ਕਹਾਣੀ
ਲੋਕ-ਗੀਤ
- ਸੁਰਿੰਦਰ ਰਾਮਪੁਰੀ
ਬਾਬਾ ਰਾਮੂ ਉਦਾਸੀ ਵਿਚ ਘਿਰਿਆ ਰਹਿੰਦਾ ।
ਚਿਹਰੇ ਤੇ ਹਰ ਵੇਲੇ ਚਿੰਤਾ ਦੀਆਂ ਲਕੀਰਾਂ ਉੱਭਰੀਆਂ ਰਹਿੰਦੀਆਂ।
ਦੇਸ਼ ਵਿਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ।
ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ਲੱਗੇ ਹੋਏ ਸਨ।
ਹਰ ਕਿਸਾਨ- ਹਿਤੈਸ਼ੀ ਫ਼ਿਕਰਮੰਦ ਸੀ।
ਬਾਬਾ ਰਾਮੂ ਇਸ ਗੱਲੋਂ ਬਹੁਤ ਪ੍ਰੇਸ਼ਾਨ ਸੀ, ਕਿ ਆਪਣੀਆਂ ਹੀ ਸੜਕਾਂ ’ਤੇ ਲੰਘਣੋਂ ਰੋਕਿਆ ਜਾ ਰਿਹਾ ਸੀ । ਰਾਖਿਆਂ ਵੱਲੋਂ ਹੀ ਜਰਨੈਲੀ ਸੜਕਾਂ ਵਿਚ ਖਾਈਆਂ ਪੁੱਟ ਦਿੱਤੀਆਂ ਗਈਆਂ ਹਨ। ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਅੱਗੇ ਲੰਘਣ ਵਾਲਿਆਂ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸੋਚਦਾ-ਸੋਚਦਾ ਬਾਬਾ ਰਾਮੂ ਹੱਸ ਪਿਆ, “ਵਾਹ ਓਏ ਸ਼ੇਰ ਬੱਗਿਓ, ਤੁਹਾਡੇ ਮੂਹਰੇ ਇੰਨ੍ਹਾਂ ਰੁਕਾਵਟਾਂ ਦੀ ਕੀ ਔਕਾਤ? ਲਾ ਹੀ ਲਏ ਡੇਰੇ ਬਾਰਡਰਾਂ ’ਤੇ।’’
ਮਾਪਿਆਂ ਨੇ ਤਾਂ ਉਸ ਦਾ ਨਾਂਅ ਰਾਮ ਦਿੱਤਾ ਮੱਲ ਰੱਖਿਆ ਸੀ, ਪਰ ਪਿੰਡ ਵਿਚ ਹੁਣ ਉਹ ਬਾਬਾ ਰਾਮੂ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਸੀ। ਮੂੰਹ ’ਤੇ ਉਸਨੂੰ ਹਰ ਕੋਈ ‘ਬਾਬਾ ਜੀ’ ਕਹਿ ਕੇ ਬੁਲਾਉਂਦਾ, ਪਰ ਪਿੱਠ ਪਿੱਛੇ ਉਹ ਸਭ ਦਾ ‘ਬਾਬਾ ਰਾਮੂ’ ਹੀ ਹੁੰਦਾ। ਕੋਈ-ਕੋਈ ਉਸਨੂੰ ‘ਅੜਬ ਫੌਜੀ’ ਦਾ ਲਕਬ ਵੀ ਦੇ ਛੱਡਦਾ। ਘਰ ਵਿਚ ਸਾਰੇ ਹੀ ਉਹਨੂੰ ‘ਬਾਈ ਜੀ’ ਆਖਦੇ। ਉਸਦੀ ਪਤਨੀ ਵੀ ਨਿਆਣਿਆਂ-ਸਿਆਣਿਆਂ ਨਾਲ ਗੱਲ ਕਰਦੀ, ‘ਥੋਡੇ ਬਾਈ ਜੀ’ ਆਖਦੀ।
ਉਦਾਸੀ ਵਿਚ ਘਿਰਿਆ ਬਾਬਾ ਰਾਮੂ ਸੋਚਦਾ, ‘ਸਮੇਂ ਦਾ ਕਰਵਟ ਲੈਂਦੇ ਦਾ ਪਤਾ ਨਹੀਂ ਲੱਗਦਾ ਹੁੰਦਾ।’
ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਭਾਵੇਂ ਉਹ ਬਾਲ-ਵਰੇਸ ਵਿਚ ਹੀ ਸੀ, ਫਿਰ ਵੀ ਅੱਖੀਂ ਦੇਖੀ ਉਸ ਸਮੇਂ ਦੀ ਵਹਿਸ਼ਤ ਅਤੇ ਦਹਿਸ਼ਤ ਉਸਦੇ ਮਨ ਦੇ ਇਕ ਕੋਨੇ ਵਿਚ ਉੱਕਰੀ ਪਈ ਸੀ। ਪੰਜਾਬ ਦਾ ਸੰਤਾਪ ਉਹਨੇ ਹੱਡੀਂ ਹੰਢਾਇਆ ਸੀ। ਅੱਖੀਂ ਵੇਖਿਆ ਸੀ। ਉਹ ਸੋਚਦਾ, ‘ਸੱਤਾ ਸਦਾ ਹੀ ਆਪਣੇ ਹਿੱਤ ਪੂਰਦੀ ਹੁੰਦੀ ਹੈ। ਪਤਾ ਨਹੀਂ ਕਦੋਂ ਕਿਹੜਾ ਰੰਗ ਦਿਖਾ ਦੇਵੇ। ਸੱਤਾ ਤਾਂ ਲਾਸ਼ਾਂ ’ਤੇ ਮਹਿਲ ਉਸਾਰ ਲੈਂਦੀ ਹੈ। ਇਹ ਮਹਿਲ ਉਸਰਦੇ ਅਤੇ ਢਹਿੰਦੇ, ਲੋਕਾਂ ਨੇ ਅੱਖੀਂ ਵੇਖੇ ਨੇ।’
ਬਾਬੇ ਰਾਮੂ ਦੇ ਦਾਦੇ ਪੰਡਿਤ ਪਰਮਾਨੰਦ ਦੇ ਹਿੱਸੇ ਤਿੰਨ ਏਕੜ ਜੱਦੀ ਭੋਇਂ ਆਈ ਸੀ। ਪਰਿਵਾਰਕ ਅਤੇ ਸਮਾਜਿਕ ਦੁਸ਼ਵਾਰੀਆਂ ਨੇ ਉਸਨੂੰ ਨਸ਼ਿਆਂ ਦੇ ਲੜ ਲਾ ਦਿੱਤਾ। ਉਹਨੂੰ ਸਾਂਭ ਸਕਣ ਵਾਲਾ ਕੋਈ ਮੂਹਰੇ ਨਾ ਆਇਆ। ਤਮਾਸ਼ਬੀਨ ਤਮਾਸ਼ਾ ਦੇਖਦੇ ਰਹੇ। ਚੂੰਡਣ ਵਾਲੇ ਚੂੰਡਦੇ ਰਹੇ। ਨਸ਼ਾ ਉਹਦੀ ਸਾਰੀ ਜ਼ਮੀਨ ਡਕਾਰ ਗਿਆ। ਬਾਬੇ ਰਾਮੂ ਦੇ ਪਿਤਾ ਤੱਕ ਇਕ ਵਿਸਵਾ ਵੀ ਨਹੀਂ ਪਹੁੰਚਿਆ।
ਕਦੇ ਕਦਾਈਂ ਬਾਬੇ ਰਾਮੂ ਦੇ ਮਨ ਵਿਚ ਰੜਕ ਜਿਹੀ ਤਾਂ ਪੈਂਦੀ, ਪਰ ਉਹ ਮੂੰਹੋਂ ਕੁਝ ਨਾ ਉਭਾਸਰਦਾ। ਹੋਉ-ਪਰੇ ਕਰ ਛੱਡਦਾ। ਆਪਣੇ ਮਨ ਨੂੰ ਧਰਵਾਸ ਦਿੰਦਾ ਤੇ ਆਖਦਾ, ‘ਹੁਣ ਕਿਹੜਾ ਆਪਾਂ ਨੂੰ ਕੋਈ ਘਾਟਾ ਐ। ਆਪਣੇ ਜੋਗੀ ਪੈਨਸ਼ਨ ਨਹੀਂ ਮੁੱਕਦੀ । ਦੋਵੇਂ ਬੱਚੇ ਮੌਜਾਂ ’ਚ ਨੇ। ਬਾਲ-ਬੱਚੇਦਾਰ ਨੇ। ਕੁੜੀ ਆਪਣੇ ਸਹੁਰੇ ਘਰ ਸੁਖੀ ਹੈ। ਮੁੰਡੇ ਦੀ ਆਪਣੀ ਦੁਕਾਨ ਐ। ਰੋਟੀ ਚੱਲੀ ਜਾਂਦੀ ਹੈ। ਆਪਾਂ ਨੂੰ ਕੋਈ ਫ਼ਿਕਰ ਨ੍ਹੀਂ, ਫਾਕਾ ਨ੍ਹੀਂ। ਕੋਈ ਚਿੰਤਾ ਨਹੀਂ।’ ਫਿਰ ਦਿਲ ਵਿਚ ਇਕ ਚੀਸ ਉੱਠ ਖੜ੍ਹਦੀ, ‘ਪਿਤਾ-ਪੁਰਖੀ ਭੋਇਂ ਦੀ ਗੱਲ ਹੀ ਹੋਰ ਹੁੰਦੀ ਹੈ, ਵਿਰਾਸਤ ਤਾਂ ਅਣਮੋਲ ਹੁੰਦੀ ਹੈ।’
ਅਖ਼ਬਾਰ ਵਿਚ ਖ਼ਬਰਾਂ ਪੜ੍ਹਦਾ, ਟੈਲੀਵੀਜ਼ਨ ਦੇ ਸਮਾਚਾਰ ਸੁਣਦਾ, ਉਹ ਚਿੰਤਾ ਵਿਚ ਘਿਰ ਜਾਂਦਾ। ਉਹਦੇ ਮੂੰਹੋਂ ਨਿਕਲਦਾ, ‘ਸੁੱਖ ਰੱਖੀਂ ਦਾਤਿਆ।’
ਦਿੱਲੀ ਵਿਖੇ ਟਰੈਕਟਰ ਪਰੇਡ ਦਾ ਐਲਾਨ ਹੋ ਚੁੱਕਿਆ ਸੀ। ਪਿੰਡਾਂ ਵਿੱਚੋਂ ਕਾਫਲੇ ਜਾਣ ਲੱਗੇ। ਬਾਬੇ ਰਾਮੂ ਦੇ ਪਿੰਡ ਰੱਤੀਪੁਰ ਵਿਚ ਵੀ ਤਿਆਰੀਆਂ ਹੋਣ ਲੱਗੀਆਂ। ਕੁਝ ਟਰੈਕਟਰ-ਟਰਾਲੀਆਂ ਤਾਂ ਪਹਿਲਾਂ ਹੀ ਚਲੀਆਂ ਗਈਆਂ ਸਨ। ਕਈ ਮੁੜ ਆਉਂਦੇ ਤੇ ਫਿਰ ਚਲੇ ਜਾਂਦੇ। ਜਾਣਾ-ਆਉਣਾ ਬਣਿਆ ਹੀ ਰਹਿੰਦਾ।
ਪਿੰਡ ਵਿਚ ਹੋਈ ਕਿਸਾਨ ਕਾਨਫਰੰਸ ਦੌਰਾਨ, ਆਗੂਆਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ‘ਮੌਤ ਦੇ ਵਾਰੰਟ’ ਦੱਸਦਿਆਂ, ਲੋਕਾਂ ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, ਜੇ ਮੰਡੀਆਂ ਹੀ ਨਾ ਰਹੀਆਂ, ਫਿਰ ਉਪਜ ਦਾ ਕੀ ਕਰਾਂਗੇ। ‘ਘੱਟੋ-ਘੱਟ ਖਰੀਦ ਮੁੱਲ’ ਤਾਂ ਕੀ ਮਿਲਣੈ, ਉਲਟਾ ਖਰੀਦਣ ਵਾਲੇ ਦੇ ਰਹਿਮੋ-ਕਰਮ ’ਤੇ ਰਹਿ ਜਾਵਾਂਗੇ। ਕਾਰਪੋਰੇਟ ਕਦੋਂ ਕਿਸੇ ਤੇ ਰਹਿਮ ਕਰਦਾ ਹੁੰਦੈ। ਉਹ ਮਨ ਮਰਜ਼ੀ ਦੇ ਭਾਅ ਤੇ ਖਰੀਦਣਗੇ ਅਤੇ ਮਨ ਮਰਜ਼ੀ ਦੇ ਭਾਅ ਤੇ ਵੇਚਣਗੇ।
ਸਰਪੰਚ, ਬਾਬੇ ਰਾਮੂ ਨੂੰ ਵਿਸ਼ੇਸ਼ ਤੌਰ ’ਤੇ ਕਾਨਫਰੰਸ ਵਿਚ ਲੈ ਕੇ ਗਿਆ ਸੀ। ਉਸਨੇ ਕਿਸਾਨ ਆਗੂਆਂ ਨਾਲ ਉਹਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ, “ਬਾਬਾ ਰਾਮ ਦਿੱਤਾ ਜੀ ਸਾਬਕਾ ਫੌਜੀ ਨੇ। ਇਹ ਪੰਚਾਇਤ ਮੈਂਬਰ ਵੀ ਰਹੇ ਨੇ। ਉਦੋਂ ਵੀ ਸਰਪੰਚ ਇੰਨ੍ਹਾਂ ਦੀ ਰਾਏ ਦੀ ਕਦਰ ਕਰਦਾ ਸੀ, ਮੈਂ ਵੀ ਇੰਨ੍ਹਾਂ ਨੂੰ ਮੂਹਰੇ ਰੱਖਦਾਂ।’’ ਉਸਨੇ ਦੱਸਿਆ, “ਬਾਬਾ ਜੀ ਦੇ ਯਤਨਾਂ ਸਦਕਾ ਹੀ ਸਾਡੇ ਪਿੰਡ ਵਿਚ ਪਸ਼ੂ ਡਿਸਪੈਂਸਰੀ ਅਤੇ ਸਕੂਲ ਦੇ ਪਲੱਸ ਟੂ ਬਣਨ ਦਾ ਕੰਮ ਸਿਰੇ ਲੱਗਿਐ।’’
ਉਹ, ਕਾਨਫਰੰਸ ਤੋਂ ਬਾਅਦ ਵੀ ਕਿਸਾਨ ਆਗੂਆਂ ਨਾਲ ਗੱਲੀਂ ਲੱਗਿਆ ਅੰਦੋਲਨ ਬਾਰੇ ਜਾਣਕਾਰੀ ਲੈਂਦਾ ਰਿਹਾ। ਉਨ੍ਹਾਂ ਦਲੀਲਾਂ ਦਿੱਤੀਆਂ ਕਿ ਸਰਕਾਰ ਤਾਂ ਕਿਸਾਨ ਹਿੱਤਾਂ ਨੂੰ ਦਾਅ ’ਤੇ ਲਾ ਕੇ ਵੱਡੇ ਵਪਾਰਕ ਘਰਾਣਿਆਂ ਦੇ ਹਿੱਤ ਪੂਰ ਰਹੀ ਹੈ। ਸਾਨੂੰ ਤਾਂ ਫ਼ਿਕਰ ਲੱਗਿਆ ਹੋਇਐ, ਕਿਤੇ ਕਿਸਾਨਾਂ ਹੱਥੋਂ ਜ਼ਮੀਨ ਹੀ ਨਾਂ ਨਿਕਲ ਜੇ।
ਬਾਬੇ ਰਾਮੂ ਨੇ ਹਉਕਾ ਭਰਦਿਆਂ ਕਿਹਾ, “ਇਕ ਵਾਰ, ਹੱਥੋਂ ਨਿਕਲੀ ਜ਼ਮੀਨ ਨ੍ਹੀਂ ਮੁੜ ਕੇ ਮਿਲਦੀ ਹੁੰਦੀ।’’
“ਜੇ ਕਿਸਾਨਾਂ ਕੋਲ ਆਪਣੀ ਜ਼ਮੀਨ ਹੀ ਨਾ ਰਹੀ ਫਿਰ ਤਾਂ ਪਿੰਡ ਕਿਵੇਂ ਬਚਣਗੇ?’’
“ਪਿੰਡਾਂ ਨੇ ਹੀ ਸਭਿਆਚਾਰ ਸਾਂਭਿਆ ਹੋਇਐ।’’
“ਗਿਣਤੀ ਦੇ ਚਾਪਲੂਸਾਂ ਤੋਂ ਇਲਾਵਾ ਹਰ ਸਖ਼ਸ਼ ਮੰਨਦੈ ਕਿ ਇਹ ਕਾਨੂੰਨ ਲੋਕ-ਵਿਰੋਧੀ ਹਨ ਅਤੇ ਅੰਦੋਲਨ ਨਿਆਂ-ਸੰਗਤ ਹੈ।’’
ਉਦਾਸੀ ’ਚ ਘਿਰੇ ਬਾਬਾ ਰਾਮੂ ਨੇ ਆਪਣੇ ਮਨ ਦੀ ਗੱਲ ਪਤਨੀ ਨਾਲ ਸਾਂਝੀ ਕਰਦਿਆਂ ਕਿਹਾ, “ਮੈਂ ਇਸ ਅੰਦੋਲਨ ਵਿਚ ਜ਼ਰੂਰ ਜਾਵਾਂਗਾ।’’
“ਫਿਰ ਮੈਂ ਵੀ ਇੱਥੇ ਕੀ ਕਰਨੈ? ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗੀ।’’
“ਭਾਗਵਾਨੇ, ਤੂੰ ਉੱਥੇ ਕੀ ਕਰੇਂਗੀ?’’
“ਮੈਂ ਘਰ ਵੀ ਕੀ ਕਰਦੀ ਆਂ? ਹਾਜ਼ਰੀ ਹੀ ਬਹੁਤ ਹੁੰਦੀ ਹੈ। ਜਿੰਨੇਂ ਜੋਗੀ ਹੈਗੀ, ਆਪਣਾ ਹਿੱਸਾ ਪਾਈ ਜਾਵਾਂਗੀ। ਹੋਰ ਨਹੀਂ ਤਾਂ ਆਪਣੇ ਪੁੱਤਾਂ-ਧੀਆਂ ਨੂੰ ਹੌਸਲਾ ਹੀ ਦਿੰਦੀ ਰਹਾਂਗੀ।’’
“ਚਲੋ, ਠੀਕ ਹੈ। ਦੋਵੇਂ ਚੱਲਾਂਗੇ। ਜੇ ਤੂੰ ਕਹੇਂ, ਮੈਂ ਤਖਾਣ-ਮਾਜਰੇ ਭੋਲੇ ਕੋਲ ਵੀ ਜਾ ਆਵਾਂ। ਜਿੰਨੇ ਬੰਦੇ ਵੱਧ ਹੋਣਗੇ, ਉਨਾਂ ਹੀ ਚੰਗੈ। ਮੇਰਾ ਸਾਥ ਵੀ ਬਣਿਆ ਰਹੇਗਾ।’’
“ਆਹੋ, ਸਰਪੰਚ ਨੂੰ ਕਹਿ ਕੇ ਕਿਸੇ ਮੁੰਡੇ ਨੂੰ ਨਾਲ ਲੈ ਜਾਇਓ। ਸਾਝਰੇ ਮੁੜ ਆਇਓ। ਬਹੁਤਾ ਨ੍ਹੇਰਾ ਨਾਂ ਕਰਿਓ।’’
ਭੋਲਾ ਤਾਂ ਪੈਰਾਂ ’ਤੇ ਪਾਣੀ ਹੀ ਨਹੀਂ ਪੈਣ ਦੇ ਰਿਹਾ ਸੀ। ਇਨਾਂ ਜਰੂਰ ਦੱਸਿਆ,“ਸਾਡੇ ਪਿੰਡੋਂ ਵੀ ਟਰਾਲੀਆਂ ਜਾਂ ਰਹੀਆਂ ਨੇ।’’
“ਤੂੰ ਆਪ ਕਿਉਂ ਨਹੀਂ ਉੱਠ ਕੇ ਨਾਲ ਤੁਰਦਾ।’’
“ਰਾਮ ਦਿੱਤੇ, ਤੈਨੂੰ ਪਤੈ ਇਹ ਜੱਟਾਂ ਦੀ ਲੜਾਈ ਐ। ਅਸੀਂ ਨ੍ਹੀਂ ਇਹਦੇ ਵਿਚ ਸ਼ਾਮਲ ਹੋਣਾ। ਤੈਨੂੰ ਪਤੈ ਹੀ ਐ, ਇਹ ਜੱਟ ਸਾਡੇ ਨਾਲ ਕੀ ਸਲੂਕ ਕਰਦੇ ਨੇ।’’
“ਕੀ ਸਲੂਕ ਕਰਤਾ ਤੇਰੇ ਨਾਲ ਓਏ। ਐਵੇਂ ਮਗਜ਼ ਮਾਰੀ ਜਾਨੈਂ।’’
“ਤੂੰ ਕਿਹੜੀ ਗੱਲ ਭੁੱਲਿਐਂ ਰਾਮ ਦਿੱਤੇ, ਤੂੰ ਸਭ ਜਾਣਦੈਂ।’’
“ਪਿੰਡ ਵਿਚ ਆਪਾਂ ਸਾਰੇ ਇੱਕੋ ਹੀ ਆਂ। ਇਕ-ਦੂਏ ਦੇ ਸੰਗੀ-ਸਾਥੀ ਆਂ।’’
“ਤੈਨੂੰ ਈ ਲੱਗਦੈ।’’
“ਮੈਨੂੰ ਕਿਉਂ ਲੱਗਦੈ! ਇਕ-ਦੂਏ ਬਿਨਾਂ ਕਿਤੇ ਸਰਦਾ ਹੁੰਦੈ? ਤੂੰ ਆਪ ਸੋਚ ਕੇ ਦੇਖ, ਹਰ ਔਖੇ ਵੇਲੇ ਜਿੰਮੀਂਦਾਰ ਬਰਾਦਰੀ ਤੇਰੇ ਨਾਲ ਖੜ੍ਹੀ ਐ। ਖੜ੍ਹੀ ਐ ਕਿ ਨਹੀਂ? ਮੈਨੂੰ ਕਿਹੜੀ ਗੱਲ ਭੁੱਲੀ ਹੋਈ ਐ। ਮੇਰੇ ਵੱਲ ਵੇਖ ਲੈ, ਮੈਂ ਅੱਤ ਦੇ ਮਾੜੇ ਹਾਲਾਤ ਵਿਚ ਵੀ ਪਿੰਡ ਛੱਡ ਕੇ ਨ੍ਹੀਂ ਗਿਆ। ਪਿੰਡ ਰਹਿ ਕੇ ਹੀ ਸੰਤਾਪ ਝੱਲਿਐ। ਪਿੰਡ ਵਿਚ ਫਿਰ ਵੀ ਅਪਣੱਤ ਹੁੰਦੀ ਐ। ਭਾਈਚਾਰਾ ਹੁੰਦੈ। ਇਕ ਸਾਂਝ ਹੁੰਦੀ ਐ। ਇਹ ਅਪਣੱਤ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਨਹੀਂ ਟੁੱਟਦੀ ਹੁੰਦੀ। ਪੇਂਡੂ ਰਿਸ਼ਤਿਆਂ ਦਾ ਆਪਣਾ ਹੀ ਸਨੇਹ ਤੇ ਸਤਿਕਾਰ ਹੁੰਦੈ।’’
“ਇਹ ਤਾਂ ਠੀਕ ਹੈ, ਪਰ ਇਨ੍ਹਾਂ ਦੀਆਂ ਕੀਤੀਆਂ ਨਹੀਂ ਭੁੱਲਦੀਆਂ।’’
“ਆਪਣੇ ਘਰ ਪਰਵਾਰਾਂ ਵਿਚ ਬਥੇਰੇ ਗੁੱਸੇ-ਗਿੱਲੇ ਹੋ ਜਾਂਦੇ ਨੇ। ਲੜਾਈ-ਝਗੜੇ ਹੋ ਜਾਂਦੇ ਨੇ। ਕਿਸੇ ਬਿਗਾਨੇ ਦੀ ਜ਼ਿਆਦਤੀ ਤਾਂ ਨ੍ਹੀਂ ਸਹਿਣ ਕਰ ਹੁੰਦੀ।’’
“ਇੱਥੇ ਬਿਗਾਨਾ ਕੌਣ ਐ ਰਾਮ ਦਿੱਤੇ। ਆਪਣੀ ਸਰਕਾਰ ਐ। ਆਪਾਂ ਚੁਣੀ ਐ।’
“ਜਦੋਂ ਆਪਣਾ ਪਿਓ ਵੀ ਗਲ ਗੂਠਾ ਦੇਣ ਲੱਗ ਜਾਵੇ ਤਾਂ ਉਹਦੇ ਮੂਹਰੇ ਵੀ ਖੜ੍ਹਨਾ ਪੈ ਜਾਂਦੈ। ਇਹ ਤਾਂ ਫਿਰ ਸਰਕਾਰ ਐ। ਇਕ ਗੱਲ ਪੱਲੇ ਬੰਨ੍ਹ ਲੈ ਭੋਲਾ ਸਿਆਂ, ਸੱਤਾ ਕਿਸੇ ਦੀ ਸਕੀ ਨਹੀਂ ਹੁੰਦੀ। ਧਿਆਨ ਨਾਲ ਸੁਣ ਲੈ, ਇਹ ਅੰਦੋਲਨ ਸਿਰਫ ਜੱਟਾਂ ਦਾ ਨਹੀਂ। ਇਹ ਕਿਸਾਨਾਂ ਦਾ ਅੰਦੋਲਨ ਹੈ ਤੇ ਕਿਸਾਨ ਦੀ ਕੋਈ ਜਾਤ, ਕੋਈ ਧਰਮ ਨਹੀਂ ਹੁੰਦਾ। ਜ਼ਮੀਨ ਹਰ ਕਿਸਾਨ ਦੀ ਮਾਂ ਹੁੰਦੀ ਹੈ। ਜੇ ਕਿਸਾਨ ਉੱਜੜ ਗਏ ਫਿਰ ਗੈਰ ਕਾਸ਼ਤਕਾਰ ਵੀ ਰੁਲ ਜਾਣਗੇ।’’
“ਤੇਰੀ ਗੱਲ ਠੀਕ ਹੋਊ ਪਰ ਮੇਰਾ ਮਨ ਨਹੀਂ ਮੰਨਦਾ। ਤੂੰ ਕੋਈ ਹੋਰ ਗੱਲ ਸੁਣਾ।’’
“ਹੋਰ ਮੈਂ ਏਥੇ ਤੈਨੂੰ ਹੀਰ ਸੁਣਾਉਣ ਆਇਆਂ।’’ ਉਹ ਭਰਿਆ ਪੀਤਾ ਉੱਥੋਂ ਤੁਰ ਆਇਆ।
ਫ਼ੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਭੋਲਾ ਨੰਬਰਦਾਰਾਂ ਨਾਲ ਨੌਕਰ ਸੀ। ਰੀਟਾਇਰਮੈਂਟ ਤੋਂ ਮਗਰੋਂ ਪਹਿਲਾਂ ਉਸਨੇ ਮੋਟਰ-ਰੇੜ੍ਹੀ ਲੈ ਲਈ, ਹੌਲੀ-ਹੌਲੀ ਪੁਰਾਣਾ ਟਰੈਕਟਰ ਅਤੇ ਛੋਟੀ ਟਰਾਲੀ ਬਣਾ ਲਈ। ਇੱਟਾਂ ਦੇ ਭੱਠੇ ’ਤੇ ਲਾ ਲਈ। ਭਰਤ ਪਾਉਣ ਜਾਂ ਹੋਰ ਢੋਆ-ਢੁਆਈ ਦਾ ਕੰਮ ਵੀ ਕਰ ਲੈਂਦਾ।
ਭੋਲਾ ਸਿੰਘ ਅਤੇ ਰਾਮ ਦਿੱਤਾ ਦੋਵੇਂ ਫੌਜ ਵਿਚ ਰਹੇ ਸਨ। ਚੜ੍ਹਦੀ ਉਮਰ ਦੀ ਆੜੀ ਹੈ। ਪਿੰਡਾਂ ਵਾਲੀ ਸਾਂਝ ਹੈ। ਰੱਤੀ ਪੁਰ ਤੇ ਤਖਾਣ ਮਾਜ਼ਰੇ ਦਾ ਬੰਨੇ ਨਾਲ ਬੰਨਾ ਲੱਗਦਾ ਹੈ। ਰੀਟਾਇਰਮੈਂਟ ਤੋਂ ਬਾਅਦ ਵੀ ਇਹ ਸਾਥ ਬਣਿਆ ਰਿਹਾ। ਰਾਮ ਦਿੱਤੇ ਤੇ ਉਹਦੀ ਪਤਨੀ ਨੇ ਕਦੇ ਵੀ ਜਾਤ-ਪਾਤ ਦਾ ਖ਼ਿਆਲ ਨਹੀਂ ਸੀ ਕੀਤਾ। ਇਕ-ਦੂਜੇ ਦੇ ਦੁੱਖ-ਸੁੱਖ ਨੂੰ ਦੋਵੇਂ ਪਰਿਵਾਰ ਆਪਣਾ ਹੀ ਸਮਝਦੇ। ਮੂਹਰੇ ਹੋ ਕੇ ਕੰਮ ਸਾਂਭਦੇ। ਲੋਕ ਉਨ੍ਹਾਂ ਦੀ ਦੋਸਤੀ ’ਤੇ ਰਸ਼ਕ ਕਰਦੇ। ਭੋਲੇ ਦਾ ਅੱਜ ਵਾਲਾ ਵਿਹਾਰ ਰਾਮ ਦਿੱਤੇ ਦੀ ਸਮਝੋਂ ਬਾਹਰ ਸੀ।
ਉਹਨੇ ਘਰ ਆ ਕੇ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਬੋਲੀ,“ਕੋਈ ਗੱਲ ਦਿਲ ਨੂੰ ਲਾਈ ਬੈਠਾ ਹੋਣੈਂ। ਚਲੋ ਉਹਦੀ ਮਰਜੀ।’’
“ਮੈਂ ਉਹਨੂੰ ਬਥੇਰਾ ਸਮਝਾਇਆ, ਇਹ ਲੜਾਈ ਕਿਸੇ ਇਕੱਲੇ-ਦੁਕੱਲੇ ਦੀ ਨਹੀਂ। ਇਹ ਸਾਂਝੀ ਲੜਾਈ ਹੈ। ਜੇ ਜ਼ਮੀਨ ਨਾ ਰਹੀ ਤਾਂ ਪਿੰਡ ਵੀ ਨਹੀਂ ਰਹਿਣੇ। ਸਾਂਝਾ ਭਾਈਚਾਰਾ ਖੇਰੂੰ-ਖੇਰੂੰ ਹੋ ਜਾਊ। ਉਹਦੇ ’ਤੇ ਕੋਈ ਅਸਰ ਹੀ ਨਹੀਂ ਹੋਇਆ।’’
“ਉਹ ਕਿਹੜਾ ਥੋਡੇ ਨਾਲੋਂ ਘੱਟ ਐ। ਦੋਵੇਂ ਇੱਕੋ ਜਿਹੇ ਅੜਬੈੜੇ ਓਂ।’’
ਮਿਥੇ ਹੋਏ ਦਿਨ ਨੂੰ ਪਿੰਡ ਦੀ ਫਿਰਨੀ ’ਤੇ ਟਰੈਕਟਰਾਂ-ਟਰਾਲੀਆਂ ਦੀ ਲਾਈਨ ਲੱਗ ਗਈ। ਹਰ ਕੋਈ ਉਤਸ਼ਾਹ ਵਿਚ ਦਿਸਦਾ ਸੀ। ਸਰਪੰਚ ਬਾਬੇ ਰਾਮੂ ਨੂੰ ਦੱਸਣ ਲੱਗਿਆ,“ਤਿੰਨ ਟਰਾਲੀਆਂ ਤਾਂ ਬੀਬੀਆਂ ਦੀਆਂ ਹੀ ਹੋ ਗਈਆਂ। ਇਕ ਟਰੈਕਟਰ ਤਾਂ ਗਿਆਨੀ ਹਰਦਮ ਸਿੰਘ ਦੀ ਪੋਤੀ ਸੁਖਜੀਤ ਚਲਾ ਕੇ ਲਜਾਉਗੀ।’’
ਸਾਹਮਣਿਉਂ ਤੁਰੀ ਆਉਂਦੀ ਸੁਖਜੀਤ ਨੂੰ ਦੇਖ ਕੇ ਸਰਪੰਚ ਕਹਿਣ ਲੱਗਿਆ, “ਆ ਭਾਈ ਸੁਖਜੀਤ, ਆ ਜਾ। ਤੇਰੀ ਤਾਂ ਬਹੁਤ ਲੰਮੀ ਉਮਰ ਹੈ। ਮੈਂ ਬਾਬਾ ਜੀ ਨੂੰ ਤੇਰੇ ਬਾਰੇ ਹੀ ਦੱਸ ਰਿਹਾ ਸੀ।’’
ਬਾਬਾ ਰਾਮੂ ਉਹਦਾ ਸਿਰ ਪਲੋਸਦਾ ਬੋਲਿਆ, “ਕੀ ਕਰਦੀ ਹੁੰਨੀ ਐਂ ਭਾਈ।’’
“ਬਾਬਾ ਜੀ, ਮੈਂ ਪੀ.ਐਚ.ਡੀ. ਕਰ ਰਹੀ ਆਂ। ਹੁਣ ਤਾਂ ਪਤਾ ਨਹੀਂ ਕੰਪਲੀਟ ਹੋਊ ਜਾਂ ਵਿਚ-ਵਿਚਾਲੇ ਹੀ ਰਹਿ ਜਾਊ।’’
“ਨਹੀਂ ਭਾਈ, ਵਿਚ-ਵਿਚਾਲੇ ਕਿਉਂ ਰਹੂ, ਸਾਰੇ ਕੰਮ ਸਿਰੇ ਲੱਗਣਗੇ।’’
“ਸੁਖਜੀਤ ਤਾਂ ਕਈ ਵਾਰ ਧਰਨੇ ’ਤੇ ਜਾ ਆਈ ਐ, ਬਾਬਾ ਜੀ।’’
“ਹਾਂ ਜੀ, ਮੈਂ ਉੱਥੇ ਵਾਲੰਟੀਅਰ ਦੀ ਡਿਊਟੀ ਦਿੰਨੀ ਆਂ। ਇਸਤਰੀਆਂ ਦੀਆਂ ਆਪਣੀਆਂ ਵੀ ਬਹੁਤ ਸਮੱਸਿਆਵਾਂ ਹੁੰਦੀਆਂ ਨੇ। ਹੁਣ ਵੀ ਬੀਬੀਆਂ ਭੈਣਾਂ ਨੂੰ ਪ੍ਰੇਰ ਕੇ ਅੰਦੋਲਨ ਵਿਚ ਲਿਜਾਣ ਲਈ ਹੀ ਆਈ ਸੀ। ਬਾਬਾ ਜੀ, ਅਸੀਂ ਉੱਥੇ ਨੇੜੇ-ਤੇੜੇ ਦੇ ਬੱਚਿਆਂ ਨੂੰ ਅੱਖਰ ਗਿਆਨ ਵੀ ਦਿੰਦੇ ਹਾਂ।’’
“ਜਿਉਂਦੀਆਂ ਰਹੋ ਬਚੜੀਓ। ਕੋਈ ਵੀ ਸੰਘਰਸ਼ ਨਾਰੀ ਸ਼ਕਤੀ ਬਿਨਾਂ ਸਿਰੇ ਨਹੀਂ ਲੱਗਦਾ ਹੁੰਦਾ। ਲੈ ਹੁਣ ਤੇਰੀ ਦਾਦੀ ਵੀ ਤਿਆਰ ਹੋ ਕੇ ਟਰਾਲੀ ਵਿਚ ਆ ਬੈਠੀ। ਕਹਿੰਦੀ ਮੈਂ ਵੀ ਜਾਣੈਂ।’’
“ਹਾਂ ਜੀ, ਮੈਂ ਉਨ੍ਹਾਂ ਨੂੰ ਮਿਲ ਕੇ ਆਈ ਹਾਂ। ਮਾਵਾਂ ਦੀ ਤਾਂ ਉੱਥੇ ਬਹੁਤ ਲੋੜ ਹੈ। ਸਾਨੂੰ ਬਹੁਤ ਸਹਾਰਾ ਹੋ ਜਾਂਦੈ। ਉਨ੍ਹਾਂ ਦਾ ਜੀਵਨ ਭਰ ਦਾ ਤਜ਼ਰਬਾ ਕੰਮ ਆਉਂਦੈ।’’
“ਤਜ਼ਰਬਾ ਤਾਂ ਉਹਦਾ ਕੀ ਹੋਣੈਂ। ਸਾਰੀ ਉਮਰ ਤਾਂ ਇੱਥੇ ਹੀ ਰਹੀ ਐ।’’
“ਬਾਬਾ ਜੀ, ਮਾਂਵਾਂ ਨੂੰ ਘਰਾਂ ਵਿਚ ਰਹਿੰਦਿਆਂ ਵੀ ਬਥੇਰੇ ਤਜ਼ਰਬੇ ਹੋ ਜਾਂਦੇ ਨੇ। ਇਨ੍ਹਾਂ ਨੂੰ ਇਸਤਰੀ ਮਾਨਸਿਕਤਾ ਦੀ ਬਹੁਤ ਸਮਝ ਹੁੰਦੀ ਹੈ।’’
ਅਚਾਨਕ ਭੋਲੇ ਨੇ ਆ ਕੇ ਬਾਬੇ ਨੂੰ ਜੱਫੀ ਪਾ ਲਈ।
“ਆ ਬਈ ਭੋਲਾ ਸਿਆਂ। ਸ਼ੁਕਰ ਐ ਤੇਰੀ ਜਾਗ ਖੁੱਲੵ ਗਈ। ਮੇਰਾ ਦਿਲ ਕਹਿੰਦਾ ਸੀ, ਤੂੰ ਜਰੂਰ ਆਏਂਗਾ।’’
“ਰਾਮ ਦਿੱਤਿਆ, ਤੇਰੀਆਂ ਗੱਲਾਂ ਤਾਂ ਮੈਂ ਅਣਸੁਣੀਆਂ ਕਰ ਦਿੱਤੀਆਂ ਸੀ, ਪਰ ਤੇਰੀ ਭਾਬੀ ਨੇ ਮੇਰੀ ਹੋਸ਼ ਟਿਕਾਣੇ ਲਿਆ ਦਿੱਤੀ।’’
“ਤੇਰੇ ਨਾਲੋਂ ਤਾਂ ਉਹ ਹੀ ਸਿਆਣੀ ਨਿਕਲੀ, ਜਿਹਨੇ ਤੈਨੂੰ ਰਾਹ ਦਿਖਾ ਦਿੱਤਾ।’’
“ਰਾਮ ਦਿੱਤਿਆ, ਤੇਰੀ ਗੱਲ ਵੀ ਮੇਰੇ ਸੀਨੇ ’ਚ ਤੀਰ ਵਾਂਗੂੰ ਖੁੱਭ ਗਈ ਸੀ।’’
“ਕਿਹੜੀ ਗੱਲ?’’
“ਤੂੰ ਭੁੱਲ ਗਿਐਂ? ਤੂੰ ਤਾਂ ਪੋਲੇ ਜਿਹੇ ਮੂੰਹ ਨਾਲ ਕਹਿ ਦਿੱਤਾ ਸੀ, ‘ਜਦੋਂ ਬਾਬਾ ਨਾਨਕ ਅਤੇ ਭਗਤ ਰਵਿਦਾਸ ਜੀ ਇਕ ਥਾਂ ਬੈਠ ਕੇ ਉਪਦੇਸ਼ ਦੇ ਸਕਦੇ ਨੇ, ਫਿਰ ਆਪਾਂ ਕਿਉਂ ਨਹੀਂ ’ਕੱਠੇ ਤੁਰ ਸਕਦੇ।’ ਤੂੰ ਤਾਂ ਕਹਿ ਕੇ ਤੁਰ ਆਇਆ, ਮੇਰੀ ਤਾਂ ਨੀਂਦ ਹੀ ਉੱਡ ਗਈ। ਅੱਚਵੀ ਜਿਹੀ ਲੱਗੀ ਰਹੀ। ਰਾਮ ਦਿੱਤੇ, ਮੈਨੂੰ ਮੇਰੀ ਘਰ ਵਾਲੀ ਤੇ ਤੇਰੀਆਂ ਗੱਲਾਂ ਸਮਝ ਆ ਗਈਆਂ। ਤੈਨੂੰ ਪਤਾ ਈ ਐ, ਆਪਾਂ ਨੂੰ ਗੱਲ ਹੌਲੀ-ਹੌਲੀ ਸਮਝ ਆਉਂਦੀ ਐ।’’
ਭੋਲੇ ਦੀ ਗੱਲ ਸੁਣ, ਨੇੜੇ-ਤੇੜੇ ਖੜ੍ਹੇ ਸਾਰੇ ਹੱਸਣ ਲੱਗੇ।
“ਮੈਂ ਆਪਣਾ ਟਰੈਕਟਰ ਅਤੇ ਟਰਾਲੀ ਵੀ ਲੈ ਆਇਆਂ। ਜਿਹੋ ਜਿਹਾ ਹੈ, ਸਵੀਕਾਰ ਕਰਿਓ। ਪਿੰਡ ਆਲਿਆਂ ਨੂੰ ਮੈਂ ਕਹਿ ਆਇਆਂ, ਆਪਾਂ ਜਰਨੈਲੀ ਸੜਕ ’ਤੇ ਇਕੱਠੇ ਹੋ ਹੀ ਜਾਣੈਂ। ਮੈਂ ਰਾਮ ਦਿੱਤੇ ਨਾਲ ਆਊਂ।’’
“ਹੁਣ ਨ੍ਹੀਂ ਆਪਾਂ ਸਰਕਾਰ ਦੇ ਲੈਣ ਦੇ। ਏਕੇ ’ਚ ਬੜੀ ਤਾਕਤ ਹੁੰਦੀ ਐ ਭੋਲਾ ਸਿਆਂ।’’
“ਸਰਪੰਚ ਸਾਹਿਬ, ਕੋਈ ਮਕੈਨਿਕ ਵੀ ਲਿਐ ਨਾਲ?’’
“ਹਾਂ ਜੀ, ਮਿਸਤਰੀ ਕਰਨੈਲ ਤੇ ਨਿਹਾਲ ਸਿੰਘ ਆਪਣੇ ਨਾਲ ਚੱਲੇ ਨੇ। ਉਨ੍ਹਾਂ ਦੇ ਸੰਦ ਮੇਰੀ ਟਰਾਲੀ ’ਚ ਹੀ ਪਏ ਨੇ। ਉਨ੍ਹਾਂ ਆਪ ਹੀ ਕਿਹਾ ਸੀ, ਅਸੀਂ ਵੀ ਸੇਵਾ ਕਰਨੀ ਐ।’’
ਕਾਮਰੇਡ ਸ਼ਿਆਮ ਤੇ ਜੱਥੇਦਾਰ ਗੁਰਬੰਤ ਸਿੰਘ ਨੂੰ ਤੁਰੇ ਆਉਂਦਿਆਂ ਦੇਖ, ਜਾਗਰ ਨੰਬਰਦਾਰ ਬੋਲਿਆ, “ਔਹ ਵੇਖੋ, ਕਾਮਰੇਡ ਤੇ ਜੱਥੇਦਾਰ ਕਿਵੇਂ ਜੋਟੀ ਪਾਈ ਆਉਂਦੇ ਨੇ।’’
“ਲੰਬੜਦਾਰਾਂ ਤੂੰ ਨਜ਼ਰ ਨਾ ਲਾ ਦਈਂ। ਤੇਰੀ ਨਜ਼ਰ ਤਾਂ ਹੈ ਵੀ ਪੱਥਰ ਪਾੜ।’’ ਤਾਰਾ ਹੁੱਜਤੀ ਉਹਨੂੰ ਟੋਕਦਾ ਬੋਲਿਆ।’’
“ਨੰਬਰਦਾਰ ਨੂੰ ਤਾਰੇ ਵੱਲ ਕਸੂਤਾ ਜਿਹਾ ਝਾਕਦਾ ਦੇਖ ਕੇ, ਬਾਬੇ ਨੇ ਗੱਲ ਸਾਂਭੀ, “ਤੂੰ ਫ਼ਿਕਰ ਨਾ ਕਰ ਤਾਰਿਆ। ਲੋਕ-ਸੰਘਰਸ਼ਾਂ ਨੂੰ ਆਪਣੇ ਲੋਕਾਂ ਦੀ ਨਜ਼ਰ ਨਹੀਂ ਲੱਗਦੀ ਹੁੰਦੀ। ਵਿਰੋਧੀਆਂ ਦੀਆਂ ਨਜ਼ਰਾਂ ਤੋਂ ਹੀ ਬਚ ਕੇ ਰਹਿਣਾ ਪੈਂਦੈ।’’
“ਵਿਰੋਧੀਆਂ ਨੇ ਤਾਂ ਬਥੇਰੀਆਂ ਚਾਲਾਂ ਚੱਲਣੀਆਂ ਨੇ ਬਾਬਾ ਜੀ।’’
“ਲੋਕਾਂ ਦੇ ਏਕੇ ਅੱਗੇ ਸਾਰੀਆਂ ਕੁਚਾਲਾਂ ਮੂਧੇ ਮੂੰਹ ਡਿੱਗ ਪੈਂਦੀਆਂ ਨੇ। ਬੱਸ ਏਕਾ ਨਾ ਟੁੱਟਣ ਦਿਉ।’’
“ਓਏ ਬੀਰਿਆ, ਤੂੰ ਗੰਡਾਸੀ ਚੁੱਕੀ ਆਉਂਨੈਂ।’’
“ਬਾਬਾ ਜੀ, ਔਖੇ ਵੇਲੇ ਇਹਨੇ ਹੀ ਕੰਮ ਆਉਣੈਂ।’’
“ਹੁਣ ਕਿਤੇ ਸੌਖੇ ਵੇਲੇ ਨੇ ਬਈ ਹੋਰ ਔਖੇ ਵੇਲੇ ਨੂੰ ਉਡੀਕਦੈਂ। ਆਪਾਂ ਨੂੰ ਇਹਦੀ ਲੋੜ ਨਹੀਂ ਬੀਰਿਆ। ਜਾਹ ਇਹਨੂੰ ਘਰੇ ਰੱਖ ਕੇ ਆ।’’
“ਚੰਗਾ ਬਾਬਾ ਤੇਰੀ ਮੰਨ ਲੈਨੇ ਆਂ।’’
“ਮੰਨਣੀ ਹੀ ਪੈਣੀ ਹੈ ਬੀਰਿਆ। ਸਮਾਜਿਕ ਅੰਦੋਲਨ ਤਾਂ ਸ਼ਾਂਤੀਪੂਰਨ ਸੰਘਰਸ਼ਾਂ ਤੇ ਸਬਰ-ਸਿਦਕ ਦੇ ਸਹਾਰੇ ਹੀ ਜਿੱਤੇ ਜਾਂਦੇ ਨੇ।’’
“ਲੈ ਗਾਮਿਆਂ, ਫੜ ਗੰਡਾਸੀ। ਸਾਡੇ ਘਰੇ ਫੜਾ ਆਈਂ। ਫੜਾ ਆਈਂ, ਆਵਦੇ ਘਰੇ ਨਾ ਲੈ ਜਾਈਂ।’’
“ਸਾਡੇ ਇਹ ਕੀ ਕੰਮ ਐ ਸਰਦਾਰਾ। ਇਹ ਤਾਂ ਥੋਨੂੰ ਹੀ ਸੋਭਦੀਆਂ ਨੇ। ਨਹੀਂ ’ਤਬਾਰ ਤਾਂ ਆਪ ਜਾ ਕੇ ਰੱਖ ਆ, ਆਵਦੇ ਘਰ।’’
“ਆਪ ਹੀ ਰੱਖ ਕੇ ਆਉਨਾਂ। ਸਿਆਣੇ ਕਹਿੰਦੇ ਹੁੰਦੇ ਨੇ, ਆਵਦਾ ਹਥਿਆਰ ਨਹੀਂ ਦੂਸਰੇ ਹੱਥ ਦੇਈਦਾ। ਬੱਸ, ਮੈਂ ਜਾਣ-ਆਉਣ ਹੀ ਕਰਨੈ।’’
“ਹਥਿਆਰ ਨੂੰ ਦੱਸ ਇਹ ਕਿਹੜਾ ਬਾਰਾਂ ਬੋਰ ਐ।’’
“ਬਾਰਾਂ ਬੋਰ ਦਾ ਨਿਸ਼ਾਨਾ ਤਾਂ ਉੱਕ ਵੀ ਜਾਊ। ਜੱਟ ਦੀ ਗੰਡਾਸੀ ਦਾ ਨਹੀਂ ਉੱਕਦਾ ਕਦੇ।’’
“ਓਏ ਬੀਰਿਆ, ਉਰੇ ਆ। ਸੁਣ ਮੇਰੀ ਗੱਲ ਧਿਆਨ ਨਾਲ। ਗੰਡਾਸੀ ਦੇ ਨਾਲ ਹੀ ਆਪਣਾ ਜੱਟ-ਪੁਣਾ ਵੀ ਘਰੇ ਹੀ ਰੱਖ ਕੇ ਆਈਂ। ਆਪਾਂ ਬੰਦੇ ਬਣ ਕੇ ਚੱਲਣੈ।’’
ਬਾਬੇ ਰਾਮੂ ਦੀ ਗੱਲ ਸੁਣ ਕੇ ਸਰਪੰਚ ਕਹਿਣ ਲੱਗਿਆ, “ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਕਿਸੇ ਕੋਲ ਕਿਸੇ ਵੀ ਕਿਸਮ ਦਾ ਹਥਿਆਰ ਨਾ ਹੋਵੇ। ਕਿਸੇ ਕੋਲ ਨਸ਼ਾ ਨਾ ਹੋਵੇ। ਆਪਣਾ ਸੱਤਾ ਨਾਲ ਮੱਥਾ ਲੱਗਿਐ। ਸੱਤਾ ਦੇ ਰੰਗ ਨਿਆਰੇ ਹੁੰਦੇ ਨੇ। ਪਤਾ ਨਹੀਂ ਕਿਹੜੇ ਪਾਸਿਓਂ ਘੇਰ ਲਵੇ। ਉਹ ਇਸ ਅੰਦੋਲਨ ਨੂੰ ਕੋਈ ਵੀ ਰੰਗ ਦੇਣ ਦੀ ਕੋਸ਼ਿਸ਼ ਕਰ ਸਕਦੀ ਹੈ। ਆਪਾਂ ਪੁਰ-ਅਮਨ ਰਹਿ ਕੇ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਦੇ ਯਤਨ ਕਰਨੇ ਨੇ। ਆਪਾਂ ਹਰ ਪਾਸਿਉਂ ਸੁਚੇਤ ਰਹਿਣੈ।’’
ਸਰਪੰਚ ਨੇ ਆਪਣੀ ਗੱਲ ਮੁਕਾਈ ਤਾਂ ਬਾਬਾ ਰਾਮੂ ਪੁੱਛਣ ਲੱਗਿਆ, “ਸਰਪੰਚ ਸਾਹਿਬ ਝੰਡੇ ਲਾਉਣ ਲਈ ਇਹ ਹਰੇ-ਹਰੇ ਬਾਂਸ ਕਿੱਥੋਂ ਵੱਢ ਲਿਆਏ।’’
“ਲੈ ਬਾਬਾ ਜੀ, ਇਹ ਤਾਂ ਸਰਦਾਰਾ ਸੂੰਮ ਆਪ ਦੇ ਕੇ ਗਿਐ। ਕਹਿੰਦਾ, ਝੰਡੇ ਟੰਗ ਲਿਉ।’’
“ਉਹ ਤਾਂ ਕਿਸੇ ਨੂੰ ਡੰਗਰ ਹੱਕਣ ਲਈ ਛਿਟੀ ਨ੍ਹੀਂ ਦਿੰਦਾ ਕਦੇ!’’
“ਕਹਿੰਦਾ ਸਰਪੰਚਾ, ਜੇ ਜ਼ਮੀਨ ਨਾ ਰਹੀ ਤਾਂ ਕੁੱਝ ਵੀ ਨਹੀਂ ਰਹਿਣਾ।’’
“ਸਰਪੰਚਾ ਪਿੱਛੇ ਝਾਕ, ਕਾਲੋਨੀਆਂ ’ਚੋਂ ਤੇਰੇ ਪੱਕੇ ਵਿਰੋਧੀ ਤੁਰੇ ਆਉਂਦੇ ਨੇ।’’
“ਤਾਰਿਆ, ਤੂੰ ਉਨ੍ਹਾਂ ਨੂੰ ਨਾਰਾਜ਼ ਕਰਕੇ ਭਜਾ ਨਾ ਦੇਈਂ। ਅਸੀਂ ਆਪ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਆਏ ਸੀ। ਚੰਗਾ ਹੋਇਆ, ਉਹ ਆ ਗਏ। ਤਾਰਿਆ, ਤੂੰ ਘੜੀ-ਬਿੰਦ ਜੀਭ ਨੂੰ ਗੱਠ ਨਹੀਂ ਮਾਰ ਸਕਦਾ?’’
“ਇਹ ਕਿਹੜਾ ਭਾਈ ਕਿਸੇ ਇਕ ਪਾਰਟੀ ਦਾ ਕੰਮ ਐ।’’
“ਇਹੋ-ਜਿਹੇ ਕੰਮ ਤਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਸਿਰੇ ਚੜ੍ਹਦੇ ਹੁੰਦੇ ਨੇ।’’
“ਲਓ ਬਈ, ਇਹ ਬੇਬੇ ਤਾਂ ਪਿੰਨੀਆਂ ਦਾ ਪੀਪਾ ਭਰ ਲਿਆਈ।’’ ਬੇਬੇ ਭਗਵਾਨ ਕੌਰ ਨੂੰ ਪੀਪਾ ਚੁੱਕੀ ਤੁਰੀ ਆਉਂਦਿਆਂ ਦੇਖ ਤਾਰਾ ਹੁੱਜਤੀ ਫਿਰ ਬੋਲਿਆ।
“ਇਹ ਪਿੰਨੀਆਂ ਨ੍ਹੀਂ ਭਾਈ। ਇਹ ਤਾਂ ਅੰਬਾਂ ਦਾ ਆਚਾਰ ਹੈ। ਐਤਕੀਂ ਹੀ ਪਾਇਆ ਸੀ। ਦੋਵੇਂ ਪੀਪੇ ਲੈ ਜਾਓ। ਇਕ ਇਹ ਸਾਂਭ ਲਵੋ, ਦੂਸਰਾ ਛਿੰਦਾ ਲਈ ਆਉਂਦੈ। ਪਿੰਨੀਆਂ ਦਾ ਵੀ ਥੋਨੂੰ ਕੋਈ ਘਾਟਾ ਨਹੀਂ ਛੱਡਦੇ।’’ ਰਤਾ ਕੁ ਸਾਹ ਲੈ, ਉਹ ਫਿਰ ਬੋਲੀ, “ਪਿੰਨੀਆਂ ਵੀ ਬਣ ਰਹੀਆਂ ਨੇ ਧਰਮਸ਼ਾਲਾ ਵਿਚ। ਮੈਂ ਉੱਥੋਂ ਹੀ ਉੱਠ ਕੇ ਆਈ ਆਂ। ਮੈਂ ਕਿਹਾ, ਕਿਤੇ ਆਚਾਰ ਦੇਣਾ ਹੀ ਨਾ ਭੁੱਲ ਜਾਵਾਂ।’’
“ਬੇਬੇ, ਉਹ ਸਾਹਮਣੇ ਧਰਮਸ਼ਾਲਾ ਵਿਚ ਤਾਂ ਰੂਆਂ ਨ੍ਹੀਂ- ਧੂੰਆਂ ਨ੍ਹੀਂ। ਪਿੰਨੀਆਂ ਕਿੱਥੇ ਬਣਦੀਆਂ ਨੇ?’’
“ਤੂੰ ਬਹੁਤਾ ਨਾ ਬੋਲ ਵੇ ਹੁੱਜਤੀਆ। ਤੈਂ ਪਿੰਨੀਆਂ ਲੈਣੀਆਂ ਨੇ ਜਾਂ ਰੂੰਆਂ-ਧੂੰਆਂ ਦੇਖਣੈਂ।’’ ਬੇਬੇ ਭਗਵਾਨ ਕੌਰ ਤਿਊੜੀ ਵੱਟਦੀ ਬੋਲੀ। ਫਿਰ ਹੱਸਦੀ-ਹੱਸਦੀ ਕਹਿਣ ਲੱਗੀ, “ਉੱਧਰ ਰਵਿਦਾਸ ਧਰਮਸ਼ਾਲਾ ’ਚ ਕੜਾਹੀ ਚਾੜ੍ਹੀ ਹੋਈ ਐ। ਦੋ ਡਰੰਮ ਭਰ ਕੇ ਦਿਆਂਗੀਆਂ। ਨਾਲੇ ਖਾਇਆ ਕਰੋਂਗੇ, ਨਾਲੇ ਯਾਦ ਕਰਿਆ ਕਰੋਂਗੇ।’’ ਬੋਲਦੀ-ਬੋਲਦੀ ਦੀਆਂ ਉਹਦੀਆਂ ਅੱਖਾਂ ਭਰ ਆਈਆਂ।
“ਬੇਬੇ ਕਿੱਲੋ ਖੰਡ ਆਚਾਰ ਨਿਆਣਿਆਂ ਖ਼ਾਤਰ ਵੀ ਰੱਖ ਆਈ ਕਿ ਨਹੀਂ।’’
“ਪੁੱਤ, ਤੁਸੀਂ ਸਾਰੇ ਮੇਰੇ ਨਿਆਣੇ ਹੀ ਓਂ। ਮੇਰੇ ਹੀ ਪਰਿਵਾਰ ਦੇ ਜੀਅ ਓਂ। ਸੁੱਖ ਰਹੀ, ’ਗਾਹਾਂ ਨੂੰ ਹੋਰ ਪਾ ਲਵਾਂਗੇ।’’
“ਬੇਬੇ ਛੇਤੀ ਕਰੋ, ਸਾਡੀ ਤਿਆਰੀ ਐ।’’
“ਆਈਆਂ ਸਮਝੋ ਭਾਈ। ਪੰਜ਼ੀਰੀ ਬਣ ਗਈ। ਕੁੜੀਆਂ ਪਿੰਨੀਆਂ ਬਨਾਉਣ ਲੱਗੀਆਂ ਹੋਈਆਂ ਨੇ। ਪਰਜਾਪਤਾਂ ਦਾ ਜੀਤਾ, ਆਪਣੀ ਟਰਾਲੀ ਲਈ ਖੜ੍ਹੈ। ਉਹ ਲੈ ਕੇ ਆਉਂਦੈ।’’
“ਉਹ ਲੰਗੜਦੀਨ, ਕਿਤੇ ’ਕੱਲਾ ਹੀ ਨਾ ਖਾ ਜਾਏ।’’ ਤਾਰੇ ਹੁੱਜਤੀ ਦੀ ਗੱਲ ਸੁਣ ਹਾਸੜ ਪੈ ਗਈ।
“ਤਾਰੇ ਪੁੱਤ, ਅੱਜ ਤੈਨੂੰ ਕਹਿਣਾ ਹੀ ਕੁਝ ਨਹੀਂ। ਸ਼ੁੱਭ ਕੰਮ ਚੱਲੇ ਹੋ ਭਾਈ। ਨਹੀਂ ਮੈਂ ਤੈਨੂੰ ਦਿੰਦੀ ਧਨੇਸੜੀ ਸੁਆਰ ਕੇ। ਸਾਰੀਆਂ ਹੁੱਜਤਾਂ ਭੁਲਾ ਦਿੰਦੀ। ਹੁਣ ਤਾਂ ਇਹ ਹੀ ਅਰਦਾਸ ਹੈ, ਸੁੱਖੀਂ-ਸਾਂਦੀ ਜਾਓ। ਸੁੱਖੀ-ਸਾਂਦੀ ਹੱਸਦੇ-ਹਸਾਉਂਦੇ ਵਾਪਸ ਮੁੜ ਆਵੋਂ। ਦਾਤਾ ਮਿਹਰ ਕਰੇ।’’
“ਲੈ ਬੇਬੇ, ਸਾਰੀਆਂ ਹੁੱਜਤਾਂ ਏਥੇ ਹੀ ਛੱਡ ਚੱਲਿਆਂ। ਭੁੱਲ-ਚੁੱਕ ਮੁਆਫ ਕਰਿਓ।’’ ਤਾਰਾ ਦੋਵੇਂ ਹੱਥਾਂ ਨਾਲ ਕੰਨ ਫੜਦਾ ਬੋਲਿਆ।
“ਸੁਣ ਲਵੋ ਓਏ ਮੁੰਡਿਓ, ਹੁਣ ਇਹਨੂੰ ਤਾਰਾ ਸਿਹੁੰ ਕਿਹਾ ਕਰਿਓ। ਹੋਰ ਉੱਥੇ ਵੀ ਲੋਕਾਂ ਨੂੰ ਦੱਸਦੇ ਫਿਰੋਂ ਬਈ ਇਹ ਤਾਰਾ ਹੁੱਜਤੀ ਐ।’’
“ਬੇਬੇ ਦੀ ਗੱਲ ਸੁਣ ਫਿਰ ਹਾਸਾ ਪੈ ਗਿਆ। ਵਿੱਚੋਂ ਹੀ ਕੋਈ ਬੋਲਿਆ, “ਬੇਬੇ, ਲੋਕ ਤਾਂ ਆਪੇ ਹੀ ਨਿਰਖ-ਪਰਖ ਕਰ ਲੈਂਦੇ ਨੇ, ਉਨ੍ਹਾਂ ਨੂੰ ਦੱਸਣ ਦੀ ਲੋੜ ਨ੍ਹੀਂ ਪੈਂਦੀ।’’
“ਸਰਪੰਚ ਸਾਹਿਬ, ਇਹ ਦਾਤਣਾਂ ਵੀ ਰੱਖ ਲਵੋ, ਕੰਮ ਆਉਣਗੀਆਂ।’’ ਰਮਜ਼ਾਨ ਅਲੀ ਨਿੰਮ ਦੀਆਂ ਦਾਤਣਾਂ ਦੀਆਂ ਗੁੱਟੀਆਂ ਫੜਾਉਂਦਾ ਬੋਲਿਆ।
“ਸ਼ਾਬਾਸ਼ੇ ਬਈ ਰਮਜ਼ਾਨ, ਇਹ ਤਾਂ ਤੈਂ ਕਮਾਲ ਹੀ ਕਰਤੀ। ਪੰਚ ਸਾਹਿਬ ਸਾਂਭ ਲਵੋ। ਰਾਸ਼ਨ ਵਾਲੀ ਟਰਾਲੀ ਵਿਚ ਹੀ ਰਖਵਾ ਦਿਉ।’’ ਸਰਪੰਚ ਨੇ ਆਪਣੇ ਸਾਥੀ ਪੰਚ ਨੂੰ ਕਿਹਾ।
“ਸਰਪੰਚ ਸਾਹਿਬ, ਇਹ ਕੋਈ ਛੋਟੀਆਂ-ਮੋਟੀਆਂ ਗੱਲਾਂ ਨਹੀਂ। ਇਹ ਸਭ ਵਿਦਰੋਹੀ ਗੁੱਸੇ ਅਤੇ ਆਪਸੀ ਏਕੇ ਦਾ ਪ੍ਰਤੀਕ ਹੈ।’’
“ਆਪਸੀ ਮਿਲਵਰਤਣ ਅਤੇ ਏਕੇ ਨਾਲ ਹੀ ਲੋਕ-ਘੋਲ ਜਿੱਤੇ ਜਾਂਦੇ ਨੇ ਬਾਬਾ ਜੀ, ਤੁਸੀਂ ਤਾਂ ਜਾਣਦੇ ਹੀ ਹੋ’’, ਕਹਿ ਸਰਪੰਚ, ਆਲੇ-ਦੁਆਲੇ ਖੜ੍ਹਿਆਂ ਨੂੰ ਕਹਿਣ ਲੱਗਿਆ, “ਚਲੋ ਬਈ ਬੈਠੋ ਆਪੋ-ਆਪਣੀ ਥਾਂ ’ਤੇ। ਚਲੋ ਤੁਰੀਏ।’’
ਭੋਲਾ ਸਿੰਘ ਦੇ ਟਰੈਕਟਰ ’ਤੇ ਬੈਠਾ ਬਾਬਾ ਰਾਮੂ ਫਿਰ ਸੋਚਾਂ ਵਿਚ ਡੁੱਬ ਗਿਆ। ਉਹਦੇ ਮਨ ਵਿਚ ਚਤੁਰ ਦੁਸ਼ਮਣ ਦੀਆਂ ਸ਼ਤਰੰਜੀ ਚਾਲਾਂ ਦਾ ਡਰ ਸੀ। ਉਹਦਾ ਹਉਕਾ ਨਿੱਕਲ ਗਿਆ, ‘ਦੁਸ਼ਮਣ ਬਾਤ ਕਰੇ ਅਣਹੋਣੀ।’ ਉਹ ਸੋਚਣ ਲੱਗਿਆ, ਪਤਾ ਨਹੀਂ ਆਪਣੀ ਜ਼ਮੀਨ ਬਚਾਉਂਦਾ ਕਿਹੜਾ-ਕਿਹੜਾ ਉੱਥੇ ਹੀ ਮਿੱਟੀ ਦੀ ਢੇਰੀ ਬਣ ਜਾਵੇ। ਉਹਦਾ ਅੰਦਰ ਕੰਬ ਗਿਆ। ਆਪਣੇ ਡਰ ਨੂੰ ਅੰਦਰੇ-ਅੰਦਰੀ ਲੁਕਾਉਂਦਾ, ਉਹ ਬੋਲਿਆ, “ਭੋਲਾ ਸਿਆਂ ਦਾਤਾ ਮਿਹਰ ਕਰੇ, ਹੁਣ ਤਾਂ ਬੋਲੇ ਕੰਨਾਂ ਨੂੰ ਆਪਣੀ ਗੱਲ ਸੁਣਾ ਕੇ ਹੀ ਮੁੜਾਂਗੇ।’’
“ਸੁਣਾ ਕੇ ਨਹੀਂ ਰਾਮ ਦਿੱਤੇ, ਮਨਾ ਕੇ।’’
ਉਹਦਾ ਅੰਦਰ ਸ਼ਾਹਦੀ ਭਰਦਾ ਸੀ, ‘ਅਜਿਹੇ ਲੋਕ-ਅੰਦੋਲਨ ਅਜਾਈਂ ਨਹੀਂ ਜਾਂਦੇ ਹੁੰਦੇ। ਇਤਿਹਾਸ ਦੇ ਪੰਨਿਆਂ ’ਤੇ ਆਪਣੀਆਂ ਪੈੜਾਂ ਛੱਡ ਜਾਂਦੇ ਨੇ।’
ਚੱਲਦੇ ਟਰੈਕਟਰਾਂ ਦੀ ਆਵਾਜ਼ ਵਿੱਚੋਂ ਉਸਨੂੰ, ਕਿਸੇ ਲੋਕ-ਗੀਤ ਦੀ ਧੁਨ ਸੁਣਾਈ ਦੇ ਰਹੀ ਸੀ।
ਉਹਦੇ ਮੂੰਹੋਂ ਨਿਕਲਿਆ, “ਲੋਕ-ਗੀਤ, ਪੀੜ੍ਹੀ ਦਰ ਪੀੜ੍ਹੀ ਸਫਰ ਕਰਦੇ ਨੇ।’’
ਉਹਦੇ ਚਿਹਰੇ ਤੇ ਨੂਰ ਝਲਕ ਰਿਹਾ ਸੀ।
ਕਵਿਤਾ
‘ਚੀਰਹਰਨ’
- ਮਨੀਸ਼ ਕੁਮਾਰ
ਉਹ ਆਦਿ ਵਾਸਣ
ਜੰਗਲ ’ਚੋਂ ਆਈ ਹੈ
ਭੀਲਣੀ ਦੀ ਗੁਆਂਢਣ ਹੈ
ਨਾ ਉਸਨੇ ਕੌੜੇ ਬੇਰ ਖਾਧੇ ਨੇ
ਨਾ ਹੀ ਮਿੱਠੇ ਬੇਰ ਖਿਲਾਏ ਨੇ
ਉਸ ਦਸਤੀ ਕਰਾਮਾਤਾਂ ਨਾਲ
ਆਪਣੀਆਂ ਹਸਤ-ਰੇਖਾਵਾਂ
ਮਨ-ਮਰਜੀ ਅਨੁਸਾਰ
ਬਦਲ ਲਈਆਂ ਨੇ
ਤੁਲਸੀਦਾਸ ਦੇ ਰਾਜਦੂਤਾਂ ਨਾਲ
ਦਸਤਪੰਜਾ ਲੈਣ
ਉਹ ਜੰਗਲ ਤੋਂ ਬਾਹਰ
ਪਾਰ ਦੇਸ ਦੁਆਬ ਗਈ ਹੈ
ਉਹ ਚੁਰਸਤੇ ’ਚ ਕਰੇ
ਸਭ ਟੂਣਿਆਂ ਨੂੰ ਟੱਪ ਗਈ ਹੈ
ਉਸਨੇ ਰਸਤੇ ਵਿਚਲਾ
ਮੋਟਾ ਮੋਛਾ ਚੁੱਕ ਕੇ
ਪਰ੍ਹਾਂ ਵਗਾਹ ਮਾਰਿਆ ਹੈ
ਰਹਿੰਦੇ ਮੋਛਿਆਂ ਨੂੰ ਚੁੱਕ ਕੇ
ਉਕਤ ਥਾਂ ਸਿਰ ਕਰਨ ਦਾ
ਉਸ ਜੰਗਲ-ਬੇਲਿਆਂ ’ਚੋਂ
ਬਾਕੀਆਂ ਨੂੰ ਵੀ ਸੁਨੇਹਾ ਲਾ ਦਿੱਤਾ ਹੈ
ਸ਼ੀਘਰ ਹੀ ਉਸਨੇ
ਭੀਮ-ਵੰਸੀਆਂ ਨੂੰ ਵੀ
ਛਿੰਝ ਦੇ ਅਖਾੜੇ ਲਈ
ਸੱਦਾ-ਪੱਤਰ ਘੱਲਿਆ ਹੈ
ਉਸਨੇ ਗ੍ਰਹਿ-ਚਾਲਾਂ ’ਤੇ
ਲਕੀਰਾਂ ਖਿੱਚ ਦਿੱਤੀਆਂ ਨੇ
ਤੇ ਗ੍ਰਹਿ-ਨਛੱਤਰਾਂ ’ਤੇ ਫੇਰੀਆਂ ਲੀਕਾਂ ਨੂੰ
ਗੂੜ੍ਹਾ ਵੀ ਕਰ ਰਹੀ ਹੈ
ਮੰਨੂ ਦੀ ਰਾਜਧਾਨੀ ’ਚ
ਹੋ ਹੱਲਾ ਵਾਪਰ ਗਿਆ ਹੈ
ਟੇਵੇ-ਪੱਤਰੇ ਬਣਾਉਣ ਵਾਲੇ
ਬਾਬੇ ਬੋਹੜ ਦੀ ਦਾਹੜੀ ਥੱਲੇ
ਹੈਰਾਨ ਹੋ ਦੰਦ ਘਰੋੜ ਰਹੇ ਨੇ
ਉਂਗਲਾਂ ਚੱਬ ਰਹੇ ਰਹੇ ਨੇ
ਰਾਹੂ-ਕੇਤੂ ’ਚ ਪਾਟਕ ਪੈ ਗਿਆ ਹੈ
ਪੰਚਕਾਂ-ਗੰਢਮੂਲਾਂ ’ਚ ਫਾਟਕ ਪੈ ਗਿਆ ਹੈ
ਉਹ ਮੰਗਲ, ਬੁੱਧ, ਸ਼ੁੱਕਰ, ਸ਼ਨੀ ਦੀ
ਕੱਲਰ ਧਰਤੀ ਉੱਤੇ
ਪਿੱਪਲ ਬਣਕੇ ਉੱਗ ਖਲੋਤੀ ਹੈ
ਬੋਧੀਆਂ-ਭਿਕਸ਼ੂਆਂ ਦੇ ਭਰੇ ਸ਼ਹਿਰ ’ਚ
ਉਸ ਮੰਨੂ ਦੀ ਸਿਮਰਤੀ ਦਾ
ਚੀਰਹਰਨ ਕਰ ਦਿੱਤਾ ਹੈ
‘ਢੋਰ, ਗੰਵਾਰ, ਸ਼ੂਦਰ, ਪਸ਼ੂ, ਨਾਰੀ
ਇਹ ਸਭ ਤਾੜਨ ਦੇ ਅਧਿਕਾਰੀ’
ਜਿਹੇ ਕਪਟੀ ਕਥਨ ’ਤੇ
ਉਸ ਸਦਾ ਲਈ ਕਾਂਟਾ ਮਾਰ
ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ
ਹੁਣ ਉਸ ਕੈਲਾਸ਼ ਪਰਬਤ ਦੀ ਚੋਟੀ ’ਤੇ
ਜਿੱਤ ਦਾ ਪਰਚਮ ਵੀ ਲਹਿਰਾ ਦਿੱਤਾ ਹੈ
ਫਲਸਰੂਪ ਟੀਸੀ ਦੀ ਬਰਫ ਪਿਘਲ ਗਈ ਹੈ
ਤੇ ਰਾਮ ਸੇਤੂ ਹੜ੍ਹ ਪ੍ਰਭਾਵਿਤ ਹੋ ਗਿਆ ਹੈ
ਖੈਰ! ਸਮੁੰਦਰ ਮੰਥਨ ਅਸਫਲ ਹੋ ਗਿਆ ਹੈ
ਮੰਦਰਾਚਲ ਡੁੱਬਣ ਜਾ ਰਿਹਾ ਹੈ
ਇੰਝ ਜਾਪ ਰਿਹੈ
ਜਿਵੇਂ ਦੂਰ ਕਿਤੇ
ਇਕਾਂਤਵਾਸ ਬੈਠਾ ਰਿਸ਼ੀ ਸ਼ੰਬੂਕ
ਜਾਨਲੇਵਾ ਹਮਲਾ ਹੋਣ ਤੋਂ ਤੁਰਤ ਪਹਿਲੋਂ
ਆਪਣੀ ਭਗਤੀ ’ਚੋਂ ਜਾਗ ਪਿਆ ਹੈ
ਤੇ ਫੀਨ੍ਹੇ ਨੱਕ ਵਾਲਿਆਂ ਨੂੰ ਨਾਲ ਲੈ ਕੇ
ਨਾਗਾਂ ਦੇ ਵਤਨ ਦੀ ਤਰਫ ਤੁਰ ਪਿਆ ਹੈ।
ਗ਼ਜ਼ਲ
- ਮੱਖਣ ਕੁਹਾੜ
ਨਫ਼ਰਤ ਬੀਜ ਬਿਜਾ ਕੇ ਖੇਤੀਂ, ਗੱਡ ਦਿੱਤਾ ਸੱਤਾ ਦਾ ਡਰਨਾ।
ਫ਼ਿਰ ਵੀ ਹਿਰਨਾਂ ਬੇ-ਖ਼ੌਫ਼ ਹੋ ਇਹਨਾਂ ਖੇਤਾਂ ਵਿਚ ਹੈ ਚਰਨਾ।
ਰੁਮਕਦੀਆਂ ’ਵਾਵਾਂ ਜੇਲ੍ਹੀਂ ਡੱਕਿਆਂ, ਖੁਸ਼ਬੂਆਂ ਨੂੰ ਮੁੜ-ਮੁੜ ਦੰਡਿਆਂ,
ਬਹੁਤ ਭੁਲੇਖਾ ਹੈ ਹਾਕਮ ਨੂੰ, ਇੰਜ ਫ਼ਿਜ਼ਾਵਾਂ ਨੇ ਹੈ ਹਰਨਾ!
ਥਾਂ-ਥਾਂ ਅੱਗ ਲਕੀਰਾਂ ਖਿੱਚ ਕੇ, ਰਾਹਾਂ ਦੇ ਵਿਚ ਅੱਕ ਵਿਛਾ ਕੇ,
ਵਕਤ ਦਾ ‘ਸ਼ਾਹ’ ਲਲਕਾਰ ਰਿਹਾ ਹੈ, ਕਦ ਤੱਕ ਹੈ ਰਾਹੀਆਂ ਜਰਨਾ
ਜੀਭਾਂ ਦੇ ਤਾਲੇ ਲਗਵਾ ਕੇ, ਸੋਚ ਦੇ ਪੰਛੀ ਪਿੰਜਰੇ ਪਾ ਕੇ,
ਦੀਪਾਂ ਵਲ ਨ੍ਹੇਰੀ ਛਡਵਾ ਕੇ, ‘ਯੋਗੀਆਂ’ ਅਗਲਾ ਕੁੰਭ ਹੈ ਭਰਨਾ
ਹੱਦਾਂ ਸਭ ਉਲੰਘ ਰਿਹਾ ਹੈ, ਤੋੜ ਰਿਹਾ ਮਰਿਯਾਦਾ ਦਰਿਆ,
ਜੇਕਰ ਇਸ ਨੂੰ ਬੰਨ੍ਹ ਨਾ ਲੱਗਾ, ਇਸਨੇ ਸਭ ਫ਼ਨਾਹ ਹੈ ਕਰਨਾ
ਉਸਨੇ ਆਪਣਾ ਧਰਮ ਨਿਭਾਉਣੈ, ਆਪਾਂ ਆਪਣਾ ਧਰਮ ਨਿਭਾਈਏ,
ਉਸਦਾ ਧਰਮ ਹੈ ਜ਼ੁਲਮ ਕਮਾਉਣਾ, ਆਪਣਾ ਧਰਮ ਹੈ ਮੂਲ ਨਾ ਡਰਨਾ
ਹਿਟਲਰ-ਗੋਇਬਲਜ਼ ਗਰਜ਼ ਰਹੇ ਨੇ, ਬਹੁਮਤ ਰਾਜ ਦਾ ਪਹਿਨ ਮਖੌਟਾ,
ਜ਼ਾਲਮ ਹੱਦਾਂ ਤੋੜ ਰਿਹਾ ਹੈ, ਲੋਕਾ ਵੇ ਹੁਣ ਚੁੱਪ ਨਹੀਂ ਸਰਨਾ।
ਗ਼ਜ਼ਲ
- ਮੰਗਤ ਰਾਮ ਪਾਸਲਾ
ਕਿਸੇ ਨਾਬਰ ਨਗਰੀ ਦਾ ਬਾਸ਼ਿੰਦਾ, ਜੁੱਸੇ ਤੋਂ ਜਾਪਦਾ ਹੈ
ਝੱਖੜਾਂ ’ਚ ਵੀ ਜੋ, ਦੀਵੇ ਜਗਾ ਰਿਹਾ ਹੈ।
ਮੁਕਤ ਹੋ ਕੇ ਭੈਅ ਤੋਂ, ਸੂਹਾ ਜਿਹਾ ਹੋ ਗਿਆ ਹੈ,
ਇਨਸਾਨ ਹੀ ਤਾਂ ਹੈ, ਨਜ਼ਰੀਂ ਜੋ ਆ ਰਿਹਾ ਹੈ!
ਮੱਥੇ ਦੀਆਂ ਲਕੀਰਾਂ, ਨੈਣਾਂ ’ਚ ਆ ਸਮੋਈਆਂ
ਚਿਹਰੇ ’ਤੇ ਨੂਰ ਤਾਹੀਓਂ, ਵੱਧਦਾ ਹੀ ਜਾ ਰਿਹਾ ਹੈ।
ਦੇਖਣ ਲਈ ਨਜ਼ਾਰਾ, ਮਰ ਗਏ ਕਿ ਜੀਅ ਰਹੇ ਹਾਂ,
ਕੰਢੇ ’ਤੇ ਖੜ੍ਹ ਕੇ ਆਪ ਹੁਣ, ਖੁਰਦਾ ਹੀ ਜਾ ਰਿਹਾ ਹੈ।
‘ਦਾਦ’ ਦਾ ਹੱਕਦਾਰ ਹੈ, ਤੂਫ਼ਾਨਾਂ ’ਚ ਹੈ ਜੋ ਠਿੱਲ ਪਿਆ,
ਨਾਲ ਛੱਲਾਂ ਖਹਿ ਕੇ ਵੀ, ਫਤਿਹ ਨਾਮਾ ਗਾ ਰਿਹਾ ਹੈ।
ਕੋਈ ਹੇਠਾਂ ਧਰਤ ਦੇ ਦਫ਼ਨ ਕਰ ਗਿਆ ਸੀ,
ਸਿਵਿਆਂ ਦੀ ਰਾਖ਼ ਬਣਕੇ ਉਡਦਾ ਹੀ ਜਾ ਰਿਹਾ ਹੈ।
ਗ਼ਜ਼ਲ
- ਖ਼ੁੱਰਮ ਚੌਧਰੀ
ਹੱਕ ਤੇ ਸੱਚ ਲਈ ਗੱਜਦੇ ਲੋਕਾਂ ਨੂੰ।
ਵੇਲਾ ਰਹਿਣ ਨਹੀਂ ਦਿੰਦਾ ਚੱਜ ਦੇ ਲੋਕਾਂ ਨੂੰ।
ਤੂੰ ਤੇ ਭਲਿਆ ਪੱਥਰਾਂ ਦੀ ਗੱਲ ਕਰਨਾ ਏਂ,
ਮੈਂ ਵੇਖੇ ਨੇ ਅੱਖਰ ਵੱਜਦੇ ਲੋਕਾਂ ਨੂੰ।
ਕੱਲ੍ਹ ਦੀ ਗੱਲ ਏ ਰਲ਼ ਕੇ ਹੱਸਦੇ-ਵੱਸਦੇ ਸੀ,
ਹੋਇਆ ਕੀ ਏ ਖ਼ੌਰੇ ਅੱਜ ਦੇ ਲੋਕਾਂ ਨੂੰ।
ਉਹੀਓ ਚੱਕੀ ਉਹੀਓ ਹੱਥਾ ਰਹਿਣਾ ਏਂ,
ਫ਼ੈਦੇ ਕੀ ਫ਼ਿਰ ਦੱਸੋ ਹੱਜ ਦੇ ਲੋਕਾਂ ਨੂੰ।
ਇਸ ਦਿਨ ਧਰਤੀ ਜੰਨਤ ਹੋਣੀ, ਜਿਹੜੇ ਦਿਨ,
ਮਾੜੇ ਦੀ ਭੁੱਖ ਦਿੱਸ ਪਈ ਰੱਜਦੇ ਲੋਕਾਂ ਨੂੰ।
ਉਨ੍ਹਾਂ ਦੇ ਈ ਰੱਬ ਵੀ ਕਜਨੇ ਕੱਜੇਗਾ,
ਜਿਹੜੇ ਲੋਕੀਂ ਰਹਿਣਗੇ ਕੱਜਦੇ ਲੋਕਾਂ ਨੂੰੂ।
ਵੇਖ ਰਿਹਾ ਵਾਂ ‘ਖੁਰਮਾ’ ਢਿੱਡ ਦੇ ਦੋਜ਼ਖ਼ ਲਈ,
ਫਾਵੇ ਹੋ ਕੇ ਥਾਂ ਥਾਂ ਭੱਜਦੇ ਲੋਕਾਂ ਨੂੰੂ।
ਕਵਿਤਾ
ਕਾਬੁਲੀ ਵਾਲਾ
ਜਸਪਾਲ ਘਈ
ਖ਼ਾਮੋਸ਼ ਖੜ੍ਹਾ ਹੈ
ਕਾਬੁਲੀ ਵਾਲਾ
ਉਸ ਦੇ ਬਾਦਾਮ
ਤੜ-ਤੜ ਚਲਦੀਆਂ
ਗੋਲੀਆਂ ਵਿੱਚ
ਭਾਰੇ ਕਦਮਾਂ ਹੇਠ
ਟੁੱਟ-ਫੁੱਟ ਕੇ ਭੁਰ ਗਏ ਨੇ
ਅਖਰੋਟਾਂ ਦੇ ਖੋਲ
ਲਹਿ ਗਏ ਨੇ ਲਹਿੰਦੇ ਸਿਰਾਂ ਨਾਲ
ਗਿਰੀਆਂ ਦੇ ਟੋਟੇ
ਵਗਦੇ ਲਹੂ ’ਚ
ਖੁਰ ਗਏ ਨੇ
ਉਸ ਦੀ ਕਿਸ਼ਮਿਸ਼
ਚੁੱਕ ਕੇ ਲੈ ਗਿਆ ਹੈ ਕੋਈ
ਉਸ ਦੀ ਬੁੱਢੀ ਬਗਲੀ
ਰੋ-ਰੋ ਹੋਈ ਪਗਲੀ
ਦੂਰ ਦੇਸ਼ ’ਚ
ਬੱਚੀ ਮਾਂ ਨੂੰ ਪੁੱਛਦੀ ਹੈ
ਕਿਉਂ ਨਈਂ ਆਇਆ ਕਾਬੁਲੀ ਵਾਲਾ
ਅਜੀਬ ਜਿਹਾ ਹੋਕਾ ਲਾਉਂਦਾ ਸੀ
ਬੱਚਿਆਂ ਨਾਲ ਪਿਆਰ ਜਤਾਉਂਦਾ ਸੀ
ਪਹਾੜਾਂ ਦੀਆਂ, ਪਰੀਆਂ ਦੀਆਂ
ਕਹਾਣੀਆਂ ਸੁਣਾਉਂਦਾ ਸੀ
ਮਾਂ ਨੇ ਕਿਹਾ
ਪਰੀ ਨੂੰ ਦੈਂਤ ਨੇ ਬੰਦੀ ਬਣਾ ਲਿਆ ਹੈ
ਕਾਬੁਲੀ ਵਾਲੇ ਨੂੰ
ਕਾਬੁਲ ਨੇ ਖਾ ਲਿਆ ਹੈ।