆਮ ਹੀ ਆਉਣਾ ਜਾਣਾ ਬਣਿਆ ਰਹਿੰਦਾ ਸੀ। ਉਧਰ ਜਾਂਦੇ ਸਮੇਂ ਰਸਤੇ ਵਿਚ ਹੀ ਸਾਡਾ ਸਕੂਲ ਵੀ ਪੈਂਦਾ ਹੈ। ਸਕੂਲ ਦੇ ਕੋਲ ਦੀ ਜਦੋਂ ਲੰਘਿਆ ਤਾਂ ਪੁਰਾਣੇ ਦਿਨ ਯਾਦ ਆ ਗਏ ਤੇ ਨਾਲ ਹੀ ਯਾਦ ਆ ਗਿਆ ਸਾਡਾ ਯਾਰ ਹਕੀਮ। ਹਕੀਮ ਹੁਣ ਤਾਂ ਹਕੀਮ ਹੀ ਹੈ, ਉਨ੍ਹਾਂ ਦਿਨਾਂ ‘ਚ ਹਕੀਮ ਨਹੀਂ ਸੀ ਹੁੰਦਾ। ਉਸ ਦੇ ਪਿਤਾ ਜੀ ਹਕੀਮ ਹੋਇਆ ਕਰਦੇ ਸਨ ਤੇ ਉਹਨਾਂ ਦੀ ਹਿਕਮਤ ਚਲਦੀ ਵੀ ਕਾਫੀ ਸੀ। ਉਹਨਾਂ ਦੀ ਦੁਕਾਨ ਕੋਹਲੂ ਦੇ ਨਾਲ ਹੀ ਸੀ, ਜਿਸ ‘ਤੇ ਹੁਣ ਸਾਡਾ ਯਾਰ ਬੈਠਦਾ ਹੈ ਤੇ ਹੁਣ ਸੱਚਮੁੱਚ ਹਕੀਮ ਬਣਿਆ ਹੋਇਆ ਹੈ। ਮਨ ਕੀਤਾ ਕਿ ਕਿਉਂ ਨਾ ਹਕੀਮ ਕੋਲ ਕੁੱਝ ਪਲ ਬਿਤਾਏ ਜਾਣ।
ਹਕੀਮ ਦੀ ਦੁਕਾਨ ਅੱਗੇ ਮੈਂ ਆਪਣਾ ਸਕੂਟਰ ਜਾ ਖੜਾ ਕੀਤਾ। ਹਕੀਮ ਦੁਕਾਨ ‘ਚ ਹੀ ਸੀ ਪਰ ਆਪਣੀ ਸੀਟ ‘ਤੇ ਨਾ ਹੋ ਕੇ, ਸਾਹਮਣੇ ਬੈਂਚ ‘ਤੇ ਬੈਠਾ ਹੋਇਆ ਸੀ। ਮੈਂ ਉਸ ਵੱਲ ਮਜ਼ਾਕੀਆ ਅੰਦਾਜ਼ ਨਾਲ ਦੇਖਿਆ ਤੇ ਆਖਿਆ, ”ਦੁਕਾਨ ਕਰਨ ਦਾ ਇਰਾਦਾ ਹੈ ਕਿ ਨਹੀਂ?” ਚਾਰ ਕੁ ਸਾਲ ਬਾਅਦ ਮਿਲ ਰਿਹਾ ਸੀ ਹਕੀਮ ਨੂੰ। ਉਸਦੀ ਤਬੀਅਤ ਕਾਫੀ ਨਾਸਾਜ਼ ਨਜ਼ਰ ਆ ਰਹੀ ਸੀ। ਮੈਨੂੰ ਪਛਾਨਣ ‘ਚ ਉਸ ਨੇ ਦੋ ਕੁ ਮਿੰਟ ਲਾ ਦਿੱਤੇ ਤੇ ਫਿਰ ‘ਆ-ਜਾ, ਆ-ਜਾ’ ਕਹਿਕੇ ਬੁਲਾ ਲਿਆ। ਦੁਕਾਨ ਅੰਦਰ ਜਾ ਕੇ ਜਦ ਉਸ ਨਾਲ ਹੱਥ ਮਿਲਾਉਂਦਿਆਂ ਸਵਾਲ ਕੀਤਾ ਕਿ ਆਹ ਕੀ ਹਾਲਤ ਬਣਾਈ ਹੋਈ ਆ ਤਾਂ ਹਕੀਮ ਮੋਢੇ ਲੱਗ ਕੇ ਧਾਹੀਂ ਰੋ ਪਿਆ। ਬੜੀ ਮੁਸ਼ਕਲ ਨਾਲ ਉਸ ਨੂੰ ਸ਼ਾਂਤ ਕੀਤਾ ਤਾਂ ਪਤਾ ਲੱਗਾ ਕਿ ਉਹ ਨੂੰ ਹਾਰਟ ਅਟੈਕ ਹੋ ਗਿਆ ਸੀ।
ਹਾਲਾਤ ਦੀ ਮੰਗ ਅਨੁਸਾਰ ਮੈਂ ਉਸ ਦੀ ਸਿਹਤ ਬਾਰੇ ਜ਼ਿਆਦਾ ਫਿਕਰਮੰਦੀ ਨਾ ਦਿਖਾਈ। ਅਜਿਹੇ ਮੌਕੇ ਅਕਸਰ ਹੀ ਦੋਸਤ-ਮਿੱਤਰ, ਰਿਸ਼ਤੇਦਾਰ ਫਿਕਰਮੰਦੀ ਦਾ ਮੁਜ਼ਾਹਰਾ ਕਰਕੇ ਹੀ ਮਰੀਜ਼ ਦੀ ਅੱਧੀ ਜਾਨ ਈ ਕੱਢ ਦਿੰਦੇ ਹਨ ਤੇ ਆਪੋ-ਆਪਣੇ ਟੋਟਕੇ ਦੱਸਣਾ ਕਦੇ ਨਹੀਂ ਭੁੱਲਦੇ। ਪਰ ਮੈਂ ਅਜਿਹਾ ਨਾ ਕਰਕੇ ਆਪਣੇ ਸਕੂਲੀ ਦਿਨਾਂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸਾਡੇ ਸਹਿਪਾਠੀ ਪੰਡਿਤ ਪਵਨ ਬਾਰੇ, ਜਗਜੀਤ ਹਾਤੋ ਬਾਰੇ, ਦਾਰਾ ਸਿੰਹੁ, ਵਿਜੈ ਹਥੌੜੀ ਬਾਰੇ ਪੁੱਛਿਆ। ਅਸੀਂ ਲਾਲਾ ਮਿਹਰ ਚੰਦ ਜੀ ਤੋਂ ਲੈ ਕੇ ਆਪਣੇ ਅਧਿਆਪਕਾਂ ਜਗਜੀਤ ਕੌਰ ਜੀ, ਮਦਨ ਲਾਲ ਸ਼ਾਹੀ ਜੀ, ਰੇਵਾ ਸ਼ਰਮਾ ਜੀ, ਪਰਸ਼ੋਤਮ ਲਾਲ ਜੀ ਬਾਰੇ ਗੱਲਾਂ ਕੀਤੀਆਂ। ਮੈਨੂੰ ਇਹ ਦੇਖ ਕੇ ਕਾਫੀ ਸਕੂਨ ਮਿਲ ਰਿਹਾ ਸੀ ਕਿ ਹਕੀਮ ਦੇ ਜਰਦ ਚਿਹਰੇ ‘ਤੇ ਲਾਲੀ ਭਾਅ ਮਾਰਨ ਲੱਗੀ ਹੈ। ਔਲਿਆਂ ਦਾ ਮੁਰੱਬਾ ਮੱਲੋਜ਼ੋਰੀ ਖੁਆ ਕੇ ਉਹ ਆਖਣ ਲੱਗਾ, ”ਯਾਰ ਇੰਦਰਜੀਤ, ਅੱਜ ਮੈਂ ਪਤਾ ਨਹੀਂ ਕਿੰਨੇ ਦਿਨਾ ਬਾਅਦ ਹੱਸਿਆ ਹਾਂ। ਯਾਰ ਖੁਸ਼ੀ ਪਤਾ ਨਹੀਂ ਕਿਓਂ ਰੁਸ ਗਈ ਹੈ ਸਾਥੋ।” ਮੇਰਾ ਹੱਥ ਘੁੱਟ ਕੇ ਜਦ ਉਸਨੇ ਆਖਿਆ, ਤੂੰ ਮੇਰੇ ‘ਚ ਜਾਨ ਪਾ ਦਿੱਤੀ ਅੱਜ, ਤਾਂ ਮੈਨੂੰ ਵੀ ਬਹੁਤ ਧਰਵਾਸ ਮਿਲਿਆ। ਮੈਨੂੰ ਯਾਦ ਹੀ ਨਾ ਰਿਹਾ ਕਿ ਹਕੀਮ ਨੂੰ ਮਿਲਣ ਤੋਂ ਪਹਿਲਾਂ ਮੈਂ ਵੀ ਕਿੰਨਾ ਤਣਾਅ ‘ਚ ਸੀ।
ਅਸੀਂ, ਵਿਦਾ ਹੋਣ ਹੀ ਲੱਗੇ ਸੀ ਕਿ ਹਕੀਮ ਦਾ ਇਕ ਹੋਰ ਮਿੱਤਰ ਵੀ ਆ ਗਿਆ। ਹਕੀਮ ਨੇ ਪੂਰੇ ਸਰੂਰ ‘ਚ ਆ ਕੇ ਮੇਰੀ ਉਸ ਨਾਲ ਜਾਣ ਪਛਾਣ ਕਰਵਾਉਣੀ ਸ਼ੁਰੂ ਕੀਤੀ, ”ਇਹ ਇੰਦਰਜੀਤ ਆ, ‘ਕੱਠੇ ਪੜ੍ਹੇ ਆਂ ‘ਕੱਠੇ, ਦਸਵੀਂ ਤੱਕ। ਇਕ ਦੂਸਰੇ ‘ਚ ਜਾਨ ਆਂ ਸਾਡੀ। ਬਹੁਤ ਵਧੀਆ ਮਨੁੱਖ ਆ ਇੰਦਰਜੀਤ ਤੇ ਪੱਕਾ ਕਾਮਰੇਡ ਵੀ ਆ ਇਹ।”
ਕਾਮਰੇਡ ਲਫਜ਼ ਸੁਣ ਕੇ ਉਸ ਬੰਦੇ ਦੇ ਜਿਵੇਂ ਮਿਰਚਾਂ ਲੜ ਗਈਆਂ ਹੋਣ। ਆਖਣ ਲੱਗਾ, ”ਓਹ, ਸੋ ਯੂ ਆਰ ਕੌਮ ਨਸ਼ਟ?” ਇਹੋ ਜਿਹੀ ਟਿੱਪਣੀ ‘ਤੇ ਸਹਿਜ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਮੇਰੇ ਲਈ ਇਹ ਹੋਰ ਵੀ ਮੁਸ਼ਕਲ ਸੀ ਕਿਉਂਕਿ ਮੇਰੇ ਦੋਸਤ ਦੀ ਸਿਹਤ ਠੀਕ ਨਹੀਂ ਸੀ। ਮੇਰੀ ਇਹ ਜ਼ਿੰਮੇਵਾਰੀ ਬਣ ਗਈ ਕਿ ਮੈਂ ਇਸ ਜ਼ਹਿਰ ਨੂੰ ਡੀਕ ਜਾਵਾਂ ਤੇ ਸਹਿਜ ਹੋਣ ਦਾ ਦਿਖਾਵਾਂ ਕਰਾਂ। ਮੈਂ ਚਿਹਰੇ ‘ਤੇ ਮੁਸਕਾਨ ਲਿਆ ਕੇ ਆਖਿਆ, ”ਜੀ ਹਾਂ, ਪਰ ਥੋੜ੍ਹੇ ਜਿਹੇ ਫਰਕ ਨਾਲ।” ਉਹ ਮੇਰੇ ਵੱਲ ਸੁਆਲੀਆ ਨਜ਼ਰਾਂ ਨਾਲ ਦੇਖਣ ਲੱਗਾ। ਉਸ ਦੇ ਸੰਸਿਆਂ ਦਾ ਨਿਵਾਰਨ ਕਰਦਿਆਂ ਮੈਂ ਅੱਗੇ ਕਿਹਾ, ”ਤੁਸੀਂ ਕੌਮ ਨਸ਼ਟ ਕਿਹਾ ਹੈ ਪਰ ਮੈਂ ਕਮਿਊਨ-ਇਸ਼ਟ ਹਾਂ। ਤੁਸੀਂ ਇਸ਼ਟ ਬਾਰੇ ਜਾਣਦੇ ਹੋ?” ਉਹ ਬੋਲਿਆ, ”ਹਾਂ ਕਿਉਂ ਨਹੀਂ। ਭਗਵਾਨ ਰਾਮ, ਸ਼ਿਵ ਜੀ ਮਹਾਰਾਜ ਸਭ ਇਸ਼ਟ ਹੀ ਤਾਂ ਹਨ।”
”ਹਾਂ-ਹਾਂ, ਪਰ ਘੇਰਾ ਥੋੜ੍ਹਾ ਵਿਸ਼ਾਲ ਕਰੋ ਨਾ। ਏਨੇ ਸੌੜੇ ਘੇਰੇ ‘ਚ ਕਿਓਂ ਬੈਠੇ ਓ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ, ਅੱਲ੍ਹਾ, ਈਸਾ ਨੂੰ ਵੀ ਸ਼ਾਮਲ ਕਰ ਲਓ ਨਾ ਇਸ ਵਿੱਚ”, ਮੇਰਾ ਜੁਆਬ ਸੀ।
ਮੈਂ ਸੁਰ ਜ਼ਰਾ ਤਿੱਖੀ ਕਰਦਿਆਂ ਪੁੱਛਿਆ, ”ਕਮਿਊਨ ਬਾਰੇ ਤਾਂ ਫਿਰ ਜ਼ਰੂਰ ਜਾਣਦੇ ਹੋਵੋਗੇ?” ਉਸ ਨੇ ਨਾਂਹ ਵਿਚ ਸਿਰ ਮਾਰਿਆ ਤੇ ਮੈਨੂੰ ਆਸ ਵੀ ਇਹੋ ਸੀ। ਮੈਂ ਆਖਿਆ, ”ਜੇ ਤੁਹਾਨੂੰ ਕਮਿਊਨ ਦਾ ਨੀਂ ਪਤਾ ਤਾਂ ਕੌਮ ਦਾ ਕਿੱਥੋਂ ਪਤਾ ਹੋਣੈਂ? ਕਮਿਊਨ ਦਾ ਮਤਲਬ ਹੈ ਭਾਈਚਾਰਾ। ਭਾਈਚਾਰੇ ਦਾ ਮਤਲਬ ਸਿਰਫ ਇਕ ਪਰਵਾਰ, ਇਕ ਰੰਗ, ਇਕ ਜਾਤ ਦੇ ਲੋਕਾਂ ਤੋਂ ਨਹੀਂ, ਸਗੋਂ ਵੱਖੋ ਵੱਖ ਰੰਗਾਂ, ਜਾਤਾਂ, ਧਰਮਾਂ, ਨਸਲਾਂ ਦੇ ਲੋਕਾਂ ਤੋਂ ਹੈ । ਘੱਟੋ ਘੱਟ ਸਾਡੇ ਲਈ ਭਾਈਚਾਰੇ ਦਾ ਅਰਥ ਇਹੋ ਹੈ !”
”ਪਰ ਮੈਂ ਇਹ ਲਫਜ਼ ਪਹਿਲੀ ਵਾਰ ਸੁਣਿਐਂ । ਕਮਿਊਨਿਸਟ ਤਾਂ ਸੁਣਿਆ ਸੀ, ਕਮਿਊਨ-ਇਸ਼ਟ ਨਹੀਂ”, ਉਸਦਾ ਜੁਆਬ ਸੀ।
”ਲਫ਼ਜ਼ ਤਾਂ ਹਾਲਾਤ ਪੈਦਾ ਕਰਦੇ ਹਨ। ਹਾਲਾਤ ਹੀ ਹਨ ਜੋ ਨਵੇਂ ਲਫਜ਼ਾਂ ਨੂੰ ਜਨਮ ਦਿੰਦੇ ਹਨ। ਤੁਸੀਂ ਕੌਮ ਨਸ਼ਟ ਨਾ ਆਖਦੇ ਤਾਂ ਕਮਿਊਨ-ਇਸ਼ਟ ਲਫ਼ਜ਼ ਪੈਦਾ ਈ ਨਹੀਂ ਸੀ ਹੋਣਾ। ਤੁਸੀਂ ਇਸ ਦਾ ਅਰਥ ਜਾਣਨਾ ਚਾਹੁੰਦੇ ਹੋ ਤਾਂ ਸੁਣੋ! ਅਸੀਂ ਕਮਿਊਨ ਨੂੰ ਆਪਣਾ ਇਸ਼ਟ ਮੰਨਦੇ ਹਾਂ। ਸਾਡੇ ਲਈ ਭਾਈਚਾਰਾ ਪਹਿਲਾਂ ਹੈ, ਭਾਈਚਾਰਾ ਹੀ ਸਾਡਾ ਰੱਬ ਹੈ ਤੇ ਸਾਨੂੰ ਇਸ ‘ਤੇ ਮਾਣ ਹੈ। ਇਸ ਲਈ ਤੁਹਾਡੇ ਸੁਆਲ ਦਾ ਜੁਆਬ ਤੁਹਾਡੀ ਹੀ ਭਾਸ਼ਾ ‘ਚ, ”ਯੈੱਸ, ਆਈ ਐਮ ਏ ਕਮਿਊਨ-ਇਸ਼ਟ! ਐਨੀ ਡਾਊਟ?”
”ਇਹਨੇ ਕੀ ਡਾਊਟ ਕਰਨੀ ਐਂ, ਆਪਣੀ ਮਿੱਟੀ ਪਲੀਤ ਤਾਂ ਕਰਵਾਉਣੀ ਹੀ ਸੀ, ਮੇਰਾ ਮਜ਼ਾ ਵੀ ਕਿਰਕਿਰਾ ਕਰਕੇ ਰੱਖ ਦਿੱਤੈ ਇਸ ਨੇ”, ਹਕੀਮ ਖਿੱਝ ਕੇ ਬੋਲਿਆ ਤੇ ਉਸ ਨੂੰ ਆਖਣ ਲੱਗਾ, ”ਰੱਬ ਦੇ ਵਾਸਤੇ ਅੱਜ ਤੂੰ ਚਲਾ ਜਾ।”
ਬਾਅਦ ਵਿਚ ਮੈਨੂੰ ਜੱਫੀ ‘ਚ ਲੈ ਕੇ ਆਖਣ ਲੱਗਾ, ”ਇਹ ਬੰਦਾ ਇਸੇ ਕਾਬਲ ਸੀ। ਚੰਗਾ ਕੀਤਾ ਤੂੰ ਇਹਦੀ ਖੁੰਬ ਠੱਪ ਕੇ; ਪਰ ਦੇਖੀਂ ਕਿਤੇ ਬੁਰਾ ਨਾ ਮੰਨੀਂ।” ਮੈਂ ਉਸ ਦਾ ਹੱਥ ਜ਼ੋਰ ਨਾਲ ਘੁੱਟਿਆ ਤੇ ਇਕ ਵਾਰ ਫਿਰ ਉਸ ਨੂੰ ਘੁੱਟ ਕੇ ਗਲਵਕੜੀ ਪਾਈ ਤੇ ਉਥੋਂ ਤੁਰ ਆਇਆ।
ਹੁਣ ਮੈਂ ਕਾਫੀ ਹਲਕਾ ਮਹਿਸੂਸ ਕਰ ਰਿਹਾ ਸੀ ਤੇ ਨਾਲ ਹੀ ਸੋਚ ਰਿਹਾ ਸੀ ਕਿ ਸਿਰਫ ਮੇਰੀ ਮੱਝ ਹੀ ਨਹੀਂ, ਕਾਫੀ ਆਲਾ ਦੁਆਲਾ ਬਿਮਾਰ ਪਿਆ ਹੋਇਐ ਤੇ ਇਹ ਬਿਮਾਰੀ ਮੇਰੀ ਮੱਝ ਦੀ ਬਿਮਾਰੀ ਤੋਂ ਕਿਤੇ ਭਿਆਨਕ ਹੈ।
ਇੰਦਰਜੀਤ ਚੁਗਾਵਾਂ
ਮੁਸਲਮਾਨਾਂ ਨੇ ਕਿੰਨਾ ਕੁ ਖਾ ਲਿਆ ਹੈ ਭਾਰਤ?
ਕੁਝ ਬੁਢਾਪੇ ਕਾਰਨ ਤੇ ਬਾਕੀ ਰਹਿੰਦਾ-ਖੂੰਹਦਾ ਗਰੀਬੀ ਨੇ ਗੱਜੂ ਮਰਾਸੀ ਨੂੰ ਕੁੱਬਾ ਕਰ ਛੱਡਿਆ ਸੀ। ਟੁੱਟੀਆਂ ਚੱਪਲਾਂ, ਮੈਲੇ ਕੁਚੈਲੇ ਕੱਪੜੇ, ਹੱਥ ਵਿਚ ਸੋਟੀ ਲਈ ਉਹ ਪਿੰਡ ‘ਚ ਕਿਤੇ ਨਾ ਕਿਤੇ ਮਿਲ ਹੀ ਪੈਂਦਾ ਸੀ। ਕਦੀ ਉਹ ਕਿਸੇ ਦੇ ਵਿਆਹ ‘ਚ ਜੰਝੇਂ ਜਾਣ ਦਾ ਸੱਦਾ ਦਿੰਦਾ ਹੁੰਦਾ ਤੇ ਕਦੇ ਅਖੰਡ ਪਾਠ ਦੇ ਭੋਗਾਂ ਦੇ ਦਿਨ ਚੁੱਲ੍ਹੇ ਨਿਉਂਦੇ ਲਈ ਆਖਦਾ ਫਿਰਦਾ। ਅਸੀਸਾਂ ਦੇਣ ਤੇ ਸਿਫ਼ਤਾਂ ਦੇ ਪੁੱਲ ਬੰਨ੍ਹਣ ਵਿਚ ਉਹ ਕਦੇ ਗਰੀਬ ਅਮੀਰ ਦਾ ਵਿਤਕਰਾ ਨਹੀਂ ਸੀ ਕਰਦਾ। ਗੱਜੂ ਦਾ ਇਹੀ ਪੇਸ਼ਾ ਸੀ, ਜਿਸਦੇ ਆਸਰੇ ਉਹ ਤੇ ਉਸਦੀ ਘਰਵਾਲੀ ਫਾਤਮਾ ਜ਼ਿੰਦਗੀ ਦਾ ਗੱਡਾ ਰੋੜ੍ਹੀ ਫਿਰਦੇ ਸਨ। ਸੱਠਵਿਆਂ-ਸੱਤਰਵਿਆਂ ਵਿਚ ਗੱਜੂ ਮਰਾਸੀ ਦੇ ਟੋਟਕੇ ਸੁਣਕੇ ਲੋਕਾਂ ਦੇ ਢਿੱਡੀਂ ਪੀੜ੍ਹਾਂ ਪੈਂਦੀਆਂ ਮੈਂ ਆਪ ਦੇਖੀਆਂ। ਆਪਣੀ ਦਾਦੀ ਤੇ ਮਾਤਾ ਦੀ ਸਿੱਖਿਆ ਮੁਤਾਬਕ ਮੈਂ ਪਿੰਡ ਦੇ ਕੋਈ ਦਰਜਨ ਕੁ ਬਜ਼ੁਰਗ ਮਰਦ ਤੇ ਔਰਤਾਂ ਨੂੰ ਉਨ੍ਹਾਂ ਕੋਲੋਂ ਲੰਘਦਿਆਂ ਹੋਇਆਂ ”ਪੈਰੀਂ ਪੈਣਾ” ਆਖਣ ਦਾ ਪਾਬੰਦ ਸਾਂ। ਇਸ ਥੋੜ੍ਹੀ ਜਿਹੀ ਮੂੰਹ ਹਿਲਾਈ ਦੀਆਂ ਮੈਨੂੰ ਮਣਾਂਮੂੰਹੀਂ ਅਸੀਸਾਂ ਮਿਲਦੀਆਂ, ਜਿਹੜੀਆਂ ਅਜੇ ਤੱਕ ਮੇਰੇ ਜ਼ਿਹਨ ਅੰਦਰ ਅਮੁੱਕ ਖ਼ਜ਼ਾਨਾ ਬਣੀ ਬੈਠੀਆਂ ਹਨ।
ਜਦੋਂ ਵੀ ਮੈਂ ਕਾਲਜ ਤੋਂ ਪੜ੍ਹਕੇ ਆਉਂਦਾ, ਤਾਂ ਬਾਬਾ ਗੱਜੂ ਅਕਸਰ ਮਿਲ ਜਾਂਦਾ। ਮੇਰੇ ‘ਪੈਰੀਂ ਪੈਣਾ’ ਕਹਿਣ ਤੋਂ ਪਹਿਲਾਂ ਹੀ ਉਹ ਕਮਾਨ ਵਾਂਗ ਮੁੜੇ ਸਰੀਰ ਨੂੰ ਕੁੱਝ ਸਿੱਧਾ ਕਰਕੇ ਦਮਦਾਰ ਅਵਾਜ਼ ਵਿਚ ਬੋਲ ਉਠਦਾ ”ਨੋ ਮੈਨਸ਼ਨ ਮਾਈ ਲਾਰਡ ਏਟੀ ਵਨ ਹੰਡਰਡ ਟੂ ਥੈਂਕ ਯੂ ਨੋ ਵਰੀ ਪਲੀਜ਼! ਬਚਣਾ ਸੁਆਹ ਆ, ਤੁਸੀਂ ਲੋਕ ਦਸ ਕਿਲੋ ਅਫੀਮ ਲੈ ਕੇ ਪੈਸੇ ਨਹੀਂ ਦਿੰਦੇ। ਦੋ ਸੌ ਦੇਸੀ ਦਾਰੂ ਦੀਆਂ ਬੋਤਲਾਂ ਵੱਖ ਆ। ਨੋ ਮੈਨਸ਼ਨ ਥੈਂਕ ਯੂ ਪਲੀਜ਼….। ਤੁਸਾਂ ਲੋਕਾਂ ਨੂੰ ਵਪਾਰ ਵੀ ਕਰਨਾ ਨਹੀਂ ਆਉਂਦਾ…..। ”
ਪਲ ਕੁ ਭਰ ਲਈ ਆਪੂੰ ਬਣੇ ਵੱਡੇ ਸਮੱਗਲਰ ਨੂੰ ਝਬਦੇ ਹੀ ਮੈਂ ਪੈਰੀਂ ਪੈਣਾ ਠੋਕ ਦੇਣਾ। ਬਸ ਫੇਰ ਕੀ ਸੀ, ਗੱਜੂ ਨੇ ਫਿਰ ਸਰੀਰ ਨੂੰ ‘ਜੈਸੇ ਥੇ’ ਵਾਲੀ ਪੁਜੀਸ਼ਨ ‘ਤੇ ਲਿਆਕੇ ਇਕ-ਦੋ ਰੁਪਏ ਲਈ ਹੱਥ ਅੱਗੇ ਕਰ ਦੇਣਾ। ਉਸਦੇ ਪੋਸਤ ਦੀ ਲੱਤ ਪੂਰੀ ਕਰਨ ਲਈ ਸ਼ਾਇਦ ਏਨੀ ਕੁ ਰਕਮ ਹੀ ਕਾਫੀ ਹੁੰਦੀ ਸੀ। ਥੋੜ੍ਹੇ ਚਿਰ ਲਈ ਮੈਂ ਵੀ ਗੰਗੂ ਤੇਲੀ ਤੋਂ ਰਾਜਾ ਭੋਜ ਬਣ ਜਾਣਾ। ਜੋ ਸਰਦਾ, ਦੇ ਦੇਣਾ। ਉਸਦਾ ਪੀਲਾ ਫੱਕ ਚਿਹਰਾ ਖਿੜ ਉਠਦਾ ਤੇ ਨਾਲ ਹੀ ਅਸ਼ੀਰਵਾਦਾਂ ਦੀ ਝੜੀ ਲੱਗ ਜਾਂਦੀ।
1947 ਦੇ ਰੌਲਿਆਂ ਵੇਲੇ ਪਿੰਡ ਵਾਸੀਆਂ ਨੇ ਕੁਝ ਹੋਰ ਮੁਸਲਿਮ ਪਰਿਵਾਰਾਂ ਨਾਲ ਗੱਜੂ ਮਰਾਸੀ ਨੂੰ ਵੀ ਪਾਕਿਸਤਾਨ ਜਾਣੋਂ ਰੋਕ ਲਿਆ ਸੀ। ਸ਼ਾਇਦ ਮਰਾਸੀ ਗੱਜੂ ਨੂੰ ਹਿੰਦੋਸਤਾਨ ‘ਚ ਰਹਿਣ ਲਈ ਇਕ ਵੱਡਾ ਆਦਮੀ ਬਣਨ ਦੀ ਆਸ ਨੇ (ਸਨਮਾਨਯੋਗ ਜ਼ਿੰਦਗੀ) ਨੇ ਮਜ਼ਬੂਰ ਕੀਤਾ ਹੋਵੇਗਾ, ਜਿਸਦਾ ਪ੍ਰਗਟਾਵਾ ਉਹ ‘ਗਰੇਜ਼ੀ ਬੋਲ ਕੇ ਕਰਦਾ ਸੀ। ਮੈਨੂੰ ਬਾਬੇ ਗੱਜੂ ਦਾ ਕਮਾਨ ਵਾਂਗੂੰ ਮੁੜਿਆ ਸਰੀਰ ਹਿੰਦ-ਪਾਕਿ ਦੇ ਕਰੋੜਾਂ ‘ਗੱਜੂਆਂ’, ਜਿਨ੍ਹਾਂ ਦੀਆਂ ਆਸਾਂ ਨੂੰ ਅਜੇ ਤੱਕ ਬੂਰ ਨਹੀਂ ਪਿਆ, ਦੀ ਹਕੀਕਤ ਨੂੰ ਬਿਆਨ ਕਰਦਾ ਜਾਪਦਾ ਹੈ। ਜੀਅ ਕਰਦਾ ਹੈ ਕਿ ਮੈਂ ਉਨ੍ਹਾਂ ਲੋਕਾਂ ਨੂੰ, ਜਿਹੜੇ ਕਹਿੰਦੇ ਹਨ ਕਿ ਮੁਸਲਮਾਨਾਂ ਨੇ ਭਾਰਤ ਨੂੰ ਖਾ ਲਿਆ, ਬਾਬੇ ਗੱਜੂ ਨਾਲ ਮਿਲਾਵਾਂ ਤੇ ਆਖਾਂ ਕਿ ਦੇਖ ਲਓ ਇਨ੍ਹਾਂ ਕਿੰਨਾ ਕੁ ਖਾ ਲਿਆ ਹੈ ਭਾਰਤ!
– ਰਾਹਗੀਰ
ਕਵਿਤਾ
ਹੱਥ ਜੋੜਨ ਲਈ ਨਹੀਂ
– ਯੋਧ ਸਿੰਘ
ਹੱਥ ਜੋੜਨ ਨਹੀਂ, ਮੁੱਕੇ ਉਲਾਰਨ ਲਈ ਹੁੰਦੇ,
ਜਾਬਰਾਂ ਦੇ ਰੱਥ ਨੂੰ, ਘਲਿਆਰਨ ਲਈ ਹੁੰਦੇ।
ਜਿੰਦਗੀ ਬਹੁਤ ਵੱਡੀ, ਮਿਲੀ ਹੋਈ ਬਖ਼ਸ਼ੀਸ਼
ਬਸ ਕਰਜ਼ ਓਹੀ ਇਹ, ਉਤਾਰਨ ਲਈ ਹੁੰਦੇ।
ਜਨਮ ਦਰ ਜਨਮ ਹੀ, ਜੋ ਰਹਿ ਗਏ ਅਧੂਰੇ
ਨੈਣਾਂ ਅੰਦਰਲੇ ਸੁਪਨੇ, ਸਾਕਾਰਨ ਲਈ ਹੁੰਦੇ।
ਬੁੱਧੀ ਵਿਵੇਕ ਦੱਸੇ ਜੋ ਹੈ, ਸਭ ਦੇ ਭਲੇ ਵਿਚ
ਉਸੇ ਕਰਮ ਲਈ ਜੂਝਣ, ਜੁਝਾਰਨ ਲਈ ਹੁੰਦੇ।
ਮਾਤਾ ਦੀ ਗੋਦ ਵਿਚ, ਜੋ ਨਿੱਸਲ ਤੇ ਚੁੱਪ ਹੈ
ਉਸ ਬੱਚੇ ਨੂੰ ਓਦੋਂ, ਕੁਤ ਕੁਤਾਰਨ ਲਈ ਹੁੰਦੇ।
ਹਾਕਮ ਜਿਹੜੇ ਜਾਨਣ, ਟਿੱਚ ਨਾ ਲੋਕਾਈ ਨੂੰ
ਫੜ ਧੌਣੋਂ ਉਹਨਾਂ ਨੂੰ ਗੱਦੀਓਂ ਉਤਾਰਨ ਲਈ ਹੁੰਦੇ।
ਜੋ ਦੱਸਣ ਜੀਣ ਦਾ ਢੰਗ ਚੱਜ ਆਚਾਰ ਕੀ ਹੈ?
ਮੰਤਰ ਯੁੱਧ ਦੇ ਉਹ, ਬੁੱਲ੍ਹੀਂ ਉਚਾਰਨ ਲਈ ਹੁੰਦੇ।
ਕਦੇ ਕਦੇ ਵਕਤ ਹੈ ਆਉਂਦੈ, ਜੀਣ ਲਈ ਸਿਰ
ਆਪਣੀ ਤਲੀ ਤੇ ਲਾਜ਼ਮ, ਉਤਾਰਨ ਲਈ ਹੁੰਦੇ।
ਗ਼ਜ਼ਲ
– ਹਰਦਿਆਲ ਸਾਗਰ
ਖਿੜਣੇ ਨੇ ਫੁੱਲ ਕਿੱਦਾਂ? ਜੇਕਰ ਰਹੇਗੀ ਜਾਰੀ!
ਨਾਜ਼ੁਕ ਕਰੂੰਬਲਾਂ ‘ਤੇ, ਏਦਾਂ ਹੀ ਬਰਫ਼ਬਾਰੀ!
ਰੱਖੇ ਕੋਈ ਬਚਾ ਕੇ, ਕਿੱਦਾਂ ਜਵਾਨ ਬੇਟੀ,
ਜੰਗਲ ਹੈ ਮੁਲਕ ਸਾਰਾ, ਥਾਂ ਥਾਂ ਛਿਪੇ ਸ਼ਿਕਾਰੀ!
ਲਿਖਿਆ ਹੈ ਚੰਦ ਉੱਤੇ, ਏਦਾਂ ਮੈਂ ਨਾਮ ਤੇਰਾ,
ਕੀਮਤ ਵਧਾ ਕੇ ਸ਼ੈਅ ‘ਤੇ, ਲਿਖਦੈ ਜਿਵੇਂ ਵਪਾਰੀ!
ਰੱਖ ਕੇ ਅਸੂਲ ਅੱਗੇ, ਜੀਣਾ ਹੈ ਜੇ, ਸਮਝ ਲੈ,
ਜੰਗਲ ‘ਚ ਮੇਮਣੇ ਨੇ, ਕੱਟਣੀ ਹੈ ਰਾਤ ਸਾਰੀ!
ਮਿੱਟੀ ‘ਚੋਂ ਰੂਪ ਕੀ ਕੀ, ਸਿਰਜੇ ਸਮੇਂ ਦੇ ਚੱਕ ‘ਤੇ,
ਕਿੰਨੀ ਹੈ ਖ਼ੂਬਸੂਰਤ, ਕੁਦਰਤ ਦੀ ਕੁੰਭਕਾਰੀ !
ਪਰਬਤ, ਮੈਦਾਨ, ਨਦੀਆਂ, ਸਭ ਨੇ ਕਿਹਾ ਇਕੱਠੇ
”ਹਾਂ ਬੋਲ”, ਮੈਂ ਖ਼ੁਦਾ ਨੂੰ, ਜਦ ਵੀ ਆਵਾਜ਼ ਮਾਰੀ!
ਹੈ ਮੁਲਕ ਚੌਕ ਵੱਡਾ, ਮਤਦਾਨ ਹੈ ਤਮਾਸ਼ਾ,
ਨੱਚਦਾ ਹੈ ਲੋਕਤੰਤਰ, ਰਹਿਬਰ ਜਿਵੇਂ ਮਦਾਰੀ!
ਗ਼ਜ਼ਲ
– ਮੰਗਤ ਚੰਚਲ
ਅਕਾਰਨ ਹੀ ਪਤੰਗਾਂ ਨੂੰ, ਨਾ ਐਵੇਂ ਕੋਸਿਆ ਜਾਵੇ।
ਜਿਨ੍ਹਾਂ ਹੱਥ ਡੋਰ ਦੇਣੀ ਹੈ, ਉਨ੍ਹਾਂ ਨੂੰ ਪਰਖਿਆ ਜਾਵੇ।
ਬੜਾ ਸੁੰਦਰ ਬਗੀਚਾ ਹੈ, ਬੜੇ ਰੰਗਾਂ ਦੇ ਫ਼ਲ ਏਥੇ,
ਹਵਾਵਾਂ ਸਾਜਸ਼ੀ ਤੁਰੀਆਂ, ਉਨ੍ਹਾਂ ਨੂੰ ਰੋਕਿਆ ਜਾਵੇ।
ਮੁਹਾਰਤ ਹੈ ਬੜੀ ਭੌਰੇ ਨੂੰ, ਰਸ ਚੂਸਣ ਦੀ ਫੁੱਲਾਂ ਦਾ,
ਮਗਰ ਨਿਰਦੋਸ਼ ਤਿਤਲੀ ‘ਤੇ, ਨਾ ਚਿੱਕੜ ਸੁੱਟਿਆ ਜਾਵੇ।
ਸਪੇਰਾ ਚੁੱਪ ਬੈਠਾ ਹੈ, ਜ਼ਹਿਰੀਲੇ ਨਾਗ ਫਿਰਦੇ ਨੇ,
ਇਦ੍ਹੇ ਖਾਮੋਸ਼ ਹੋਠਾਂ ਦੀ, ਜ਼ੁਬਾਂ ਨੂੰ ਸਮਝਿਆ ਜਾਵੇ।
ਮਿਰੇ ਇਸ ਮੁਲਕ ਦਾ ਹਰ ਬਸ਼ਰ, ਇਸ ਤੋਂ ਜਾਨ ਦਿੰਦਾ ਹੈ,
ਕਿਸੇ ਅੰਨੇ ਤਰਾਜੂ ‘ਤੇ, ਨਾ ਇਸ ਨੂੰ ਤੋਲਿਆ ਜਾਵੇ।
ਸੁਹਣੀ ਧਰਤ ਹੈ ਸਾਡੀ, ਸੁਹਾਵਾ ਪੌਣ ਤੇ ਪਾਣੀ,
ਜੋ ਜ਼ਹਿਰੀ ਦੇ ਰਹੇ ਪੁੱਠਾਂ, ਉਨ੍ਹਾਂ ਨੂੰ ਵਰਜਿਆ ਜਾਵੇ।
ਵਜਾਵੇ ਬੇਸੂਰੀ ਬੰਸੀ, ਤੇ ਕੱਢੇ ਧੁਨ ਵੀ ਜ਼ਹਿਰੀਲੀ,
ਅਜੇਹੇ ਸਾਂਵਰੇ ਦੀ ਤਾਨ ਨੂੰ ਵੀ ਸਮਝਿਆ ਜਾਵੇ।
ਤੁਹਾਡੇ ਬੋਲ ਕਿਧਰੇ ਅੱਗ ਤਾਂ ਨਈਂ ਲਾਉਣਗੇ ‘ਚੰਚਲ’,
ਜੁਬਾਂ ਖੋਲਣ ਤੋਂ ਪਹਿਲਾਂ, ਇਹ ਜ਼ਰੂਰੀ ਸੋਚਿਆ ਜਾਵੇ।