ਗੁਰਨਾਮ ਦਾਊਦ
ਭਾਰਤੀ ਸਮਾਜ ਨੂੰ ਮਨੂੰੂ ਵਲੋਂ ਵਰਗਾਂ ਵਿਚ ਵੰਡ ਦੇਣ ਤੋਂ ਬਾਅਦ ਸਭ ਤੋਂ ਉਚੀ ਜਾਤੀ ਵਜੋਂ ਬ੍ਰਾਹਮਣ ਬਣਾਏ ਗਏ ਤੇ ਪੂਜਾ ਪਾਠ ਦਾ ਕੰਮ ਉਹਨਾਂ ਦੇ ਜਿੰਮੇ ਪਾ ਦਿੱਤਾ ਗਿਆ। ਦੂਸਰੇ ਨੰਬਰ ਉਤੇ ਕਸ਼ੱਤਰੀ ਥਾਪ ਕੇ ਉਨ੍ਹਾਂ ਦੇ ਜਿੰਮੇ ਸਰਹੱਦਾਂ ਦੀ ਰਾਖੀ ਦਾ ਕੰਮ ਸੌਂਪ ਦਿੱਤਾ ਗਿਆ। ਤੀਜੇ ਹਿੱਸੇ ਨੂੰ ਵੈਸ਼ ਕਹਿ ਕੇ ਵਪਾਰ ਦਾ ਕੰਮ ਦਿੱਤਾ ਗਿਆ ਅਤੇ ਬਾਕੀ ਬਚਦੇ ਚੌਥੇ ਹਿੱਸੇ ਨੂੰ ਸਭ ਤੋਂ ਨਿਚਲਾ ਵਰਗ ਬਣਾ ਕੇ ਸ਼ੂਦਰ ਦਾ ਨਾਮ ਦੇ ਦਿੱਤਾ ਗਿਆ। ਇਹਨਾਂ ਸ਼ੂਦਰ ਅਖਵਾਉਂਦੇ ਲੋਕਾਂ ਨੂੰ ਪੂਜਾ ਪਾਠ ਕਰਨ ਅਤੇ ਗਿਆਨ ਪ੍ਰਾਪਤ ਕਰਨ ਤੋਂ ਸਖਤੀ ਨਾਲ ਰੋਕ ਦਿੱਤਾ ਗਿਆ। ਇਹਨਾਂ ਦੇ ਜੀਵਨ ਨਿਰਬਾਹ ਲਈ ਆਪਣੀ ਮਰਜ਼ੀ ਨਾਲ ਕੋਈ ਸਨਮਾਨਜਨਕ ਕੰਮ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। ਇਹਨਾਂ ਹੇਠਲੇ ਵਰਗ ਦੇ ਲੋਕਾਂ ਨੂੰ ਸਭ ਤੋਂ ਨਿਕੰਮੇ ਤੇ ਮਾੜੇ ਸਮਝੇ ਜਾਂਦੇ ਕੰਮ ਸੌਂਪ ਕੇ ਉਪਰ ਵਾਲੇ ਵਰਗਾਂ ਦੀ ਸੇਵਾ ਕਰਨ ਦਾ ਜਿੰਮਾ ਦਿੱਤਾ ਗਿਆ। ਸਫਾਈ ਦਾ ਕੰਮ, ਇਹਨਾਂ ਦੇ ਜਿੰਮੇ ਪਾਇਆ ਗਿਆ ਜਿਨ੍ਹਾਂ ਵਿਚ ਮਰੇ ਹੋਏ ਪਸ਼ੂ ਚੁੱਕਣੇ ਵੀ ਸ਼ਾਮਲ ਸਨ। ਉਪਰਲੇ ਵਰਗਾਂ ਲਈ ਆਪੇ ਚਮੜਾ ਪੈਦਾ ਕਰਕੇ ਜੁੱਤੀਆਂ ਬਣਾਉਣ, ਸਮੇਤ ਉਹਨਾਂ ਦੀ ਵਰਤੋਂ ਦਾ ਸਮਾਨ ਉਹਨਾਂ ਨੂੰ ਦੇਣਾ ਇਨ੍ਹਾਂ ਜਿੰਮੇ ਪਾਇਆ ਗਿਆ ਅਤੇ ਨਾਲ ਹੀ ਕਿਸੇ ਵੀ ਕਿਸਮ ਦੇ ਪੂਜਾ ਪਾਠ ਅਤੇ ਗਿਆਨ ਪ੍ਰਾਪਤੀ, ਤੋਂ ਪੂਰੀ ਤਰ੍ਹਾਂ ਵਾਂਝੇ ਕਰ ਦਿੱਤਾ ਗਿਆ। ਮਨੂੰਵਾਦੀ ਅਸੂਲਾਂ ਦੀ ਉਲੰਘਣਾ ਕਰਨ ਤੇ ਸਖਤ ਸਜ਼ਾਵਾਂ ਦਾ ਐਲਾਨ ਕਰ ਦਿੱਤਾ ਗਿਆ, ਜਿਵੇਂ ਜੇ ਕੋਈ ਸ਼ੂਦਰ ਕਿਸੇ ਤਰ੍ਹਾਂ ਦਾ ਗਿਆਨ ਪ੍ਰਾਪਤ ਕਰੇ ਜਾਂ ਪੂਜਾ ਪਾਠ ਕਰ ਲਵੇ ਤਾਂ ਸੀਸਾ (ਸਿੱਕਾ) ਪਿਘਲਾ ਕੇ ਕੰਨਾਂ ਵਿਚ ਪਾਉਣਾ, ਜੇ ਕਿਸੇ ਉਚ ਜਾਤੀ ਵਾਲੇ ਨੂੰ ਮੰਦਾ ਸ਼ਬਦ ਬੋਲ ਬੈਠੇ ਜਾਂ ਉਹਨਾਂ ਦਾ ਹੁਕਮ ਮੰਨਣ ਤੋਂ ਨਾਂਹ ਕਰੇ ਤਾਂ ਜੁਬਾਨ ਕੱਟ ਦਿੱਤੀ ਜਾਵੇ, ਜੇ ਕਿਸੇ ਅਖੌਤੀ ਉਚ ਜਾਤੀ ਉਪਰ ਹੱਥ ਚੁੱਕੇ ਤਾਂ ਹੱਥ ਕੱਟ ਦਿੱਤੇ ਜਾਣ ਆਦਿ।
ਇਸ ਤਰ੍ਹਾਂ ਹਰੇਕ ਕਿਸਮ ਦੀਆਂ ਸੁਖ ਸਹੂਲਤਾਂ ਤੋਂ ਵਾਂਝੇ ਕਰ ਦਿੱਤੇ ਇਸ ਵਰਗ ਨੂੰ ਸਦੀਆਂ ਤੋਂ ਦੁੱਖਾਂ ਤੇ ਭੁੱਖਾਂ ਵਾਲੀ ਜ਼ਿੰਦਗੀ ਜੀਉਣ ਜੋਗੇ ਛੱਡ ਦਿੱਤਾ ਗਿਆ। ਬਿਨਾਂ ਕੋਈ ਮਿਹਨਤਾਨਾ ਮੰਗੇ ਪੀੜ੍ਹੀ ਦਰ ਪੀੜ੍ਹੀ ਉਪਰਲੇ ਵਰਗਾਂ ਦੀ ਸੇਵਾ ਕਰਦੇ ਜਾਣ ਨੇ ਇਹਨਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਅਪਾਹਜ ਬਣਾ ਕੇ ਰੱਖ ਦਿੱਤਾ ਅਤੇ ਇਹ ਲੋਕ ਉਪਰਲੇ ਵਰਗਾਂ ਦਾ ਬਚਿਆ ਖੁਚਿਆ ਤੇ ਜੂਠਾ ਖਾ ਕੇ ਹੀ ਗੁਜਾਰਾ ਕਰਦੇ ਰਹੇ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੇ ਤਤਕਾਲੀ ਹਾਕਮ ਇਹਨਾਂ ਲੋਕਾਂ ਨਾਲ ਹਰ ਤਰ੍ਹਾਂ ਦਾ ਵਿਤਕਰਾ ਕਰਦੇ ਆ ਰਹੇ ਹਨ। ਮੌਜੂਦਾ ਸਮੇਂ ਵਿਚ ਵੀ ਇਹਨਾਂ ਦੀ ਹਾਲਤ ਸਮਾਜ ਦੇ ਸਾਰੇ ਵਰਗਾਂ ਨਾਲੋਂ ਮਾੜੀ ਹੈ। ਨਿੱਕੇ ਅਤੇ ਮਾੜੇ, ਗੰਦੇ-ਮੰਦੇ ਘਰ, ਲੋਕਾਂ ਦੇ ਲੱਥੇ ਹੋਏ ਕੱਪੜੇ, ਲੋਕਾਂ ਦੇ ਘਰਾਂ ਤੋਂ ਆਇਆ ਬਚਿਆ ਖੁਚਿਆ ਖਾਣ ਪੀਣ ਦਾ ਸਮਾਨ, ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਪੜ੍ਹਾਈ ਤੋਂ ਕੋਰੇ ਰਹਿਣ ਕਰਕੇ ਇਹਨਾਂ ਲੋਕਾਂ ਨੂੰ ਨਫਰਤ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਇਸ ਵਰਗ ਨੂੰ ਵੱਖ-ਵੱਖ ਸਮਿਆਂ ‘ਤੇ ਸ਼ੂਦਰ, ਨੀਚ ਅਤੇ ਹਰੀਜਨ ਵਰਗੇ ਤਰ੍ਹਾਂ-ਤਰ੍ਹਾਂ ਦੇ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ ਅਤੇ ਅੱਜਕਲ੍ਹ ਇਹਨਾਂ ਨੂੰ ਹੀ ਦਲਿਤ ਕਿਹਾ ਜਾਂਦਾ ਹੈ।
ਪੂਜਾ ਦੇ ਅਸਥਾਨਾਂ ਉਪਰ ਜਾਣ ਤੇ ਪਾਬੰਦੀ, ਪੀਣ ਵਾਲੇ ਪਾਣੀ ਦੇ ਵੱਖਰੇ ਸੋਮੇ, ਵੱਖਰੀਆਂ ਮੜ੍ਹੀਆਂ ਤੇ ਕਬਰਸਤਾਨ, ਵਿਆਹ ਸ਼ਾਦੀਆਂ ਵਿਚ ਉਚ ਵਰਗਾਂ ਵਾਂਗੂੰ ਰਸਮਾਂ ਕਰਨ ‘ਤੇ ਪਾਬੰਦੀ ਆਦਿ ਅੱਜ ਵੀ ਇਹਨਾਂ ਸ਼ੂਦਰਾਂ ਦੀ ਜਿੰਦਗੀ ਦਾ ਹਿੱਸਾ ਹੀ ਬਣਿਆ ਹੋਇਆ ਹੈ। ਇਹਨਾਂ ਵਿਤਕਰਿਆਂ ਸਮੇਤ ਉਚ ਵਰਗਾਂ ਵਲੋਂ ਕੁਟਮਾਰ, ਗਾਲੀ ਗਲੋਚ, ਨਿੱਕੀ ਜਾਤ ਦਾ ਨਾਂਅ ਲੈ ਕੇ ਜਲੀਲ ਕਰਨਾ, ਇਹਨਾਂ ਦੀਆਂ-ਧੀਆਂ ਭੈਣਾਂ ਤੇ ਬਹੂ-ਬੇਟੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨਾ ਅੱਜ ਵੀ ਸਪੱਸ਼ਟ ਵੇਖਿਆ ਜਾ ਸਕਦਾ ਹੈ। ਅਜਿਹੀਆਂ ਘਿਨਾਉਣੀਆਂ ਘਟਨਾਵਾਂ ਵਾਪਰ ਜਾਣ ਤੇ ਹਾਕਮ ਵਰਗ ਅਤੇ ਪੁਲਸ ਇਹਨਾਂ ਦੀ ਮਦਦ ਕਰਨ ਦੀ ਬਜਾਏ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਾਬਰਾਂ ਨਾਲ ਹੀ ਖਲੋਂਦੇ ਹਨ ਅਤੇ ਇਹਨਾਂ ਦੇ ਖਿਲਾਫ ਹੀ ਝੂਠੇ ਪਰਚੇ ਵੀ ਦਰਜ ਕਰਵਾ ਦਿੱਤੇ ਜਾਂਦੇ ਹਨ।
ਹਾਂ! ਇਕ ਗੱਲ ਹੋਰ ਜੋ ਵੇਖਣ ਵਿਚ ਆਉਂਦੀ ਹੈ, ਉਹ ਇਹ ਹੈ ਕਿ ਅਜੋਕੇ ਪੂੰਜੀਵਾਦੀ ਯੁਗ ਵਿਚ ਇਸ ਵਰਗ ਵਿਚੋਂ ਇਕ ਹਿੱਸਾ ਚੇਤੰਨ ਹੋ ਜਾਣ ਕਰਕੇ ਅਤੇ ਸੰਵਿਧਾਨਕ ਸਹੂਲਤਾਂ ਮਿਲਣ ਕਰਕੇ ਸੁਚੇਤ ਵੀ ਹੈ। ਉਹ ਪੜ੍ਹ ਲਿਖ ਕੇ ਉਚੀਆਂ ਪਦਵੀਆਂ ਤੱਕ ਪੁੱਜੇ ਹਨ। ਉਹਨਾਂ ਨੂੰ ਜਿੱਥੇ ਆਰਥਿਕ ਤੰਗੀਆਂ ਤੋਂ ਰਾਹਤ ਮਿਲੀ ਹੈ ਉਥੇ ਉਹ ਸਮਾਜਿਕ ਜਬਰ ਤੋਂ ਵੀ ਕੁੱਝ ਹੱਦ ਤੱਕ ਬਚੇ ਹੋਏ ਹਨ ਤੇ ਦਲਿਤਾਂ ਵਾਲੀ ਦਰਦਨਾਕ ਜ਼ਿੰਦਗੀ ਤੋਂ ਉਪਰ ਚਲੇ ਗਏ ਹਨ। ਉਹ ਲੋਕ ਆਪਣੀ ਜਾਤ ਅਤੇ ਵਰਗ ਨੂੰ ਭੁਲ ਕੇ ਉਪਰਲੀ ਜਮਾਤ ਵੱਲ ਝਾਕਣਾ ਸ਼ੁਰੂ ਕਰ ਦਿੰਦੇ ਹਨ ਭਾਵੇਂ ਕਿ ਕਦੇ ਕਦੇ ਇਹਨਾਂ ਵਿਤਕਰਿਆਂ ਦੀ ਝਲਕ ਉਹਨਾਂ ਨੂੰ ਵੀ ਆਪਣੇ ਪਿੰਡੇ ਤੇ ਹੰਢਾਉਣੀ ਪੈਂਦੀ ਹੈ। ਉਂਝ ਵੀ ਉਭਰ ਚੁੱਕੇ ਇਹ ਲੋਕ ਰਿਜ਼ਰਵੇਸ਼ਨ ਰਾਹੀਂ ਮਿਲਦੀਆਂ ਕੁਝ ਕੁ ਰਿਆਇਤਾਂ ਦਾ ਵਧੇਰੇ ਫਾਇਦਾ ਆਪ ਲੈ ਜਾਂਦੇ ਹਨ ਕਿਉਂਕਿ ਉਹ ਪੜ੍ਹੇ ਲਿਖੇ ਅਤੇ ਚੇਤਨ ਹੁੰਦੇ ਹਨ। ਇਸ ਤਰ੍ਹਾਂ ਅਨੁਸੂਚਿਤ ਜਾਤੀਆਂ ਅੰਦਰਲੇ ਹੋਰ ਪੱਛੜੇ ਹੋਏ ਲੋਕ ਉਹਨਾਂ ਰਿਆਇਤਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ।
ਪੂੰਜੀਵਾਦੀ ਲੀਹਾਂ ਉਪਰ ਰਾਜ-ਭਾਗ ਚਲਾਉਣ ਵਾਲੀਆਂ ਦੇਸ਼ ਦੀਆਂ ਹਾਕਮ ਜਮਾਤਾਂ ਨੇ ਵੀ ਇਸ ਪੀੜਤ ਵਰਗ ਵਿਚੋਂ ਉਭਰੇ ਇਸ ਛੋਟੇ ਹਿੱਸੇ ਦਾ ਫਾਇਦਾ ਲੈ ਕੇ ਹੇਠਲੀ ਪੱਧਰ ਦੀ ਜ਼ਿੰਦਗੀ ਭੋਗਦੇ ਨਪੀੜੇ ਜਾ ਰਹੇ ਵਰਗ ਨੂੰ ਭਰਮਾ ਕੇ ਆਪਣੇ ਨਾਲ ਜੋੜਿਆ ਹੋਇਆ ਹੈ ਕਿ ਵੇਖੋ ਉਹ ਲੋਕ ਉਪਰ ਨਿਕਲ ਚੁੱਕੇ ਹਨ ਤੇ ਹੌਲੀ ਹੌਲੀ ਸਾਰੇ ਦਲਿਤਾਂ ਨੂੰ ਇਸ ਜਿੱਲ੍ਹਣ ਤੋਂ ਮੁਕਤੀ ਮਿਲਣ ਵਾਲੀ ਹੈ। ਆਰਥਿਕ ਅਤੇ ਮਾਨਸਿਕ ਪਛੜੇਵੇਂ ਕਰਕੇ ਇਹ ਹੇਠਲਾ ਵਰਗ ਸਹਿਜੇ ਹੀ ਉਹਨਾਂ ਦੇ ਭਰਮ ਜਾਲ ਵਿਚ ਫਸਕੇ ਰਹਿ ਜਾਂਦਾ ਹੈ।
ਇਸੇ ਗੱਲ ਦਾ ਲਾਭ ਲੈ ਕੇ ਕੁਝ ਸੁਧਾਰਵਾਦੀ ਲੋਕ ਜੋ ਹਾਕਮ ਜਮਾਤਾਂ ਵਲੋਂ ਹੀ ਪੈਦਾ ਕੀਤੇ ਜਾਂਦੇ ਹਨ ਇਹਨਾਂ ਗਰੀਬ ਦਲਿਤਾਂ ਨੂੰ ਅਸਲੀ ਰਾਹ ਤੋਂ ਭਟਕਾ ਕੇ ਹਾਕਮਾਂ ਦੀ ਸੇਵਾ ਕਰਨ ਵਿਚ ਸਫਲ ਹੋ ਜਾਂਦੇ ਹਨ। ਇਸੇ ਵਰਤਾਰੇ ਦੇ ਹਿੱਸੇ ਵਜੋਂ ਕੁਝ ਜਥੇਬੰਦੀਆਂ ਤੇ ਰਾਜਨੀਤਕ ਪਾਰਟੀਆਂ ਜਾਤਪਾਤ ਦੇ ਮੁੱਦੇ ਨੂੰ ਖਤਮ ਕਰਾਉਣ ਦੀ ਗੱਲ ਕਰਨ ਦੀ ਬਜਾਏ ਜਾਤਾਂ ਦੇ ਆਧਾਰ ‘ਤੇ ਇਹਨਾਂ ਲੋਕਾਂ ਨੂੰ ਜਥੇਬੰਦ ਕਰਕੇ ਇਹਨਾਂ ਦੇ ਗੁੱਸੇ ਅਤੇ ਲਾਚਾਰੀ ਦਾ ਫਾਇਦਾ ਖੱਟਦੇ ਹਨ। ਅਜਿਹੇ ਲੋਕ ਆਪ ਤਾਂ ਭਾਵੇਂ ਰਾਜਨੀਤਕ ਸੁੱਖ ਸਹੂਲਤਾਂ ਮਾਣ ਲੈਣ, ਆਰਥਿਕ ਲਾਭ ਪ੍ਰਾਪਤ ਕਰ ਲੈਣ ਪਰ ਸਮੁੱਚੇ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਤੇ ਤਕਲੀਫਾਂ ਕਦੇ ਨਹੀਂ ਮੁਕਦੀਆਂ। ਅਜਿਹੇ ਆਗੂ ਇਸ ਮੁਸੀਬਤਾਂ ਮਾਰੇ ਵਰਗ ਨੂੰ ਸੰਵਿਧਾਨਕ ਧਾਰਾਵਾਂ ਲਾਗੂ ਕਰਨ ਤੇ ਜ਼ੋਰ ਦਿੰਦੇ ਰਹਿੰਦੇ ਹਨ ਅਤੇ ਇਹਨਾਂ ਨੂੰ ਮੁਕਤੀ ਦੇ ਅਸਲ ਮਾਰਗ ਤੋਂ ਪਰ੍ਹੇ ਰੱਖਣ ਵਿਚ ਸਫਲ ਹੁੰਦੇ ਰਹਿੰਦੇ ਹਨ। ਜਿਸ ਦਾ ਫਾਇਦਾ ਹਾਕਮ ਜਮਾਤ ਨੂੰ ਹੀ ਪਹੁੰਚਦਾ ਹੈ।
ਅਸਲੀਅਤ ਇਹ ਹੈ ਕਿ ਅਜੋਕੇ ਪੈਦਾਵਾਰੀ ਰਿਸ਼ਤਿਆਂ ਵਿਚ ਬਦਲਾਅ ਕੀਤੇ ਬਿਨਾਂ ਅਤੇ ਪੈਦਾਵਾਰੀ ਸਾਧਨਾਂ ਉਪਰ ਮਾਲਕੀ ਹੱਕਾਂ ਦੀ ਪ੍ਰਾਪਤੀ ਤੋਂ ਬਿਨਾਂ ਹੇਠਲੀ ਜ਼ਿੰਦਗੀ ਭੋਗਦੇ ਲੋਕਾਂ ਨੂੰ ਸੁਖ ਸਹੂਲਤਾਂ ਵਾਲੀ ਜ਼ਿੰਦਗੀ ਮਿਲ ਹੀ ਨਹੀਂ ਸਕਦੀ। ਇਹ ਕੰਮ ਕਰਨ ਲਈ ਰਾਜ ਸੱਤਾ ਕਿਰਤੀ ਲੋਕਾਂ ਦੇ ਹੱਥਾਂ ਵਿਚ ਆਉਣੀ ਬੜੀ ਹੀ ਜ਼ਰੂਰੀ ਹੈ। ਕਿਉਂਕਿ ਪੈਦਾਵਾਰੀ ਸਧਨਾਂ ਦੀ ਮਾਲਕੀ ਦਾ ਮੁੱਦਾ ਸਮਾਜਿਕ ਉਤਪੀੜਨ ਨਾਲ ਜੁੜਿਆ ਹੋਇਆ ਹੈ। ਜਿੰਨਾ ਚਿਰ ਤੱਕ ਪੈਦਾਵਾਰ ਦੇ ਸਾਧਨਾਂ ਉਪਰ ਪੈਦਾਵਾਰੀ ਸ਼ਕਤੀਆਂ ਦਾ ਆਪਣਾ ਕਬਜ਼ਾ ਨਹੀਂ ਹੁੰਦਾ ਉਨਾਂ ਚਿਰ ਨਾ ਤਾਂ ਆਰਥਿਕ ਮਸਲੇ ਹੱਲ ਹੋਣੇ ਹਨ ਅਤੇ ਨਾ ਹੀ ਸਮਾਜਿਕ ਜਬਰ ਦਾ ਅੰਤ ਹੋਣਾ ਹੈ।
ਇਸ ਹਕੀਕਤ ਨੂੰ ਛੁਪਾਉਣ ਲਈ ਹਾਕਮ ਜਮਾਤਾਂ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੀਆਂ ਹਨ। ਉਹ ਜਿੱਥੇ ਸੰਘਰਸ਼ਾਂ ਨੂੰ ਪੁਲਸ, ਫੌਜ ਆਦਿ ਦੀ ਤਾਕਤ ਨਾਲ ਦਬਾ ਕੇ ਰੱਖਦੀਆਂ ਹਨ, ਉਥੇ ਉਹ ਨਸ਼ਿਆਂ ਦੀ ਭਰਮਾਰ ਨਾਲ ਵੀ ਲੋਕਾਂ ਦੀ ਚੇਤਨਾ ਉਪਰ ਸੱਟ ਮਾਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੀਆਂ ਅਤੇ ਨਾਲ ਹੀ ਉਹ ਲੋਕਾਂ ਨੂੰ ਕਿਸਮਤਵਾਦ ਦੇ ਚੱਕਰ ਵਿਚ ਵੀ ਫਸਾ ਕੇ ਰੱਖਦੀਆਂ ਹਨ। ਇਸ ਕੰਮ ਵਾਸਤੇ ਉਹ ਹਰ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕਾਂ ਦੀ ਅਖੌਤੀ ਸ਼ਾਂਤੀ ਲਈ ਵੱਖ ਵੱਖ ਕਿਸਮ ਦੇ ਧਾਰਮਿਕ ਡੇਰਿਆਂ ਨੂੰ ਉਤਸ਼ਾਹਤ ਕਰਨ ਦੇ ਚੇਤੰਨ ਯਤਨ ਕਰਦੇ ਹਨ ਅਤੇ ਆਪ ਵੀ ਡੇਰਿਆਂ ਦੀ ਆਸਥਾ ਨਾਲ ਜੁੜੇ ਹੋਣ ਦਾ ਭੁਲੇਖਾ ਪਾਉਣ ਤੋਂ ਗੁਰੇਜ ਨਹੀਂ ਕਰਦੇ। ਇਸ ਨਾਲ ਜਿੱਥੇ ਡੇਰਿਆਂ ਵਿਚ ਰੁਲਾ ਕੇ ਲੋਕਾਂ ਦੀ ਹੋਰ ਆਰਥਿਕ ਲੁੱਟ ਹੁੰਦੀ ਹੈ, ਉਥੇ ਕੁਝ ਲੋਕ ਲੁੱਟ ਦੇ ਪੈਸਿਆਂ ਨਾਲ ਐਸ਼ ਅਰਾਮ ਦੀ ਜ਼ਿੰਦਗੀ ਜਿਊਂਦੇ ਹਨ। ਅਤੇ, ਇਹ ਹਾਕਮ ਦੂਸਰਾ ਫਾਇਦਾ ਭੋਲੇ ਭਾਲੇ ਲੋਕਾਂ ਦੀਆਂ ਡੇਰਿਆਂ ਰਾਹੀਂ ਵੋਟਾਂ ਪ੍ਰਾਪਤ ਕਰਕੇ ਲੈਂਦੇ ਹਨ। ਇਹ ਰਸਤਾ ਵੀ ਗਰੀਬੀ ਭੋਗਦੇ ਦਲਿਤਾਂ ਅਤੇ ਹੋਰ ਗਰੀਬ ਲੋਕਾਂ ਨੂੰ ਮੁਕਤੀ ਦੇ ਅਸਲੀ ਮਾਰਗ ਤੋਂ ਪਰ੍ਹਾਂ ਰੱਖਣ ਵਿਚ ਸਹਾਈ ਹੋ ਕੇ ਅੰਤ ਪੂੰਜੀਵਾਦੀ ਹਾਕਮਾਂ ਦੀ ਸੇਵਾਦਾਰੀ ਦਾ ਕੰਮ ਹੀ ਕਰਦਾ ਹੈ।
ਜਿੱਥੇ ਇਹ ਵਰਤਾਰਾ ਸਦੀਆਂ ਤੋਂ ਚਲਿਆ ਆ ਰਿਹਾ ਹੈ ਉਥੇ ਦੇਸ਼ ਉਤੇ ਮੋਦੀ ਦੀ ਅਗਵਾਈ ਵਿਚ, ਆਰ.ਐਸ.ਐਸ. ਦੀ ਦਿਸ਼ਾ ਨਿਰਦੇਸ਼ਾਂ ਨਾਲ ਭਾਜਪਾ ਦੇ ਰਾਜ ਸੱਤਾ ‘ਤੇ ਆਉਣ ਨਾਲ, ਹੋਰ ਤੇਜ਼ ਹੋ ਗਿਆ ਹੈ। ਜਾਤੀ ਪਾਤੀ ਜਬਰ ਵਿਚ ਤਿੱਖਾ ਵਾਧਾ ਸਧਾਰਨ ਅੱਖ ਨਾਲ ਵੀ ਵੇਖਿਆ ਜਾ ਸਕਦਾ ਹੈ। ਮਨੂੰਵਾਦ ਨੂੰ ਫੇਰ ਦੁਬਾਰਾ ਉਭਾਰਿਆ ਜਾ ਰਿਹਾ ਹੈ। ਮੁਸਲਮਾਨਾਂ ਅਤੇ ਘੱਟ ਗਿਣਤੀਆਂ ਉਪਰ ਹਮਲਿਆਂ ਦੀ ਲੜੀ ਚਲਦੀ ਨਜ਼ਰ ਆਉਂਦੀ ਹੈ। ਫਿਰਕਾਪ੍ਰਸਤੀ ਦਾ ਖੁਲ੍ਹੇਆਮ ਪ੍ਰਚਾਰ ਕੀਤਾ ਜਾ ਰਿਹਾ ਹੈ। ਸਕੂਲਾਂ ਦੇ ਸਿਲੇਬਸ ਬਦਲ ਕੇ ਦੇਸ਼ ਨੂੰ ਧਾਰਮਿਕ ਕੱਟੜਵਾਦ ਵੱਲ ਧੱਕਿਆ ਜਾ ਰਿਹਾ ਹੈ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਖਤਰਨਾਕ ਉਪਰਾਲੇ ਕੀਤੇ ਜਾ ਰਹੇ ਹਨ। ਔਰਤਾਂ ਨੂੰ ਇਕ ਵਾਰ ਫੇਰ ਲੰਘ ਚੁੱਕੇ ਸਮੇਂ ਵਾਂਗੂ ਨਿਮਾਣੀਆਂ ਤੇ ਘਰਾਂ ਦੀ ਚਾਰ ਦਿਵਾਰੀ ਦੇ ਅੰਦਰ ਜੋਗੀਆਂ ਰੱਖਣ ਵੱਲ ਜ਼ੋਰਦਾਰ ਕਦਮ ਚੁੱਕੇ ਜਾ ਰਹੇ ਹਨ। ਇੱਥੇ ਇਕ ਗੱਲ ਹੋਰ ਕਰਨੀ ਵੀ ਬਹੁਤ ਜ਼ਰੂਰੀ ਹੈ ਕਿ ਜਿੱਥੇ ਸਮੁੱਚੀ ਔਰਤ ਜਾਤੀ ਨੂੰ ਇਸ ਮਰਦ ਪ੍ਰਧਾਨ ਸਮਾਜ ਵਿਚ ਸਿਰਫ ਬੱਚੇ ਪੈਦਾ ਕਰਨ ਦੇ ਇਕ ਸਾਧਨ ਵਜੋਂ ਵੇਖਿਆ ਜਾਂਦਾ ਹੈ ਅਤੇ ਦਲਿਤਾਂ ਵਾਂਗੂ ਦਬਾ ਕੇ ਰੱਖਿਆ ਜਾਂਦਾ ਹੈ, ਉਥੇ ਦਲਿਤ ਔਰਤਾਂ ਤਾਂ ਇਸ ਤੋਂ ਵੀ ਜ਼ਿਆਦਾ ਸੰਤਾਪ ਹੰਡਾਉਂਦੀਆਂ ਹਨ ਉਹਨਾਂ ਨੂੰ ਤਾਂ ਔਰਤ ਹੋਣ ਦੇ ਨਾਲ ਨਾਲ ਦਲਿਤ ਹੋਣ ਦੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਮੋਦੀ ਦੇ ਰਾਜ ਵਿਚ ਤਾਂ ਫੇਰ ਉਹੋ ਜਿਹੇ ਹਾਲਤ ਪੈਦਾ ਕਰਨ ਦੇ ਤਿੱਖੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਸਬੰਧੀ ਕੱਟੜ ਮਨੂੰਵਾਦੀ ਤੁਲਸੀ ਦਾਸ ਨੇ ਕਿਹਾ ਸੀ :
ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ।
ਯਿਹ ਪਾਂਚੇ ਤਾੜਨ ਕੇ ਅਧਿਕਾਰੀ॥
ਇਸ ਦਾ ਇਕੋ ਇਕ ਇਲਾਜ ਹੈ ਕਿ ਇਹ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਾਰ ਝੱਲ ਰਹੇ ਲੋਕਾਂ ਨੂੰ ਇਸ ਅਮਾਨਵੀ ਜਬਰ ਨੂੰ ਪੱਕਾ ਕਰਦੀਆਂ ਰਹੁ-ਰੀਤਾਂ ਵਿਰੁੱਧ ਚੇਤਨ ਕੀਤਾ ਜਾਵੇ। ਉਹਨਾਂ ਨੂੰ ਅਹਿਸਾਸ ਕਰਵਾ ਕੇ ਜਗਾਇਆ ਜਾਵੇ ਅਤੇ ਸੰਘਰਸ਼ਾਂ ਦੇ ਰਾਹ ਤੋਰਿਆ ਜਾਵੇ। ਇਸ ਕੰਮ ਲਈ ਉਹਨਾਂ ਦੇ ਆਰਥਿਕ ਮੁੱਦੇ ਚੁੱਕਣੇ ਪੈਣਗੇ। ਜਿਵੇਂ ਕਿ ਲੋਕਾਂ ਦੀ ਸਮਝ ਦਾ ਹਿੱਸਾ ਬਣਾਇਆ ਜਾਵੇ ਕਿ ਜਨਤਾ ਨੂੰ ਰੋਟੀ, ਕੱਪੜਾ, ਮਕਾਨ, ਵਿਦਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਾਉਣਾ ਸਰਕਾਰਾਂ ਦੀ ਡਿਊਟੀ ਹੈ ਅਤੇ ਇਹ ਸਾਰਾ ਕੁੱਝ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਸਾਡਾ ਅਧਿਕਾਰ ਹੈ। ਹੋਰ ਵੀ ਮੁੱਦੇ ਲਏ ਜਾ ਸਕਦੇ ਹਨ ਜਿਵੇਂ ਕਿ ਰੁਜ਼ਗਾਰ ਦਿੱਤਾ ਜਾਵੇ ਅਤੇ ਮਿਹਨਤ ਦਾ ਪੂਰਾ ਮੁਲ ਦਿੱਤਾ ਜਾਵੇ। ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਡੀਪੂਆਂ ਰਾਹੀਂ ਸਸਤੇ ਭਾਅ ਉਪਰ ਸਾਰੀਆਂ ਜਰੂਰੀ ਚੀਜਾਂ ਸਪਲਾਈ ਕੀਤੀਆਂ ਜਾਣ। ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਅਤੇ ਉਸਾਰੀ ਲਈ ਢੁਕਵੀਂ ਗਰਾਂਟ ਦਿੱਤੀ ਜਾਵੇ। ਦਲਿਤਾਂ ਅਤੇ ਹੋਰ ਲੋੜਵੰਦ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣ। ਪੜ੍ਹਾਈ ਦੇ ਅਧਿਕਾਰ ਨੂੰ ਕਾਇਮ ਰੱਖਦਿਆਂ ਸਰਕਾਰੀ ਸਕੂਲ ਵੇਚਣੇ ਬੰਦ ਕੀਤੇ ਜਾਣ। ਸਰਕਾਰ ਹਸਪਤਾਲਾਂ ਵਿਚ ਇਲਾਜ ਦੀ ਵਿਵਸਥਾ ਕਾਇਮ ਰੱਖਕੇ ਡਾਕਟਰ ਅਤੇ ਦਵਾਈਆਂ ਆਦਿ ਦੀਆਂ ਸਹੂਲਤਾਂ ਮੁਫ਼ਤ ਮਿਲਣ। ਪੰਚਾਇਤੀ ਜਮੀਨ ਵਿਚੋਂ ਤੀਜਾ ਹਿੱਸਾ ਜਮੀਨ ਆਮ ਠੇਕੇ ਦੇ ਤੀਜੇ ਹਿੱਸੇ ਤੇ ਮਜ਼ਦੂਰਾਂ ਨੂੰ ਵਾਹੀ ਲਈ ਦਿੱਤੀ ਜਾਵੇ। ਅਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨਿਆਂ ਵਿਚ ਮੁਫ਼ਤ ਵੰਡੀ ਜਾਵੇ। ਇਹਨਾਂ ਮੁੱਦਿਆਂ ਨਾਲ ਸਮਾਜਿਕ ਸੁਰੱਖਿਆ ਅਧੀਨ ਮਿਲਦੀਆਂ ਸਾਰੀਆਂ ਸਹੂਲਤਾਂ ਸਬੰਧੀ ਵੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਾ ਚਾਹੀਦਾ ਹੈ ਜਿਵੇਂ ਕਿ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਪੈਨਸ਼ਨਾਂ ਗੁਜਾਰੇਯੋਗ ਤੇ ਲਗਾਤਾਰ ਮਿਲਣ।
ਆਰਥਿਕ ਮੁੱਦਿਆਂ ਦੇ ਨਾਲ ਸਮਾਜਕ ਉਤਪੀੜਨ ਦੇ ਮੁੱਦੇ ਨੂੰ ਜੋਰਦਾਰ ਤਰੀਕੇ ਨਾਲ ਲੈਣਾ ਚਾਹੀਦਾ ਹੈ ਅਤੇ ਸਮਾਜਿਕ ਜਬਰ ਤੇ ਪੁਲਸ ਜਬਰ ਦੀ ਹਰੇਕ ਘਟਨਾ ਸਮੇਂ ਤਿੱਖਾ ਸੰਘਰਸ਼ ਵਿਢਿਆ ਜਾਵੇ। ਔਰਤਾਂ ਨਾਲ ਸਮਾਜਿਕ ਜਬਰ ਅਤੇ ਲਿੰਗਕ ਵਿਤਕਰੇ ਅਤੇ ਵਧੀਕੀਆਂ ਵੇਲੇ ਦੋਸ਼ੀਆਂ ਖਿਲਾਫ ਬੇਕਿਰਕ ਲੜਾਈ ਲੜੀ ਜਾਵੇ।
ਇਸ ਦੇ ਨਾਲ ਨਾਲ ਪਿੰਡਾਂ ਵਿਚ ਲੋਕਲ ਪੱਧਰ ਦੇ ਮਸਲੇ ਜਿਹੜੇ ਪਿੰਡਾਂ ਤੋਂ ਹੀ ਸ਼ੁਰੂ ਹੋ ਜਾਂਦੇ ਹਨ ਜਿਵੇਂ ਗਲੀਆਂ ਨਾਲੀਆਂ ਦਾ ਮਸਲਾ, ਪੀਣ ਵਾਲੇ ਪਾਣੀ ਦੇ ਮਸਲੇ, ਸਕੂਲਾਂ ਵਿਚ ਵਾਪਰਦੀਆਂ ਅਣਸੁਖਾਵੀਆਂ ਘਟਨਾਵਾਂ ਤੇ ਵਿਤਕਰੇ, ਪੇਂਡੂ ਛੱਪੜਾਂ ਦੇ ਮਸਲੇ, ਪਾਣੀ ਦੇ ਨਿਕਾਸ ਦਾ ਮਸਲਾ, ਸਰਕਾਰ ਦੇ ਵੱਖ ਵੱਖ ਮਹਿਕਮਿਆਂ ਵਲੋਂ ਮਜਦੂਰਾਂ ਉਪਰ ਬੇ-ਲੋੜਾ ਸਰਕਾਰੀ ਦਬਾਅ ਪਾਉਣ ਵਰਗੀਆਂ ਘਟਨਾਵਾਂ, ਪਲੀਸ ਵਲੋਂ ਮਜਦੂਰਾਂ ਨਾਲ ਕੁਟਮਾਰ ਕਰਨ ਤੇ ਝੂਠੇ ਕੇਸ ਬਣਉਣ ਦਾ ਮਸਲਾ ਆਦਿ ਅਜਿਹੇ ਮਸਲੇ ਹਨ ਜਿਹੜੇ ਹਰ ਰੋਜ ਲੋਕਾਂ ਦੀ ਬਾਂਹ ਫੜਨ ਦਾ ਸਮਾਂ ਦਿੰਦੇ ਹਨ। ਸੋ ਉਪਰੋਕਤ ਮਸਲਿਆਂ ਵਿੱਚ ਦਖਲ ਦਿੰਦਿਆਂ ਹੋਇਆਂ ਨਿਰ-ਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰਨ ਨਾਲ ਹੀ ਇਹਨਾਂ ਨਿਮਾਣੇ ਤੇ ਨਿਥਾਵੇਂ ਲੋਕਾਂ ਦਾ ਭਰੋਸਾ ਜਿਤਿਆ ਜਾ ਸਕਦਾ ਹੈ।
ਆਬਾਦੀ ਦੀ ਅੱਧੀ ਵਸੋਂ ਅੋਰਤਾਂ ਹਨ। ਜਿੰਨਾਂ ਨੂੰ ਨਾਲ ਲੈਣ ਤੋਂ ਬਿੰਨਾ ਸੰਘਰਸ਼ਾ ਨੂੰ ਜਿਤ ਤੱਕ ਨਹੀ ਲਿਜਾਇਆ ਜਾ ਸਕਦਾ। ਨਾਲ ਹੀ ਇਹ ਵੀ ਇਕ ਬਹੁਤ ਜਰੂਰੀ ਸਮਝਣ ਵਾਲੀ ਗਲ ਹੈ ਕਿ ਦਲਿਤਾਂ ਮਜਦੂਰਾਂ ਤੋਂ ਬਿਨਾ ਵੀ ਸਾਡੇ ਸਮਾਜ ਵਿਚ ਬਹੁਤ ਵਰਗ ਹਨ ਜੋ ਮਿਹਨਤ ਕਰਨ ਦੇ ਬਾਵਜੂਦ ਵੀ ਭੁਖਮਰੀ ਦੀ ਜਿੰਦਗੀ ਜੀਉਂਦੇ ਹਨ। ਜਿਵੇਂ ਛੋਟਾ ਦੁਕਾਨਦਾਰ, ਛੋਟਾ ਕਿਸਾਨ ਤੇ ਹੋਰ ਮਿਹਨਤ ਮਜ਼ਦੂਰੀ ਕਰਦੇ ਲੋਕ। ਇਹਨਾਂ ਸਭਨਾਂ ਨਾਲ ਰਲਕੇ ਸਾਂਝੇ ਸੰਘਰਸ਼ ਕੀਤੇ ਜਾ ਸਕਦੇ ਹਨ ਅਤੇ ਅਸੀਂ ਇਹ ਏੇਕਾ ਸਚੇਤ ਹੋ ਕੇ ਉਸਾਰਨਾ ਹੈ ਤਾਂ ਕਿ ਆਪਣੀ ਤਾਕਤ ਮਜਬੂਤ ਕਰਕੇ ਜਿੱਤ ਦੇ ਅਸਾਰ ਲਾਜਮੀ ਬਣਾ ਸਕੀਏ।
ਸੋ ਸਰਕਾਰ ਪੱਖੀ ਅਨਸਾਰਾਂ ਤੋਂ ਸਚੇਤ ਰਹਿੰਦੇ ਹੋਏ, ਜਾਤ ਪਾਤ ਅਧਾਰ ਤੇ ਲੋਕਾਂ ਨੂੰ ਇਕਠੇ ਕਰਕੇ ਪੂੰਜੀ ਪਤੀਆਂ ਦੇ ਹੱਕ ਵਿਚ ਭੁਗਤਣ ਵਾਲੇ ਅਨਸਰਾਂ ਤੋਂ ਸੁਚੇਤ ਰਹਿੰਦੇ ਹੋਏ, ਇਹਨਾਂ ਸੁਤੇ ਹੋਏ ਲੋਕਾਂ ਨੂੰ ਸੰਘਰਸ਼ ਦੇ ਰਾਹ ਪਾ ਕੇ ਕੁਝ ਕੁ ਪ੍ਰਾਪਤੀਆਂ ਕੀਤੀਆਂ ਜਾਂ ਸਕਦੀਆਂ ਹਨ ਅਤੇ ਕਿਰਤ ਦੀ ਲੁਟ ਨੂੰ ਕੁਝ ਹੱਦ ਤੱਕ ਰੋਕਿਆ ਵੀ ਜਾ ਸਕਦਾ ਹੈ। ਸੋ ਜਿਥੇ ਅਸੀਂ ਦਲਿਤਾਂ, ਮਜਦੂਰਾਂ ਦੀਆਂ ਜਥੇਬੰਦੀਆਂ ਮਜਬੂਤ ਕਰਕੇ ਸੰਘਰਸ਼ਾਂ ਰਾਹੀ ਪ੍ਰਾਪਤੀਆਂ ਕਰਨੀਆ ਹਨ ਅਤੇ ਹੋਰ ਕਿਰਤੀ ਜਮਾਤ ਨਾਲ ਸਬੰਧਤ ਜਥੇਬੰਦੀਆਂ ਨਾਲ ਏਕਾ ਉਸਾਰਨਾ ਹੈ ਉਥੇ ਬਹੁਤ ਜਰੂਰੀ ਹੈ ਕਿ ਇਸ ਲੁਟ ਅਧਾਰਤ ਰਾਜ ਪ੍ਰਬੰਧ ਨੂੰ ਬਦਲਣ ਲਈ ਵੀ ਸੋਚਿਆ ਜਾਵੇ ਅਤੇ ਪੂੰਜੀਵਾਦ ਦਾ ਆਰਥਕ ਰਾਜਨੀਤਕ ਬਦਲ ਉਸਾਰਨ ਵੱਲ ਧਿਆਨ ਦੇ ਕੇ ਅਜਿਹੀ ਰਾਜਨੀਤਕ ਧਿਰ ਦਾ ਸਮਰਥਨ ਕੀਤਾ ਜਾਵੇ ਜੋ ਇਸ ਵਿਤਕਰਿਆਂ ਭਰੇ ਸਮਾਜ ਨੂੰ ਬਦਲ ਕੇ ਕਿਰਤੀ ਲੋਕਾਂ ਦੀ ਆਪਣੀ ਰਾਜ ਸਤਾ ਉਸਾਰਨ ਵੱਲ ਸੱਧਤ ਹੋਵੇ। ਇਸ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਚਲਣਾ ਹੀ ਅੱਜ ਸਮੇਂ ਦੀ ਲੋੜ ਹੈ।