Now Reading
ਸ਼ੋਕ ਸਮਾਚਾਰ (ਸੰਗਰਾਮੀ ਲਹਿਰ- ਅਪ੍ਰੈਲ ਜੂਨ 2020)

ਸ਼ੋਕ ਸਮਾਚਾਰ (ਸੰਗਰਾਮੀ ਲਹਿਰ- ਅਪ੍ਰੈਲ ਜੂਨ 2020)

ਆਪਣੇ ਜੀਵਨ ਦਾ 5 ਦਹਾਕਿਆਂ ਤੋਂ ਵੱਧ ਸਮਾਂ ਕਿਰਤੀ ਲਹਿਰ ਦੇ ਲੇਖੇ ਲਾਉਣ ਵਾਲੇ ਬਾਵੱਕਾਰ ਕਮਿਊਨਿਸਟ ਆਗੂ ਸਾਥੀ ਨੌਨਿਹਾਲ ਸਿੰਘ (84) ਪਿਛਲੇ ਦਿਨੀਂ ਵਿਛੋੜਾ ਦੇ ਗਏ। ਸਾਥੀ ਨੌਨਿਹਾਲ ਸਿੰਘ ਨੇ ਟਰੇਡ ਯੂਨੀਅਨ ਫਰੰਟ ’ਤੇ ਕੁਲਵਕਤੀ ਵਜੋਂ, ਦੇਸ਼ ਭਗਤ ਯਾਦਗਾਰ ਟਰੱਸਟ ਦੇ ਵੱਖੋਂ ਵੱਖ ਅਹੁਦਿਆਂ ’ਤੇ ਅਤੇ ‘ਨਵਾਂ ਜ਼ਮਾਨਾਂ’ ਦੇ ਟਰੱਸਟੀ ਵਜੋਂ ਸ਼ਾਨਦਾਰ ਯੋਗਦਾਨ ਪਾਇਆ। ਆਪ ਜੀ ਨੇ ਸੁਤੰਤਰਤਾ ਸੰਗਰਾਮ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਦਾ ਇਤਿਹਾਸ ਸਹੇਜਨ ਵਿਚ ਉਚੇਚਾ ਯੋਗਦਾਨ ਪਾਇਆ। ਉਨ੍ਹਾਂ ਖਾਂਦੇ-ਪੀਂਦੇ ਪਰਿਵਾਰ ’ਚ ਜਨਮ ਲੈ ਕੇ ਤਾਉਮਰ ਦੱਬੇ ਕੁਚਲਿਆਂ ਦੀ ਬੰਦ ਖਲਾਸੀ ਲਈ ਜੀਵਨ ਲਾਉਣ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ।

ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਸਾਥੀ ਬਲਵੀਰ ਸਿੰਘ ਕਾਠਗੜ੍ਹ (ਫਾਜ਼ਿਲਕਾ) ਸਦੀਵੀ ਵਿਛੋੜਾ ਦੇ ਗਏ। ਇੱਕ ਜੁਝਾਰੂ ਟਰੇਡ ਯੂਨੀਅਨਿਸਟ, ਮਕਬੂਲ ਜਨਤਕ ਆਗੂ ਅਤੇ ਕੁਸ਼ਲ ਸੰਗਠਨਕਰਤਾ ਵਜੋਂ ਅਨੇਕਾਂ ਸੰਘਰਸ਼ਾਂ ਦੀ ਸੁਯੋਗ ਅਗਵਾਈ ਕਰਨ ਵਾਲੇ ਸਾਥੀ ਕਾਠਗੜ੍ਹ ਸੇਵਾ ਮੁਕਤੀ ਤੋਂ ਬਾਅਦ ਆਰਐਮਪੀਆਈ ਦੇ ਜਿਲ੍ਹਾ ਆਗੂ ਵਜੋਂ ਮਿਸਾਲੀ ਸੇਵਾਵਾਂ ਦੇ ਰਹੇ ਸਨ।         
ਉੱਘੇ ਟਰੇਡ ਯੂਨੀਅਨਿਸਟ ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐਨਆਰਐਮਯੂ) ਦੇ ਹਰਮਨ ਪਿਆਰੇ ਆਗੂ, ਈਮਾਨਦਾਰੀ ਅਤੇ ਪ੍ਰਤੀਬੱਧਤਾ ਦੇ ਮੁਜੱਸਮੇ ਸਾਥੀ ਅਵਤਾਰ ਸਿੰਘ ਜਲੰਧਰ ਬੀਤੇ ਦਿਨੀਂ ਸਾਥੋਂ ਸਦਾ ਲਈ ਵਿਛੜ ਗਏ।   

ਬਠਿੰਡਾ ਜ਼ਿਲ੍ਹੇ ਅੰਦਰ ਸੀ.ਪੀ.ਐਮ.ਪੰਜਾਬ ਅਤੇ ਆਰ.ਐਮ.ਪੀ.ਆਈ. ਦੇ ਸੰਸਥਾਪਕਾਂ ’ਚੋਂ ਇਕ ਸਾਥੀ ਮਹਿੰਦਰ ਸਿੰਘ ਜਿਉਂਦ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੀ ਮਿ੍ਰਤਕ ਦੇਹ ’ਤੇ ਪਾਰਟੀ ਦੀ ਜ਼ਿਲ੍ਹਾ ਕਮੇਟੀ ਵਲੋਂ ਸਾਥੀ ਗੁਰਜ਼ਾਰ ਸਿੰਘ ਬਦਿਆਲਾ ਨੇ ਸੂਹਾ ਝੰਡਾ ਪਾ ਕੇ ਸਿਜਦਾ ਕੀਤਾ।  ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਪਾਰਟੀ ਆਗੂ ਸਾਥੀ ਤਾਰਾ ਸਿੰਘ ਨੰਦਗੜ੍ਹ ਕੋਟੜਾ ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।

ਆਰ.ਐਮ.ਪੀੇ.ਆਈ. ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਖਜਾਨਚੀ ਸਾਥੀ ਪ੍ਰਕਾਸ਼ ਸਿੰਘ ਦੇ ਮਾਤਾ ਸੁਰਜੀਤ ਕੌਰ, ਸਾਬਕਾ ਸਰਪੰਚ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ। ਮਾਤਾ ਜੀ ਦਾ ਸਮੁੱਚਾ ਪਰਿਵਾਰ ਪਾਰਟੀ ਦਾ ਹਮਦਰਦ ਅਤੇ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੈ।  

Scroll To Top