Now Reading
ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦਾ 111 ਵਾਂ ਜਨਮ ਦਿਵਸ ਮਨਾਇਆ

ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦਾ 111 ਵਾਂ ਜਨਮ ਦਿਵਸ ਮਨਾਇਆ

ਬਠਿੰਡਾ : “ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਬਠਿੰਡਾ” ਵਲੋਂ ਇੱਕ ਸੱਭਿਆਚਾਰਕ ਮੇਲੇ ਦਾ ਆਯੋਜਨ ਕਰਦਿਆਂ ਸ਼ਹੀਦ ਇ ਆਜ਼ਮ ਭਗਤ ਸਿੰਘ ਦਾ 111ਵਾਂ ਜਨਮ ਦਿਵਸ ਇਨਕਲਾਬੀ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਵਲੋਂ ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦੇ ਜੀਵਨ ਅਤੇ ਵਿਚਾਰਾਂ ਦੀ ਅਜੋਕੇ ਸਮੇਂ ਵਿਚ ਪਰਸੰਗਕਤਾ ਬਾਰੇ ਵਿਚਾਰ ਰੱਖੇ ਗਏ। ਇਹ ਲੋਕ ਮੇਲਾ ਜਾਨਲੇਵਾ ਨਸ਼ਾ ਕਾਰੋਬਾਰ ਵਿਰੁੱਧ, ਔਰਤਾਂ ਅਤੇ ਬਾਲੜੀਆਂ ਦੇ ਘਿਨਾਉਣੇ ਬਲਾਤਕਾਰਾਂ / ਕਤਲਾਂ ਤੇ ਹਰ ਕਿਸਮ ਦੇ ਜਿਨਸੀ ਅਪਰਾਧਾਂ ਖਿਲਾਫ,  ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ,  ਚੌਗਿਰਦੇ ਦੀ ਰਾਖੀ ਲਈ, ਆਜ਼ਾਦੀ ਸੰਗਰਾਮੀਆਂ ਵਲੋਂ ਚਿਤਵੇ ਸਰਵਪੱਖੀ ਸਮਾਨਤਾ ਅਧਾਰਿਤ ਸਮਾਜ ਦੀ ਸਿਰਜਣਾ ਲਈ, ਆਵਾਮ ਨੂੰ ਇਕਜੁੱਟ ਹੋ ਕੇ ਸੰਘਰਸ਼ਾਂ ਵਿੱਚ ਕੁੱਦਣ ਦਾ ਹੋਕਾ ਦੇਣ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਸਥਾਨਕ ਬੱਲਾ ਰਾਮ ਨਗਰ ਵਿਚਲੀ ਆਰ ਓ ਪਾਰਕ ਵਿੱਚ ਕਰਵਾਏ ਗਏ ਇਸ ਮੇਲੇ ਵਿੱਚ ਮਕਬੂਲ ਲੋਕ ਪੱਖੀ ਗੀਤਕਾਰ ਅਤੇ ਗਾਇਕ ਜੋੜੀ ਮੰਦਰ ਜੱਸੀ ਤੇ ਹਰਦੀਪ ਮਹਿਣਾ ਨੇ ਸ਼ਹੀਦ ਇ ਆਜ਼ਮ ਭਗਤ ਸਿੰਘ ਦੇ ਜੀਵਨ ਅਤੇ ਬੇਮਿਸਾਲ ਕੁਰਬਾਨੀ ਦੇ ਪ੍ਰਸੰਗ ਆਪਣੀਆਂ ਪ੍ਰਭਾਵਸ਼ਾਲੀ ਕਵੀਸ਼ਰੀਆਂ ਰਾਹੀਆਂ ਦਰਸ਼ਕਾਂ ਨਾਲ ਸਾਂਝੇ ਕਰਦਿਆਂ ਸਮਾਂ ਬਨੵ ਦਿੱਤਾ। ਮਾਸਟਰ ਗੁਰਤੇਜ ਸਿੰਘ ਦੀ ਨਿਰਦੇਸ਼ਨਾਂ ਹੇਠ “ਲੋਕ ਕਲਾ ਮੰਚ ਜੋਧਪੁਰ” ਦੀ ਟੀਮ ਵੱਲੋਂ ਨਾਟਕ  ‘ਮੈਂ ਫਿਰ ਆਵਾਂਗਾ’ ਤੇ ‘ਮਿੱਟੀ ਰੁਦਨ ਕਰੇ’ ਬਾਕਮਾਲ ਅੰਦਾਜ਼ ਵਿੱਚ ਪੇਸ਼ ਕੀਤੇ ਗਏ। ”ਲੋਕ ਕਲਾ ਮੰਚ ਨਥਾਣਾ” ਦੀ ਟੀਮ ਵੱਲੋਂ ‘ਮੇਰਾ ਪਿੰਡ ਵਿਕਾਊ ਹੈ’ ਤੇ ‘ਫ਼ਾਂਸੀ’ ਕੋਰੀਓਗ੍ਰਾਫੀਆਂ ਰਾਹੀਂ ਦਰਸ਼ਕਾਂ,  ਖਾਸ ਕਰ ਨੌਜਵਾਨਾਂ ਨੂੰ ਮੰਤਰ ਮੁਗਧ ਕਰ ਦਿੱਤਾ ਗਿਆ। “ਆਓ ਸ਼ਹੀਦ ਭਗਤ ਸਿੰਘ ਨੂੰ ਜਾਣੀਏ” ਦੇ ਸਿਰਲੇਖ ਅਧੀਨ ਬੱਚਿਆਂ ਲਈ ਕੁਇਜ਼ ਰਖਿਆ ਗਿਆ। ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਕਮੇਟੀ ਦੇ ਪੑਧਾਨ ਨਾਇਬ ਸਿੰਘ ਔਲਖ, ਸੀਨੀਅਰ ਮੈਂਬਰ ਸੰਪੂਰਨ ਸਿੰਘ , ਖਜਾਨਚੀ ਮਲਕੀਤ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨੇ ਕਮੇਟੀ ਵੱਲੋਂ ਯਾਦਚਿੰਨੵ ਦੇ ਕੇ ਉਤਸ਼ਾਹਿਤ ਕੀਤਾ। ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸ਼ਹੀਦ ਇ ਆਜ਼ਮ ਭਗਤ ਸਿੰਘ ਜੀ ਦੀਆਂ ਪੁਸਤਕਾਂ ਭੇਂਟ ਕੀਤੀਆਂ ਗਈਆਂ। ਇਸ ਭਵਿੱਖ ਮੁਖੀ ਸਭਿਆਚਾਰਕ ਮੇਲੇ ਵਿੱਚ ਨੇੜੇ ਤੇੜੇ ਦੇ ਮੁਹੱਲਿਆਂ ਦੇ ਲੋਕਾਂ ਖਾਸ ਕਰਕੇ ਇਸਤਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਕਮੇਟੀ ਵੱਲੋਂ ਉਕਤ ਮੇਲੇ ਦੇ ਸਫਲਤਾਪੂਰਵਕ ਆਯੋਜਨ, ਖਾਸ ਕਰ ਮਾਇਕ ਇਮਦਾਦ ਲਈ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ । ਮੰਚ ਸੰਚਾਲਨ ਦੀ ਭੂਮਿਕਾ ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਬਠਿੰਡਾ ਦੇ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਵੱਲੋਂ ਨਿਭਾਈ ਗਈ। ਬੱਚਿਆਂ ਦੀ ਪ੍ਰਤੀਯੋਗਤਾ ਦਾ ਸੰਚਾਲਨ ਸਰਬਜੀਤ ਕੌਰ ਅਤੇ ਸਿਮਰਣ ਵਲੋਂ ਕੀਤਾ ਗਿਆ।

Scroll To Top