ਰਵੀ ਕਟਾਰੂਚੱਕ
ਪਿਛਲੇ ਦਿਨੀਂ ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ 48ਵੀਂ ਮੀਟਿੰਗ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਘਾਟਨੀ ਭਾਸ਼ਨ ਨੇ ਇਹ ਸਾਬਤ ਕਰ ਦਿੱਤਾ ਕਿ ਦੇਸ਼ ਦੀ ਮੌਜੂਦਾ ਸਰਕਾਰ ਸਾਮਰਾਜੀਆਂ ਦੇ ਹਿੱਤਾਂ ਦੀ ਪੂਰਤੀ ਵਾਸਤੇ ਦੇਸ਼ ਵਿਚ ਸਾਮਰਾਜੀ ਸੰਸਾਰੀਕਰਨ ਅਧੀਨ ਨਿੱਜੀਕਰਨ, ਉਦਾਰੀਕਰਨ ਦੀਆਂ ਨੀਤੀਆਂ ਲਾਗੂ ਕਰਨ ਵਾਸਤੇ ਪੱਭਾਂ ਭਾਰ ਹੋਈ ਬੈਠੀ ਹੈ, ਆਪਣੇ ਉਦਘਾਟਨੀ ਭਾਸ਼ਨ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਦੀ 80% ਵਸੋਂ; ਜਿਹੜੀ ਗਰੀਬੀ, ਕੰਗਾਲੀ ਅਤੇ ਭੁਖਮਰੀ ਦੀ ਸ਼ਿਕਾਰ ਹੈ, ਉਸ ਦੀ ਗੱਲ ਕਿਤੇ ਵੀ ਨਹੀਂ ਕੀਤੀ। ਭਾਰਤ ਵਿਚ ਹਰ ਰੋਜ਼ ਆਤਮ ਹੱਤਿਆ ਕਰਨ ਵਾਲੇ ਕਿਸਾਨ ਦੀ ਗੱਲ ਨਹੀਂ ਕੀਤੀ, ਬਾਜ਼ਾਰਾਂ ਵਿਚ ਵਿਕਦੇ ਮਜ਼ਦੂਰ ਦੀ ਗੱਲ ਨਹੀਂ ਕੀਤੀ, ਬੇਇਲਾਜ਼ੇ ਮੌਤ ਦੇ ਮੂੰਹ ਪੈ ਰਹੀ ਸਾਧਾਰਨ ਜਨਤਾ ਦੀ ਗੱਲ ਨਹੀਂ ਕੀਤੀ, ਬੇਰੋਜ਼ਗਾਰੀ ਤੇ ਬੇਕਾਰੀ ਦੇ ਸਤਾਏ ਨਸ਼ਿਆਂ ਵਿਚ ਫਸਦੇ ਜਾਂਦੇ ਨੌਜਵਾਨਾਂ ਦੀ ਗੱਲ ਨਹੀਂ ਕੀਤੀ। ਮੋਦੀ ਨੇ ਆਪਣੇ ਭਾਸ਼ਨ ਵਿਚ ਭਾਰਤ ਦੀ ਤਸਵੀਰ ਇਸ ਤਰੀਕੇ ਨਾਲ ਪੇਸ਼ ਕੀਤੀ ਜਿਵੇਂ ਭਾਰਤ ਬਹੁਤ ਖੁਸ਼ਹਾਲ ਹੈ ਅਤੇ ਇੱਥੋਂ ਦੀ ਜਨਤਾ ਬਿਨਾਂ ਕਿਸੇ ਮੁਸੀਬਤਾਂ ਤੋਂ ਜੀਵਨ ਬਸਰ ਕਰ ਰਹੀ ਹੋਵੇ; ਭਾਸ਼ਨ ਦੇਣ ਦਾ ਮੋਦੀ ਸਾਹਿਬ ਦਾ ਇਕੋ ਇਕ ਨਿਸ਼ਾਨਾ ਸੀ, ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿਚ ਵਪਾਰ ਕਰਨ ਦਾ ਸੱਦਾ ਦੇਣਾ। ਪਰ ਅਸਲ ਵਿਚ ਵਿਦੇਸ਼ੀਆਂ ਨੂੰ ਭਾਰਤ ਵਿਚ ਸੱਦ ਕੇ ਮੋਦੀ ਸਾਹਿਬ ਫਿਰ ਭਾਰਤ ਨੂੰ ਗੁਲਾਮੀ ਵਾਲੇ ਪਾਸੇ ਲਿਜਾ ਰਹੇ ਹਨ; ਭਾਰਤ ਦੇ ਬਹੁਗਿਣਤੀ ਲੋਕ ਇਹ ਸਮਝ ਰਹੇ ਹਨ ਕਿ ਵਿਦੇਸ਼ੀ ਕੰਪਨੀਆਂ ਜਦੋਂ ਭਾਰਤ ਵਿਚ ਕਾਰੋਬਾਰ ਕਰਨਗੀਆਂ ਤਾਂ ਰੋਜ਼ਗਾਰ ਦੇ ਮੌਕੇ ਵਧਣਗੇ, ਦੇਸ਼ ਤਰੱਕੀ ਕਰੇਗਾ; ਪਰ ਸੱਚਾਈ ਇਸ ਤੋਂ ਉਲਟ ਹੈ, ਜੇ ਇਤਿਹਾਸ ‘ਤੇ ਝਾਤ ਮਾਰੀਏ ਤਾਂ ਇਤਿਹਾਸ ਗਵਾਹੀ ਭਰਦਾ ਹੈ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਨੂੰ ਲੁੱਟਣ ਵਾਸਤੇ ਵਿਦੇਸ਼ੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ; ਜਿਹੜਾ ਵੀ ਵਿਦੇਸ਼ੀ ਭਾਰਤ ‘ਚ ਵਪਾਰ ਕਰਨ ਆਇਆ, ਉਸ ਨੇ ਭਾਰਤ ਦੀ ਸੰਪਤੀ ਵੀ ਲੁੱਟੀ ਅਤੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਉਨ੍ਹਾਂ ‘ਤੇ ਅੱਤਿਆਚਾਰ ਕਰਕੇ ਰਾਜ ਵੀ ਕੀਤਾ। ਜਿਸ ਦੀ ਮਿਸਾਲ ਈਸਟ ਇੰਡੀਆ ਕੰਪਨੀ ਦੀ ਦਿੱਤੀ ਜਾ ਸਕਦੀ ਹੈ; ਇਹ ਕੰਪਨੀ ਵੀ ਦੂਜੀਆਂ ਕੰਪਨੀਆਂ ਵਾਂਗ ਆਈ ਤਾਂ ਵਪਾਰ ਕਰਨ ਵਾਸਤੇ ਸੀ, ਪਰ ਇਥੋਂ ਦੇ ਜਗੀਰਦਾਰੀ ਪ੍ਰਬੰਧ ਅਤੇ ਰਿਆਸਤਾਂ ਦੀ ਆਪਸੀ ਖਿੱਚੋਤਾਣ ਦਾ ਫਾਇਦਾ ਉਠਾ ਕੇ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਤਹਿਤ ਭਾਰਤ ‘ਤੇ ਲਗਭਗ 200 ਸਾਲਾਂ ਤੱਕ ਰਾਜ ਕੀਤਾ, ਕਹਾਣੀ ਇਥੇ ਹੀ ਖਤਮ ਨਹੀਂ ਹੁੰਦੀ ਸਗੋਂ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਅਣਮਨੁੱਖੀ ਤਸ਼ੱਦਦ ਢਾਇਆ, ਤੇ ਫਿਰ ਅੰਤ ‘ਚ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ; ਐਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਦੇ ਹਾਕਮ ਬੜੀ ਬੇਸ਼ਰਮੀ ਨਾਲ ਵਿਦੇਸ਼ੀਆਂ ਨੂੰ ਜੱਫੀਆਂ ਪਾ ਰਹੇ ਹਨ, ਉਨ੍ਹਾਂ ਨੂੰ ਰੋਕਣ ਲਈ ਲਾਲ ਲਕੀਰ ਮਾਰਨ ਦੀ ਬਜਾਇ ਲਾਲ ਰੰਗ ਦੇ ਕਾਰਪੈਟ ਵਿਛਾਈ ਜਾ ਰਹੇ ਹਨ। ਵਿਦੇਸ਼ੀਆਂ ਨੂੰ ਹਰ ਤਰ੍ਹਾਂ ਦੀਆਂ ਰਿਆਇਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਕਹਿਣ ਤੋਂ ਭਾਵ ਕਿਸੇ ਸਨਅਤ ਨੂੰ ਚਲਾਉਣ ਵਾਸਤੇ ਹਰ ਉਹ ਸਾਧਨ ਜਿਸ ਨੂੰ ਉਸ ਦੀ ਜ਼ਰੂਰਤ ਹੈ, ਘੱਟ ਕੀਮਤ ਤੇ ਮੁਹੱਈਆ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ, ਦੇਸ਼ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਮਜ਼ਦੂਰ ਨੂੰ ਸਸਤਾ ਕਹਿ ਕੇ ਵਿਦੇਸ਼ੀਆਂ ਅੱਗੇ ਵੇਚਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ; ਮੋਦੀ ਭਾਰਤ ਨੂੰ ਪੂਰੇ ਸੰਸਾਰ ਸਾਹਮਣੇ ਇਕ ਵਸਤੂ ਦੇ ਰੂਪ ਵਿਚ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜਾ ਮਜ਼ਦੂਰ ਵਸਤੂਆਂ ਤਿਆਰ ਕਰਦਾ ਹੈ, ਉਸ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਪੂਰੇ ਸੰਸਾਰ ਲਈ ਅਨਾਜ ਪੈਦਾ ਕਰਨ ਵਾਲਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਆਸਮਾਨ ਨੂੰ ਛੂਹਣ ਵਾਲੀਆਂ ਇਮਾਰਤਾਂ ਤਿਆਰ ਕਰਨ ਵਾਲਾ ਮਜ਼ਦੂਰ ਫੁੱਟਪਾਥਾਂ ‘ਤੇ ਰਾਤਾਂ ਗੁਜਾਰ ਰਿਹਾ ਹੈ। ਜਾਂ ਘੁਰਨਿਆਂ ਵਰਗੇ ਘਰਾਂ ਵਿਚ ਜੀਵਨ ਬਸਰ ਕਰ ਰਿਹਾ ਹੈ। ਫੈਕਟਰੀਆਂ ਅਤੇ ਕਾਰਖਾਨਿਆਂ ਵਿਚ ਵਸਤੂਆਂ ਤਿਆਰ ਕਰਨ ਵਾਲਾ ਸਨਅਤੀ ਮਜ਼ਦੂਰ ਬਹੁਤ ਨਿਮਾਣੀ ਜਿਹੀ ਉਜਰਤ ਲੈ ਕੇ 14 ਤੋਂ 16 ਘੰਟੇ ਕੰਮ ਕਰਨ ਨੂੰ ਮਜ਼ਬੂਰ ਹੈ, ਭਾਵ ਅੱਜ ਦੇਸ਼ ਦੀ ਤਰੱਕੀ ਵਿਚ ਭਾਗ ਲੈਣ ਵਾਲਾ ਹਰ ਉਹ ਮਨੁੱਖ ਜਿਹੜਾ ਕਿਸੇ ਵੀ ਰੂਪ ਵਿਚ ਆਪਣਾ ਸਰੀਰ ਤੋੜ ਰਿਹਾ ਹੈ। ਉਸ ਦੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ, ਸਿਹਤ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ, ਉਸ ਦੇ ਬੁੱਢੇ ਮਾਂ ਬਾਪ ਦੀ ਬਿਮਾਰੀ ਦਾ ਕੋਈ ਪ੍ਰਬੰਧ ਨਹੀਂ। ਪਰ ਦੂਜੇ ਪਾਸੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਈ ਨੋਟਬੰਦੀ, ਕਦੀ ਜੀ ਐਸ ਟੀ, ਫਿਰ ”ਮੇਕ ਇਨ ਇੰਡੀਆ”, ”ਸਟਾਰਟਅੱਪ ਇੰਡੀਆ” ”ਜਨ ਧਨ ਯੋਜਨਾ” ਆਦਿ ਵਰਗੀਆਂ ਯੋਜਨਾਵਾਂ ਲਾਗੂ ਕਰਕੇ, ਉਨ੍ਹਾਂ ਨੂੰ ਆਰਥਿਕ ਸੁਧਾਰਾਂ ਦਾ ਨਾਂਅ ਦੇ ਕੇ ਡੰਗ-ਟਪਾਈ ਕੀਤੀ ਜਾਂ ਰਹੀ ਹੈ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਆਪਣੇ ਭਾਸ਼ਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸੇ ਵੀ ਕੀਮਤ ‘ਤੇ ਭਾਰਤ ਵਿੱਚ ਵਿਦੇਸ਼ੀ ਵਪਾਰ ਨੂੰ ਸਥਾਪਤ ਕਰਨਾ ਅਤੇ ਪ੍ਰਫੁਲਿਤ ਕਰਨਾ, ਇਸ ਮੀਟਿੰਗ ‘ਚ ਭਾਗ ਲੈਣ ਦਾ ਮੁੱਖ ਮਕਸਦ ਸੀ। ਦੇਸ਼ ਦੇ ਅੰਦਰੂਨੀ ਹਾਲਾਤ ਬਾਰੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇੇ ਲਾਦੇਨ ਅਤੇ ਹੈਰੀ ਪੋਟਰ ਦਾ ਹਵਾਲਾ ਦੇਣ ਨਾਲ ਇੰਟਰਨੈਟ ਜਾਂ ਟਵਿੱਟਰ ਰਾਹੀਂ ਸਾਧਾਰਨ ਜਨਤਾ ਦਾ ਪੇਟ ਨਹੀਂ ਭਰਦਾ। ਪੇਟ ਭਰਨ ਲਈ ਰੋਟੀ ਦੀ ਜਰੂਰਤ ਹੁੰਦੀ ਹੈ ਅਤੇ ਰੋਟੀ ਪੈਦਾ ਹੁੰਦੀ ਹੈ ਕੰਮ ਨਾਲ, ਜਿਹੜਾ ਸਰਕਾਰਾਂ ਨਹੀਂ ਦੇ ਰਹੀਆਂ ਇਹ ਠੀਕ ਹੈ ਕਿ ਸੰਚਾਰ ਦੇ ਸਾਧਨਾਂ ਨੇ ਤਰੱਕੀ ਬਹੁਤ ਕੀਤੀ ਹੈ। ਅੱਜ ਹਰ ਹੱਥ ਵਿੱਚ ਮੋਬਾਇਲ ਹੈ, ਲੋਕ ਇੰਟਰਨੈਟ ਉਤੇ ਵਿਅਸਤ ਹਨ, ਪਰ ਇਹ ਵਰਤਾਰਾ ਕਦੋਂ ਤੱਕ ਚੱਲੇਗਾ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਅਤੇ ਸਾਧਾਰਨ ਲੋਕਾਂ ਦੇ ਹੱਥਾਂ ‘ਚ ਮੋਬਾਇਲ ਤਾਂ ਦੇ ਦਿੱਤਾ, ਪਰ ਕੰਮ ਖੋਹ ਲਿਆ ਸਾਧਾਰਨ ਲੋਕਾਂ ਲਈ ਤਾਂ ਇਹ ਵਰਤਾਰਾ ਆਮ ਹੋ ਸਕਦਾ ਹੈ, ਪਰ ਅਸਲ ਵਿੱਚ ਸਾਮਰਾਜਵਾਦੀ ਸੰਸਾਰੀਕਰਨ ‘ਤੇ ਚਲ ਰਹੀਆਂ ਸਰਕਾਰਾਂ ਨਵੀਂ ਪੀੜ੍ਹੀ ਨੂੰ ਮੋਬਾਇਲ ਅਤੇ ਇੰਟਰਨੈਟ ਰਾਹੀਂ ਨਪੁੰਸਕ ਬਨਾਉਣਾ ਚਾਹੁੰਦੀਆਂ ਹਨ। ਮੁੰਡੇ ਅਤੇ ਕੁੜੀਆਂ ਪੜਨ ਦੀ ਉਮਰੇ ਸਾਰਾ-ਸਾਰਾ ਦਿਨ ਅਤੇ ਸਾਰੀ-ਸਾਰੀ ਰਾਤ ਬਿਨ੍ਹਾਂ ਕਿਸੇ ਖਾਸ ਮਕਸਦ ਦੇ ਇੰਟਰਨੈਟ ਤੇ ਵਿਅਸਤ ਰਹਿੰਦੇ ਹਨ। (ਇਸ ਦਾ ਮਾੜਾ ਪੱਖ ਸਮਝਣ ਲਈ ਬਲੂ-ਵੇਲ੍ਹ ਗੇਮ ਹੀ ਕਾਫ਼ੀ ਹੈ, ਜਿਸ ਨੇ ਹੁਣ ਤੱਕ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਬੜੇ ਫ਼ਖ਼ਰ ਨਾਲ ਕਹਿ ਰਿਹਾ ਹੈ ਕਿ ਇੰਟਰਨੈਟ ਨੇ ਲੋਕਾਂ ਨੂੰ ਲਾਦੇਨ ਅਤੇ ਹੈਰੀ ਪੋਟਰ ਤੋਂ ਜਾਣੂ ਕਰਾਇਆ। ਅਸਲ ਵਿੱਚ ਨੌਜਵਾਨਾਂ ਨੂੰ ਇੰਟਰਨੈਟ ਨਾਲੋਂ ਵੱਧ ਜਰੂਰਤ ਹੈ ਮੁਫ਼ਤ ਵਿੱਦਿਆ ਦੀ, ਪੱਕੇ ਰੁਜ਼ਗਾਰ ਦੀ, ਚੰਗੀਆਂ ਸਿਹਤ ਸਹੁੂਲਤਾਂ ਦੀ, ਪਰ ਇਸ ਬਾਰੇ ਮੋਦੀ ਸਾਹਿਬ ਨੂੰ ਕੋਈ ਫ਼ਿਕਰ ਨਹੀਂ, ਫ਼ਿਕਰ ਸਿਰਫ਼ ਇਕੋ ਗੱਲ ਦਾ ਹੈ ਕਿ ਕਦੋਂ ਵਿਦੇਸ਼ੀ ਕੰਪਨੀਆਂ ਭਾਰਤ ਵਿਚ ਆਉਣ ਤੇ ਫਿਰ ਦੇਸ਼ ਨੂੰ ਗੁਲਾਮ ਕਰ ਲੈਣ। ਭਾਰਤ ਦੀਆਂ ਸਰਕਾਰਾਂ ਭਾਵੇਂ ਪਿਛਲੀਆਂ ਹੋਣ ਤੇ ਭਾਵੇਂ ਹੁਣ ਵਾਲੀ ਹੋਵੇ, ਆਰਥਿਕ ਸੁਧਾਰਾਂ ਦੇ ਨਾਂਅ ‘ਤੇ ਆਪਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਰਮਾਏਦਾਰਾਂ ਦਾ ਹੀ ਹਿੱਤ ਪੂਰਨ ਵਿੱਚ ਲੱਗੀਆਂ ਹੋਈਆਂ ਹਨ, ਦੂਜੇ ਪਾਸੇ ਦੇਸ਼ ਦੀ ਸਾਧਾਰਨ ਜਨਤਾ ਇਸੇ ਪੂੰਜੀਵਾਦੀ ਫਾਂਚੇ ‘ਚ ਹੀ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ ਵਿਚ ਲੱਗੀ ਹੋਈ ਹੈ, ਜੋ ਹਨੇਰੇ ਵਿੱਚ ਤੀਰ ਮਾਰਨ ਦੇ ਬਰਾਬਰ ਹੈ।
ਕਾਮਰੇਡ ਲੈਨਿਨ ਦੇ ਕਥਨ ਅਨੁਸਾਰ ”ਸਾਮਰਾਜਵਾਦ ਸਰਮਾਏਦਾਰੀ ਦੀ ਆਖਰੀ ਅਵਸਥਾ ਹੁੰਦੀ ਹੈ”। ਸੋ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੌਜੂਦਾ ਸਾਮਰਾਜੀ ਵਿਵਸਥਾ ਆਖਰੀ ਅਵਸਥਾ ਤੱਕ ਪਹੁੰਚ ਚੁੱਕੀ ਹੈ, ਹੁਣ ਕੁਝ ਹੀ ਸਾਲਾਂ ‘ਚ ਹੋਈ ਟੈਕਨੀਕਲ ਤਰੱਕੀ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ ਹੋ ਜਾਵੇਗੀ। ਪੂੰਜੀ ਥੋੜੇ ਜਿਹੇ ਧਨਾਢਾਂ ਜਿਹੜੇ ਬਹੁਕੌਮੀ ਕੰਪਨੀਆਂ ਦੇ ਮਾਲਕ ਹਨ ਦੇ ਹੱਥਾਂ ਵਿੱਚ ਇਕੱਠੀ ਹੋ ਗਈ ਹੈ। ਇਨ੍ਹਾਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਵਿੱਚ ਅਧਿਨਾਇਕਵਾਦੀ ਰੁਝਾਨ ਵਿਕਸਿਤ ਹੋ ਚੁੱਕਾ ਹੈ, ਯਾਨਿ ਯੂ.ਕੇ, ਅਮਰੀਕਾ, ਫਰਾਂਸ, ਰੂਸ, ਜਾਪਾਨ, ਇਨ੍ਹਾਂ ਸਾਮਰਾਜੀ ਦੇਸ਼ਾਂ ਨੇ ਆਪਣੇ ਮੰਦਵਾੜੇ ਦਾ ਭਾਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਉਤੇ ਪਾ ਦਿੱਤਾ ਹੈ ਅਤੇ ਸਾਡੇ ਲਈ ਅਗਲੀ ਗੱਲ ਇਹ ਹੈ ਕਿ ਇਸ ਸਰਮਾਏਦਾਰੀ ਵਿਵਸਥਾ ਦੇ ਖਿਲਾਫ ਲੜ ਕੌਣ ਸਕਦਾ ਹੈੈ?
ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਉਨ੍ਹਾਂ ਕਿਰਤ ਕਰਨ ਵਾਲੇ ਲੋਕਾਂ ਦਾ ਹੈ ਜਿਹੜੇ ਇਸ ਸਰਮਾਏਦਾਰੀ ਸਿਸਟਮ ਵਿੱਚ ਸਹੂਲਤਾਂ ਪ੍ਰਾਪਤ ਨਹੀਂ ਕਰ ਸਕਦੇ। ਉਹ ਵਿਦਿਆ, ਗਿਆਨ, ਸਿਹਤ ਸਹੁੂਲਤਾਂ, ਰਹਿਣਯੋਗ ਘਰ, ਕੰਮ ਪ੍ਰਾਪਤ ਕਰਨ ਦੇ ਅਧਿਕਾਰ, ਆਰਥਿਕ ਤੇ ਸਮਾਜਿਕ ਬਰਾਬਰੀ ਤੋਂ ਵੰਚਿਤ ਹਨ। ਇਸ ਕਿਰਤੀ ਵਰਗ ਵਿੱਚ ਹਰ ਉਹ ਮਨੁੱਖ ਆਉਂਦਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਦਸਾਂ ਨਹੁੂੰਆਂ ਦੀ ਕਿਰਤ ਕਰਦਾ ਹੈ। ਇਸ ਵਰਗ ਦਾ ਲਗਭਗ ਅੱਧਾ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਹੈ, ਜੋ ਕੁਪੋਸ਼ਣ, ਭੁੱਖਮਰੀ ਤੇ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸਤ ਹੈ। ਵਿਸ਼ੇਸ਼ ਤੌਰ ਤੇ ਕਿਰਤੀ ਵਰਗ ਦੀਆਂ ਮਹਿਲਾਵਾਂ ਵਧੇਰੇ ਸ਼ੋਸ਼ਿਤ ਅਤੇ ਵੰਚਿਤ ਹਨ। ਸੁਆਲ ਇਹ ਹੈ ਕਿ ਆਮ ਲੋਕਾਂ ਨੂੰ ਇਨ੍ਹਾਂ ਹਾਲਾਤਾਂ ਦੇ ਹਕੀਕੀ ਕਾਰਨਾਂ ਬਾਰੇ ਵਿਗਿਆਨਿਕ ਸੂਝ-ਬੂਝ ਨਹੀਂ ਉਹ ਡੇਰਾਵਾਦ, ਅੰਧ ਵਿਸ਼ਵਾਸ, ਕਿਸਮਤਵਾਦ ਦੇ ਡੂੰਘੇ, ਗਹਿਰੇ ਤੇ ਹਨੇਰੇ ਖੱਡੇ ‘ਚ ਬੁਰੀ ਤਰ੍ਹਾਂ ਧੱਕੇ ਜਾ ਰਹੇ ਹਨ। ਅੱਜ ਹਾਕਮ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨੌਜਵਾਨਾਂ ਨੂੰ ਕਦੇ ‘ਸਵੱਛ ਭਾਰਤ’ ਕਦੇ ‘ਅੱਛੇ ਦਿਨ ਆਨੇ ਵਾਲੇ ਹੈਂ’ ਦੀ ਮਸਤੀ ‘ਚ ਮੰਤਰ-ਮੁਗਧ ਕਰਕੇ ‘ਸੈਲਫੀ ਕਲਚਰ’ ਵਿੱਚ ਡੁਬੋ ਕੇ ਮਾਰਨ ਦੀਆਂ ਸਾਜਿਸ਼ਾਂ ਘੜ ਰਹੀਆਂ ਹਨ। ਅਜਿਹੇ ਵੇਲੇ ਇਨਕਲਾਬੀ ਜਮਹੂਰੀ ਸ਼ਕਤੀਆਂ ਸਿਰ ਵੱਡੀ ਜ਼ਿੰਮੇਵਾਰੀ ਆਉਂਦੀ ਹੈ ਕਿ ਉਹ ਵਿਸ਼ਾਲ ਸਾਂਝ ਲਈ ਬੁੱਕਲ ਖੋਲ੍ਹਕੇ ਅੱਗੇ ਆਉਣ ਤਾਂ ਜੋ ਕੋਈ ਹੋਰ ਹਿਟਲਰ ਪੈਦਾ ਨਾ ਹੋ ਸਕੇ।